ਪੰਜਾਬੀ ਮਾਂ-ਬੋਲੀ ਦਾ ਝਿਲਮਿਲਾਉਂਦਾ ਸਿਤਾਰਾ -’ਰਵੀ ਸੱਚਦੇਵਾ’

ਅਫ਼ਰੀਕਨ ਅਖ਼ਾਣ ਹੈ ਕਿ ਜਦੋਂ ਤੱਕ ਸ਼ੇਰਾਂ ਦੇ ਆਪਣੇ ਇਤਿਹਾਸਕਾਰ ਨਹੀਂ ਹੁੰਦੇ, ਹਮੇਸ਼ਾਂ ਸ਼ਿਕਾਰੀ ਦੀ ਬਹਾਦਰੀ ਦੀ ਗਾਥਾ ਹੀ ਲਿਖੀ ਜਾਵੇਗੀ, ਸ਼ੇਰ ਦੀ ਨਿਰਭੈਅਤਾ ਦੀ ਕਹਾਣੀ ਸ਼ਿਕਾਰੀ ਦੇ ਇਤਿਹਾਸਕਾਰ ਨੇ ਤਾਂ ਲਿਖਣੀ ਨਹੀਂ, ਕੋਈ ਸ਼ੇਰ ਦਾ ਹਮਦਰਦ ਹੀ ਲਿਖੇਗਾ! ਓਹੀ ਗੱਲ ਸਾਡੀ ਪੰਜਾਬੀ ਮਾਤ-ਭਾਸ਼ਾ ਦੀ ਹੈ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ਼ ਹੁੰਦੇ ਧ੍ਰੋਹ-ਧੱਕੇ ਖ਼ਿਲਾਫ਼ ਜੇ ਮਾਂ ਬੋਲੀ ਦੇ ਆਪਣੇ ਸਪੂਤ ਨਹੀਂ ਲਿਖਣਗੇ, ਤਾਂ ਹੋਰ ਕੌਣ ਲਿਖੇਗਾ….?

ਆਸਟ੍ਰੇਲੀਆ ਵਸਦਾ ਪ੍ਰਵਾਸੀ ਕਹਾਣੀਕਾਰ ‘ਰਵੀ ਸੱਚਦੇਵਾ’ ਇਸੇ ਕਾਫ਼ਲੇ ਦਾ ਹੀ ਇੱਕ ਅਣਥੱਕ ਰਾਹੀ ਹੈ, ਜੋ ਆਪਣੀ ਮਾਂ-ਮਿੱਟੀ ਨੂੰ ਸਮਰਪਣ ਹੋ ਕੇ ਸੱਚੇ ਮਾਰਗ ਤੁਰਿਆ ਹੈ। ਚਾਹੇ ਇਹ ਪੈਂਡਾ ਅਸਾਨ ਨਹੀਂ, ਪਰ ਸ਼ਮ੍ਹਾਂ  ‘ਤੇ ਕੁਰਬਾਨ ਹੋਣ ਦਾ ਜਜ਼ਬਾ ਰੱਖਣ ਵਾਲ਼ੇ ਪ੍ਰਵਾਨੇ ਬਿਖੜੇ ਪੈਂਡਿਆਂ ਦੀ ਕਦੋਂ ਪ੍ਰਵਾਹ ਕਰਦੇ ਹਨ….? ਉਹ ਤਾਂ ਹੱਕ-ਸੱਚ ਦੀ ਰਾਖੀ ਲਈ ਸਿਰੜ-ਸਿਦਕ ਦਾ ਬਾਣਾ ਪਹਿਨ, ਠਿੱਲ੍ਹ ਪੈਂਦੇ ਹਨ।

