ਗਿਆਨ-ਵਿਗਿਆਨ – (ਭਾਗ-6)

ਕੀ ਜੋਗੀਆਂ ਦੀ ਬੀਨ ਦਾ ਸੱਪਾਂ ਤੇ ਕੋਈ ਪ੍ਰਭਾਵ ਹੁੰਦਾ ਹੈ?

ਸੱਪਾਂ ਦੇ ਕੰਨ ਨਹੀਂ ਹੁੰਦੇ। ਇਸ ਲਈ ਇਹਨਾਂ ਨੂੰ ਹਵਾ ਵਿਚਲੀਆਂ ਤਰੰਗਾਂ ਸੁਣਾਈ ਨਹੀਂ ਦਿੰਦੀਆਂ। ਧਰਤੀ ਰਾਹੀਂ ਆ ਰਹੀ ਪੈਰਾਂ ਦੀ ਖੜ ਖੜ ਇਸਨੂੰ ਚਮੜੀ ਰਾਹੀਂ ਸੁਣਾਈ ਦੇ ਜਾਂਦੀ ਹੈ। ਮਦਾਰੀ ਦੀ ਬੀਨ ਦੀਆਂ ਹਰਕਤਾਂ ਤੇ ਇਹ ਆਪਣੀ ਨਜ਼ਰ ਟਿੱਕ ਲੈਂਦਾ ਹੈ। ਇਸ ਤਰ੍ਹਾਂ ਜਦੋਂ ਮਦਾਰੀ ਆਪਣੀ ਬੀਨ ਨੂੰ ਗੇੜਾ ਦਿੰਦਾ ਹੈ ਤਾਂ ਸੱਪ ਵੀ ਆਪਣਾ ਸਿਰ ਉਸੇ ਦਿਸ਼ਾ ਵਿੱਚ ਘੁਮਾਉਂਦਾ ਹੈ।

ਸੱਪ ਡੰਗ ਕਿਵੇਂ ਮਾਰਦਾ ਹੈ?

ਅੱਜ ਦੇ ਵਿਗਿਆਨਕਾਂ ਨੇ ਇਲਜੈਕਸ਼ਨ ਲਗਾਉਣ ਦਾ ਢੰਗ ਸੱਪ ਤੋਂ ਹੀ ਸਿੱਖਿਆ ਹੈ। ਸੱਪ ਦੇ ਸਿਰ ਵਿੱਚ ਜ਼ਹਿਰ ਦੀ ਥੈਲੀ ਹੁੰਦੀ ਹੈ। ਇਸਦੇ ਮੂਹਰਲੇ ਦੋ ਦੰਦਾਂ ਵਿੱਚ ਸੁਰਾਖ ਹੁੰਦੇ ਹਨ। ਡੰਗ ਮਾਰਨ ਸਮੇਂ ਇਹ ਆਪਣੇ ਦੰਦ ਸਿ਼ਕਾਰ ਦੇ ਸਰੀਰ ਵਿੱਚ ਦਾਖਲ ਕਰ ਦਿੰਦਾ ਹੈ ਤੇ ਸਿਰ ਨੂੰ ਮੋੜਾ ਦੇ ਕੇ ਜ਼ਹਿਰ ਵਾਲੀ ਥੈਲੀ ਤੇ ਦਬਾਉ ਪਾਉਂਦਾ ਹੈ। ਸਿੱਟੇ ਵਜੋਂ ਜ਼ਹਿਰ ਸਿ਼ਕਾਰ ਦੇ ਸਰੀਰ ਵਿੱਚ ਦਾਖਲ ਹੋ ਜਾਂਦਾ ਹੈ। ਇਸ ਲਈ ਸੱਪਾਂ ਨੂੰ ਰੱਖਣ ਵਾਲੇ ਯੋਗੀ ਸੱਪਾਂ ਨੂੰ ਫੜਨ ਸਮੇਂ ਹੀ ਉਸਦੇ ਅਗਲੇ ਦੋ ਦੰਦ ਕੱਢ ਦਿੰਦੇ ਹਨ। ਇਸ ਤਰ੍ਹਾਂ ਉਹ ਇਹਨਾਂ ਸੱਪਾਂ ਨੂੰ ਪਾਲਤੂ ਬਣਾ ਲੈਂਦੇ ਹਨ।

ਛਿਪਕਲੀ ਕੰਧਾਂ ਤੇ ਕਿਵੇਂ ਤੁਰਦੀ ਹੈ?

