ਔਰਬਿਟ ਬੱਸ ‘ਚ ਇੱਕ ਬੀਬੀ ਨਾਲ ਹੋਈ ਘਟਨਾ ਅਤਿ ਸ਼ਰਮਿੰਦਗੀ ਭਰੀ : ਮਾਨ

ਫ਼ਤਹਿਗੜ੍ਹ ਸਾਹਿਬ – “ਕਿਸੇ ਵੀ ਮੁਲਕ, ਸੂਬੇ ਦਾ ਅਮਨ-ਚੈਨ ਅਤੇ ਉਥੋ ਦੀਆਂ ਜ਼ਮਹੂਰੀਅਤ ਕਦਰਾਂ-ਕੀਮਤਾਂ ਦਾ ਕਾਇਮ ਰਹਿਣਾ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਉਸ ਮੁਲਕ ਜਾਂ ਸੂਬੇ ਦੇ ਨਿਜਾਮੀ ਪ੍ਰਬੰਧ ਉਤੇ ਉੱਚੇ-ਸੁੱਚੇ ਇਖ਼ਲਾਕ ਵਾਲੇ ਸਿਆਸਤਦਾਨਾਂ ਦੀ ਹਕੂਮਤ ਹੈ ਜਾਂ ਫਿਰ ਲੁਟੇਰਿਆਂ, ਸਮੱਗਲਰਾਂ ਜਾਂ ਅਯਾਸੀ ਬਿਰਤੀ ਵਾਲੇ ਹੁਕਮਰਾਨਾਂ ਦੀ । ਜੋ ਬੀਤੇ ਕਾਫ਼ੀ ਲੰਮੇ ਸਮੇ ਤੋਂ ਪੰਜਾਬ ਦੀ ਪਵਿੱਤਰ ਧਰਤੀ ਉਤੇ ਨਸ਼ੀਲੀਆਂ ਵਸਤਾਂ ਅਫ਼ੀਮ, ਭੁੱਕੀ, ਹੈਰੋਈਨ, ਚਰਸ, ਗਾਂਜਾ ਆਦਿ ਦੀ ਖੁੱਲ੍ਹੇਆਮ ਪਿੰਡਾਂ ਅਤੇ ਸ਼ਹਿਰਾਂ ਵਿਚ ਵਿਕਰੀ ਹੁੰਦੀ ਆ ਰਹੀ ਹੈ, ਜ਼ਮੀਨਾਂ-ਜ਼ਾਇਦਾਦਾਂ ਉਤੇ ਹਕੂਮਤੀ ਨਸ਼ੇ ਅਧੀਨ ਸਿਆਸਤਦਾਨ ਨਜ਼ਾਇਜ ਕਬਜੇ ਕਰਕੇ ਆਪੋ-ਆਪਣੇ ਗੈਰ-ਕਾਨੂੰਨੀ ਧੰਦਿਆਂ ਨੂੰ ਫੈਲਾਅ ਰਹੇ ਹਨ, ਰੇਤਾ-ਬਜਰੀ ਮਾਫੀਆਂ ਵੱਲੋਂ ਵੱਡੇ ਪੱਧਰ ਉਤੇ ਅਜਾਰੇਦਾਰੀ ਦੀ ਸਮਾਜ ਵਿਰੋਧੀ ਸੋਚ ਅਧੀਨ ਰੇਤਾ-ਬਜਰੀ ਨੂੰ ਬਾਦਲ ਪਰਿਵਾਰ ਆਪਣੇ ਕਬਜੇ ਵਿਚ ਲੈਕੇ ਆਪਣੀ ਮਰਜੀ ਦੀਆਂ ਕੀਮਤਾਂ ਜਨਤਾ ਤੋਂ ਵਸੂਲ ਕਰਨ ਵਿਚ ਮਸਰੂਫ ਹੈ, ਸਰਕਾਰੀ ਨੌਕਰੀਆਂ ਅਤੇ ਹੋਰ ਕੰਮਾਂ ਵਿਚ ਵੱਡੇ ਪੱਧਰ ਤੇ ਵੱਡੀਆਂ ਰਿਸਵਤਾਂ ਲੈਕੇ ਕੰਮ ਹੋ ਰਹੇ ਹਨ। ਹਰ ਵਿਭਾਗ ਅਤੇ ਅਦਾਰੇ ਵਿਚ ਗੈਰ-ਇਖ਼ਲਾਕੀ ਲੋਕਾਂ ਦਾ ਬੋਲਬਾਲਾ ਹੋ ਰਿਹਾ ਹੈ, ਅਫ਼ਸਰਸ਼ਾਹੀ ਮਨਮਾਨੀਆ ਕਰ ਰਹੀ ਹੈ । ਕਿਸੇ ਵੀ ਪੰਜਾਬ ਦੇ ਬਸਿੰਦੇ ਨੂੰ ਨਾ ਤਾਂ ਇਨਸਾਫ਼ ਮਿਲ ਰਿਹਾ ਹੈ ਅਤੇ ਨਾ ਹੀ ਅਣਖ਼, ਇੱਜ਼ਤ ਨਾਲ ਜਿੰਦਗੀ ਬਸਰ ਕਰਨ ਦਾ ਪ੍ਰਬੰਧ ਹੈ । ਅਜਿਹੇ ਮਾਹੌਲ ਵਿਚ ਜੇਕਰ ਨਿਰਪੱਖਤਾ ਨਾਲ ਪੜਚੋਲ ਕੀਤੀ ਜਾਵੇ ਤਾਂ ਸ. ਪ੍ਰਕਾਸ਼ ਸਿੰਘ ਬਾਦਲ, ਸ. ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਦੀ ਚੰਡਾਲ ਚੌਕੜੀ ਆਪਣੇ ਧਨ-ਦੌਲਤਾਂ ਅਤੇ ਜ਼ਾਇਦਾਦਾਂ ਦੇ ਖਜ਼ਾਨਿਆਂ ਨੂੰ ਭਰਪੂਰ ਕਰਨ ਵਿਚ ਮਸ਼ਰੂਫ ਹੋ ਕੇ ਅਜਿਹੇ ਗੈਰ-ਕਾਨੂੰਨੀ ਅਨਸਰ ਦੀ ਸਰਪ੍ਰਸਤੀ ਕਰਨ ਤੇ ਲੱਗੀ ਹੋਈ ਹੈ । ਜਿਸ ਨਾਲ ਪੰਜਾਬ ਸੂਬੇ ਦੀ ਕਾਨੂੰਨੀ ਵਿਵਸਥਾਂ, ਨਿਜਾਮੀ ਪ੍ਰਬੰਧ ਅਤੇ ਇਨਸਾਫ਼ ਬਿਲਕੁਲ ਅਸਤ-ਵਿਅਸਤ ਹੋ ਕੇ ਰਹਿ ਗਿਆ ਹੈ । ਜੋ ਬੀਤੇ ਦਿਨੀ ਸ. ਸੁਖਬੀਰ ਸਿੰਘ ਬਾਦਲ ਦੀ ਔਰਬਿਟ ਟਰਾਂਸਪੋਰਟ ਕੰਪਨੀ ਦੇ ਮੁਲਾਜ਼ਮਾਂ ਵੱਲੋਂ ਇਕ ਬੀਬੀ ਨੂੰ ਮੌਤ ਦੇ ਮੂੰਹ ਵਿਚ ਧਕੇਲਣ ਦੀ ਦੁੱਖਦਾਇਕ ਘਟਨਾ ਵਾਪਰੀ ਹੈ, ਉਸ ਲਈ ਬਾਦਲ ਪਰਿਵਾਰ ਦੀਆਂ ਸਵਾਰਥੀ ਅਤੇ ਗੈਰ-ਇਖ਼ਲਾਕੀ ਨੀਤੀਆਂ ਅਤੇ ਸੋਚ ਮੁੱਖ ਤੌਰ ਤੇ ਜਿ਼ੰਮੇਵਾਰ ਹਨ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨ ਦੀ ਹੋਈ ਅਤਿ ਸ਼ਰਮਨਾਕ ਘਟਨਾ ਉਤੇ ਰੋਸ ਭਰਿਆਂ ਪ੍ਰਤੀਕਰਮ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਜਦੋ ਹੁਕਮਰਾਨ ਤਾਕਤ ਤੇ ਧਨ-ਦੌਲਤਾ ਦੇ ਨਸ਼ੇ ਵਿਚ ਮੁਲੀਨ ਹੋ ਜਾਵੇ ਤਾਂ ਜਨਤਾ ਦੀਆਂ ਮੁਸ਼ਕਿਲਾਂ ਵਿਚ ਵਾਧਾ ਹੋਣਾ ਸੁਭਾਵਿਕ ਹੈ । ਉਥੇ ਅਜਿਹੇ ਹਾਲਾਤ ਪੈਦਾ ਹੋ ਜਾਂਦੇ ਹਨ, ਜਿਸ ਨਾਲ ਇਕ ਸਮਾਂ ਅਜਿਹਾ ਆ ਜਾਂਦਾ ਹੈ ਕਿ ਜਨਤਾ ਇਨਸਾਫ਼ ਪ੍ਰਾਪਤ ਕਰਨ ਅਤੇ ਹੁਕਮਰਾਨਾਂ ਦੇ ਜੁਲਮਾਂ ਦਾ ਜੁਆਬ ਦੇਣ ਲਈ ਖੁਦ ਡੱਟਕੇ ਖੜ੍ਹੀ ਹੋ ਜਾਦੀ ਹੈ । ਅਜਿਹੇ ਸਮੇਂ ਹਰ ਤਰ੍ਹਾਂ ਦੇ ਜ਼ਬਰ-ਜੁਲਮ ਅਤੇ ਬੇਇਨਸਾਫ਼ੀ ਦਾ ਖਾਤਮਾ ਅਵੱਸ ਹੁੰਦਾ ਹੈ । ਸ. ਮਾਨ ਨੇ ਆਪਣੇ ਵਿਚਾਰਾਂ ਨੂੰ ਸੰਕੋਚਦੇ ਹੋਏ ਕਿਹਾ ਕਿ ਭਾਵੇ ਮੈਂ ਆਪਣੇ ਸਰੀਰਕ ਬਿਮਾਰੀ ਤੇ ਤਕਲੀਫ ਕਾਰਨ ਜੇਰੇ ਇਲਾਜ ਅਧੀਨ ਹਾਂ, ਪਰ ਬੀਤੇ ਦਿਨ ਦੀ ਔਰਬਿਟ ਬੱਸ ਦੀ ਹੋਈ ਅਤਿ ਸ਼ਰਮਨਾਕ ਘਟਨਾ ਨੇ ਮੇਰੇ ਮਨ ਅਤੇ ਆਤਮਾ ਨੂੰ ਝਿਜੋੜਕੇ ਰੱਖ ਦਿੱਤਾ ਹੈ ਅਤੇ ਮੈਂ ਪੰਜਾਬ ਦੇ ਬਸਿੰਦਿਆਂ ਨੂੰ ਇਖ਼ਲਾਕੀ ਤੌਰ ਤੇ ਸੱਦਾ ਦਿੰਦਾ ਹਾਂ ਕਿ ਉਹ ਪੰਜਾਬ ਵਿਚ ਨਸ਼ੀਲੀਆਂ ਵਸਤਾਂ ਦਾ ਦਰਿਆ ਚਲਾਉਣ ਵਾਲੇ ਸਮੱਗਲਰਾਂ, ਗੈਰ-ਕਾਨੂੰਨੀ ਕਾਰਵਾਈਆਂ ਵਿਚ ਸ਼ਾਮਿਲ ਸਮੱਗਲਰਾਂ, ਮੁਜ਼ਰਿਮਾਂ ਜਿਨ੍ਹਾਂ ਨੂੰ ਉਪਰੋਕਤ ਬਾਦਲ ਪਰਿਵਾਰ ਦੀ ਚੰਡਾਲ ਚੌਕੜੀ ਦੀ ਸਰਪ੍ਰਸਤੀ ਹਾਸਿਲ ਹੈ, ਅਜਿਹੀ ਹਕੂਮਤ ਦਾ ਖਾਤਮਾ ਕਰਨ ਅਤੇ ਇਥੇ “ਹਲੀਮੀ ਰਾਜ” ਦੀ ਸਥਾਪਨਾ ਕਰਨ ਲਈ ਕਮਰ ਕੱਸੇ ਕਰ ਲੈਣ । ਤਾਂ ਕਿ ਕਿਸੇ ਵੀ ਇਨਸਾਨ ਨੂੰ, ਧੀ-ਭੈਣ ਨੂੰ ਸਮਾਜ ਵਿਚ ਵਿਚਰਦੇ ਹੋਏ ਗੁੰਡਾ ਅਨਸਰ ਦਾ ਕਿਸੇ ਤਰ੍ਹਾਂ ਦਾ ਡਰ-ਭੈ ਨਾ ਹੋਵੇ ਅਤੇ ਹਰ ਨਾਗਰਿਕ ਆਪਣੀ ਆਜ਼ਾਦੀ ਤੇ ਅਣਖ਼ ਨਾਲ ਆਪਣੀ ਜਿ਼ੰਦਗੀ ਜਿਊ ਸਕੇ ।

