ਪੁਸਤਕ ਸਮੀਖਿਆ – ‘ਉਡਦੇ ਪਰਿੰਦੇ’… (ਸਮੀਖਿਅਕ- ਸਤਨਾਮ ਚੌਹਾਨ)

ਕਹਾਣੀ ਨਾਲ ਮਨੁੱਖ ਦੀ ਸਜੀਵਨ ਸਾਂਝ ਹੈ। ਵਾਪਰੀਆਂ, ਵੇਖੀਆਂ, ਸੁਣੀਆਂ ‘ਤੇ ਹੰਢਾਈਆਂ ਘਟਨਾਵਾਂ ਨੂੰ ਮਨੁੱਖ ਬੜੀ ਦਿਲਚਸਪੀ ਨਾਲ ਸੁਣਦਾ ਆਇਆ ਹੈ। ਗਿਆਨ-ਵਿਗਿਆਨ ‘ਤੇ ਆਧੁਨਿਕ ਸਾਧਨਾਂ ਤੋਂ ਵਿਰਵੇ ਲੋਕਾਂ ਵਿੱਚ ਪਹਿਲਾ ਕਹਾਣੀਆਂ ਸੁਣਨ ਦਾ ਰਿਵਾਜ ਸੀ। ਬੱਚੇ ਆਪਣੀ ਨਾਨੀ ਦਾਦੀ ਕੋਲ ਬੈਠ ਕੇ ਕਹਾਣੀਆਂ ਸੁਣ ਕੇ ਅਨੰਦ ਮਾਣਦੇ ਸਨ। ਏਨ੍ਹਾਂ ‘ਚੋ ਕੁਝ ਕਹਾਣੀਆਂ ਮੂਹੋ-ਮੂਹੀ ਪੀੜ੍ਹੀ-ਦਰ-ਪੀੜ੍ਹੀ ਤੁਰਦੀਆਂ ਲੋਕ ਕਹਾਣੀਆਂ ਬਣ ਗਈਆਂ। ਦਾਦੀ-ਨਾਨੀ ਦੋਆਰਾ ਬਚਪਨ ‘ਚ ਪਾਈ ਸਾਡੀ ਕਹਾਣੀਆਂ ਪ੍ਰਤੀ ਦਿਲਚਸਪੀ ਨੇ ਵਿਦਵਤਾ ਤੇ ਆਧੁਨਿਕਤਾ ਦੇ ਯੁੱਗ ਵਿੱਚ ਆ ਕੇ ਸਾਨੂੰ ਕਿਤਾਬਾਂ ਨਾਲ ਜੋੜ ਦਿੱਤਾ। ਕਈ ਪਾਠਕ ਬਣ ਕੇ ਕਹਾਣੀਆਂ ਨਾਲ ਜੁੜ ਗਏ। ‘ਤੇ ਕਈ ਸਿਰਜਣਹਾਰ ਬਣ ਕੇ।

ਅੱਜ ਮੈਂ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ‘ਚ ਵਸਦੇ ਨਵੇਂ ਉੱਭਰੇ ਕਹਾਣੀ-ਸਿਰਜਣਹਾਰੇ ‘ਰਵੀ ਸੱਚਦੇਵਾ’ ਦੇ ਨਵ-ਪ੍ਰਕਾਸ਼ਿਤ ਕਹਾਣੀ ਸੰਗ੍ਰਹਿ ‘ਉੱਡਦੇ ਪਰਿੰਦੇ’ ਦੀ ਸ਼ੈਲੀ, ਕਥਾਵਾਂ ਦੇ ਵਿਸ਼ੇ ‘ਤੇ ਉਨ੍ਹਾਂ ਆਂਤਰਿਕ ਘਟਨਾਵਾਂ ਦਾ ਉੱਲੇਖਣ ਕਰਨ ਦਾ ਯਤਨ ਕਰਾਗੀ।

