ਨਿਜੀ ਥਰਮਲ ਪਲਾਂਟਾਂ ਨੂੰ ਫਾਇਦਾ ਦੇਣ ਖਾਤਿਰ ਪਾਵਰਕਾਮ ਬਿਜਲੀ ਦੇ ਰੇਟ ਵੱਧਾਉਣ ਦੀ ਤਿਆਰੀ ‘ਚ

ਨਿਜੀ ਥਰਮਲ ਪਲਾਂਟਾਂ ਨੂੰ ਫਾਇਦਾ ਦੇਣ ਦੀ ਖਾਤਰ ਪਾਵਰਕਾਮ ਆਪਣੇ ਸਰਕਾਰੀ ਪਲਾਂਟ ਕਈ ਕਈ ਹਫਤੇ ਬੰਦ ਰੱਖ ਰਿਹਾ ਹੈ ਜੱਦਕਿ ਪਾਵਰਕਾਮ ਦੇ ਆਪਣੇ ਪਲਾਂਟਾਂ ਦੀ ਬਿਜਲੀ ਨਿਜੀ ਪਲਾਂਟਾਂ ਤੋਂ ਸਸਤੀ ਪੈਂਦੀ ਹੈ।

ਦੇਸ਼ ਵਿੱਚ ਸਭ ਤੋਂ ਮਹਿੰਗੀ ਬਿਜਲੀ ਹੁਣ ਪਾਵਰਕਾਮ ਖਰੀਦ ਰਿਹਾ ਹੈ ਅਤੇ ਇਸ ਦਾ ਭਾਰ ਆਉਣ ਵਾਲੇ ਦਿਨਾਂ ਵਿੱਚ ਆਮ ਲੋਕਾਂ ਤੇ ਪਾਉਣ ਦੀ ਪੂਰੀ ਤਿਆਰੀ ਕਰ ਲਈ ਗਈ ਹੈ ਅਤੇ ਨਿਜੀ ਪਲਾਂਟਾਂ ਦੇ ਘਾਟੇ ਨੂੰ ਬਚਾਉਣ ਖਾਤਰ ਪਾਵਰਕਾਮ ਆਪਣੇ ਪਲਾਂਟ ਕਈ ਕਈ ਹਫਤੇ ਬੰਦ ਰੱਖ ਰਿਹਾ ਹੈ ਜੱਦਕਿ ਪਾਵਰਕਾਮ ਦੇ ਆਪਣੇ ਪਲਾਂਟਾਂ ਦੀ ਬਿਜਲੀ ਨਿਜੀ ਪਲਾਂਟਾਂ ਤੋਂ ਸਸਤੀ ਪੈਂਦੀ ਹੈ ਅਤੇ ਨਿਜੀ ਥਰਮਲ ਪਲਾਂਟਾਂ ਨੂੰ ਫਾਇਦਾ ਦੇਣ ਦੀ ਖਾਤਰ  ਜਨਤਾ ਤੇ ਇਹ ਮਾਰ ਮਾਰੀ ਜਾ ਰਹੀ ਹੈ। ਪਾਵਰਕਾਮ ਵਲੋਂ ਨਿਜੀ ਥਰਮਲ ਪਲਾਂਟਾਂ ਨਾਲ ਹੋਏ ਕਰਾਰ ਮੁਤਾਬਕ ਉਹਨਾਂ ਨੂੰ 3685 ਕਰੋੜ ਰੁਪਏ ਫਿਕਸ ਚਾਰਜ ਦੇਣੇ ਹਨ। ਹੁਣ ਕਿਉਂਕਿ ਨਿਜੀ ਪਲਾਂਟਾਂ ਦੀ ਉਦਪਾਦਨ ਸ਼ਕਤੀ ਪੰਜਾਬ ਦੀ ਬਿਜਲੀ ਦੀ ਜਰੂਰਤ ਤੋਂ ਜਿਆਦਾ ਹੈ ਤਾਂ ਇਹ ਵਾਧੂ ਦੀ ਬਿਜਲੀ ਉਹਨਾ ਪਾਸੋਂ ਨਹੀਂ ਖਰੀਦੀ ਜਾ ਰਹੀ ਤੇ ਉਹਨਾਂ ਦਾ ਘਾਟਾ ਪੂਰਾ ਕਰਣ ਲਈ ਇਹ ਭਾਰ ਜਨਤਾ ਤੇ ਪਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਪਾਵਰਕਾਮ ਵਲੋਂ ਪਾਵਰ ਰੈਗੁਲੇਟਰੀ ਕਮੀਸ਼ਨ ਪਾਸੋਂ ਬਿਜਲੀ ਦੇ ਰੇਟ ਵਧਾਉਣ ਦੀ ਮਨਜੂਰੀ ਮੰਗੀ ਗਈ ਹੈ ਤੇ ਜੋ ਕਮੀਸ਼ਨ ਹਾਂ ਕਰ ਦਿੰਦਾ ਹੈ ਤੇ ਬਿਜਲੀ ਦੇ ਰੇਟ 1 ਰੁ. ਪ੍ਰਤੀ ਯੁਨਿਟ ਤੋਂ ਵੀ ਜਿਆਦਾ ਦੇ ਹਿਸਾਬ ਨਾਲ ਵੱਧ ਜਾਣਗੇ।

ਪਾਵਰਕਾਮ ਮੁਤਾਬਕ ਉਹ ਬਿਜਲੀ ਬਹੁੰਤ ਮਹਿੰਗੇ ਮੁੱਲ ਤੇ ਖਰੀਦ ਕੇ ਜਨਤਾ ਨੂੰ ਕਾਫੀ ਘੱਟ ਰੇਟ ਤੇ ਦੇ ਰਿਹਾ ਹੈ। ਪਾਵਰਕਾਮ ਦਾ ਤਰਕ ਹੈ ਕਿ ਉਹ ਲਗਾਤਾਰ ਘਾਟੇ ਵਿੱਚ ਜਾ ਰਿਹਾ ਹੈ ਤੇ ਪਾਵਰਕਾਮ ਉਪਰ 23912 ਕਰੋੜ ਦਾ ਕਰਜਾ ਹੈ ਜਿਸਦਾ ਬਿਆਜ ਹੀ 2593 ਕਰੋੜ ਦੇਣਾ ਹੁੰਦਾ ਹੈ ਤੇ ਇਸੇ ਲਈ ਹਰ ਸਾਲ ਬਿਆਜ ਦੇਣ ਲਈ ਬਿਜਲੀ ਮਹਿੰਗੀ ਕਰਣ ਦੀ ਮੰਗ ਕੀਤੀ ਜਾਂਦੀ ਹੈ।

ਪੰਜਾਬ ਵਿੱਚ ਪਹਿਲਾਂ ਪਰੇਸ਼ਾਨੀ ਇਹ ਸੀ ਕਿ ਬਿਜਲੀ ਪੂਰੀ ਨਹੀਂ ਹੁੰਦੀ ਸੀ ਜਿਸ ਕਾਰਨ ਪੰਜਾਬ ਦੀ ਇੰਡਸਟਰੀ ਘਾਟੇ ਵਿੱਚ ਜਾ ਰਹੀ ਸੀ ਤੇ ਉਹ ਪੰਜਾਬ ਤੋਂ ਪਲਾਅਨ ਕਰਕੇ ਪੜੋਸੀ ਰਾਜਾਂ ਵਿੱਚ ਚਲੀ ਗਈ ਸੀ ਪਰ ਹੁਣ ਜਦੋਂ ਬਿਜਲੀ ਸਰਪਲਸ ਹੈ ਤਾਂ ਹੁਣ ਬਿਜਲੀ ਦੇ ਰੇਟ ਵਧਾਉਣ ਨਾਲ ਇੰਡਸਟਰੀ ਦੀ ਲਾਗਤ ਮੁੜ ਵੱਧ ਜਾਵੇਗੀ ਤੇ ਪੰਜਾਬ ਦੀ ਇੰਡਸਟਰੀ ਲਈ ਹੋਰ ਰਾਜਾਂ ਨਾਲ ਮੁਕਾਬਲਾ ਕਰਨਾ ਔਖਾ ਹੋ ਜਾਵੇਗਾ। ਵੈਸੇ ਵੀ ਨਵੇਂ ਸਾਲ ਦਾ ਟੈਰਿਫ ਪਲਾਨ ਲੇਟ ਹੋਣ ਦੇ ਕਾਰਨ ਇੰਡਸਟਰੀ ਨੂੰ ਰਾਤ ਦੇ ਸਮੇਂ ਮਿਲ ਰਹੀ ਸਸਤੀ ਦਰ ਤੇ ਬਿਜਲੀ ਦੀ ਸੁਵਿਧਾ ਵੀ ਫਿਲਹਾਲ ਬੰਦ ਕਰ ਦਿੱਤੀ ਗਈ ਹੈ ਜਿਸ ਨਾਲ ਉਹਨਾਂ ਇੰਡਸਟਰੀਆਂ ਨੂੰ ਭਾਰੀ ਨੁਕਸਾਨ ਹੋਇਆ ਹੈ ਜਿਹਨਾਂ ਨੇ ਰਾਤ ਦੀ ਸ਼ਿਫਟ ਲਈ ਅਲਗ ਸਟਾਫ ਅਤੇ ਮਸ਼ੀਨਰੀ ਤੇ ਨਿਵੇਸ਼ ਕੀਤਾ ਹੈ।

ਪੰਜਾਬ ਵਿੱਚ ਪਾਵਰਕਾਮ ਦੀ ਸਥਿਤੀ ਅਣਸੁਲਝੀ ਪਹੇਲੀ ਵਰਗੀ ਹੈ। ਪਹਿਲਾਂ ਤਾਂ ਬਿਜਲੀ ਦੀ ਕਮੀ ਨੂੰ ਪੂਰਾ ਕਰਣ ਲਈ ਨਵੇਂ ਪਲਾਂਟ ਲਗਾਏ ਗਏ ਤੇ ਜੇ ਹੁਣ ਬਿਜਲੀ ਸਰਪਲਸ ਹੈ ਤਾਂ ਉਹ ਵੀ ਲੋਕਾਂ ਲਈ  ਮੁਸੀਬਤ ਦਾ ਕਾਰਣ ਬਣ ਗਈ ਹੈ। ਨਿਜੀ ਪਲਾਂਟਾਂ ਦੇ ਘਾਟੇ ਨੂੰ ਬਚਾਉਣ ਖਾਤਰ ਪਾਵਰਕਾਮ ਆਪਣੇ ਪਲਾਂਟ ਕਈ ਕਈ ਹਫਤੇ ਬੰਦ ਰੱਖ ਰਿਹਾ ਹੈ ਜੱਦਕਿ ਪਾਵਰਕਾਮ ਦੇ ਆਪਣੇ ਪਲਾਂਟਾਂ ਦੀ ਬਿਜਲੀ ਨਿਜੀ ਪਲਾਂਟਾਂ ਤੋਂ ਸਸਤੀ ਪੈਂਦੀ ਹੈ। ਨਿਜੀ ਪਲਾਂਟਾਂ ਕਾਰਨ ਹੋਈ ਸਰਪਲਸ ਬਿਜਲੀ ਹੋਰ ਰਾਜਾਂ ਨੂੰ ਵੇਚ ਕੇ ਵੀ ਕਮਾਈ ਕੀਤੀ ਜਾ ਸਕਦੀ ਹੈ। ਪਰ ਪਾਵਰਕਾਮ ਦੀਆਂ ਢਿੱਲ ਮੁੱਲ ਨੀਤੀਆਂ ਹਮੇਸ਼ਾ ਹੀ ਜਨਤਾ ਲਈ ਪਰੇਸ਼ਾਨੀ ਦਾ ਸਬਬ ਬਣਦੀਆਂ ਰਹੀਆਂ ਹਨ। ਵਿਚਾਰ ਤਾਂ ਇਹ ਵੀ ਹੈ ਕਿ ਇੰਡਸਟਰੀ ਨੂੰ ਰਾਤ ਨੂੰ ਸਸਤੀ ਬਿਜਲੀ ਦੇ ਕੇ ਬਿਜਲੀ ਦੀ ਖਪਤ ਵਧਾਈ ਜਾਵੇ। ਆਮ ਜਨਤਾ ਲਈ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਪਹਿਲਾਂ ਬਿਜਲੀ ਦੇ ਕੱਟ ਲੱਗਣ ਅਤੇ ਬਿਜਲੀ ਮਹਿੰਗੀ ਹੋਣ ਪਿੱਛੇ ਤਰਕ ਇਹ ਦਿੱਤਾ ਜਾਂਦਾ ਸੀ ਕਿ ਪਾਵਰਕਾਮ ਦੇ ਆਪਣੇ ਪਾਵਰ ਪਲਾਂਟਾਂ ਦੀ ਉਤਪਾਦਨ ਕਪੈਸਟੀ ਘੱਟ ਹੈ ਤੇ ਲਾਗਤ ਜਿਆਦਾ ਤੇ ਇਸ ਲਈ ਜਨਤਾ ਨੂੰ ਵੀ ਵਿਗਿਆਪਨਾਂ ਰਾਹੀਂ ਬਿਜਲੀ ਬਚਾਉਣ ਲਈ ਜਾਗਰੁੱਕ ਕੀਤਾ ਜਾਂਦਾ ਹੈ ਪਰ ਹੁਣ ਉਹੀ ਜਨਤਾ ਨੂੰ ਮਹਿੰਗੀ ਬਿਜਲੀ ਦੀ ਮਾਰ ਦਾ ਬੋਝ ਝੱਲਣ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਹੁਣ ਬਿਜਲੀ ਸਰਪਲਸ ਹੈ। ਇਹ ਹੈ ਪੰਜਾਬ ਦੇ ਪਾਵਰਕਾਮ ਦੇ ਅਧਿਕਾਰੀਆਂ ਦਾ ਕਮਾਲ। ਇਹਨਾਂ ਦੀਆਂ ਨੀਤੀਆਂ ਹਮੇਸ਼ਾ ਹੀ ਲੋਕਾਂ ਲਈ ਮੁਸੀਬਤ ਦਾ ਕਾਰਨ ਬਣਦੀਆਂ ਰਹੀਆਂ ਹਨ। ਇਹ ਗੱਲ੍ਹ ਆਮ ਜਨਤਾ ਦੀ ਸਮਝ ਤੋਂ ਪਰੇ ਹੈ ਕਿ ਉਹ ਬਿਜਲੀ ਬਚਾਵੇ ਤਾਂ ਜੋ ਉਸ ਨੂੰ ਪੂਰੀ ਬਿਜਲੀ ਮਿਲੇ ਜਾਂ ਫਿਰ ਖਪਤ ਵਧਾਵੇ ਤਾਂ ਜੋ ਉਸਨੂੰ ਸਸਤੀ ਬਿਜਲੀ ਮਿਲੇ। ਦੂਜੇ ਪਾਸੇ ਪਾਵਰਕਾਮ ਦੇ ਪਲਾਂਟ ਬੰਦ ਰੱਖਣ ਦਾ ਮਤਲਬ ਹੈ ਉਸ ਵਿੱਚ ਕੰਮ ਕਰਦੇ ਮੁਲਾਜਮਾਂ ਦਾ ਕਈ ਕਈ ਦਿਨ ਵਿਹਲੇ ਬੈਠ ਕੇ ਹੀ ਘਰਾਂ ਨੂੰ ਚਲੇ ਜਾਣਾ ਜੱਦਕਿ ਉਹਨਾਂ ਦੀ ਇੱਕ ਮਹੀਨੇ ਦੀ ਤਨਖਾਹ ਹੀ ਕਈ ਕਰੋੜ ਬਣਦੀ ਹੈ ਜਿਸ ਨਾਲ ਘਾਟੇ ਵਿੱਚ ਹੋਰ ਵਾਧਾ ਹੀ ਹੋ ਰਿਹਾ ਹੈ।

