ਗੁਰੂਆਂ ਦੀਆਂ ਪਵਿੱਤਰ ਦੁਰਲੱਭ ਨਿਸ਼ਾਨੀਆਂ ਦਾ ਰਾਜਨੀਤੀਕਰਨ ਮੰਦਭਾਗਾ

ਪੰਜਾਬ ਸਰਕਾਰ ਅਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਂਝੇ ਤੌਰ ਤੇ ਦਸ਼ਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ, ਸ੍ਰੀ ਗੁਰੂ ਤੇਗ ਬਹਾਦਰ ਅਤੇ ਸ੍ਰੀ ਗੁਰੂ ਹਰਿਗੋਬਿੰਦ ਜੀ ਦੀਆਂ ਪਵਿੱਤਰ ਦੁਰਲੱਭ ਨਿਸ਼ਾਨੀਆਂ 6 ਮਈ ਤੋਂ 20 ਮਈ ਤੱਕ ਆਮ ਲੋਕਾਂ ਦੇ ਦਰਸ਼ਨਾਂ ਲਈ ਸਮੁਚੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿਚ ਲਿਜਾਇਆ ਜਾ ਰਹੀਆਂ ਹਨ ਤਾਂ ਜੋ ਲੋਕ ਆਪੋ ਆਪਣੇ ਇਲਾਕਿਆਂ ਵਿਚ ਹੀ ਇਨ੍ਹਾਂ ਦੇ ਦਰਸ਼ਨ ਕਰਕੇ ਧਾਰਮਿਕ ਭਾਵਨਾਵਾਂ ਦੀ ਪੂਰਤੀ ਕਰ ਸਕਣ। ਇਹ ਯਾਤਰਾ ਪਟਿਆਲਾ ਤੋਂ ਸ਼ੁਰੂ ਹੋ ਕੇ ਆਨੰਦਪੁਰ ਸਾਹਿਬ 20 ਮਈ ਨੂੰ ਪਹੁੰਚੇਗੀ। ਇਨ੍ਹਾਂ ਨਿਸ਼ਾਨੀਆਂ ਨੂੰ ਤਖ਼ਤ ਕੇਸਗੜ੍ਹ ਸਾਹਿਬ ਵਿਖੇ ਪੱਕੇ ਤੌਰ ਤੇ ਸੰਗਤਾਂ ਦੇ ਦਰਸ਼ਨਾਂ ਲਈ ਰੱਖਿਆ ਜਾਵੇਗਾ। ਨਾਭਾ ਸਟੇਟ ਦੇ ਆਖ਼ਰੀ ਮਹਾਰਾਜਾ ਰਿਪੁਦਮਨ ਸਿੰਘ ਦੇ ਪੈਲੇਸ ਹੀਰਾ ਮਹਿਲ ਨਾਭਾ ਦੀ ਪਹਿਲੀ ਮੰਜ਼ਲ ਤੇ ਬਣੇ ਗੁਰਦੁਆਰਾ ਸਾਹਿਬ ਦੀ ਇਮਾਰਤ ਵਿਚ ਇਹ 14 ਪਵਿੱਤਰ ਨਿਸ਼ਾਨੀਆਂ ਸ਼ਸ਼ੋਭਤ ਸਨ। ਦੇਸ਼ ਦੇ ਅਜ਼ਾਦ ਹੋਣ ਤੋਂ ਬਾਅਦ ਵੀ ਇਹ ਇੱਥੇ ਹੀ ਰਹੀਆਂ। ਕਿਹਾ ਜਾਂਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਭੰਗਾਣੀ ਦੇ ਯੁੱਧ ਤੋਂ ਬਾਅਦ 10 ਪਵਿੱਤਰ ਨਿਸ਼ਾਨੀਆਂ ਜਿਨ੍ਹਾਂ ਵਿਚ ਇੱਕ ਦਸਤਾਰ, ਕੰਘਾ, ਕੇਸ, ਚੋਲ੍ਹਾ ਸਾਹਿਬ, 20 ਇੰਚ ਲੰਬਾ ਲੋਹੇ ਦਾ ਇੱਕ ਤੀਰ, ਸਾਢੇ ਤਿੰਨ ਇੰਚ ਲੰਬੀ ਸਿਰੀ ਸਾਹਿਬ, ਲੱਕੜ ਦੇ ਦਸਤੇ ਵਾਲਾ 30 ਇੰਚ ਲੰਬਾ ਬਰਛਾ, ਪੰਜ ਤੀਰ, ਤਿੰਨ ਕਿਰਪਾਨਾਂ ਅਤੇ ਇੱਕ ਹੱਥ ਲਿਖਤ ਹੁਕਮਨਾਮਾ ਵੀ ਸ਼ਾਮਲ ਸੀ, ਮੁਸਲਿਮ ਫ਼ਕੀਰ ਬੁਧੂੱ ਸ਼ਾਹ ਨੂੰ ਦਿੱਤੇ ਸਨ। ਇਨ੍ਹਾਂ ਵਿਚੋਂ ਇੱਕ ਕਿਰਪਾਨ ਰਾਏ ਕੱਲ੍ਹਾ ਵੱਲੋਂ ਗੁਰੂ ਸਾਹਿਬ ਨੂੰ ਭੇਂਟ ਕੀਤੀ ਗਈ ਸੀ। ਇਨ੍ਹਾਂ ਪਵਿੱਤਰ ਨਿਸ਼ਾਨੀਆਂ ਵਿਚ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨਾਲ ਸੰਬੰਧਤ 46 ਇੰਚ ਲੰਬੀ ਕਿਰਪਾਨ ਅਤੇ 22 ਇੰਚ ਲੰਬਾ ਕੋਰੜਾ ਸ਼ਾਮਲ ਹਨ। ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਸੰਬੰਧਤ ਇੱਕ ਸਿਰੀ ਸਾਹਿਬ ਜਿਸ ‘ਤੇ ‘ ਸਤ ਸ੍ਰੀ ਅਕਾਲ ਸ੍ਰੀ ਗੁਰੂ ਤੇਗ ਬਹਾਦਰ ’ ਉਕਰਿਆ ਹੋਇਆ ਹੈ ਵੀ ਸ਼ਾਮਲ ਹਨ, ਜੋ ਕਿ ਬਾਅਦ ਵਿਚ ਮਹਾਰਾਜਾ ਨਾਭਾ ਕੋਲ ਪਹੁੰਚ ਗਏ, ਜਿਨ੍ਹਾਂ ਨੂੰ ਉਨ੍ਹਾਂ ਨੇ ਸੰਗਤਾਂ ਦੇ ਦਰਸ਼ਨਾਂ ਲਈ ਹੀਰਾ ਮਹਿਲ ਦੇ ਗੁਰਦੁਆਰਾ ਸਾਹਿਬ ਵਿਚ ਸ਼ਸ਼ੋਭਤ ਕਰ ਦਿੱਤਾ। ਇਹ 14 ਨਿਸ਼ਾਨੀਆਂ ਤਿੰਨ ਗੁਰੂ ਸਾਹਿਬਾਨ ਦੀਆਂ ਹਨ। ਇਨ੍ਹਾਂ ਪਵਿਤਰ ਨਿਸ਼ਾਨੀਆਂ ਨੂੰ ਲਿਜਾਣ ਲਈ ਇੱਕ ਵਿਸ਼ੇਸ਼ ਬੱਸ ਤਿਆਰ ਕੀਤੀ ਗਈ ਹੈ।

ਮੁਖ ਮੰਤਰੀ ਪਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ, ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਸਿੱਖ ਸੰਗਤ ਅਤੇ ਅਕਾਲੀ ਦਲ ਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਹਾਜ਼ਰੀ ਵਿਚ ਪੰਜ ਸਿੰਘ ਸਾਹਿਬਾਨਾਂ ਨੇ ਯਾਤਰਾ ਨੂੰ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ ਤੋਂ ਰਵਾਨਾ ਕੀਤਾ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੇ ਧਾਰਮਿਕ ਸਥਾਨਾਂ ਅਤੇ ਧਾਰਮਿਕ ਭਾਵਨਾਵਾਂ ਦੀ ਰੱਖਵਾਲੀ ਕਰਨ ਦੀ ਜ਼ਿੰਮੇਵਾਰੀ ਨਿਭਾ ਰਹੀ ਹੈ। ਪ੍ਰੰਤੂ ਦੁੱਖ ਦੀ ਗੱਲ ਹੈ ਕਿ ਦੇਸ਼ ਦੇ ਅਾਜ਼ਾਦ ਹੋਣ ਤੋਂ ਬਾਅਦ ਵੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਜਿਹੀਆਂ ਨਿਸ਼ਾਨੀਆਂ ਜਿਹੜੀਆਂ ਹੋਰ ਵੀ ਬਹੁਤ ਥਾਵਾਂ ‘ਤੇ ਲੋਕਾਂ ਦੀ ਨਿੱਜੀ ਜਾਇਦਾਦ ਬਣੀਆਂ ਹੋਈਆਂ ਹਨ, ਨੂੰ ਆਪਣੇ ਕੋਲ ਅਜਾਇਬ ਘਰਾਂ ਵਿਚ ਰੱਖਣ ਲਈ ਕੋਈ ਕੋਸ਼ਿਸ਼ ਨਹੀਂ ਕੀਤੀ ਅਤੇ ਨਾ ਹੀ ਅਜੇ ਤੱਕ ਕੋਈ ਯੋਜਨਾ ਬਣਾਈ ਹੈ। ਦੁੱਖ ਦੀ ਗੱਲ ਤਾਂ ਇਹ ਹੈ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਆਸਤਦਾਨਾਂ ਦੇ ਗਲਬੇ ਅਧੀਨ ਆ ਗਈ ਹੈ ਜੋ ਕਿ ਉਨ੍ਹਾਂ ਨੂੰ ਆਪਣਾ ਕੰਮ ਕਰਨ ਨਹੀਂ ਦਿੰਦੇ ਸਗੋਂ ਧਰਮ ਨੂੰ ਸਿਆਸਤ ਦੀ ਆੜ ਬਣਾਕੇ ਵਰਤਦੇ ਹਨ। ਇੰਜ ਕਰਨ ਨਾਲ ਵਕਤੀ ਤੌਰ ਤੇ ਤਾਂ ਉਹ ਲਾਭ ਉਠਾ ਲੈਣਗੇ ਪ੍ਰੰਤੂ ਸਿੱਖ ਕੌਮ ਦਾ ਘੋਰ ਨੁਕਸਾਨ ਕਰ ਦੇਣਗੇ। ਮੁਢਲੇ ਤੌਰ ਤੇ ਵੇਖਿਆਂ ਇਹ ਸਪੱਸ਼ਟ ਹੁੰਦਾ ਹੈ ਕਿ ਕਾਹਲੀ ਵਿਚ ਇਨ੍ਹਾਂ ਪਵਿਤਰ ਦੁਰਲੱਭ ਨਿਸ਼ਾਨੀਆਂ ਦਾ ਪੰਜਾਬ ਵਿਚ ਗਰਮੀ ਦੇ ਮੌਸਮ ਵਿਚ ਜਦੋਂ ਕਿ ਕਿਸਾਨ ਤੇ ਮਜ਼ਦੂਰ ਕਣਕ ਦੀ ਫ਼ਸਲ ਨੂੰ ਸਾਂਭਣ ਵਿਚ ਜੁਟੇ ਹੋਏ ਹਨ, ਪ੍ਰੋਗਰਾਮ ਸਿਆਸੀ ਲਾਭ ਨੂੰ ਮੁੱਖ ਰੱਖਕੇ ਬਣਾਇਆ ਗਿਆ ਹੈ। ਇਸ ਕਾਹਲੀ ਦਾ ਮੁੱਖ ਕਾਰਨ ਪੰਜਾਬ ਸਰਕਾਰ ਜਿਹੜੀ ਮੋਗਾ ਬੱਸ ਕਾਂਡ ਕਰਕੇ ਬੁਰੀ ਤਰ੍ਹਾਂ ਪੰਜਾਬ ਦੇ ਲੋਕਾਂ ਅਤੇ ਵਿਰੋਧੀ ਪਾਰਟੀਆਂ ਦੇ ਵਿਰੋਧ ਦਾ ਸਾਹਮਣਾ ਕਰ ਰਹੀ ਸੀ, ਲੋਕਾਂ ਦਾ ਧਿਆਨ ਮੋਗਾ ਬੱਸ ਕਾਂਡ ਤੋਂ ਹਟਾਉਣ ਲਈ ਇਹ ਸਾਰਾ ਪਰਪੰਚ ਰਚਿਆ ਗਿਆ ਹੈ। ਪਹਿਲਾਂ ਵੀ ਇਹ ਪਵਿੱਤਰ ਨਿਸ਼ਾਨੀਆਂ ਦੇਸ਼ ਦੇ ਅਜ਼ਾਦ ਹੋਣ ਤੋਂ 68 ਸਾਲਾਂ ਤੋਂ ਏਸੇ ਤਰ੍ਹਾਂ ਪਈਆਂ ਸਨ। ਸਰਕਾਰ ਅਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਨ੍ਹਾਂ ਨਿਸ਼ਾਨੀਆਂ ਨੂੰ ਲੈਣ ਤੋਂ ਹੀ ਮੁਨੱਕਰ ਹੋ ਰਹੀ ਸੀ। ਤਰਲੋਚਨ ਸਿੰਘ ਦੇ ਦੱਸਣ ਅਨੁਸਾਰ ਜਦੋਂ ਉਹ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸਨ ਤਾਂ ਉਨ੍ਹਾਂ ਇਹ ਨਿਸ਼ਾਨੀਆਂ ਟਿੱਕਾ ਹਨੂੰਮੰਤ ਸਿੰਘ ਤੋਂ ਲੈਣ ਲਈ ਪਹਿਲਾਂ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਜੈ ਸਿੰਘ ਗਿੱਲ ਨੂੰ ਪੱਤਰ ਲਿਖਿਆ। ਮੁੱਖ ਸਕੱਤਰ ਨੇ ਧਾਰਮਿਕ ਮੱਸਲਾ ਕਹਿ ਕੇ ਟਾਲ ਦਿੱਤਾ। ਉਸ ਤੋਂ ਬਾਅਦ ਉਨ੍ਹਾਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲਿਖਿਆ। ਸ਼ਰੋਮਣੀ ਪ੍ਰਬੰਧਕ ਕਮੇਟੀ ਨੇ ਵੀ ਇਹ ਪਵਿੱਤਰ ਨਿਸ਼ਾਨੀਆਂ ਲੈਣ ਤੋਂ ਚੁੱਪ ਵੱਟ ਲਈ। ਦੋ ਸਾਲ ਪਹਿਲਾਂ ਜਦੋਂ ਹਾਈ ਕੋਰਟ ਨੇ ਹੁਕਮ ਕਰ ਦਿੱਤਾ ਤਾਂ ਪੰਜਾਬ ਸਰਕਾਰ ਨੇ ਇਨ੍ਹਾਂ ਨੂੰ ਲੈ ਕੇ ਇੱਕ ਕਮਰੇ ਵਿਚ ਬੰਦ ਕਰਕੇ ਰੱਖ ਦਿੱਤਾ। ਹੁਣ ਅਚਾਨਕ ਜਦੋਂ ਸਰਕਾਰ ਕਈ ਝਮੇਲਿਆਂ ਵਿਚ ਫਸ ਗਈ ਤਾਂ ਲੋਕਾਂ ਦਾ ਧਿਆਨ ਉਧਰੋਂ ਹਟਾਉਣ ਲਈ ਇਹ ਯਾਤਰਾ ਸ਼ੁਰੂ ਕਰ ਦਿੱਤੀ। ਅਕਾਲੀ ਦਲ ਮੁਸ਼ਕਲ ਦੇ ਸਮੇਂ ਵਿਚ ਹਮੇਸ਼ਾ ਧਰਮ ਦੀ ਆੜ ਦਾ ਆਸਰਾ ਲੈਂਦਾ ਹੈ। ਧਾਰਮਿਕ ਯਾਤਰਾ ਸ਼ੁਰੂ ਕਰਨੀ ਕੋਈ ਮਾੜੀ ਗੱਲ ਨਹੀਂ ਪ੍ਰੰਤੂ ਪਹਿਲਾਂ ਕਿਉਂ ਪਵਿੱਤਰ ਨਿਸ਼ਾਨੀਆਂ ਨੂੰ ਅਣਡਿੱਠ ਕੀਤਾ ਗਿਆ?

