ਛਿੰਝ

ਬਾਪੂ ਜੀ ਦੇ ‘ਤੁਰ-ਜਾਣ’ ਪਿੱਛੋਂ ਮਾਂ ਜੀ ਦੀ ਹਾਲਤ ਬਹੁਤ ਈ ਵਿਗੜ ਗਈ ।
ਪਹਿਲਾਂ ਜਦ ਵੀ ਉਹ ਉਦਾਸ ਹੁੰਦੀ , ਉਸ ਦਾ ਲਾਲ-ਲਾਲ ਚਿਹਰਾ ਥੋੜ੍ਹਾ ਕੁ ਮੰਦਾ ਪੈ ਜਾਂਦਾ । ਗਹਿਰ-ਗੰਭੀਰ ਅੱਖਾਂ ਥੋੜ੍ਹਾ ਹੋਰ ਡੂੰਘੀਆਂ ਦਿੱਸਣ ਲੱਗਦੀਆਂ । ਤਣੀਆਂ ਰਹਿੰਦੀਆਂ ਭਵਾਂ ਰਤਾ-ਮਾਸਾ ਢਿਲਕ ਜਾਂਦੀਆਂ । ਪਰ , ਹੁਣ…ਹੁਣ ਤਾਂ ਉਸ ਦਾ ਸਦਾ-ਬਹਾਰ ਚਿਹਰਾ ਮਾਤਮ ਦੀ ਮੂਰਤੀ ਈ ਬਣ ਗਿਆ । ਦਗ-ਦਗ ਕਰਦਾ ਮੱਥਾ ਪੀਲਾ-ਫੂਕ ਨਿਕਲ ਆਇਆ । ਗੋਰਾ-ਚਿੱਟਾ ਰੰਗ ਇਕ-ਦਮ ਧੁਆਂਖਿਆ ਗਿਆ ।
ਚਲਦੀ ਫਿਰਦੀ ਕਬਰ ਜਿਹੀ ਬਣ ਗਈ ਸੀ ਮਾਂ ਜੀ ।
ਮਾਂ ਜੀ ਨੂੰ ਸਮਝ ਨਹੀਂ ਸੀ ਆਉਂਦੀ , ਉਹ ਕੀ ਕਰੇ , ਕੀ ਨਾ ਕਰੇ , ਏਸ ਨੌਨਿਹਾਲ ਦਾ …!
ਨੌਨਿਹਾਲ ਮਾਂ ਕੀ ਦਾ ਤੀਜਾ ਪੁੱਤਰ ਸੀ – ਹੋਣਹਾਰ , ਪਰ ਸਿਰੜੀ ।
ਉਂਝ ਕੁਲ-ਮਿਲਾ ਕੇ ਤਿੰਨ ਪੁੱਤਰ ਸਨ ਮਾਂ ਜੀ ਦੇ । ਸੋਹਣੇ-ਸੁਨੱਖੇ ।ਹੱਡਾਂ ਪੈਰਾਂ ਤੋਂ ਮੋਕਲ੍ਹੇ । ਰੰਗ-ਰੂਪ ਗੋਰੀ –ਚਿੱਟੀ ਮਾਂ ਵਰਗਾ । ਡੀਲ-ਡੌਲ ਪਹਿਲਵਾਨ ਪਿਓ ਵਰਗੀ । ਤਿੰਨਾਂ ਦੀ ਉਸਾਰੀ ਪਿੱਛੇ ਮਾਂ ਦੇ ਨਰਮ-ਨਿੱਘੇ ਮੋਹ ਦਾ ਵੀ ਹੱਥ ਸੀ ਤੇ ਬਾਪੂ ਜੀ ਦੀ ਕੌੜੀ-ਤਿੱਖੀ ਝਿੜਕ ਦਾ ਵੀ । ਬਾਪੂ ਜੀ ਨੇ ਵਾਰੀ ਸਿਰ ਸੱਭ ਦੀਆਂ ਹੱਥੀਂ ਮਾਲਸ਼ਾਂ ਕੀਤੀਆਂ । ਅਖਾੜਿਆਂ ‘ਚ ਆਪ ਜੁੱਟ ਲੜੇ । ਜਦ ਦੇਖਿਆ , ਮੁੰਡਾ ਉਹਨਾਂ ਦੀ ਪਕੜ ਛੁਡਾਉਣ ਜੋਗਾ ਹੋ ਗਿਆ , ਉਹਨੂੰ ਥਾਪੀ ਦਿੱਤੀ ਤੇ ਉਹਦਾ ਘਰ ਵਸਦਾ ਕਰਕੇ ਆਖਿਆ –“ ਲੈ ਬੱਲਿਆ , ਹੁਣ ਖਾ ਕਮਾ ! ਤੇਰਾ ਚਿੱਤ ਆਵੇ ਘਰ ਦੀ ਜੋਗ ਸਾਂਭ ਲੈ, ਚਿੱਤ ਆਵੇ ਟਰੈਕਟਰ ਲੈ ਲੈ …….! “
ਵੱਡਾ ਗੁਰਬਖ਼ਸ਼ਾ ਸਾਊ ਬੰਦਾ ਸੀ । ਪੂਰਾ ਸਾਧ-ਬਿਰਤੀ । ਨਾ ਕਿਸੇ ਦੀ ਮਾੜੀ ‘ਚ , ਨਾ ਕਿਸੇ ਦੀ ਚੰਗੀ ‘ਚ । ਚੱਤੇ –ਪਹਿਰ ਆਪਣੇ ਕੰਮ ਨਾਲ ਕੰਮ । ਆਖਣ ਲੱਗਾ – “ ਮੈਂ ਤਾਂ ਜੋਗ ਈ ਵ੍ਹਾਊਂ । ਮੈਂ ਨਈਂ ਬਣਦਾ ਹੱਡ-ਰੱਖ । ਨਾ ਈ ਮੈਤੋਂ ਤਕਾਬੀਆਂ ਪਿੱਛੇ ਮੁੱਚ-ਮੁੱਚ ਹੁੰਦੀ ਆਂ ……..! “
ਉਸ ਦਾ ਸਹਿਜ ਵਰਤਾਓ ਦੇਖ ਕੇ ਬਾਪੂ ਜੀ ਬੇ-ਹੱਦ ਪ੍ਰਸੰਨ ਹੋਏ । ਪਰ ਮਾਂ ਜੀ ……. ਮਾਂ ਜੀ ਦੀ ਤਾਂ ਜਿਵੇਂ ਆਂਦਰ ਈ ਕੱਟੀ ਗਈ ਹੋਵੇ , ਐਨ ਵਿਚਕਾਰੋਂ ਕਰ ਕੇ । ਉਹ ਫਿਰ ਮੁਰਝਾ ਗਈ । ਜੜੋਂ ਉੱਖੜੇ ਰੁੱਖ ਵਾਂਗ ਕੁਮਲਾ ਗਈ । ਗਹਿਰ-ਗੰਭੀਰ ਅੱਖਾਂ ਹੋਰ ਡੂੰਘੀਆਂ-ਡੂੰਘੀਆਂ ਦਿਸਣ ਲੱਗੀਆਂ ।
ਫਿਰ ….. ਸਹਿੰਦੀ ਸਹਿੰਦੀ ਮਾਂ ਜੀ ਥੋੜ੍ਹੇ ਕੁ ਚਿਰੀਂ ਸਭ ਕੁਝ ਸਹਾਰ ਗਈ । “ …. ਉਹ ਜਾਣੈ , ਹੈਅ ਤਾ ਮਾਂ ਦੀਆਂ ਅੱਖਾਂ ਸਾਹਮਣੇ ਈ ਨਾ …. ਮੇਰਾ ਸਾਂਈ ਪੁੱਤ , ਮੇਰੀ ਸੁੱਖਾਂ-ਲੱਧੀ ਨੋਹ …. ” ਵਿਆਹੇ –ਵਰੇ ਬਖਸ਼ੇ ਨੂੰ ਅਜੇ ਉਹ ਨੰਨ੍ਹਾਂ-ਮੁੰਨਾ ਬਾਲ ਹੀ ਸਮਝਦੀ ਸੀ । “ ….ਮਾਵਾਂ ਦਾ ਪੱਛੀ ਲੱਗਣਾ ਚਿੱਤ ਈ ਐਹੋ ਜਿਆ ਹੰਦਆ …..”, ਉਹ ਅਕਸਰ ਆਖਦੀ ।
ਆਉਂਦੀ ਹਾੜੀ ਨੂੰ ਜੇਠੀ ਨੋਂਹ ਦੀ ਭਾਰੀ ਪਿੱਠ ‘ਤੇ ਹੱਥ ਰੱਖ ਕੇ ਮਾਂ ਜੀ ਨੇ ਫਿਰ ਆਖਿਆ – “ ਬਓਤੇ ਔਖੇ ਭਾਰੇ ਕੰਮ ਨਾ ਕਰਿਆ ਕਰ ਬੀਬੀ ਰਾਣੀ …ਮੈਨੁੰ ਆਖ ਦਿਆ ਕਰ , ਮੈਂ ਜੁ ਹੈਗੀ ਆਂ ਲਾਗੇ ਮਾਂ-ਸਦਕੇ …..! “
“  ਕੋਈ ਗੱਲ ਨਈਂ ਮਾਂ ਜੀਈ ,ਮੈਂ ….ਮੈਂ ਕੋਈ ਸ਼ੈਰ੍ਹਨ ਥੋੜ੍ਹੀ ਆਂ …ਸਿੰਘੋਆਲੀਏ ਜੱਟਾਂ ਦੀਆਂ ਧੀਆਂ ਤਾਂ ਦੂਜੇ ਦਿਨ ਹੀ ਗੋਹਾ –ਕੂੜਾ ਕਰਨ ਲੱਗ ਪੈਂਦੀਈਆਂ …ਆਂ…!”
ਨੌਂਹ ਦੀ ਹਿੰਮਤ ਦੇਖ ਕੇ ਮਾਂ ਜੀ ਦੀ ਟਹਿਕ-ਮਹਿਕ ਫਿਰ ਪਰਤ ਆਈ । ਕੁਮਾਲਾਇਆ-ਮੁਰਝਾਇਆ ਚਿਹਰਾ ਮੁੜ ਪਹਿਲੀਆਂ ਵਾਂਗ ਚਮਕਣ ਲੱਗਾ । ਘਰ-ਬਾਹਰ,ਚੌਂਕਾ-ਵਿਹੜਾ,ਹਾੜ੍ਹੀ-ਸੌਣੀ , ਮਾਲ-ਡੰਗਰ ਸਭ ਮੂਹਰਲੀ ਕੀਲੀ ਹੋ ਤੁਰੇ ।
ਦੋ ਕੁ ਵਰ੍ਹੇ ਬੀਤ ਜਾਣ ‘ਤੇ ਦੋ ਸਾਲ ਪਹਿਲਾਂ ਵਾਲਾ ਘਟਨਾ ਚੱਕਰ ਫਿਰ ਚੱਲ ਗਿਆ ।
ਬਾਹਰਲੀ ਬੈਠਕੋਂ ਸੁਣਦਾ ਬੋਲ-ਬੁਲਾਰਾ ਕੁਝ ਓਪਰਾ-ਓਪਰਾ ਜਿਹਾ ਲੱਗਾ ਮਾਂ ਜੀ ਨੂੰ ….!
ਪਹਿਲੋਂ ਕਦੀ ਕਿਸੇ ਗੱਲ ਦਾ ਓਹਲਾ ਨਹੀਂ ਸੀ ਰੱਖਿਆ , ਘਰ ਦੇ ਕਿਸੇ ਜੀਅ ਨੇ , ਉਸ ਤੋਂ ….ਖਿੜਕੀ ਦੀ ਓਟ ਲੈ ਕੇ ਮਾਂ ਜੀ ਸਾਰਾ ਕੁਝ ਸੁਣਦੀ ਰਹੀ । ਵਿਚਕਾਰਲਾ ਬੰਸਾ ਹਿਰਖਿਆ ਬੈਠਾ ਸੀ ਬਾਪੂ ਜੀ ਅੱਗੇ । ਸੁਭਾਅ ਅਨੁਸਾਰ ਬਾਪੂ ਜੀ ਦਬਕੇ ਤੇ ਦਬਕਾ ਮਾਰ ਰਹੇ ਸਨ , ਉਸ ਨੂੰ  …..ਜਦ ਕੋਈ ਵਾਹ-ਪੇਸ਼ ਨਾ ਗਈ ਤਾਂ ਉੱਠ ਕੇ ਬਾਹਰ ਚਲੇ ਗਏ ।ਹਫੇ-ਹਫੇ , ਹਾਰੇ –ਹਾਰੇ ।
ਪਹਿਲੋਂ ਜਦ ਵੀ ਘਰ ‘ਚ ਕੋਈ ਐਹੋ-ਜਿਹਾ ਰਗੜਾ-ਝਗੜਾ ਚਲਦਾ , ਬਾਪੂ ਜੀ ਕਦੀ ਮੈਦਾਨ ਨਾ ਛੱਡਦੇ । ਪਾਰਾ , ਪੂਰਾ ਸੌ ਡਿਗਰੀ ‘ਤੇ ਰੱਖਦੇ । ਪਰ ਹੁਣ …ਹੁਣ ਤਾਂ ਅਣਹੋਣੀ ਜਿਹੀ ਹੀ ਵਾਪਰ ਗਈ ਸੀ ਬਾਪੂ ਜੀ ਹੋਰਾਂ ਨਾਲ …..!
ਬੱਸ ਏਨੀ ਕੁ ਗੱਲ ਨਾਲ ਮਾਂ ਜੀ ਮੁੜ ਉਦਾਸ ਹੋ ਗਈ , ਚੁੱਪ-ਚੁੱਪ ਜਿਹੀ । ਰੋਣ-ਹਾਕੀ ।
ਜਦ ਅਸਲ ਮਸਲੇ ਦਾ ਪਤਾ ਲੱਗਾ,ਪਾਸਾ ਫਿਰ ਪਰਤ ਗਿਆ – ਬਾਬਕੀਆ ਪਟਵਾਰੀ ਆਪਣੀ ਭਾਣਜੀ ਨਾਲ ਰਿਸ਼ਤਾ ਕਰਨਾ ਚਾਹੁੰਦਾ ਸੀ , ਬੰਸੇ ਦਾ ,ਕਨੇਡੇ …… ਬਾਪੂ ਜੀ ਹਾਂ ਕਾਰ ਆਏ ਸਨ , ਬਾਹਰੋ-ਬਾਹਰ । ਕਿਸੇ ਭਾਨੀ-ਮਾਰ ਤੋਂ ਲੁਕਾ-ਛੁਪਾ ਰੱਖਣ ਲਈ , ਐਹੋ ਜਿਹਾ ਕੀਮਤੀ ਰਿਸ਼ਤਾ । ਏਥੋਂ ਤੱਕ ਕਿ ਉਹਨਾਂ ਮਾਂ ਜੀ ਤੱਕ ਵੀ ਧੂੰਅ ਨਾ ਕੱਢੀ । ਮਤੇ , ਇਸਤਰੀ ਮੱਤ ਸਹਿ-ਸੁਭਾ ਈ ਕਿਧਰੇ , ਦੱਸ ਬੈਠੇ । ਪਰ ,ਬੰਸਾ ਪੈਰਾਂ ‘ਤੇ ਪਾਣੀ ਨਹੀਂ ਸੀ ਪੈਣ ਦਿੰਦਾ । ਆਖੇ-ਦੱਸੇ ਵੀ ਕੁਝ ਨਾ । ਮਨੂਰ ਜਿਹਾ ਬਣਿਆ , ਸਿਰ ਜਿਹਾ ਮਾਰੀ ਗਿਆ । ਨਾਂਹ-ਨਾਂਹ ਕਰੀ ਗਿਆ । ਜੇ ਕੁਝ ਬੋਲਦਾ ਈ ਬੋਲਦਾ ਤਾਂ ਆਖਦਾ – “ ਮੈਂ ਅਜੇ ਪੜ੍ਹਨਆਂ ….ਬੀ.ਐਸ.ਸੀ. ਕਰਨੀ ਆਂ ਖੇਤੀਬਾੜੀ ਦੀ , ਲੁਧਿਆਣਿਓਂ । ਬਾਰਾਂ ਜਮਾਤਾਂ ਵੀ ਕੋਈ ਪੜ੍ਹਾਈ ਹੁੰਦੀ ਆ ! “ ਬਾਪੂ ਜੀ ਅੱਗੋਂ ਝਈ ਲੈ ਕੇ ਪੈਂਦੇ ਉਹਨੂੰ- “ ਬੀ.ਸੀ. ਕਰਕੇ ਤੂੰ ਜਣ ਖੇਤੀ ਕਰੇਂਗਾ । ਦੀਹਦੇ ਨਹੀਂ ਪਾੜ੍ਹੇ ,ਥਾਂ ਪੁਰ ਥਾਂ ਘੁੰਮਦੇ । ਮਟਰ-ਗਸ਼ਤੀਆਂ ਕਰਕੇ । ਲੱਤਾਂ ‘ਚ ਚੂਹੇ-ਹੁੜਨੀਆਂ ਜਿਹੀਆਂ ਫਸ ਕੇ ਸਾਰਾ-ਸਾਰਾ ਦਿਨ ਹਿੜ-ਹਿੜ ਕਰਦੇ । ਨਾ ਘਰ ਕੁਸ਼ ਸੁਆਰਦੇ ਆ ,ਨਾ ਬਾਹਰ ਦਾਅ….!”
ਡਾਂਵਾਂ-ਡੋਲ ਹੋਇਆ ਬੰਸਾ, ਬਾਪੂ ਜੀ ਤੋਂ ਪਰੇ-ਪਰੇ ਰਹਿਣ ਲੱਗਾ ।
ਬਾਪੂ ਜੀ ਚਿੱਤ ਹੋਇਆ ਜਾਚ ਕੇ ,ਮਾਂ ਜੀ ਨੇ ਪਿੜ ਸਾਂਭ ਲਿਆ । ਆਖਣ ਲੱਗੀ – “ਏਹ ਮਰਦਾਂ ਦਾ ਕੰਮ ਨਈਂ ਮਾਂਮਾਂ ਦਾ ਕੰਮ ਆਂ ..ਐ ਥੋੜਾ ਮੰਨਦੇ ਆ ਮੁੰਡੇ ,ਜਿੱਦਾਂ ਤੂੰ ਕਰਦਆਂ …! “
ਉਸੇ ਸ਼ਾਮ ਦੁੱਧ-ਵਾਲਾ ਗਲਾਸ ਬੰਸੇ ਹੱਥ ਧਮਾ ਕੇ ਮਾਂ ਜੀ ਉਹਦੇ ਲਾਗੇ ਜਿਹੇ ਹੋ ਕੇ ਬੈਠ ਗਈ । “ …..ਕੀਈ ਪੜ੍ਹਦਾ ਆ ਮੇਰਾ ਛਿੰਦਾ …?”!”।।।ਬਓਤਾ ਪੜ੍ਹ ਕੇ ਵੀ ਐਹੀ ਕੁਸ਼ ਟੋਲਣਾ ਮੇਰੇ ਪੁੱਤ ਨੇ –ਚੰਗੀ ਨੌਕਰੀ , ਸੋਹਣੀ ਬਹੂ , ਕਾਰ ,ਕੋਠੀ ਠੀਅਕ  ਆ ਨਾ ….” ਬੰਸਾ ਆਪਣੇ ਧਿਆਨ ਪੜ੍ਹਦਾ ਰਿਹਾ । ਘੁੱਟੇ-ਵੱਟੀ ਦੁੱਧ ਪੀਂਦਾ ਰਿਹਾ । ਖਾਲੀ ਗਲਾਸ ਫੜਨ ਲੱਗੀ ਮਾਂ ਜੀ ਨੇ ਫਿਰ ਆਖਿਆ – “ ਭਲਾ ਜੇ …! “ ਇਸ ਵਾਰ ਮਾਂ ਜੀ ਨੇ ਸਾਰੀ ਗੱਲ ਵਿਸਥਾਰ ਨਾਲ ਆਖ ਸਮਝਾਈ । ਤੁਰਨ ਲੱਗੀ ਨੇ ਇਕ ਵਾਰ ਫਿਰ ਬੰਸੇ ਦੀ ਕੰਡ ਪਿਆਰ ਨਾਲ ਪਲੋਸੀ – “ਦੱਸ ਫਏ ਹਾਂ ਕਰ ਦਈਏ ਉਨ੍ਹਾਂ ਨੂੰ …..?”
