ਲੁੱਟ ਪ੍ਰਮਾਤਮਾ ਦੀ

ਨਿਰਮਲ ਸਿੰਘ,

ਅੱਜ ਸਿੱਖਿਆ ਵਿਭਾਗ ਵਿਚ ਨੌਕਰੀ ਮਿਲੀ ਨੂੰ ਤਕਰੀਬਨ ਇੱਕ ਮਹੀਨਾ ਗੁਜਰ ਗਿਆ। ਜੋ ਮਨ ਵਿਚ ਡਰ ਜਾਂ ਭਰਮ ਸੀ ਉਹ ਹੁਣ ਨਿਕਲ ਚੁੱਕਾ ਸੀ ਕਿਉਂਕਿ ਸਕੂਲ ਵਿਚ ਸਮੁੱਚਾ ਸਟਾਫ਼ ਤੇ ਵਾਤਾਵਰਣ ਜੋ ਮੈਨੂੰ ਆਪਣੇ ਅਨੁਕੂਲ ਮਿਲ ਗਿਆ ਸੀ। ਸੱਚ ਮੈਂ ਬਠਿੰਡੇ ਜਿਲ੍ਹੇ ਵਿਚ ਰਹਿੰਦੇ ਹੋਇਆ ਵੀ ਮੈ ਮੇਰੇ ਪਿੰਡ ਤੋਂ 55 ਕਿਲੋਮੀਟਰ ਦੀ ਦੂਰੀ ਤੇ ਅਬਾਦ ਵਸਦੇ ਲਹਿਰਾ ਧੂਰਕੋਟ ਬਾਰੇ ਕਦੀ ਨਹੀਂ ਸੁਣਿਆ ਸੀ। ਇਸ ਲਈ ਨਵੇ ਰਾਹ ਨਾਲ ਦੋਸਤੀ(ਮਿੱਤਰਤਾ) ਪਾਉਣ ਲਈ ਇਕ ਜੋ ਮੇਰੇ ਮਨ ਵਿਚ ਇਕ ਖੁਸ਼ੀ ਭਰਿਆ ਡਰ ਸੀ ਉਹ ਅੱਜ ਤਕਰੀਬਨ ਦੂਰ ਹੋ ਚੁੱਕਾ ਸੀ ਤੇ ਹੁਣ ਇਹ ਰਸਤਾ ਤੇ ਰਸਤੇ ਵਿਚ ਵਿਚਰਦੇ ਸਾਰੇ ਅਣਜਾਣ ਚਿਹਰੇ ਵਿਚ ਵੀ ਹੁਣ ਮੈਨੂੰ ਆਪਣਾਪਣ ਮਹਿਸੂਸ਼ ਹੋਣ ਲੱਗ ਪਿਆ ਸੀ।

ਜਦ ਮੈਂ ਪੜ੍ਹਦਾ ਹੁੰਦਾ ਸੀ ਤਾਂ ਪੜ੍ਹੇ-ਲਿਖੇ ਵਿਹਲੇ ਫਿਰਦੇ ਬੇਰੋਜ਼ਗਾਰ ਨੌਜੁਆਨ ਨੂੰ ਆਪਸ ਵਿਚ ਜਾਂ ਸਰਕਾਰੀ ਨੌਕਰੀ ਕਰਦੇ ਹੋਏ ਵਿਆਕਤੀ ਨਾਲ ਗੱਲਬਾਤ ਕਰਦਿਆ ਅਕਸਰ ਹੀ ਸੁਣਿਆ ਕਰਦਾ ਸੀ ਕਿ “ਵੀਰ ਜੀ ਇਸ ਜਮਾਨੇ(ਸਮੇ) ਵਿਚ ਪ੍ਰਮਾਤਮਾ ਨੂੰ ਪਾਉਣਾ ਤਾਂ ਸੌਖਾ ਹੈ ਪਰ ਸਰਕਾਰੀ ਨੌਕਰੀ ਨਹੀਂ” ਇਸ ਕਥਨ(ਬੋਲਾਂ) ਨੂੰ ਸੁਨਣ ਤੋਂ ਬਾਅਦ ਮੈਂ ਅਕਸਰ ਇਸ ਕਥਨ ਉੱਪਰ ਟਿੱਪਣੀ ਕਰਦਾ ਤੇ ਇਸ ਨੂੰ ਗਲਤ ਠਹਿਰਾਉਂਦਾ ਸੀ।