ਪਾਵਰਕਾਮ ਨੂੰ ਹੋ ਰਹੇ ਘਾਟੇ ਅਤੇ ਉਸ ਉਪਰ ਵੱਧ ਰਹੇ ਕਰਜੇ ਤੇ ਭਾਰ ਦਾ ਇੱਕ ਵੱਡਾ ਕਾਰਨ ਪਾਵਰਕਾਮ ਵਿੱਚ ਫੈਲਿਆ ਭ੍ਰਿਸ਼ਟਾਚਾਰ ਵੀ ਹੈ। ਪਾਵਰਕਾਮ ਵਿੱਚ ਫੈਲੇ ਭ੍ਰਿਸ਼ਟਾਚਾਰ ਕਾਰਨ ਹੀ ਬਿਜਲੀ ਚੋਰੀ ਦਾ ਧੰਦਾ ਬੜੇ ਧੱੜਲੇ ਦੇ ਨਾਲ ਚੱਲਦਾ ਹੈ ਅਤੇ ਜੇ ਕੋਈ ਬਿਜਲੀ ਚੋਰੀ ਦੀ ਸ਼ਕਾਇਤ ਕਰ ਵੀ ਦੇਵੇ ਤਾਂ ਕੁੱਝ ਭ੍ਰਿਸ਼ਟ ਅਧਿਕਾਰੀ ਬਿਜਲੀ ਚੋਰਾਂ ਨੂੰ ਬਚਾਉਣ ਲਈ ਸਰਗਰਮ ਹੋ ਜਾਂਦੇ ਹਨ ਅਤੇ ਮਾਮਲੇ ਨੂੰ ਰਫਾ ਦਫਾ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਪੰਜਾਬ ਭਰ ਵਿੱਚ ਕਈ ਅਧਾਰਿਆਂ ਅਤੇ ਖਪਤਕਾਰਾਂ ਵੱਲ ਬਿਜਲੀ ਵਿਭਾਗ ਦਾ ਕਰੋੜਾਂ ਦਾ ਬਕਾਇਆ ਹੈ ਪਰ ਇੱਥੇ ਵੀ ਵਸੂਲੀ ਨਹੀ ਕੀਤੀ ਜਾਂਦੀੇ। ਜੇਕਰ ਇਮਾਨਦਾਰੀ ਨਾਲ ਬਿਜਲੀ ਚੋਰੀ ਰੋਕ ਕੇ ਬਿਜਲੀ ਵਿਭਾਗ ਦੀ ਬਕਾਇਆ ਰਾਸ਼ੀ ਦੀ ਵਸੂਲੀ ਕੀਤੀ ਜਾਵੇ ਤਾਂ ਵਿਭਾਗ ਦੀ ਆਮਦਨੀ ਵਿੱਚ ਕਈ ਸੌ ਕਰੋੜ ਦਾ ਵਾਧਾ ਹੋ ਜਾਵੇਗਾ।

ਪੰਜਾਬ ਸਰਕਾਰ ਨੂੰ ਪਾਵਰਕਾਮ ਨੂੰ ਪੂਰੀ ਤਰ੍ਹਾਂ ਪ੍ਰਾਈਵੇਟ ਕਰ ਦੇਣਾ ਚਾਹੀਦਾ ਹੈ ਤਾਂ ਜੋ ਪਾਵਰਕਾਮ ਵਿੱਚ ਚੱਲ ਰਿਹਾ ਗੋਰਖਧੰਦਾ ਬੰਦ ਹੋ ਸਕੇ ਅਤੇ ਲੋਕਾਂ ਅਤੇ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਨਾ ਲਗ ਸਕੇ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>