ਬੰਸੇ ਦੀ ਨੀਵੀਂ ਪਾਈ ਨਿਗਾਹ ਥੋੜਾ ਕੁ ਉੱਪਰ ਵੱਲ ਨੂੰ ਸਰਕੀ । ਮਾਂ ਜੀ ਦੀਆਂ ਚਮਕਦਾਰ ਅੱਖਾਂ ਅੰਦਰ ਨੀਝ ਲਾ ਕੇ ਝਾਕਿਆ । ਮੋਹ-ਪਿਆਰ,ਗਿਲਾ-ਸ਼ਿਕਵਾ,ਖੁਸ਼ੀ-ਉਦਾਸੀ ਇਕੋ ਥਾਂ ਮਿਲਗੋਭਾ ਹੋਏ ਦੇਖ , ਬੰਸੇ ਨੇ ਫਿਰ ਨੀਵੀਂ ਪਾ ਲਈ ।
ਮਾਂ ਜੀ ਦੀ ਫਿਕਰਮੰਦ ਆਸ ਪੂਰੀ ਤਰ੍ਹਾਂ ਪੱਕੀ ਹੋ ਗਈ । ਲਾਲ-ਲਾਲ ਚਿਹਰਾ ਹੋਰ ਸੁਰਖ ਹੋ ਗਿਆ ।
ਫਿਰ ਇਹ ਸੁਰਖੀ ਕਈ ਸਾਲ ਮਘ੍ਹਦੀ  ਰਹੀ । ਲਗਾਤਾਰ , ਨਿਰਵਿਘਨ । ਕਈਆਂ ਕਾਰਨਾਂ ਕਰਕੇ-ਬੰਸੇ ਦੇ ਕਨੇਡੇ ਚਲੇ ਜਾਣ ਕਰਕੇ ; ਚੁਲਬਲੀ ਜਿਹੀ ਨਾਰ ਨਾਲ ਵਿਆਹਿਆ ਜਾਣ ਕਰਕੇ ; ਸਾਕ-ਸਕੀਰੀ ‘ਚ ਮਾਂ ਜੀ ਦੀ ਪੈਂਠ ਪੈ ਜਾਣ ਕਰਕੇ ; ਅਤੇ …ਅਤੇ…ਡਾਲਰਾਂ ਡਰਾਫਟਾਂ ਦੀ ਝੜੀ ਜਿਹੀ ਲੱਗੀ ਰਹਿਣ ਕਰਕੇ । ਤੇ ਬਾਪੂ ਜੀ ਦਾ ਤਾਂ ਜਿਵੇਂ ਧਰਤੀ ‘ਤੇ ਪੱਬ ਹੀ ਲੱਗਣੋਂ ਜਾਂਦਾ ਰਿਹਾ !
ਬੰਸਾ ਜਦ ਕਨੇਡੇ ਗਿਆ , ਸਭ ਤੋਂ ਛੋਟਾ ਨਿਹਾਲਾ ਅੱਠਵੀਂ ਕਰਦਾ ਸੀ , ਓਦੋਂ । ਦਸਵੀਂ ਉਸ ਤੋਂ ਪਾਸ ਨਾ ਹੋਈ । ਇਕ ਵਾਰ ਹੋਰ ਹਿੰਮਤ ਮਾਰੀ , ਫਿਰ ਰਹਿ ਗਿਆ । ਕਿਸੇ ਮਾਡਲ ਅਕਾਡਮੀ ਨਾਲ ਗਾਂਢਾ-ਸਾਂਢਾ ਕੀਤਾ , ਰਹਿੰਦੀ ਗਿੱਲ-ਸੁੱਕ ਵੀ ਜਾਂਦੀ ਰਹੀ । ਹਾਰ ਕੇ ਘਰ ਬੈਠ ਗਿਆ । ਹਲ-ਵਾਹੀ ਤੋਂ ਸਿਵਾ ਹੋਰ ਕਰ ਵੀ ਕੀ ਸਕਦਾ ਸੀ ,ਉਹ ਟਰੈਕਟਰ ਈ ਵਾਹੂੰ…! “ ਬਾਪੂ ਜੀ ਨੇ ਟਰੈਕਟਰ ਲੈ ਦਿੱਤਾ । ਉਹਨੇ ਮਾਂ ਜੀ ਨੂੰ ਫਰਮਾਇਸ਼ ਪਾਈ –“ ਕੇੜ੍ਹਾ ਲੱਤਾਂ ਮਾਰਦਾ ਜਾਏ ਘੜੀ –ਮੁੜੀ ਸ਼ੇਅਰ ਨੂੰ ਸੈਕਲ ‘ਤੇ …ਸਕੂਟਰ ਚਾਹੀਦਾ ਜ਼ਰੂਰੀ ….” ਮਾਂ ਜੀ ਪੱਕੀ ਹਾਮੀ ਭਰ ਦਿੱਤੀ । ਨਾਂਹ-ਨੁੱਕਰ ਤਾਂ , ਤਾਂ ਹੁੰਦੀ ਜੇ ਕੋਈ ਕਮੀਂ-ਪੇਸ਼ੀ ਹੁੰਦੀ ,ਕਿਸੇ ਗੱਲ਼ ! ਜਿਵੇਂ ਉਹ ਕਹਿੰਦਾ ਗਿਆ , ਉਵੇਂ ਉਹ ਕਰਦੇ ਗਏ –ਦੋ ਬੰਬੀਆਂ ਹੋਰ ਲੱਗ ਗਈਆਂ; ਚਾਰ ਹੋ ਗਈਆਂ , ਹੁਣ । ਵਾੜੇ ਦੀ ਜੂਨ ਸੁਧਰ ਗਈ , ਕੋਠੀ-ਨੁਮਾ ਡੇਰਾ ਬਣ ਗਿਆ । ਰਾਹ ਜਾਂਦਾ ਰਾਹੀ ਸੌ ਵਲ ਪਾ ਕੇ ਲੰਘਦਾ । ਨੌਨਿਹਾਲ ਘਰ ਵੀ ਗੇੜਾ ਰੱਖਦਾ , ਡੇਰੇ ਦਾ ਵੀ ਧਿਆਨ ਰੱਖਦਾ । “…..ਮੁੰਡਾ ਆਰ੍ਹੇ ਲੱਗਿਆ ਵਿਆ ….ਬੁਰੀ ਸੰਗਤ ਤੋਂ ਬਚਿਆ ਵਿਆ….”ਏਨਾ ਥੋੜਾ ਸੀ ਬਾਪੂ ਜੀ ਲਈ !
ਮਾਂ ਜੀ ਬੇ-ਫਿਕਰ ਸਨ , ਘਰ ਵੱਲੋਂ ਵੀ , ਬਾਹਰ ਵੱਲੋਂ ਵੀ  ।
ਪਰ,ਬਾਪੂ ਜੀ ਦੀ ਇੱਛਾ-ਮਨਸ਼ਾ ਅਜੇ ਉਵੇਂ ਦੀ ਉਵੇਂ ਕਾਇਮ ਸੀ । ਪੂਰੀ ਤਰ੍ਹਾਂ ਤਰਲੋ-ਮੱਛੀ ਸਨ ਉਹ । ਉਂਝ ਸੱਭੋ ਕੁਝ ਸੀ ਉਹਨਾਂ ਪਾਸ – ਚੰਗੀ ਸਿਹਤ , ਭਲਵਾਨੀ ਜੁੱਸਾ , ਚੋਖੀ ਸਾਰੀ ਪੈਲੀ , ਪਿੰਡ ਦੀ ਚੌਧਰ ਜਿਹੜੀ ਮੋਟੇ ਘਰਾਂ ਕੋਲ ਆਮ ਹੁੰਦੀ ਆ …..ਏਨੇ ਕੁ ਨਾਲ ਤਾਂ ਬਾਪੂ ਜੀ ਦੀ ਲਾਲਸਾ ਸਗੋਂ ਭੜਕ ਪਈ , ਉਹ ਪਿਤਾ-ਪੁਰਖੀ ਸ਼ੁਹਰਤ ਨੂੰ ਹੋਰ ਅਗਾਂਹ ਤੋਰਦੇ ਤਾਂ ਪੈਰ ਰੱਖਣ ਨੂੰ ਥਾਂ ਨਾ ਲੱਭਦਾ । …….ਥਾਂ ਥਾਂ ‘ਤੇ ਸਰਦਾਰੀਆਂ ,ਪੈਰ ਪੈਰ ‘ਤੇ ਲੀਡਰੀਆਂ । ਕੋਈ ਤੱਤੀਆਂ ,ਕੋਈ ਠੰਡੀਆਂ ।ਕਿੰਨਾ ਹੀ ਚਿਰ ਉਹਨਾਂ ਦੀ ਕਿਧਰੇ ਵਾਹ-ਪੇਸ਼ ਨਾ ਗਈ  । ਆਖ਼ਰ ਇਕ ਰਸਤਾ ਉਹਨਾਂ ਲੱਭ ਹੀ ਲਿਆ । ਜਾਂ ਇਊਂ ਆਖੋ , ਰਸਤਾ ਆਪ ਚੱਲ ਕੇ ਉਹਨਾਂ ਪਾਸ ਆ ਅੱਪੜਿਆ । …ਨੌਨਿਹਾਲ ਉਸ ਦਿਨ ਮੰਡੀ ਗਿਆ ਹੋਇਆ ਸੀ , ਢੇਰੀ ਲਾਗੇ । ਬਾਪੂ ਜੀ ਬਾਹਰ ਸਨ ਡੇਰੇ , ਨੌਕਰਾਂ ਕੋਲ । ਸ਼ਾਮ ਦੇ ਝੁਸਮੁਸੇ ‘ਚ ਕੋਈ ਜਣਾ ਬੰਨੇ-ਬੰਨੇ ਆਉਂਦਾ ਦਿਸਿਆ ਉਹਨਾਂ ਨੂੰ ਦੂਰੋਂ ।ਝੁੰਗਲ-ਬਾਟਾ ਕੀਤਾ ਹੋਇਆ ਸੀ ਆਉਣ ਵਾਲੇ ਨੇ । ਲਾਗੇ ਪਹੁੰਚ ਕੇ ਉਹਨਾਂ ਨਿਹਾਲੇ ਨੂੰ ‘ਵਾਜ਼ ਮਾਰੀ । ਪਹਿਲੀ ,ਹੌਲੀ ਦੇਣੀ ; ਦੂਜੀ ਜ਼ਰਾ ਉੱਚੀ । ਬਾਪੂ ਜੀ ਥੋੜ੍ਹਾ ਅਛੋਪਲ ਜਿਹੇ ਹੋ ਕੇ ਖੜੋ ਗਏ । ਆਉਣ ਵਾਲੇ ਨੂੰ ਧਿਆਨ ਨਾਲ ਜਾਚਦੇ ਰਹੇ । ਪਰ ,ਪਛਾਣ ਨਾ ਹੋਈ । ਉਹ ਬਿਨਾਂ ਝਿਜਕ ਬਰਾਂਡਾ ਲੰਘ ਕੇ ਬੈਠਕ ਅੰਦਰ ਚਲਾ ਗਿਆ । ਝੁੰਗਲ-ਬਾਟਾ ਉਤਾਰ ਕੇ ਪਲੰਘ ‘ ਤੇ ਲੇਟ ਗਿਆ । ਬਾਪੂ ਜੀ ਉਹ ਕੋਈ ਪਹਿਲੀ ਵਾਰ ਆਇਆ ਨਾ ਲੱਗਾ । ਖੁਰਲੀ ਲਾਗਿਉਂ ਟਹਿਲਦੇ ਉਹ ਬਰਾਂਡੇ ‘ਚ ਆ ਖੜੇ ਹੋਏ । “ ਕੌਣ ਗਿਣਿਆ ਬਈ ? ਬਾਪੂ ਜੀ ਦੀ ਆਵਾਜ਼ ‘ਚ ਠੱਰਮਾਂ ਵੀ ਸੀ ਦੇ ਸ਼ੱਕ ਵੀ ।“…….ਮੈਂ ਆਂ ਬਾਪੂ ਜੀਈ , ਸਿੰਘ ,” ਉੱਤਰ ਵਜੋਂ ਆਈ ਆਵਾਜ਼ ਵਿੱਚ ਠਰੰਮਾਂ ਈ ਠਰੰਮਾਂ ਸੀ  , ਸ਼ੱਕ-ਸੁਭਾ ਕਿਧਰੇ ਵੀ ਨਹੀਂ ਸੀ । ਬਾਪੂ ਜੀ ਨੂੰ ਲੱਗਾ ਕਿ ਆਉਣ ਵਾਲਾ ਉਹਨਾਂ ਨੂੰ ਪਹਿਲੇ ਤੋਂ ਈ ਜਾਣਦਾ । ”…..ਤੈਨੂੰ ਸਿੰਘਾ ਪਹਿਲੋਂ ਤਾਂ ਕਦੀ ਡਿੱਠਾ ਨਈਂ …! :” ਕੋਈ ਨਈਂ ਬਜ਼ੁਰਗਾਂ ਹੁਣ ਦੇਖ ਲਾਆ ….”, ਬੈਠਕ ਅੰਦਰੋਂ ਆਈ ਆਵਾਜ਼ ਥੋੜੀ ਕੁ ਤਲਖ ਹੋਈ ।“ ਆਹ ਕੇੜ੍ਹਾ ਵੇਲਾ ਆਉਣ ਦਾਆ ? ” ਬਾਪੂ ਜੀ ਦੀ ਭਲਵਾਨੀ ਰੌਅ ਨੇ ਕਰਵਟ ਲਈ । “ ਲੰਗਰ ਛੱਕਣਾ ਪਹਿਲਾਂ ,ਬਾਕੀ ਗੱਲਾਂ ਫੇਅਰ ….”,ਅੰਦਰਲੀ ਆਵਾਜ਼ ਹੁਕਮ ਦੇ ਕੇ ਚੁੱਪ ਹੋ ਗਈ ।
ਬਾਪੂ ਜੀ ਨੇ ਝੱਟ ਨੌਕਰ ਭੇਜਿਆ । ਰੋਟੀ ਮੰਗਵਾ ਲਈ ਘਰੋਂ  । ਇਕ ਨਈਂ ਚੌਹੁੰ ਬੰਦਿਆਂ ਲਈ ।ਲੰਗਰ ਛੱਕ ਕੇ ਉਹਨਾਂ ਬਾਪੂ ਜੀ ਕੇ  ਗੋਡੀਂ ਹੱਥ ਲਾਇਆ ਤੇ ਵਾਪਸ ਚਲੇ ਗਏ । ਪਰ, ਬਾਪੂ ਜੀ ਘਰ ਨਾ ਗਏ । ਨੌਨਿਹਾਲ ਨੂੰ ਉਡੀਕਦੇ ਰਹੇ ,ਡੇਰੇ । ਅੱਧੀਂ ਕੁ ਰਾਤੀਂ ਜਦ ਉਹ ਮੁੜਿਆ , ਬਾਪੂ ਜੀ ਨੇ ਸਪਾਟ ਪੁੱਛ ਲਿਆ – “ਕੌਣ ਸੀ ਉਹ — ?”
ਪਹਿਲਾਂ ਤਾਂ ਨੌਨਿਹਾਲ ਨੇ ਪੈਰਾਂ ‘ਤੇ ਪਾਣੀ ਈ ਨਾ ਪੈਣ ਦਿੱਤਾ – ਅਖੇ , “ ਮੈਂ ਕਿਸੇ ਸਿੰਘ-ਸੁੰਘ ਨੂੰ ਨਈਂ ਜਾਣਦਾ । ….ਮੇਰੇ ਕੋਲ ਕਿਸੇ ਦਾ ਆਉਣ-ਜਾਣ ਲਈਂ । ….ਐਂ ਤਾਂ ਲੰਗਰ-ਪਾਣੀ ਕੋਈ ਨਾ ਕੋਈ ਹਰੋਜ਼ ਈ ਆ ਛਕਦਆ …ਆਖਿਰ ਬਾਰ-ਬਾਹਰ ਡੇਰਾ ਐ ਸਾਡਾ ……”
ਪਰ ,ਬਾਪੂ ਜੀ ਦੀ ਤਲਖੀ ਤੋਂ ਜਾਣੂ ਸੀ ਉਹ ! ਉਹਨਾਂ ਦੀ ਪਹਿਲੀ ਘੂਰੀ ਤੇ ਈ ਸਫਾ-ਚੱਟ ਮੰਨ ਗਿਆ …’ਕਦ ਆਉਣੇ ਸ਼ੁਰੂ ਹੋਏ ਸੀ …ਕੌਣ ਕੌਣ ਹੁਣ ਆਉਂਦਾ …ਕਿੰਨਾ ਕੁਝ ਲਿਆ-ਦਿੱਤਾ ਹੁਣ ਤਾਈਂ …ਉਨ੍ਹਾਂ ਕੀ ਕੁਝ ਰੱਖਿਆ –ਸਾਂਭਿਆ ਐਥੇ ….!”
