ਸਰਨਾ ਨੇ ਨਿਰੋਲ ਧਾਰਮਕ ਮਸਲਿਆਂ ਵਿਚ ਪੰਜਾਬ ਸਰਕਾਰ ਦੇ ਦਖਲ ਦੀ ਕੀਤੀ ਸਖ਼ਤ ਆਲੋਚਨਾ

ਦਿੱਲੀ: ਸ: ਪਰਮਜੀਤ ਸਿੰਘ ਸਰਨਾ, ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਦਿੱਲੀ ਤੇ ਸਾਬਕਾ ਪ੍ਰਧਾਨ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰੈਸ ਦੇ ਨਾਂ ਇਕ ਬਿਆਨ ਵਿਚ ਨਿਰੋਲ ਧਾਰਮਕ ਮਸਲਿਆਂ ਵਿਚ ਪੰਜਾਬ ਸਰਕਾਰ ਦੇ ਦਖਲ ਦੀ ਸਖ਼ਤ ਨਿੰਦਾ ਕਰਦੇ ਹੋਏ, ਸ: ਪ੍ਰਕਾਸ਼ ਸਿੰਘ ਬਾਦਲ, ਮੁੱਖ ਮੰਤਰੀ, ਪੰਜਾਬ ਦੇ ਪੰਥ ਵਿਰੋਧੀ ਕਾਰਵਾਈਆਂ ਦੇ ਮੱਦੇ ਨਜ਼ਰ ਪੰਜਾਬ ਵਿਚ ਧਾਰਮਕ ਯਾਤਰਾ ਨੂੰ ਸ਼ਰਧਾ ਤੇ ਧਰਮ ਪ੍ਰਚਾਰ ਦੀ ਆੜ ਵਿਚ ਲੋਕਾਂ ਨੂੰ ਗੁਮਰਾਹ ਕਰਨ ਦਾ ਯਤਨ ਕਰਾਰ ਦਿੱਤਾ ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੋਦੀ ਸਰਕਾਰ ਵਿਰੁੱਧ ਫੈਸਲੇ ਵਿਚ ਹਿੱਸੇਦਾਰ ਨਾ ਹੋਣ ਦਾ ਦਾਅਵਾ ਕਰਨ ਵਾਲੇ ਸ: ਪ੍ਰਕਾਸ਼ ਸਿੰਘ ਬਾਦਲ ਇਸ ਧਾਰਮਕ ਯਾਤਰਾ ਵਿਚ ਹਿੱਸੇਦਾਰ ਬਣਦੇ ਹੋਏ, ਆਪਣੇ ਪੰਥ ਵਿਰੋਧੀ ਤੇ ਲੋਕ ਵਿਰੋਧੀ ਚੇਹਰੇ ਨੂੰ ਢਕਣ ਦਾ ਅਸਫ਼ਲ ਯਤਨ ਕਰ ਰਹੇ ਹਨ । ਪੰਜਾਬ ਵਿਚ ਪਤਿਤਪੁਣੇ, ਡੇਰੇਵਾਦ ਦੇ ਵੱਧਦੇ ਪ੍ਰਭਾਵ ਸਿੱਖ ਪ੍ਰੰਪਰਾਵਾਂ ਦਾ ਘਾਣ, ਨੌਜਵਾਨੀ ਨੂੰ ਨਸ਼ਿਆਂ ਦਾ ਸ਼ਿਕਾਰ ਬਨਾਉਣ ਵਾਲੀ ਸਰਕਾਰ ਕੇਵਲ ਸਵਾਰਥੀ ਸੋਚ ਅਧੀਨ ਕੇਂਦਰ ਸਰਕਾਰ ਨੂੰ ਪੰਥ ਦੇ ਨਾਂ ਤੇ ਡਰਾਉਣ ਲਈ ਇਹ ਡਰਾਮੇਬਾਜੀ ਕਰ ਰਹੀ ਹੈ ।

