ਆਉ! ਵਿਸ਼ਵ ਪਰਿਆਵਰਣ ਦਿਵਸ ਮਨਾਈਏ

 ਡਾ:ਰਜਿੰਦਰ ਕੌਰ ਕਾਲੜਾ

ਵਿਸ਼ਵ ਪਰਿਆਵਰਣ ਦਿਵਸ ਹਰ ਸਾਲ 5 ਜੂਨ ਨੂੰ ਸਾਰੇ ਵਿਸ਼ਵ ਪਰਿਆਵਰਣ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।ਇਸ ਦਿਨ ਪੂਰੇ ਵਿਸ਼ਵ ਵਿੱਚ ਪਰਿਆਵਰਣ ਨਾਲ ਸਬੰਧਿਤ ਸਮੱਸਿਆਵਾਂ ਉੱਪਰ ਵਿਸ਼ਵ ਪੱਧਰ ਤੇ ਵਿਚਾਰਾਂ ਹੁੰਦੀਆਂ ਹਨ,ਤਾਂ ਜੋ ਪਰਿਆਵਰਣ ਦੀ ਸੰਭਾਲ ਲਈ ਅਤੇ ਇਸਨੂੰ ਹੋਰ ਸੁੰਦਰ ਬਣਾਉਣ ਲਈ ਵੱਧ ਤੋਂ ਵੱਧ ਯਤਨ ਕੀਤੇ ਜਾਣ।

