ਸੰਜੀਵਨੀ-ਬੂਟੀ ਵਰਗਾ ਯਾਰ – ਮਿੰਟੂ ਬਰਾੜ

ਐੱਫ਼. ਡੀ. ਰੂਜਵੈੱਲਟ ਕਹਿੰਦਾ ਹੈ ਕਿ ਮਾਨਵੀ ਜੀਵਨ ਦੀਆਂ ਘਟਨਾਵਾਂ ਦਾ ਇੱਕ ਰਹੱਸ-ਪੂਰਨ ਗੇੜ ਹੈ, ਕੁਝ ਨਸਲਾਂ ਨੂੰ ਬਹੁਤ ਕੁਝ ਮਿਲ਼ ਜਾਂਦਾ ਹੈ, ਅਤੇ ਕੁਝ ਨਸਲਾਂ ਤੋਂ ਬਹੁਤ ਆਸ ਕੀਤੀ ਜਾਂਦੀ ਹੈ। ਬਰਟਰਾਂਡ ਰਸਲ ਦਾ ਇਸ ਤੋਂ ਵੱਖ ਕਥਨ ਹੈ ਕਿ ਇਹ ਬੌਧਿਕਤਾ ਹੀ ਹੈ, ਜੋ ਸਿਆਣਪ ਦਿੰਦੀ ਹੈ, ਸ਼ਾਇਦ ਇਸੇ ਕਾਰਨ ਮੈਂ ਭਾਵਨਾ ਨਾਲ਼ੋਂ ਬੁੱਧੀ ਦੀ ਵਧੇਰੇ ਕਦਰ ਕਰਦਾ ਹਾਂ! ਇਹਨਾਂ ਦੋਹਾਂ ਮਹਾਂਰਥੀਆਂ ਦੇ ਵਿਚਾਰਾਂ ਨਾਲ਼ ਸਹਿਮਤ ਹੁੰਦੇ ਦਾ ਮੇਰਾ ਆਪਣਾ  ਵਿਚਾਰ ਇਹ ਹੈ ਕਿ ਕਿਸੇ ਵੀ ਕੌਮ ਦਾ ਕੋਈ ਵੀ ਲੇਖਕ ਮੁਕਤੀ ਦਾਤਾ ਤਾਂ ਨਹੀਂ ਹੁੰਦਾ, ਪਰ ਆਪਣੀ ਕੌਮ ਜਾਂ ਦੇਸ਼ ਦੀ ਤਕਦੀਰ ਸਿਰਜਣ ਦੇ ਕਾਬਲ ਜ਼ਰੂਰ ਹੋ ਸਕਦਾ ਹੈ। ਮਿੰਟੂ ਬਰਾੜ ਵਰਗੇ ਉਸਾਰੂ ਅਤੇ ਨਿੱਗਰ ਵਿਸਿ਼ਆਂ ‘ਤੇ ਲਿਖਣ ਵਾਲ਼ੇ ਲੇਖਕਾਂ ਨੂੰ ਮੈਂ ਆਪਣੀ ਕੌਮ ਅਤੇ ਦੇਸ਼ ਦੀ ਕਿਸਮਤ ਨਾਲ਼ ਜੋੜ-ਜੋੜ ਕੇ ਦੇਖਦਾ ਹਾਂ, ਤਾਂ ਮੈਨੂੰ ਮਾਣ ਮਹਿਸੂਸ ਹੁੰਦਾ ਹੈ। ਸਾਰੇ ਹੀ ਜਾਦੂਗਰਾਂ ਨੂੰ ਰੱਸੀ ‘ਤੇ ਤੁਰਨਾ ਨਹੀਂ ਆਉਂਦਾ, ਪਰ ਮਿੰਟੂ ਵਰਗੇ ਘਾਗ ਲੇਖਕ ਵੀਰਤਾ ਨਾਲ਼ ਲਿਖ ਕੇ ਸਾਡੇ ਹਨ੍ਹੇਰੇ ਭਰੇ ਰਸਤਿਆਂ ਵਿਚ ਆਸ ਦਾ ਦੀਵਾ ਬਾਲ਼ ਕੇ ਆਸ ਦੀ ਕਿਰਨ ਜ਼ਰੂਰ ਦਿਖਾ ਜਾਂਦੇ ਹਨ। ਘੁੱਪ ਹਨ੍ਹੇਰੇ ਜੰਗਲ ਵਿਚ ਦੂਰ ਕੋਈ ਜਗਦਾ ਦੀਵਾ ਮਾਨੁੱਖੀ ਵਸੋਂ ਜਾਂ ਜਿਉਂਦੀ ਜਿ਼ੰਦਗੀ ਦਾ ਸੰਕੇਤ ਹੀ ਤਾਂ ਹੁੰਦਾ ਹੈ! ਦੀਵਾ, ਜੋਤ ਜਾਂ ਚਿਰਾਗ ਮਾਨੁੱਖ ਹੀ ਬਾਲ਼ਦੇ ਹਨ, ਜਾਨਵਰ ਜਾਂ ਪੰਖੇਰੂ ਨਹੀਂ!!

