ਸਿਰਜਣਹਾਰੀਆਂ ਪੁਸਤਕ ਸਿਰਜਣਾ ਦੇ ਸੰਤਾਪ ਦਾ ਪ੍ਰਤੀਕ

ਸਿਰਜਣਹਾਰੀਆਂ ਕਾਵਿ ਸੰਗ੍ਰਹਿ ਰਾਹੀਂ ਕਰਮਜੀਤ ਕੌਰ ਕਿਸਾਂਵਲ ਨੇ ਦੇਸਾਂ ਅਤੇ ਵਿਦੇਸਾਂ ਦੇ ਸਮਾਜਕ ਤਾਣੇ ਬਾਣੇ ਵਿਚ ਵਿਚਰ ਰਹੀਆਂ ਪੰਜਾਬੀ ਕਵਿਤਰੀਆਂ ਦੀਆਂ ਮਾਨਸਿਕ ਪੀੜਾਂ ਦਾ ਪਰਾਗਾ, ਜਿਹੜਾ ਉਨ੍ਹਾਂ ਆਪਣੀਆਂ ਕਵਿਤਾਵਾਂ ਰਾਹੀਂ ਪ੍ਰਗਟਾਉਣ ਦੀ ਕੋਸ਼ਿਸ਼ ਕੀਤੀ ਹੈ, ਨੂੰ ਸੰਪਾਦਤ ਕਰਕੇ ਇਸਤਰੀ ਜਾਤੀ ਦੇ ਸੰਤਾਪ ਨੂੰ ਸਮਾਜ ਦੇ ਸਨਮੁਖ ਲਿਆਕੇ ਪੰਜਾਬੀਆਂ ਨੂੰ ਸੁਚੇਤ ਕਰਨ ਦਾ ਸਫਲ ਯਤਨ ਕੀਤਾ ਹੈ। ਇਸਤਰੀ ਸਮਾਜ ਦੀ ਸਿਰਜਣਹਾਰੀ ਹੈ। ਉਸਦੀ ਹੋਂਦ ਤੋਂ ਬਿਨਾ ਸੰਸਾਰ ਦੀ ਉਤਪਤੀ ਅਸੰਭਵ ਹੀ ਨਹੀਂ ਸਗੋਂ ਸੋਚਿਆ ਵੀ ਨਹੀਂ ਜਾ ਸਕਦਾ। ਇਨ੍ਹਾਂ ਸਿਰਜਣਹਾਰੀਆਂ ਨੇ ਆਪਣੀਆਂ ਕਵਿਤਾਵਾਂ ਰਾਹੀਂ ਮਰਦ ਵੱਲੋਂ ਔਰਤਾਂ ਨਾਲ ਕੀਤੇ ਜਾਂਦੇ ਅਨਿਆਏ ਦੇ ਕੱਚੇ ਚਿੱਠੇ ਖ੍ਹੋਲਕੇ ਆਦਮੀ ਨੂੰ ਸ਼ਰਮਸ਼ਾਰ ਕੀਤਾ ਹੈ। ਭਾਵੇਂ ਆਦਮੀ ਤੇ ਔਰਤ ਇੱਕ ਦੂਜੇ ਦੇ ਪੂਰਕ ਹਨ ਪ੍ਰੰਤੂ ਔਰਤ ਮਹਿਸੂਸ ਕਰਦੀ ਹੈ ਕਿ ਮਰਦ ਪ੍ਰਧਾਨ ਸਮਾਜ ਔਰਤ ਨੂੰ ਬਣਦਾ ਮਾਣ ਤੇ ਸਤਿਕਾਰ ਦੇਣ ਤੋਂ ਹਿਚਕਚਾਉਂਦਾ ਹੈ। ਅਜੇ ਵੀ ਆਦਮੀ ਆਪਣੇ ਆਪ ਨੂੰ ਔਰਤ ਤੋਂ ਸਰਵਉਚ ਸਮਝਦਾ ਹੈ। ਇਹ ਪ੍ਰਗਟਾਵਾ ਇਸਤਰੀ ਕਵਿਤਰੀਆਂ ਨੇ ਆਪਣੀਆਂ ਕਵਿਤਾਵਾਂ ਵਿਚ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਸ ਦੇ ਨਾਲ ਹੀ ਇਸਤਰੀ ਮਰਦ ਨਾਲ ਕੋਈ ਟਕਰਾਓ ਵਿਚ ਵੀ ਪੈਣ ਤੋਂ ਪ੍ਰਹੇਜ਼ ਕਰਦੀ ਦਿਖਾਈ ਦਿੰਦੀ ਹੈ। ਆਦਮੀ ਦਾ ਔਰਤ ਪ੍ਰਤੀ ਵਿਵਹਾਰ ਅਜੇ ਵੀ ਬਦਲਿਆ ਨਹੀਂ ਸਗੋਂ ਜਿਉਂ ਦਾ ਤਿਉਂ ਹੈ, ਜਦੋਂ ਕਿ ਇਸਤਰੀਆਂ ਨੂੰ ਸਾਡੇ ਧਾਰਮਿਕ ਗ੍ਰੰਥਾਂ ਵਿਚ ਬਰਾਬਰ ਦਾ ਸਥਾਨ ਦਿੱਤਾ ਗਿਆ ਹੈ। ਇਥੋਂ ਤੱਕ ਕਿ ਭਾਰਤ ਵਿਚ ਤਾਂ ਸਭ ਤੋਂ ਪਹਿਲਾਂ ਸਿੱਖ ਧਰਮ ਦੇ ਬਾਨੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਸਤਰੀਆਂ ਤੇ ਹੋ ਰਹੇ ਜ਼ੁਲਮ ਦੇ ਖ਼ਿਲਾਫ ਆਵਾਜ਼ ਬੁ¦ਦ ਕੀਤੀ ਸੀ। ਸਗੋਂ ਉਨ੍ਹਾਂ ਆਮ ਲੋਕਾਂ ਨੂੰ ਇਸਤਰੀ ਦੀ ਸਿਰਜਣਹਾਰੀ ਹੋਣ ਦਾ ਅਹਿਸਾਸ ਕਰਾਉਣ ਦੀ ਕੋਸ਼ਿਸ਼ ਕੀਤੀ ਸੀ, ਕਿ ਇਸਤਰੀ ਨੂੰ ਨਿੰਦਣਾ ਨਹੀਂ ਚਾਹੀਦਾ। ਪੁਰਾਤਨ ਕਾਲ ਤੋਂ ਹੀ ਇਸਤਰੀ ਨੂੰ ਪੈਰ ਦੀ ਜੁਤੀ ਸਮਝਿਆ ਜਾਂਦਾ ਸੀ, ਉਸ ਨੂੰ ਆਦਮੀ ਹਮੇਸ਼ਾ ਤ੍ਰਿਸਕਾਰਦਾ ਹੀ ਰਿਹਾ ਹੈ। ਇਸ ਬਾਰੇ ਕਰਮਜੀਤ ਕੌਰ ਕਿਸਾਂਵਲ ਨੇ ਪੁਸਤਕ ਦੇ ਸ਼ੁਰੂ ਵਿਚ ਹੀ ਇੱਕ ਖ਼ੋਜ ਭਰਪੂਰ ਲੇਖ ਤੱਥਾਂ ਤੇ ਅਧਾਰਤ ਵੇਰਵੇ ਸਹਿਤ ਲਿਖਿਆ ਹੈ, ਜਿਸ ਵਿਚ ਪੁਰਾਤਨ ਕਾਲ ਤੋਂ ਇਸਤਰੀ ਦੀ ਕੀਤੀ ਜਾਂਦੀ ਨਿੰਦਿਆ ਦਾ ਵਿਵਰਣ ਦਿੱਤਾ ਗਿਆ ਹੈ। ਇਸ ਜ਼ੁਲਮ ਦੇ ਵਿਰੁਧ ਆਪਣੀ ਆਵਾਜ਼ ਇਸਤਰੀਆਂ ਆਪਣੀਆਂ ਕਵਿਤਾਵਾਂ ਦੇ ਰੂਪ ਵਿਚ ਉਠਾਉਂਦੀਆਂ ਰਹੀਆਂ ਹਨ। ਕਰਮਜੀਤ ਕੌਰ ਕਿਸਾਂਵਲ ਨੇ ਸਭ ਤੋਂ ਪਹਿਲੀ ਪੰਜਾਬੀ ਦੀ ਕਵਿਤਰੀ ਪੀਰੋ ਪ੍ਰੇਮਣ ਦੀ ਕਵਿਤਾ ਤੋਂ ਸ਼ੁਰੂ ਕਰਕੇ ਅੱਜ ਦੇ ਜ਼ਮਾਨੇ ਦੀਆਂ 115 ਆਧੁਨਿਕ ਕਵਿਤਰੀਆਂ ਦੀਆਂ ਕਵਿਤਾਵਾਂ ਨੂੰ ਇਸ ਪੁਸਤਕ ਵਿਚ ਸਥਾਨ ਦਿੱਤਾ ਹੈ, ਜਿਸ ਵਿਚੋਂ 14 ਕਵਿਤਰੀਆਂ ਲਹਿੰਦੇ ਪੰਜਾਬ ਪਾਕਿਸਤਾਨ ਦੀਆਂ ਹਨ। ਪੀਰੋ ਪ੍ਰੇਮਣ ਆਪਣੀ ਕਵਿਤਾ ਵਿਚ ਇਸਤਰੀਆਂ ਨੂੰ ਆਪਣੇ ਹੱਕਾਂ ਲਈ ਜਾਗਰੂਕ ਹੋਣ ਦੀ ਪ੍ਰੇਰਨਾ ਦਿੰਦੀ ਲਿਖਦੀ ਹੈ:

‘ਪੀਰੋ ਬੰਦੀਏ ਜਾਗ ਲੈ ਹੁਣ ਜਾਗਣ ਵੇਲਾ, ਏਸੇ ਜਨਮ ਮਿਲਾਪੜਾ ਫਿਰ ਹੋਇ ਨਾ ਮੇਲਾ।’

ਇਸਤਰੀ, ਪਿਆਰ, ਨਿੱਘ, ਸਾਂਝ, ਸਹਿਹੋਂਦ, ਮਿਠਾਸ, ਨਿਮਰਤਾ, ਹਲੀਮੀ, ਦਇਆ, ਦਰਦ, ਅਹਿਸਾਸ, ਸ਼ਰਮ, ਹਯਾ, ਕੁਰਬਾਨੀ ਅਤੇ ਤਿਆਗ਼ ਦੀ ਪ੍ਰਤੀਕ ਹੈ। ਔਰਤ ਸੱਚੇ ਸੁੱਚੇ ਰਿਸ਼ਤਿਆਂ ਦੀ ਦਾਸਤਾਂ ਹੈ। ਸਮਾਜ ਵਿਚ ਸਾਰੇ ਰਿਸ਼ਤੇ ਔਰਤ ਨਾਲ ਹੀ ਬਣਦੇ ਹਨ, ਇਹ ਰਿਸ਼ਤੇ ਔਰਤ ਤੋਂ ਬਿਨਾ ਫਿਕੇ ਹੁੰਦੇ ਹਨ। ਔਰਤ ਹੀ ਮਾਂ, ਧੀ, ਭੈਣ, ਦੋਸਤ ਅਤੇ ਪ੍ਰੇਮਣ, ਬਣਦੀ ਹੈ, ਉਹ ਹੀ ਇਨ੍ਹਾਂ ਰਿਸ਼ਤਿਆਂ ਦਾ ਸੇਕ ਹੰਢਾਉਂਦੀ ਹੈ। ਸਮਾਜ ਵਿਚ ਵਾਪਰ ਰਹੀ ਹਰ ਘਟਨਾ ਦਾ ਪ੍ਰਭਾਵ ਔਰਤ ਤੇ ਹੀ ਪੈਂਦਾ ਹੈ ਅਤੇ ਔਰਤ ਉਸ ਦਾ ਸੰਤਾਪ ਭੋਗਦੀ ਹੈ। ਮਰਦ ਫਿਰ ਵੀ ਔਰਤ ਦੇ ਦੁੱਖ ਦਰਦ ਨੂੰ ਮਹਿਸੂਸ ਨਹੀਂ ਕਰਦਾ ਸਗੋਂ ਉਹ ਕਿਸੇ ਨਾ ਕਿਸੇ ਰੂਪ ਵਿਚ ਉਨ੍ਹਾਂ ਦਰਦਾਂ ਵਿਚ ਵਾਧਾ ਕਰਨ ਦਾ ਕਾਰਨ ਬਣਦਾ ਹੈ। ਪੰਜਾਬੀ ਦੀਆਂ ਕਵਿਤਰੀਆਂ ਭਾਵੇਂ ਉਹ ਦੇਸ ਜਾਂ ਵਿਦੇਸ਼ ਵਿਚ ਰਹਿੰਦੀਆਂ ਹਨ ਪ੍ਰੰਤੂ ਉਨ੍ਹਾਂ ਦੀਆਂ ਤ੍ਰਾਸਦੀਆਂ ਇੱਕੋ ਜਹੀਆਂ ਹਨ, ਇਹ ਵੀ ਕਿਹਾ ਜਾ ਸਕਦਾ ਹੈ ਕਿ ਉਹ ਇਸਤਰੀ ਜਗਤ ਦੀ ਪੀੜਾ ਨੂੰ ਇੱਕੋ ਤਰ੍ਹਾਂ ਮਹਿਸੂਸ ਕਰਦੀਆਂ ਹਨ। ਇਸਤਰੀ ਦਾ ਹਰ ਜਗ੍ਹਾ ਚੀਰ ਹਰਨ ਹੋ ਰਿਹਾ ਹੈ। ਦੁਰਯੋਧਨ ਵੱਲੋਂ ਦਰੋਪਦੀ ਦੇ ਚੀਰ ਹਰਨ ਤੋਂ ਬਾਅਦ ਮਹਾਂ ਭਾਰਤ ਦੀ ਰਚਨਾ ਹੋਈ ਸੀ। ਅੱਜ ਹਰ ਰੋਜ਼ ਇਸਤਰੀਆਂ ਦੇ ਚੀਰ ਹਰਨ ਹੋ ਰਹੇ ਹਨ। ਦਫ਼ਤਰਾਂ, ਘਰਾਂ, ਬਾਜ਼ਾਰਾਂ, ਬੱਸਾਂ ਅਤੇ ਬਸਤੀਆਂ ਵਿਚ ਔਰਤ ਛੇੜ ਛਾੜ ਦਾ ਮੁਕਾਬਲਾ ਕਰ ਰਹੀ, ਜ਼ਲੀਲ ਹੋ ਰਹੀ ਹੈ। ਮਰਦ ਉਨ੍ਹਾਂ ਨੂੰ ਵੇਖਦਿਆਂ ਹੀ ਅੱਖਾਂ ਰਾਹੀਂ ਹੀ ਉਨ੍ਹਾਂ ਦਾ ਚੀਰ ਹਰਨ ਕਰਨ ਦੀ  ਕੋਸ਼ਿਸ਼ ਕਰਦਾ ਹੈ। ਸਿਰਜਣਹਾਰੀਆਂ ਪੁਸਤਕ ਦੀਆਂ ਕਵਿਤਾਵਾਂ ਵਿਚ ਇਹੋ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਇਸ ਪੁਸਤਕ ਦੇ ਵਿਸ਼ੇ ਭਰੂਣ ਹੱਤਿਆ, ਦਾਜ, ਅਣਜੋੜ ਵਿਆਹ, ਜਾਤ ਪਾਤ, ਬਲਾਤਕਾਰ, ਘਰ ਅਤੇ ਬਾਹਰ ਔਰਤ ਨਾਲ ਹੋ ਰਹੀਆਂ ਛੇੜ ਛਾੜ ਦੀਆਂ ਘਟਨਾਵਾਂ ਵਿਸ਼ੇਸ਼ ਤੌਰ ਤੇ ਬਣੇ ਹਨ। ਹੈਰਾਨੀ ਦੀ ਗੱਲ ਹੈ ਦੋ ਘਰ ਵਸਾਉਣ ਵਾਲੀ ਔਰਤ ਦਾ ਆਪਣਾ ਕੋਈ ਘਰ ਨਹੀਂ ਹੁੰਦਾ। ਪੇਕੇ ਅਤੇ ਸਹੁਰੇ ਦੋਹਾਂ ਘਰਾਂ ਵਿਚ ਉਸ ਨੂੰ ਬਿਗਾਨੀ ਧੀ ਹੀ ਸਮਝਿਆ ਜਾਂਦਾ ਹੈ। ਜਦੋਂ ਕਿ ਅੱਜ ਦੀ ਔਰਤ ਪਿਆਰ ਅਤੇ ਸਤਿਕਾਰ ਨਾਲ ਹਰ ਘਰ ਨੂੰ ਜੋੜੀ ਰੱਖਦੀ ਹੈ, ਉਹ ਪਿੰਜਰੇ ਵਿਚ ਕੈਦ ਹੋਣਾ ਨਹੀਂ ਚਾਹੁੰਦੀ। ਪੈਸਾ ਉਸਦਾ ਮੁਖ ਕੰਮ ਨਹੀਂ ਭਾਵੇਂ ਉਹ ਪੈਸਾ ਵੀ ਮਰਦ ਦੇ ਬਰਾਬਰ ਕਮਾਉਂਦੀ ਹੈ। ਇੱਕ ਪਾਸੇ ਤਾਂ ਮਰਦ ਔਰਤ ਦੀਆਂ ਕੰਜਕਾਂ ਕਰਦਾ ਹੈ, ਉਸ ਨੂੰ ਪੂਜਦਾ ਹੈ, ਇਸ਼ਕ ਵੀ ਉਸ ਨੂੰ ਹੀ ਕਰਦਾ ਹੈ ਪ੍ਰੰਤੂ ਧੀ ਨੂੰ ਜੰਮਣ ਤੋਂ ਰੋਕਦਾ ਹੈ, ਭਰੂਣ ਹੱਤਿਆ ਕਰਦਾ ਹੈ, ਜਦੋਂ ਪ੍ਰੇਮ ਵਿਚ ਅਸਫਲ ਹੋ ਜਾਂਦਾ ਹੈ ਤਾਂ ਤੇਜ਼ਾਬ ਪਾ ਦਿੰਦਾ ਹੈ। ਮਰਦ ਦੂਹਰੇ ਮਾਪ ਦੰਡ ਅਪਣਾਉਂਦਾ ਹੈ। ਇਨ੍ਹਾਂ ਕਵਿਤਾਵਾਂ ਰਾਹੀਂ ਇਸਤਰੀਆਂ ਨੂੰ ਸੀਤਾ ਹੀ ਨਹੀਂ ਦੁਰਗਾ ਅਤੇ ਚੰਡੀ ਦੇ ਰੂਪ ਵਿਚ ਪੇਸ਼ ਕੀਤਾ ਗਿਆ ਹੈ। ਔਰਤ ਦਾ ਜੋਬਨ ਅਤੇ ਪਿਆਰ ਕੰਡੇ ਵੀ ਬਣ ਜਾਂਦੇ ਹਨ ਜਿਵੇਂ ਗੁਲਾਬ ਕੰਡਿਆਂ ਵਿਚ ਘਿਰਿਆ ਹੁੰਦਾ ਵੀ ਖ਼ੁਸ਼ਬੂ ਦਿੰਦਾ ਹੈ। ਔਰਤ ਵੀ ਇੱਕ ਖ਼ੁਸ਼ਬੂ ਹੈ ਜੇ ਇਸ ਦੀ ਪਹਿਚਾਣ ਕੀਤੀ ਜਾਵੇ। ਹੁਣ ਹਰ ਔਰਤ ਲੂਣਾ ਦੀ ਤਰ੍ਹਾਂ ਬਗ਼ਬਤ ਕਰਨ ਨੂੰ ਤਰਜ਼ੀਹ ਦਿੰਦੀ ਹੈ। ਪੱਥਰ ਨੂੰ ਪੂਜਣ ਵਾਲੇ ਲੜਕੀ ਨੂੰ ਜੰਮਣ ਮੌਕੇ ਪੱਥਰ ਕਹਿੰਦੇ ਹਨ, ਹੁਣ ਔਰਤ ਉਨ੍ਹਾਂ ਨੂੰ ਪੱਥਰ ਬਣਕੇ ਟੱਕਰਦੀ ਹੈ। ਜੇ ਉਹ ਮੋਮ ਦੀ ਤਰ੍ਹਾਂ ਨਰਮ ਹੈ ਤਾਂ ਨਾਲ ਹੀ ਪੱਥਰ ਦੀ ਤਰ੍ਹਾਂ ਸਖ਼ਤ ਵੀ ਹੋਣਾ ਜਾਣਦੀ ਹੈ। ਔਰਤ ਦੀ ਬਦਕਿਸਮਤੀ ਵੇਖੋ ਪਹਿਲਾਂ ਉਹ ਮਰਦ ਨੂੰ ਜਨਮ ਦਿੰਦੀ ਹੈ, ਪਾਲਦੀ ਹੈ, ਪਤੀ ਦੇ ਦਬਾਅ ਵਿਚ ਜਵਾਨੀ ¦ਘਾਉਂਦੀ ਹੈ, ਬੁਢਾਪੇ ਵਿਚ ਪੁੱਤਰ ਦੇ ਅਧੀਨ ਸਮਾਂ ਗੁਜ਼ਾਰਦੀ ਹੈ, ਤਰਸ ਦੀ ਪਾਤਰ ਬਣਦੀ ਹੈ। ਹਰ ਅਚਾਰ ਸਹੰਤਾ ਔਰਤ ਤੇ ਹੀ ਕਿਉਂ ਲਾਗੂ ਹੁੰਦੀ ਹੈ? ਲੜਕਾ ਜੋ ਮਰਜੀ ਕਰੀ ਜਾਵੇ ਉਸ ਤੇ ਕੋਈ ਰੁਕਾਵਟ ਨਹੀਂ। ਮਰਦ ਕਦੀਂ ਨਹੀਂ ਸੋਚਦਾ ਕਿ ਜੇਕਰ ਉਹ ਇਨ੍ਹਾਂ ਟਾਹਣੀਆਂ ਰੂਪੀ ਲੜਕੀਆਂ ਨੂੰ ਮਾਰੀ ਜਾਣਗੇ ਤਾਂ ਮਰਦ ਦੀ ਉਤਪਤੀ ਬੰਦ ਹੋ ਜਾਵੇਗੀ। ਮਰਦ ਕਿਸ ਨੂੰ ਪਿਆਰ ਕਰੇਗਾ, ਕਿਸ ਨਾਲ ਵਿਆਹ ਕਰੇਗਾ ਅਤੇ ਰੱਖੜੀ ਕਿਸ ਤੋ ਬੰਨਾਵੇਗਾ। ਇਸ ਪੁਸਤਕ ਵਿਚ ਗਿਰ ਰਹੀਆਂ ਸਮਾਜਕ ਕਦਰਾਂ ਕੀਮਤਾਂ, ਭਰਿਸ਼ਟ ਸਿਆਸਤਦਾਨਾ, ਬੇਰੋਜ਼ਗਾਰੀ, ਨਸ਼ੇ, ਪ੍ਰਵਾਸ ਦੀ ਸਮੱਸਿਆ ਅਤੇ ਕੈਂਸਰ ਦੀਆਂ ਅਲਾਮਤਾਂ ਤੇ ਵੀ ਚਿੰਤਾ ਪ੍ਰਗਟ ਕੀਤੀ ਗਈ ਹੈ। ਬਹੁਤੀਆਂ ਕਵਿਤਾਵਾਂ ਵਿਚ ਦਰਸਾਇਆ ਗਿਆ ਹੈ ਕਿ ਔਰਤ ਪੀੜ੍ਹੀ ਦਰ ਪੀੜ੍ਹੀ ਪਰਿਵਾਰ ਪਾਲਦੀ ਆ ਰਹੀ ਹੈ ਅਤੇ ਨਾਲ ਦੀ ਨਾਲ ਮਰਦ ਦੀ ਨਾਕਾਰਤਮਕ ਸੋਚ ਦਾ ਸ਼ਿਕਾਰ ਹੁੰਦੀ ਹੋਈ ਆਪਣੀਆਂ ਰੀਝਾਂ, ਵਲਵਲਿਆਂ, ਖ਼ਾਹਿਸ਼ਾਂ ਅਤੇ ਉਮੰਗਾਂ ਦਾ ਕਤਲ ਹੁੰਦਾ ਵੀ ਬਰਦਾਸ਼ਤ ਕਰਦੀ ਆ ਰਹੀ ਹੈ। ਮਰਦ ਔਰਤ ਨੂੰ ਵਰਤਣ ਦੀ ਸ਼ੈ ਹੀ ਸਮਝਦਾ ਹੈ, ਕੁਝ ਕਵਿਤਾਵਾਂ ਵਿਚ ਤਾਂ ਮਰਦ ਨੂੰ ਅਜਿਹੇ ਭੇੜੀਏ ਨਾਲ ਤਸ਼ਬੀਹ ਦਿੱਤੀ ਗਈ ਕਿ ਉਹ ਆਪਣੀ ਪਤਨੀ ਨੂੰ ਹੋਰ ਆਦਮੀ ਰੂਪੀ ਭੇੜੀਆਂ ਤੋਂ ਤਾਂ ਬਚਾਉਂਦਾ ਹੈ ਪ੍ਰੰਤੂ ਆਪ ਭੇੜੀਆ ਬਣਕੇ ਉਸ ਨੂੰ ਟੱਕਰਦਾ ਹੈ। ਇਸ ਪੁਸਤਕ ਵਿਚ ਸਾਰੀਆਂ ਕਵਿਤਰੀਆਂ ਨੇ ਬਿੰਬ ਬਹੁਤ ਹੀ ਕਮਾਲ ਦੇ ਵਰਤੇ ਹਨ, ਜਿਹੜੇ ਸਿੰਬਾਲਿਕ ਹੁੰਦੇ ਹੋਏ ਮਨੁਖੀ ਮਨਾ ਨੂੰ ਝੰਜੋੜਦੇ, ਕੁਰੇਦਦੇ, ਹਲੂਣਦੇ ਅਤੇ ਬਗ਼ਾਬਤ ਦੀ ਚੇਤਾਵਨੀ ਦਿੰਦੇ ਹਨ। ਔਰਤਾਂ ਮਰਦ ਦੇ ਜ਼ੁਲਮ ਇਸ ਆਸ ਨਾਲ ਬਰਦਾਸ਼ਤ ਕਰ ਰਹੀਆਂ ਹਨ ਕਿ ਸ਼ਾਇਦ ਮਰਦ ਕਦੀਂ ਤਾਂ ਉਨ੍ਹਾਂ ਦਾ ਰੱਖਵਾਲਾ ਬਣਕੇ ਸਮਝਦਾਰੀ ਦਾ ਕੰਮ ਕਰੇਗਾ, ਇਸੇ ਲਈ ਔਰਤ ਮਰਦ ਦੀ ਵਕਤੀ ਖ਼ੁਸ਼ੀ ਲਈ ਆਤਮ ਸਮਰਪਣ ਕਰ ਦਿੰਦੀ ਹੈ ਪ੍ਰੰਤੂ ਮਰਦ ਔਰਤਾਂ ਤੇ ਜ਼ੁਲਮ ਢਾਹੁਣਾ ਆਪਣਾ ਜਨਮ ਸਿੱਧ ਅਧਿਕਾਰ ਸਮਝਦਾ ਹੈ। ਇਹ ਕਵਿਤਰੀਆਂ ਕਾਫੀ ਹੱਦ ਤੱਕ ਔਰਤਾਂ ਨੂੰ ਵੀ ਜ਼ਿੰਮੇਵਾਰ ਕਹਿੰਦੀਆਂ ਹਨ ਕਿਉਂਕਿ ਇਸ਼ਤਿਹਾਰਬਾਜ਼ੀ ਦੇ ਜ਼ਮਾਨੇ ਵਿਚ ਔਰਤਾਂ ਮਾਡ¦ਿਗ, ਫਿਲਮਾਂ ਅਤੇ ਫ਼ੈਸ਼ਨ ਸ਼ੋ ਦੇ ਬਹਾਨੇ ਪੈਸੇ ਕਮਾਉਣ ਦੇ ਲਾਲਚ ਵਿਚ ਨੰਗੇਜ਼ਵਾਦ ਨੂੰ ਬੜ੍ਹਾਵਾ ਦੇ ਰਹੀਆਂ ਹਨ। ਔਰਤ ਜਿਸਮਾ ਦੀ ਮੰਡੀ ਵਿਚ ਵਿਕ ਰਹੀ ਹੈ। ਇੱਕ ਕਿਸਮ ਨਾਲ ਇਹ ਔਰਤਾਂ ਦਾ ਸਮਾਜਿਕ ਸ਼ੋਸ਼ਣ ਹੋ ਰਿਹਾ ਹੈ। ਕੂੜ ਪ੍ਰਧਾਨ ਹੋ ਰਿਹਾ ਹੈ। ਸਚਾਈ ਦਾ ਪੱਲਾ ਛੱਡਿਆ ਜਾ ਰਿਹਾ ਹੈ। ਹਵਾ, ਪਾਣੀ, ਵਾਤਵਰਨ ਅਤੇ ਸਭਿਆਚਾਰ ਪ੍ਰਦੂਸ਼ਤ ਹੋ ਰਿਹਾ ਹੇ। ਇਸਤਰੀਆਂ ਆਪਣੇ ਵਿਰਸੇ ਨੂੰ ਭੁੱਲ ਰਹੀਆਂ ਹਨ। ਦੇਸ਼ ਦੀ ਵੰਡ ਸੰਬੰਧੀ ਕਵਿਤਾਵਾਂ ਵੀ ਸਾਡੀ ਮਾਨਸਿਕਤਾ ਨੂੰ ਕੁਰੇਦਦੀਆਂ ਹਨ ਕਿਉਂਕਿ ਜ਼ਮੀਨ ਤਾਂ ਵੰਡੀ ਜਾ ਸਕਦੀ ਹੈ ਪ੍ਰੰਤੂ ਸਭਿਆਚਾਰ, ਸਭਿਅਤਾ, ਹਵਾ, ਦਰਿਆ ਅਤੇ ਇਨਸਾਨੀਅਤ ਨਹੀਂ ਵੰਡੀ ਜਾ ਸਕਦੀ।

ਲਹਿੰਦੇ ਪੰਜਾਬ ਦੀਆਂ ਕਵਿਤਰੀਆਂ ਨੇ ਆਪਣੀਆਂ ਕਵਿਤਾਵਾਂ ਵਿਚ ਉਨ੍ਹਾਂ ਵੱਲੋਂ ਭੋਗੇ ਜਾ ਰਹੇ ਅੱਜ ਦੇ ਸਮੇਂ ਵਿਚ ਸੰਤਾਪ ਦਾ ਬਹੁਤ ਹੀ ਸੁਚੱਜੇ ਢੰਗ ਨਾਲ ਵਰਨਣ ਕੀਤਾ ਹੈ। ਉਨ੍ਹਾਂ ਨੂੰ ਅਜੇ ਘਰਾਂ ਦੀਆਂ ਚਾਰ ਦੀਵਾਰੀਆਂ ਵਿਚ ਬੰਦ ਰੱਖਿਆ ਜਾਂਦਾ ਹੈ। ਮਨ ਭਾਉਂਦਾ ਖਾਣ, ਪੀਣ, ਪਹਿਨਣ ਅਤੇ ਵਿਚਰਨ ਵੀ ਨਹੀਂ ਦਿੱਤਾ ਜਾਂਦਾ। ਉਨ੍ਹਾਂ ਦੀ ਹਾਲਤ ਬੜੀ ਗੰਭੀਰ ਹੈ। ਇਸਤਰੀ ਨੂੰ ਅਜੇ ਵੀ ਬੰਦੀ ਬਣਾ ਕੇ ਰੱਖਿਆ ਜਾ ਰਿਹਾ ਹੈ। ਅਣਜੋੜ ਵਿਆਹਾਂ ਦਾ ਸੰਤਾਪ ਵੀ ਉਹ ਭੋਗ ਰਹੀਆਂ ਹਨ। ਇਸਤਰੀਆਂ ਨੂੰ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਨ ਤੇ ਪਾਬੰਦੀ ਹੈ। ਉਨ੍ਹਾਂ ਦੇ ੍ਯਿਨੱਕੇ ਨਿੱਕੇ ਸੁਪਨੇ ਤੇ ਵਲਵਲੇ ਫਨਾਹ ਹੋ ਰਹੇ ਹਨ। ਉਹੀ ਮਰਦ ਉਨ੍ਹਾਂ ਦੀ ਵੇਖ ਭਾਲ ਕਰਦਾ ਹੈ ਅਤੇ ਉਹੀ ਉਨ੍ਹਾਂ ਨੂੰ ਦੁਖ ਤੇ ਤਸੀਹੇ ਦਿੰਦਾ ਹੈ। ਪਕਿਸਤਾਨ ਵਿਚ ਔਰਤ ਵਿਰੁਧ ਹਰ ਸਾਜ਼ਸ਼ ਕੀਤੀ ਜਾਂਦੀ ਹੈ। ਜਵਾਨ ਜਹਾਨ ਔਰਤ ਭਰੀ ਦੁਨੀਆਂ ਵਿਚ ਵੀ ਖਾਲੀ ਹੀ ਮਹਿਸੂਸ ਕਰਦੀ ਹੈ। ਜਿਸ ਪੁਰਸ਼ ਨੂੰ ਉਹ ਜਨਮ ਦਿੰਦੀ ਹੈ, ਉਹੀ ਉਸਦੀ ਦਲਾਲੀ ਕਰਦਾ ਹੈ, ਉਸ ਨੂੰ ਤਵਾਇਫ਼ ਬਣਾਉਂਦਾ ਹੈ, ਉਸ ਦੇ ਸਰੀਰ ਨਾਲ ਆਨੰਦ ਮਾਣਦਾ ਹੈ ਅਤੇ ਔਰਤ ਨੂੰ ਖਲਾਸੀ ਦਾ ਸਾਧਨ ਸਮਝਦਾ ਹੈ ਪ੍ਰੰਤੂ ਜਦੋਂ ਉਸੇ ਮਰਦਾਨਗੀ ਵਾਲੇ ਦਾ ਬੱਚਾ ਪੈਦਾ ਹੁੰਦਾ ਹੈ ਤਾਂ ਬੇਗ਼ੈਰਤ ਹੋ ਕੇ ਉਸ ਬੱਚੇ ਨੂੰ ਆਪਨਾਉਣ ਤੋਂ ਕੋਹਾਂ ਦੂਰ ਭੱਜਦਾ ਹੈ। ਫਿਰ ਉਸ ਦੀ ਮਰਦਾਨਗੀ ਕਿਥੇ ਜਾਂਦੀ ਹੈ? ਕਵਿਤਾਵਾਂ ਵਿਚ ਕਵਿਤਰੀਆਂ ਲਿਖਦੀਆਂ ਹਨ ਕਿ ਔਰਤ ਵਿਚ ਆਦਮੀ ਨੂੰ ਖ਼੍ਰੀਦਣ ਦੀ ਤਾਕਤ ਹੈ, ਉਦੋਂ ਮਰਦ ਦੀ ਅਣਖ਼ ਕਿਥੇ ਜਾਂਦੀ ਹੈ ਜਦੋਂ ਉਹ ਆਪਣੀ ਕਾਮਨਾ ਦੀ ਪੂਰਤੀ ਲਈ ਔਰਤ ਸਾਹਮਣੇ ਗਿੜਗਿੜਾਉਂਦਾ ਹੈ। ਔਰਤ ਦੀ ਕੁੱਖ ਗ਼ਮਾਂ ਦੀ ਤਰਤੀਬ ਹੈ। ਜਿੰਨਾ ਔਰਤ ਨੂੰ ਦਬਾਇਆ ਜਾਂਦਾ ਹੈ ਉਤਨਾ ਹੀ ਉਹ ਨਿਖ਼ਰਦੀ ਹੈ। ਪਾਕਿਸਤਾਨੀ ਕਵਿਤਰੀਆਂ ਨੇ ਪੰਜਾਬ ਦੀ ਵੰਡ ਦੇ ਦੁਖ ਦਾ ਵੀ ਇਜ਼ਹਾਰ ਕੀਤਾ ਹੈ।

ਕਰਮਜੀਤ ਕੌਰ ਕਿਸਾਂਵਲ ਨੇ ਕਵਿਤਰੀਆਂ ਅਤੇ ਕਵਿਤਾਵਾਂ ਦੀ ਚੋਣ ਕਰਨ ਲੱਗਿਆਂ ਆਪਣੀ ਸੂਝ-ਬੂਝ, ਸਿਆਣਪ, ਸੰਵਦਨਸ਼ੀਲਤਾ, ਕਲਾਤਮਿਕ, ਕਾਬਲੀਅਤ, ਸਮਾਜਿਕ ਸਰੋਕਾਰਾਂ ਦੀ ਪ੍ਰਤੀਬੱਧਤਾ ਅਤੇ ਸਾਹਿਤਿਕ ਸੁਚੇਤਤਾ ਦਾ ਸਬੂਤ ਦਿੰਦਿਆਂ ਵਿਲੱਖਣ ਕਾਰਜ ਕਰਕੇ ਸੰਪਾਦਨਾ ਦੇ ਖੇਤਰ ਵਿਚ ਇੱਕ ਮੀਲ ਪੱਥਰ ਸਥਾਪਤ ਕਰ ਦਿੱਤਾ ਹੈ।
ਸ਼ਾਲਾ ਪਰਮਾਤਮਾ ਉਸਦੀ ਕਲਮ ਨੂੰ ਹੋਰ ਸੁਚਾਰੂ ਤੇ ਉਸਰੂ ਕਾਰਜ ਕਰਨ ਦੀ ਤੌਫ਼ੀਕ ਬਖ਼ਸ਼ੇ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>