ਨਵੀਂ ਦਿੱਲੀ : ਇੰਟਰਨੈਸ਼ਨਲ ਸੈਂਟਰ ਫੋਰ ਸਿੱਖ ਸਟਡੀਜ਼ ਵੱਲੋਂ ਸ੍ਰੀ ਗੁਰੁੂ ਗ੍ਰੰਥ ਸਾਹਿਬ ਜੀ ਦੇ ਸਮਾਜਿਕ ਅਤੇ ਧਾਰਮਿਕ ਸਰੋਕਾਰਾਂ ਬਾਰੇ ਸੈਮੀਨਾਰ ਕਰਵਾਇਆ ਗਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਤੇ ਖੋਜ ਕਰਨ ਦੇ ਇਸ ਅਦਾਰੇ ਵੱਲੋਂ ਪੰਜਾਬੀ ਯੂਨਿਵਰਸਿਟੀ ਪਟਿਆਲਾ ਦੇ ਪ੍ਰੋ. ਜੋਧ ਸਿੰਘ ਵੱਲੋਂ ਆਸਾ ਦੀ ਵਾਰ ਅਤੇ ਜਾਪੁ ਸਾਹਿਬ ਦੀ ਪਾਵਨ ਬਾਣੀਆਂ ਦੀ ਭਾਸ਼ਾ ਦੇ ਅਰਥਾਂ ਤੋਂ ਜਾਣੂੰ ਕਰਵਾਉਂਦੇ ਹੋਏ ਮੌਜੂਦ ਸੰਗਤਾ ਨੂੰ ਇਸ ਵਿਸ਼ੇ ਆਤਮ ਪੜਚੋਲ ਕਰਨ ਦੀ ਵੀ ਸਲਾਹ ਕੀਤੀ। ਦੋਹਾਂ ਬਾਣੀਆਂ ਚੋਂ ਪਾਰਸੀ, ਬ੍ਰਿਜ ਅਤੇ ਸੰਸਕ੍ਰਿਤ ਭਾਸ਼ਾ ਦੇ ਸ਼ਬਦਾ ਦੇ ਗੁੜੇ ਅਰਥਾਂ ਨੂੰ ਵੀ ਪ੍ਰੋ. ਜੋਧ ਸਿੰਘ ਵੱਲੋਂ ਨਿਵੇਕਲੇ ਢੰਗ ਨਾਲ ਪੇਸ਼ ਕਰਦੇ ਹੋਏ ਸ੍ਰੀ ਗੁਰੁੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਧਾਰਮਿਕ ਅਤੇ ਸਮਾਜਿਕ ਫਲਸਫੇ ਤੋਂ ਵੀ ਜਾਣੂੰ ਕਰਵਾਇਆ। ਪੰਜਾਬੀ ਯੁੂਨਿਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਭਗਤ ਨਾਮਦੇਵ ਜੀ ਦੀ ਬਾਣੀ ‘ਚੋਂ ਹਵਾਲੇ ਦਿੰਦੇ ਹੋਏ ਸਮਾਜ ਦੀ ਮਜਬੂਤੀ ਵਾਸਤੇ ਬਾਣੀ ਵਿਚ ਦਿੱਤੇ ਗਏ ਸੁਨੇਹੇ ਨੂੰ ਵੀ ਜਨਤਕ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਸ੍ਰੀ ਗੁਰੁੂ ਗ੍ਰੰਥ ਸਾਹਿਬ ਸਮਾਜ ‘ਚ ਵਿਚਰਦੇ ਲੋਕਾਂ ਨੂੰ ਸਮਾਜਿਕ ਅਤੇ ਧਾਰਮਿਕ ਪੱਖੋ ਗਿਆਨ ਦੇ ਭੰਡਾਰ ਨੂੰ ਸਾਹਮਣੇ ਰੱਖ ਕੇ ਆਦਰਸ਼ ਜੀਵਨ ਜਿਉਣ ਦਾ ਮਾਰਗ ਦਸਦਾ ਹੈ।
ਅਦਾਰੇ ਵੱਲੋਂ ਪਹਿਲੀ ਵਾਰ ਸ਼ੁਰੂ ਕੀਤੇ ਗਏ ਇਸ ਸੈਮੀਨਾਰ ਨੂੰ ਸ਼ਰੁੂਆਤੀ ਸੈਮੀਨਾਰ ਦੱਸਦੇ ਹੋਏ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸੈਮੀਨਾਰਾ ਦੀ ਲੜੀ ਤਹਿਤ ਹਰ ਮਹੀਨੇ ਦੇ ਪਹਿਲੇ ਸ਼ਨੀਵਾਰ ਨੂੰ ਕਿਸੇ ਨਾ ਕਿਸੇ ਵਿਸ਼ੇ ਤੇ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਕਾਨਫ੍ਰੈਂਸ ਹਾਲ ਵਿਖੇ ਸੈਮੀਨਾਰ ਕਰਵਾਉਣ ਦਾ ਵੀ ਐਲਾਨ ਕੀਤਾ। ਜੀ.ਕੇ. ਨੇ ਸ੍ਰੀ ਗੁਰੁੂ ਗ੍ਰੰਥ ਸਾਹਿਬ ਨੂੰ ਮਨੁੱਖਤਾ ਦੀ ਸੇਵਾ ਅਤੇ ਧਾਰਮਿਕ ਭਾਈਚਾਰੇ ਨੂੰ ਬਿਨਾ ਕਿਸੇ ਵਿਤਕਰੇ ਦੇ ਸਿਧਾਂਤ ਪੇਸ਼ ਕਰਨ ਵਾਲਾ ਨਿਵੇਕਲਾ ਗ੍ਰੰਥ ਵੀ ਦੱਸਿਆ। ਉਨ੍ਹਾਂ ਕਿਹਾ ਕਿ ਬੇਸ਼ਕ ਅੱਜ ਦੇ ਇਸ ਯੁਗ ‘ਚ ਜਿੱਥੇ ਦੂਨਿਆ ‘ਚ ਆਪਸੀ ਸੰਪਰਕ ਦੀ ਦੁੂਰੀਆਂ ਵਿਗਿਆਨ ਨੇ ਘਟਾ ਦਿੱਤੀਆਂ ਹਨ ਪਰ ਫਿਰ ਵੀ ਜੀਵਨ ਜਾਂਚ ਦੇ ਜੋ ਸਿਧਾਂਤ ਸ੍ਰੀ ਗੁਰੂੁ ਗ੍ਰੰਥ ਸਾਹਿਬ ‘ਚ ਦੱਸੇ ਗਏ ਹਨ ਉਹ ਅੱਜ ਵੀ ਪ੍ਰਮਾਣਿਕ ਹਨ।
ਸਾਬਕਾ ਰਾਜਸਭਾ ਮੈਂਬਰ ਅਤੇ ਅਦਾਰੇ ਦੇ ਚੇਅਰਮੈਨ ਤ੍ਰਿਲੋਚਨ ਸਿੰਘ ਨੇ ਬੀਤੇ 6 ਮਹੀਨਿਆਂ ਦੌਰਾਨ ਅਦਾਰੇ ਵੱਲੋਂ ਧਾਰਮਿਕ ਇਤਿਹਾਸ ਦੀ ਸਾਂਭਸੰਭਾਲ ਅਤੇ ਡਿਜੀਟਲ ਲਾਈਬ੍ਰੇਰੀ ਸਥਾਪਿਤ ਕਰਨ ਵਾਸਤੇ ਕੀਤੀਆਂ ਗਈਆਂ ਕੋਸ਼ਿਸ਼ਾਂ ਦੀ ਵਿਸਤਾਰ ਨਾਲ ਜਾਣਕਾਰੀ ਦਿੱਤੀ। ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਵਿਧਵਾਨਾਂ ਨੂੰ ਸ਼ਬਦ ਗੁਰੁੂ ਦੇ ਸੁਨੇਹੇ ਨੂੰ ਘਰੋ-ਘਰੀ ਪਹੁੰਚਾਉਣ ਦਾ ਵੀ ਸੱਦਾ ਦਿੱਤਾ। ਕਮੇਟੀ ਵੱਲੋਂ ਇਸ ਮੌਕੇ ਪੱਤਵੰਤੇ ਵਿਧਵਾਨਾ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਦਿੱਲੀ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਰਾਣਾ, ਦਿੱਲੀ ਯੂਨਿਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁੱਖੀ ਡਾ. ਰਵੇਲ ਸਿੰਘ ਅਤੇ ਡਾ. ਮਨਜੀਤ ਸਿੰਘ, ਡਾ. ਹਰਬੰਸ ਸਿੰਘ ਚਾਵਲਾ, ਡਾ. ਮਹਿੰਦਰ ਕੌਰ ਗਿਲ ਤੇ ਅਦਾਰੇ ਦੀ ਡਾਇਰੈਕਟਰ ਡਾ. ਹਰਬੰਸ ਕੌਰ ਸੱਗੂ ਵੀ ਮੌਜੂਦ ਸਨ।