ਸਾਡੇ ਲਈ ਸੱਭ ਤੋਂ ਪਹਿਲਾਂ ਇਹ ਜਾਨਣਾ ਵੀ ਬਹੁਤ ਜ਼ਰੂਰੀ ਹੈ ਕਿ ਵਿਸ਼ਵ ਪਰਿਆਵਣ ਦਿਵਸ ਮਨਾਉਣ ਦੀ ਲੋੜ ਕਿਉਂ ਪਈ? ਸ਼ਾਡਾ ਪਰਿਆਵਰਣ ਜਿਸਨੂੰ ਅਸੀਂ ਚੌਗਿਰਦਾ ਵੀ ਆਖਦੇ ਹਾਂ,ਜਿਸ ਵਿੱਚ ਅਸੀਂ ਸਾਹ ਲੈਦੇ ਹਾਂ,ਆਪਣੇ ਜੀਵਨ ਦਾ ਕਾਰ-ਵਿਹਾਰ ਕਰਦੇ ਹਾਂ,ਜਿਹੜਾ ਕਿ ਬੁਰੀ ਤਰ੍ਹਾਂ ਨਾਲ ਦੂਸ਼ਿਤ ਹੋ ਚੁੱਕਿਆ ਹੈ।ਵਧਦੀ ਅਬਾਦੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਜਗਲਾਂ ਨੂੰ ਅੰਨ੍ਹੇਵਾਹ ਕੱਟਿਆ ਜਾ ਰਿਹਾ ਹੈ।ਜਿਸ ਨਾਲ ਪਰਿਆਵਰਣ ਦਾ ਸੰਤੁਲਿਨ ਵਿਗੜ ਰਿਹਾ ਹੈ।ਸੜਕਾਂ ਉੱਪਰ ਵਧਦੇ ਵਾਹਨਾਂ ਅਤੇ ਫੈਕਟਰੀਆਂ ਚੋਂ ਨਿਕਲਦੇ ਗੰਦੇ ਧੂੰੲੇ ਨੇ ਸਾਡੇ ਵਾਤਾਵਰਣ ਨੂੰ ਗੰਧਲਾ ਕਰ ਦਿੱਤਾ ਹੈ।ਅੱਜ ਸਾਡਾ ਪਰਿਆਵਰਣ ਪੂਰੀ ਤਰ੍ਹਾਂ ਨਾਲ ਪ੍ਰਦੂਸਿਤ ਹੋ ਚੁਕਿਆ ਹੈ।ਪ੍ਰਦੂਸਿਤ ਪਰਿਆਵਰਣ ਦਾ ਖਤਰਾ ਸਿਰਫ ਸਾਡੇ ਦੇਸ਼ ਨੂੰ ਹੀ ਨਹੀਂ ਹੈ,ਬਲਕਿ ਇਸ ਸਮੇਂ ਪੂਰਾ ਵਿਸ਼ਵ ਪਰਿਆਵਰਣ ਦੀ ਚਿੰਤਾ ਗ੍ਰਸਤ ਹੈ।ਇਸ ਲਈ ਪਰਿਆਵਰਣ ਚਿੰਤਕਾਂ ਨੇ ਰਲਕੇ ਇਹ ਵਿਚਾਰ ਕੀਤਾ ਹੈ ਕਿ ਪਰਿਆਵਰਣ ਨੂੰ ਬਚਾਉਣ ਲਈ ਸਮੂਹਿਕ ਪੱਧਰ ਤੇ ਕੋਸ਼ਿਸ਼ਾਂ ਕੀਤੀਆਂ ਜਾਣ।ਇਨ੍ਹਾਂ ਕੋਸ਼ਿਸ਼ਾਂ ਦੇ ਸਿੱਟੇ ਵਜੋਂ ਪਹਿਲੀ ਵਾਰ 5 ਜੂਨ,1972 ਨੂੰ ਅਮਰੀਕਾ ਦਾ ਜਰਨਲ ਅਸੈਂਬਲੀ ਵਿੱਚ ਵਿਸ਼ਵ ਪਰਿਆਵਰਣ ਦਿਵਸ ਦੀ ਸਥਾਪਨਾ ਕੀਤੀ ਗਈ ਸੀ।ਉਸਤੋਂ ਉਪਰੰਤ ਹਰ ਸਾਲ 5 ਜੂਨ ਨੂੰ ਵਿਸ਼ਵ ਪੱਧਰ ਤੇ ਪਰਿਆਵਰਣ ਦਿਵਸ ਮਨਾਇਆ ਜਾਣ ਲੱਗਾ।ਇਸ ਦਿਨ ਪੂਰਾ ਵਿਸ਼ਵ ਉਚੇਚੇ ਤੌਰ ਤੇ ਪਰਿਆਵਰਣ ਦੀ ਸੁਰੱਖਿਆ ਵੱਲ ਧਿਆਨ ਦਿੰਦਾ ਹੈ।ਸਰਕਾਰ ਅਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਪਰਿਆਵਰਣ ਦੀ ਰੱਖਿਆ ਲਈ ਖਾਸ ਪ੍ਰੋਗਰਾਮ ਉਲੀਕੇ ਜਾਂਦੇ ਹਨ।ਜਿਵੇਂ ਸਫਾਈ ਮੁਹਿੰਮ,ਦਰਖਤ ਲਗਾਉਣ ਦੀ ਮੁਹਿੰਮ,ਸਕੂਲਾਂ ਅਤੇ ਕਾਲਜ ਵਿੱਚ ਵਾਤਾਵਰਣ ਨਾਲ ਸਬੰਧਿਤ ਪ੍ਰਸਤਾਵ,ਪੋਸਟਰ ਮੁਕਾਬਲੇ ਤੇ ਗੋਸ਼ਟੀਆਂ ਕਰਵਾਉਣੀਆਂ।ਜਿਹੜੇ ਲੋਕ ਆਪਣੇ ਨਾਲ ਪਰਿਆਵਰਣ ਪ੍ਰਤੀ ਜਾਣੂ ਨਹੀਂ ਹੁੰਦੇ,ਉਹਨਾਂ ਨੂੰ ਇਨ੍ਹਾਂ ਖਾਸ ਪ੍ਰੋਗਰਾਮਾਂ ਰਾਂਹੀ ਪਰਿਆਵਰਣ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ।ਵਾਤਾਵਰਣ ਦੀ ਸਾਂਭ-ਸੰਭਾਲ ਲਈ ਪੇਂਡੂ ਪੱਧਰ ਤੇ ਕੰਮ ਕਰ ਰਹੀਆਂ ਸੰਸਥਾਵਾਂ ਸ਼ਮੂਲੀਅਤ ਅਦਾ  ਕਰ ਸਕਦੀਆਂ ਹਨ।ਸਾਰੇ ਦੇਸ਼ਾਂ ਨੂੰ ਮਿਲਜੁਲ ਕੇ ਵਾਤਾਵਰਣ ਸਬੰਧੀ ਸਾਂਝੇ ਪ੍ਰੋਜੈਕਟ ਬਨਾਉਣੇ ਚਾਹੀਦੇ ਹਨ ਅਤੇ ਵਾਤਾਵਰਣ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਸਾਂਝੇ ਤੌਰ ਤੇ ਲੈਣੀ ਚਾਹੀਦੀ ਹੈ ਤਾਂ ਜੋ ਦੁਨੀਆਂ ਭਰ ਦੇ ਲੋਕ ਸੁਰੱਖਿਅਤ ਤੇ ੳੁੱਜਵਲ ਭਵਿੱਖ ਮਾਣ ਸਕਣ।ਸਾਨੂੰ ਵੀ ਇਹ ਦਿਵਸ ਬਹੁਤ ਉਤਸ਼ਾਹ ਨਾਲ ਮਨਾਉਣਾ ਚਾਹੀਦਾ ਹੈ।
ਵਿਸ਼ਵ ਪਰਿਆਵਰਣ ਦਿਵਸ ਦੇ ਸਬੰਧ ਵਿੱਚ,ਅਜੇ ਵੀ ਪਰਿਆਵਰਣ ਸਮੱਸਿਆਵਾਂ ਬਾਰੇ ਵਿਚਾਰ,ਵਟਾਂਦਰੇ ਸਾਂਝੇ ਕਰਨੇ ਬਹੁਤ ਜ਼ਰੂਰੀ ਹਨ ਤਾਂ ਹੀ ਅਸੀਂ ਆਪਣੇ ਪਰਿਆਵਰਣ ਦੀ ਸੰਭਾਲ ਕਰ ਸਕਾਂਗੇ।ਜਿਵੇਂ ਦਰੱਖਤਾਂ ਦੀ ਕਟਾਈ ਹੋ ਰਹੀ ਹੈ ਜੰਗਲਾਂ ਨੂੰ ਨਸ਼ਟ ਕਰਕੇ ਥਾਂ ਪੱਧਰੇ ਕੀਤੇ ਜਾ ਰਹੇ ਹਨ,ਉਸ ਥਾਂ ਤੇ ਵੱਡੀਆਂ-ਵੱਡੀਆਂ ਫੈਕਟਰੀਆਂ,ਬਿਲਡਿੰਗਾਂ ਖੜੀਆਂ ਕੀਤੀਾ ਜਾ ਰਹੀਆਂ ਹਨ,ਕੀਟਨਾਸ਼ਕ ਜ਼ਹਿਰਾਂ ਦੀ ਲੋੜ ਤੋਂ ਵੱਧ ਵਰਤੋਂ ਕੀਤੀ ਜਾ ਰਹੀ ਹੈ ਜਿਸ ਨਾਲ ਮਿੱਟੀ,ਪਾਣੀ ਤੇ ਹਵਾ ਵਿੱਚ ਜ਼ਹਿਰੀਲੇ ਤੱਤ ਸ਼ਾਮਿਲ ਹੋ ਜਾਂਦੇ ਹਨ ਜੋ ਕਿ ਸਾਡੀ ਸਿਹਤ ਲਈ ਬਹੁਤ ਹੀ ਘਾਤਕ ਸਿੱਧ ਹੋ ਰਹੇ ਹਨ।