ਜਦ ਤੋਂ ਰਵੀ ਸੱਚਦੇਵਾ ਨੇ ਲਿਖਣਾ ਸ਼ੁਰੂ ਕੀਤਾ, ਮੈਂ ਓਦੋਂ ਤੋਂ ਹੀ ਉਸ ਨੂੰ ਵੱਖ-ਵੱਖ ਅਖ਼ਬਾਰਾਂ ਤੋਂ ਪੜ੍ਹਦਾ ਆ ਰਿਹਾ ਹਾਂ। ਉਸ ਦੇ ਬੇਬਾਕੀ ਸੱਚ ਅਤੇ ਨਿੱਡਰਤਾ ਭਰੇ ਹਰ ਕਦਮ ਦਾ ਮੈਂ ਪ੍ਰਸ਼ੰਸਕ ਰਿਹਾ ਹਾਂ ਅਤੇ ਅੱਜ ਵੀ ਹਾਂ! ਖ਼ਾਸ ਤੌਰ ‘ਤੇ ਉਸ ਦੀ ਲਿਖਣ-ਕਲਾ ਅਤੇ ਭਾਸ਼ਾ ਨੇ ਮੈਨੂੰ ਪ੍ਰਭਾਵਿਤ ਕੀਤਾ ਹੈ। ਰਵੀ ਸੱਚਦੇਵਾ ਵਿਅਕਤੀਤਵ ਪੱਖੋਂ ਯਾਰਾਂ ਦਾ ਯਾਰ, ਸੁਭਾਅ ਪੱਖੋਂ ਨਿਰਾ ਦਰਵੇਸ਼, ਲਿਖਣ-ਕਲਾ ਪੱਖੋਂ ਘੜ੍ਹੇ ਵਿੱਚ ਸਮੁੰਦਰ ਸਮਾਉਣ ਵਾਲ਼ਾ ਲੇਖਕ ਹੈ। ਅਤੇ ਤਰਕ ਪੱਖੋਂ ਉੱਕਾ ਹੀ ਬੇਲਿਹਾਜ ਸਾਹਿਤਕਾਰ ਹੈ। ਹੰਕਾਰੀ ਅਤੇ ਹਾਉਮੈ-ਗ੍ਰਸਤ ਬੰਦੇ ਮੈਨੂੰ ਉੱਕਾ ਹੀ ਪਸੰਦ ਨਹੀਂ, ਮੈਂ ਰਵੀ ਸੱਚਦੇਵਾ ਦੀ ਨਿਮਰਤਾ ਅਤੇ ਨਿਰਮਾਣਤਾ ਦਾ ਬੇਹੱਦ ਕਾਇਲ ਹਾਂ। ਉਹ ਕਿੱਲ੍ਹ-ਕਿੱਲ੍ਹ ਕੇ ਨਹੀਂ, ਸਾਧਨਾ ਨਾਲ਼ ਲਿਖਦਾ ਹੈ। ਉਹ ਖੁਰਗੋ ਪੱਟਣ ਵਾਂਗ ਖਿਲਾਰੇ ਵੀ ਨਹੀਂ ਪਾਉਂਦਾ, ਸਹਿਜ ਨਾਲ਼ ਚੱਲਦਾ ਹੈ, ਅਤੇ ਸਹਿਜ ਨਾਲ਼ ਚੱਲਣ ਵਾਲ਼ੇ ਕਦੇ ਅੱਕਦੇ ਥੱਕਦੇ ਨਹੀਂ, ਬੜੇ ਅਰਾਮ ਨਾਲ਼ ਤਪਦੇ ਮਾਰੂਥਲ ਪਾਰ ਕਰ, ਮੰਜ਼ਿਲ ‘ਤੇ ਪਹੁੰਚ ਜਾਂਦੇ ਹਨ।

ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਦਰਦ ਨੂੰ ਰਵੀ ਸੱਚਦੇਵਾ ਆਪਣੀ ਨਿੱਜੀ ਪੀੜ ਮੰਨ ਕੇ ਬੜੀ ਇਮਾਨਦਾਰੀ ਨਾਲ਼ ਚਿਤਰਦਾ ਹੈ। ਕਈ ਵਾਰ ਉਹ ਤਰਕ ਦੇ ਅਜਿਹੇ ਗੁੱਝੇ ਬਾਣ ਮਾਰ ਜਾਂਦਾ ਹੈ ਕਿ ਦਿਸਹੱਦਿਆਂ ਤੋਂ ਪਾਰ ਦੀ ਗੱਲ ਕਰ, ਪਾਠਕ ਨੂੰ ਡੂੰਘੀਆਂ ਸੋਚਾਂ ਵਿਚ ਪਾ ਜਾਂਦਾ ਹੈ। ਕਈ ਵਾਰ ਉਸ ਦੀ ਸਿਰਜਣ ਸ਼ਕਤੀ ਦੀ ਸਿਖਰ ਇਤਨੀ ਪ੍ਰਬਲ ਹੁੰਦੀ ਹੈ ਕਿ ਪਾਠਕ ਉਸ ਦੀ ਸੋਚ ਦੀ ਪ੍ਰਵਾਜ਼ ਤੋਂ ਦੰਗ ਰਹਿ ਜਾਂਦਾ ਹੈ। ਉਹ ‘ਪਰ’ ਤੋਂ ‘ਨਿੱਜ’ ਅਤੇ ‘ਨਿੱਜ’ ਤੋਂ ‘ਪਰ’ ਦਾ ਸਫ਼ਰ ਬੜੀ ਸੂਝ-ਬੂਝ ਨਾਲ਼ ਕਰਦਾ ਹੈ। ਉਸ ਦੀਆਂ ਕਹਾਣੀਆਂ ਵਿਚਲੇ ਕੁਦਰਤੀ ਦ੍ਰਿਸ਼ ਅਰੰਭ ਵਿੱਚ ਹੀ ਕਿਸੇ ਅਨੂਠੇ ਅਤੇ ਅਗੰਮੀ ਵਾਤਾਵਰਨ ਦੀ ਸੈਰ ਕਰਵਾ ਕੇ ਕਹਾਣੀ ਪ੍ਰਤੀ ਰੋਚਕਤਾ ਹੋਰ ਵਧਾ ਦਿੰਦੇ ਹਨ। ‘ਤੇ ਆਤਮਿਕ ਸਕੂਨ ਵੀ ਬਖਸ਼ਦੇ ਹਨ। ‘ਪਰਾਏ’ ਨੂੰ ‘ਆਪਣਾ’ ਬਣਾ ਲੈਣ ਦੀ ਉਸ ਵਿਚ ਅਦੁਤੀ ਕਲਾ ਹੈ ਅਤੇ ਪ੍ਰਦੇਸਾਂ ਤੋਂ ਉੱਡੀਆਂ ਆ ਰਹੀਆਂ ਕੂੰਜਾਂ ਦੇ ਪ੍ਰਛਾਂਵਿਆਂ ਨੂੰ ਮੋਹ ਨਾਲ਼ ਕਲ਼ਾਵੇ ਵਿਚ ਲੈ ਲੈਣ ਦੀ ਮੁਹਾਰਤ ਉਸ ਨੂੰ ਖ਼ੂਬ ਹਾਸਲ ਹੈ।

