ਵਾਸਿ਼ੰਗਟਨ- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਨੇ ਆਪਣੀ ਚੈਰੀਟੇਬਲ ਫਾਂਊਡੇਸ਼ਨ ਦਾ ਬਚਾਅ ਕਰਦੇ ਹੋਏ ਕਿਹਾ ਹੈ ਕਿ ਵਿਦੇਸ਼ ਤੋਂ ਚੰਦਾ ਲੈਣਾ ਕੋਈ ਪਾਪ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਅਸਾਂ ਅਮਰੀਕੀ ਸਰਕਾਰ ਦੀਆਂ ਨੀਤੀਆਂ ਨੂੰ ਪ੍ਰਭਾਵਿਤ ਕਰਨ ਦੀ ਸ਼ਰਤ ਤੇ ਕਿਸੇ ਤੋਂ ਧੰਨ ਨਹੀਂ ਲਿਆ।
ਕਲਿੰਟਨ ਫਾਂਊਡੇਸ਼ਨ ਵਿਦੇਸ਼ੀ ਚੰਦੇ ਨੂੰ ਲੈ ਕੇ ਵਿਵਾਦਾਂ ਵਿੱਚ ਘਿਰੀ ਹੋਈ ਹੈ। ਇਹ ਮੁੱਦਾ ਉਸ ਸਮੇਂ ਉਠ ਰਿਹਾ ਹੈ ਜਦੋਂ ਕਿ ਸਾਬਕਾ ਰਾਸ਼ਟਰਪਤੀ ਦੀ ਪਤਨੀ ਹਿਲਰੀ ਕਲਿੰਟਨ ਰਾਸ਼ਟਰਪਤੀ ਦੀ ਅਗਲੀ ਚੋਣ ਲੜਨ ਲਈ ਆਪਣਾ ਦਾਅਵਾ ਪੇਸ਼ ਕਰ ਚੁੱਕੀ ਹੈ।ਇਸ ਦਾ ਪ੍ਰਭਾਵ ਹਿਲਰੀ ਦੀ ਇਲੈਕਸ਼ਨ ਤੇ ਪੈ ਸਕਦਾ ਹੈ। ਇਸ ਲਈ ਹਿਲਰੀ ਦਾ ਅਕਸ ਬਚਾਉਣ ਲਈ ਕਲਿੰਟਨ ਨੇ ਇਸ ਮੁੱਦੇ ਤੇ ਸਫਾਈ ਦਿੰਦੇ ਹੋਏ ਕਿਹਾ ਹੈ ਕਿ ਮੈਂ ਨਹੀਂ ਸਮਝਦਾ ਕਿ ਗਰੀਬ ਅਤੇ ਜਰੂਰਤਮੰਦ ਲੋਕਾਂ ਦੀ ਮੱਦਦ ਲਈ ਅਮੀਰ ਲੋਕਾਂ ਤੋਂ ਚੰਦਾ ਲੈਣ ਵਿੱਚ ਕੋਈ ਬੁਰਾਈ ਹੈ। ਉਨ੍ਹਾਂ ਅਨੁਸਾਰ ਉਨ੍ਹਾਂ ਦੀ ਫਾਂਊਡੇਸ਼ਨ ਵੱਲੋਂ ਕੋਈ ਵੀ ਅਜਿਹਾ ਕੰਮ ਨਹੀਂ ਕੀਤਾ ਗਿਆ,ਜਿਸ ਨੂੰ ਅਣਉਚਿਤ ਕਿਹਾ ਜਾ ਸਕੇ। ਇਹ ਇਸ ਲਈ ਕੀਤਾ ਜਾ ਰਿਹਾ ਹੈ ਕਿ ਇਸ ਮਾਮਲੇ ਵਿੱਚ ਹਿਲਰੀ ਨੂੰ ਕਿਸੇ ਤਰ੍ਹਾਂ ਦੀ ਆਲੋਚਨਾ ਦਾ ਸਾਹਮਣਾ ਨਾਂ ਕਰਨਾ ਪਵੇ।