ਤੁਸੀਂ ਘਰਾਂ ਵਿੱਚ ਛਿਪਕਲੀ ਨੂੰ ਕੰਧਾਂ ਤੇ ਛੱਤਾਂ ਉੱਤੇ ਤੁਰਦੀ ਨੂੰ ਵੇਖ ਕੇ ਇਹ ਜਰੂਰ ਸੋਚਦੇ ਹੋਵੇਗੇ ਕਿ ਕੀ ਇਹ ਨਿਊਟਨ ਦੇ ਗੁਰੂਤਾ ਖਿੱਚ ਸਿਧਾਂਤ ਦੀਆਂ ਧੱਜੀਆਂ ਉਡਾ ਰਹੀ ਹੈ। ਨਹੀਂ ਅਜਿਹਾ ਨਹੀਂ ਹੈ। ਵਿਗਿਆਨ ਦੇ ਨਿਯਮ ਸਦੀਵੀ ਸੱਚ ਹੁੰਦੇ ਹਨ। ਇਹ ਸਮੇਂ ਤੇ ਸਥਾਨਾਂ ਅਨੁਸਾਰ ਨਹੀਂ ਬਦਲਦੇ। ਪਰ ਕਿਸੇ ਹੋਰ ਨਿਯਮ ਦੀ ਵਰਤੋਂ ਕਰਕੇ ਇਹਨਾਂ ਨਿਯਮਾਂ ਦੇ ਵਿਰੋਧੀ ਕੰਮ ਵੀ ਕਰਵਾਏ ਜਾ ਸਕਦੇ ਹਨ। ਛਿਪਕਲੀ ਦੇ ਪੈਰ ਪੱਧਰੇ ਹੁੰਦੇ ਹਨ। ਇਸਦੇ ਪੈਰਾਂ ਦੀ ਚਮੜੀ ਵਿੱਚ ਹਜ਼ਾਰਾਂ ਹੀ ਬਰੀਕ-ਬਰੀਕ ਹੁੱਕਾਂ ਹੁੰਦੀਆਂ ਹਨ ਜੋ ਇਸਨੂੰ ਕੰਧਾਂ ਤੇ ਤੁਰਨ ਦੇ ਯੋਗ ਬਣਾਉਂਦੀਆਂ ਹਨ।

ਗੰਡੋਏ ਬਰਸਾਤ ਦੇ ਮੌਸਮ ਵਿੱਚ  ਕਿੱਥੋਂ ਆਉਂਦੇ ਹਨ?

ਗੰਡੋਏ ਖੁਸ਼ਕ ਮਿੱਟੀ ਵਿੱਚ ਨਹੀਂ ਰਹਿ ਸਕਦੇ ਹਨ। ਸੂੁਰਜ ਦੀ ਰੌਸ਼ਨੀ ਕੁਝ ਮਿੰਟਾਂ ਵਿੱਚ ਹੀ ਇਹਨਾਂ ਨੂੰ ਖੁਸ਼ਕ ਕਰਕੇ ਸਦਾ ਦੀ ਨੀਂਦ ਸੁਲਾ ਸਕਦੀ ਹੈ। ਇਸ ਲਈ ਇਹ ਖੁਸ਼ਕ ਮੌਸਮ ਵਿੱਚ ਧਰਤੀ ਦੇ ਥੱਲੇ ਚਲੇ ਜਾਂਦੇ ਹਨ। ਇਹ ਆਪਣਾ ਮੂੰਹ ਜਮੀਨ ਵਿੱਚ ਵਾੜ ਲੈਂਦੇ ਹਨ ਤੇ ਫੈਲਣ ਤੇ ਸੁੰਗੜਨ ਦੀ ਪ੍ਰਕ੍ਰਿਆ ਰਾਹੀਂ ਮਿੱਟੀ ਖਾਂਦੇ ਰਹਿੰਦੇ ਹਨ। ਇਸ ਤਰ੍ਹਾਂ ਜਮੀਨ ਵਿੱਚ ਕਈ  ਇੰਚ ਥੱਲੇ ਸਿੱਲੀ ਥਾਂ ਦੇ ਚਲੇ ਜਾਂਦੇ ਹਨ। ਬਰਸਾਤ ਦੇ ਮੌਸਮ ਵਿੱਚ ਇਹਨਾਂ ਦੀਆਂ ਖੁੱਡਾਂ ਵਿੱਚ ਪਾਣੀ ਭਰ ਜਾਂਦਾ ਹੈ ਇਸ ਲਈ ਇਹ ਬਾਹਰ ਆ ਜਾਂਦੇ ਹਨ।

ਜਾਨਵਰ ਖੁਦਕਸ਼ੀ ਕਿਉਂ ਕਰਦੇ ਹਨ?

ਮਹਾਂਰਾਸ਼ਟਰ ਦੇ ਜਿਲਾ ਥਾਣੇ ਦੇ ਪਿੰਡ ਮੁਰਾਬਾਦ ਵਿਖੇ ਮਾਲਸੇਜ ਨਾਮੀ ਘਾਟੀ ਹੈ। ਹਰ ਸਾਲ ਜੂਨ ਤੇ ਜੁਲਾਈ ਮਹੀਨਿਆਂ ਵਿੱਚ ਹਜ਼ਾਰਾਂ ਹੀ ਪੰਛੀ ਇਸ ਘਾਟੀ ਵਿੱਚ ਖੁਦਕਸ਼ੀ ਕਰ ਲੈਂਦੇ ਹਨ। ਵਿਗਿਆਨਕਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਤੇਜ ਹਵਾ ਤੇ ਧੁੰਦ ਕਾਰਨ ਪੰਛੀ ਅੰਨੇ ਹੋ ਜਾਂਦੇ ਹਨ ਫਿਰ ਉਹ ਮਹਾਂਰਾਸ਼ਟਰ ਸੈਰ ਸਪਾਟਾ ਵਿਭਾਗ ਦੀ ਇਮਾਰਤ ਨਾਲ ਜਾ ਟਕਰਾਉਂਦੇ ਹਨ। ਇਸ ਤਰ੍ਹਾਂ ਉਹ ਮੌਤ ਦਾ ਸਿ਼ਕਾਰ ਹੋ ਜਾਂਦੇ ਹਨ।

ਅਸਾਮ ਵਿੱਚ ਜਾਤਿੰਗਾ ਦੇ ਸਥਾਨ ਤੇ ਵੀ ਅਜਿਹਾ ਹੀ ਵਾਪਰਦਾ ਹੈ। ਅਗਸਤ ਤੇ ਅਕਤੂਬਰ ਤੇ ਮਹੀਨਿਆਂ ਵਿੱਚ ਮੱਸਿਆ ਵਾਲੀ ਰਾਤ ਨੂੰ ਲੱਖਾਂ ਹੀ ਜਾਨਵਰ ਇਸ ਸਥਾਨ ਤੇ ਖੁਦਕਸ਼ੀ ਕਰਦੇ ਹਨ।

ਡਾਕਟਰ ਸੁਧੀਰ ਸੈਨ ਗੁਪਤਾ ਅਨੁਸਾਰ ਇਸ ਸਮੇਂ ਤਾਪਮਾਨ 22 ਤੋਂ 24 ਡਿਗਰੀ ਸੈਲਸੀਅਸ ਹੁੰਦਾ ਹੈ ਤੇ ਹਵਾ ਦੀ ਦਿਸ਼ਾ ਉੱਤਰ ਤੋਂ ਪੱਛਮ ਵੱਲ ਹੁੰਦੀ ਹੈ। ਉਹਨਾਂ ਅਨੁਸਾਰ ਧਰਤੀ ਦੇ ਚੁੰਬਕੀ ਖੇਤਰ ਦੀ ਤੀਬਰਤਾ ਵਿੱਚ ਤਬਦੀਲੀ ਜਾਨਵਰਾਂ ਵਿੱਚ ਖੁਦਕਸ਼ੀ ਦਾ ਰੁਝਾਨ ਪੈਦਾ ਕਰਦੀ ਹੈ।

ਕੀ ਛਲੇਡਾ ਹੁੰਦਾ ਹੈ?

ਪੰਜਾਬ ਦੇ ਪਿੰਡਾਂ ਵਿੱਚ ਇਹ ਅੰਧ ਵਿਸ਼ਵਾਸ਼ ਆਮ ਹੀ ਪ੍ਰਚੱਲਿਤ ਹੈ ਕਿ ਛਲੇਡਾ ਨਾਂ ਦਾ ਅਜਿਹਾ ਜਾਨਵਰ ਹੁੰਦਾ ਹੈ ਜੋ ਆਪਣੀਆਂ ਸ਼ਕਲਾਂ ਬਦਲਦਾ ਰਹਿੰਦਾ ਹੈ। ਕਦੇ ਕੁੱਤੇ ਤੋਂ ਬਿੱਲੀ ਵਿੱਚ, ਕਦੇ ਬਿੱਲੀ ਤੋਂ ਔਰਤ ਵਿੱਚ ਅਤੇ ਕਦੇ ਬਾਂਦਰ ਤੋਂ ਸ਼ੇਰ ਵਿੱਚ ਬਦਲ ਜਾਂਦਾ ਹੈ। ਪਰ ਵਿਗਿਆਨਕ ਨਿਯਮਾਂ ਅਨੁਸਾਰ ਅਜਿਹਾ ਅਸੰਭਵ ਹੈ। ਇਸ ਲਈ ਇਹ ਇੱਕ ਪਰੀ ਕਹਾਣੀਆਂ ਦੀ ਤਰ੍ਹਾਂ ਹੀ ਕੋਰੀ ਕਲਨਾ ਹੈ। ਗਿਰਗਿਟ ਵਰਗੇ ਕੁਝ ਜਾਨਵਰ ਆਪਣੇ ਸਰੀਰ ਦੇ ਦਾਣਿਆਂ ਦੀ ਗਤੀ ਕਰਕੇ ਆਪਣਾ ਰੰਗ ਤਾਂ ਜਰੂਰ ਬਦਲ ਸਕਦੇ ਹਨ। ਪਰ ਛਲੇਡਾ ਇੱਕ ਕਲਪਨਾ ਤੋਂ ਸਵਾਏ ਕੁਝ ਨਹੀਂ ਹੈ।

