ਫ਼ਤਹਿਗੜ੍ਹ ਸਾਹਿਬ – “ਸ. ਸੁਖਬੀਰ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਵੱਲੋਂ ਪੰਜਾਬ ਸੂਬੇ ਵਿਚ ਗੈਰ-ਕਾਨੂੰਨੀ ਤਰੀਕੇ ਚਲਾਈਆਂ ਜਾ ਰਹੀਆਂ ਔਰਬਿਟ ਬੱਸਾਂ ਦੇ ਕਰਿੰਦਿਆਂ ਨੇ ਜੋ 13 ਸਾਲ ਬੱਚੀ ਅਰਸ਼ਦੀਪ ਕੌਰ ਨੂੰ ਮੌਤ ਦੇ ਮੂੰਹ ਵਿਚ ਧਕੇਲਣ ਦੀ ਦੁੱਖਦਾਇਕ ਕਾਰਵਾਈ ਕੀਤੀ ਹੈ, ਇਸ ਦੀ ਹਰ ਵਰਗ ਵੱਲੋਂ ਜੋਰਦਾਰ ਨਿੰਦਾ ਵੀ ਹੋ ਰਹੀ ਹੈ ਅਤੇ ਇਸ ਲਈ ਪੰਜਾਬ ਦੇ ਨਿਵਾਸੀ ਬਾਦਲ ਪਰਿਵਾਰ ਦੀਆਂ ਤਾਨਾਸ਼ਾਹੀ, ਆਪ-ਹੁੰਦਰੀਆਂ ਕਾਰਵਾਈਆਂ ਨੂੰ ਜਿ਼ੰਮੇਵਾਰ ਠਹਿਰਾ ਰਹੇ ਹਨ । ਲੇਕਿਨ ਬਾਦਲ ਪਰਿਵਾਰ ਵੱਲੋਂ ਆਪਣੇ ਉਤੇ ਲੱਗੇ ਦੋਸ਼ਾਂ ਤੋਂ ਬਰੀ ਹੋਣ ਲਈ ਉਹ ਹਰ ਹੱਥਕੰਡਾਂ ਅਪਣਾਇਆ ਜਾ ਰਿਹਾ ਹੈ, ਜਿਸ ਦੀ ਸਮਾਜ ਅਤੇ ਇਨਸਾਨੀ ਕਦਰਾ-ਕੀਮਤਾ ਬਿਲਕੁਲ ਵੀ ਇਜ਼ਾਜਤ ਨਹੀਂ ਦਿੰਦੀਆਂ । ਕਹਿਣ ਤੋਂ ਭਾਵ ਹੈ ਕਿ ਜਿਸ ਬੀਬਾ ਅਰਸ਼ਦੀਪ ਉਤੇ ਬਾਦਲ ਦੇ ਕਰਿੰਦਿਆਂ ਨੇ ਭੈੜੀ ਨਜ਼ਰ ਰੱਖਦੇ ਹੋਏ, ਉਸ ਨਾਲ ਜ਼ਬਰ-ਜ਼ਨਾਹ ਕਰਨ ਦੀ ਕੋਸਿ਼ਸ਼ ਕੀਤੀ ਅਤੇ ਜਿਨ੍ਹਾਂ ਨੇ ਇਸ ਮਾਸੂਮ ਬੱਚੀ ਅਤੇ ਉਸਦੀ ਮਾਤਾ ਨੂੰ ਬੱਸ ਵਿਚੋਂ ਧੱਕਾ ਦੇ ਕੇ ਮੌਤ ਦੇ ਮੂੰਹ ਵਿਚ ਧਕੇਲ ਦਿੱਤਾ ਅਤੇ ਮਾਤਾ ਨੂੰ ਜਖ਼ਮੀ ਕਰ ਦਿੱਤਾ, ਉਸ ਲੱਗੇ ਕਾਲੇ ਧੱਬੇ ਨੂੰ ਖ਼ਤਮ ਕਰਨ ਲਈ ਬਾਦਲ ਪਰਿਵਾਰ ਆਪਣੀ ਹਕੂਮਤੀ ਤਾਕਤ ਅਤੇ ਗੈਰ-ਕਾਨੂੰਨੀ ਤਰੀਕੇ ਇਕੱਤਰ ਕੀਤੇ ਗਏ ਧਨ-ਦੌਲਤਾ ਦੇ ਭੰਡਾਰਾਂ ਵਿਚੋ ਉਪਰੋਕਤ ਪੀੜ੍ਹਤ ਪਰਿਵਾਰ ਨੂੰ ਲਾਲਚ ਦੇ ਕੇ ਅਤੇ ਹਕੂਮਤੀ ਦਬਾਅ ਪਾ ਕੇ ਬੇਸ਼ੱਕ ਅਖ਼ਬਾਰੀ ਤੌਰ ਤੇ ਸਮਝੋਤਾ ਕਰ ਗਿਆ ਹੈ, ਲੇਕਿਨ 2007 ਤੋਂ ਲੈਕੇ ਅੱਜ ਤੱਕ ਔਰਬਿਟ ਬੱਸ, ਜੁਝਾਰ ਬੱਸ ਸਰਵਿਸ, ਹਰਗੋਬਿੰਦ ਬੱਸ ਸਰਵਿਸ, ਡੱਬਵਾਲੀ ਬੱਸ ਸਰਵਿਸ ਜਿਨ੍ਹਾਂ ਦੇ ਮਾਲਕ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਹਨ, ਹੁਣ ਤੱਕ ਕੀਤੇ ਗਏ ਇਹਨਾਂ ਦੇ ਕਰਿੰਦਿਆਂ ਵੱਲੋਂ ਅਪਰਾਧਾਂ ਨੂੰ ਕਤਈ ਵੀ ਨਹੀਂ ਧੋਹ ਸਕਣਗੇ ਅਤੇ ਪੰਜਾਬ ਦੇ ਨਿਵਾਸੀ ਔਰਬਿਟ ਬੱਸ ਅਤੇ ਹੋਰ ਬਾਦਲ ਪਰਿਵਾਰ ਦੀਆਂ ਬੱਸਾਂ ਨੂੰ ਨਹੀਂ ਚੱਲਣ ਦੇਣਗੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੀ.ਜੀ.ਆਈ. ਵਿਚ ਜੇਰੇ ਇਲਾਜ ਅਧੀਨ ਬੀਤੇ ਦਿਨ ਦੀ ਹਕੂਮਤੀ ਪੱਧਰ ਦੇ ਦਬਾਅ ਅਧੀਨ ਪੀੜ੍ਹਤ ਪਰਿਵਾਰ ਨਾਲ ਕੀਤੇ ਗਏ ਸਮਝੋਤੇ ਉਤੇ ਆਪਣਾ ਤਿੱਖਾ ਪ੍ਰਤੀਕਰਮ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ 2007 ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਔਰਬਿਟ ਬੱਸ ਦੀਆਂ ਗੈਰ-ਕਾਨੂੰਨੀ ਕਾਰਵਾਈਆਂ ਦਾ ਵਿਰੋਧ ਕਰਦੇ ਹੋਏ ਸਮੁੱਚੇ ਪੰਜਾਬ ਨਿਵਾਸੀਆਂ ਨੂੰ ਇਹਨਾਂ ਬੱਸਾਂ ਦਾ ਘਿਰਾਓ ਕਰਨ ਅਤੇ ਇਹਨਾਂ ਦੇ ਗੈਰ-ਕਾਨੂੰਨੀ ਰੂਟ ਬੰਦ ਕਰਵਾਉਣ ਦਾ ਸੱਦਾ ਦਿੰਦੇ ਹੋਏ ਸੰਘਰਸ਼ ਸੁਰੂ ਕੀਤਾ ਸੀ । ਲੇਕਿਨ ਬਾਦਲ ਪਰਿਵਾਰ ਅਤੇ ਬਾਦਲ ਹਕੂਮਤ ਨੇ ਮੈਨੂੰ ਅਤੇ ਸਾਡੀ ਪਾਰਟੀ ਦੇ ਅਹੁਦੇਦਾਰਾਂ ਉਤੇ ਝੂਠੇ ਕੇਸ ਦਰਜ ਕਰਕੇ ਆਪਣੀ ਇਸ ਔਰਬਿਟ ਬੱਸ ਦੇ ਕਾਲੇ ਧੰਦੇ ਵਾਲੇ ਕਾਰੋਬਾਰ ਨੂੰ ਚੱਲਦਾ ਰੱਖਣ ਲਈ ਹਰ ਗੈਰ-ਕਾਨੂੰਨੀ ਅਤੇ ਗੈਰ-ਸਮਾਜਿਕ ਢੰਗਾਂ ਦੀ ਵਰਤੋ ਕਰਦੇ ਆ ਰਹੇ ਹਨ । ਇਹੀ ਵਜਹ ਹੈ ਕਿ ਅੱਜ ਫਿਰ ਔਰਬਿਟ ਬੱਸ ਦੇ ਕਰਿੰਦਿਆਂ ਵੱਲੋਂ ਆਪਣੀ ਬੱਸ ਵਿਚ ਸਫ਼ਰ ਕਰਨ ਵਾਲੀ ਪੰਜਾਬਣ ਧੀ ਨਾਲ ਅਸਹਿ ਅਤੇ ਅਕਹਿ ਦੁਰਵਿਵਹਾਰ ਕਰਦੇ ਹੋਏ ਉਸ ਨੂੰ ਮੌਤ ਦਿੱਤੀ ਗਈ ਹੈ । ਜੇਕਰ ਪੰਜਾਬ ਦੇ ਬਸਿੰਦੇ 2007 ਵਿਚ ਹੀ ਬਾਦਲ ਪਰਿਵਾਰ ਦੇ ਗੁੰਡਾ ਰਾਜ ਅਤੇ ਇਹਨਾਂ ਬੱਸਾਂ ਰਾਹੀ ਕੀਤੇ ਜਾਣ ਵਾਲੇ ਕਾਲੇ ਕਾਰਨਾਮਿਆਂ ਨੂੰ ਸਮਝਦੇ ਹੋਏ ਉਸ ਸਮੇਂ ਹੀ ਇਹਨਾਂ ਔਰਬਿਟ ਬੱਸਾਂ ਅਤੇ ਹੋਰ ਦੂਸਰੀਆਂ ਬੱਸਾਂ ਦੇ ਕਾਰੋਬਾਰ ਬੰਦ ਕਰਵਾਉਣ ਲਈ ਉੱਠ ਖਲੋਦੇ ਤਾਂ ਪੰਜਾਬ ਨਿਵਾਸੀਆਂ ਨੂੰ ਅੱਜ ਫਿਰ ਇਹਨਾਂ ਵਿਰੁੱਧ ਸੰਘਰਸ਼ ਕਰਨ ਦੀ ਨੌਬਤ ਨਾ ਆਉਦੀ ।
ਦੂਸਰਾ ਜੋ ਪੰਜਾਬ ਵਿਚ ਨਸ਼ੀਲੀਆਂ ਵਸਤਾਂ ਅਫ਼ੀਮ, ਭੁੱਕੀ, ਚਰਸ, ਗਾਂਜਾ, ਹੈਰੋਈਨ ਆਦਿ ਦੀ ਹਰ ਪਿੰਡ ਅਤੇ ਸ਼ਹਿਰ ਵਿਚ ਖੁੱਲ੍ਹੇਆਮ ਵਿਕਰੀ ਹੋ ਰਹੀ ਹੈ, ਨਸ਼ੀਲੀਆਂ ਵਸਤਾਂ ਦੇ ਪੰਜਾਬ ਵਿਚ ਚੱਲ ਰਹੇ ਛੇਵੇ ਦਰਿਆ ਲਈ ਵੀ ਸ. ਪ੍ਰਕਾਸ਼ ਸਿੰਘ ਬਾਦਲ, ਸ. ਸੁਖਬੀਰ ਸਿੰਘ ਬਾਦਲ ਅਤੇ ਇਹਨਾਂ ਦੀ ਸਰਪ੍ਰਸਤੀ ਅਧੀਨ ਸਰਗਰਮ ਐਸ.ਓ.