ਸਿੱਖ ਸਿਧਾਤਾਂ ਤੇ ਰਹਿਤ ਮਰਯਾਦਾ ਦੀ ਉਲੰਘਣਾ ਕਰਨ ਉਤੇ ਅਕਸਰ ਕਿਸੇ ਸਿੱਖ ਵਿਅਕਤੀ ਨੂੰ ਆਪਣਾ “ਸਪੱਸ਼ਟੀਕਰਨ” ਦੇਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹਜ਼ੂਰ ਹਾਜ਼ਿਰ ਹੋਣ ਲਈ ਤਲਬ ਕੀਤਾ ਜਾਂਦਾ ਹੈ। ਇਸ ਸਪਸ਼ਟੀਕਰਨ ਤੋਂ ਸਿੰਘ ਸਾਹਿਬਾਨ ਸਤੁੰਸ਼ਟ ਨਾ ਹੋਣ ਤਾਂ ਉਸ ਨੂੰ ‘ਤਨਖ਼ਾਹੀਆ’ (ਦੋਸ਼ੀ) ਕਰਾਰ ਦਿਤਾ ਜਾਂਦਾ ਹੈ ਤੇ “ਤਨਖ਼ਾਹ” (ਧਾਰਮਿਕ ਸਜ਼ਾ) ਲਗਾਈ ਜਾਂਦੀ ਹੈ। ਇਹ ‘ਤਨਖਾਹ’ ਪੂਰੀ ਹੋਣ ਉਤੇ ਉਸ ਨੂੰ ਮੁੜ ‘ਪੰਥ’ ਵਿਚ ਸ਼ਾਮਿਲ ਕੀਤਾ ਜਾਂਦਾ ਹੈ। ਕੋਈ ਵਿਅਕਤੀ ਤੱਲਬ ਕੀਤੇ ਜਾਣ ਉਤੇ ਹਾਜ਼ਿਰ ਨਾ ਹੋਵੇ, ਜਾਂ ਤਨਖਾਹ ਪੂਰੀ ਨਾ ਕਰੇ ਤਾਂ ਉਸ ਨੂੰ ਪੰਥ ਵਿਚੋਂ ‘ਛੇਕ’ ਦਿੱਤਾ ਜਾਂਦਾ ਹੈ, ਪਰ ਗੁਰੂ ਦੀ ਸ਼ਰਨ’ਚ ਆ ਕੇ ਖਿਮਾ ਜਾਚਣਾ ਕਰਨ ਅਤੇ ਤਨਖਾਹ ਲਗਵਾ ਕੇ ਪੂਰੀ ਕਰਨ ਉਪਰੰਤ ਪੰਥ ਵਿਚ ਮੁੜ ਸ਼ਾਮਿਲ ਕੀਤਾ ਜਾਂਦਾ ਰਿਹਾ ਹੈ।ਸਿੱਖ ਇਤਿਹਾਸ ਵਿਚ ਅਜੇਹੀਆਂ ਅਨੇਕਾਂ ਮਿਸਾਲਾਂ ਮੌਜੂਦ ਹਨ।
ਪ੍ਰਸਿੱਧ ਸਿੱਖ ਵਿਦਵਾਨ ਮਰਹੂਮ ਪ੍ਰਿੰਸੀਪਲ ਸਤਿਬਾਰ ਸਿੰਘ ਅਨੁਸਾਰ ਗੁਰੂ ਸਾਹਿਬਾਨ ਦੇ ਸਮੇਂ ਭਾਈ ਸੱਤਾ ਬਲਵੰਤ ਪਹਿਲੇ ਵਿਅਕਤੀ ਸਨ, ਜੋ ਪੰਥ ‘ਚੋਂ ਛੇਕੇ ਗਏ, ਪਰ ਉਨ੍ਹਾਂ ਨੂੰ ਮੁਆਫੀ ਮੰਗਣ ‘ਤੇ ਗੁਰੂ ਸਾਹਿਬ ਨੇ ਦੁਬਾਰਾ ਆਪਣੇ ਲੜ ਲਾਇਆ।
ਸਿੱਖ ਰਹਿਤ ਮਰਯਾਦਾ ਦੀ ਉਲਘਣਾ ਕਰਨ ਦੇ ਦੋਸ਼ ਵਿਚ ਅਕਾਲੀ ਫੂਲਾਂ ਸਿੰਘ ਨੇਮਹਾਰਾਜਾ ਰਣਜੀਤ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤਲਬ ਕੀਤਾ ਸੀ। ਮਹਾਰਾਜਾ ਇਕ ਨਿਮਾਣੇ ਸਿੱਖ ਵਾਂਗ ਪੇਸ਼ ਹੋਏ ਅਤੇ ਤਨਖਾਹ ਲਗਵਾਉਣ ਲਈ ਬਿਨੈ ਕੀਤੀ, ਤਾ ਉਨ੍ਹਾਂ ਦੀ ਨਿਮਰਤਾ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬ-ਉਚਤਾ ਅਗੇ ਸਿਰ ਝੁਕਾਉਣ ਨੂੰ ਦੇਖਦਿਆ ਬਿਨਾਂ ਤਨਖਾਹ ਲਗਾਏ ਹੀ ਮੁਆਫ ਕਰ ਦਿੱਤਾ ਗਿਆ ਸੀ, ਆਪਣੀ ਕਿਸਮ ਦੀ ਇਹ ਪਹਿਲੀ ਤੇ ਇਕੋ ਇੱਕ ਮਿਸਾਲ ਹੈ।
ਭਾਵੇਂ ਇਸ ਉਤੇ ਅਨੇਕਾਂ ਸਿੱਖ ਵਿਦਵਾਨਾਂ ਦੇ ਮੱਤਭੇਦ ਹਨ, ਰਾਮਗੜ੍ਹੀਆ ਮਿਸਲ ਦੇ ਆਗੂ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਆਪਣੀ ਨਵ-ਜੰਮੀ ਧੀ ਮਾਰਨ ਦੇ ਦੋਸ਼ ਵਿਚ ਪੰਥ ਵਿਚੋਂ ਛੇਕੇ ਗਏ ਸਨ ਪਰ ਮਗਰੋਂ ਜਦੋਂ ਮੁਗ਼ਲਾਂ ਵਲੋਂ ਕਿਲ੍ਹਾ ਰਾਮਰੌਣੀ ਵਿਚ ਘਿਰੇ ਸਿੱਖਾਂ ਨੂੰ ਆਪਣੇ ਤੀਰ ਨਾਲ ਬੰਨ੍ਹ ਕੇ ਉਨ੍ਹਾਂ ਖਿਮਾ ਜਾਚਨਾ ਲਈ ਬੇਨਤੀ ਕੀਤੀ, ਤਾਂ ਸਿੰਘਾਂ ਨੇ ਜੈਕਾਰੇ ਛੱਡ ਕੇ ਉਨ੍ਹਾਂ ਨੂੰ ਮੁਆਫ਼ ਕਰ ਦਿੱਤਾ।
ਅਹਿਮਦ ਸ਼ਾਹ ਅਬਦਾਲੀ ਦੀ ਮਦਦ ਕਰਨ ਦੇ ਦੋਸ਼ ਵਿਚ ਪਟਿਆਲਾ ਰਿਆਸਤ ਦੇ ਬਾਨੀ ਬਾਬਾ ਆਲਾ ਸਿੰਘ ਨੂੰ ਵੀ ਪੰਥ ‘ਚੋਂ ਛੇਕ ਦਿੱਤਾ ਗਿਆ ਸੀ, ਪਰ ਪਿੱਛੋਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਮੁਦਾਲਖ਼ਤ ਨਾਲ ਉਨ੍ਹਾਂ ਨੂੰ ਮੁਆਫ਼ ਕਰ ਦਿੱਤਾ ਗਿਆ।
ਵੀਹਵੀਂ ਸਦੀ ਵਿਚ ਬਾਬਾ ਖੇਮ ਸਿੰਘ ਬੇਦੀ, ਜੋ ਨਨਕਾਣਾ ਸਾਹਿਬ ਇਲਾਕੇ ਦੇ ਰਹਿਣ ਵਾਲੇ ਸਨ, ਨੂੰ ਵੀ ਗੁਰੂ ਸਾਹਿਬਾਨ ਵਾਂਗ ਗੱਦੀ ਲਗਾ ਕੇ ਦਰਬਾਰ ਲਗਾਉਣ ਅਤੇ ਗੁਰਦੁਆਰਾ ਲਹਿਰ ਦੌਰਾਨ ਮਹੰਤਾਂ ਦੀ ਮੱਦਦ ਕਰਨ ਕਾਰਨ ਪੰਥ ਚੋਂ ਛੇਕੇ ਗਏ ਸਨ। ਉਨ੍ਹਾਂ ਨੂੰ ਪੁੱਠੇ ਪੈਰੀਂ ਪੈਦਲ ਚਲ ਕੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਉਣ ਦੀ ‘ਤਨਖ਼ਾਹ’ ਲਗਾਈ ਗਈ ਸੀ, ਇਸ ਉਪਰੰਤ ਉਨ੍ਹਾਂ ਨੂੰ ਮੁਆਫ਼ ਕੀਤਾ ਗਿਆ।
ਗੁਰਦੁਆਰਾ ਲਹਿਰ ਦੌਰਾਨ ਹੀ ਸ. ਤੇਜਾ ਸਿੰਘ ਭਸੌਰ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਬਿਨਾਂ ਰਾਗ ਮਾਲਾ ਅਤੇ ਭਗਤਾਂ ਦੀ ਬਾਣੀ ਛਾਪਣ ਦੇ ਦੋਸ਼ ਵਿਚ ਪੰਥ ਵਿਚੋਂ ਛੇਕੇ ਗਏ ਸਨ। ਆਪਣੇ ਜੀਵਨ ਦੌਰਾਨ ਉਨ੍ਹਾਂ ਮੁਆਫ਼ੀ ਨਹੀਂ ਮੰਗੀ, ਪਰ ਉਨ੍ਹਾਂ ਦੀ ਮੌਤ ਪਿਛੋਂ ਉਨ੍ਹਾਂ ਦੇ ਪੁੱਤਰ ਨੇ ‘ਤਨਖਾਹ’ ਲਗਵਾ ਕੇ ਮੁਆਫੀ ਮੰਗੀ।ਇਸੇ ਤਰ੍ਹਾਂ ਗਿਆਨੀ ਭਾਗ ਸਿੰਘ ਨੂੰ ਵੀ ਚੌਪਾਈ ਸਾਹਿਬ ਬਾਰੇ ਕੋਈ ਇਤਰਾਜ਼ਯੋਗ ਟਿੱਪਣੀ ਕਰਨ ਪੰਥ ’ਚੋਂ ਛੇਕ ਦਿੱਤਾ ਗਿਆ ਸੀ, ਪਰ ਪਿੱਛੌਂ ਤਨਖਾਹ ਲਗਾ ਕੇ ਮੁਆਫ਼ ਕਰ ਦਿੱਤਾ ਸੀ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ੍ਰ. ਸੁਰਜੀਤ ਸਿੰਘ ਬਰਨਾਲਾ ਨੂੰ ਭਾਵੇਂ ਸ੍ਰੀ ਦਰਬਾਰ ਸਾਹਿਬ ਵਿਚ ਪੁਲਸ ਐਕਸ਼ਨ ਲਈ ‘ਤਨਖਾਹ’ ਲਗਾਈ ਗਈ ਸੀ, ਪਰ ਸ਼ਾਇਦ ਪਹਿਲੇ ਵਿਅਕਤੀ ਹਨ, ਜਿਨ੍ਹਾਂ ਨੂੰ ਰਾਜਸੀ ਕਾਰਨਾਂ ਕਰਕੇ ਪੰਥ ਚੋਂ ਛੇਕ ਦਿਤਾ ਗਿਆ ਸੀ।ਭਾਰਤ ਦੇ ਸੰਵਿਧਾਨ ਤੇ ਜਮਹੂਰੀ ਢੰਗ ਨਾਲ ਉਹ 25 ਸਤੰਬਰ 1985 ਤੋਂ ਮੁਖ ਮੰਤਰੀ ਵਜੋਂ ਵਿਚਰ ਰਹੇ ਸਨ, ਉਹ ਅਕਾਲੀ ਦਲ ਦੇ ਪ੍ਰਧਾਨ ਵੀ ਸਨ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਜੱਥੇਦਾਰ ਪ੍ਰੋ. ਦਰਸ਼ਨ ਸਿੰਘ ਨੇ ਸਾਲ 1986 ਦੌਰਾਨ ਏਕਤਾ ਕਰਨ ਲਈ ਅਕਾਲੀ ਦਲ ਦੇ ਦੋਨਾਂ ਧੜਿਆਂ ਨੂੰ ਆਪਣਾ ਆਪਣਾ ਅਕਾਲੀ ਦਲ ਭੰਗ ਕਰਨ ਦੇ ਆਦੇਸ਼ ਦਿਤੇ। ਸ੍ਰ. ਬਰਨਾਲਾ ਨੇ ਆਪਣਾ ਦਲ ਭੰਗ ਨਾ ਕੀਤਾ ਭਾਵੇਂ ਕਿ ਉਨ੍ਹਾਂ ਦੇ ਕਈ ਮੰਤਰੀ ਅਸਤੀਫਾ ਦੇ ਕੇ ਏਕਤਾ ਲਈ ਸ਼ਾਮਿਲ ਹੋ ਗਏ।