ਹੀਰਾ ਮਹਿਲ ਨਾਭਾ ਵਾਲਾ ਇਹ ਗੁਰਦੁਆਰਾ ਸਾਹਿਬ ਆਮ ਲੋਕਾਂ ਦੇ ਦਰਸ਼ਨਾਂ ਲਈ 1967 ਵਿਚ ਖੋਲ੍ਹਿਆ ਗਿਆ ਸੀ। ਨਾਭਾ ਰਿਆਸਤ ਦੇ 8ਵੇਂ ਮਹਾਰਾਜਾ ਪ੍ਰਤਾਪ ਸਿੰਘ ਨੇ ਆਪਣੀ ਕੁਝ ਜਾਇਦਾਦ ਦੀ ਵਸੀਅਤ ਦੋ ਟਰੱਸਟਾਂ ਦੇ ਨਾਂ ਕਰ ਦਿੱਤੀ, ਜਿਨ੍ਹਾਂ ਵਿਚੋਂ ਇੱਕ ਟਰੱਸਟ ਪੰਜਾਬ ਪਬਲਿਕ ਸਕੂਲ ਨਾਭਾ ਚਲਾਉਂਦੀ ਹੈ ਅਤੇ ਦੂਜੀ ਗੁਰਦੁਆਰਾ ਸਿਰੋਪਾਓ ਟਰੱਸਟ ਜਿਹੜੀ ਗੁਰਦੁਆਰਾ ਸਾਹਿਬ ਦਾ ਕੰਮ ਕਾਜ਼ ਵੇਖਦੀ ਹੈ, ਜਿਸ ਵਿਚ ਇਹ ਨਿਸ਼ਾਨੀਆਂ ਪਈਆਂ ਸਨ। ਮਹਾਰਾਜਾ ਪ੍ਰਤਾਪ ਸਿੰਘ 22 ਜੁਲਾਈ 1995 ਨੂੰ ਸਵਰਗ ਸਿਧਾਰ ਗਏ। ਉਸ ਤੋਂ ਬਾਅਦ ਉਨ੍ਹਾਂ ਦੇ ਸਪੁੱਤਰ ਟਿੱਕਾ ਹਨੂੰਮੰਤ ਸਿੰਘ ਨੂੰ ਉਨ੍ਹਾਂ ਦਾ ਵਾਰਿਸ ਹੋਣ ਕਰਕੇ ਇਹ ਦੋ ਇਮਾਰਤਾਂ ਜਿਨ੍ਹਾਂ ਦੀ ਵਸੀਅਤ ਮਹਾਰਾਜਾ ਪ੍ਰਤਾਪ ਸਿੰਘ ਨੇ ਕਰਵਾਈ ਹੋਈ ਸੀ ਸੀ ਨੂੰ ਛੱਡ ਕੇ (ਇੱਕ ਹੀਰਾ ਮਹਿਲ ਦਾ ਗਰਾਊਂਡ ਫਲੋਅਰ ਜਿਸ ਵਿਚ ਮਹਾਰਾਜਾ ਪ੍ਰਤਾਪ ਸਿੰਘ ਟਰੱਸਟ ਜਿਹੜੀ ਪੰਜਾਬ ਪਬਲਿਕ ਸਕੂਲ ਚਲਾਉਂਦੀ ਹੈ ਦਾ ਦਫਤਰ ਹੈ ਅਤੇ ਦੂਜੀ ਪਹਿਲੀ ਮੰਜ਼ਿਲ ਗੁਰਦੁਆਰਾ ਸਿਰੋਪਾਓ ਟਰੱਸਟ ਜਿਸ ਵਿਚ ਗੁਰਦੁਆਰਾ ਸਾਹਿਬ ਹੈ), ਬਾਕੀ ਸਾਰੀ ਜਾਇਦਾਦ ਦਾ ਉਹ ਮਾਲਿਕ ਬਣ ਗਿਆ। ਏਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਟਿੱਕਾ ਹਨੂੰਮੰਤ ਸਿੰਘ ਮੱਧ ਪ੍ਰਦੇਸ਼ ਦੇ ਸ਼ਾਹੀ ਪਰਿਵਾਰ ਵਿਚ ਵਸੁੰਦਰਾ ਰਾਜੇ ਸਿੰਧੀਆ ਨੂੰ ਵਿਆਹਿਆ ਹੋਇਆ ਹੈ, ਜੋ ਅੱਜ ਕਲ੍ਹ ਰਾਜਸਥਾਨ ਦੀ ਮੁਖ ਮੰਤਰੀ ਹੈ। ਹਨੂੰਮੰਤ ਸਿੰਘ 2000 ਵਿਚ ਹੀਰਾ ਮਹਿਲ ਨੂੰ ਨਾਭਾ ਦੇ ਭਾਰਤੀ ਜਨਤਾ ਪਾਰਟੀ ਦੇ ਵਪਾਰੀ ਓਮ ਪ੍ਰਕਾਸ਼ ਜਿੰਦਲ ਨੂੰ ਵੇਚ ਗਿਆ ਅਤੇ ਇਹ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਆਪਣੇ ਨਾਲ ਦਿੱਲੀ ਲੈ ਗਿਆ। ਓਮ ਪ੍ਰਕਾਸ਼ ਜਿੰਦਲ ਨੇ ਇਹ ਗੁਰਦੁਆਰਾ ਸਾਹਿਬ ਬੰਦ ਕਰ ਦਿੱਤਾ। ਨਾਭਾ ਪਬਲਿਕ ਸੋਸਾਇਟੀ ਨੇ ਪਵਿਤਰ ਦੁਰਲਭ ਨਿਸ਼ਾਨੀਆਂ ਟਿੱਕਾ ਹਨੂੰਮੰਤ ਸਿੰਘ ਵੱਲੋਂ ਨਾਭੇ ਤੋਂ ਲਿਜਾਣ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਕੇਸ ਕਰ ਦਿੱਤਾ ਜਿਸਦਾ ਫ਼ੈਸਲਾ 19 ਦਸੰਬਰ 2013 ਨੂੰ ਜਸਟਿਸ ਸੰਜੇ ਕੌਲ ਮੁਖ ਜਸਟਿਸ ਅਤੇ ਜਸਟਿਸ ਏ.ਸੀ.ਮਸੀਹ ਦੇ ਡਬਲ ਬੈਂਚ ਨੇ ਸੁਣਾਇਆ। ਹਾਈ ਕੋਰਟ ਨੇ ਫ਼ੈਸਲੇ ਵਿਚ ਇਹ ਪਵਿਤਰ ਨਿਸ਼ਾਨੀਆਂ ਪੰਜਾਬ ਸਰਕਾਰ ਨੂੰ ਸੌਂਪਣ ਦੇ ਹੁਕਮ ਕਰ ਦਿੱਤੇ ਅਤੇ ਨਾਲ ਹੀ ਇਨ੍ਹਾਂ ਨਿਸ਼ਾਨੀਆਂ ਨੂੰ ਨਾਭਾ ਵਿਖੇ ਹੀ ਸ਼ਸ਼ੋਭਤ ਕਰਨ ਦਾ ਹੁਕਮ ਵੀ ਕੀਤਾ। ਪੰਜਾਬ ਸਰਕਾਰ ਨੇ ਇਹ ਨਿਸ਼ਾਨੀਆਂ ਟਿੱਕਾ ਹਨੂੰਮੰਤ ਸਿੰਘ ਤੋਂ ਲੈ ਕੇ ਕਿਲਾ ਮੁਬਾਰਕ ਪਟਿਆਲਾ ਦੇ ਇੱਕ ਕਮਰੇ ਵਿਚ ਰੱਖ ਦਿੱਤੀਆਂ, ਜਿਥੇ ਇਹ ਪਈਆਂ ਰਹੀਆਂ। ਅਖ਼ਬਾਰਾਂ ਵਿਚ ਇਸ ਗੱਲ ਦਾ ਰੋਸ ਪ੍ਰਕਾਸ਼ਤ ਹੁੰਦੇ ਰਹੇ ਕਿ ਪਵਿਤਰ ਨਿਸ਼ਾਨੀਆਂ ਇਸ ਤਰ੍ਹਾਂ ਕਿਉਂ ਰੱਖੀਆਂ ਗਈਆਂ ਹਨ? ਸਰਕਾਰ ਨੇ ਗੌਲਿਆ ਹੀ ਨਹੀਂ। ਨਾਭਾ ਪਬਲਿਕ ਸੋਸਾਇਟੀ ਨੇ ਹਾਈ ਕੋਰਟ ਵਿਚ ਕੰਟੈਂਪਟ ਆਫ ਕੋਰਟ ਕੇਸ ਕਰ ਦਿੱਤਾ ਜਿਹੜਾ ਅਜੇ ਲਟਕ ਰਿਹਾ ਹੈ।

ਇਸ ਸਾਰੀ ਵਿਚਾਰ ਚਰਚਾ ਦਾ ਸਿੱਟਾ ਇਹ ਨਿਕਲਦਾ ਹੈ ਕਿ ਗਰੂ ਸਾਹਿਬਾਨ ਦੀਆਂ ਪਵਿੱਤਰ ਦੁਰਲੱਭ ਨਿਸ਼ਾਨੀਆਂ ਦੀ ਧਾਰਮਿਕ ਯਾਤਰਾ ਕੋਈ ਮਾੜੀ ਗੱਲ ਨਹੀਂ ਪ੍ਰੰਤੂ ਇਸ ਦੇ ਨਾਲ ਹੀ ਇਹ ਵੀ ਜ਼ਰੂਰੀ ਹੈ ਕਿ ਇਸ ਯਾਤਰਾ ਦਾ ਰਾਜਨੀਤੀਕਰਨ ਨਹੀਂ ਕਰਨਾ ਚਾਹੀਦਾ। ਇਹ ਨਿਸ਼ਾਨੀਆਂ ਇਕੱਲੇ ਅਕਾਲੀ ਦਲ ਦੀਆਂ ਨਹੀਂ ਹਨ, ਇਹ ਸਮੁੱਚੀ ਸਿੱਖ ਸੰਗਤ ਦੀਆਂ ਹਨ ਕਿਉਂਕਿ ਗੁਰੂ ਕਿਸੇ ਇੱਕ ਪਾਰਟੀ ਦੇ ਨਹੀਂ ਸਨ, ਉਹ ਤਾਂ ਸਮੁਚੀ ਮਾਨਵਤਾ ਦੇ ਸਨ। ਇਸ ਲਈ ਇਸ ਯਾਤਰਾ ਵਿਚ ਸਾਰੀਆਂ ਪਾਰਟੀਆਂ ਦੇ ਸਿੱਖਾਂ ਨੂੰ ਸ਼ਾਮਲ ਕਰਨਾ ਚਾਹੀਦਾ ਸੀ। ਗਿਆਨੀ ਜ਼ੈਲ ਸਿੰਘ ਜਦੋਂ ਪੰਜਾਬ ਦੇ ਮੁਖ ਮੰਤਰੀ ਸਨ ਤਾਂ ਉਨ੍ਹਾਂ ਗੁਰੂ ਗੋਬਿੰਦ ਸਿੰਘ ਮਾਰਗ ਦੀ ਯਾਤਰਾ ਆਨੰਦਪੁਰ ਸਾਹਿਬ ਤੋਂ ਤਖ਼ਤ ਦਮਦਮਾ ਸਾਹਿਬ ਤੱਕ ਲਿਆਂਦੀ ਸੀ, ਉਸ ਵਿਚ ਸਾਰੀਆਂ ਸਿਆਸੀ ਪਾਰਟੀਆਂ ਦੇ ਨੇਤਾ ਅਤੇ ਲੋਕ ਸ਼ਾਮਲ ਸਨ। ਆਨੰਦਪੁਰ ਸਾਹਿਬ ਦੇ 300 ਸਾਲਾ ਸਮਾਗਮਾਂ ਵਿਚ ਵੀ ਸਾਰਿਆਂ ਨੂੰ ਸ਼ਾਮਲ ਕੀਤਾ ਗਿਆ ਸੀ। ਇਸ ਤੋਂ ਸਾਬਤ ਹੁੰਦਾ ਹੈ ਕਿ ਅਕਾਲੀ ਦਲ ਨੇ ਆਪਣੇ ਨਿੱਜੀ ਸਿਆਸੀ ਹਿੱਤਾਂ ਦੀ ਪੂਰਤੀ ਲਈ ਇਹ ਧਾਰਮਿਕ ਯਾਤਰਾ ਦਾ ਆਯੋਜਨ ਕੀਤਾ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>