ਅਮੀਬੇ ਵਿੱਚ ਜਣਨ ਕ੍ਰਿਆ ਕਿਵੇਂ ਹੁੰਦੀ ਹੈ?

ਧਰਤੀ ਤੇ ਉਪਲਬਧ ਜੀਵਾਂ ਦੀਆਂ ਸਾਰੀਆਂ ਕਿਸਮਾਂ ਵਿੱਚੋਂ ਅਮੀਬਾ ਸਭ ਤੋਂ ਸਧਾਰਣ ਪ੍ਰਾਣੀ ਹੈ। ਇਸਦਾ ਸਾਰਾ ਸਰੀਰ ਇੱਕ ਸੈੱਲ ਤੋਂ ਹੀ ਬਣਿਆ ਹੁੰਦਾ ਹੈ। ਇਸਦਾ ਆਕਾਰ ਇੱਕ ਸੈਂਟੀਮੀਟਰ ਦੇ ਦਸਵੇਂ ਹਿੱਸੇ ਤੋਂ ਵੀ ਘੱਟ ਹੁੰਦਾ ਹੈ। ਜਿਉਂ ਹੀ ਇਸਦਾ ਆਕਾਰ ਵਧਦਾ ਹੈ ਉਹ ਵਿਚਕਾਰੋਂ ਸੁੰਗੜਨਾ ਸ਼ੁਰੂ ਹੋ ਜਾਦਾ ਹੈ ਤੇ ਕੁਝ ਸਮੇਂ ਬਾਅਦ ਇਸਦੇ ਦੋ ਅਮੀਬੇ ਬਣ ਜਾਂਦੇ ਹਨ। ਇਸ ਤਰ੍ਹਾਂ ਇਹ ਆਪਣੀ ਸੰਤਾਨ ਵਿੱਚ ਵਾਧਾ ਕਰਦੇ ਹਨ।

ਸਪੰਜ ਕੀ ਹੈ?

ਸਪੰਜ ਇੱਕ ਪ੍ਰਾਚੀਨ ਕਿਸਮ ਦਾ ਸਮੁੰਦਰ ਵਿੱਚ ਪੈਦਾ ਹੋਣ ਵਾਲਾ ਜੀਵ ਹੈ। ਇਹ ਤੁਰ ਫਿਰ ਨਹੀਂ ਸਕਦਾ। ਇਸ ਲਈ ਇਸਨੂੰ ਆਪਣੀ ਖੁਰਾਕ ਲਈ ਸਮੁੰਦਰ ਦਾ ਪਾਣੀ ਸੁਰਾਖਾਂ ਰਾਹੀਂ ਆਪਣੇ ਅੰਦਰ ਲੈ ਜਾਣਾ ਪੈਂਦਾ ਹੈ ਤੇ ਟੀਸੀ ਰਾਹੀਂ ਇਸ ਪਾਣੀ ਨੂੰ ਬਾਹਰ ਕੱਢਦਾ ਰਹਿੰਦਾ ਹੈ। ਇਸ ਤਰ੍ਹਾਂ ਸਮੁੰਦਰੀ ਪਾਣੀ ਤੋਂ ਹੀ ਉਹ ਆਪਣੀ ਖੁਰਾਕ ਪ੍ਰਾਪਤ ਕਰਦਾ ਹੈ। ਸਮੁੰਦਰਾਂ ਵਿੱਚੋਂ ਮਿਲਣ ਵਾਲੀ ਸਪੰਜ ਦੀ ਵਰਤੋਂ ਅੱਜ ਕੱਲ ਬਹੁਤ ਘੱਟ ਹੋ ਗਈ ਹੈ। ਕਾਰਾਂ ਤੇ ਘਰੇਲੂ ਸੋਫਿਆਂ ਤੇ ਕੁਰਸੀਆਂ ਦੀਆਂ ਸੀਟਾਂ ਵਾਲੀ ਸਪੰਜ ਤਾਂ ਕਾਰਖਾਨਿਆਂ ਵਿੱਚ ਹੀ ਤਿਆਰ ਹੁੰਦੀ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>