ਗੱਲ ਬਹੁਤ ਈ ਅੱਗੇ ਵਧੀ ਜਾਚ ਕੇ ਬਾਪੂ ਜੀ ਅੱਗ-ਭਬੂਕਾ ਹੋ ਉੱਠੇ – “ ਤੈਨੂੰ ਕੇੜ੍ਹੇ ਕੰਜਰ ਨੇ ਕਿਹਾ ਸੀ , ਐਨਾ ਮੂੰਹ ਲਾਅ ਉਹਨਾਂ ਨੂੰ । ਚੱਲ ਜੇ ਮਾੜਾ-ਪਤਲਾ ਕੂਣ-ਬੋਲਣ ਬਣ ਈ ਗਿਆ ਸੀ , ਤਾਂ ਆਖਿਰ ਕੀ ਆ ਗਈ ਸੀ । ਚੁਸਤੀ-ਚਲਾਕੀ ਤੋਂ ਕੰਮ ਲੈਦਆ । ਉਨ੍ਹਾਂ ਨੂੰ ਕਰਦਾ ਮੂਹਰੇ , ਘਰੋਂ –ਬਾਹਰੋਂ ਨੰਗ-ਤੁਰੇ ਫਿਰਦੇ ਆ ਜੇੜ੍ਹੇ ….. ”
“ ਮੈਂ ਕੇਹੜਾ ਘਰੋਂ ਸੱਦਣ ਗਿਆ ਸੀ ਕਿਸੇ ਨੂੰ …ਅਗਲੇ ਧੱਕੇ ‘ਨਾ ਆ ਚੜ੍ਹੇ ਉੱਪਰ ; ਮੈਂ …ਮੈਂ ਕੀ ਕਰਦਾ ਫੇਏ ….“ ਆਪਣੀ ਥਾਂ ਸੱਚਾ ਨਿਹਾਲਾ ਵਲ੍ਹ ਜਿਹਾ ਖਾ ਕੇ ਬੋਲਿਆ ।
“ ਦੋ…ਟੁੱਕ ਜੁਆਬ ਦਿੰਦਾ ਤੂੰ , ਪੈਂਦੀ ਸੱਟੇ । ਕ੍ਹੈਂਦਾ, ਮੇਰਾ ਨਈਂ ਬਈ ਸਰਦਾਅ ਐਂ “ ਹੋਰ ਕੀਈ ਕਰਨਾ ਸੀਈ ਤੂੰ ….“
“ ਏਦਾਂ ਜਵਾਰ ਦੇਂਦਾ ਤਾਂ ‘, ਕੀਰਤਨ-ਸੋਹਲਾ ਪੜ੍ਹਿਆ ਜਾਣਾ ਸੀ ਓਸੇਲੇ , ਸਾਰੇ ਟੱਬਰ ਦਾਅ….ਅਗਲੇ ਕਹਿੰਦੇ ਆ ਮੁਖ਼ਬਰੀ ਕਰੂ ਹੁਣ ….. ”
ਨਿਹਾਲੇ ਦੀ “  ਮਜਬੂਰੀ  ” ਸੁਣ ਕੇ ਬਾਪੂ ਜੀ  ਵਿਚਕਾਰ ਜਿਹੇ ਫਸ ਗਏ  । ਜੇ ਉਹ ਬਿਲਕੁਲ ਮੈਦਾਨ ਛੱਡਦੇ ਸੀ ,ਤਾਂ ਹੱਥੋਂ ਜਾਂਦਾ ਸੀ ਨਿਹਾਲਾ । ਜੇ ਉਹਦੀ ਹੋਰ ਲਾਹ-ਪਾਹ ਕਰਦੇ ਤਾਂ ਸਗੋਂ ਵ੍ਹੇਰਨਾ ਸੀ ਉਹਨੇ । ਨੱਪੀ-ਘੁੱਟੀ ਗੱਲ ਲੋਕਾਂ ਕੰਨੀਂ ਵੱਖ ਪੈਣੀ ਸੀ । ਡੌਂਡੀ ਪਿੱਟੀ ਜਾਣੀ ਸੀ , ਚਾਰੇ ਬੰਨੇ । ਸੋ , ਹੋਇਆ –ਬੀਤਿਆ ਹਊ-ਪਰੇ ਕਰਕੇ ਬਾਪੂ ਜੀ ਚੁੱਪ ਕੀਤੇ ਰਹੇ । ਕਿੰਨਾ ਹੀ ਚਿਰ ਅਲੋਕਾਰ ਜਿਹੀਆਂ ਗਿਣਤੀਆਂ –ਮਿਣਤੀਆਂ ਅੰਦਰ ਖੁੱਭੇ ਰਹੇ । ਆਪ ਚੱਲ ਕੇ ਆਏ ‘ਰਾਹ ’ ਨੂੰ ਮੋਕਲਾ-ਪੱਧਰਾ ਕਰਦੇ ਰਹੇ । ਫਿਰ , ਕਿੰਨਾ-ਕੁਝ ਸੋਚ-ਵਿਚਾਰ ਕੇ ਉਹਨਾਂ ਬੜੇ ਸਹਿਜ-ਭਾਅ ਨਾਲ ਨਿਹਾਲੇ ਨੂੰ ਥਾਪੀ ਦੇਣ ਵਾਂਗ ਆਖਿਆ – “ਅੱਛਿਆ ਗੁਰੂ ਫਤਿਹ ਬਸ਼ਖੂ । ਪਰ , ਵੱਡੇ ਘੋਲ ਜਿੱਤਣ ਲਈ ਵੱਡੇ ਦਾਅ ਲਾਉਂਣੇ ਪੈਂਦੇ ਆ । ….ਅਗਲਾ ਜੁੱਟ ਵੀ ਜਾਚਦਾ ਪੈਂਦਆ ਤੇ ਆਪਣਾ ਜੁੱਸਾ ਈ । …..ਐਮੇਂ ਅੰਨੇਵਾਹ ਢੁੱਠ ਮਾਰਿਆਂ ਆਪਣਾ ਮੱਥਾ ਪਹਿਲਾਂ ਖੱਖੜੀਆਂ ਹੁੰਦਆ ……“
ਬਾਪੂ ਜੀ ਨੇ ਇਹ ‘ਬਚਨ’ ਆਪਣੇ ਕੋਲੋਂ ਨਹੀਂ ਸਨ , ਆਖੇ – ਉਹਨਾਂ ਦੇ ਉਸਤਾਦ ਪੀਰ ਆਲਮ-ਸ਼ਾਹ ਨੇ ਆਖੇ ਸਨ , ਉਹਨਾਂ ਨੂੰ ਪਹਿਲੀ ਵਾਰ ਤਕੀਏ ਗਿਆਂ ਨੂੰ । …..ਓਦੋਂ ਉਹ ਅੱਜੇ ਮੁੱਸ ਫੁੱਟ ਗੱਭਰੂ ਈ ਸਨ । ਹੱਡਾਂ-ਪੈਰਾਂ ਤੋਂ ਮੋਕਲ੍ਹੇ,ਆਪਣੇ ਬਾਪੂ ਵਾਂਗ । ਬਾਪੂ ਜੀ ਦੇ ਬਾਪੂ ਜੀ ਨੇ ਉਹਨਾਂ ਨੂੰ ਇਕ ਗੱਲ ਬੜੀ ਠੋਕ-ਬਜਾ ਕੇ ਸਮਝਾ ਰੱਖੀ ਸੀ , ਨਿੱਕੇ ਹੁੰਦੇ ਨੂੰ ਈ – “ਦੇਖ ਭੱਗਿਆ , ਬਾਹੂ –ਬਲ ਬੜੀ ਸ਼ੈਅ ਹੁੰਦਆ । ਛਾਤੀ ‘ਚ ਤਾਣ ਹੋਵੇ ਤਾਂ ਸਰੀਕਾ –ਭਾਈਚਾਰਾ ਵੀ ਗੋਡੀਂ ਹੱਥ ਲਾਉਂਦਾ ਤੇ ਵੈਰੀ-ਦੁਸ਼ਮਣ ਵੀ ਪਰ੍ਹੇ ਰਹਿੰਦੇ ਆਂ ….“”ਸੱਤ ਬਚਨ’, ਆਖ ਭੱਗਾ ਸਵੇਰ-ਸ਼ਾਮੀ ਜ਼ੋਰ ਕਰਦਾ । ਡੰਡ-ਬੈਠਕਾਂ ਮਾਰਦਾ । ਛੰਨਾ-ਛੰਨਾ ਘਿਓ ਪੀਂਦਾ ਤੇ ਬਾਲਟੀ-ਬਾਲਟੀ ਦੁੱਧ । ਜੇ ਕਿਧਰੇ ਖਾਣੋ-ਪੀਣੋ ਨੱਕ-ਮੂੰਹ ਵਟਦਾ ਤਾਂ ਧੈਹ ਕਰਦੀ ਪਰੈਣੀ ਉਹਦੇ ਮੌਰਾਂ ‘ਚ ਆ ਵੱਜਦੀ ।
ਗੇਲੀ ਵਰਗਾ ਜੁਆਨ ਬਣਾ ਕੇ ਕਿਰਪਾ ਸੂੰਹ ਨੇ ਭੱਗੇ ਨੂੰ ਤਕੀਏ ਵਾਲੇ ਅਖਾੜੇ ਚਾੜ੍ਹਦਿਆਂ ਕਿਹਾ – “ ਲਓ ਪੀਰ ਜੀ ਐਹੋ ਜਿਹਾ ਚੰਡੋ ਮੁੰਡਾ , ਪਈ ਕਿੱਕਰ ਸੂੰਹ ਬਣ ਜਏ ਇਹ , ਮੋਢਾ ਨਾ ਲੁਆਏ ਕਿਸੇ ਤੋਂ , ਕਿਸੇ ਵੀ ਛਿੰਝੇ । “
ਪੀਰ ਜੀ ਨੇ ਅਖਾੜੇ ਦੀ ਭੁੱਬਲ ਹਰੀ ਟਾਕੀ ‘ਚ ਲਪੇਟ ਜੀ ਦੇ ਡੌਲੇ ਨਾਲ ਬੰਨ੍ਹਦਿਆਂ ਅਸ਼ੀਰਵਾਦ ਦਿੱਤੀ – “ ਲੈ ਸ਼ੇਰਾ , ਅੱਲਾ-ਮੀਆਂ ਕਾਮਯਾਬੀ ਦੇਊ …. ਪਰ , ਵੱਡੇ ਘੋਲ੍ਹ ਜਿੱਤਣ ਲਈ ਵੱਡੇ ਦਾਅ ਸਿੱਖਣੇ ਪੈਂਦੇ ਆ । ਆਪਣਾ ਜੁੱਸਾ ਵੀ ਜਾਚਣਾ ਪੈਂਦਾ ਤੇ ਅਗਲੇ ਜੁੱਟ ਦਾ ਵੀ । …..ਐਮੇਂ ਅੰਨੇ –ਵਾਹ ਢੁੱਠ ਮਾਰਿਆਂ ਆਪਣਾ ਮੱਥਾ ਪਹਿਲਾਂ ਖੱਖੜੀਆਂ ਹੁੰਦਆ …..“
ਬਾਪੂ ਜੀ ਨੇ ਨਿਹਾਲੇ ਨੂੰ ਪੀਰ ਆਲਮ-ਸ਼ਾਹ ਵਾਲੀ ਗੱਲ ਐਵੇਂ ਆਖਣ ਨੂੰ ਈ ਆਖੀ ਸੀ । ਉਹਨਾਂ ਆਪ ਜ਼ਿੰਦਗੀ ਭਰ ਇਸ ਉੱਤੇ ਅਮਲ ਨਹੀਂ ਸੀ ਕੀਤਾ । ਉਹ ਤਾਂ ਸਗੋਂ ਜਾਣ-ਬੁੱਝ ਕੇ ਐਹੋ ਜਿਹੇ ਜੋੜ ਨਾਲ ਟੱਕਰ ਲੈਂਦੇ ਜਿਹੜਾ ਉਹਨਾਂ ਤੋਂ ਕਈ-ਗੁਣਾਂ ਭਾਰਾ ਹੁੰਦਾ । ਉਹਨਾਂ ਅੰਦਰ ਇੱਕ ਗੱਲ ਪੂਰੀ ਤਰ੍ਹਾਂ ਘਰ ਕਰ ਗਈ ਸੀ ਕਿ ਕਿਸੇ ਨਾਮੀਂ ਭਲਵਾਨ ਨਾਲ ਦਸਤ ਪੰਜਾ ਲਏ ਬਿਨਾਂ ਕੋਈ ਵੀ ਭਲਵਾਨ ਨਾਮੀਂ ਭਲਵਾਨ ਨਹੀਂ ਬਣਦਾ ….!
…..ਬਾਪੂ ਜੀ ਦੀ ‘ਨਸੀਅਤ ’ ਸੁਣ ਕੇ ਨੌਨਿਹਾਲ ਪਲ-ਛਿੰਨ ਲਈ ਸੋਚੀਂ ਪੈ ਗਿਆ । ਫਿਰ ਪੂਰੀ ਸਿਦਕ-ਦਿਲੀ ਨਾਲ ਬੋਲਿਆ – “ਸ਼ਪਾਈ ਦਾ ਕੰਮ ਐ ਲੜਨਾ ਜਾਂ ਮਰਨਾ…ਹੈਨਾਂ ਘੁੰਡੀਆਂ ਦਾ ਸਾਡੇ ਉੱਪਰ ਆਲਿਆਂ ਨੂੰ ਈ ਪਤਾ ਪਊ …..“
“ਚੰਗਾ ਫੇਰ …..ਆਪਣੇ ਕਿਸੇ ਉੱਪਰ –ਆਲੇ ਨਾਲ ਮਿਲਾਈਂ ਮੈਨੂੰ ।।।ਕਿਸੇ ਵੱਡੇ ਜੋੜ ਨਾਲ । ”
ਤੇ ਜਿਸ ਦਿਨ ਬਾਪੂ ਜੀ ਉਹਨਾਂ ਦੇ ‘ਕਿਸੇ ’ ਵੱਡੇ ਜੋੜ ਨੂੰ ਮਿਲੇ , ਉਹ ਹੈਰਾਨ ਈ ਰਹਿ ਗਏ । ਉਹ ਤਾਂ ਪਹਿਲਾਂ ਈ ਕਈਆਂ ਚਿਰਾਂ ਤੋਂ ਵਾਕਫ਼ ਸਨ ,ਚੰਗੀ ਤਰ੍ਹਾਂ ਇਕ ਦੂਜੇ ਦੇ । ਸਭਾ-ਸੁਸੈਟੀ ‘ਚ ਵੀ ਉਹ ਅਕਸਰ ਬਗਲਗੀਰ ਹੁੰਦੇ ਈ ਰਹਿੰਦੇ । ਨੌਨਿਹਾਲ ਦੇ ਰਿਸ਼ਤੇ ਦੀ ਗੱਲ ਵੀ ਚੱਲੀ ਸੀ ਉਸ ਵੰਨੀ । ਮਾਂ ਜੀ ਤਾਂ ਕੁੜੀ ਨੂੰ ਝਾਤੀ ਮਾਰ ਕੇ ਹਾਂ ਵੀ ਕਰ ਬੈਠੇ ਸਨ । ਪਰ ਬਾਪੂ ਜੀ ਅੜੇ ਰਹੇ – “ਅਖੇ ,ਨੰਗ ਜੱਟਾਂ ਨਾ ਮੇਰਾ ਕੀ ਜੋੜ …ਦੋ ਮੰਜੀਆਂ ਡਾਹੁਣ ਦੀ ਥਾਂ ਨਈਂ ਸੌਹਰੀ-ਦਿਆਂ ਕੋਲ,…ਛੰਨਾਂ-ਛੱਪਰਿਆਂ ‘ਚ ਤਾਂ ਕੰਮੀ-ਕਮੀਣ ਵੀ ਨਹੀਂ ਰਹਿੰਦੇ…..”
