ਗੁਰਦੁਆਰਾ ਬੰਗਲਾ ਸਾਹਿਬ ‘ਚ ਕਾਰਸੇਵਾਵਾਂ ਦੀ ਸ਼ੁਰੂਆਤ

ਨਵੀਂ ਦਿੱਲੀ : ਸ੍ਰੀ ਗੁਰੁ ਹਰਿਕ੍ਰਿਸ਼ਨ ਸਾਹਿਬ ਜੀ ਦੀ ਪਵਿਤਰ ਛੋਹ ਪ੍ਰਾਪਤ ਸਥਾਨ  ਗੁਰਦੁਆਰਾ ਬੰਗਲਾ ਸਾਹਿਬ ਵਿਖੇ ਅੱਜ ਦਰਬਾਰ ਹਾਲ ਦੇ ਮੁੱਖ ਦਰਵਾਜ਼ੇ ਤੇ ਸੋਨੇ, ਸਰ੍ਹਾਂ ਦੇ ਵਿਸਤਾਰ ਅਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਕਮਰਿਆਂ ਦੀ ਕਾਰਸੇਵਾ ਦੀ ਆਰੰਭਤਾ ਅੱਜ ਅਰਦਾਸ ਉਪਰੰਤ ਜਥੇਦਾਰ ਸਾਹਿਬਾਨਾ ਵੱਲੋਂ ਸੰਤ ਮਹਾਪੁਰਸ਼ਾਂ ਅਤੇ ਟਕਸਾਲ ਮੁਖੀਆਂ ਦੀ ਮੌਜੂਦਗੀ ‘ਚ ਕੀਤੀ ਗਈ। ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਬਾਬਾ ਬਚਨ ਸਿੰਘ ਨੇ ਫੁੱਲਾਂ ਦਾ ਹਾਰ ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਖਾਲਸਾ ਨੂੰ ਭੇਂਟ ਕਰਕੇ ਮੁੱਖ ਦਰਵਾਜ਼ੇ ਤੇ ਸੋਨੇ ਦੀ ਸੇਵਾ ਜੈਕਾਰਿਆਂ ਦੀ ਗੂੰਜ ‘ਚ ਟਕਸਾਲ ਮੁੱਖੀ ਨੂੰ ਸੌਂਪੀ।ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮਲ ਸਿੰਘ, ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ, ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੈਦਾਂਤੀ ਤੇ ਭਾਈ ਜਸਬੀਰ ਸਿੰਘ ਰੋਡੇ, ਸਾਬਕਾ ਰਾਜਸਭਾ ਮੈਂਬਰ ਤ੍ਰਿਲੋਚਨ ਸਿੰਘ, ਸ੍ਰੋਮਣੀ ਕਮੇਟੀ ਦੇ ਅੰਤ੍ਰਿੰਗ ਬੋਰਡ ਦੇ ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ, ਨਾਨਕਸਰ ਸੰਪ੍ਰਦਾ ਦੇ ਬਾਬਾ ਹਰਜਿੰਦਰ ਸਿੰਘ ਜਿੰਦੂ ਅਤੇ ਸੰਤ ਸਮਾਜ ਦੇ ਜਰਨਲ ਸਕੱਤਰ ਬਾਬਾ ਸੁਖਦੇਵ ਸਿੰਘ ਨੇ ਵੀ ਸੰਗਤਾਂ ਨਾਲ ਇਸ ਮੌਕੇ ਆਪਣੇ ਵਿਚਾਰ ਸਾਂਝੇ ਕੀਤੇ।
