ਨਵੀਂ ਦਿੱਲੀ- ਬਿਹਾਰ ਵਿੱਚ ਆਰਜੇਡੀ ਅਤੇ ਜੇਡੀਯੂ ਦਰਮਿਆਨ ਸੀਟਾਂ ਦੀ ਵੰਡ-ਵੰਡਾਈ ਸਬੰਧੀ ਸਮਝੌਤਾ ਸਿਰੇ ਚੜ੍ਹ ਗਿਆ ਹੈ। ਰਾਜਦ ਅਤੇ ਜੇਡੀਯੂ ਵਿੱਚਕਾਰ 100-100 ਸੀਟਾਂ ਤੇ ਚੋਣ ਲੜਨ ਦੀ ਡੀਲ ਪੱਕੀ ਹੋ ਗਈ ਹੈ। ਜਨਤਾ ਪਰੀਵਾਰ ਵਿੱਚ ਰਲ ਜਾਣ ਤੋਂ ਬਾਅਦ ਇੱਕ ਨਾਂ, ਇੱਕ ਝੰਡੇ ਅਤੇ ਇੱਕ ਚੋਣ ਨਿਸ਼ਾਨ ਨੂੰ ਲੈ ਕੇ ਸਾਰੇ ਨਿਰਣੇ ਲਏ ਜਾ ਚੁੱਕੇ ਹਨ। ਜਲਦੀ ਹੀ ਰਸਮੀ ਤੌਰ ਤੇ ਇਸ ਸਬੰਧੀ ਘੋਸ਼ਣਾ ਕਰ ਦਿੱਤੀ ਜਾਵੇਗੀ।
ਬਿਹਾਰ ਦੇ ਮੁੱਖਮੰਤਰੀ ਨਤੀਸ਼ ਕੁਮਾਰ ਨੂੰ ਇਸ ਨਵੀ ਪਾਰਟੀ ਦਾ ਮੁੱਖਮੰਤਰੀ ਉਮੀਦਵਾਰ ਬਣਾਇਆ ਜਾ ਸਕਦਾ ਹੈ ਅਤੇ ਰਾਜਦ ਮੁੱਖੀ ਲਾਲੂ ਪ੍ਰਸਾਦ ਯਾਦਵ ਨੂੰ ਇਸ ਪਾਰਟੀ ਦਾ ਸੰਯੋਜਕ ਬਣਾਇਆ ਜਾ ਸਕਦਾ ਹੈ। ਮੁਲਾਇਮ ਸਿੰਘ ਯਾਦਵ ਨੂੰ ਪਹਿਲਾਂ ਹੀ ਪਾਰਟੀ ਪ੍ਰਧਾਨ ਨਿਯੁਕਤ ਕੀਤਾ ਜਾ ਚੁੱਕਾ ਹੈ। ਇਸ ਨਵੀਂ ਪਾਰਟੀ ਦਾ ਨਾਮ ਸਮਾਜਵਾਦੀ ਜਨਤਾ ਦਲ ਅਤੇ ਚੋਣ ਨਿਸ਼ਾਨ ਸਾਈਕਲ ਹੋਣ ਦੀ ਸੰਭਾਵਨਾ ਹੈ। ਬਿਹਾਰ ਵਿੱਚ ਜਨਤਾ ਪਰੀਵਾਰ ਦੀ ਵਾਗਡੋਰ ਰਾਜਦ ਨੇਤਾ ਅਬਦੁਲ ਬਾਰੀ ਸਦੀਕੀ ਸੰਭਾਲਣਗੇ। ਅਬਦੁਲ ਬਾਰੀ ਨੂੰ ਲਾਲੂ ਯਾਦਵ ਦਾ ਬਹੁਤ ਹੀ ਕਰੀਬੀ ਮੰਨਿਆ ਜਾਂਦਾ ਹੈ।
ਜੇਡੀਯੁ ਅਤੇ ਰਾਜਦ ਵਿੱਚਕਾਰ ਸੀਟਾਂ ਬਾਰੇ ਵੰਡ-ਵੰਡਾਈ ਦਾ ਮਾਮਲਾ ਹਲ ਕਰ ਲਿਆ ਗਿਆ ਹੈ। ਸਹਿਯੋਗੀ ਪਾਰਟੀਆਂ ਲਈ ਵੀ ਸੀਟਾਂ ਤੈਅ ਕਰ ਲਈਆਂ ਗਈਆਂ ਹਨ। 43 ਸੀਟਾਂ ਗਠਬੰਧਨ ਦੇ ਦਲਾਂ ਕਾਂਗਰਸ ਅਤੇ ਸੀਪੀਆਈ ਲਈ ਛੱਡ ਦਿੱਤੀਆਂ ਗਈਆਂ ਹਨ।