ਜਿਆਦਾਤਰ ਵੇਖਿਆਂ ਗਿਆ ਹੈ ਕਿ ਕਿਸੇ ਉਦੇਸ਼ ਦਾ ਸਿੱਧਾ ਪ੍ਰਚਾਰ ਕਰਨ ਨਾਲ ਉਸ ਵਿੱਚੋਂ ਕਥਾ ਮਨਫ਼ੀ ਹੋ ਜਾਂਦੀ ਹੈ। ਪਰ ‘ਰਵੀ ਸੱਚਦੇਦਾ’ ਦੀਆਂ ਲਿਖੀਆਂ ਕਹਾਣੀਆਂ ਕਥਾਤਮਕ ਹਨ। ਇਨ੍ਹਾਂ ‘ਚੋਂ ਕਿਤੇ ਵੀ ਕਥਾ-ਰਸ ਗਾਇਬ ਨਹੀਂ ਹੋਇਆ। ਇਹ ਲੇਖਕ ਦੀ ਪਹਿਲੀ ਪ੍ਰਾਪਤੀ ਹੈ। ਇਸ ਕੋਲ ਕਾਵਿਮਈ ਮੁਹਾਵਰੇ ਭਰਪੂਰ ਭਾਸ਼ਾਈ ਸ਼ੈਲੀ ਹੈ। ‘ਤੇ ਨਾਲ ਹੀ ਦੇਸ਼ ਤੇ ਪ੍ਰਵਾਸ ਦਾ ਤਜ਼ਰਬਾ। ਲੇਖਕ ਆਪਣੀਆਂ ਕਹਾਣੀਆਂ ਪ੍ਰਤੀ ਖਰਾ ਉਤਰ ਕੇ ਸਾਹਿਤ-ਕਲਾ, ਸਮਾਜ ਦੀਆਂ ਗਲਤ ਕਦਰਾਂ-ਕੀਮਤਾਂ ਦਾ ਖੰਡਨ ਕਰਕੇ ਚੰਗੇ ਸਮਾਜ ਦੀ ਉਸਾਰੀ ਵੱਲ ਪਾਠਕਾਂ ਨੂੰ ਸੋਚਣ ਲਗਾਉਂਦਾ ਹੈ। ਇਸ ਪੁਸਤਕ ਦੀ ਪਹਿਲੀ ਕਹਾਣੀ ‘ਸੁੰਨਾ ਆਲ੍ਹਣਾ’.. ਪ੍ਰਦੇਸੀ ਵਸਦੇ ਪੁੱਤਰਾਂ ਬਾਂਝੋ, ਘਰ ਖਾਲੀ-ਖਾਲੀ ‘ਤੇ ਖ਼ਾਲੀ ਮਾਂ-ਬਾਪ ਦੀਆਂ ਅੱਖਾਂ..! ਇਹ ਇੱਕ ਵੱਡੀ ਤਰਾਸਦੀ ਹੈ ਸਾਡੇ ਸਮਾਜ ਵਿਚਲੀ..? ਵੱਡੇ-ਵੱਡੇ ਘਰਾਂ ‘ਚ ਕਿਨ੍ਹੀ ਗਮਗੀਨ ਜ਼ਿੰਦਗੀ ਜਿਉਦੇ ਨੇ ਮਾਪੇ? ਖੁਦਗਰਜ਼ ਪੁੱਤ ਦੁਬਾਰਾ ਮਾਂ ਨੂੰ ਬਿਰਧ ਆਸ਼ਰਮ ਛੱਡ, ਘਰ-ਜ਼ਮੀਨ ਵੇਚ, ਜਹਾਜੇ ਚੜ ਜਾਣਾ, ਪਰਦੇਸੀ ਬਣ ਜਾਣਾ, ਇੱਕ ਵੱਡਾ ਦੁਖਾਂਤ ਹੈ ਮਮਤਾ ਦਾ ਇਸ ਕਹਾਣੀ ਵਿੱਚ। ਜੋ ਮਨ ਅਤੀਅੰਤ ਭਾਵੁਕ ਕਰ ਦਿੰਦਾ ਹੈ। ਕਹਾਣੀ ‘ਦੂਹਰਾ ਝਾੜੂ’ ਇੱਕ ਹੋਰ ਸਫ਼ਲ ਕਹਾਣੀ ਹੈ ਇਸ ਸੰਗ੍ਰਹਿ ਦੀ। ਇਹ ਸਿੱਖ ਧਰਮ ‘ਚ ਪਈ ਆਪੋ-ਧਾਪੀ ਦੀ ਕਹਾਣੀ ਹੈ, ਜੋ ਆਪਣੇ ਨਿੱਜੀ ਮੁਫ਼ਾਦਾ ਨੂੰ ਸਾਹਵੇਂ ਰੱਖ ਕੇ ਧਰਮ ਮਰਿਯਾਦਾ ਦੀ ਹੁਕਮ-ਅਦੂਲੀ ਤੇ ਬੇਅਦਮੀ ਕਰਨ ਵਾਲੀਆਂ ਲੋਟੂ ਜੁੰਡਲੀਆਂ ਦੇ ਮੂੰਹ ਤੇ ਕਰਾਰੀ ਚਪੇੜ ਹੈ। ਆਪਣੇ-ਆਪ ਵਿੱਚ ਵੱਡੇ ਮਾਅਨੇ ਰੱਖਦੀ ਇਹ ਕਹਾਣੀ ਪਾਠਕਾਂ ਨੂੰ ਬਦੋਬਦੀ ਸੋਚਣ ਲਈ ਮਜਬੂਰ ਕਰਦੀ ਹੈ। ਕਹਾਣੀ ‘ਮਹਿਰਮ ਦਿਲ ਦਾ ਮਾਹੀ’…’ਚ ਟੁਮਾਰਾ ਦਾ ਪਿਆਰ ਇੱਕ ਵੱਖਰਾ ਹੀ ਅਹਿਸਾਸ ਕਰਵਾਉਂਦਾ ਹੈ। ਬਹੁਤ ਹੀ ਭਾਵਨਾਤਮਕ ਤੇ ਰੋਮਾਂਚ ਭਰਪੂਰ ਕਹਾਣੀ ਹੈ ਇਹ। ਮਨੁੱਖੀ ਰਿਸ਼ਤਿਆਂ ਦੇ ਟੁੱਟਣ, ਜੁੜਨ ਨੂੰ ਬਾਖੂਬੀ ਨਿਭਾਇਆ ਹੋਇਆ ਹੈ। ਲੇਖਕ ਨੇ ਕਹਾਣੀ ਵਿੱਚ ਹਿਲਾ ਦੇਣ ਵਾਲੇ ਕਮਾਲ ਦੇ ਸ਼ਬਦ ਚਿੰਤਰ ਸਿਰਜੇ ਹਨ, ਜੋ ਉਹਨੂੰ ਵਧਾਈ ਦਾ ਹੱਕਦਾਰ ਬਣਾਉਂਦੇ ਨੇ।

ਸੱਜਰਾ ਉੱਠਿਆ ਧੂੰਆਂ, ਪੈਂਡਾ ਸੰਗ ਪਰਛਾਵੇਂ, ਸੱਜਰੀਆਂ ਕਰੂੰਬਲਾਂ, ਢਲਦੇ ਪਰਛਾਵੇਂ, ਚਰ੍ਹੀਆਂ ਟੁੱਟਣੇ ਰਾਹ, ਆਂਚ ਪਰਲੋ, ਬਿਖੜੇ ਪੈਂਡੇ, ਮਹਿਰਮ ਦਿਲ ਦਾ ਮਾਹੀ ‘ਤੇ ਟੇਢੇ-ਮੇਢੇ ਰਾਹ.. ਮਾਨਵੀ-ਅਹਿਸਾਸੀ ਤਰੰਗਾਂ ‘ਚ ਖਰੂਦ ਮਚਾਉਣ ਵਾਲੀਆਂ ਇਨ੍ਹਾਂ ਕਹਾਣੀਆਂ ਦਾ ਕੇਂਦਰ ਭਾਵੇਂ ਤਿੜਕਦੇ ਮਾਨਵੀ-ਰਿਸ਼ਤੇ ‘ਤੇ ਮਰਦ-ਔਰਤ ਸਬੰਧਾਂ ਵਰਗੇ ਗੰਭੀਰ ਸਰੋਕਾਰ ਹਨ। ਪਰ ਨਾਲ-ਨਾਲ ਇਨ੍ਹਾਂ ਵਿਚਲੀਆਂ ਘਟਨਾਵਾਂ ਦੇਸ਼ੀ-ਪ੍ਰਵਾਸੀ ਮੁਸਕਲਾ ਨੂੰ ਵੀ ਬਿਆਨ ਕਰਦੀਆਂ ਹਨ।

ਖੂਹ ਦੇ ਡੱਡੂ, ਬਿਜੜਿਆਂ ਦੇ ਆਲ੍ਹਣੇ, ਬਲੈਕ ਆਊਟ ‘ਤੇ ਮੱਕੜਜਾਲ ਵਰਗੀਆਂ ਕਹਾਣੀਆਂ ਖੁਦਗਰਜ਼ ਪੁਲਸੀਆਂ, ਡਾਕਟਰਾਂ ‘ਤੇ ਸਾਧਾ ਦੁਆਰਾ ਹੁੰਦੇ ਮਾਨਵੀ-ਸ਼ੋਸ਼ਣ ਦੇ ਦਰਦ ਨੂੰ ਬਿਆਨ ਕਰਦੀਆਂ ਹਨ।

‘ਪੜਾਕੂ ਭਰਾ’ ਕਹਾਣੀ ‘ਚ ਕੁੜੀਆ ਹੱਲੇ ਵੀ ਗੁਲਾਮੀ ਦੀ ਜ਼ਿੰਦਗੀ ਜਿਉਂਦੀਆਂ ਹਨ, ‘ਤੇ ਮੁੰਡੇ ਅਜ਼ਾਦ। ਇਹ ਵਖਰੇਵਾਂ ਸਦੀਆਂ ਤੋਂ ਇਦਾਂ ਹੀ ਬਣਿਆ ਹੋਇਆ ਹੈ। ‘ਵੱਡੀ ਜਿੱਤ’ ਕਹਾਣੀ ਵਿੱਚ ਬੀਤੇ ਦਾ ਦਰਦ ਹੰਡਾਉਦੀ ਦਾਦੀ ਹੈ। ‘ਯਾਂਦਾ ਦੀ ਖ਼ੁਸ਼ਬੋ’ ਦਰਦ ਭਰੀ ਕਹਾਣੀ ਹੈ ਜੋ ਪਾਠਕ ਨੂੰ ਆਪਣੇ ਨਾਲ ਅੱਥਰੂ ਕੇਰਨ ਲਈ ਮਜ਼ਬੂਰ ਕਰ ਦਿੰਦੀ ਹੈ।

