ਤਲਵੰਡੀ ਸਾਬੋ : ਸ਼ੈਨਡੌਂਗ ਇਲੈਕਟਰਿਕ ਪਾਵਰ ਕੰਸਟਰਕਸ਼ਨ-1 (ਸੈਪਕੋ-1) ਕੰਪਨੀ ਜੋ ਕਿ ਤਲਵੰਡੀ ਸਾਬੋ ਪਾਵਰ ਪਲਾਂਟ ਵਿਖੇ ਬਿਜਲੀ ਉਤਪਾਦਨ ਕਾਰਜਾਂ ਵਿਚ ਸਹਾਇਤਾ ਕਰ ਰਹੀ ਹੈ, ਨੇ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਦਾ ਦੌਰਾ ਕੀਤਾ। ਪ੍ਰੋਜੈਕਟ ਮੈਨੇਜਰ ਹੈਨ ਜੀਵਾਟੋ, ਪ੍ਰਸਾਸ਼ਨਿਕ ਪ੍ਰਬੰਧਕ ਜ਼ਿਆਂਗ ਜ਼ਿਆਨ ਜ਼ਿੰਗ ਅਤੇ ਮੈਡਮ ਵੀਰਪਾਲ ਕੌਰ ਸਮੇਤ 20 ਮੈਂਬਰੀ ਟੀਮ ਵਿਦਿਆਰਥੀਆਂ ਅਤੇ ਕਰਮਚਾਰੀਆਂ ਨਾਲ ਰੂ-ਬ-ਰੂ ਹੋਣ ਲਈ ਯੂਨੀਵਰਸਿਟੀ ਕੈਂਪਸ ਵਿਖੇ ਪੁੱਜੀ। ਇੱਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਉਪਰੋਕਤ ਕੰਪਨੀ ਪਿਛਲੇ ਛੇ ਦਹਾਕਿਆਂ ਤੋਂ 230 ਤੋਂ ਵਧੇਰੇ ਪਾਵਰ ਪਲਾਂਟ ਬਣਾ ਚੁੱਕੀ ਹੈ ਜੋ ਕਿ ਏਸ਼ੀਆ ਅਤੇ ਦੱਖਣੀ ਅਮਰੀਕਾ ਮਹਾਂਦੀਪ ਦੇ ਅਲੱਗ-ਅਲੱਗ ਦੇਸ਼ਾਂ ਵਿਚ 53000 ਮੈਗਾਵਾਟ ਬਿਜਲੀ ਦਾ ਉਤਪਾਦਨ ਕਰ ਰਹੇ ਹਨ।
ਸੈਪਕੋ ਦੇ ਮਾਹਿਰਾਂ ਨੇ ਵਿਦਿਆਰਥੀਆਂ ਨਾਲ ਕੁੱਝ ਅਜਿਹੀਆਂ ਗੱਲਾਂ ਸਾਂਝੀਆਂ ਕੀਤੀਆਂ ਜੋ ਕਿ ਉਨ੍ਹਾਂ ਦੀ ਕੰਮਕਾਜੀ ਜ਼ਿੰਦਗੀ ਲਈ ਲਾਹੇਵੰਦ ਸਿੱਧ ਹੋਣਗੀਆਂ। ਇਸ ਤੋਂ ਛੁੱਟ ਇੰਜੀਨੀਅਰਿੰਗ ਦੀ ਸਿੱਖਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਵੱਲੋਂ ਦਰਜਨਾਂ ਸਵਾਲਾਂ ਦੇ ਤਸੱਲੀਬਖਸ਼ ਜਵਾਬ ਉਪਰੋਕਤ ਕੰਪਨੀ ਦੇ ਮਾਹਿਰਾਂ ਵੱਲੋਂ ਦਿੱਤੇ ਗਏ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਦੀ ਇਸ ਪ੍ਰਗਤੀਸ਼ੀਲ ਅਰਥ-ਵਿਵਸਥਾ ਵਿਚ ‘ਪਾਵਰ ਜਨਰੇਸ਼ਨ ਪਲਾਂਟ’ ਬਹੁਤ ਅਹਿਮ ਭੂਮਿਕਾ ਨਿਭਾ ਰਹੇ ਹਨ ਅਤੇ ਸਿਰਫ ਇਲੈਕਟਰੀਕਲ ਵਿਸ਼ੇ ਦੇ ਹੀ ਨਹੀਂ, ਸਗੋ ਸਿਵਲ ਅਤੇ ਮਕੈਨੀਕਲ ਵਿਸ਼ੇ ਦੇ ਇੰਜੀਨੀਅਰਾਂ ਦੀ ਇਸ ਉਦਯੋਗ ਵਿਚ ਬਹੁਤ ਮੰਗ ਹੈ। ਗੱਲਬਾਤ ਦੌਰਾਨ ਸੈਪਕੋ ਦੇ ਪ੍ਰਤੀਨਿਧਾਂ ਨੇ ਯੂਨੀਵਰਸਿਟੀ ਦੇ ਅਧਿਆਪਕੀ ਅਮਲੇ ਅਤੇ ਵਿੱਿਦਅਕ ਢਾਂਚੇ ਦੀ ਸ਼ਲਾਘਾ ਕਰਨ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਪਾਵਰ ਪਲਾਂਟ, ਤਲਵੰਡੀ ਸਾਬੋ ਦੇ ਦੌਰੇ ਦਾ ਸੱਦਾ ਵੀ ਦਿੱਤਾ। ਜਿਸ ਸਦਕਾ ਅਗਲੇਰੇ ਪੜਾਵਾਂ ਵਿਚ ਵਿਦਿਆਰਥੀਆਂ ਦੇ ਉੱਥੇ ਟ੍ਰੇਨਿੰਗ ਲਈ ਜਾਣ ਦੇ ਨਾਲ-ਨਾਲ ਰੁਜ਼ਗਾਰ ਦੇ ਨਵੇਂ ਰਾਹ ਵੀ ਖੁੱਲਣਗੇ।
ਪ੍ਰੋਗਰਾਮ ਦੌਰਾਨ ਸੈਪਕੋ ਟੀਮ ਵੱਲੋਂ ਵਿਦਿਆਰਥੀਆਂ ਨੂੰ ਵਿਸ਼ਾ-ਵਸਤੂ ਅਤੇ ਸਖਸ਼ੀਅਤ ਨਿਰਮਾਣ ਵਿਚ ਸਹਾਇਕ ਕਿਤਾਬਾਂ ਵੰਡੀਆਂ ਗਈਆਂ। ਸੈਪਕੋ ਦੀ ਪ੍ਰਬੰਧਕੀ ਪ੍ਰਸ਼ਾਸਨਿਕ ਮੈਨੇਜਰ ਮੈਡਮ ਵੀਰਪਾਲ ਕੌਰ ਨੇ ਚਲਚਿੱਤਰ ਰਾਹੀਂ ਕੰਪਨੀ ਦਾ ਸਮੁੱਚਾ ਢਾਂਚਾ ਅਤੇ ਕਾਰਜ ਵਿਧੀ ਹਾਜ਼ਰੀਨ ਨਾਲ ਸਾਂਝੀ ਕੀਤੀ। ਇਸਦੇ ਨਾਲ-ਨਾਲ ਮਹਿਮਾਨਾਂ ਵੱਲੋਂ ਗੁਰੂ ਕਾਸ਼ੀ ਯੂਨੀਵਰਸਿਟੀ ਕੈਂਪਸ ਵਿਖੇ ਫੁੱਲ ਅਤੇ ਫਲਦਾਰ ਬੂਟੇ ਵੀ ਲਗਾਏ ਗਏ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੈਪਕੋ ਦਾ ਸਹਾਇਕ ਅਮਲਾ ਸ਼੍ਰੀ ਹੈਨ ਜ਼ੈਂਗ ਜ਼ੈਨ, ਸ਼੍ਰੀ ਲੀ, ਸ਼੍ਰੀ ਰੋਹੂ ਜੋਹੂ ਜੌਂਗਲਿਊ, ਗੁਰੂ ਕਾਸ਼ੀ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਡਾ. ਭੁਪਿੰਦਰ ਸਿੰਘ ਧਾਲੀਵਾਲ, ਡਾਇਰੈਕਟਰ ਵਿੱਤ ਡਾ. ਨਰਿੰਦਰ ਸਿੰਘ, ਡੀਨ ਇੰਜੀਨੀਅਰਿੰਗ ਡਾ. ਹਰਦਵਿੰਦਰ ਸਿੰਘ ਰੰਧਾਵਾ, ਡੀਨ ਰਿਸਰਚ ਡਾ. ਰਾਜ ਕੁਮਾਰ ਬਾਂਸਲ, ਡਿਪਟੀ ਡਾਇਰੈਕਟਰ ਪ੍ਰੋ. ਅਸ਼ਵਨੀ ਸੇਠੀ, ਮਕੈਨੀਕਲ ਵਿਭਾਗ ਦੇ ਮੁਖੀ ਡਾ. ਗੁਰਭਿੰਦਰ ਸਿੰਘ ਬਰਾੜ, ਟ੍ਰੇਨਿੰਗ ਅਤੇ ਪਲੇਸਮੈਂਟ ਅਫਸਰ ਅਰਸ਼ਦੀਪ ਸਿੰਘ ਅਤੇ ਹੋਰ ਸਟਾਫ ਮੈਂਬਰ ਵੀ ਹਾਜ਼ਰ ਸਨ। ਸਮੁੱਚੇ ਪ੍ਰੋਗਰਾਮ ਦੀ ਕਾਰਵਾਈ ਲੋਕ ਸੰਪਰਕ ਅਧਿਕਾਰੀ ਪ੍ਰੋ. ਸੁੱਖਦਵਿੰਦਰ ਸਿੰਘ ਕੌੜਾ ਨੇ ਸੰਭਾਲੀ।
ਗੁਰੂ ਕਾਸ਼ੀ ਯੂਨੀਵਰਸਿਟੀ ਦੇ ਉਪ-ਕੁਲਪਤੀ, ਡਾ. ਨਛੱਤਰ ਸਿੰਘ ਮੱਲ੍ਹੀ ਨੇ ਦੋਹਾਂ ਧਿਰਾਂ ਨੂੰ ਵਧਾਂਈ ਦੇ ਪਾਤਰ ਦਰਸਾਉਂਦੇ ਕਿਹਾ ਕਿ ਇਹ ਮਿਲਣੀ ਵਿਦਿਆਰਥੀਆਂ ਅਤੇ ਸੈਪਕੋ ਲਈ ਲਾਹੇਵੰਦ ਸਿੱਧ ਹੋਵੇਗੀ ਕਿਉਂ ਕਿ ਅਗਲੇਰੇ ਪੜਾਵਾਂ ਵਿਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਟ੍ਰੇਨਿੰਗ ਅਤੇ ਨੌਕਰੀਆਂ ਦੇ ਹੋਰ ਨਵੇਂ ਰਾਹ ਖੁੱਲ੍ਹਣਗੇ ਅਤੇ ਬਿਜਲੀ ਉਤਪਾਦਨ ਕੰਪਨੀਆਂ ਨੂੰ ਲਾਗਲੇ ਇਲਾਕੇ ਵਿਚੋਂ ਗੁਣਵੱਤਾ ਭਰਪੂਰ, ਨਿਪੁੰਨ ਅਤੇ ਮਿਹਨਤੀ ਕਰਮਚਾਰੀ ਸੁਖਾਲੇ ਹੀ ਮਿਲ ਸਕਣਗੇ।