25 ਦਸੰਬਰ 2009 ਨੂੰ ਮੇਰੇ ਸਵਰਗਵਾਸੀ ਬਾਪੂ ਨਮਿੱਤ ਰੱਖੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ‘ਤੇ ਮਿੰਟੂ ਬਰਾੜ ਆਸਟਰੇਲੀਆ ਤੋਂ ਉਚੇਚ ਕਰ ਕੇ ਮੇਰੇ ਪਿੰਡ ਕੁੱਸੇ ਪਹੁੰਚਿਆ। ਮਹਿਜ਼ ਇਹ ਸਾਡੀ ਪਹਿਲੀ ਮਿਲਣੀ ਸੀ। ਮਿੰਟੂ ਬਰਾੜ ਬਹੁਤ ਚਿਰ ਤੋਂ ਮੇਰਾ ਨਿੱਘਾ ਮਿੱਤਰ ਸੀ, ਪਰ ਉਸ ਦੀ ਪਲੇਠੀ ਮਿਲਣੀ ਨੇ ਸਾਨੂੰ ਗੂੜ੍ਹੇ ਯਾਰ ਬਣਾ ਦਿੱਤਾ। ਯਾਰ ਕੀਮਤ ਨਾਲ਼ ਨਹੀਂ, ਕਿਸਮਤ ਨਾਲ਼ ਮਿਲ਼ਦੇ ਹਨ, ਅਤੇ ਮੇਰੇ ‘ਤੇ ਧੰਨ ਗੁਰੂ ਨਾਨਕ ਪਾਤਿਸ਼ਾਹ ਦੀ ਇਤਨੀ ਰਹਿਮਤ ਹੈ ਕਿ ਮੇਰੇ ਕੋਲ਼ ਮਿੰਟੂ ਬਰਾੜ ਵਰਗੇ ਸੰਜੀਵਨੀ-ਬੂਟੀ ਵਰਗੇ ਦੋਸਤ ਹਨ, ਜੋ ਭੀੜ ਪੈਣ ‘ਤੇ ਨੰਗੇ ਧੜ ਅਤੇ ਨੰਗੇ ਪੈਰੀਂ, ਅੱਧੀ ਰਾਤ ਨੂੰ ਤੁਹਾਡੇ ਦਰਦ ਵੰਡਾਉਣ ਲਈ ਭੱਜ ਪੈਂਦੇ ਹਨ।

ਯੋਧਿਆਂ ਦਾ ਟਿਕਾਣਾ ਨਹੀਂ, ਮੋਰਚਾ ਦੇਖਿਆ ਜਾਂਦਾ ਹੈ! ਅਮਨ, ਪਿੱਠ ਪਿੱਛੇ ਗੋਲ਼ੀ ਮਾਰਨ ਨਾਲ਼ੋਂ ਵਧੇਰੇ ਪੇਚੀਦੀ ਪ੍ਰਕਿਰਿਆ ਹੈ। ਕਈ ਵਾਰ ਸ਼ਾਂਤੀ ਲਈ ਜੰਗ ਨਾਲ਼ੋਂ ਵੀ ਵਧੇਰੇ ਖ਼ੂਨ ਵਗਾਉਣਾਂ ਪੈਂਦਾ ਹੈ। ਪਰ ਇਤਿਹਾਸ ਦੇ ਸ਼ਾਨਦਾਰ ਵਸਤਰ ਸ਼ਾਂਤੀ ਨਾਲ਼ ਹੀ ਬੁਣੇ ਜਾਂਦੇ ਹਨ। ਮਿੰਟੂ ਢੁੱਡ-ਮਾਰੂ ਵਿਚਾਰਾਂ ਵਾਲ਼ਾ ਖੌਰੂ-ਪੱਟ ਨਹੀਂ, ਬੁੱਧੀਮਾਨ ਅਤੇ ਸਿਧਾਂਤਕ ਦਾਅ-ਪੇਚ ਵਰਤ ਕੇ ਲਿਖਣ ਵਾਲ਼ਾ ਸੰਜੀਦਾ ਸਿਰਜਕ ਹੈ। ਉਹ ਪੰਜਾਬ ਪ੍ਰਤੀ ਇਮਾਨਦਾਰ ਹੈ ਅਤੇ ਪੰਜਾਬ ਦੀ ਨਾਭੀ ਨਾਲ਼ ਜੁੜੇ ਮਸਲਿਆਂ ਦੀ ਗੱਲ ਕਰ ਕੇ ਆਪਣਾ ਫ਼ਰਜ਼ ਬਾਖ਼ੂਬੀ ਅਦਾ ਕਰਦਾ ਹੈ। ਖ਼ੂਨ ਭਿੱਜੇ ਪੰਜਾਬ ਦੀਆਂ ਸਮੱਸਿਆਵਾਂ ਅਤੇ ਪੀੜਾਂ ਨੂੰ ਮੋਢੇ ਚੁੱਕੀ ਫਿ਼ਰਦੇ ਮਿੰਟੂ ਦੇ ਇੱਕ ਹੱਥ ਵਿਚ ਕਲਮ ਅਤੇ ਦੂਜੇ ਹੱਥ ਮੱਲ੍ਹਮ ਫ਼ੜੀ ਹੋਈ ਹੈ! ਉਹ ਭਾਈ ਕਨੱਈਆ ਜੀ ਦੀ ਵੈਰੀ ਨੂੰ ਵੀ ਜਲ ਛਕਾਉਣ ਵਾਲ਼ੀ ਨਿਮਰਤ ਅਤੇ ਵਿਵੇਕ ਬਿਰਤੀ ਦੇ ਨਾਲ਼-ਨਾਲ਼ ਸਿਰਲੱਥ ਯੋਧੇ, ਬਲੀ ਬਾਬਾ ਦੀਪ ਸਿੰਘ ਜੀ ਦੇ ਬਿਨਾਂ ਸੀਸ ਤੋਂ ਆਹੂ ਲਾਹੁੰਣ ਦੇ ਸਿਧਾਂਤਾਂ ਨੂੰ ਵੀ ਨਤਮਸਤਕ ਹੈ! ਤਾਂਤੀਆ ਤੋਪੇ ਅਤੇ ਵਿਲੀਅਮ ਟੈੱਲ ਵਰਗੇ ਆਪਣੇ ਨਿਸ਼ਾਨੇ ਕਰ ਕੇ ਹੀ ਜਾਣੇ ਜਾਂਦੇ ਹਨ, ਕਿਸੇ ਹਥਿਆਰ ਕਰ ਕੇ ਨਹੀਂ! ਜੇ ਨਿਸ਼ਾਨਚੀ ਕੱਚਾ ਹੋਵੇ ਤਾਂ ਵੱਡੇ ਤੋਂ ਵੱਡਾ ਹਥਿਆਰ ਵੀ ਬੇਕਾਰ ਸਾਬਤ ਹੁੰਦਾ ਹੈ! ਮਿੰਟੂ ਬਰਾੜ ਕਲਮ ਦੇ ਨਿਸ਼ਾਨੇ ਦਾ ਧਨੀ ਹੈ, ਅਤੇ ਜਦ ਵੀ ਉਹ ਆਪਣੀ ਕਲਮ ਦਾ ਨਿਸ਼ਾਨਾ ਪੰਜਾਬ ਦੇ ਵੈਰੀ ਵੱਲ ਸੇਧਦਾ ਹੈ, ਤਾਂ ਧੁੰਨੀ ‘ਚ ਮਾਰ ਕੇ ਭਰਾੜ੍ਹ ਕਰ ਦਿੰਦਾ ਹੈ!