ਚਰਨ ਸੂੰਹ ਦੀ ਨਿਹਾਲੇ ਨਾਲ ਸੁਰ-ਸਾਂਝ ਦੇਖ ਕੇ ਬਾਪੂ ਜੀ ਇਕ –ਦਮ ਦੂਜੇ ਰੁਖ਼ ਹੋ ਤੁਰੇ – “ਐਮੇਂ ਸੌਹਰਾ ਪਰਦਾ ਜਿਆ ਈ ਪਿਆ ਰਿਆ ਅੱਖਾਂ ‘ਤੇ ……ਸਰਦਾਰ ਚਰਨ ਸੂੰਹ ਅਰਗਾ ਬੰਦਾ ਤਾਂ ਲੱਭਿਆ ਨਹੀਂ ਲੱਭਦਆ। ਸਾਰਾ ‘ਲਾਕਾ ਉਦ੍ਹੇ ਦੰਮ ‘ਚ ਦਮ ਭਰਦਆ । ਜਿੱਥੇ ਵੀ ਜਾਏ ਖੁਰਸੀ ਮਿਲਦੀ ਆ ਅੱਗੋਂ । ਨਿੱਕੇ –ਮੋਟੇ ਅਫਸਰ ਉਈਂ ਨਈਂ ਸਾਹ ਭਰਦੇ ਉਦ੍ਹੇ ਮੂਹਰੇ ! ਧੁਰ ਉੱਪਰ ਤੱਕ ਸਿੱਧੀ ਪਹੁੰਚ ਆ ਉਦ੍ਹੀ । ਬੰਦਾ ‘ਕੱਲੇ ਸਿਆੜਾਂ ਨਾਲ ਈ ਥੋੜੀ ਗਿਣਿਆਂ ਜਾਂਦਾ ਵੱਡਾ । ਡਾਲਰ-ਨੋਟ ਤਾਂ ਸੁਹਰੇ ਕੰਜਰਾਂ ਕੋਲ ਵੀ ਬਥੇਰੇ ਹੁੰਦੇ ਆ । ਪਰ , ਮਾਣ-ਤਾਣ , …ਮਾਣ-ਤਾਣ ਤਾਂ ਬੰਦੇ ਲਈ ਰੋਟੀ-ਪਾਣੀ ਨਾਲੋਂ ਈ ਬਹੁਤਾ ਜਰੂਰੀ ਆ । …ਕਿਸੇ ਨੂੰ ਫੜਨਾ ਹੋਵੇ ; ਕਿਸੇ ਨੂੰ ਛੱਡਣਾ ਹੋਵੇ ; ਕਿਸੇ ਨੂੰ ਕਰਜ਼ਾ ਦੇਣਾ ਹੋਵੇ , ਕਿਸੇ ਤੋਂ ਲੈਣਾ ਹੋਵੇ, ਚਰਨੇ ਦੀ ਗੁਵ੍ਹਾਈ,ਜੱਸੂ –ਬਾਜਵੇ ਨਾਲੋਂ ਵੀ ਉੱਪਰਦੀ ਭੁਗਤਦੀ ਆ । ਅਗਲੇ ਐਂ ਥੋੜਾ ਦੇਖਦੇ , ਪਈ ਚਰਨਾ ਢਾਰੇ ‘ਚ ਰਹਿੰਦਾ ਕਿ ਕੋਠੀ ‘ਚ …..“
ਉਂਝ ਭਲਵਾਨੀ ਦਿਨਾਂ ‘ਚ ਬਾਪੂ ਜੀ ਨੇ ਇਉਂ ਕਦੀ ਨਹੀਂ ਸੀ ਸੋਚਿਆ ਓਦੋਂ ਬੱਸ ,ਇਕੋ ਗੱਲ ਦੀ ਚਿੰਤਾ ਹੁੰਦੀ ਸੀ ਉਹਨਾਂ ਨੂੰ । ਪਈ ਕੋਈ ਛਿੰਝ ਖਾਲੀ ਨਾ ਜਾਏ । ਕੋਈ ਰੁਮਾਲੀ ਹੱਥੋਂ ਨਾ ਖੁਸੇ । ਪੂਰੀ ਜੁਆਨੀ ਵੇਲੇ ਉਹਨਾਂ ਪੂਰਾ ਹੱਠ ਰੱਖਿਆ ! ਪਰ , ਦੁਨੀਆਂ ਪਰ੍ਹੇ ਤੋਂ ਪਰ੍ਹੇ ! ਭਲਵਾਨ ਚੜ੍ਹਦੇ ਤੋਂ ਚੜ੍ਹਦਾ । ਦਾਅ-ਪੇਚ ਨਵੇਂ ਤੋਂ ਨਵਾਂ । ਉਹਨਾਂ ਦੀ ਕਮਾਈ ਬਹੁਤਾ ਚਿਰ ਨਾ ਅਟਕੀ । ਉਮਰ ਪੱਕਦੀ ਗਈ , ਜਾਨ-ਜੁੱਸਾ ਮੰਦੇ ਪੈਂਦੇ ਗਏ । ਸੋ ,ਪੂਰੀ ਕੰਡ ਲੱਗਣੋਂ ਪਹਿਲਾਂ ਈ ਬਾਪੂ ਜੀ ਨੇ ਪਿੜ ਬਦਲ ਲਿਆ । ਘਰ-ਪਰਿਵਾਰ ਉੱਪਰਲੇ ਜੋੜੀਂ ਤੋਰ ਲਿਆ । ਗੁਰਬਖ਼ਸ਼ਾ ਤਾਂ ਖੈਰ ਵੱਖਰਾ ਈ ਖਾਂਦਾ-ਕਮਾਉਂਦਾ ਸੀ । ਨਿਹਾਲਾ ਨਾਲ ਸੀ । ਬੰਸਾ ਬਾਹਰ ਭੇਜ ਦਿੱਤਾ ਕਨੇਡੇ । ਪੂਰੀਆਂ ਲਹਿਰਾਂ-ਬਹਿਰਾਂ ਸਨ । ਮਾਇਆ ਪੱਖੋਂ ਵੀ ,ਮੁਰੱਖਿਆਂ ਵੱਲੋਂ ਵੀ । ਕੋਈ ਫਿਕਰ ਨਈਂ ,ਕੋਈ ਫਾਕਾ ਨਈ । ਫਿਰ ਵੀ , ਇਕੋ-ਇਕ ਝੋਰਾ ਉਹਨਾਂ ਨੂੰ ਚੈਨ ਨਹੀਂ ਸੀ ਲੈਣ ਦਿੰਦਾ ਕਿ ਉਹਨਾਂ ਦੀ ਪੱਛ-ਪੜਤਾਲ ਦੂਜਿਆਂ ਵਰਗੀ ਕਿਉਂ ਨਈਂ ! ਚਰਨੇ ਵਰਗੀ ਨਾ ਸਹੀ ,ਘੱਟੋ-ਘੱਟ ਬਾਜਵੇ ਵਰਗੀ ਈ ਸਹੀ ! “…ਜੱਸੂ ਲੀਡਰ ਤਾਂ ਭਲਾ ਚੀਜ਼ ਈ ਹੋਰ ਐ ……” ਗੱਲ ਗੱਲ ‘ਤੇ ਬਾਪੂ ਜੀ ਜੱਸੂ ਦੀ ਉਸਤੱਤ ਵੀ ਕਰਦੇ ਤੇ ਭੰਡੀ ਵੀ ।
“…ਜੱਦੀ-ਪੁਸ਼ਤੀ ਸਰਦਾਰੀ ਐ ਉਦ੍ਹੀ । ਪੀੜ੍ਹੀਆਂ ਤੋਂ ਗੱਠਿਆਂ ਪਿਆ । ਗਰੇਜ਼ਾ ਵੇਲੇ ਦੀ ਜਾਗੀਰ ਐ ਉਦ੍ਹੇ ਕੋਅਲ । ….ਉਦ੍ਹੇ ਕਿਸੇ ਬਾਬੇ-ਦਾਦੇ ਨੇ ਖਬਰੇ ਕਿੱਦਾਂ ਮਾਰ-ਮਾਰ ਲਈ ਰਿਆਸਤ ‘ਚ ਵੱਖਰੀ । ਆਹ ਪਿੰਡ ਆਲੀ ਵੱਖਰੀ । ਐਥੋਂ ਆਲੀ ਤਾਂ  ਚਲੋ ਮੰਨਿਆ , ਕਿਸੇ ‘ਹਓਦੇ’ ਕਰਕੇ ਈ ਮਿਲੀ ਹਊ ਉਨੂੰ ,ਪਰ ਰਿਆਸਤ ਅਲੀ ਦੀਆਂ ਬੜੀਆਂ ਹੋਰ ਈ ਤਰ੍ਹਾਂ ਦੀਆਂ ਘਾਣੀਆਂ ਸੁਣੀ ਦੀਆ , ਲੋਕਾਂ ਤੋਂ । ਖ਼ਬਨੀ ਸੱਚ ਆ ਕਿ ਝੂਠ ! ਕੋਈ ਕੈਂਦ੍ਹਾ –ਮਾਂਰਾਜਾ ਭਿੰਦਰ ਸੂੰਹ ਇਨ੍ਹਾਂ ਦੀ ਕਿਸੇ ਧੀ-ਭੈਣ ਨੂੰ ਐਥੋਂ ਆ ਕੇ ਲੈ ਗਿਆ । ਕੋਈ ਕੈਂਦਾ-ਇਹ ਆਪ ‘ਚਾੜ’ ਕੇ ਆਏ ਸੀ ਕੁਆਰ-ਕੰਜਰ ,ਉਦ੍ਹੀ ਬਾਰਾਂਦਰੀ ‘ਤੇ । …ਚਲੋ ਛੱਡੋ ਅਸੀਂ ਕੀ ਲੈਣਾ-ਦੇਣਾ ਵਿਚੋਂ ! ਉਹ ਜਾਨਣ ਜਾਂ ਉਨ੍ਹਾਂ ਦਾ ਗੁਰੂ-ਅੱਲਾ …! ਬੇਚਾਰੀ ਅੱਲੜ-ਜਾਨ ਨਾਲ ਤਾਂ ਜੋ ਬੀਤੀ ਹੋਊ,ਉਹੀ ਬੀਤੀ ਹਊ ! ਇਨ੍ਹਾਂ ਦੇ ਚਿੱਠੇ ਤਾਰ ਗਿਈ ‘ਕੇਰਾਂ …..ਡੱਕਰੇ ਅਰਗੀ ਧਰਤੀ ਦੇ ਪੰਜੱਤਰ ਕਿੱਲੇ ਮੂੰਹ ਨਾਲ ਕਹਿਣ ਨੂੰ ਈ ਸੌਖੇ ਆ …ਪਤਾ ਓਦੋਂ ਲਗਦਾ , ਜਦ ਲੈਣੇ ਪੈਣ ਜੇਬ ਖਰਚ ਕੇ । ਹੁਣ ਆਹ ਈ ਦੇਖ ਲਓ , ਰੁੱਗਾਂ ਦੇ ਰੁੱਗ ਲਾਈਦੇ ਆ ਆਈ ਵਾਰ ।  ਤਾਂ ਕਿਤੇ ਜਾ ਕੇ ਜੁੜਦੇ ਆ ਸਾਲ ਦੀ ਸਾਲ ਦੋ-ਚਾਰ ਖੇਤ …..ਮੇਰਾ ਉਦ੍ਹੇ ਨਾਲ ਕਾਦ੍ਹਾ ਜੁੱਟ ਭਾਆਈ ….!”ਜੱਸੂ ਲੀਡਰ ਨਾਲੋਂ ਆਪਣਾ ਕੱਦ ਬਹੁਤਾ ਨੀਵਾਂ ਜਾਚ ਕੇ ਬਾਪੂ ਜੀ ਬਾਜਵੇ ਲਾਗੇ ਖੜੋਕੇ ਆਪਣਾ ਆਪ ਨਾਪਦੇ ।
“ ਬਾਜਵਾ ਵੀ ਉੱਚੇ ਜੋੜਾਂ ਦਾ ਬੰਦਾ ਭਾਅਈ ! ਅਸਰ-ਰਸੂਖ ਆਲਾ । ਉੱਪਰਲੀ ਸਿਆਸਤ ‘ਚ ਸਿੱਧਾ ਪੈਰ ਰੱਖਦਆ । ਆਇਆ ਗਿਆ ਛੋਟਾ-ਵੱਡਾ ਹਰ ਕੋਈ ‘ ਰੋਟੀ-ਪਾਣੀ ’ ਉਦ੍ਹੇ ਕੋਅਲ ਛੱਕਦਆ । ਚਾਰ ਪੈਹੇ ਖਰਚੇ ਵੀ ਜਾਣ ਤਾਂ ਵੀ ਮਰੂੰ-ਮਰੂੰ ਨਈਂ ਕਰਦਾ । …ਊਂ ਵੀ ਕਮਾਈ ਕੀਤੀ ਐ ਉਨ੍ਹੇ , ਰੱਜ ਕੇ । ਐਨ ਅੱਡੇ ‘ਤੇ ਪੈਲੀ ਆ । ਮੁੱਢ ਮੰਡੀ ਆ । ਸਬਜ਼ੀ-ਭਾਜੀ ਗੱਡਾ ਲਹਿੰਦੀ ਆ । ਕੁੱਕੜ-ਛਿੱਕੜ ਵੱਖ ਰੱਖੇ ਵੇ ਆ । ਮਾਰ ਫੜ ਕੇ ਕੁਆਂ-ਕੁਆਂ ਹੁੰਦੀ ਆ ਚਾਰੇ ਬੰਨੇ । ਦਾਣਾ-ਫੱਕਾ,ਦੁੱਧ-ਘੇਏ,ਆਂਡਾ-ਟੀਂਡਾ,ਸਭ ਨਗਦੋ-ਨਗਦ । ਊਂ-ਊਂ ਤਾਂ ‘ਕੱਲਾ ਪਟੋਲ-ਪੰਪ ਈ ਮਾਣ ਨਈਂ ,ਉਪਰੋਂ ਐਨਾ ਕੁਸ਼ ਹੋਅਰ ਆ ਰਲਦਾ ਆ ,ਹਰੋਜ਼ । ਊਂ ਭਾਅਈ ਹੱਕ-ਹਲਾਲ ਦੀ ਕਮਾਈ ਨਾ’ ਐਨਾ ਕੁਛ ਬਣ ਤਾਂ ਨਈਂ ਸਕਦਾ । ਫੇਅਰ ਵੀ ਬੜਾ ਫ਼ਰਕ ਹੁੰਦਾ’ਆ ਬੰਦੇ-ਬੰਦੇ ‘ਚ । …..ਹੋਰ ਨਹੀਂ ਕਰਦੇ ! ਸਾਰੇ ਕਰਦੇ ਆ ….. ਉਨ੍ਹੇ ਜੇ ਮਾੜਾ-ਪਤਲਾ ਕਰ ਈ ਲਿਆ ਹੇਠਾਂ-ਉੱਤਾ ਪਟੋਲ-ਡੀਜ਼ਲ ‘ਚ ਤਾਂ ਕੀ ਆਖ਼ਰ ਆ ਗਈ ….ਜੱਟ ਭਰਾ ਆ , ਸਾਡਾ ! ਲਾਲੇ-ਬਾਣੀਏ ਤਾਂ ਸੌਹਰੀ ਦੇ ਅੱਧੋ-ਸ਼ੁੱਧ ਕਰਦੇ ਆ, ਉਨ੍ਹਾਂ ਅੱਲ ਮਜਾਲ ਈ ਕਿਸੇ ਦੀ ਉਂਗਲ ਉੱਠੇ …..”
ਬਾਜਵੇ ਦਾ ਪੱਖ ਪੂਰਦੇ ਬਾਪੂ ਜੀ ਕਈ ਵਾਰ ਲੋੜੋਂ ਵੱਧ ਉਲਾਰ ਹੋ ਜਾਂਦੇ ।
ਬਾਜਵਾ ਸੀ ਵੀ ਬਾਪੂ ਜੀ ਦਾ ਹਮ-ਜਮਾਤੀ । ਪੜ੍ਹਾਈ –ਲਿਖਾਈ ‘ਚ ਦੋਨੋਂ ਬੱਸ ਪੱਕੇ-ਠੱਕੇ ਲੰਬੜ-ਬਾਪੂ ਜੀ ਕੌਡੀ-ਘੋਲਾਂ ਦੀ ਕਪਤਾਨੀ ਕਰਕੇ ਤੇ ਬਾਜਵਾ , ਇਸ਼ਕ-ਮੁਸ਼ਕ ਦੀ ਇੱਲਤ ਕਰਕੇ । ਦੋਨਾਂ ‘ਚ ਕਿਸੇ ਤੋਂ ਵੀ ਹਾਈ ਸਕੂਲ ਪਾਰ ਨਾ ਹੋਇਆ । ਪੜ੍ਹਾਈ ਛੱਡ ਕੇ ਬਾਪੂ ਜੀ ਛਿੰਜਾਂ ਘੁਲਣ ਲੱਗ ਪਏ ਤੇ ਬਾਜਵਾ ਉਸੇ ਆਰ੍ਹੇ ਲੱਗਾ , ਐਨ ਸਿਰੇ ਦੀ ਮਾਰ ਮਾਰ ਗਿਆ ।
ਸੜਕਾਂ-ਮੋੜਾਂ ‘ਤੇ ਘੁਮਦਿਆਂ ਉਹਨੇ ਐਹੋ ਜਿਹੀ ਮੁਰਗੀ ਫਸਾਈ ਕਿ ਆਂਡੇ ਈ ਆਂਡੇ ਖਿੱਲਰ ਗਏ , ਉਹਦੇ ਚਾਰੇ ਬੰਨੇ । ਤੇ ਉਹ ਵੀ ਸੋਨੇ ਦੇ । ਉਹਦੀ ਮਸ਼ੂਕਾ ਦਾ ਪਿਤਾ ਫਰੀਡਮ ਫਾਈਟਰ ਸੀ । ਕਈ ਵਾਰ ਕੈਦ ਕੱਟ ਆਇਆ ਸੀ ਉਹ ਸੰਤਾਲੀ ਤੋਂ ਪਹਿਲਾਂ । ਹੁਣ ਵੀ ਉਹ,ਚੈਨ ਨਹੀਂ ਸੀ ਕਰਦਾ ਘਰ । ਧਰਨੇ-ਮਜ਼ਾਹਰੇ ਨਿੱਤ ਦਾ ਸ਼ੁਗਲ ਸੀ , ਉਸ ਦਾ । ਉਹਦੀ ਸੱਜੀ ਬਾਂਹ ਸੁਣਿਆ ਕਿਧਰੇ ਬੰਬ ਬਣਾਉਂਦਿਆਂ ਈ ਉੱਡ ਗਈ । ਫਿਰ ਖੱਬੀ ਨਾਲ ਈ ਚੱਲ ਸੋ ਚੱਲ ।ਘਰ ਇੱਕ ਧੀ ਸੀ । ਪਹਿਲਾਂ ਉਹ ਮਾਂ-ਬਾਹਰੀ ਹੋ ਗਈ  , ਫਿਰ ਆਖਿਓਂ ਬਾਹਰ । ਉਸ ਦਾ ਸੂਝਵਾਨ ਪਿਓ ਉਸ ਨੂੰ ਸੌ ਟਿਟਕ ਹਟਿਆ-“ਦੇਖ ਪੁੱਤਰ , ਮੈਂ ਸਾਰੀ ਉਮਰ ਈ ਦੇਸ਼ ਲੇਖੇ ਲਾਈ ਐ । ਗੱਭਰੂ ਪੀੜ੍ਹੀਆਂ ਲਈ ਅਰਪਨ ਕੀਤੀ ਐ , ਪਈ ਆਉਂਦਿਆਂ ਪੁਸ਼ਤਾਂ ਸਿਰ ਉੱਚਾ ਕਰਕੇ ਜੀਅ ਸਕਣ । ਆਪਣੀ ਹੋਣੀ ਆਪ ਘੜ ਸਕਣ । ਪਰ, ਏਸ ਆਜ਼ਾਦੀ ਦਾ ਇਹ ਅਰਥ ਨਈਂ, ਪਈ ਤੂੰ ਆਪ-ਹੁਦਰੀ ਤੁਰੀ ਫਿਰੇਂ । ਮਾਂ-ਬਾਪ ਦੀ ਇੱਜ਼ਤ ਖੇਹ-ਕੌਡੀਆਂ ਰੋਲ ਛੱਡੇਂ……….!”
