ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਾਹਿਤਕਾਰ ਸਦਨ ਵੱਲੋਂ ਗੁਰਦੀਸ਼ ਕੌਰ ਕੈਨੇਡਾ ਨਾਲ ਸਾਹਿਤਕ ਮਿਲਣੀ

ਲੁਧਿਆਣਾ – ਵਿਦੇਸ਼ਾਂ ਵਿਚ ਵੱਸਦੇ ਪੰਜਾਬੀ ਅਤੇ ਸਿੱਖ ਆਪਣੇ ਅੰਦਰ ਇਕ ਭਾਵਨਾ ਨੂੰ ਸਦਾ ਪਾਲਦੇ ਰਹਿੰਦੇ ਹਨ ਕਿ ਵਿਰਸੇ ਦੀ ਸੰਭਾਲ ਅਤੇ ਭਾਸ਼ਾ-ਸਾਹਿਤ ਦੀ ਪ੍ਰਫੁੱਲਤਾ ਵਿਚ ਬਣਦਾ ਯੋਗਦਾਨ ਪਾਇਆ ਜਾਵੇ। ਸਰਦਾਰਨੀ ਗੁਰਦੀਸ਼ ਕੌਰ ਗਰੇਵਾਲ (ਕਨੇਡਾ) ਦੀ ਨਵੀਂ ਪੁਸਤਕ ‘ਜਿਨੀ ਨਾਮੁ ਧਿਆਇਆ’ ਉੱਤੇ ਵਿਚਾਰ ਕਰਨ ਦੇ ਲਈ ਅਤੇ ਵਿਦੇਸ਼ਾਂ ਵਿਚਲੀ ਸਾਹਿਤਕ ਸਥਿਤੀ ਤੇ ਚਰਚਾ ਦੇ ਲਈ ਸਾਹਿਤਕਾਰ ਸਦਨ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਅੱਜ ਇੱਥੇ ਮਾਡਲ ਟਾਊਨ ਐਕਸਟੈਨਸ਼ਨ ਵਿਖੇ ‘ਸਾਹਿਤਕ ਮਿਲਣੀ’ ਕਰਵਾਈ ਗਈ। ਇਸ ਮੌਕੇ ਸਰਦਾਰਨੀ ਗੁਰਦੀਸ਼ ਕੌਰ ਨੇ ਦੱਸਿਆ ਕਿ ਵਾਹਿਗੁਰੂ ਦੀ ਕਿਰਪਾ, ਪਰਿਵਾਰਕ ਪ੍ਰੇਰਣਾ ਅਤੇ ਸਾਹਿਤਕ ਸੰਗਤ ਕਾਰਨ, 1973 ਤੋਂ ਉਹਨਾਂ ਮਾਂ ਬੋਲੀ ਵਿੱਚ ਸਾਹਿਤ ਦਾ ਸਫਰ ਸ਼ੁਰੂ ਕੀਤਾ। ਪਰ ਸੰਨ 2006 ਤੋਂ, ਵਿਸ਼ਵ ਪੰਜਾਬੀ ਕਵੀ ਸਭਾ ਦੇ ਪ੍ਰਧਾਨ, ਜੋਗਿੰਦਰ ਸਿੰਘ ਕੰਗ ਦੀ ਪ੍ਰੇਰਣਾ ਸਦਕਾ ਸਾਹਿਤਕ ਦੇ ਨਾਲ ਨਾਲ, ਧਾਰਮਿਕ ਕਵਿਤਾ ਵੀ ਲਿਖਣੀ ਸ਼ੁਰੂ ਕੀਤੀ। ਹੁਣ 8 ਸਾਲ ਦੀ ਘਾਲਣਾ ਉਪਰੰਤ ਇਹ ਧਾਰਮਿਕ ਕਾਵਿ ਸੰਗ੍ਰਹਿ ‘ਜਿਨੀ ਨਾਮੁ ਧਿਆਇਆ’ ਪਾਠਕਾਂ ਦੀ ਝੋਲੀ ਪਾਇਆ ਹੈ, ਜਦ ਕਿ ਇਸ ਤੋਂ ਪਹਿਲਾਂ ਇਕ ਕਾਵਿ ਸੰਗ੍ਰਹਿ ਅਤੇ ਨਿਬੰਧ ਸੰਗ੍ਰਹਿ ਵੀ ਛਪ ਚੁੱਕੇ ਹਨ। ਇਸ ਵਿਚ ਦਸ ਗੁਰੂ ਸਾਹਿਬਾਨ, ਸ੍ਰੀ ਗੁਰੂ ਗੰ੍ਰਥ ਸਾਹਿਬ, ਸਿੱਖ ਸ਼ਹੀਦਾਂ ਅਤੇ ਪੰਥਕ ਜਜ਼ਬੇ ਨਾਲ ਸੰਬੰਧਤ ਕਵਿਤਾਵਾਂ ਤੇ ਗੀਤ ਹਨ। ਉਨ੍ਹਾਂ ਕੁਝ ਵੰਨਗੀਆਂ ਸਰੋਤਿਆਂ ਨਾਲ ਸਾਂਝੀਆਂ ਕਰਨ ਤੋਂ ਇਲਾਵਾ, ਕੈਨੇਡਾ ਵਿਚਲੀਆਂ ਸਾਹਿਤਕ ਸਰਗਰਮੀਆਂ ਦਾ ਜ਼ਿਕਰ ਵੀ ਕੀਤਾ।

ਇਸ ਮੌਕੇ ਪ੍ਰਧਾਨਗੀ ਮੰਡਲ ਵਿਚ ਸਰਦਾਰ ਪੰਛੀ, ਡਾ: ਸਰਬਜੋਤ ਕੌਰ, ਸ੍ਰ: ਕਰਮਜੀਤ ਸਿੰਘ ਔਜਲਾ,  ਸ੍ਰ: ਅਨੁਰਾਗ ਸਿੰਘ ਤੇ ਮਿੱਤਰ ਸੈਨ ਮੀਤ ਸ਼ਾਮਲ ਸਨ। ਮੁੱਖ ਪਰਚਾ ਡਾ: ਸਰਬਜੋਤ ਕੌਰ ਹੁਰਾਂ ਪੜ੍ਹਿਆ। ਉਨ੍ਹਾਂ ਦੱਸਿਆ ਕਿ ਜੀਵਨ ਸੰਘਰਸ਼ ਵਿਚ ਗੁਰਦੀਸ਼ ਕੌਰ ਨੇ ਗੁਰੂ ਆਸਰੇ ਸਹਿਣਸ਼ੀਲਤਾ ਦੇ ਦ੍ਰਿੜ੍ਹਤਾ ਦਾ ਸਬੂਤ ਦਿੱਤਾ ਹੈ। ਇਨ੍ਹਾਂ ਦੀ ਕਵਿਤਾ ਵਿਚ ਪ੍ਰਚੰਡ ਭਾਵਾਂ ਦਾ ਸਹਿਜ ਪ੍ਰਗਟਾਓ ਹੈ। ਕਵਿਤਾ ਦੇ ਤਿੰਨ ਮੁੱਖ ਲੱਛਣ- ਪੈਗਾਮ, ਕਲਪਨਾ ਦੀ ਉਡਾਰੀ ਅਤੇ ਭਾਵਨਾ ਗੁਰਦੀਸ਼ ਕੌਰ ਦੇ ਕਾਵਿ ਸੰਗ੍ਰਹਿ ਵਿਚ ਭਰਪੂਰ ਮਾਤਰਾ ਵਿੱਚ ਮੌਜੂਦ ਹਨ। ਉਨ੍ਹਾਂ ਕੁਝ ਵੰਨਗੀਆਂ ਪੇਸ਼ ਕਰਕੇ ਆਪਣੀ ਗੱਲ ਨੂੰ ਸਾਬਤ ਕੀਤਾ।
ਜੋਗਿੰਦਰ ਸਿੰਘ ਕੰਗ ਨੇ ਪੁਸਤਕ ਬਾਰੇ ਵਿਚਾਰ ਦੱਸਦਿਆਂ ਕਿਹਾ ਕਿ ‘ਜਿਨੀ ਨਾਮੁ ਧਿਆਇਆ’ ਲੇਖਿਕਾ ਦੀ ਤੀਸਰੀ ਪੁਸਤਕ ਹੈ। ਇਸ ਵਿਚ ਸਟੇਜੀ ਕਵਿਤਾਵਾਂ ਹਨ, ਜੋ ਛੰਦ ਬੱਧ ਹਨ ਤੇ ਜਿਹਨਾਂ ਵਿੱਚ ਪਿੰਗਲ ਤੇ ਅਰੂਜ਼ ਦਾ ਧਿਆਨ ਰੱਖਿਆ ਗਿਆ ਹੈ। ਸਿਰਖੰਡੀ, ਕਬਿੱਤ, ਤੇ ਬੈਂਤ ਛੰਦ ਕਵਿੱਤਰੀ ਨੇ ਕਵਿਤਾ ਵਿੱਚ ਬਾਖ਼ੂਬੀ ਨਿਭਾਏ ਗਏ ਹਨ, ਜੋ ਬਹੁਤ ਮਿਹਨਤ ਮੰਗਦੇ ਹਨ। ਕਵਿਤਰੀ ਦਾ ਸਿੱਖ ਇਤਿਹਾਸ ਦਾ ਅਧਿਐਨ ਡੂੰਘਾ ਹੈ, ਜਿਸ ਤੋਂ ਕਵੀਆਂ ਨੂੰ ਸੇਧ ਲੈਣੀ ਬਣਦੀ ਹੈ ਕਿਉਂਕਿ ਧਾਰਮਿਕ ਕਵਿਤਾ ਐਂਵੇਂ ਨਹੀਂ ਲਿਖੀ ਜਾਂਦੀ। ਗੀਤਾਂ ਵਿਚ ਲੈਅ, ਸੁਰ, ਤਾਲ ਦਾ ਧਿਆਨ ਰੱਖਿਆ ਗਿਆ ਹੈ। ਰੂਪਕ ਪੱਖ ਤੋਂ, ਕਵਿਤਾਵਾਂ ਅਲੰਕਾਰਾਂ ਨਾਲ ਸ਼ਿੰਗਾਰੀਆਂ ਹੋਇਆਂ ਹਨ। ਗੁਰਦੀਪ ਸਿੰਘ ਮੱਕੜ ਨੇ ਕਵਿਤਾ ਪੇਸ਼ ਕਰਕੇ ਵਧਾਈ ਦਿੱਤੀ। ਮਾਸਟਰ ਤਰਲੋਚਨ ਸਿੰਘ ਨੇ ਲੇਖਿਕਾ ਦੇ ਸੰਘਰਸ਼ਮਈ ਜੀਵਨ ਉੱਤੇ ਚਾਨਣਾ ਪਾਇਆ ਅਤੇ ਰਚਨਾ ਸਫਰ ਦਾ ਵਰਨਣ ਕੀਤਾ।

ਸਿਰਜਣਧਾਰਾ ਦੇ ਪ੍ਰਧਾਨ ਕਰਮਜੀਤ ਸਿੰਘ ਔਜਲਾ ਹੁਰਾਂ ਗੁਰਦੀਸ਼ ਕੌਰ ਦੀ ਮਿਹਨਤੀ ਬਿਰਤੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਿਰਜਣਧਾਰਾ ਦੀਆਂ ਇਕੱਤਰਤਾਵਾਂ ਵਿਚ ਆ ਕੇ ਇਨ੍ਹਾਂ ਨੇ ਸਾਹਿਤਕ ਵਿਕਾਸ ਕੀਤਾ ਹੈ। ਸਾਹਿਤ ਦੇ ਅਖੌਤੀ ਠੇਕੇਦਾਰ ਸਾਹਿਤਕਾਰਾਂ ਨੇ ਸਟੇਜੀ ਕਵਿਤਾ ਨੂੰ ਛੁਟਿਆਇਆ ਹੈ ਪਰ ਗੁਰਦੀਸ਼ ਕੌਰ ਦੀ ਕਵਿਤਾ ਵਿਚ ਸਾਹਿਤਕ ਤੇ ਪੇਸ਼ਕਾਰੀ ਦੇ ਸਭ ਗੁਣ ਮੌਜੂਦ ਹਨ। ਗੁਰਦੀਸ਼ ਕੌਰ ਹੁਰਾਂ ਦੇ ਉੱਦਮ ਨਾਲ ਹੀ ਦੋ ਸੌ ਤੋਂ ਵੱਧ ‘ਸੇਵਾ ਲਹਿਰ’ ਰਸਾਲੇ ਦੇਸ਼-ਵਿਦੇਸ਼ ਵਿਚ ਭੇਜੇ ਜਾ ਰਹੇ ਹਨ। ਮਿੱਤਰ ਸੈਨ ਮੀਤ ਨੇ ਪੇਸ਼ ਕੀਤੇ ਗਏ ਪਰਚਿਆਂ ਦੀ ਸ਼ਲਾਘਾ ਕੀਤੀ। ਪੁਸਤਕ ਦਾ ਅਨੁਵਾਦ ਕਰਨ ਬਾਰੇ ਵੀ ਗੋਸ਼ਟੀ ਵਿਚ ਚਰਚਾ ਹੋਈ।