ਲੋਕ ਘਟਨਾਵਾਂ ਪਿੱਛੇ ਫਿ਼ਰਦੇ ਹਨ ਅਤੇ ਮਿੰਟੂ ਬਰਾੜ ਚਰਿੱਤਰ ਦੀ ਪਛਾਣ ਅਤੇ ਪਰਖ ਕਰਦਾ ਹੈ! ਮਾਨੁੱਖੀ ਚਰਿੱਤਰ ਦੀ ਗੁੰਝਲ਼ਦਾਰ ਰੰਗਤ ਨੂੰ ਸਮਝਣ ਲਈ ਲਗਨ ਅਤੇ ਸੂਝ-ਬੂਝ ਦੀ ਲੋੜ ਹੁੰਦੀ ਹੈ, ਅਤੇ ਸੂਝ-ਬੂਝ ਪੱਖੋਂ ਮਿੰਟੂ ਬਰਾੜ ਰੱਜਿਆ-ਪੁੱਜਿਆ ਇਨਸਾਨ ਹੈ! ਸਿਆਸਤ ਸਿਆਪੇ ਦੀ ਨਾਇਣ ਹੈ, ਅਤੇ ਇਹਨਾਂ ਦੇ ਸਿਆਸੀ ਆਡੰਬਰ ਬੁੱਝਣ ਲਈ ਮਿੰਟੂ ਕੋਲ਼ ਸ਼ਕਤੀਸ਼ਾਲੀ ਮਨੋਬਿਰਤੀ ਹੈ! ਜੌਨ ਸਟੂਆਰਟ ਮਿੱਲ ਕਹਿੰਦਾ ਹੈ ਕਿ ਇਹ ਕਹਾਵਤ ਕਿ ਸੱਚ ਸਦਾ ਹੀ ਅੱਤਿਆਚਾਰਾਂ ‘ਤੇ ਵਿਜੈ ਪ੍ਰਾਪਤ ਕਰਦਾ ਹੈ, ਇਹ ਅਜਿਹੇ ਲੁਭਾਉਣੇ ਝੂਠਾਂ ਵਿਚੋਂ ਇੱਕ ਹੈ, ਜੋ ਆਦਮੀ ਹਮੇਸ਼ਾ ਇੱਕ-ਦੂਸਰੇ ਮਗਰੋਂ ਦੁਹਰਉਂਦੇ ਆ ਰਹੇ ਹਨ ਅਤੇ ਆਖਰ ਇਹ ਇੱਕ ਸਧਾਰਨ ਅਤੇ ਘਸਿਆ-ਪਿੱਟਿਆ ਜਿਹਾ ‘ਆਦੇਸ਼’ ਬਣ ਜਾਂਦਾ ਹੈ, ਜਿਸ ਨੂੰ ਸਭ ਦਾ ਅਨੁਭਵ ਝੁਠਲਾਉਂਦਾ ਹੈ। ਮੈਂ ਮਿੰਟੂ ਬਰਾੜ ਦਾ ਕਦਰਦਾਨ ਪਾਠਕ ਹਾਂ ਅਤੇ ਇਸ ਵਿਚ ਕੋਈ ਸ਼ੱਕ ਨਹੀਂ ਕਿ ਅੱਜ ਦੀ ਤਵਾਰੀਖ਼ ਵਿਚ ਅਸੀਂ ਹਰ ਰੋਜ਼ ਨੇਕੀ ਤੋਂ ਬਦੀ ਜਿੱਤਦੀ ਪ੍ਰਤੱਖ ਦੇਖਦੇ ਹਾਂ, ਜਰਵਾਣਾਂ ਝੂਠ ਸੱਚ ਨੂੰ ਢਾਹ ਕੇ ਉਪਰ ਬੈਠਾ ਸੱਚ ਦਾ ਮਖੌਲ ਉਡਾਉਂਦਾ ਸ਼ਰੇਆਮ ਤੱਕਦੇ ਹਾਂ, ਨੇਕੀ ਅਤੇ ਸੱਚ ਦੀ ਹਾਰ ਹਰ ਇਮਾਨਦਾਰ ਲੇਖਕ ਦੀ ਜ਼ਮੀਰ ਨੂੰ ਲਹੂ-ਲੁਹਾਣ ਕਰਦੀ ਹੈ, ਅਤੇ ਇਸ ਤੜਪ ਵਿਚ ਭਿੱਜ ਕੇ ਹਰ ਲੇਖਕ ਸ਼ਮਸ਼ੀਰ ਵਾਂਗ ਕਲਮ ਚੁੱਕਦਾ ਹੈ। ਮਿੰਟੂ ਉਸ ਮਾਲ਼ਾ ਦਾ ਹੀ ਤਾਂ ਅਟੁੱਟ ਮਣਕਾ ਹੈ, ਜੋ ਆਪਣੇ ਪੰਜਾਬ ਅਤੇ ਪੰਜਾਬ ਦੀ ਮਾਂ-ਮਿੱਟੀ ਲਈ ਹਾਉਕੇ ਭਰਦਾ, ਹੰਝੂ ਕੇਰਦਾ ਹੈ! ਉਸ ਦੀ ਕਲਮ ਕਈ ਵਾਰ ਅੱਥਰੂ ਵਹਾਉਂਦੀ, ਹਟਕੋਰੇ ਭਰਦੀ, ਵਿਦਰੋਹੀ ਬਣ, ਬਾਗ਼ੀ ਸੁਰ ਵੀ ਅਲਾਪਣ ਲੱਗ ਪੈਂਦੀ ਹੈ ਅਤੇ ਕਾਲ਼ੀਆਂ ਸਿਆਹ ਰਾਤਾਂ ਦੇ ਪੈਂਡਿਆਂ ਵਿਚੋਂ ਚਾਨਣ ਦੀ ਪੈੜ ਲੱਭਦੀ ਹੈ!