ਕੁੜੀ ਸੀ ਕਿ ਨਿਰੀ ਆਫ਼ਤ । ਇਕ ਕੰਨੋਂ ਸੁਣਦੀ ਦੂਜੇ ਕੱਢ ਛੱਡਦੀ ।
ਆਖਿਰ ਕਾਮਰੇਡ ਨੇ ਅਣਚਾਹਿਆ ਅੱਕ ਚੱਬ ਈ ਲਿਆ । ਕੁੜੀ ਬਾਜਵੇ ਨਾਲ ਤੁਰਦੀ ਕਰਕੇ ਆਪ ਪਾਰਟੀ ਦਫ਼ਤਰ ਜਾ ਬੈਠਾ । ਪੰਮੀ ਦੇ ਨਾਂ ਚੜ੍ਹੋ ਤੀਹ ਖੇਤ ਬਾਜਵੇ ਨੂੰ ਧੁਰ ਅਸਮਾਨੇ ਲੈ ਚੜ੍ਹੇ ।
“ ਦਸ ਖੇਤ ਤਾਂ ਸੌਹਰੇ ਤੇੜ ਦਾ ਨੰਗ ਵੀ ਪੂਰਾ ਨਹੀਂ ਢੱਕਦੇ …..” ਬਾਪੂ ਜੀ ਝੋਰਾ ਕਰਦੇ ,”….ਤੇ ਹੁਣ ਕੁਲ ਮਿਲਾ ਕੇ ਚਾਲੀ , ਦਸ ਜਮਾਂ ਤੀਹ । ਦਿਆਲਪੂਰੀਏ ਪਹਿਲਵਾਨ ਸਰਦਾਰ ਭਗਵਾਨ ਸਿਉਂ ਨਾਲੋਂ ਅੱਧਿਓਂ ਵੀ ਘੱਟ ! ਕਿੱਥੇ ਸੋ ! ਕੱਥ ਚਾਲੀ …! ਪਰ ਇੱਜ਼ਤ-ਛੋਹਰਤ ਮਾਣ-ਤਾਣ,ਸਰਕਾਰੇ –ਦਰਬਾਰੇ ਪਹੁੰਚ , ਪੂਰੇ ਲਾਕੇ ‘ਚ ਪੁੱਛ-ਗਿੱਛ ਸਾਰਿਆਂ ਨਾਲੋਂ ਉੱਪਰ…,” ਬਾਪੂ ਜੀ ਦਾ ਤੌਖਲਾ ਛੂਤ ਦੀ ਬਿਮਾਰੀ ਵਾਗ ਵੱਧਦਾ ਗਿਆ , ਉਹਨਾਂ ਕਈ ਇਲਾਜ ਕੀਤੇ , ਕੋਈ ਖਾਸ ਆਰਾਮ ਨਾ ਆਇਆ । ਫਿਰ , ਪਿੰਡ ਦੀ ਸਰਪੰਚੀ ਹਥਿਆ ਲਈ । ਰੁਪਈਏ ‘ਦੋਂ ਦੋ ਕੁ ਪੈਸੇ ਫ਼ਰਕ ਪਿਆ । ਬਲਾਕ-ਸੰਮਤੀਆਂ ,ਜ਼ਿਲ੍ਹਾਂ ਕਮੇਟੀਆਂ ਵੱਲ ਨਿਗਾਹ ਦੁੜਾਈ , ਉਹ ਉਈਂ ਟੁੱਟੀਆਂ ਪਈਆਂ ਸਨ , ਚਿਰਾਂ ਤੋਂ । ਅਸੰਬਲੀ ,ਤੱਕ ਪਹੁੰਚਣ ਦੇ ਵੀ ਸਾਰੇ ਰਸਤੇ ਬੰਦ ਪਏ ਸਨ, ਅਜੇ ।
ਨੌਨਿਹਾਲ ਦੇ ‘ਵੱਡੇ ਜੋੜ’ ਨੂੰ ਮਿਲਾ ਕੇ ਬਾਪੂ ਜੀ ਅੰਦਰ ਉੱਗਿਆ ਰੁੱਖ , ਇਕ ਦੰਮ ਪੁਗਾਰੇ ਮਾਰਨ ਲੱਗਾ । ਹੇਠਲੇ ਉੱਤਲੇ ਕੰਮ ਕਰਦੇ ਉਹ ਚਰਨੇ ਨੂੰ ਸੌ ਵਲ੍ਹ ਪਾ ਕੇ ਮਿਲਦੇ । ਉਸਦੀਆਂ ਡੂੰਘੀਆਂ-ਗਹਿਰੀਆਂ ਗੱਲਾਂ ਧਿਆਨ ਨਾਲ ਸੁਣਦੇ । ਜਦ ਕਹੇ , ਜਿਥੇ ਕਹੇ , ਨਿਹਾਲੇ ਨੂੰ ਉਸ ਦੇ ਆਖੇ ਆਪ ਭੇਜਦੇ ! ….ਚਰਨੇ ਦੀ ਕੱਲ-ਓ-ਕੱਲੀ ਕੁੜੀ ਨਾਲ ਨਿਹਾਲੇ ਦਾ ਰਿਸ਼ਤਾ ਪੱਕਾ ਕਰਨ ਦੀ ਵੀ ਉਹਨਾਂ ਪੱਕੀ ਹਾਂ ਕਰ ਦਿੱਤੀ ।
ਰਿਸ਼ਤੇਦਾਰੀ ਦੋਹਰੀ ਪੀਡੀ ਹੋਈ ਦੇਖ, ਚਰਨੇ ਨੇ ਵੀ ਆਪਣੇ ਹਿੱਸੇ ਦੀ ਵੱਡੀ ਜੁੰਮਵਾਰੀ ਬਾਪੂ ਜੀ ਦੇ ਹਵਾਲੇ ਕਰ ਦਿੱਤੀ । ਆਪਣੀ ਫੋਰਸ ਦਾ ਖਾਸ-ਉਲ-ਖਾਸ ਆਹੁਦਾ ਉਹਨਾਂ ਨੂੰ ਸੌਂਪ , ਆਪ ਉਹ ਕਿਸੇ ਹੋਰ ਪਾਸੇ ਜੁਟ ਗਿਆ ।
ਚਰਨਾਂ ਹੁਣ ਪਹਿਲੀਆਂ ਵਾਂਗ ਬਾਪੂ ਜੀ ਨੂੰ ਖੁੱਲੇਆਮ ਬਿਲਕੁਲ ਨਹੀਂ ਸੀ ਮਿਲਦਾ । ਹੁਣ ਉਹ,ਵੇਲੇ-ਕੁਵੇਲੇ , ਰਾਤ-ਬਰਾਤੇ ਡੇਰੇ ਆਉਂਦਾ । ਨਾਲ ਲਿਆਂਦੇ ‘ਗੱਫੇ’ ਬਾਪੂ ਜੀ ਕੋਲ ਸੰਭਾਲ ਜਾਂਦਾ । ਜਾਂ ਫਿਰ ਬਾਪੂ ਜੀ ਕੋਲ ਇਕੱਠੀਆਂ ਕੀਤੀਆਂ ‘ਚੀਜ਼ਾਂ-ਵਸਤਾਂ’ ਆਪਣੇ ਨਾਲ ਚੁੱਕਵਾਂ ਖੜਦਾ ।
ਕਦੀ ਹਜ਼ਾਂਰਾ, ਕਦੀ ਲੱਖਾਂ ਦਾ ਆਦਾਨ –ਪ੍ਰਦਾਨ ਕਰਦੇ ਬਾਪੂ ਜੀ ਦੇ ਪੈਰ ਆਪਣੀ ਥਾਂ ਤੋਂ ਹੋਰ ਚੁੱਕੇ ਗਏ ।ਜੱਸੂ –ਬਾਜਵੇ ਸਮੇਤ ਸਾਰੇ ਲੀਡਰ ਉਹਨਾਂ ਨੂੰ ਆਪਣੇ ਸਾਹਮਣੇ ਬੋਨੇ-ਬੋਨੇ ਲੱਗਣ ਲੱਗੇ !…ਉਹਨਾਂ ਨੂੰ ਸਾਫ਼ ਸਪੱਸ਼ਟ ਜਾਪਣ ਲੱਗ ਪਿਆ ਕਿ ਚਿਰਾਂ ਤੋਂ ਅੱਧੋਰਾਣੀ ਪਈ ਉਹਨਾਂ ਦੀ ਇੱਛਾਂ-ਮੰਨਸ਼ਾ ਅੱਜ ਪੂਰੀ ਹੋਈ ਜਾ ਕੱਲ੍ਹ…..
ਚਰਨੇ ਨਾਲ ‘ਬਾਹਰ-ਅੰਦਰ’ ਗਿਆ ਨਿਹਾਲਾ ਵੀ ਕਈ –ਕਈ ਦਿਨ ਘਰ ਨਾ ਮੁੜਦਾ ।
ਮਾਂ ਜੀ ਨੂੰ ਜਦ ਸਾਰੀ ਗੱਲ ਦਾ ਪਤਾ ਲੱਗਾ , ਉਹ ਫਿਰ ਨਿਮੋਝੂਣ ਹੋ ਗਈ । ਨਿਮੋਝੂਣ ਈ ਨਹੀਂ ਬਹੁਤ ਈ ਮੁਰਝਾ ਗਈ । ਚਿਹਰੇ ਦੀ ਟਹਿਕ-ਮਹਿਕ ਪਰ ਲਾ ਕੇ ਉੱਡ ਗਈ । ਜਦ ਵੀ ਕੋਈ ਗੱਲ ਕਰਦੀ ,ਜੀਭ ਥਿੜਕ ਜਾਂਦੀ । ਘਰੋਂ-ਬਾਹਰ ਨਿਕਲਦੀ ਤਾਂ ਹੱਡ-ਗੋਡੇ ਲੜਖੜਾਉਂਦੇ । ਰਾਤ ਪੁਰ ਦਿਨ ਇਕੋ-ਇਕ ਤੌਖ਼ਲਾ ਸੂਲੀ ਟੰਗੀ ਰੱਖਦਾ – ‘ਕਮਾਊ-ਪੁੱਤ’ ਨਿਹਾਲਾ ਅੱਜ ਵੀ ਹੈ ਨਈਂ ਕਲ੍ਹ ਵੀ ਹੈ ਨਈਂ ….. ਲਾਚਾਰ ਹੋਈ ਮਾਂ ਜੀ ਨੇ ਸਾਰੀ ਦਰਦ-ਕਥਾ,ਮੁੱਛਲਾਂ ਦੇ ਜਥੇਦਾਰ ਨੂੰ ਜਾ ਸੁਣਾਈ ।
………ਜਥੇਦਾਰੀ ,ਮੁਕੰਦੀ ਦੇ ਨਾਂ ਨਾਲ ਨਿੱਕੇ ਹੁੰਦਿਆਂ ਤੋਂ ਈ ਜੁੜ ਗਈ । ਐਗਲੋ ਸਕੂਲੇ ਪੜ੍ਹਦਾ, ਉਹ ਅਕਾਲੀ ਮੋਰਚਿਆਂ ਦੀ ਸੂਹ ਰੱਖਣ ਲੱਗ ਪਿਆ । ਚਾਬੀਆਂ ਦਾ ਮੋਰਚਾ,ਜੈਤੋ ਦਾ ਮੋਰਚਾ ,ਹਰਸਾ-ਛੀਨਾਂ ਮੋਰਚਾ-ਜਿਵੇਂ ਉਸ ਦੇ ਨੌਂਹਾ-ਪੌਟਿਆਂ ‘ਤੇ ਉੱਕਰੇ ਗਏ ।ਨਨਕਾਣਾ-ਸਾਬ੍ਹ ਦੇ ਮੋਰਚੇ ਨੇ ਤਾਂ ਉਸਦੀ ਹਲਕੀ-ਫੁਲਕੀ ਰੂਹ,ਲਹੂ-ਲੁਹਾਣ ਹੀ ਕਰ ਦਿੱਤੀ । …………ਵਿਹੜੇ ‘ਚੋਂ ਉਸ ਦਾ ਚਾਚਾ ਲਗਦਾ ਦਿੱਤੂ ਨਰੈਣੇ-ਸਾਧ ਦੇ ਪਤਾ ਨਈਂ ਕਿੱਦਾਂ ਡੇਹੇ ਚੜ੍ਹ ਗਿਆ ! ਉਹਦੇ ਭਾੜੇ ‘ਤੇ ਲਿਆਂਦੇ ਪਠਾਣਾਂ ਤੋਂ ਮੂਹਰੇ ਹੋ ਕੇ ਕੀਰਤਨ ਕਰਦੇ ਸਿੰਘਾਂ ਦੇ  ਆਹੂ ਲਾਹੇ । ਦਿਆਲਪੁਰੀਏ ਜੱਟਾਂ ਨੂੰ ਲਾਜ ਲੁਆ ਦਿੱਤੀ । ਦੁਆਬੇ ਦਾ ਇਤਿਹਾਸ ਕਲੰਕੀ ਕਰ ਮਾਰਿਆ । ਮੁੰਕਦੀ ਉਦੋਂ ਲਾਹੌਰ ਪੜ੍ਹਦਾ ਸੀ –ਸੱਤਵੀਂ,ਅੱਠਵੀਂ ‘ਚ । ਉਹਨੂੰ ਐਨੀ ਠੋਕਰ ਲੱਗੀ ,ਐਨਾ ਵੱਟ ਚੜ੍ਹਿਆ , ਸਾਰਾ ਕੁਝ ਛੱਡ-ਛਡਾ ਕੇ ਪਿੰਡ ਪਰਤ ਆਇਆ । ਟਾਹਲੀ –ਸਾਬ੍ਹ ਗੁਰਦੁਆਰੇ ਅਰਦਾਸਾ ਸੋਧ ਕੇ , ਕਮਰ-ਕੱਸਾ ਕਰ ਲਿਆ –‘ਪਈ ਜਿੰਨਾਂ ਚਿਰ ਵੱਡੇ-ਬੁੜ੍ਹੇ ਦੀ ਲਾਈ ਕਾਲਖ ਨਈਂ ਧੋਤੀ ਜਾਂਦੀ , ਓਨਾ ਚਿਰ ਟਿਕ ਕੇ ਨਈਂ ਬੈਠਣਾ । ਘਰ-ਗ੍ਰਿਸਤੀ ਅਲ੍ਹ ਮੂੰਹ ਨਈਂ ਕਰਨਾ ।….‘ ਲੈ , ਉਹ ਦਿਨ ਜਾਏ ਤੇ ਅੱਜ ਦਾ ਦਿਨ ਆਏ , ਮੁਕੰਦੀ ਦਾ ਪੈਰ ਭੁੰਜੇ ਨਈਂ ਲੱਗਾ । ਸਿੰਘ ਸਭੀਏ ਪਿੰਡ ਆਉਂਦੇ , ਤਾਂ ਮੁਕੰਦ ਮੂੰਹ ਸਾਰਾ ਪਿੰਡ ਗੁਰਦੁਆਰੇ ‘ਕੱਠਾ ਕਰ ਲੈਂਦਾ । ਸ਼ਹੀਦੀ ਜਥੇ ਲੰਘਦੇ , ਤਾਂ ਵੀ ਸਭ ਤੋਂ ਮੂਹਰੇ ਹੋ ਤੁਰਦਾ । ਬੱਬਰ ਹੋਕਾ ਦਿੰਦੇ ਤਾਂ ਪਹਿਲੀ ਪਾਲ੍ਹ ਮੁਕੰਦ ਸਿਓਂ ਜਥੇਦਾਰ ਦੀ ਹੁੰਦੀ । ਅਕਾਲੀ ਚੜ੍ਹਤ ਘਟੀ ਤਾਂ ਜਥੇਦਾਰ ਕਿਰਤੀ ਲਹਿਰ ਨਾਲ ਜੁੜ ਗਿਆ। ਕਿਰਤੀ ਲਹਿਰ ਮੱਠੀ ਪਈ ਤਾਂ ਮੁਕੰਦ ਸੂੰਹ ਕਾਮਰੇਡ ਹੋ ਨਿੱਤਰਿਆ-ਐਨ ਪੱਕਾ-ਠੱਕਾ ।ਕਿਸਾਨੀ ਸਫਾਂ ਦੀ ਸਿਰ-ਕੱਢ ਕਾਮਾਂ । ਫਰੰਗੀ ਤੋਰ ਕੇ ਕਾਂਗਰਸ ਨੇ ਉਸ ਨੂੰ ਕਈ ਸਾਰੇ ਲਾਲਚ ਦਿੱਤੇ , ਪਰ ਜਥੇਦਾਰ ਨੇ ਕਾਮਰੇਡੀ ਨਾ ਛੱਡੀ ।
ਜਿੰਨਾਂ ਚਿਰ ਅੰਗ-ਪੈਰ ਚਲਦੇ ਰਹੇ , ਉਹ ਲੱਗਦੀ –ਵਾਹ ਹਰ-ਰੋਜ਼ ਗੁਰਦੁਆਰੇ ਜਾਂਦਾ ਰਿਹਾ,ਘੱਟੋ-ਘੱਟ ਅੰਮ੍ਰਿਤ ਵੇਲੇ ਜ਼ਰੂਰ । ਬਾਕੀ ਸਾਰਾ ਦਿਨ ਬਹਿਸਾਂ,ਮੀਟਿੰਗਾਂ ਜਾਂ ਫਿਰ ਲੋਕਾਂ ਦੀਆਂ ਦੁੱਖ-ਤਕਲੀਫਾਂ । ਸੱਥਾਂ-ਇਕੱਠਾਂ ‘ਚ ਖੜ੍ਹ-ਬੈਠਾ ਉਹ ਕਿੰਨਾ ਕਿੰਨਾ ਚਿਰ ਗੱਲੀਂ ਜੁੱਟਿਆ ਰਹਿੰਦਾ । ਵਿਚਾਰ ਵਟਾਦਰਾਂ ਕਰਦਾ,ਨਵੀਆਂ-ਨਵੀਆਂ ‘ਘੁੰਡੀਆਂ’ ਖੋਲ੍ਹਦਾ ਰਹਿੰਦਾ । ਪੁਰਬਾਂ-ਦਿਹਾੜਿਆਂ ‘ਤੇ ਤਾਂ ਉਸਦਾ ਵਿਖਿਆਨ ਹਰ ਕਿਸੇ ਨਾਲੋਂ ਨਿਵੇਕਲੀ ਤਰ੍ਹਾਂ ਦਾ ਹੁੰਦਾ – ‘ ਪੁਰਬਲੇ ਇਤਿਹਾਸ ਨਾਲ ਗੰਢਿਆਂ-ਗੰਢਿਆਂ ,ਸਮੇਂ ਦੇ ਹਾਲਾਤ ਨਾਲ ਜੁੜਿਆ-ਜੁੜਿਆ । ਰਵਾਇਤੀ ਕਿਸਮ ਦੇ ਰਾਗੀ-ਢਾਡੀ,ਉਸਦੇ ਸਾਹਮਣੇ ਊਈਂ ਸਾਹ ਨਾ ਭਰਦੇ । ਉਹ ਠੋਕ ਵਜਾ ਕੇ ਉਹਨਾਂ ਨੂੰ ਆਖਦਾ –“ ਜਾਗਰੂਕ ਮੱਧ ਸ਼੍ਰੇਣੀ ‘ਚ ਉੱਠੇ ਗੁਰੂ-ਨਾਇਕਾਂ ਨੂੰ ਜਿੰਨਾ ਤੁਹਾਡੇ ਐਨਾਂ ਬਾਜੇ-ਸਾਨਗੀਆਂ ਆਕਾਸੋਂ –ਉੱਤਰੇ ਦੇਵੀ-ਦੇਵਤੇ ਬਣਾ ਕੇ ਨਸ਼ਰ ਕੀਤਾ ਆ ਨਾ ,ਓਨਾ ਸ਼ੈਦ ਟੁੱਟ ਪੂੰਜੀਏ ਇਤਿਹਾਸਕਾਰਾਂ ਸਾਰਿਆਂ ਰਲ੍ਹ ਕੇ ਨਈਂ ਕੀਤਾ ਹੋਣਾ …..“
ਦਾਲ-ਫੁਲਕਾ ਮਾਰਕਾ ਜਥਿਆਂ ਨੂੰ ਤਾਂ ਖੈਰ ਉਹਦੀ ਗੱਲ ਊਈਂ ਸਮਝ ਨਾ ਪੈਂਦੀ , ਪਰ ਦੇਸ਼-ਵਿਦੇਸ਼ ਘੁੱਮਿਆਂ-ਫਿਰਿਆ ਗਿਆਨੀ ਬਖਸ਼ੀਸ਼ ਸੂੰਹ ਢਾਡੀ ਹਰ ਵਾਰ ਜਥੇਦਾਰ ਅੱਗੇ ਅੱੜ ਖ਼ਲੋਂਦਾ । ਉਹਨਾਂ ਦੋਨਾਂ ਵਿਚਕਾਰ ਹੁੰਦੀ ਗਰਮੋਂ-ਗਰਮੀ ਸੁਣੇ ਕੇ ਬਾਪੂ ਜੀ ਬਹੁਤ ਖ਼ਫਾ ਹੁੰਦੇ । ਉਸ ਗੱਲ-ਗੱਲ ਤੇ ਜਥੇਦਾਰ ਨੂੰ ਟੋਕਦੇ । ਉਹ ਨਾਲ ਉੱਚਾ-ਨੀਵਾਂ ਹੁੰਦੇ ,ਕਦੀ ਉਸਨੂੰ ਸਿਰ-ਫਿਰਿਆਂ ਨਾਸਤਕ ਆਖਦੇ,ਕਦੀ ਧਰਮ-ਵਿਰੋਧੀ ਅਨਸਰ ।
ਪਰ ਮਾਂ ਜੀ ….ਮਾਂ ਜੀ ਇਵੇਂ ਬਿਲਕੁਲ ਨਾ ਕਰਦੀ । ਉਹ ਤਾਂ ਸਗੋਂ ਜਥੇਦਾਰ ਦੀਆਂ ਅਜੀਬ-ਅਜੀਬ ਟਿਪਣੀਆਂ ਬੜੇ ਧਿਆਨ ਨਾਲ ਸੁਣਦੀ । ਗੱਲ-ਗੱਲ ‘ਤੇ ਉਸਦੀ ਗੱਲ ਜੋੜਦੀ । ਲੋੜ ਪੈਣ ‘ਤੇ ਉਹ ਜਥੇਦਾਰ ਤੋਂ ਸਿੱਖ-ਸਲਾਹ ਵੀ ਲੈ ਆਉਂਦੀ ਤੇ ਔਖੇ-ਭਾਰੇ ਸਮੇਂ ਦੁੱਖ-ਸੁੱਖ ਵੀ ਸਾਂਝਾ ਜਾ ਕਰਦੀ ।
……….ਮਾਂ ਜੀ ਦਾ ਵਿਲੀਪਾਪ ਸੁਣ ਕੇ ਜਥੇਦਾਰ ਇਕ –ਦਮ ਵਲੂੰਦਰਿਆ ਗਿਆ। ਉਸਦਾ ਜਗਦਾ-ਮਘ੍ਹਦਾ ਤੇਜ-ਤਪ ਪਲ-ਛਿੰਨ ਲਈ ਫਿੱਕਾ ਪੈ ਗਿਆ। ਉਹ ਨਾ ਚੁੱਪ ਰਹਿਣ ਜੋਗਾ ਰਿਹਾ  ਨਾ ਬੋਲਣ ਜੋਗਾ । ਬੀਤੇ ਇਤਿਹਾਸ ਦੀ ਪੌਣੀ ਸਦੀ ਅੱਖ-ਝਮਕੇ ਅੰਦਰ ਉਸਦੇ ਸਾਹਮਣੇ ਆ ਖਲੋਈ । ਅੱਖਾਂ ਮੁੰਦੀ ਉਹ ਕੁਝ ਚਿਰ ਲਈ ਪਿਛਲੀਆਂ ਸਾਰੀਆਂ ਘਟਨਾਵਾਂ ਬੜੇ ਗੌਹ ਨਾਲ ਵਾਚਦਾ ਰਿਹਾ । ਫਿਰ …ਫਿਰ ਡੂੰਘਾ ਜਿਹਾ ਸਾਹ ਭਰ ਕੇ ਉਸ ਨੇ ਬੜੇ ਠਰੰਮੇ ਨਾਲ ਮਾਂ ਜੀ ਨੂੰ ਆਖਿਆ “ ਤੂੰ – ਤੂੰ ਬੀਬਾ , ਜਿੱਦਾਂ ਵੀ ਹੋਵੇ ਨਿਹਾਲੇ ਹੁਣਾਂ ਨੂੰ ਓਧਰ ਜਾਣੋ ਰੋਕ । ਬਓਤੇ ਈ ਓਝੜੇ ਰਾਹੇ ਜਾ ਚੜ੍ਹੇ ਆ ਉਹ ….. ਸਮਝਾ ਕੇ ਤਾਂ ਗੁੱਸੇ-ਰਾਜੀ ਹੋ ਕੇ ਤਾਂ ….“
ਜਥੇਦਾਰ ਦੀ ‘ਨਸੀਹਤ’ ਸੁਣ ਕੇ ਮਾਂ ਜੀ ਨੇ ਕਾਫੀ ਸਾਰੀ ਹਿੰਮਤ ਫੜ ਲਈ । ਅੰਦਰ ਡੱਕ ਹੋਇਆ ਰੋਹ ਗੱਲੀਂ-ਗੱਲੀਂ ਬਾਹਰ ਆਉਣ ਲੱਗਾ । ….ਆਨੀਂ-ਬਹਾਨੀਂ ਉਹ ਬਾਪੂ ਜੀ ਨਾਲ ਲੜਾਈ-ਝਗੜਾ ਲੈ ਬਹਿੰਦੀ ।
ਤਲ਼ਖ ਹੋਈ ਮਾਂ ਜੀ ਇਕ ਦਿਨ ਤਾਂ ਬਾਪੂ ਜੀ ਦੇ ਗਲ੍ਹ ਈ ਪੈ ਗਈ – “ਏਹ ਮਿਰਗ-ਤ੍ਰਿਸਨਾ ਤੈਨੂੰ ਟਿਕਾਈ ਕਾਤ੍ਹੋਂ ਨਈਂ ਲੈਣ ਦਿੰਦੀ ਬੰਦਿਆ ! ਭਲੀ ਚੰਗੀ ਰੋਟੀ ਖਾਨਾ ਤੂੰ ਫੇਰ ਵੀ ਸਮਾਨ ਨੂੰ ਛੜਾਂ ਮਾਰਨੋ ਨਈਂ ਹਟਦਾ…!