ਸ: ਸਰਨਾ ਨੇ ਆਪਣਾ ਬਿਆਨ ਜਾਰੀ ਰੱਖਦਿਆਂ ਹੋਏ ਕਿਹਾ ਕਿ ਚੰਗਾ ਹੁੰਦਾ ਜੇ ਪੰਜਾਬ ਸਰਕਾਰ ਪੰਜਾਬ ਤੇ ਸਿੱਖਾਂ ਦੇ ਹੱਕਾਂ ਦੀ ਰਾਖੀ ਕਰਨ ਲਈ ਕੇਂਦਰ ਸਰਕਾਰ ਨਾਲੋਂ ਨਾਤਾ ਤੋੜਦੀ ਤੇ ਪੰਜਾਬ ਵਿਚ ਬੀ.ਜੇ.ਪੀ. ਨਾਲੋਂ ਗਠਜੋੜ ਤੋੜਦੀ ਤੇ ਪੰਜਾਬ ਸਰਕਾਰ ਨਿਰੋਲ ਸਿੱਖ ਹਿੱਤਾਂ ਦੀ ਰਾਖੀ ਕਰਨ ਦਾ ਸੰਕਲਪ ਧਾਰਮਕ ਯਾਤਰਾ ਦੇ ਆਰੰਭ ਸਮੇਂ ਕਰਦੀ ।

ਸ: ਪਰਮਜੀਤ ਸਿੰਘ ਸਰਨਾ ਨੇ ਧਾਰਮਕ ਯਾਤਰਾ ਦੇ ਆਰੰਭ ਸਮੇਂ ਅਰਦਾਸ ਵਿਚ ਸਿੱਖ ਪ੍ਰੰਪਰਾਵਾਂ ਦੇ ਉਲਟ ਪਹਿਲਾਂ ਮੁੱਖ ਮੰਤਰੀ, ਉਪ ਮੁੱਖ ਮੰਤਰੀ ਦਾ ਨਾਂ ਲਿਆ ਤੇ ਬਾਅਦ ਵਿਚ ਤਖ਼ਤਾਂ ਦੇ ਸਿੰਘ ਸਾਹਿਬਾਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਾਂ ਲਿਆ । ਇਸੇ ਤਰ੍ਹਾਂ ਧਾਰਮਕ ਯਾਤਰਾ ਦੌਰਾਨ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ (ਸ਼੍ਰੀ ਅਕਾਲ ਤਖ਼ਤ ਸਾਹਿਬ) ਦਾ ਯਾਤਰਾ ਦੌਰਾਨ ਆਪਣੇ ਸੰਬੋਧਨ ਵਿਚ ਮੁੱਖ ਮੰਤਰੀ ਤੇ ਉਪ-ਮੁੱਖ ਮੰਤਰੀ ਦੀਆਂ ਸਿਫ਼ਤਾਂ ਦੇ ਪੁਲ ਬੰਨਣਾ ਸਿੱਖ ਸੰਗਤਾਂ ਨੂੰ ਗੁਮਰਾਹ ਕਰਨਾ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਨੂੰ ਠੇਸ ਪਹੁੰਚਾਣ ਦੇ ਤੁਲ ਹੈ, ਜੋ ਅਫਸੋਸਨਾਕ ਹੈ ।

ਸ: ਸਰਨਾ ਨੇ ਇਸ ਧਾਰਮਕ ਯਾਤਰਾ ਨੂੰ ਧਰਮ ਪ੍ਰਚਾਰ ਘਟ ਪਰ ਰਾਜਸੀ ਪੰਥਕ ਹਿੱਤਾਂ ਵਿਰੋਧੀ ਕਰਾਰ ਦਿੱਤਾ ਤੇ ਪੰਜ ਸਿੰਘ ਸਾਹਿਬਾਨ ਨੂੰ ਅਪੀਲ ਕੀਤੀ ਕਿ ਬਾਦਲ ਪਰਿਵਾਰ ਤੋਂ ਮੁਕਤ ਹੋ ਕੇ ਧਾਰਮਕ ਮਸਲਿਆਂ ਵਿਚ ਪੰਥ ਵਿਰੋਧੀ ਤਾਕਤਾਂ ਵਾਲੀ ਪੰਜਾਬ ਸਰਕਾਰ ਤੋਂ ਅਲਗ ਹੋਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਜਾਰੀ ਕਰੇ ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>