ਸਮਾ ਬੀਤਣ ਤੇ ਮੈਨੂੰ ਵੀ ਇਸ ਕਥਨ ਵਿਚ ਸਚਾਈ ਦੇ ਵਜ਼ਨ ਦਾ ਗਿਆਨ ਹੋ ਗਿਆ ਸੀ। ਸੱਚ ਅਜ ਮੈਨੂੰ ਪੱਚੀ ਦੀਵਾਲੀਆਂ ਲੰਘਣ ਤੋ ਬਾਅਦ ਪ੍ਰਮਾਤਮਾ ਦਾ ਮੇਲ ਹੋ ਗਿਆ ਸੀ, ਹੁਣ ਮੈਂ ਖੁਦ ਨੂੰ ਪ੍ਰਮਾਤਮਾ ਦੀ ਗੋਦ ਵਿਚ ਮਹਿਸੂਸ਼ ਕਰ ਰਿਹਾ ਹਾਂ। ਸਿੱਖਿਆ ਵਿਭਾਗ ਵਿਚ ਨੌਕਰੀ ਜੋ ਮਿਲ ਗਈ ਸੀ।

ਨੌਕਰੀ ਮਿਲਣ ਨਾਲ ਹੁਣ ਮੇਰੀਆਂ ਆਦਤਾਂ ਵਿਚ ਸੁਧਾਰ ਹੋਇਆ ਜਾਂ ਇੰਝ ਵੀ ਕਿਹਾ ਜਾ ਸਕਦਾ ਹੈ ਕਿ ਮੈਂ ਜਿਹੜੇ ਵਾਤਾਵਰਣ ਵਿਚ ਵਿਚਰ ਰਿਹਾ ਸੀ ਉਸਦਾ ਰੰਗ ਮੇਰੇ ਉੱਪਰ ਚੜ੍ਹਨ ਲੱਗਿਆ ਸੀ। ਇਹ ਵੀ ਸੱਚ ਹੈ ਕਿ ਮਨੁੱਖ ਦੀਆਂ ਹਰਕਤਾਂ ਤੋਂ ਪਤਾ ਲੱਗ ਜਾਂਦਾ ਹੈ ਕਿ ਉਹ ਕਿਸ ਤਰ੍ਹਾਂ ਦੇ ਵਾਤਾਵਰਣ ਵਿਚ ਰਹਿੰਦਾ ਹੈ।ਇਸ ਲਈ ਮੈਂ ਖੁਦ ਨੂੰ ਬਦਲਣਾ ਚਾਹਿਆ। ਹੁਣ ਮੈਨੂੰ ਵੀ ਤਕਰੀਬਨ ਹਰ ਰੋਜ਼ ਦੁਨੀਆ ਦੀ ਤੇ ਆਪਣੇ ਆਲੇ-ਦੁਆਲੇ ਦੀ ਜਾਣਕਾਰੀ ਰੱਖਣ ਦੀ ਚੇਟਕ ਜਿਹੀ ਲੱਗ ਗਈ ਸੀ।

ਜਨਵਰੀ ਮਹੀਨਾ ਬੁਢਾਪਾ ਹੰਢਾ ਕੇ ਅੰਤ ਲੰਘ ਗਿਆ ਤੇ ਫਿਰ ਫਰਵਰੀ ਦਾ ਮਹੀਨਾ ਆਪਣੇ ਨਾਲ ਠੰਡੇ ਮੌਸਮ ਵਿਚ ਨਿੱਘੀ ਧੁੱਪ ਦਾ ਤੋਹਫਾ ਸਾਡੇ ਲਈ ਆਪਣੇ ਨਾਲ ਲੈ ਕੇ ਆ ਗਿਆ ਸੀ। ਜਿਸ ਨਾਲ ਹੁਣ ਸਾਰੀ ਕਾਇਨਾਤ ਨੇ ਹੁਣ ਠੰਡ ਤੋ ਨਿਯਾਤ ਪਾਈ ਤੇ ਖੁਦ ਨੂੰ ਰਾਹਤ ਮਿਲੀ ਮਹਿਸੂਸ਼ ਕਰ ਰਹੀ ਸੀ। ਜਿਵੇਂ ਹੀ ਠੰਡ ਗਈ ਤਾਂ ਸਿਆਸਤ ਵਿਚ ਨਗਰ ਕੌਸ਼ਲ ਤੇ ਨਗਰ ਨਿਗਮ ਦੀਆਂ ਚੋਣਾਂ ਦੇ ਐਲਾਨ ਨੇ ਰਫਤਾਰ ਫੜ੍ਹ ਲਈ ਸੀ। ਹੁਣ ਹਰ ਪਾਰਟੀ ਪਰਦੇ ਪਿੱਛੇ ਧਰਮ ਦੇ ਸਹਾਰਾ ਲੇੈ ਰਹੀ ਸੀ। ਸਾਡੇ ਨੇਤਾਵਾਂ ਹੁਣ ਇਸ ਬਿਰਤੀ ਤਕ ਨੀਵੇਂ ਪੱਧਰ ਤੇ ਪਹੁੰਚ ਗਏ ਸੀ ਕਿ ਉਹ ਸਿਆਸਤ ਵਿਚ ਵੀ ਧਰਮ ਦਾ ਸਹਾਰਾ ਲੈਣ ਲੱਗ ਪਏ ਸਨ। ਅਖੀਰ ਹੁਣ ਫਰਬਰੀ ਮਹੀਨਾ ਵੀ ਆਪਣੇ ਬਚਪਨ ਦੇ ਦਿਨ ਹੰਢਾ ਚੁੱਕਾ ਸੀ ਤੇ ਨਾਲ ਹੀ ਜਵਾਨੀ ਵਿਚ ਪੈਰ ਧਰਿਆ ਸੀ।

ਹਰ ਨੇਤਾ ਆਪਣੀ ਪਾਰਟੀ ਵਲੋਂ ਨਾਮਜ਼ਦ ਵਿਆਕਤੀ ਦੇ ਪੱਖ ਵਿਚ ਸ਼ਹਿਰਾਂ ਵਿਚ ਪ੍ਰਚਾਰ ਕਰਨ ਆਏ।ਐਤਵਾਰ ਦਾ ਦਿਨ ਸੀ। ਸ਼ਹਿਰ ਵਿਚ ਭਾਰੀ ਮਾਤਰਾ ਵਿਚ ਪੁਲਿਸ ਪ੍ਰਬੰਧ ਕੀਤੇ ਗਏ ਸਨ ਕਿਉਂਕਿ ਅੱਜ ਮੌਕੇ ਦੀ ਸਰਕਾਰ ਦੇ ਨੇਤਾ ਨੇ ਸ਼ਹਿਰ ਵਿਚ ਚੋਣਾਂ ਦੇ ਪ੍ਰਚਾਰ ਲਈ ਆਉਣਾ ਸੀ। ਮੈਂ ਵੀ ਸਮਾ ਕੱਢ ਕੇ ਸਾਡੇ ਨੇਤਾ ਜੀ ਦਾ ਭਾਸ਼ਣ ਸੁਨਣ ਲਈ ਗਿਆ। ਬਹੁਤ ਵੱਡਾ ਪੰਡਾਲ ਸਜਿਆ ਹੋਇਆ ਸੀ ਜਾ ਕੇ ਮੈਂ ਵੀ ਭੀੜ ਦਾ ਹਿੱਸਾ ਬਣ ਗਿਆ। ਅਖੀਰ ਅੱਧਾ ਕੁ ਘੰਟੇ ਬਾਅਦ ਨੇਤਾ ਜੀ ਵੀ ਆ ਪਹੁੰਚੇ।