ਬਾਪੂ ਜੀ ਅੱਗੋਂ ਉੱਲਰ ਕੇ ਪਏ ਉਹਨੂੰ-“ਰਮਾਨ ਨਾ ਬੈਠੀ ਰਹਿ ਤੂੰ,ਵੱਡੀ ਹਦੈਤਨ,ਤੈਨੂੰ ਕੀ ਪਤਆ ਏਹ ਕਾਦ੍ਹੀ ਲੜਾਈ ਲੜਦੇ ਆ ਸਿੰਘ । ਇਹ ਸਿੱਖ-ਕੌਮ ਦੀ ਆਨ-ਸ਼ਾਨ ਦੀ ਲੜਾਈ ਆ , ਜੱਟ-ਕੌਮ ਦੇ ਹੱਕਾਂ ਦੀ ਲੜਾਈ , ਪੰਜਾਬ ਨੂੰ ਬਾਣੀਆਂ ਗੁਲਾਮੀ ਤੋਂ ਮੁਕਤ ਕਰਾਉਣ ਦਾ ਘੋਲ ….ਏ ਬਾਣੀਆ ਸਰਕਾਰਾਂ ਨੇ ਹੁਣ ਤਾਈਂ ਦਿੱਤਾ ਕੀ  ਆ ਆਮ ਜੱਟਾਂ ਨੂੰ ! ਜੁੱਤੀ ਬਰੋਬਰ ਨਈਂ ਜਾਣਿਆ । ਕੀ ਗੱਲ, ਅਸੀਂ ਨਈਂ ਉਹਨਾਂ ਅਰਗੇ ! ਸਾਡੇ ‘ਚ ਕੀ ਕਮੀ-ਆ ! ਆਹ ਜੱਸੂ ਬਾਜਵੇ ਮਾਮੇਂ ਲਗਦੇ ਆ ਕੱਲੇ ! ਸਾਡਾ ਵੀ ਹਿੱਸਾ ਬਣਦਾ ਕੁਸ਼ ਉੱਪਰ ਆਲੀਆਂ ਬਜੀਰੀਆਂ ਤੇਏ …..!”
-“ਤੁਆਡਾ ਹਿੱਸਾ ਬਣਦਆ ਤਾ ਆਪੂੰ ਲੜੋ ਮੂਹਰੇ ਹੋ ਕੇ ! ਆਪ ਤੁਸੀਂ ਪਿਛਲੇ ਅੰਦਰੀਂ ਲੁਕੇ ਫਿਰਦੇ ਆਂ ,ਮੁੰਡਿਆਂ ਨੂੰ ਅੱਗੇ ਡਾਹ ਕੇ ,ਕੱਲਿਆਂ ਨੂੰ ….! “ ਮਾਂ ਜੀ ਨੇ ਜਥੇਦਾਰ ਤੋਂ ਸੁਣੀ-ਸਮਝੀ ਸਪਾਟ ਕਰਦੀ ਬਾਪੂ ਜੀ ਨੂੰ ਕਹਿ ਸੁਣਾਈ ।
-“ਕੱਲੇ ਕਦੋਂ ਆ ਮੁੰਡੇ ! ਅਸੀਂ ਜੁ ਬੈਠੇ ਆਂ ਉਨ੍ਹਾਂ ਦੀ ਪਿੱਠ ‘ਤੇ ! ….ਸਿੱਖ ਕੌਮ ਲਈ ਜੂਝਦਾ ,ਜੇੜ੍ਹਾ-ਜੇੜ੍ਹਾ ਵੀ ਸ਼ਹੀਦ ਹੋਈ ਜਾਂਦਾ , ਅਸੀਂ ਉਂਦੇ ਭੋਗ ‘ਤੇ ਜਾਈਦਾ, ਓਦੇ ਘਰ ਦਿਆਂ ਨੂੰ ਸਰੋਪੇ ਦਿੰਨੇ ਆਂ …! ਹੁਣ ਤਾ ਸਾਰੀ ਜੱਟ ਕੌਮ ਢਾਲ ਬਣ ਕੇ ਖੜੀ ਆ ਮੁੰਡਿਆਂ ਪਿੱਛੇ…,। “ ਬਾਪੂ ਜੀ ਅੰਦਰ ਲੁਕੀ ਹਉਂ ਪੂਰੀ ਚੜ੍ਹਤ ਨਾਲ ਬਾਹਰ ਆਈ , ਪਰ ਮਾਂ ਜੀ ਦੀ ਸੱਚੀ ਕਰਾਰੀ ਸਾਹਮਣੇ , ਬਾਪੂ ਜੀ ਥੋੜਾ ਕੁ ਛਿੱਥੇ ਪੈ ਗਏ –“ ਨਿਹਾਲ ਲਈ ਤੁਆਡੀ ਢਾਲ ਖ਼ਬਨੀ….“ ਬਾਕੀ ਰਹਿੰਦਾ ਸ਼ਿਕਵਾ ਮਾ ਜੀ ਦੇ ਹਟਕੋਰਿਆਂ ਨਾਲ ਪੀਤਾ ਗਿਆ ।
ਦੂਰ ਕਿੱਧਰੇ ਸੱਤਵੇਂ ਅਕਾਸ਼ ‘ਚ ਘੁੰਮਦੇ ਬਾਪੂ ਜੀ ਤੋਂ ਧੁਰ ਅੰਦਰਲਾ ਭੇਦ ਸਹਿ ਸੁਭਾ ਹੀ ਮਾਂ ਜੀ ਨੂੰ ਪਤਾ ਨਹੀਂ ਕਿਵੇਂ ਦੱਸਿਆ ਗਿਆ – “ਓਏ ਭਾਗਵਾਨੇ,ਵੱਡੇ ਕੰਮਾਂ ਲਈ ਵੱਡੀਓ ਕੁਰਬਾਨੀ ਦੇਣੀ ਪੈਂਦੀ ਆ ।ਤੂੰ ਬਓਤਾ ਹੇਰਵਾ ਨਾ ਕਰਿਆ ਕਰ ਮੁੰਡਿਆ ਦਆ । ….ਤੈਨੂੰ ਪਤਆ, ਐਸਲੇ ਤੇਰੇ ਦੋਨਾਂ-ਦੋਨਾਂ ਹੱਥਾਂ ‘ਚ ਲੱਡੂ ਆ …….ਕੱਲ ਨੁੰ ਜੇ ਨਿਹਾਲਾ ਝੰਡੀ ਜਿੱਤ ਕੇ ਆ ਮੁੜਿਆ ਤਾਂ ਪੰਜਾਬ ਦੀ ਸਰਦਾਰੀ ਤੇਰੇ ਸਰਦਾਰ ਹੇਠਾਂ ਹਉ ਤੇ ਜੇ …ਜੇ ਕਿਧਰੇ ਸੱਚੇ-ਝੂਠੇ ਮੁਕਾਬਲੇ ‘ਚ ਮਾਰਿਆ ਗਿਆ ਤਾ ਭੋਏਂ ਤੇਰੀ ਤਿੰਨਾਂ ਦੀ ਥਾਂ ਦੋਂਹ ਹਿੱਸਿਆਂ ‘ਚ ਵੰਡ ਹਊ …..“
ਬਾਪੂ ਜੀ ਦੇ ਅੰਦਰਲਾ ਸੱਚ ਮਾਂ ਜੀ ਨੂੰ ਖੰਜਰ ਵਾਂਗ ਆ ਖੁੱਭਾ । ਕਈ ਦਿਨ ਰੋਂਦੀ ਉਹ ਅੰਦਰੋਂ –ਅੰਦਰ ਤੜਫ਼ਦੀ ਰਹੀ ।ਨਾ ਕੁਝ ਖਾਦਾ,ਨਾ ਕੁਝ ਪੀਤਾ । ਹਾਰ ਕੇ ਮੰਜੀ ‘ਤੇ ਡਿੱਗ ਪਈ । ਉਹਦੀ ਢਹਿੰਦੀ ਹਾਲਤ ਦੇਖ ਬਾਪੂ ਜੀ ਨੂੰ ਸੱਚ-ਮੁੱਚ ਦੀ ਚਿੰਤਾ ਹੋਈ । ਮੂੰਹਦੜੇ-ਮੂੰਹ ਪਈ ਨੂੰ ਉਠਾਲ,ਸਵੇਰੇ-ਸ਼ਾਮ ਹੌਸਲਾ ਦਿੰਦੇ- “ ਓ।।।ਓ ਮੈਂ ਤਾਂ ਹੱਸਦਾ ਈ ਸੀ ਈ ਤੈਨੂੰ ! ਊਂ ਮੈਂ ਬਥੇਰਾ ਸਮਝਾਉਨਾਂ ਨਿਹਾਲੇ ਨੂੰ , ਪਈ ਸ਼ੇਰਾ ਐਂ ਨਈਂ ਜਿੱਤੀ ਜਾਂਦੀ ਰੁਮਾਲੀ ।।।ਵੱਡੇ ਘੋਲ ਜਿੱਤਣ ਲਈ ਵੱਡੇ ਦਾਅ ਲਾਉਣੇ ਪੈਂਦੇ ਆ । ਪਰ ….ਉਹ ਮੇਰੀ ਸੁਣਦਾ ਈ ਇਕ ਨਈਂ …..!
ਬਾਪੂ ਜੀ ਦਾ ਇਹ ਉਲਟ-ਬਿਆਨ ਮਾਂ ਜੀ ਤੇ ਕੋਈ ਅਸਰ ਨਾ ਕਰਦਾ । ਉਹ ਇਸ ਨੂੰ ਐਮੇਂ-ਕਿਮੇਂ ਦੀ ਗੱਲ ਈ ਸਮਝਦੀ । ਸਿਰਫ਼ ਕਹਿਣ-ਕਹਾਉਂਣ ਵਾਲੀ । ਝੂਠੀ-ਮੂਠੀ ਜਿਹੀ । ਪੀਰ ਆਲਮ –ਸ਼ਾਹ ਦੀ ਸਿੱਖਿਆ ਦਾ ਨਿਰਾਦਰ ਕਰਨ ਵਾਲੀ : ਉਂਝ ਉਹ ਭਲੀ-ਭਾਂਤ ਜਾਣਦੀ ਸੀ –ਕਿ ਬਾਪੂ ਜੀ ਦੀ ਤਾਰ ਜਿੱਥੇ ਖੜਕਦੀ ਆ ਉਥੇ ਈ ਖੜਕਦੀ ਆ …ਐਨ ਇਕ-ਟੱਕ, ਬਿਨਾਂ ਰੋਕ-ਟੋਕ ।
ਪਰ…ਪਰ ਦੋ ਕੁ ਦਿਨਾਂ ਤੋਂ , ਬਾਪੂ ਜੀ ਦੇ ਦਿਲਾਸਾ ਦਿੰਦੇ ਬੋਲਾਂ ‘ਚ ਲਟਕਾ ਜਿਹਾ ਪੈਂਦਾ ਲੱਗਾ ਮਾਂ ਜੀ ਨੂੰ । ਉਹਨਾਂ ਦੇ ਚਿਹਰੇ ਤੇ ਪਰਛਾਈ ਜਿਹੀ ਉੱਤਰਦੀ ਦਿਸੀ , ਜਿਹੜੀ ਪਹਿਲਾਂ ਕਦੇ ਨਹੀਂ ਸੀ ਡਿੱਠੀ ਮਾਂ ਜੀ ਨੇ …. ਉਹਨੇ ਸੋਚਿਆ –‘ਚਰਨੇ ਨਾਲ ਈ ਹੋਈ ਹੋਣੀ ਕੋਈ ਉੱਚੀ-ਨੀਮੀਂ , ਹੋਰ ਤਾਂ ਕਿਸੇ ਦਾ ਆਉਣ-ਜਾਣ ਨਈਂ ਡੇਰੇ ,ਬਓਤਾ…! “
ਅੰਦਰਲਾ ‘ਵਹਿਮ’ ਦੂਰ ਕਰਨ ਲਈ ਮਾਂ ਜੀ ਨੇ ਬਾਪੂ ਜੀ ਨੂੰ ,ਇੱਕ ਵਾਰ ਟੋਹ ਹੀ ਲਿਆ । ਗਿਲੇ ਸ਼ਿਕਵੇ ਕਰਦਿਆਂ ਚਰਨੇ ਦਾ ਰਿਸ਼ਤਾ ਛੱਡ ਦਾ ਤਰਲਾ ਜਿਹਾ ਵੀ ਕੀਤਾ । ਪਰ ਬਾਪੂ ਜੀ ਤੋੜ ਕੇ ਜਵਾਬ ਦੇ ਗਏ – “ਜੱਟ ਦਾ ਪੁੱਤ ਥੁੱਕ ਕੇ ਕਦੇ ਨਈਂ ਚੱਟੂ,ਭਾਮੇਂ ਜਾਨ ਜਾਂਦੀ ਲੱਗੇ …!”