ਅੱਗੇ ਬਸ ਮੈਂ ਇਨ੍ਹਾਂ ਹੀ ਕਹਾਗੀ ਕਿ ‘ਉੱਡਦੇ ਪਰਿੰਦੇ’ ਵਿਚਲੀ ਹਰ ਕਹਾਣੀ ‘ਚ ਇੱਕ ਸੁਨੇਹਾ ਹੈ। ਇੱਕ ਦਰਦ ਹੈ। ਇੱਕ ਵਿਅੰਗ ਹੈ। ਦਰਮਿਆਨੇ ਅਕਾਰ ਦੀਆਂ ਇਨ੍ਹਾਂ ਕਹਾਣੀਆਂ ਨੂੰ ਹਰ ਪਾਠਕ ਕਵਿਤਾਵਾਂ ਦੀ ਕਿਤਾਬ ਵਾਂਗ ਇੱਕੋ ਬੈਠਕ ਵਿੱਚ ਪੜ ਸਕਦਾ ਹੈ। ਮੇਰਾ ਵਿਸ਼ਵਾਸ ਹੈ ਕਿ ਇਹ ਪੁਸਤਕ ਨਵੇਂ ਪਾਠਕਾਂ ਨੂੰ ਪੰਜਾਬੀ ਸਾਹਿਤ ਨਾਲ ਜੋੜਨ ਲਈ ਉੱਤਮ ਸਾਬਿਤ ਹੋਵੇਗੀ। ਭਾਵੇ ਲੇਖਕ ਦੀ ਇਹ ਪਹਿਲੀ ਪੁਸਤਕ ਹੈ, ਪਰ ਫਿਰ ਵੀ ਮੇਰਾ ਦਾਵਾ ਹੈ ਕਿ ਇਸ ਉੱਡਦੇ ਪਰਿੰਦਿਆਂ ਨਾਲ ਹਰ ਪਾਠਕ ਉਡਣ ਦਾ ਯਤਨ ਕਰੇਗਾ।

ਲਿਖਣ-ਕਲਾ ਪੱਖੋਂ ਇਸ ਕਿਤਾਬ ਬਾਰੇ ਜੇ ਮੈਨੂੰ ਲੇਖਕ ਨੂੰ ਕਹਿਣਾ ਪਵੇ ਤਾਂ ਮੈਂ ਇਹੋ ਕਹਾਂਗੀ ਕਿ.. ‘ਰਵੀ’ ਬਹੁਤਿਆਂ ਨਾਲੋਂ ਤੂੰ ਬਹੁਤ ਵਧੀਆ ਲਿਖਦਾ ਐ, ਪਰ.. ਜੇ ਤੂੰ ਇਸਨੂੰ ਉੱਤਮ ਮੰਨ ਕੇ ਤੁਰਦਾ ਜਾਵੇਗਾ ਤਾਂ ਓਥੇ ਹੀ ਖੜ੍ਹਾ ਰਹੇ ਜਾਵੇਗਾ। ਇਸ ਲਈ ਮੇਰੀ ਸਲਾਹ ਹੈ ਕਿ ਤੂੰ ਭਾਵੇਂ ਥੋੜ੍ਹਾ ਲਿਖ। ਪਰ ਪਹਿਲਾ ਚਿੰਤਨ ਕਰ। ਪੁਸਤਕਾਂ ਨਾਲ ਦੋਸਤੀ ਹੋਰ ਗੂੜ੍ਹੀ ਕਰ। ਮੈਨੂੰ ਤੇਰੀ ਕਲਮ ਤੋਂ ਅੱਗੋਂ ਹੋਰ ਵੀ ਉਮੀਦਾਂ ਨਜ਼ਰ ਆਉਂਦੀਆਂ ਹਨ। ਪ੍ਰਮਾਤਮਾ ਕਰੇ ਤੇਰੀ ਕਲਮ ਦਿਨ-ਬ-ਦਿਨ ਹੋਰ ਬੁੰਲਦੀਆਂ ਛੋਹੇ…!!
ਬਹੁਤ ਸਾਰੀਆਂ ਦੁਆਵਾ ਤੇ ਅਸੀਸਾਂ ਨਾਲ….

ਪੁਸਤਕ – ਉੱਡਦੇ ਪਰਿੰਦੇ
ਵਿਧਾ – ਕਹਾਣੀ ਸੰਗ੍ਰਹਿ
ਪੰਨੇ – 120

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>