ਇਸ ਤੋਂ ਇਲਾਵਾ ਪਰਿਆਵਰਣ ਨੂੰ ਦੂਸ਼ਿਤ ਕਰਨ ਵਿੱਚ ਔਰਤਾਂ ਵੱਲੋਂ ਕੀਤੇ ਜਾਂਦੇ ਸਿੰਗਾਰ ਦੀ ਗੈਰ-ਕੁਦਰਤੀ ਸਮੱਗਰੀ ਖਾਸ ਤੌਰ ਤੇ ਪਰਫਿਊਮ ਵੀ ਭਾਰੀ ਰੋਲ ਅਦਾ ਕਰਦੇ ਹਨ।ਪ੍ਰਮਾਣੂ ਧਮਾਕਿਆਂ ਚੋਂ ਨਿਕਲਦੀਆ ਜ਼ਹਿਰੀਲੀਆਂ ਗੈਸਾਂ ਅਤੇ ਕਿਰਨਾਂ ਵੀ ਮਨੁੱਖੀ ਸਾਹਾਂ ਨੂੰ ਗੰਧਲਾ ਕਰ ਰਹੀਆਂ ਹਨ।

ਪਿੱਛੇ ਜਿਹੇ ਵਿਗਿਆਨੀਆਂ ਨੇ ਆਪਣੀ ਖੋਜ ਰਾਂਹੀ ਇਹ ਰਾਜ਼ ਵੀ ਜ਼ਾਹਿਰ ਕੀਤਾ ਹੈ ਕਿ ਉਜ਼ੋਨ ਪਰਤ,ਜਿਸਨੂੰ ਅਸੀਂ ਰੱਖਿਆ ਕਵਚ ਦੇ ਨਾਂ ਨਾਲ ਜਾਣਦੇ ਹਾਂ,ਉਸ ਵਿੱਚ ਵੀ ਛੇਦ ਹੋ ਗਏ ਹਨ।ਸਾਡੀ ਇਹ ਸਰੱਖਿਆ ਛੱਤਰੀ ਛਲਣੀ ਹੋ ਗਈ ਹੈ।ਇਸ ਦੇ ਛਲਣੀ ਹੋਣ ਨਾਲ ਸੂਰਜ ਦੀਆਂ ਕੁੱਝ ਕਿਰਨਾਂ ਜੋ ਕਿ ਮਨੁੱਖੀ ਸਰੀਰ ਲਈ ਬਹੁਤ ਘਾਤਕ ਹਨ,ਹੁਣ ਸਿੱਧੀਆਂ ਹੀ ਛੇਦਾਂ ਰਾਂਹੀ ਧਰਤੀ ਤੇ ਪੈਂਦੀਆਂ ਹਨ ਅਤੇ ਮਨੁੱਖ ਲਈ ਚਮੜੀ ਦਾ ਕੈਂਸਰ ਬਣਨ ਦਾ ਕਾਰਨ ਬਣਦੀਆਂ ਹਨ।

ਸਾਡੇ ਪਰਿਆਵਰਣ ਨੂੰ ਪ੍ਰਦੂਸਿਤ ਕਰਨ ਵਿੱਚ ਖੇਤੀ ਦਾ ਸਨਅਤੀ ਹੋਣਾ ਵੀ ਅਹਿਮ ਭਮਿਕਾ ਨਿਭਾਅ ਰਿਹਾ ਹੈ।ਸਾਲ ਵਿੱਚ ਦੋ ਤੋਂ ਵੱਧ ਫਸਲ਼ਾਂ ਅਤੇ ਵਧੇਰੇ ਝਾੜ ਲੈਣ ਦੇ ਲਾਲਚ ਕਰਕੇ ਕਿਸਾਨ ਭਾਰੀ ਮਾਤਰਾ ਵਿੱਚ ਰਸਾਇਣਕ ਖਾਦਾਂ ਅਤੇ ਕੀਟਨਾਸ਼ਕ ਜ਼ਹਿਰਾਂ ਦੀ ਵਧੇਰੇ ਵਰਤੋਂ ਕਰਦੇ ਹਨ।

ਜਿਸ ਨਾਲ ਇਹ ਜ਼ਹਿਰ ਸਾਡੇ ਪਰਿਆਵਰਣ ਨੂੰ ਦੂਸਿਤ ਕਰ ਦਿੰਦਾ ਹੈ।ਸਬਜ਼ੀਆਂ ਅਤੇ ਫਲਾਂ ਚੰਗੀ ਤਰ੍ਹਾਂ ਧੋਣ ਤੋਂ ਬਾਅਦ ਵੀ ਉਪਰ ਛਿੜਕੀਆਂ ਗਈਆਂ ਦਵਾਈਆਂ ਦਾ ਅਸਰ ਨਹੀਂ ਜਾਂਦਾ।ਇਸ ਤਰ੍ਹਾਂ ਸਬਜ਼ੀਆਂ ਅਤੇ ਫਲਾਂ ਵਿਚਲਾ ਦਵਾਈਆਂ ਦਾ ਅਸਰ,ਇੱਕ ਜ਼ਹਿਰ ਦੀ ਤਰ੍ਹਾਂ ਹੌਲੀ-ਹੌਲੀ ਮਨੁੱਖੀ ਸਰੀਰ ਵਿੱਚ ਪ੍ਰਵੇਸ਼ ਕਰ ਜਾਂਦਾ ਹੈ ਅਤੇ ਕਈ ਭਿਆਨਕ ਬਿਮਾਰੀਆਂ ਨੂੰ ਜਨਮ ਦਿੰਦਾ ਹੈ।