ਮਈ 1987 ਵਿਚ ਉਨ੍ਹਾਂ ਦੀ ਸਰਕਾਰ ਭੰਗ ਕਰਕੇ ਰਾਸ਼ਟਰਪਤੀ ਰਾਜ ਲਾਗੂ ਕੀਤਾ ਗਿਆ। ਇਸ ਉਪਰੰਤ ਉਨ੍ਹਾਂ ਨੇ 1988-89 ਦੌਰਾਨ ਖਿਮਾ ਜਾਚਨਾ ਕੀਤੀ।ਪ੍ਰੋ. ਦਰਸ਼ਨ ਸਿੰਘ ਨੇ ਉਨ੍ਹਾਂ ਨੂੰ ਬੜੀ ਹੀ ਸਖ਼ਤ ਸਜ਼ਾ ਦਿਤੀ।ਉਨਾਂ ਨੂੰ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਇਕ ਥਮਲੇ ਨਾਲ ਬੰਨ੍ਹ ਦਿਤਾ ਗਿਆ ਤੇ ਗਲ ਵਿਚ ਇਕ ਤਖ਼ਤੀ ਪਾਈ ਗਈ, ਜਿਸ ਤੇ ਸ਼ਾਇਦ ਇਹ ਲਿਖਿਆ ਸੀ “ਮੈਂ ਪਾਪੀ ਤੂੰ ਬਖ਼ਸ਼ਣਹਾਰ”। ਬਰਨਾਲਾ ਸਾਹਿਬ ਨੇ ਬੜੀ ਹੀ ਨਿਮ੍ਰਤਾ ਨਾਲ ਇਕ ਨਿਮਾਣੇ ਸਿੱਖ ਵਾਂਗ ਸਾਰੀ ਤਨਖਾਹ ਪੂਰੀ ਕੀਤੀ।ਪ੍ਰੋ. ਦਰਸ਼ਨ ਸਿੰਘ ਨੇ ਜ਼ਾਤੀ ਕਿੜ ਕੱਢਣ ਦਾ ਯਤਨ ਕੀਤਾ।ਸਿੰਘ ਸਾਹਿਬਾਨ ਨੂੰ ਨਿੱਡਰ, ਨਿਰਪੱਖ ਤੇ ਸਿੱਖ ਸਿਧਾਤਾਂ ਅਨੁਸਾਰ ਵਿਚਰਨਾ ਚਾਹੀਦਾ ਹੈ। ਕਈ ਵਰ੍ਹੇ ਪਿਛੋਂ ਖੁਦ ਪ੍ਰੋ. ਦਰਸ਼ਨ ਸਿੰਘ ਗੁਰਬਾਣੀ ਦੇ ਕਿਸੇ ਉਲੰਘਣਾ ਕਾਰਨ ਪੰਥ ਚੋਂ ਛੇਕੇ ਗਏ,ਸਿੱਖ ਇਤਿਹਾਸ ਵਿਚ ਉਹ ਪਹਿਲੇ ਸਾਬਕਾ ਜੱਥੇਦਾਰ ਹਨ ਜੋ ਪੰਥ ਚੋਂ ਛੇਕੇ ਗਏ, ਹਾਲੇ ਤਕ ਉਨ੍ਹਾਂ ਖਿਮਾ ਜਾਚਨਾ ਨਹੀਂ ਕੀਤੀ।
ਭਾਰਤ ਤੇ ਤਤਕਾਲੀ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੂੰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਉਤੇ ਫੌਜੀ ਹਮਲੇ ਲਈ “ਤਨਖਾਹੀਆ” ਘੋਸ਼ਿਤ ਕੀਤਾ ਗਿਆ ਸੀ, ਕਿਉਂ ਜੋ ਉਹ ਫੌਜਾਂ ਦੇ ਸੁਪਰੀਮ ਕਮਾਂਡਰ ਸਨ, ਇਸ ਲਈ ਜ਼ਿਮੇਵਾਰ ਸਮਝੇ ਗਏ।ਉਨ੍ਹਾਂ ਆਪਣੇ ਪ੍ਰੈਸ ਸਕੱਤਰ ਸ. ਤਰਲੋਚਨ ਸਿੰਘ ਤੇ ਸ.ਰਵੇਲ ਸਿੰਘ ਐਡਵੋਕੇਟ ਰਾਹੀ ‘ਸਪੱਸ਼ਟੀਕਰਨ” ਭੇਜਿਆ ਕਿ ਸ੍ਰੀਮਤੀ ਗਾਂਧੀ ਨੇ ਫੌਜੀ ਹਮਲਾ ਕਰਨ ਸਮੇਂ ਉਨਹਾਂ ਨੂੰ ਵਿਸ਼ਵਾਸ਼ ਵਿਚ ਨਹੀਂ ਲਿਆ ਸੀ।
ਸਾਬਕਾ ਕੇਂਦਰੀ ਮੰਤਰੀ ਸ੍ਰੀ ਬੂਟਾ ਸਿੰਘ ਨੂੰ ਵੀ ਅਪਰੇਸ਼ਨ ਬਲਿਊ ਸਟਾਰ ਦੌਰਾਨ ਢਹਿ ਢੇਰੀ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮੁਰੰਮਤ ਦੀ ‘ਕਾਰ ਸੇਵਾ’ ਸਿੱਖ ਸਿਧਾਂਤਾ ਦੀ ਉਲੰਘਣਾ ਕਰਕੇ ਨਿਹੰਗ ਨੇਤਾ ਬਾਬਾ ਸੰਤਾ ਸਿੰਘ ਤੋਂ ਕਰਵਾਉਣ ਲਈ ਜੋ ਸਤੰਬਰ 1984 ਨੂੰ ਹੋਈ ਸਰਬ ਸੰਸਾਰ ਸਿੱਖ ਕਨਵੈਨਸ਼ਨ ਸਮੇਂ ਸਿੰਘ ਸਾਹਿਬਾਨ ਵਲੋਂ “ਤਨਖਾਹੀਆ’ ਕਰਾਰ ਦਿੱਤਾ ਗਿਆ ਤੇ ਪਿਛੋਂ ਪੰਥ ਚੋਂ ਛੇਕ ਦਿੱਤਾ ਗਿਆ। ਉਨਹਾਂ ਨੇ ਜਨਵਰੀ 1994 ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਹਾਜ਼ਿਰ ਹੋ ਕੇ ‘ਤਨਖਾਹ’ ਲਗਵਾਈ ਤੇ ਮੁੜ ਪੰਥ ਵਿਚ ਸ਼ਾਮਿਲ ਕੀਤੇ ਗਏ।
ਇਸੇ ਤਰ੍ਹਾਂ ਸਮੇਂ ਸਮੇਂ ਕਿਸੇ ਸਿੱਖ ਸਿਧਾਂਤ ਦੀ ਉਲੰਘਣਾ ਕਾਰਨ ਸਮੇਂ ਸਮੇਂ ਕਿਸੇ ਨਾ ਕਿਸੇ ਸਿੱਖ ਆਗੂ ਨੂੰ ਪੰਥ ਚੋਂ ਛੇਕ ਦਿੱਤਾ ਜਾਂਦਾ ਹੈ।ਕਦੀ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਜਾਂ ਆਦੇਸ਼ ‘ਇਲਾਹੀ ਹੁਕਮ’ ਸਮਝਿਆ ਜਾਂਦਾ ਸੀ, ਹੁਣ ਕਈ ਸਿੱਖ ਪਰਵਾਹ ਨਹੀਂ ਕਰਦੇ, ਜੱਥੇਦਾਰ ਅਕਾਲ ਤਖ਼ਤ ਸਾਹਿਬ ਤੇ ਦੂਸਰੇ ਸਿੰਘ ਸਾਹਿਬਾਨ ਦੀ “ਨਿਰਪੱਖਤਾ” ਤੇ ‘ਸੁਹਿਰਦਤਾ” ਉਤੇ ਕਿੰਤੂ ਪ੍ਰੰਤੂ ਕੀਤੇ ਜਾਣ ਲਗੇ ਹਨ।