ਮਿੰਟੂ ਬਰਾੜ ਕਲਮ ਫ਼ੜ ਕੇ ਪਹਾੜ ਨਾਲ਼ ਟਕਰਾਉਣ ਦੀ ਸਮਰੱਥਾ ਰੱਖਦਾ ਹੈ। ਸੂਰਮੇਂ ਇਤਿਹਾਸ ਸਿਰਜਦੇ ਹਨ, ਮੀਸਣੇ, ਬੇਈਮਾਨ ਅਤੇ ਗ਼ੱਦਾਰ ਇਤਿਹਾਸ ਵਿਗਾੜਦੇ ਹਨ, ਮੈਨੂੰ ਅਥਾਹ ਫ਼ਖ਼ਰ ਹੈ ਕਿ ਛੋਟੇ ਵੀਰ ਮਿੰਟੂ ਨੇ ਆਪਣੀ ਮਾਂ-ਮਿੱਟੀ ਦੀ ਬਾਤ ਪਾਉਂਦਿਆਂ ਇਤਿਹਾਸ ਦੇ ਵਿਚ ਚੰਦ ਪੰਨੇ ਜੋੜੇ ਹੀ ਹਨ, ਵਿਗਾੜੇ ਨਹੀਂ! ਬਹੁਤ ਘੱਟ ਲੋਕ ਹੁੰਦੇ ਹਨ, ਜੋ ਆਪਣੇ ਲੋਕਾਂ ਅਤੇ ਆਪਣੀ ਧਰਤੀ ਪ੍ਰਤੀ ਸੁਹਿਰਦ ਹੁੰਦੇ ਹਨ ਅਤੇ ਮਿੰਟੂ ਦੀਆਂ ਲਿਖਤਾਂ ਪੜ੍ਹ ਕੇ ਮਹਿਸੂਸ ਹੁੰਦਾ ਹੈ ਕਿ ਉਹ ਪੰਜਾਬ ਪ੍ਰਤੀ ਆਪਣੇ ਹਿਰਦੇ ਵਿਚ ਲਹੂ ਡੋਲ੍ਹਵਾਂ ਜਜ਼ਬਾ, ਜੋਸ਼ ਅਤੇ ਸ਼ਰਧਾ ਰੱਖਦਾ ਹੈ। ਜਦ ਬੰਦਾ ਇਮਾਨਦਾਰ ਹੋ ਕੇ ਕਿਸੇ ਕਾਰਜ ਵਾਸਤੇ ਠਿੱਲ੍ਹ ਪੈਂਦਾ ਹੈ, ਤਾਂ ਕੁਦਰਤ ਵੀ ਉਸ ਦੇ ਪੱਖ ਵਿਚ ਤੁਰ ਪੈਂਦੀ ਹੈ ਅਤੇ ਪੌਣਾਂ ਵੀ ਉਸ ਦੇ ਹੱਕ ਵਿਚ ਰੁਮਕਣ ਲੱਗ ਜਾਂਦੀਆਂ ਹਨ। ਮਿੰਟੂ ਦੀ ਇਮਾਨਦਾਰੀ ਦੇ ਸਬੂਤ ਲੋਕ ਹੁੰਗਾਰਾ ਅਤੇ ਉਸ ਨੂੰ ਵਾਰ-ਵਾਰ ਮਿਲ ਰਹੇ ਮਾਣ-ਸਨਮਾਨ ਹਨ! ਮੇਰੀ ਅਕਾਲ ਪੁਰਖ਼ ਅੱਗੇ ਇਹੀ ਦੁਆ ਹੈ ਕਿ ਪੁੱਤਰਾਂ ਵਰਗੇ ਇਸ ਨਿੱਕੇ ਵੀਰ ਨੂੰ ਅੱਗੇ ਹੀ ਅੱਗੇ ਵਧਣ ਦੀ ਸ਼ਕਤੀ ਦੇਵੇ ਅਤੇ ਮਾਂ-ਬੋਲੀ ਦਾ ਪਰਚਮ ਉਸ ਦੇ ਹੱਥ ਵਿਚ ਹਮੇਸ਼ਾ ਉੱਚਾ ਝੂਲਦਾ ਰਹੇ!!

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>