ਦਿੱਲੀ ਦੇ ਗੁਰਧਾਮਾਂ ਦੀ 1974 ਤੋਂ ਸੱਚਖੰਡ ਵਾਸੀ ਪੰਥ ਰਤਨ ਬਾਬਾ ਹਰਬੰਸ ਸਿੰਘ ਜੀ ਦੀ ਕਾਰਸੇਵਾ ਸੰਪ੍ਰਦਾ ਵੱਲੋਂ ਕਰਵਾਏ ਜਾਉਣ ਦੀ ਜਾਣਕਾਰੀ ਸੰਗਤਾਂ ਨਾਲ ਸਾਂਝੀ ਕਰਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਦਿੱਲੀ ਦੇ ਗੁਰਧਾਮਾਂ ਦੀ ਕਾਰਸੇਵਾ ਨਾਲ ਬਦਲੀ ਨਵੀਂ ਨੁਹਾਰ ਦਾ ਵੀ ਕਾਰਸੇਵਾ ਦਾ ਪਿਛੋਕੜ ਦੱਸਦੇ ਹੋਏ ਸੰਪੁਰਣ ਵੇਰਵਾ ਦਿੱਤਾ।ਗੁਰਦੁਆਰਾ ਬੰਗਲਾ ਸਾਹਿਬ ਦੀ ਕਾਰ ਪਾਰਕਿੰਗ ਦਾ ਪਿਛਲੀ ਕਮੇਟੀ ਵੱਲੋਂ ਕਰਾਰ ਐਨ.ਡੀ.ਐਮ.ਸੀ. ਨਾਲ ਕਰਨ ਦਾ ਜ਼ਿਕਰ ਕਰਦੇ ਹੋਏ ਜੀ.ਕੇ. ਨੇ ਕਿਸੇ ਵੀ ਕੀਮਤ ਤੇ ਗੁਰੂਧਾਮਾਂ ਦੀ ਜ਼ਮੀਨ ਸਰਕਾਰ ਨੂੰ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ।
ਜੀ.ਕੇ. ਨੇ ਬੰਗਲਾ ਸਾਹਿਬ ਵਿਖੇ ਚਲ ਰਹੀ ਦਰਸ਼ਨੀ ਡਿਉਡੀ, ਆਲੇ ਦੁਆਲੇ ਦੇ ਸੁੰਦਰੀਕਰਨ, ਸਰੋਵਰ ਸਾਹਿਬ ਦੀ ਇਕਸਾਰਤਾ ਦੀ ਸੇਵਾ, ਦਰਬਾਰ ਹਾਲ ‘ਚ ਐਯਰਕੰਡੀਸਨ ਦੀ ਸੇਵਾ, ਮੁੱਖ ਦਰਵਾਜ਼ੇ ਤੇ ਸੋਨੇ ਦੀ ਸੇਵਾ, ਅਖੰਡ ਪਾਠ ਦੇ ਕਮਰਿਆਂ ਦੇ ਨਾਲ ਹੀ ਸਰ੍ਹਾਂ ਦੀ ਸੇਵਾ ਦੇ ਚਲ ਰਹੇ ਕਾਰਜਾਂ ਦੀ ਵੀ ਜਾਣਕਾਰੀ ਸੰਗਤਾਂ ਨਾਲ ਸਾਂਝੀ ਕੀਤੀ। ਜੀ.ਕੇ. ਨੇ ਕਿਹਾ ਕਿ ਗੁਰੂ ਸਥਾਨ ਸੁੰਦਰ ਹੋਣਗੇ ਤੇ ਉਥੇ ਆਉਣ ਵਾਲੀਆਂ ਸੰਗਤਾਂ ਦੀ ਲੀਵ ਅਕਾਲਪੁਰਖ ਦੇ ਚਰਣਾ ਤੋਂ ਨਹੀਂ ਟੁੱਟੇਗੀ। ਦਮਦਮੀ ਟਕਸਾਲ ਨੂੰ ਦਰਵਾਜ਼ੇ ਦੀ ਸੇਵਾ ਮਿਲਣ ਤੇ ਵਧਾਈ ਦਿੰਦੇ ਹੋਏ ਜੀ.ਕੇ. ਨੇ ਬਾਬਾ ਬਚਨ ਸਿੰਘ ਜੀ ਵੱਲੋਂ ਦਿੱਲੀ ਦੇ ਗੁਰੂਧਾਮਾਂ ਦੀਆਂ ਬਾਕੀ ਸੇਵਾਵਾਂ ਨੂੰ ਜਾਰੀ ਰੱਖਣ ਦਾ ਵੀ ਦਾਅਵਾ ਕੀਤਾ।
ਗਿਆਨੀ ਗੁਰਬਚਨ ਸਿੰਘ ਨੇ ਦਮਦਮੀ ਟਕਸਾਲ ਅਤੇ ਕਾਰਸੇਵਾ ਸੰਪ੍ਰਦਾਵਾਂ ਤੇ ਇਤਿਹਾਸ ਬਾਰੇ ਸੰਗਤਾ ਨੂੰ ਜਾਣਕਾਰੀ ਦਿੰਦੇ ਹੋਏ ਟਕਸਾਲ ਨੂੰ ਦਰਵਾਜ਼ੇ ਦੀ ਸੇਵਾ ਸੌਂਪਣ ਨੂੰ ਦੁਰਅੰਦੇਸ਼ੀ ਵਾਲਾ ਫੈਸਲਾ ਵੀ ਕਰਾਰ ਦਿੱਤਾ। ਪੰਜਾਬ ਦੇ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਗਲਿਆਰੇ ਦੀ ਪੰਜਾਬ ਸਰਕਾਰ ਵੱਲੋ ਕਰਵਾਈ ਜਾ ਰਹੀ ਸੇਵਾ ਦੀ ਵੀ ਉਨ੍ਹਾਂ ਨੇ ਸ਼ਲਾਘਾ ਕੀਤੀ। ਗਿਆਨੀ ਮਲ ਸਿੰਘ ਨੇ ਸ੍ਰੀ ਗੁਰੁ ਅਰਜਨ ਦੇਵ ਜੀ ਦੇ ਪ੍ਰਕਾਸ਼ਪੁਰਬ ਦੀ ਵਧਾਈ ਦਿੰਦੇ ਹੋਏ ਟਕਸਾਲ ਵੱਲੋਂ ਕਲਮ ਤੇ ਤੇਗ ਤੋਂ ਇਲਾਵਾ ਕਾਰਸੇਵਾਵਾਂ ਵੀ ਬੀਤੇ ਦਿਨਾਂ ‘ਚ ਕਰਵਾਉਣ ਦਾ ਦਾਅਵਾ ਕੀਤਾ। ਸ੍ਰੀ ਅੰਨਦਪੁਰ ਸਾਹਿਬ ਜੀ ਦੇ 350 ਸਾਲਾਂ ਸਥਾਪਨਾ ਦਿਹਾੜੇ ਮੌਕੇ ਹੋ ਰਹੇ ਸਮਾਗਮਾਂ ‘ਚ ਆਉਣ ਦਾ ਵੀ ਉਨ੍ਹਾਂ ਨੇ ਸੰਗਤਾਂ ਨੂੰ ਸੱਦਾ ਦਿੱਤਾ।
ਗਿਆਨੀ ਇਕਬਾਲ ਸਿੰਘ ਨੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਬੰਧਕਾਂ ਨੂੰ 1984 ਦੇ ਸ਼ਹੀਦਾਂ ਦੀ ਯਾਦਗਾਰ ਦੇ ਕਾਰਜ ਨੂੰ ਰੋਕਣ ਵਾਸਤੇ ਕੀਤੇ ਗਏ ਕਾਰਜਾਂ ਕਰਕੇ ਪੰਥ ਦੋਖੀ ਵੀ ਕਰਾਰ ਦਿੱਤਾ। ਗਿਆਨੀ ਵੈਦਾਂਤੀ ਨੇ ਸਮੂਹ ਸੰਗਤਾ ਨੂੰ  ਆਪਣੇ ਸ਼ਰੀਰ ਦੇ ਮੁੱਖ ਦਰਵਾਜ਼ੇ ਨੂੰ ਪਵਿਤੱਰ ਰੱਖਣ ਵਾਸਤੇ ਮੁੂਲ ਮੰਤਰ ਅਤੇ ਗੁਰੁੂ ਮੰਤਰ ਦਾ ਜਾਪ ਕਰਨ ਦਾ ਵੀ ਸੁਨੇਹਾ ਦਿੱਤਾ। ਤ੍ਰਿਲੋਚਨ ਸਿੰਘ ਨੇ ਦਿੱਲੀ ਕਮੇਟੀ ਵੱਲੋਂ ਧਰਮ ਅਤੇ ਪੰਥ ਲਈ ਕੀਤੇ ਜਾ ਰਹੇ ਕਾਰਜਾਂ ਨੂੰ ਬੇਮਿਸਾਲ ਦੱਸਿਆ। ਮਹਿਤਾ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਨੁਮਾਇੰਦੇ ਵੱਜੋਂ ਹਾਜਰੀ ਭਰਦੇ ਹੋਏ ਟਕਸਾਲ ਦੇ ਕਾਰਜ ਖੇਤਰ ਦਾ ਜ਼ਿਕਰ ਕੀਤਾ। ਸਾਰੇ ਬੁਲਾਰਿਆਂ ਵੱਲੋਂ ਬਾਬਾ ਬਚਨ ਸਿੰਘ ਵੱਲੋਂ ਕੀਤੀਆਂ ਜਾ ਰਹੀਆਂ ਕਾਰ ਸੇਵਾਵਾਂ ਦੀ ਵੀ ਸ਼ਲਾਘਾ ਕੀਤੀ ਗਈ।