ਸ. ਮਾਨ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਮੁੱਚੇ ਜਿ਼ਲ੍ਹਾ ਪ੍ਰਧਾਨਾਂ, ਪਾਰਟੀ ਵਰਕਰਾਂ ਦੇ ਨਾਲ-ਨਾਲ ਸਮੁੱਚੇ ਪੰਜਾਬ ਨਿਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਬੀਤੇ ਦਿਨ ਦੀ ਔਰਬਿਟ ਬੱਸ ਦੀ ਹੋਈ ਮੰਦਭਾਗੀ ਘਟਨਾ ਵਿਰੁੱਧ 04 ਮਈ 2015 ਦਿਨ ਸੋਮਵਾਰ ਨੂੰ ਆਪੋ-ਆਪਣੇ ਜਿ਼ਲ੍ਹਾ ਹੈੱਡ ਕੁਆਰਟਰਾਂ ਉਤੇ ਉਪਰੋਕਤ ਘਟਨਾ ਵਿਰੁੱਧ ਰੋਸ ਧਰਨੇ ਦਿੰਦੇ ਹੋਏ ਜਿ਼ਲ੍ਹਾ ਮੈਜਿਸਟ੍ਰੇਟਾਂ ਨੂੰ ਯਾਦ-ਪੱਤਰ ਦਿੰਦੇ ਹੋਏ ਉਪਰੋਕਤ ਬਾਦਲ ਪਰਿਵਾਰ ਦੀ ਚੰਡਾਲ ਚੌਕੜੀ ਨੂੰ ਚੁਣੋਤੀ ਦੇਣ ਦੀ ਜਿ਼ੰਮੇਵਾਰੀ ਨਿਭਾਉਣ ਕਿ ਪੰਜਾਬ ਸੂਬੇ ਵਿਚ ਧੀਆਂ-ਭੈਣਾਂ ਨਾਲ ਅਜਿਹੀਆ ਸ਼ਰਮਨਾਕ ਕਾਰਵਾਈਆਂ ਜਾਂ ਪੰਜਾਬੀਆਂ ਨੂੰ ਨਸਿ਼ਆਂ ਵਿਚ ਗਲਤਾਨ ਕਰਕੇ ਆਪਣੇ ਗੈਰ-ਕਾਨੂੰਨੀ ਧੰਦਿਆਂ ਨੂੰ ਵਧਾਉਣ ਅਤੇ ਪੰਜਾਬ ਵਿਚਲੇ ਅਮਨ-ਚੈਨ ਅਤੇ ਜ਼ਮਹੂਰੀਅਤ ਨੂੰ ਭੰਗ ਕਰਨ ਦੀ ਇਜ਼ਾਜਤ ਬਿਲਕੁਲ ਨਹੀਂ ਦਿੱਤੀ ਜਾਵੇਗੀ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਮੇਰੀ ਗੈਰ-ਹਾਜ਼ਰੀ ਵਿਚ ਭਾਈ ਧਿਆਨ ਸਿੰਘ ਮੰਡ ਸੀਨੀਅਰ ਮੀਤ ਪ੍ਰਧਾਨ ਅਤੇ ਸਕੱਤਰ ਜਰਨਲ ਸ. ਜਸਵੰਤ ਸਿੰਘ ਮਾਨ ਦੀ ਅਗਵਾਈ ਵਿਚ ਇਸ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਦੇ ਹੋਏ ਆਪਣੇ ਸਮਾਜਿਕ ਤੇ ਇਨਸਾਨੀ ਫਰਜਾਂ ਦੀ ਪੂਰਤੀ ਕਰਨਗੇ, ਉਥੇ ਪੰਜਾਬ ਸੂਬੇ ਦੇ ਨਿਵਾਸੀਆਂ ਨੂੰ ਹਰ ਤਰ੍ਹਾਂ ਦੇ ਜ਼ਬਰ-ਜੁਲਮ ਵਿਰੁੱਧ ਲਾਮਬੰਦ ਕਰਨ ਅਤੇ ਕਿਸੇ ਤਰ੍ਹਾਂ ਦੀ ਵੀ ਬੇਇਨਸਾਫ਼ੀ ਸਹਿਣ ਨਾ ਕਰਨ ਦੀ ਜਿ਼ੰਮੇਵਾਰੀ ਨਿਭਾਉਦੇ ਰਹਿਣਗੇ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>