ਬੱਧੀ-ਰੁੱਧੀ ਮਾਂ ਜੀ ਨੂੰ ਤੀਜੀ ਨੂੰਹ ਤੋਂ ਵੀ ਪਾਣੀ ਵਾਰ ਕੇ ਪੀਣਾ ਈ ਪਿਆ । ਨਿਹਾਲੇ ਦਾ ਵਿਆਹ ਕਰਕੇ  ਬਾਪੂ ਜੀ ਸਗੋਂ ਹਵਾ ਅੰਦਰ ਤਾਰੀਆਂ ਮਾਰਨ ਲੱਗੇ । ਡੇਰੇ ‘ਚ ਆਓ-ਗਸ਼ਤ ਹੋਰ ਵਧ ਗਈ – ਸਾਕ-ਸੰਬੰਧੀਆਂ ਦੀ ਵੱਖਰੀ ,ਨਿਹਾਲੇ ਦੇ ਜੁੱਟਾਂ ਦੀ ਵੱਖਰੀ । ਮਾਂ ਜੀ  ਘਰੋਂ-ਡੇਰੇ, ਡੇਰਿਓਂ ਘਰ,ਚਾਹ –ਰੋਟੀਆਂ ਢੋਂਦੀ ਰਹਿੰਦੀ । ਵੱਢ-ਟੁੱਕ,ਮਾਰ-ਧਾੜ,ਲੁੱਟ-ਫੰਡ ਵਰਗੀਆਂ ਹੋਰੂੰ-ਹੋਰੂ ਜਿਹੀਆਂ ਕਹਾਣੀਆਂ ਸੁਣਦੀ ਰਹਿੰਦੀ । ਰੋਜ਼-ਰੋਜ਼ ਉਹੋ ਕੁਝ ਸੁਣਦੀ ਮਾਂ ਜੀ ਹਰ ਰੋਜ਼ ਕਲਪਦੀ । ਹਓਕੇ ਭਰਦੀ ।ਰੋਂਦੀ , ਤੜਫ਼ਦੀ । ਉਸ ਨੂੰ ਲੱਗਦਾ , ਜਿਵੇਂ ਲਹੂ-ਲਾਸ਼-ਗੋਲੀ ਉਸਦੇ ਮੁਰੱਬੇ ਦੀ ਕਿਸੇ ਫ਼ਸਲ ਦਾ ਨਾਂ ਹੋਵੇ । ਜਿਹਨੂੰ ਬੀਜਣ-ਉਗਾਣ ਲਈ ਉਸਦੇ ਘਰ ਦੇ ਕਿੰਨੇ ਸਾਰੇ ਜੀਅ ਰਾਤ-ਪੁਰ-ਦਿਨ ਜੁੱਟੇ ਪਏ ਹੋਣ  । ਕਈ ਵਾਰ ਉਸਦਾ ਉਚਾਟ ਹੋਇਆ ਚਿੱਤ ਕਿਧਰੇ ‘ਨਿੱਕਲ ਜਾਣ’ ਨੂੰ ਕਰਦਾ । ਜਾਂ ਕੋਈ ਖੂਹ-ਖਾਤਾ ਗੰਦਾ ਕਰਕੇ  ਇਸ ਨਰਕ ਤੋਂ ਛੁਟਕਾਰਾ ਪਾਉਣ ਲਈ ਉਤਾਵਲਾ ਹੋ ਉੱਠਦਾ । ਪਰ, ਸਾਰੇ ਪਾਸੇ ਖਿੱਲਰੇ ਮੋਹ ਨੇ ਮਾਂ ਜੀ ਨੂੰ ਕੁਝ ਵੀ ਨਾ ਕਰਨ ਦਿੱਤਾ ।
ਹਫ਼-ਥੱਕ ਕੇ ਉਸਨੇ ਇਕ ਦਿਨ ਹੇਠਲੀ ਪੱਤੀ ਵਾਲੀ ਭਜਨੀ ਤੋਂ ਕਨੇਡਾ ਨੂੰ ਚਿੱਠੀ ਲਿਖਵਾ ਪਾਈ – “ ਇਕ ਓਂਕਾਰ ਸੱਤਗੁਰ ਪਰਸ਼ਾਦ…..ਬੀਬੇ-ਰਾਣੇ ਬੰਸਾ ਸਿਆਂ ,ਏਥੇ ਸਾਰੇ ਰਾਜ਼ੀ-ਬਾਜ਼ੀ ਹੈਅ । ਤੇਰੀ ਰਾਜੀ-ਬਾਜ਼ੀ ਲਈ ਪਰਮੇਸ਼ਰ ਅੱਗੇ ਦੋਨੋਂ ਵਖ਼ਤ ਹੱਥ ਜੋੜਕੇ ਅਰਦਾਸ ਕਰਦੀ ਆਂ ……ਮੱਸਿਆ –ਸੰਗਰਾਂਦੇ ਤੇਰੇ ਨਾਓਂ ਦਾ ਪਰਸ਼ਾਦ ਕਰਾਉਂਦੀ ਆ । ਪੁਰਬਾਂ-ਦਿਹਾੜਿਆਂ ‘ਤੇ ਅੱਧਿਓਂ-ਵੱਧ ਲੰਗਰ ਸੁੱਖਨਾਂ ਸਾਡੇ ਘਰੋਂ ਈਂ ਗੁਰਦੁਆਰੇ ਜਾਂਦਾ । ਸਭ ਤੇਰੀ ਕਮਾਈ ਦੀਆਂ ਬਰਕਤਾਂ ਆ ਮੇਰਿਆਂ ਬੱਚਿਆਂ ….. ਬਖ਼ਸ਼ਾ ਤਾ ਤੈਨੁੰ ਪਤਾਅ ਸੰਤ-ਮਤੀਆ ਈ ਆ ਮੁੱਢ ਤੋਂ । ਉਹਨੂੰ ਹਾਣ-ਲਾਭ ਦੀ ਰਤਾ-ਮਾਸਾ ਫਿਕਰ ਨਈਂ । ਹਲ੍ਹ ਵਾਹ ਛੱਡਿਆ , ਧਾਰਾਂ ਕੱਢ ਛੱਡੀਆਂ,ਬਾਕੀ ਸਾਰਾ ਦਿਨ ਕੱਖ-ਪੱਠਾ । ਜਮਾ ਈ ਸਾਧ ਐ ,  ਮੇਰਾ ਪੁੱਤ ਉਹ ਤਾਂ । ਪਰ , ਐਥੇ ਆਲੇ ਦੂਜੇ ਬੰਦਿਆਂ ਦੇ ਕਾਰੇ ਠੀਅਕ ਨਈਂ…… ਹੋਰੂੰ-ਹੋਰੂ ਜਿਹੀ ਕਮਾਈ ਕਰਦੇ ਆ ਅੱਠੇ –ਪਹਿਰ । ਬਾਪੂ ਤੇਰਾ ਵੀ ਮੈਂ ਕੈਨ੍ਹੀ ਆਂ ਖ਼ਬਨੀ ਸਾਰੀਓ ਸੁੱਧ-ਬੱਧ ਗੁਆ ਬੈਠਆ । ਕਦੀ ਜਸੂ-ਲੀਡਰ ਦੀਆਂ ਰੀਸਾਂ ਕਰਦਾ,ਕਦੀ ਬਾਜਵੇ’ ਦੀਆਂ ਕਾਲੀ ।
ਨਿਹਾਲਾ ਤਾਂ ਮੰਨਿਆ ਨਿਆਣ-ਮੱਤ ਹੋਈ , ਪਰ ਐਸ ਬੁੱਢ-ਬਲੇਦ ਨੂੰ ਪਤਾ ਨਈਂ ਕੀ ਪੱਟੀ ਪੜ੍ਹਾਈ ਆ ਚਰਨੇ-ਮਰਨੇ ਨੇ, ਇਨੂੰ ਰਾਤ ਪੁਰ-ਦਿਨੇ ਟਿਕਾਂਈ ਈ ਕੋਈ ਨਈਂ । ਮੈਂ ਸੌ ਵੇਰਾਂ ਟਿਟਕ ਲੱਥੀ ਆਂ ,ਪਈ ਬੰਦਿਆਂ ਰੱਬ ਦਿਆਂ ਸਬਰ ਕਰ ਕੁਸ਼ , ਖੌਫ਼ ਕਰ ਤੂੰ ਉੱਪਰ ਆਲੇ ਦਾਅ । ਐਨਾ ਕੁਸ਼ ਦਿੱਤਾ ਆ ਜੇਨ੍ਹੇ । …..ਚੰਗਾ ਭਲਾ ਖਾਨਾਂ ਪੀਨਾਂ ,ਹੋਰ ਹੁਣ ਕੀ ਚਾਹੀਦਾ ਤੈਨੂੰ ? ਭਲਾ ਤੂੰ ਈ ਦੱਸ ਮੇਰਾ ਬੀਬਾ ਪੁੱਤ ,ਇਹ ਕੋਈ ਭਲਿਆਂ ਲੋਕਾਂ ਦਾ ਕੰਮ ਆਂ ਜਿਦ੍ਹੇ ਮਗਰ ਹੌਕਣੀ ਚੜ੍ਹੀ ਪਈ ਆ ਏਨੂੰ ! ਜੇ ਏਦੇ ਕਰਮਾਂ ‘ਚ ਰਾਜ –ਭਾਗ ਲਿਖਿਆ ਹੁੰਦਿਆ , ਏਹ ਰਾਜਿਆਂ-ਮਹਾਰਾਜਿਆਂ ਘਰੀਂ ਜਰਮ ਲੈਂਦਾ ,ਐਥੋ ਜੱਟਾਂ-ਬੂਟਾਂ ਦੇ ਜ਼ਰੂਰ ਜੰਮਣਾ ਸੀ ਏਨੇ । ….ਕਲ-ਕਲੋਤਰ ਨੂੰ ਹੋਰ ਕੋਈ ਹਭੀ-ਨਭੀ ਹੋ ਗਈ ਤਾਂ ਘਰ ਦਾ ਫੱਕਾ ਨਹੀਂ ਰਹਿਣਾ । ਤੇਰੀ ਕੀਤੀ ਕਮਾਈ ਸਾਰੀਓ ਫੂਕੀ ਜਾਣੀ ਆ । ਨੇ ਜਾਣੀਏ ਘਰੋਂ ਕੋਈ ਜੀਅ ਊਈਂ ਉੱਠਦਾ ਹੋ ਜਏ । ਮੇਰਿਆ ਲਾਡਲਿਆ ਬੱਚਿਆਂ,ਮੈਂ ਤਾਂ ਬਥੇਰਾ ਮੱਥਾ ਮਾਰ ਬੈਠੀ ਆ ਕੱਲੇ ਕੱਲੇ ਨਾ ‘ । ਮੇਰੀ ਤਾਂ ਇਕ ਨਈਂ ਸੁਣਦਾ ਦੋਨ੍ਹਾਂ ‘ਚੋਂ ਕੋਈ ਵੀ । ਤੂੰ ਜ਼ਰਾ ਸਕਤ ਜੇਈ ਚਿੱਠੀ ਪਾ ਏਨਾਂ ਨੂੰ , ਛੇਤੀ” – ਤੇਰੀ ਪਿਆਰੀ ਮਾਂ , ਨਾਮ ਸਰਸਤੀ ਪਿੰਡ ਦਿਆਲਪੁਰ ਖਾਸ । ਪੂਰੀਆਂ ਦਸ ਜਮਾਤਾਂ ਪਾਸ ਭਜਨੀ ਨੇ ਮਾਂ ਜੀ ਦਾ ਆਖਿਆ-ਬੋਲਿਆ , ਆਪਣੀ ਸਮਝ ਮੁਤਾਬਿਕ ਪੋਚ ਸੁਆਰ ਕੇ ਲਿਖ ਫੜਾਇਆ । ਪਰ , ਪੰਦਰੀ-ਵੀਹੀਂ ਦਿਨੀਂ ਆਇਆ ਬੰਸੇ ਦਾ ਉੱਤਰ ਉਸ ਤੋਂ ਉਠਾਲਿਆ  ਨਾ ਗਿਆ । ‘ ਮਾਈ ਡੀਅਰ ਮਾਮਾ’ ਤੋਂ ਲੈ ਕੇ ਯੂਅਰ ਲਵਿੰਗ ਸੰਨ’ ਤੱਕ ਗੁਰਮੁਖੀ ਅੱਖਰਾਂ ‘ਚ ਲਿਖੇ ਕਿੰਨੇ ਸਾਰੇ ਅੰਗਰੇਜ਼ੀ ਸ਼ਬਦ ਉਦਸੀ ਸਮਝ ਨਾ ਆਏ ।
ਚਿੱਠੀ ਓਸੇ ਤਰ੍ਹਾਂ ਤਹਿ ਕਰਕੇ ਮਾਂ ਜੀ ਫਿਰ ਜਥੇਦਾਰ ਮੁਕੰਦ ਸੂੰਹ ਕੋਲ ਪਹੁੰਚ  ਗਈ  ।
ਤੂਤ ਦੀ ਛਾਵੇਂ ਡਿੱਠੀ ਮੰਜੀ ‘ਤੇ ਲੰਮਾ ਪਿਆ ਜਥੇਦਾਰ ਮਾਂ ਜੀ ਨੂੰ ਆਈ ਦੇਖ , ਸਹਿਜ ਦੇਣੀ ਉੱਠ ਬੈਠਾ । ਫ਼ਸਲ-ਬਾੜੀ ,ਘਰ-ਬਾਹਰ ,ਮਾਲ-ਡੰਗਰ  ਦੀ ਸੁੱਖ-ਸਾਂਦ ਪੁੱਛ-ਦੱਸ ਕੇ ਮਾਂ ਜੀ ਨੇ ਉਸ ਨਾਲ ਚਿੱਠੀ ਦੀ ਗੱਲ ਕੀਤੀ ।
ਅਸਮਾਨੀ ਰੰਗ ਦਾ ਚਮਕਦਾਰ ਲਿਫਾਫਾ ਮਾਂ ਜੀ ਹੱਥੋਂ ਫੜਦਿਆਂ ਜਥੇਦਾਰ ਨੇ ਸਰਦਾਰੀ ਜਿਹੀ ਨਿਗਾਹ ਮਾਰੀ – “ ਕਨੇਡਿਓਂ ਆਈ ਲਗਦੀ ਆ ਬੰਸਾ ਸਿਉ ਦੀ ….!
“ ਹਾਂ , ਭਾਅਈ ਜੀਈ ਓਸੇ ਦੀਓ ਈ ਆ , ਜਰਾ ਸਕਤ ਜੇਈ ਆ , ਉਠਾਲੀ ਨਈਂ ਗਈ ਕੁੜੀ ਤੋਂ ….! “ “ ਕੋਈ ਨਾ ਬਹਿਜਾ …ਮੈਂ ਪੜ੍ਹ ਦਿੰਨਾ , “ ਮਾਂ ਜੀ ਵੱਲ ਪੀੜ੍ਹੀ , ਸਰਕਾ ਕੇ ਜਥੇਦਾਰ ਢਾਰੇ ਅੰਦਰੋਂ ਐਨਕ ਕੱਢ ਲਿਆਇਆ ।
ਪਹਿਲੀ ਸਤਰ ਪੜ੍ਹਦਿਆ ਸਾਰ,ਉਸਦਾ ਸੂਝਵਾਨ ਚਿਹਰਾ ਹੋਰ ਗੰਭੀਰ ਹੋ ਗਿਆ । ਫਿਰ ਝੱਟ ਦੇਣੀ ਸੰਭਲ ਕੇ ਅਗਲਾ  ਵੇਰਵਾ ਪੜ੍ਹਦਾ ਗਿਆ ।
ਅੱਧੀ ਕੁ ਚਿੱਠੀ ਤਾਂ ਮਾਂ ਜੀ ਕੰਨ ਲਾ ਕੇ ਸੁਣਦੀ ਰਹੀ , ਆਖਿਰ ਤੰਗ ਜਿਹੀ ਪੈ ਕੇ ਵਿਚਕਾਰੋਂ ਬੋਲ ਪਈ – “ ਹਾਅ ਭਲਾ ਕੀ ਗੱਲਾਂ ਹੋਈਆਂ ਭਾਅਈ ਜੀ ; ਸਾਡੇ ਬੰਦਿਆ ਨਾ , ਚਰਨੇ  ਨਾ , ਨਿਹਾਲੇ ਨਾ , ਸਾਡੇ ਮੁਲਖ਼ ਨਾ , ਹੈਨਾਂ ਦਾ ਕੀ ਸਰਬੰਧ ….!?”
“ ਹੈਅ ਬੀਬਾ ,ਸੰਬੰਧ ਹੈ । ਹੈ ਕਿਉਂ ਨਈਂ ਸੰਬੰਧ ! ਸੱਚੀ ਗੱਲ ਤਾਂ ਇਹ ਆ ਕਿ ਸਾਰੀਆਂ ਤਾਰਾਂ ਹਿਲਦੀਆਂ ਈ ਓਥੋਂ ਆਂ , ਮਨਾਫਾ-ਖੋਰ ਮੰਡੀਆਂ ‘ਚੋ ! ਮੌਤਾਂ – ਜੰਗਾਂ ਦੇ ਸੁਦਾਗਰ ਮੁਲਕਾਂ ‘ਚੋਂ । …..ਅਗਲਿਆਂ ਅਪਣਾ ਜੰਗੀ ਸਾਜ-ਸਮਾਨ ਵੇਚਣਾ ਹੁੰਦਆ , ਇੱਕ ਧਿਰ ਨੂੰ ਦੂਜੀ ਗਲ੍ਹ ਪੁਆਉਣਾ , ਉਹਨਾਂ ਦਾ ਧੰਦਾ ਈ ਨਈਂ , ਧਰਮ ਬਣ ਚੁੱਕਾ ਆ ਧਰਮ …..’ ਕੱਲਾ ਸਾਡਾ ਮੁਲਕ ਈ ਨਈਂ ,ਉਹਨਾਂ ਸਾਰੀ ਦੁਨੀਆਂ ਦਾ ਜੀਣਾ ਹਰਾਮ ਕੀਤਾ ਪਿਆ …..”