ਇਸ ਮੌਕੇ ਐਂਬੁੂਲੈਂਸ ਦੀ ਸੇਵਾ ਕਰਨ ਵਾਲੇ ਮਾਤਾ ਸਤਵੰਤ ਕੌਰ ਦੇ ਪਰਿਵਾਰ, ਦਰਵਾਜੇ ਲਈ ਸੋਨੇ ਦੀ ਸੇਵਾ ਕਰਨ ਵਾਲੇ ਹਰਵਿੰਦਰ ਸਿੰਘ ਸਹਿਗਲ ਅਤੇ ਤਨਜਾਨੀਆਂ ਵਿਖੇ ਗੁਰਦੁਆਰਾ ਸਥਾਪਿਤ ਕਰਨ ਵਾਲੇ ਹਰਿੰਦਰ ਸਿੰਘ ਸੇਠੀ ਦਾ ਵੀ ਗਿਆਨੀ ਗੁਰਬਚਨ ਸਿੰਘ ਵੱਲੋਂ ਸਿਰੋਪਾਓ ਦੇਕੇ ਸਨਮਾਨ ਕੀਤਾ ਗਿਆ। ਪੰਜਾਬੀ ਬਾਗ ਦੇ ਗੁਰਦੁਆਰਾ ਟਿਕਾਣਾ ਸਾਹਿਬ ਦੇ ਮਹੰਤ ਹਰਬੰਸ ਸਿੰਘ ਵੱਲੋਂ ਭੇਜੇ ਗਏ ਸੰਤ ਅੰਮ੍ਰਿਤਪਾਲ ਸਿੰਘ ਵੱਲੋਂ ਬਾਬਾ ਬਚਨ ਸਿੰਘ ਅਤੇ ਬਾਬਾ ਹਰਨਾਮ ਸਿੰਘ ਖਾਲਸਾ ਨੂੰ ਕ੍ਰਮਵਾਰ ਵੱਖ-ਵੱਖ 1 ਲੱਖ 1 ਹਜ਼ਾਰ ਕਾਰਸੇਵਾਵਾਂ ਲਈ ਦਿੱਤਾ ।
ਸਟੇਜ ਦੀ ਸੇਵਾ ਸੰਭਾਲ ਰਹੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਸਾਬਕਾ ਪ੍ਰਬੰਧਕਾ ਦਾ ਬਿਨਾ ਨਾਂ ਲਏ ਉਕਤ ਕਾਰਸੇਵਾ ਬਾਰੇ ਸੰਗਤਾ ਨੂੰ ਗੁਮਰਾਹ ਕਰਨ ਵਾਸਤੇ ਪੋਸਟਰਬਾਜ਼ੀ ਕਰਨ ਤੇ ਵੀ ਨਿਸ਼ਾਨਾ ਸਾਧਿਆ। ਸਿਰਸਾ ਨੇ ਕਿਹਾ ਕਿ ਕਮੇਟੀ ਇਮਾਨਦਾਰੀ ਅਤੇ ਦਿਆਨਤਦਾਰੀ ਨਾਲ ਸੇਵਾ ਕਰ ਰਹੀ ਹੈ ਤੇ ਆਖਰੀ ਸੁਆਸ ਤੇ ਆਖਰੀ ਖੂੁਨ ਦੇ ਕਤਰੇ ਤੱਕ ਕੌਮ ਦੀ ਸੇਵਾ ਗੁਰਕਿਰਪਾ ਨਾਲ ਕਰਦੀ ਰਹੇਗੀ। ਇਸ ਮੌਕੇ ਕਮੇਟੀ ਦੇ ਮੀਤ ਪ੍ਰਧਾਨ ਸਤਪਾਲ ਸਿੰਘ, ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ, ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ, ਪਟਨਾ ਸਾਹਿਬ ਕਮੇਟੀ ਦੇ ਐਸੋਸਿਏਟ ਮੈਂਬਰ ਸੁਰਿੰਦਰਪਾਲ ਸਿੰਘ ਓਬਰਾਏ ਸਣੇ ਦਿੱਲੀ ਕਮੇਟੀ ਦੇ ਮੈਂਬਰ ਵੀ ਮੌਜੁੂਦ ਸਨ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>