ਖ਼ਾਸ ਕਰਕੇ ਪ੍ਰਦੇਸ ਦੇ ਅਕੇਵਿਆਂ ਤੇ ਥਕੇਵਿਆਂ ਦੇ ਬਾਵਜੂਦ ਨਿਰੰਤਰ ਲਿਖਣਾ ਵੀ ਕੋਈ ਸੌਖਾ ਕਾਰਜ ਨਹੀਂ, ਜਿੱਥੇ ਮ੍ਰਿਤਕ ਬੰਦੇ ਦੀਆਂ ਅੰਤਿਮ ਰਸਮਾਂ ਵੀ ਐਤਵਾਰ ਨੂੰ, ਅਰਥਾਤ ਛੁੱਟੀ ਵਾਲ਼ੇ ਦਿਨ ‘ਪੂਰੀਆਂ’ ਕੀਤੀਆਂ ਜਾਂਦੀਆਂ ਹਨ..? ਇਸ ਪੱਖੋਂ ਲੇਖਕ ਹੋਰ ਵੀ ਵਧਾਈ ਦਾ ਹੱਕਦਾਰ ਬਣ ਜਾਂਦਾ ਹੈ।

ਰਵੀ ਸੱਚਦੇਵਾ ਪੰਜਾਬੀ ਮਾਂ-ਬੋਲੀ ਦੇ ਭਵਿੱਖ ਦੀ ਮਾਲ਼ਾ ਦਾ ਇੱਕ ਸੁੱਚਾ ਮੋਤੀ ਹੈ, ਜਿਸ ਤੋਂ ਮੈਨੂੰ ਅੱਗੇ ਹੋਰ ਵੀ ਬਹੁਤ ਉਮੀਦਾਂ ਹਨ। ਇੱਕ ਗੱਲ ਪ੍ਰਪੱਕ ਨਿਸ਼ਚੇ ਨਾਲ਼ ਆਖੀ ਜਾ ਸਕਦੀ ਹੈ ਕਿ ਜਿੰਨਾਂ ਚਿਰ ਪੰਜਾਬੀ ਮਾਂ-ਬੋਲੀ ਨੂੰ ਸਮਰਪਤ ਰਵੀ ਸੱਚਦੇਵਾ ਵਰਗੇ ਲੇਖਕ ਮਾਂ-ਬੋਲੀ ਦੀ ਸੇਵਾ ਵਿਚ ਹਾਜ਼ਰ ਹਨ, ਉਤਨਾ ਚਿਰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਗੱਲ ਨੰਗੇ ਧੜ੍ਹ, ਹਿੱਕ ਠੋਕ ਕੇ ਹੁੰਦੀ ਰਹੇਗੀ। ਮੈਂ ਨਿੱਕੇ ਵੀਰ ਰਵੀ ਸੱਚਦੇਵਾ ਦੀ ਪੁਸਤਕ “ਉੱਡਦੇ ਪਰਿੰਦੇ” ਨੂੰ ਹਾਰਦਿਕ ‘ਜੀ ਆਇਆਂ’ ਆਖਦਾ ਹੋਇਆ ਉਸ ਨੂੰ ਸ਼ਾਬਾਸ਼ ਭਰੀ ਮੁਬਾਰਕਬਾਦ ਦਿੰਦਾ ਹਾਂ, ਭਵਿੱਖ ਵਿਚ ਵੀ ਉਸ ਦੀਆਂ ਕ੍ਰਿਤਾਂ ਦੀ ਮੈਨੂੰ ਅੱਗੇ ਵਾਂਗ ਹੀ ਉਤਸੁਕਤਾ ਨਾਲ਼ ਉਡੀਕ ਰਹੇਗੀ।

ਢੇਰ ਸਾਰੀਆਂ ਅਸੀਸਾਂ ਅਤੇ ਆਸ਼ੀਰਵਾਦ!!
- ‘ਸ਼ਿਵਚਰਨ ਜੱਗੀ ਕੁੱਸਾ’ – ਲੰਡਨ (ਇੰਗਲੈਂਡ)
(ਵਿਸ਼ਵ ਪ੍ਰਸਿੱਧ ਨਾਵਲਿਸਟ ‘ਤੇ ਫਿਲਮ ਸਕਰਿਪਟ ਰਾਇਟਰ)

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>