ਨੇਤਾ ਜੀ ਨੇ ਭਾਸ਼ਣ ਦੇਣ ਦਾ ਆਰੰਭ ਵੀ ਧਾਰਮਿਕ ਦੀ ਆੜ/ਢਾਲ ਨਾਲ ਹਰ ਧਰਮ ਦੀ ਮਰਜ਼ਾਦਾ ਅਨੁਸਾਰ ਹਰ ਪ੍ਰਕਾਰ ਨਾਲ ਵੱਖ-ਵੱਖ ਪ੍ਰਮਾਤਮਾ ਦਾ ਨਾਂ ਲੈਦੇਂ ਹੋਏ ਸਿਆਸਤ ਦੀ ਤਲਵਾਰ ਨਾਲ ਪ੍ਰਮਾਤਮਾ ਦੀ ਏਕਤਾ ਉੱਪਰ ਪਹਿਲਾ ਵਾਰ ਕੀਤਾ। ਆਖਰ ਉਹ ਖੁਦ ਆਪਣੀ ਵਡਿਆਈ ਦੇ ਪੁਲ ਬੰਨ੍ਹਦਾ ਗਿਆ ਤੇ ਅੱਗੇ ਤੋਂ ਹੋਰ ਸੁਪਨੇ ਦਿਖਾਉਂਦਾ ਹੋਇਆ ਆਪਣੀ ਪਾਰਟੀ ਦੇ ਵਰਕਰਾਂ ਲਈ ਵੋਟਾ ਦੀ ਮੰਗ(ਭੀਖ) ਮੰਗ ਰਿਹਾ ਸੀ। ਨੇਤਾ ਜੀ ਦੇ ਬੋਲ ਸਨ ਜੋ ਹੁਣ ਵੀ ਮੇਰੇ ਕੰਨੀ ਵੱਜ ਰਹੇ ਸਨ “ਅਸੀਂ ਪ੍ਰਮਾਤਮਾ ਦੀ ਸੇਵਾ ਕਰਨੀ ਹੈ, ਸਾਨੂੰ ਇਹ ਸੇਵਾ ਦਾ ਮੌਕਾ ਜਰੂਰ ਦਿਉ ਕਿਉਂਕਿ ਹਰ ਮਨੁੱਖ ਵਿਚ ਖੁਦ ਉਹ ਪ੍ਰਮਾਤਮਾ ਹੀ ਵਾਸ ਕਰਦਾ ਹੈ।ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਕਿ ਮੈਂ ਤੁਹਾਡੀ ਸੇਵਾ ਉਸ ਪਰਮਾਤਮਾ ਦੀ ਮੌਜੂਦਗੀ ਨੂੰ ਧਿਆਨ ਵਿਚ ਰੱਖਦੇ ਹੋਏ, ਵਾਸਤਵਿਕਤਾ ਨੂੰ ਮੰਨਦਾ ਹੋਇਆ ਤੇ ਹਰ ਧਰਮ ਕਹਿਣੇ ਮੁਤਾਬਿਕ ਪਰਮਾਤਮਾ ਦੀ ਸੇਵਾ ਦਿਲੋਂ ਕਰਨ ਦਾ ਵਾਅਦਾ ਕਰਦਾ ਹਾਂ।ਇੱਕ ਵਾਰੀ ਫਿਰ ਸਾਨੂੰ ਇਸ ਪਰਮਾਤਮਾ ਰੂਪੀ ਮਨੁੱਖ ਦੀ ਸੇਵਾ ਕਰਨ ਦੀ ਵਾਰੀ ਜਰੂਰ ਦੇਣਾ ਜੀ”। ਆਖਿਰ ਉਹ ਫਿਰ ਆਪਣੇ ਸਿਆਸਤੀ ਮੂੰਹੋ ਪ੍ਰਮਾਤਮਾ ਦੇ ਅਲੱਗ-ਅਲੱਗ ਨਾਮ ਲੈਂਦੇ ਹੋਏ ਦੋ ਘੰਟਿਆਂ ਬਾਅਦ ਭਾਸ਼ਣ ਨੂੰ ਸਮਾਪਤੀ ਦੀ ਗੱਡੀ ਵਿਚ ਤੋਰਦਾ ਹੋਇਆ ਸਟੇਜ ਤੋਂ ਚਲਾ ਗਿਆ ਸੀ।