ਪ੍ਰਧਾਨਗੀ ਮੰਡਲ ਦੇ ਮੁੱਖ ਵਕਤਾ, ਪੰਜਾਬੀ ਹਿੰਦੀ ਤੇ ਉਰਦੂ ਦੇ ਸ਼ਾਇਰ ਸਰਦਾਰ ਪੰਛੀ ਹੁਰਾਂ ਆਪਣੀ ਕਵਿਤਾ ਰਚਨਾ ਬਾਰੇ ਗੱਲ ਕਰਦਿਆਂ ਦੱਸਿਆ ਕਿ 1945 ‘ਚ ਪੰਜਵੀਂ ‘ਚ ਪੜ੍ਹਦਿਆਂ ਉਹਨਾਂ ਪਹਿਲਾ ਗੀਤ ਲਿਖਿਆ। 1962 ਦੇ ਚੀਨੀ ਹਮਲੇ ਬਾਅਦ, ਹਰਭਜਨ ਸਿੰਘ ਧਰਨਾ ਦੇ ਸਹਿਯੋਗ ਨਾਲ ਪਹਿਲਾ ਕਾਵਿ- ਸੰਗ੍ਰਹਿ ਛਪਿਆ। ਹੁਣ ਤੱਕ ਉਹਨਾਂ ਦੀਆਂ 25 ਪੁਸਤਕਾਂ ਛਪ ਚੁਕੀਆਂ ਹਨ ਤੇ ਕਈਆਂ ਦੇ ਖਰੜੇ ਤਿਆਰ ਹਨ। ਪੰਛੀ ਹੁਰਾਂ ਆਪਣੀਆਂ ਕੁਝ ਗਜ਼ਲਾਂ ਸਾਂਝੀਆਂ ਕਰਨ ਤੋਂ ਇਲਾਵਾ, ਲੇਖਿਕਾ ਬਾਰੇ ਲਿਖਿਆ ਖ਼ੂਬਸੂਰਤ ਕਸੀਦਾ ਪੇਸ਼ ਕੀਤਾ।

ਇਸ ਸਮੇਂ ਸਟੱਡੀ ਸਰਕਲ ਟਰੱਸਟ ਦੇ ਚੇਅਰਮੈਨ ਸ੍ਰ: ਪ੍ਰਤਾਪ ਸਿੰਘ, ਜਨਰਲ ਸਕੱਤਰ ਸ੍ਰ: ਜਤਿੰਦਰਪਾਲ ਸਿੰਘ, ਡਾ: ਸਰਬਜੋਤ ਕੌਰ ਤੇ ਡਾ: ਪਰਮਜੀਤ ਸਿੰਘ ਹੁਰਾਂ ਲੇਖਿਕਾ ਦਾ ਸਨਮਾਨ ਕੀਤਾ। ਮੰਚ ਸੰਚਾਲਨ  ਪ੍ਰੋ: ਬਲਵਿੰਦਰਪਾਲ ਸਿੰਘ ਨੇ ਕੀਤਾ। ਗੋਸ਼ਟੀ ਸਮੇਂ ਹਾਜ਼ਰ ਕਵੀਆਂ ਤੇ ਵਿਦਵਾਨਾਂ ਵਿਚ ਗੁਰਦੀਪ ਸਿੰਘ ਮੰਡਾਹਰ, ਇੰਜੀ. ਡੀ.ਐਮ.ਸਿੰਘ, ਸ੍ਰ: ਗੋਬਿੰਦ ਸਿੰਘ, ਡਾ: ਪਰਮਜੀਤ ਸਿੰਘ, ਕਰਨਲ ਰਘਬੀਰ ਸਿੰਘ ਕੰਗ, ਸ੍ਰ: ਜਤਿੰਦਰਪਾਲ ਸਿੰਘ, ਹਰਜੀਤ ਕੌਰ, ਕਿਰਪਾਲ ਸਿੰਘ ਕਾਲੜਾ, ਕੁਲਵਿੰਦਰ ਕੌਰ ਕਿਰਨ, ਪ੍ਰਿੰ: ਧਨਵੰਤ ਸਿੰਘ, ਸ੍ਰ: ਅਨੁਰਾਗ ਸਿੰਘ ਤੇ ਹੋਰ ਪਤਵੰਤੇ ਸ਼ਾਮਲ ਸਨ। ਗੁਰਦੀਸ਼ ਕੌਰ ਗਰੇਵਾਲ ਨਾਲ ਟੋਰੰਟੋ ਵਿਖੇ 647-709-1657 ਤੇ ਸੰਪਰਕ ਕੀਤਾ ਜਾ ਸਕਦਾ ਹੈ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>