ਆਈ. ਅਤੇ ਵੱਡੇ-ਵੱਡੇ ਸਮੱਗਲਰ ਜਿੰਮੇਵਾਰ ਹਨ । ਜਿਨ੍ਹਾਂ ਨੇ ਪੰਜਾਬ ਦੀ ਨੌਜ਼ਵਾਨੀ ਜਿਸ ਦੀ ਕੌਮਾਂਤਰੀ ਪੱਧਰ ਤੇ ਉੱਚੇ ਇਖ਼ਲਾਕ ਅਤੇ ਸਰੀਰਕ ਤੰਦਰੁਸਤੀ ਦੀ ਧਾਕ ਜੰਮੀ ਹੋਈ ਹੈ, ਉਸ ਨੂੰ ਇਸ ਡੂੰਘੀ ਖਾਈ ਵੱਲ ਧਕੇਲਕੇ ਬਾਦਲ ਪਰਿਵਾਰ ਨੇ ਹਿੰਦੂਤਵ ਮੁਤੱਸਵੀਆਂ ਦੀ ਪੰਜਾਬ ਅਤੇ ਸਿੱਖ ਕੌਮ ਵਿਰੋਧੀ ਸਾਜਿ਼ਸ ਨੂੰ ਪੂਰਨ ਕਰਨ ਵਿਚ ਹੀ ਯੋਗਦਾਨ ਪਾਉਦੇ ਆ ਰਹੇ ਹਨ । ਅਜਿਹੇ ਹਾਕਮ ਜੋ ਗੁਰੂਆਂ, ਪੀਰਾਂ, ਫਕੀਰਾਂ ਅਤੇ ਦਰਵੇਸਾਂ ਦੀ ਪਵਿੱਤਰ ਧਰਤੀ ਤੇ ਅੱਜ ਨਸ਼ੀਲੀਆਂ ਵਸਤਾਂ ਦਾ ਵਪਾਰ ਕਰਕੇ ਧਨ-ਦੌਲਤਾ ਦੇ ਭੰਡਾਰ ਇਕੱਤਰ ਕਰ ਰਹੇ ਹਨ, ਆਪਣੇ ਬਦਮਾਸ਼ਾਂ ਰਾਹੀ ਇਥੋ ਦੀ ਕਾਨੂੰਨੀ ਵਿਵਸਥਾਂ ਅਤੇ ਸਮਾਜਿਕ ਮਾਹੌਲ ਨੂੰ ਬੁਰੀ ਤਰ੍ਹਾਂ ਗੰਧਲਾ ਕਰ ਰਹੇ ਹਨ, ਰੇਤਾ ਅਤੇ ਬਜਰੀ ਦੇ ਕਾਰੋਬਾਰ ਉਤੇ ਆਪਣੇ ਬਾਦਲ ਪਰਿਵਾਰ ਦੀ ਅਜਾਰੇਦਾਰੀ ਕਾਇਮ ਕਰਕੇ ਰੇਤੇ ਅਤੇ ਬਜਰੀ ਦੀਆਂ ਮਨਮਾਨੀਆਂ ਕੀਮਤਾਂ ਪੰਜਾਬੀਆਂ ਤੋਂ ਜਬਰੀ ਵਸੂਲ ਕਰ ਰਹੇ ਹਨ, ਸਰਕਾਰੀ ਨੌਕਰੀਆਂ ਦੀਆਂ ਵੱਡੀਆਂ-ਵੱਡੀਆਂ ਬੋਲੀਆਂ ਲਗਾਕੇ ਰਿਸਵਤਾਂ ਰਾਹੀ ਇਥੋ ਦੇ ਮਾਹੌਲ ਨੂੰ ਗੈਰ-ਸਮਾਜਿਕ ਬਣਾ ਰਹੇ ਹਨ, ਥਾਣਿਆਂ ਨੂੰ ਬਾਦਲ ਦਲ ਦੇ ਅਹੁਦੇਦਾਰਾਂ ਦੇ ਹਵਾਲੇ ਕਰਕੇ ਤਾਨਾਸਾਹੀ ਸੋਚ ਅਧੀਨ ਅਮਲ ਕਰਕੇ ਇਥੋ ਦੇ ਮੱਧ-ਵਰਗੀ ਅਤੇ ਗਰੀਬ ਪਰਿਵਾਰਾਂ ਨੂੰ ਮਿਲਣ ਵਾਲੇ ਇਨਸਾਫ਼ ਉਤੇ ਡੂੰਘਾਂ ਪ੍ਰਸ਼ਨ ਚਿੰਨ੍ਹ ਲਗਾਉਦੇ ਆ ਰਹੇ ਹਨ, ਸਮੁੱਚੇ ਮੀਡੀਏ ਅਤੇ ਟੀ.