ਸ਼ਾਮ ਨੂੰ ਫਿਰ ਮੈਂ ਵੀ ਨਾਮਯਦਗੀਆਂ ਵਾਲੇ ਵਰਕਰਾਂ ਦੇ ਘਰਾਂ ਵੱਲ ਚੱਕਰ ਲਾਇਆ ਕਿ ਉਨ੍ਹਾ ਦੇ ਬਣਾਏ ਹੋਏ ਮੰਦਰ(ਦਫ਼ਤਰ) ਰੂਪੀ ਘਰਾਂ ਵਿਚ ਮੈ ਪ੍ਰਮਾਤਮਾ(ਮਨੁੱਖਤਾ) ਦੀ ਹੁੰਦੀ ਸੇਵਾ ਦੇਖ ਕੇ ਦੰਗ ਰਹਿ ਗਿਆ ਸੀ ਕਿਉਂਕਿ ਉਨ੍ਹਾ ਨੂੰ ਸ਼ਰਾਬਾਂ, ਤੇ ਹੋਰ ਕਈ ਪ੍ਰਕਾਰ ਦੇ ਨਸ਼ਿਆਂ ਦਾ ਪ੍ਰਸਾਦ ਚੜਾਇਆ ਜਾ ਰਿਹਾ ਸੀ।ਇਹ ਦੇਖ ਕੇ ਪਤਾ ਨਹੀਂ ਮੈਂ ਕਿਹੜੇ ਪ੍ਰਮਾਤਮਾ ਦੀ ਯਾਦ ਵਿਚ ਖੋ ਗਿਆ, ਉਹ ਜੋ ਪੂਰੀ ਸ੍ਰਿਸ਼ਟੀ ਨੂੰ ਚਲਾ ਰਿਹਾ ਸੀ ਜਾਂ ਉਹ ਜਿਸ ਬਾਰੇ ਸਾਡੇ ਨੇਤਾ ਜੀ ਭਾਸ਼ਣ ਵਿਚ ਜਿਕਰ ਕਰ ਕੇ ਗਏ ਸਨ।ਮੈਂ ਇਕ ਪਾਸੇ ਖੜ੍ਹਾ ਨੇਤਾਵਾਂ ਦੇ ਭਾਸ਼ਣ ਦੇ ਬੋਲਾਂ ਮੁਤਾਬਿਕ ਮਨੁੱਖਤਾ ਵਿਚ ਵਸਦੇ ਪ੍ਰਮਾਤਮਾ ਨੂੰ ਵੇਖ ਰਿਹਾ ਸੀ ਜਿੰਨ੍ਹਾ ਨੂੰ ਨਸਿਆਂ ਦੀ ਭਰਪੂਰ ਵੰਡ ਉਹੀ ਨੇਤਾ(ਵਿਆਕਤੀ) ਕਰ ਰਿਹਾ ਸੀ ਜੋ ਸਟੇਜ ਉੱਪਰ ਮਨੁੱਖਤਾ ਵਿਚ ਪ੍ਰਮਾਤਮਾ ਦੀ ਹੋਂਦ ਨੂੰ ਮੰਨ ਰਿਹਾ ਸੀ। ਮੈਂਨੂੰ ਪਤਾ ਹੀ ਨਾ ਲੱਗਿਆ ਕਿ ਮੈਂ ਕਿੰਨਾ ਸਮਾ ਇਸ ਪ੍ਰਮਾਤਮਾ ਬਾਰੇ ਸੋਚਦਾ ਰਿਹਾ। ਜਦ ਮੈਂ ਇਹਨਾ ਸੋਚਾਂ ਦੀ ਟਰੇਨ ਵਿਚੋ ਬਾਹਰ ਆਇਆ ਤਾਂ ਮੈਨੂੰ ਇਕ ਦਮ ਘਰ ਦੀ ਯਾਦ ਆਈਮ ਮੈਂ ਜਲਦੀ ਹੀ ਘੜੀ ਵਲ ਵੇਖਿਆ ਤਾਂ ਪਤਾ ਲੱਗਿਆ ਕਿ ਮੈਨੂੰ ਪ੍ਰਮਾਤਮਾ ਰੂਪੀ ਮਨੁੱਖਤਾ ਦੇ ਦਰਸ਼ਨ ਪਾਉਂਦੇ ਨੂੰ ਰਾਤ ਦੇ  11:00 ਵੱਜ ਗਏ ਸਨ।

ਸਿਆਸਤ ਦੇ ਇਸ ਜੰਗੀ ਮੈਦਾਨ ਵਿਚ ਹਰ ਵਾਰ ਹਰ ਨੇਤਾ ਜਿੱਤਣ  ਤੋਂ ਬਾਅਦ ਇਸ ਪਰਮਾਤਮਾ ਰੂਪੀ ਮਨੁੱਖਤਾ ਨੂੰ ਮਨੋ ਵਿਸਾਰ ਦਿੰਦੇ ਹਨ ।ਇਹ ਕੁਦਰਤੀ ਹੈ ਕਿ ਸਾਡੀ ਜਨਤਾ ਤਾਂ ਕੁਝ ਘੰਟਿਆ ਬਾਅਦ ਹੀ ਇਨ੍ਹਾ ਨੇਤਾਵਾਂ ਦੇ ਵਾਅਦੇ ਭੁਲਾ ਦਿੰਦੇ ਹਨ ਫਿਰ ਇਨ੍ਹਾ ਨੇਤਾਵਾਂ ਨੂੰ ਸਾਡੇ ਨਾਲ ਕੀਤੇ ਪੰਜ ਸਾਲ ਪਹਿਲਾ ਵਾਅਦਿਆਂ ਦੇ ਅਧੂਰੇ ਰਹਿ ਜਾਣ ਦਾ ਕੀ ਖਤਰਾ ਹੈ।ਇਸ ਪ੍ਰਕਾਰ ਸਾਡੇ ਨੇਤਾ ਜੀ ਸਰਾਬ, ਅਫੀਮ,ਭੁੱਕੀ ਤੇ ਪੈਸਿਆਂ ਦੇ ਲਾਲਚ ਦੇ ਬਦਲੇ ਭਗਵਾਨ(ਮਨੁੱਖਤਾ) ਨੂੰ ਭੇਡਾਂ ਦੀ ਤਰ੍ਹਾ ਆਪਣੇ ਫਾਇਦੇ ਲਈ ਮੁੰਨ ਲੈਂਦੇ ਹਨ। ਹੁਣ ਮੈਂਨੂੰ ਘਰ ਵਲ ਜਾਂਦੇ ਨੂੰ ਉਸ ਨੇਤਾ ਜੀ ਦੁਆਰਾ ਪ੍ਰਮਾਤਮਾ ਰੂਪੀ ਮਨੁੱਖਤਾ ਦੀ ਸੇਵਾ ਕਰਨ ਦੇ ਵਾਅਦੇ ਯਾਦ ਆ ਰਹੇ ਸਨ ਜੋ ਕੁਝ ਘੰਟਿਆਂ ਬਾਅਦ ਹੀ ਬਦਲ ਗਏ ਸਨ।

ਮੇਰੀ ਬੇਨਤੀ ਹੈ ਸਮੁੱਚੀ ਲੋਕਾਈ ਨੂੰ ਕਿ ਅੱਜ ਅਸੀਂ ਇੱਕੀਵੀਂ ਸਦੀ ਵਿਚ ਵੀ ਸੌਂ ਰਹੇ ਹਾਂ, ਬਸ ਜਾਗਣ ਦੀ ਲੋੜ ਹੈ। ਜੇਕਰ ਅਸੀਂ ਚਾਹੀਏ ਤਾਂ ਇਹ ਰੀਤ/ਵਿਰਤੀ ਬਦਲ ਸਕਦੀ ਹੈ ਤੇ ਨਵੇਂ ਸਿਰਿਓਂ ਸਮਾਜ ਦੀ ਸਿਰਜਣਾ ਹੋ ਸਕਦੀ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>