“ ਹਾਏ ਮੈਂ ਮਰ ਜਾਂ, ਕੈਹੋ ਜੇਹੇ ਭੈੜੇ ਬੰਦਿਆਂ ‘ਚ ਰਲ੍ਹ ਬੈਠਾ ਮੇਰਾ ਪੁੱਤ ,ਐਥੋ ਤਾ ਉਹ ਇਕ ਦੀਆ ਦੋ ਨਈ ਸੀ ਜਾਣਦਾ …..” ਪੱਲੇ ਨਾਲ ਅੱਖਾਂ ਪੂੰਝ ਮਾਂ ਜੀ ਫਿਰ ਅੱਗੇ ਸੁਣਨ ਲੱਗੀ  ।
“ …ਸਾਡੇ ਟੈਟਥ ਗੁਰੂ ਨੇ ਨੌਆਂ ਸਾਲਾਂ ਦੀ ਉਮਰ ‘-ਅਪਣੇ ਫਾਦਰ ਸਾਹਬ ਨੂੰ ਸਿੱਖ ਕੌਮ ਲਈ ਸੈਕਰੀਫਾਈਸ ਕਰਨ ਤੋਰ ਛੱਡਿਆ ਸੀ । ਤੇਰਾ ਨੌਨਿਹਾਲ ਤਾਂ ਹੁਣ ਫੁੱਲ ਮੈਚਿਊਰ ਹੈ । ਆਪਣਾ ਲਾਸ-ਪ੍ਰਾਫਿਟ ਪੂਰੀ ਤਰ੍ਹਾਂ ਸਮਝਦਾ ਹੈ । ਤਾਂ ਕੀ ਹੋਇਆ ਜੇ ਉਹਨੇ ਫਾਦਰ ਸਾਹਬ ਨੂੰ ਵੀ ! ਮਾਈ ਡੀਅਰ ਮਾਮਾ , ਤੈਨੂੰ ਇਹ ਜਾਣ ਕੇ ਹੋਰ ਵੀ ਖੁਸ਼ੀ ਹੋਵੇਗੀ ਕਿ ਐਥੋਂ ਦੀ ਜੱਟ-ਜੈਨਟਰੀ ਤਨੋ-ਮਨੋ-ਧਨੋ ਸਿੱਖ –ਸਟਰਗਲਦੀ ਹਮਾਇਤ ਕਰਦੀ ਹੈ । ਹਰ ਮਹੀਨੇ ਹਜਾਂਰਾ ਡਾਲਰ ਸਿੱਖ-ਕਾਜ਼ ਲਈ ਇਕੱਠੇ ਕਰਦੀ ਹੈ । ਸੱਚ ਪੁਛੇਂ ਤਾਂ ਸਾਰਾ ਪੰਜਾਬ-ਸੰਘਰਸ਼ ਚਲਦਾ ਈ ਐਥੋਂ ਦੀ ਅਮਦਾਦ ਸਿਰ ਤੇ ਹੈ । …ਡੀਅਰ ਮਾਮਾ , ਤੂੰ ਕਿਸੇ ਦਾ ਕੋਈ ਫਿਕਰ ਨਹੀਂ ਕਰਨਾ ਹੈ । ……ਹਾਂ ਇਕ ਜ਼ਰੂਰੀ ਬਾਤ ਦਾ ਧਿਆਨ ਜ਼ਰੂਰ ਰੱਖਣਾ । …ਫਾਦਰ –ਸਾਹਬ ਦੇ ਅੰਡਰ ਗਰਾਉਂਡ ਜਾਣ ਤੋਂ ਪਹਿਲਾਂ ਸਾਰੀ ਜ਼ਮੀਨ ਦਾ ਮੁਖ਼ਤਾਰਨਾਮਾਂ ਆਪਣੇ ਨਾਂਮ ਜ਼ਰੂਰ ਕਰਵਾ ਲੈਣਾ । ਪਿੱਛੋਂ ਬੜੀ ਟਰੱਬਲ ਹੁੰਦੀ ਆ । ਯੂਅਰ ਲਵਲੀ ਸੰਨ – ਹਰਬੰਸ ਐਸ . ਮਾਹਲ ।
ਚਿੱਠੀ ਦਾ ਅੰਤਲਾ ਭਾਗ ਮਾਂ ਜੀ ਨੂੰ ਅੰਦਰੋਂ-ਬਾਹਰੋਂ ਪੱਛ ਗਿਆ । ਸਹੁਰੇ ਬਰੋਬਰ ਜਥੇਦਾਰ ਤੋਂ ਪੱਲਾ ਕਰਨਾ ਵੀ ਉਹ ਭੁੱਲ ਗਈ । ਮੰਜੇ ਦੀ ਬਾਹੀ ਫੜ ਕੇ ਉੱਠੀ ਤਾਂ ਅੱਖਾਂ ਅੱਗੇ ਭੰਬੂਤਰੇ ਉੱਡਣ ਲੱਗੇ । ਇਕ ਕਦਮ ਘਰ ਨੂੰ ਤੁਰੀ ਤਾਂ ਅੰਗ-ਪੈਰ ਜਵਾਬ ਦਿੰਦੇ ਲੱਗੇ । ਘੇਰਨੀ ਜਿਹੀ ਖਾ ਕੇ ਮੁੜ ਪੀੜ੍ਹੀ ‘ਤੇ ਬੈਠ ਗਈ ।
“ ਤਕੜੀ ਹੋ ਬੀਬਾ, ਡੋਲ ਨਾ ….. ਆਹ ਖ਼ਤ ਸਾਂਭ …’ ਜਥੇਦਾਰ ਦੇ ਬੋਲ ਸੁਣ ਕੇ ਮਾਂ ਜੀ ਥੋੜਾ ਕੁ ਸੰਭਲੀ ।
ਉਸਦੀ ਅਧਮੋਇਆਂ ਵਰਗੀ ਹਾਲਤ ਦੇਖਕੇ , ਜਥੇਦਾਰ ਨੇ ਫਿਰ ਦਿਲਾਸਾ ਦਿੱਤਾ -:” ਹਿੰਮਤ ਰੱਖ ਬੀਬਾ ਹਿੰਮਤ ,ਐਂ ਢੇਰੀ ਢਾਇਆਂ ਕੁਸ਼ ਨਹੀਂ ਬਣਦਾ  …….ਜਦ ਤਾਈਂ ਏਹ ਜੱਗ ਵਰਤਾਰਾ ਕੈਮ ਆਂ , ਇਹ ਖ਼ਸਮਾਂ-ਖਾਣੇ ਦਿੱਤੂ ਜੰਮਣੋਂ ਨਈਂ ਹਟਣੇ । ਤੂੰ …ਤੂੰ ਅਪਣੀ ਕੁੱਲ ਦੀ ਲਾਜ ਬਚਾ, ਹਿੰਮਤ ਕਰਕੇ । ਬਾਹਲੀ ਚਿੰਤਾ ਨਾ ਕਰਿਆ ਕਰ ਏਨਾਂ ਨਿਗੁਰਿਆਂ ਦੀ …ਏਨਾਂ ਦੇ ਧੀਆਂ-ਪੁੱਤਾਂ , ਸੱਚ-ਝੂਠ ਦਾ ਨਿਤਾਰਾ ਆਪੇ ਈ ਕਰ ਲੈਣਾ,ਸਿਰ –ਖੁਦ ਹੋ ਕੇ ….. ”
ਜਥੇਦਾਰ ਦਾ ਗੂੜ੍ਹ ਗਿਆਨ ਮਾਂ ਜੀ ਨੂੰ ਬਹੁਤਾ ਸਮਝ ਨਾ ਪਿਆ । ਪਰ , ਢੇਰ ਸਾਰੀ ਢਾਰਸ ਜਰੂਰ ਮਿਲੀ । ਥੋੜਾ ਕੁ ਪੈਰੀਂ ਹੋਈ ਤਾਂ ਘਰ ਨੂੰ ਪਰਤ ਆਈ । ਬੂਹੇ ਵੜਦੀ ਨੂੰ ਬਾਪੂ ਜੀ ਉੱਲਰ ਕੇ ਪੈ ਗਏ –“ ਕਿੱਥੇ ਮਰੀਊ ਸੀਈ ਤੂੰ ।।।ਘੰਟਾ ਹੋ ਗਿਆ ਮੈਨੂੰ ‘ਡੀਕਦੇ ਨੂੰ ….! ”
ਮਾਂ ਜੀ ਦੀਆਂ ਤਰ ਅੱਖਾਂ ਅੱਗੋਂ ਬੋਲੀਆਂ ਕੁਝ ਨਾ । ਬੱਸ , ਪਰਲ-ਪਰਲ ਵਗਦੀਆਂ ਰਹੀਆਂ ।  ਉਸ ਨੂੰ ਰੋਂਦੀ ਦੇਖ ਕੇ ਬਾਪੂ ਜੀ ਹੋਰ ਤਲਖ ਹੋ ਗਏ – “ ਕੌਣ ਮਰ ਗਿਆ ਤੇਰਾ, ਕ੍ਹਾਤੋਂ ਡੁਸਕੀ ਜਾਨੀ ਆਂ ….! ”
ਮਾਂ ਜੀ ਫਿਰ ਵੀ ਕੁਝ ਨਾਂ ਬੋਲੀ । ਬੰਸੇ ਦੀ ਚਿੱਠੀ ਦਾ ਨਿਰਖ-ਖਰਖ਼ ਕਰਦੀ ਰਹੀ । ਮਾਂ-ਪਿਓ , ਪੁੱਤਰ ,ਪਤੀ ਵਰਗੇ ਸਾਰੇ ਰਿਸ਼ਤਿਆਂ ਦੇ ਅਰਥ ਭਾਲਦੀ , ਬਿਟਰ-ਬਿਟਰ ਬਾਪੂ ਜੀ ਵੱਲ ਦੇਖਦੀ ਰਹੀ । …”ਡੈਂਬਰਿਆਂ ਆਂਗੂ ਕੀ ਦੇਖੀ ਜਾਨੀ ਆਂ,……ਬਾਅਰ ਰੋਟੀ ਚਾਹੀਦੀ ਆ , ਦਸ-ਬਾਰਾਂ ਬੰਦਿਆਂ ਦੀ ,ਛੇਤੀ ! “
ਮਾਂ ਜੀ ਚੁੱਪ-ਚਾਪ ਦਾਲ-ਰੋਟੀ ਦੇ ਆਹਰੇ ਜਾ ਲੱਗੀ । ਸ਼ੀਸ਼ੋ , ਕਿਧਰੇ ਮੇਲੇ-ਮੁਸ੍ਹਾਵੇ ਗਈ ਹੋਈ ਸੀ , ਪਿਓ ਅਪਣੇ ਕਈਆਂ ਦਿਨਾਂ ਤੋਂ ।
ਖੌ-ਪੀਏ ਜਾਂ ਨੌਕਰ ਭਾਂਡੇ ਦੇ ਕੇ ਮੁੜਿਆ, ਸਾਰੇ ਪਿੰਡ ‘ਚ ਹਾਹਾਕਾਰ ਮੱਚ ਗਈ –“ ਗੋਲੀ ਚੱਲ ਗੀ , ਗੋਲੀ ਚੱਲ ਗਈ , ਵੱਢ-ਖਾਣਿਆਂ ਦੇ ਡੇਰੇ ਗੋਲੀ ਚੱਲ ਗਈ ….! “ ਭੈ-ਭੀਤ ਹੋਇਆ ਹਰ ਕੋਈ ਅੰਦਰੀਂ ਦੜ ਗਿਆ । ਲਾਟੂ-ਦੀਵੇ ਹਰ ਇਕ ਨੇ ਬੁਝਦੇ ਕਰ ਲਏ ।
ਅਬੜਬਾਹੀ ਉੱਠ ਮਾਂ ਜੀ ਮੁਰੱਬੇ ਵੱਲ ਨੂੰ ਨੱਠ ਤੁਰੀ । ਮਗਰੇ-ਮਗਰ ਬਖ਼ਸ਼ਾ  । ਡੇਰੇ ਪੁੱਜੀ ਤਾਂ ਵੱਡਾ ਭਾਣਾ ਵਰਤ ਚੁੱਕਾ ਸੀ । ਚਾਰੇ ਭਈਏ ਗੇਟੋਂ ਬਾਹਰ ਢੱਠੇ ਪਏ ਸਨ ।ਟੋਕੇ ਵਾਲੀ ਥੜ੍ਹੀ ਲਾਗੇ ਬਾਪੂ ਜੀ ਦੀ ਲਾਸ਼ ਵਿਛੀ ਪਈ ਸੀ । …ਉੱਚੀ ਧਾਅ ਮਾਰ ਕੇ ਮਾਂ ਜੀ ਬਾਪੂ ਜੀ ਉੱਤੇ ਡਿੱਗ ਪਈ ਤੇ ਡਿੱਗਦਿਆਂ ਸਾਰ ਬੇਹੋਸ਼ ਹੋ ਗਈ ।
ਡਰਿਆ ਸਹਿਮਿਆ ਬਖ਼ਸ਼ਾ ਹੋਰ ਘਬਰਾ ਗਿਆ । ਨਾ ਅਪਣੇ ਆਪ ਨੂੰ ਸਾਂਭਣ ਜੋਗਾ ਰਿਹਾ ,;ਨਾ ਮਾਂ ਜੀ ਨੂੰ । ਉਹ ਜਿੱਥੇ ਖੜ੍ਹਾ ਸੀ , ਧੜੱਮ ਕਰਦਾ ਓਥੇ ਈ ਬੈਠ ਗਿਆ । ਉਹਨ ਕਦੀ ਐਹੋ ਜਿਹੀ ਛਿੰਝ ਸੁਪਨੇ ਵਿਚ ਵੀ ਨਹੀਂ ਸੀ ਦੇਖੀ ।
ਦੌੜ-ਭੱਜ ਕੇ ਬਚਿਆ ‘ਡਰੈਵਰ ’ ਨੌਕਰ ਫ਼ਕੀਰੀਆਂ ਕਿੰਨੀ ਚਿਰੀਂ, ਰੋਂਦਾ –ਡੁਸਕਦਾ ਕੁੱਪਾਂ ਉਹਲਿਓਂ ਬਾਹਰ ਨਿਕਲ ਆਇਆ । ਹਿੰਮਤ ਕਰਕੇ ਉਸ‘ਨੇ ਪਹਿਲਾਂ ਬਖ਼ਸ਼ੇ ਨੂੰ ਖੜ੍ਹਾਂ ਕੀਤਾ ,ਫਿਰ ਮਾਂ ਜੀ ਨੂੰ ਸੰਭਾਲਿਆ । ਮੰਜੀ ਤੇ ਲਿਟਾ ਕੇ ਉਹਦੇ ਮੂੰਹ-ਸਿਰ ‘ਤੇ ਛਿੱਟੇ ਮਾਰੇ । ਦੰਦਾਂ ‘ਚ ਉਂਗਲਾਂ ਫਸਾ ਕੇ ਮਾਂ ਦੀਆਂ ਦੰਦਲਾਂ ਤੋੜੀਆਂ ।
ਕੋਠੇ ਦੀ ਛੱਤ ਤੇ ਖੜੇ ਕੇ , ਉਹਨੇ ਬਹੁਤੀ ਸਾਂਝ ਵਾਲੇ ਦੋਂਹ-ਚੌਂਹ ਨੂੰ ਪਿਛੋਂ ਵਾਜ ਮਾਰ ਲਈ ।
ਅਗਲੇ ਦਿਨ ਹੋਈ ਪੁੱਛ-ਗਿੱਛ ‘ਚ ਉਸਨੂੰ ਜਿੰਨਾ ਕੁਝ ਪਤਾ ਸੀ ,ਡਰਦੇ ਡਰਦੇ ਨੇ ਸਾਰਾ ਕੁਝ ਦੱਸ ਦਿੱਤਾ – “ ਕਿਧਰੋਂ ਆਏ ਸੀ ,ਕਿੰਨੇ ਹਥਿਆਰ ਸਨ ,ਉਹਨਾਂ ਕੋਲ੍ਹ , ਕੇੜ੍ਹੀ ਗੱਲੋਂ ਲੜਦੇ –ਝਗੜਦੇ ਸੀ ਬਹੁਤਾ …!?’
“ ਹੋਰ ਕੇੜ੍ਹਾ-ਕੇੜ੍ਹਾ ਹਾਜ਼ਰ ਸੀ ਪਿੰਡ ਦਾ , ਰਾਤ ਵਾਲੀ ਮੀਟਿੰਗ ‘ਚ …? “ ਤਫ਼ਤੀਸ਼ੀ ਅਫ਼ਸਰ ਨੇ ਜਾਂ ਦਬਕਾ ਮਾਰ ਕੇ ਪੁੱਛਿਆ , ਤਾਂ ਫ਼ਕੀਰੀਆਂ ਥਿੜਕ ਗਿਆ ।
ਵੱਡੇ ਅਫ਼ਸਰ ਨੇ ਫਿਰ ਖ਼ਤਰਨਾਕ ਘੂਰੀ ਵੱਟੀ । ਫ਼ਕੀਰੀਆ ਝੱਟ ਦੇਣੀ ਬੋਲ ਉੱਠਿਆ –“ ਕੱਲਾ ਭਾਅਈ ਸੀ ਜੀ , ਨਿਆਲ ਸੂੰਹ , ਹੋਰ ਕੋਈ ਨਈਂ ਸ ਪਿੰਡੋਂ ….ਸੌਂਹ ਬਿਆਸ ਆਲੇ ਮ੍ਹਾਂਰਾਜ ਦੀ ਜੀਈ , ਮੈਤੋਂ ਜਿੱਥੇ ਮਰਜ਼ੀ ਆ ਹੱਥ ਰਖਾ ਕੇ ਪੁੱਛ ਪਓ …..!”
ਫਿਰ ਜਿੰਨੇ ਮੂੰਹ ਓਨੀਆਂ ਗੱਲਾਂ ਛਿੜ ਪਈਆਂ , ਘਰ-ਘਰ ਥਾਂ-ਥਾਂ । ….ਕਿਸੇ ਨੇ ਜੱਸੂ ਬਾਜਵੇ ਵਰਗੇ ਪੁਰਾਣੇ ਖੁੰਢਾਂ ਦਾ ਕਾਰਾ ਆਖਿਆ, ਕਿਸੇ ਨੇ ਨਮੇਂ ਮੁੰਡਿਆਂ ਦਾ । ਕਿਸੇ ਨੇ ਏਨੂੰ ਆਪਸੀ ਗੁੱਟ-ਬੰਦੀ ਦਾ ਸਿੱਟਾ ਗਰਦਾਨਿਆਂ , ਕਿਸੇ ਨੇ ਪੁਲਸ-ਬਿੱਲੀਆਂ ਦੀ ਸ਼ਰਾਰਤ । ਕਿਸੇ ਨੂੰ ਭਲਵਾਨ ਦੀ ਤਮਾਂ ਉਸ ਦੇ ‘ਚਿੱਤ ਹੋਣ ’ ਦਾ ਅਸਲੀ ਕਾਰਨ ਲੱਗੀ , ਕਿਸੇ ਨੂੰ ਵੱਡਾ ਲੀਡਰ ਬਣਨ ਦੀ ਮ੍ਰਿਗ-ਤ੍ਰਿਸ਼ਨਾ । ਕਿਸੇ ਬਓਤੇ ‘ਜਾਣਕਾਰ ’ ਨੇ ਤਾਂ ਬਾਪੂ ਜੀ ਬਾਰੇ ਏਥੋਂ ਤੱਕ ‘ਖੋਜ ’ ਕਰ ਮਾਰੀ – ਅਖੇ, ‘ ਅੰਨ੍ਹੀ ਕਮਾਈ ਕਰਕੇ , ਹੁਣ ਆਪਣਾ ਮੁੰਡਾ ਘਰ ਬਠਾਉਂਦਾ ਸੀਈ …ਐਂ ਹੋਣ ਦਿੰਦੇ ਆ ਅਗਲੇ , ਅਗਲਿਆਂ ਪੁੱਤ ਤੋਂ ਈ ਪੇਅ ਨੂੰ ਗੋਲੀ ….. ” ਕੋਈ ਕੁਝ  ਆਖਦਾ ਕੋਈ ਕੁਝ । ਮੂੰਹੋ-ਮੂੰਹ ਤੁਰੀਆਂ ਗੱਲਾਂ ਨੂੰ ਥਿਊਈਆਂ ਬਣਾਉਂਦੀ ਪੁਲੀਸ ਫਕੀਰੀਏ ਨੂੰ ਬੰਨ੍ਹ ਕੇ ਉਨ੍ਹੀਂ ਪੈਰੀਂ ਵਾਪਸ ਪਰਤ ਗਈ ,ਪਰ ਮਾਂ ਜੀ ਤੋਂ ਕਿਸੇ ਕੋਈ ਗੱਲ ਨਾ ਪੁੱਛੀ ।
ਸ਼ੀਸ਼ੋ ਨੂੰ ਛੱਡਣ ਆਇਆ ਚਰਨਾ ਜਾਂ ਬਾਪੂ ਜੀ ਦੀ ‘ਸ਼ਹੀਦੀ ’ ਦਾ ਅਫ਼ਸੋਸ ਕਰਨ ਬੈਠਾ , ਤਾਂ ਮਾਂ ਜੀ ਇਕ –ਦੰਮ ਸੁੰਨ-ਵੱਟਾ ਜਿਹੀ ਹੋਈ ਸੁਣਦੀ ਰਹੀ । ਉਸਤੋਂ ਇਕ-ਅੱਧ ਹੁੰਗਾਰਾ ਵੀ ਨਾ ਭਰਿਆ ਗਿਆ । ਉਸ ਅੰਦਰੋਂ ਜਿਵੇਂ ਸਾਰਾ ਰੋਣ-ਧੋਣ ਪਹਿਲੋਂ ਈ ਮੁੱਕ ਗਿਆ ਹੋਵੇ । ਹੁਣ ਜਿਵੇਂ ਉਸ ਨੂੰ ਨਾ ਬੰਸੇ ਦੇ ਵਤੀਰੇ ‘ਤੇ ਗਿਲਾ ਹਵੇ , ਨਾ ਨਿਹਾਲੇ ਦੇ ਚਲਣ ‘ਤੇ । ਬਾਪੂ ਜੀ ਨਾਲ ਰਹਿੰਦਾ ਹਰ ਵੇਲੇ ਦਾ ਗੁੱਸਾ –ਰੋਸਾ , ਹੁਣ ਜਿਵੇਂ ਸਹੁੰ ਖਾਣ ਨੂੰ ਵੀ ਮਾਂ ਜੀ ਦੇ ਯਾਦ-ਚਿੱਤ ਨਾ ਰਿਹਾ ਹੋਵੇ ।
ਬਾਪੂ ਜੀ ਦੇ ‘ਤੁਰ-ਜਾਣ ’ ਪਿੱਛੋਂ ਮਾਂ ਜੀ ਦੀ ਹਾਲਤ ਬਹੁਤ ਈ ਬਿਗੜ ਗਈ , ਉਸ ਦਾ ਸਦਾ-ਬਹਾਰ ਚਿਹਰਾ ਮਾਤਮ ਦੀ ਮੂਰਤੀ ਈ ਬਣ ਗਿਆ ।
ਬਸ , ਚਲਦੀ ਫਿਰਦੀ ਕਬਰ ਜਿਹੀ ਈ ਬਣ ਗਈ ਸੀ , ਮਾਂ ਜੀ ।
ਮਾਂ ਜੀ ਨੂੰ ਸਮਝ ਨਹੀਂ ਸੀ ਆਉਂਦੀ – “ ਉਹ ਕੀ ਕਰੇ ਕੀ ਨਾ ਕਰੇ , ਇਸ ਨੌ-ਨਿਹਾਲ ਦਾ ….. ਹੁਣ ਜੀਉਂਦਾ ਬਚਿਆ ਜੇ ਉਹ ਵੇਲੇ-ਕੁਵੇਲੇ ਘਰ ਆ ਵੀ ਗਿਆ , ਤਾਂ ਐਨ੍ਹਾਂ ਹੱਥਾਂ ਨਾਲ ਉਸ ਲਈ ਦਾਲ-ਫੁਲਕਾ ਬਣਾ ਵੀ ਸਕੇਗੀ ਕਿ ਨਹੀਂ ……….!?”

This entry was posted in ਕਹਾਣੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>