ਵੀ. ਚੈਨਲਾਂ ਜੋ ਕਿ ਕਿਸੇ ਸਮਾਜ ਦੀ ਜ਼ਮਹੂਰੀਅਤ ਅਤੇ ਅਮਨ-ਚੈਨ ਦਾ ਮਜ਼ਬੂਤ ਥੰਮ੍ਹ ਹੁੰਦਾ ਹੈ, ਉਸ ਉਤੇ ਬਾਦਲ ਪਰਿਵਾਰ ਦਾ ਜ਼ਬਰੀ ਗਲਬਾ ਕਾਇਮ ਕਰਨ ਦੇ ਅਮਲ ਹਰ ਪਾਸੇ ਬਦਅਮਨੀ ਅਤੇ ਹਨ੍ਹੇਰਾ ਫਿਲਾਉਣ ਵਾਲੇ ਹਨ । ਗੁਰੂ ਘਰਾਂ ਦੀਆਂ ਗੋਲਕਾਂ ਜਿਨ੍ਹਾਂ ਨੂੰ ਗੁਰੂ ਸਾਹਿਬਾਨ ਨੇ “ਗੁਰੂ ਦੀ ਗੋਲਕ, ਗਰੀਬ ਦਾ ਮੂੰਹ” ਵੱਜੋ ਸਮਾਜਿਕ ਪੱਖੋ ਬਹੁਤ ਪਹਿਲੇ ਸਮੁੱਚੇ ਸੰਸਾਰ ਵਿਚ ਐਲਾਨਿਆ ਸੀ, ਉਸ ਵੱਡਮੁੱਲੀ ਅਤੇ ਸਮਾਜ ਪੱਖੀ ਸੋਚ ਦਾ ਇਹ ਆਗੂ ਭੋਗ ਪਾਉਣ ਵੱਲ ਤੁਰੇ ਹੋਏ ਹਨ । ਸਭ ਧਾਰਮਿਕ ਅਤੇ ਸਮਾਜਿਕ ਕਦਰਾ-ਕੀਮਤਾ ਦਾ ਜਨਾਜ਼ਾਂ ਕੱਢਿਆਂ ਜਾ ਰਿਹਾ ਹੈ । ਇਹਨਾਂ ਦੇ ਗੁੰਡਾ ਰਾਜ ਵਿਚ ਜਿ਼ੰਮੀਦਾਰ, ਮਜ਼ਦੂਰ, ਵਿਦਿਆਰਥੀ, ਮੁਲਾਜ਼ਮ, ਵਪਾਰੀ, ਕਾਰਖਾਨੇਦਾਰ ਸਭ ਮੁਸ਼ਕਿਲਾਂ ਵਿਚ ਘਿਰੇ ਹੋਏ ਹਨ । ਜਿਸ ਤੋ ਇਹ ਸਾਬਤ ਹੋ ਜਾਂਦਾ ਹੈ ਕਿ ਦੋਵੇ ਬਾਦਲ ਪੰਜਾਬ ਸੂਬੇ ਅਤੇ ਇਥੋ ਦੇ ਬਸਿੰਦਿਆਂ ਦੀ ਬਿਹਤਰੀ ਕਰਨ ਅਤੇ ਉਹਨਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਦੀ ਬਿਲਕੁਲ ਸਮਰੱਥਾ ਨਹੀਂ ਰੱਖਦੇ । ਕਿਉਂਕਿ ਇਹਨਾਂ ਦੋਵਾਂ ਬਾਪ-ਪੁੱਤਾਂ ਦੀ ਮਾਨਸਿਕ ਬਿਰਤੀ ਕੇਵਲ ਤੇ ਕੇਵਲ ਧਨ-ਦੌਲਤਾ, ਜ਼ਾਇਦਾਦਾਂ ਇਕੱਤਰ ਕਰਨ ਵਿਚ ਮੁਲੀਨ ਹੋ ਚੁੱਕੀ ਹੈ । ਇਸ ਲਈ ਪੰਜਾਬ ਦੇ ਬਸਿੰਦਿਆਂ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਇਹ ਅਪੀਲ ਹੈ ਕਿ ਉਪਰੋਕਤ ਹਰ ਤਰ੍ਹਾਂ ਦੀ ਇਹਨਾਂ ਵੱਲੋ ਪੈਦਾ ਕੀਤੀ ਗਈ ਬੁਰਾਈ ਵਿਰੁੱਧ ਇਕੱਤਰ ਹੋ ਕੇ ਆਵਾਜ਼ ਬੁਲੰਦ ਕਰਨ ਅਤੇ ਇਸ ਗੁੰਡਾ ਰਾਜ ਤੋ ਜਿੰਨੀ ਜਲਦੀ ਹੋ ਸਕੇ, ਨਿਜਾਤ ਪਾਉਣ ।
