ਨੇਪਾਲ ਦੇ ਭੂਚਾਲ ਪ੍ਰਭਾਵਿਤ ਦੋ ਪਿੰਡਾਂ ’ਚ ਦਿੱਲੀ ਕਮੇਟੀ ਵੱਲੋਂ ਸ਼ੁਰੂ ਕੀਤੇ ਗਏ ਲੰਗਰ ਕੈਂਪ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੇਪਾਲ ’ਚ ਕਾਠਮੰਡੂ ਦੇ ਨੇੜੇ ਦੇ ਦੋ ਪਿੰਡਾਂ ਵਿੱਚ ਲੰਗਰ ਪਕਾਉਣ ਅਤੇ ਛਕਾਉਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਕਮੇਟੀ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਪੁਨੀਤ ਸਿੰਘ ਚੰਢੋਕ ਨੂੰ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਾਠਮੰਡੂ ਸ਼ਹਿਰ ਤੋਂ ਉਤਰ ਵੱਲ 25 ਕਿਲੋਮੀਟਰ ਦੂਰ ਪਿੰਡ ਸ਼ੰਖੂ ਅਤੇ ਦੱਖਣ ਵੱਲ 25 ਕਿਲੋਮੀਟਰ ਦੂਰ ਖੋਖਣਾ ਵਿਖੇ ਲੰਗਰ ਕੈਂਪ ਦੀ ਸ਼ੁਰੂਆਤ ਕੀਤੀ ਗਈ ਹੈ। ਭਾਰਤ ਤੋਂ ਬਾਹਰ ਪਹਿਲੀ ਵਾਰ ਨੇਪਾਲ ਵਿਖੇ ਆਈ ਕੁਦਰਤੀ ਕਰੋਪੀ ਦੌਰਾਨ ਦਿੱਲੀ ਕਮੇਟੀ ਵੱਲੋਂ ਲੰਗਰ ਲਗਾਉਣ ਦਾ ਦਾਅਵਾ ਕਰਦੇ ਹੋਏ ਚੰਢੋਕ ਨੇ ਕਿਹਾ ਕਿ ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਤੋਂ ਲੰਗਰ ਪਕਾ ਕੇ ਜਦੋਂ ਕਾਠਮੰਡੂ ਭੇਜਿਆ ਜਾਂਦਾ ਹੈ ਤਾਂ ਇਸ ਭੇਜਣ ਸਮੇਂ ਦੌਰਾਨ ਵੱਖ-ਵੱਖ ਤਕਨੀਕੀ ਅਤੇ ਜਰੂਰੀ ਨਿਯਮਾਂ ਦਾ ਪਾਲਣ ਏਅਰਫੋਰਸ ਨੂੰ ਕਰਨਾ ਪੈਂਦਾ ਸੀ, ਜਿਸ ਕਰਕੇ ਲੰਗਰ ਨੂੰ ਸੁਚੱਜੇ ਢੰਗ ਨਾਲ ਕਾਠਮੰਡੂ ਤੱਕ ਪੁੱਜਣ ’ਚ ਕਾਫੀ ਦੇਰ ਲਗਦੀ ਸੀ। ਜਲਜਲੇ ਦੇ ਸ਼ਿਕਾਰ ਲੋਕਾਂ ਤੱਕ ਤਾਜ਼ਾ ਲੰਗਰ ਪਹੁੰਚਾਉਣ ਵਾਸਤੇ ਉਕਤ ਲੰਗਰ ਕੈਂਪ ਲਗਾਉਣ ਦੀ ਗੱਲ ਕਰਦੇ ਹੋਏ ਚੰਢੋਕ ਨੇ ਕਿਹਾ ਕਿ ਨੇਪਾਲ ਦੇ ਇਹ ਦੋਹੇਂ ਪਿੰਡ ਜਲਜਲੇ ਦਾ ਸਭ ਤੋਂ ਜ਼ਿਆਦਾ ਸ਼ਿਕਾਰ ਹੋਏ ਸਨ। ਨੇਪਾਲ ਪ੍ਰਸ਼ਾਸ਼ਨ ਅਤੇ ਭਾਰਤ ਸਰਕਾਰ ਵੱਲੋਂ ਦਿੱਤੀ ਗਈ ਸਲਾਹ ਤੋਂ ਬਾਅਦ ਹੀ ਦਿੱਲੀ ਕਮੇਟੀ ਵੱਲੋਂ ਇਹਨਾਂ ਅਸਥਾਨਾਂ ’ਤੇ ਵੱਖ-ਵੱਖ ਲੰਗਰ ਕੈਂਪ ਸਥਾਪਤ ਕੀਤੇ ਜਾਣ ਦੀ ਗੱਲ ਚੰਢੋਕ ਨੇ ਕੀਤੀ।

ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਅਤੇ ਪੰਜਾਬ ਦੇ ਉਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਬੀਤੇ ਦਿਨੀਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਲੰਗਰ ਪੈਕੇਟ ਨੇਪਾਲ ਭੇਜਣ ਦੀ ਸ਼ੁਰੂ ਕੀਤੀ ਗਈ ਸੇਵਾ ਨੂੰ ਯਾਦ ਕਰਦੇ ਹੋਏ ਚੰਢੋਕ ਨੇ ਕਿਹਾ ਦਿੱਲੀ ਕਮੇਟੀ ਵੱਲੋਂ ਦਿੱਲੀ ਤੋਂ ਫੂਡ ਪੈਕੇਟ ਦੇ ਇਲਾਵਾ, ਨਮਕ ਪਾਰੇ, ਸ਼ੱਕਰ ਪਾਰੇ, ਮੱਠੀਆਂ, ਕੰਬਲ, ਟੈਂਟ ਆਦਿ ਦੀ ਵੱਡੀ ਤਾਦਾਦ ਵਿੱਚ ਰੋਜ਼ਾਨਾ ਪੱਧਰ ’ਤੇ ਭਾਰਤੀ ਵਾਯੂ ਸੈਨਾ ਨੂੰ ਸੌਂਪੇ ਜਾ ਰਹੇ ਹਨ। ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ।ਕੇ। ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਅਗਲੇ ਕੁੱਝ ਦਿਨ੍ਹਾਂ ’ਚ ਨੇਪਾਲ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਮਿਲ ਕੇ ਦਿੱਲੀ ਕਮੇਟੀ ਵੱਲੋਂ ਚਲਾਏ ਜਾ ਰਹੇ ਰਾਹਤ ਕਾਰਜਾਂ ਦੀ ਜਾਣਕਾਰੀ ਦੇਣ ਦੀ ਵੀ ਗੱਲ ਚੰਢੋਕ ਨੇ ਕਹੀ। ਇਥੇ ਇਹ ਜ਼ਿਕਰਯੋਗ ਹੈ ਕਿ ਨੇਪਾਲ ਵਿੱਚ ਇਹਨਾਂ ਲੰਗਰ ਕੈਂਪਾਂ ਦੀ ਸੰਭਾਲ ਦਿੱਲੀ ਕਮੇਟੀ ਵੱਲੋਂ ਸਾਬਕਾ ਵਿਧਾਇਕ ਜਤਿੰਦਰ ਸਿੰਘ ਸ਼ੰਟੀ, ਦਿੱਲੀ ਕਮੇਟੀ ਮੈਂਬਰ ਚਮਨ ਸਿੰਘ, ਸਮਰਦੀਪ ਸਿੰਘ ਸੰਨੀ ਅਤੇ ਯੂਥ ਅਕਾਲੀ ਦਲ ਦਿੱਲੀ ਇਕਾਈ ਦੇ ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਔਲਖ ਵੱਲੋਂ ਕੀਤੀ ਜਾ ਰਹੀ ਹੈ, ਜਿਨ੍ਹਾਂ ਦੇ ਨਾਲ ਦਿੱਲੀ ਕਮੇਟੀ ਦੇ ਲਾਂਗਰੀ, ਸੇਵਾਦਾਰ ਅਤੇ ਸਥਾਨਕ ਪਿੰਡ ਵਾਸੀ ਲੰਗਰ ਪਕਾਉਣ ਅਤੇ ਵਰਤਾਉਣ ਵਿੱਚ ਸਹਿਯੋਗ ਕਰ ਰਹੇ ਹਨ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>