ਦਵਿੰਦਰ ਪਟਿਆਲਵੀ ਦਾ ਛੋਟੇ ਲੋਕ-ਵੱਡੇ ਵਿਚਾਰ

ਛੋਟੇ ਲੋਕ ਮਿੰਨ੍ਹੀ ਕਹਾਣੀ ਸੰਗ੍ਰਹਿ ਵੱਡੇ ਵਿਚਾਰਾਂ ਦਾ ਸੰਗ੍ਰਹਿ ਕਿਹਾ ਜਾ ਸਕਦਾ ਹੈ ਕਿਉਂਕਿ ਇਸ ਕਹਾਣੀ ਸੰਗ੍ਰਹਿ ਦੇ ਵਿਸ਼ੇ ਬੜੇ ਉਚੇ ਸੁਚੇ ਤੇ ਸਮਾਜ ਵਿਚ ਵਾਪਰ ਰਹੀਆਂ ਘਟਨਾਵਾਂ ਬਾਰੇ ਵਿਅੰਗਾਤਮਿਕ ਚੋਭਾਂ ਮਾਰਕੇ ਮਾਨਵਤਾ ਦੇ ਭਲੇ ਲਈ ਵਿਚਰਨ ਦੀ ਪ੍ਰੇਰਨਾ ਦਿੰਦੇ ਹਨ। ਸਾਹਿਤ ਸਮਾਜ ਦਾ ਸ਼ੀਸ਼ਾ ਹੁੰਦਾ ਹੈ। ਸਮਾਜ ਵਿਚ ਵਿਚਰਦਿਆਂ ਇਨਸਾਨ ਨੂੰ ਕਿਹੜੀਆਂ ਸਮੱਸਿਆਵਾਂ ਨਾਲ ਦੋ ਹੱਥ ਹੋਣਾ ਪੈ ਰਿਹਾ ਹੈ ਅਤੇ ਸਮਾਜ ਆਮ ਲੋਕਾਂ ਪ੍ਰਤੀ ਕਿਤਨਾ ਸੰਜੀਦਾ ਹੈ, ਬਾਰੇ ਜਾਣਕਾਰੀ ਸਾਹਿਤਕਾਰ ਹੀ ਸਾਹਿਤ ਦੇ ਵੱਖ ਵੱਖ ਰੂਪਾਂ ਰਾਹੀਂ ਦੇਣ ਦੀ ਕੋਸ਼ਿਸ਼ ਕਰਦੇ ਹਨ। ਅੱਜ ਕਲ੍ਹ ਦੇ ਤੇਜ਼ੀ ਅਤੇ ਆਧੁਨਿਕਤਾ ਦੇ ਸਮੇਂ ਵਿਚ ਲੋਕਾਂ ਕੋਲ ¦ਬੀਆਂ ਸਾਹਿਤਕ ਵਿਧਾਵਾਂ ਨੂੰ ਪੜ੍ਹਨ ਦਾ ਸਮਾਂ ਹੀ ਨਹੀਂ ਹੈ। ਘੱਟ ਸ਼ਬਦਾਂ ਵਿਚ ਵੱਡੀ ਗੱਲ ਕਹਿਕੇ ਆਮ ਜਨਤਾ ਨੂੰ ਸਹੀ ਮਾਰਗ ਦਰਸ਼ਨ ਕਰਨ ਲਈ ਹਾਇਕੂ ਅਤੇ ਮਿੰਨ੍ਹੀ ਕਹਾਣੀ ਦੋ ਹੀ ਸਾਹਿਤ ਦੇ ਰੂਪ ਹਨ, ਜਿਹੜੇ ਹਰਮਨ ਪਿਆਰੇ ਹੋ ਰਹੇ ਹਨ। ਇਹ ਦੋਵੇਂ  ਸਾਹਿਤ ਦੇ ਨਵੇਂ ਰੂਪ ਹਨ ਪ੍ਰੰਤੂ ਫਿਰ ਵੀ ਆਮ ਲੋਕਾਂ ਵਿਚ ਹਰਮਨ ਪਿਆਰੇ ਹੋ ਰੇ ਹਨ। ਦਵਿੰਦਰ ਪਟਿਆਲਵੀ ਨੇ ਆਪਣੇ ਪਰਿਵਾਰਿਕ ਵਿਰਸੇ ਵਿਚੋਂ ਹੀ ਸਾਹਿਤ ਦੇ ਪ੍ਰੇਮ ਦੀ ਗੁੜ੍ਹਤੀ ਲਈ ਹੈ। ਉਹ ਬਚਪਨ ਤੋਂ ਹੀ ਸਾਹਿਤ ਨਾਲ ਗੜੁਚ ਰਿਹਾ ਹੈ। ਉਸਨੇ ਆਪਣੀ ਪ੍ਰਾਈਵੇਟ ਅਤੇ ਸਰਕਾਰੀ ਨੌਕਰੀ ਦੇ ਜ਼ਿੰਦਗੀ ਦੇ ਤਜ਼ਰਬੇ ਤੇ ਅਧਾਰਿਤ ਜੋ ਉਸਨੇ ਆਪਣੀ ਅੱਖੀਂ ਵੇਖਿਆ ਉਸਨੂੰ ਹੀ ਕਹਾਣੀਆਂ ਵਿਚ ਚਿਤਰਿਆ ਹੈ, ਜਿਸ ਤੋਂ ਪ੍ਰਤੀਤ ਹੁੰਦਾ ਹੈ ਕਿ ਸਮਾਜ ਵਿਚ ਗ਼ਰੀਬ, ਅੰਗਹੀਣ, ਪਛੜੀਆਂ ਜਾਤਾਂ, ਇਸਤਰੀਆਂ ਅਤੇ ਘੱਟ ਗਿਣਤੀ ਦੇ ਲੋਕਾਂ ਨਾਲ ਚੰਗਾ ਵਿਵਹਾਰ ਨਹੀਂ ਕਰਦਾ। ਸਮਾਜ ਦੀਆਂ ਇਹ ਹਰਕਤਾਂ ਉਸਨੂੰ ਰੜਕਦੀਆਂ ਹਨ। ਲੋਕ ਆਰਥਿਕ ਅਤੇ ਸਮਾਜਿਕ ਸਟੇਟਸ ਨੂੰ ਮੁਖ ਰੱਖਕੇ ਹੀ ਇਨਸਾਨ ਦੀ ਪਰਖ ਕਰਦੇ ਹਨ। ਮਨੁਖ ਸਮਾਜਿਕ ਨਾਲੋਂ ਜਾਤੀ ਹਿੱਤਾਂ ਨੂੰ ਤਰਜ਼ੀਹ ਦਿੰਦਾ ਹੈ ਭਾਵੇਂ ਉਸ ਦੀ ਕਾਰਵਾਈ ਨਾਲ ਕਿਸੇ ਦੂਜੇ ਵਿਅਕਤੀ ਦੇ ਹਿੱਤਾਂ ਨੂੰ ਨੁਕਸਾਨ ਹੀ ਪਹੁੰਚਦਾ ਹੋਵੇ। ਮਾਨਵਤਾ ਦੀ ਕਦਰ ਨਹੀਂ ਕੀਤੀ ਜਾਂਦੀ। ਇਹੀ ਦਵਿੰਦਰ ਪਟਿਆਲਵੀ ਦੀਆਂ ਕਹਾਣੀਆਂ ਦਰਸਾ ਰਹੀਆਂ ਹਨ। ਇਸ ਕਹਾਣੀ ਸੰਗ੍ਰਹਿ ਵਿਚ 54 ਮਿੰਨ੍ਹੀ ਕਹਾਣੀਆਂ ਹਨ, ਜਿਹੜੀਆਂ ਮਨੁਖਤਾ ਵਿਚ ਡਿਗ ਰਹੀਆਂ ਸਮਾਜਿਕ ਕਦਰਾਂ ਕੀਮਤਾਂ ਦੇ ਦੁਖਾਂਤ ਦਾ ਪ੍ਰਗਟਾਵਾ ਕਰਦੀਆਂ ਹਨ। ਹਓਮੈ, ਖ਼ੁਦਗਰਜ਼ੀ, ਮਜ਼ਬੂਰੀਆਂ, ਬੇਈਮਾਨੀ, ਰਿਸ਼ਵਤਖ਼ੋਰੀ, ਸਿਆਸਤ ਵਿਚ ਗਿਰਾਵਟ, ਭਰਾਵਾਂ ਭਰਾਵਾਂ ਵਿਚ ਫ਼ਰਕ, ਗੁਰੂ ਚੇਲੇ ਸੰਬੰਧਾਂ, ਚਾਪਲੁਸੀ,  ਮਤਲਬਪ੍ਰਸਤੀ ਅਤੇ ਵਿਧਵਾਵਾਂ ਦੀ ਦੁਰਦਸ਼ਾ ਦਾ ਪਰਦਾ ਫ਼ਾਸ਼ ਕਰਦੀਆਂ ਹਨ। ਖਾਸ ਤੌਰ ਤੇ ਦਫਤਰਾਂ ਵਿਚ ਸਰਕਾਰੀ ਕਰਮਚਾਰੀਆਂ ਅਤੇ ਅਧਿਕਾਰੀਆਂ ਦੇ ਵਿਵਹਾਰ ਦਾ ਵੀ ਉਹ ਪਾਜ ਉਘੇੜਦਾ ਹੈ। ਸਮਾਜਿਕ ਊਣਤਾਈਆਂ ਬਾਰੇ ਦਲੇਰੀ ਨਾਲ ਲਿਖਣਾ ਵੀ ਉਸਦੇ ਵਿਅਕਤੀਤਿਵ ਵਿਚ ਨਿਖ਼ਾਰ ਪੈਦਾ ਕਰਦਾ ਹੈ, ਜਿਸ ਦੀ ਅੱਜ ਦੇ ਚਾਪਲੂਸੀ ਦੇ ਜ਼ਮਾਨੇ ਵਿਚ ਅਤਿਅੰਤ ਲੋੜ ਹੈ। ਦਵਿੰਦਰ ਪਟਿਆਲਵੀ ਦੀਆਂ ਕੁਝ ਕਹਾਣੀਆਂ ਤਾਂ ਮਾਅਰਕੇ ਦੀਆਂ ਹਨ ਪ੍ਰੰਤੂ ਪਹਿਲੀ ਪੁਸਤਕ ਹੋਣ ਕਰਕੇ ਪਰਪੱਕਤਾ ਦੀ ਘਾਟ ਮਹਿਸੂਸ ਹੋ ਰਹੀ ਹੈ। ਸਾਹਿਤ ਦਾ ਮੁਖ ਮੰਤਵ ਤਾਂ ਸਮਾਜ ਦਾ ਰਾਹ ਦਸੇਰਾ ਹੀ ਹੁੰਦਾ ਹੈ ਪ੍ਰੰਤੂ ਲੇਖਕ ਆਪਣਾ ਸੰਦੇਸ਼ ਆਪਣੀ ਸਾਹਿਤਕ ਕਲਾ ਵਿਚ ਗਲੇਫ ਕੇ ਦਿੰਦਾ ਹੈ। ਦਵਿੰਦਰ ਦੀਆਂ ਕੁਝ ਕੁ ਕਹਾਣੀਆਂ ਤਾਂ ਪ੍ਰਚਾਰ ਲਗਦੀਆਂ ਹਨ। ਉਸਦੇ ਵਿਸ਼ਿਆਂ ਦੀ ਵਿਲੱਖਣ ਚੋਣ ਤੋਂ ਲੱਗਦਾ ਹੈ ਕਿ ਉਹ ਸਮਾਜ ਦੀ ਉਧੜ ਬੁਣਤ ਦੀ ਸਥਿਤੀ ਨੂੰ ਸਮਝਦਾ ਹੈ। ਇਸ ਲਈ ਲਈ ਨੇੜ ਭਵਿਖ ਵਿਚ ਉਸਤੋਂ ਚੰਗੀਆਂ ਕਹਾਣੀਆਂ ਦੀ ਆਸ ਕੀਤੀ ਜਾ ਸਕਦੀ ਹੈ ਕਿਉਂਕਿ ਇਹ ਉਸਦੀ ਪਲੇਠੀ ਪੁਸਤਕ ਹੈ।
ਉਜਾਗਰ ਸਿੰਘ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>