ਸ. ਮਾਨ ਨੇ ਇਸ ਗੱਲ ਉਤੇ ਖੁਸ਼ੀ ਅਤੇ ਫਖ਼ਰ ਮਹਿਸੂਸ ਕੀਤਾ ਕਿ ਜਦੋ ਵੀ ਪੰਜਾਬ ਸੂਬੇ, ਪੰਜਾਬੀਆਂ ਜਾਂ ਸਿੱਖ ਕੌਮ ਉਤੇ ਇਖ਼ਲਾਕੀ, ਧਰਮੀ, ਮਾਲੀ ਜਾਂ ਸਮਾਜਿਕ ਭੀੜ ਪੈਦੀ ਹੈ, ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਆਪਣੀਆਂ ਇਨਸਾਨੀ ਜਿੰਮੇਵਾਰੀਆਂ ਨੂੰ ਹਮੇਸ਼ਾਂ ਦ੍ਰਿੜਤਾ ਨਾਲ ਪਹਿਲੇ ਵੀ ਪੂਰੀਆਂ ਕਰਦਾ ਆ ਰਿਹਾ ਹੈ ਅਤੇ ਅੱਜ ਜਦੋ ਪੰਜਾਬ ਦੀ ਇਕ ਮਾਸੂਮ ਧੀ ਦਾ ਔਰਬਿਟ ਬੱਸ ਵਾਲਿਆ ਵੱਲੋ ਕਤਲ ਕੀਤਾ ਗਿਆ ਹੈ ਅਤੇ ਜਿੰਮੀਦਾਰਾਂ ਦੀ ਕਣਕ ਦੀ ਫਸਲ ਨਾਲ ਹਕੂਮਤੀ ਬੇਇਨਸਾਫ਼ੀ ਹੋ ਰਹੀ ਹੈ, ਹਰ ਪਾਸੇ ਹਾਹਾਕਾਰ ਮੱਚੀ ਹੋਈ ਹੈ, ਇਨਸਾਫ਼ ਦਾ ਕਿਤੇ ਨਾਮੋ-ਨਿਸ਼ਾਨ ਨਜ਼ਰ ਨਹੀਂ ਆ ਰਿਹਾ ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਅੱਜ 04 ਮਈ 2015 ਨੂੰ ਪੰਜਾਬ ਦੇ ਹਰ ਜਿ਼ਲ੍ਹਾ ਪੱਧਰ ਉਤੇ ਪਾਰਟੀ ਅਹੁਦੇਦਾਰਾਂ, ਵਰਕਰਾਂ ਅਤੇ ਸਮਰਥਕਾਂ ਨੇ ਇਕੱਤਰ ਹੋ ਕੇ ਗਵਰਨਰ ਪੰਜਾਬ ਦੇ ਨਾਮ ਯਾਦ-ਪੱਤਰ ਦਿੰਦੇ ਹੋਏ ਹਰ ਜ਼ਬਰ-ਜੁਲਮ ਵਿਰੁੱਧ ਆਵਾਜ਼ ਉਠਾਉਣ ਦੇ ਨਾਲ-ਨਾਲ ਇਨਸਾਫ਼ ਦੀ ਜੋਰਦਾਰ ਮੰਗ ਕਰਨ ਦੀ ਜਿ਼ੰਮੇਵਾਰੀ ਪੂਰਨ ਸਫ਼ਲਤਾ ਪੂਰਵਕ ਨਿਭਾਈ ਹੈ, ਉਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਮੁੱਚੇ ਜਿ਼ਲ੍ਹਿਆਂ ਦੇ ਪ੍ਰਧਾਨਾਂ, ਅਹੁਦੇਦਾਰਾਂ ਅਤੇ ਵਰਕਰਾਂ ਦਾ ਤਹਿ ਦਿਲੋ ਧੰਨਵਾਦ ਕਰਦਾ ਹੈ । ਜੋ ਸਮਾਜ ਦੀ ਔਖੀ ਘੜੀ ਦੇ ਸਮੇ ਪੂਰਨ ਨਿਡਰਤਾ ਨਾਲ ਆਪਣੇ ਫਰਜਾ ਦੀ ਪੂਰਤੀ ਕਰ ਰਹੇ ਹਨ । ਇਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਸ. ਬਾਦਲ ਅਤੇ ਬਾਦਲ ਹਕੂਮਤ ਨੇ ਹਕੂਮਤੀ ਤਾਕਤ, ਧਨ-ਦੌਲਤਾ ਦੇ ਲਾਲਚ ਅਤੇ ਦਬਾਅ ਅਧੀਨ ਜਦੋ ਸਭ ਪਾਰਟੀਆਂ, ਸਭ ਆਗੂਆਂ ਨੂੰ ਕਾਬੂ ਵਿਚ ਕਰ ਲਿਆ ਹੈ ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹੀ ਅੱਜ ਵੀ ਨਿਡਰਤਾ ਨਾਲ ਆਪਣੇ ਇਨਸਾਨੀ ਅਤੇ ਕੌਮੀ ਫਰਜਾ ਨੂੰ ਪੂਰਨ ਕਰਨ ਦੀ ਬਦੌਲਤ ਹੀ ਮੇਰੇ ਤਲਾਣੀਆਂ (ਫ਼ਤਹਿਗੜ੍ਹ ਸਾਹਿਬ) ਵਿਖੇ ਫਾਰਮ ਉਤੇ ਪਾਵਰ ਕਾਮ ਦੇ ਖੰਭਿਆਂ ਅਤੇ ਤਾਰਾਂ ਨੂੰ ਜ਼ਬਰੀ ਮੇਰੀ ਜ਼ਮੀਨ ਵਿਚ ਲਗਾਉਣ ਦੀ ਕੋਸਿ਼ਸ਼ ਕਰਕੇ ਸਾਨੂੰ ਵੀ ਸਰਕਾਰ ਨਾਲ ਸਮਝੋਤੇ ਕਰਨ ਲਈ ਦਬਾਅ ਪਾਇਆ ਜਾ ਰਿਹਾ ਹੈ । ਲੇਕਿਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜੋ ਗੁਰੂ ਸਿਧਾਤਾਂ ਉਤੇ ਨਿਰੰਤਰ ਪਹਿਰਾ ਦਿੰਦਾ ਆ ਰਿਹਾ ਹੈ, ਉਹ ਬਾਦਲ ਹਕੂਮਤ ਜਾਂ ਬਾਦਲ ਪਰਿਵਾਰ ਦੇ ਕਿਸੇ ਤਰ੍ਹਾਂ ਦੇ ਵੀ ਜ਼ਬਰ-ਜੁਲਮ ਅੱਗੇ ਈਨ ਨਹੀਂ ਮੰਨੇਗਾ ਅਤੇ ਪੰਜਾਬ ਨੂੰ ਇਹਨਾਂ ਦੇ ਗੁੰਡਾ ਰਾਜ ਤੋ ਨਿਜਾਤ ਦਿਵਾਉਣ ਤੱਕ ਇਸੇ ਤਰ੍ਹਾਂ ਸੰਘਰਸ਼ ਕਰਦਾ ਰਹੇਗਾ ।