ਇਸ ਤੋਂ ਇਲਾਵਾ ਸ਼ਹਿਰ ਗੰਦਗੀ ਦੇ ਢੇਰਾਂ ਵਿੱਚ ਤਬਦੀਲ ਹੋ ਰਹੇ ਹਨ।ਲੋਕ ਆਪਣੇ ਘਰਾਂ ਦਾ ਕੂੜਾ ਕਰਕਟ ਬਾਹਰ ਖੁੱਲੇ ਥਾਵਾਂ ਤੇ ਜਾਂ ਪਾਣੀ ਦੇ ਨਾਲਿਆਂ ਵਿੱਚ ਸੁੱਟ ਦਿੰਦੇ ਹਨ।ਅੱਜ ਇਹ ਕੂੜਾ ਹੋਰ ਵੀ ਖਤਰਨਾਕ ਹੀ ਗਿਆ ਹੈ,ਕਿਉਕਿ ਇਸ ਵਿੱਚ ਪੌਲੀਥੀਨ ਦੇ ਲਿਫਾਫਿਆਂ ਦੀ ਮਿਕਦਾਰ ਬਹੁਤ ਹੁੰਦੀ ਹੈ ਅਤੇ ਪੌਲੀਥੀਨ ਇੱਕ ਅਜਿਹੀ ਗੰਦੀ ਚੀਜ਼ ਹੈ ਜੋ ਗਲਦੀ ਨਹੀਂ ਅਤੇ ਸਾੜਨ ਤੇ ਵੀ ਪਰਿਆਵਰਣ ਨੂੰ ਪ੍ਰਦੂਸਿਤ ਕਰਦੀ ਰਹਿੰਦੀ ਹੈ।

ਪਰਿਆਵਰਣ ਨੂੰ ਪ੍ਰਦੂਸਿਤ ਕਰਨ ਦੀ ਰਹਿੰਦੀ ਕਸਰ ਸੜਕਾਂ ਉੱਪਰ ਵਧ ਰਹੇ ਵਾਹਨਾਂ ਨੇ ਪੂਰੀ ਕਰ ਦਿੱਤੀ ਹੈ।ਇਹਨਾਂ ਵਾਹਨਾਂ ਚੋਂ ਨਿਕਲਦੇ ਕਾਰਬਨ ਅਤੇ ਧੂਏਂ ਨੇ ਸਾਰਾ ਚੌਗਿਰਦਾ ਹੀ ਪਲੀਤ ਕਰ ਦਿੱਤਾ ਹੈ।

ਜੇ ਅਸੀ ਆਪਣੇ ਪਰਿਆਵਰਣ ਨੂੰ ਬਚਾਉਣਾ ਚਾਹੁੰਦੇ ਹਾਂ ਅਤੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਚੰਗਾ ਵਾਤਾਵਰਣ ਅਤੇ ਚੰਗਾ ਜੀਵਨ ਪ੍ਰਦਾਨ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਇਸਦੀ ਵਿਉਂਤਬੰਦੀ ਹੁਣੇ ਹੀ ਕਰਨੀ ਪਵੇਗੀ ਤੇ ਇਸ ਨੂੰ ਅਮਲੀ ਰੂਪ ਵਿੱਚ ਲੈ ਕੇ ਆਉਣ ਲਈ ਯਤਨ ਕਰਨੇ ਪੈਣਗੇ।

*ਸਾਨੂੰ ਚਾਹੀਦਾ ਹੈ ਕਿ ਅਸੀਂ ਵੱਧ ਤੋਂ ਵੱਧ ਦਰੱਖਤ ਲਗਾਈਏ।ਸਿਰਫ ਲਗਾਉਣੇ ਹੀ ਨਹੀਂ ਬਲਕਿ ਊਨ੍ਹਾਂ ਦੀ ਉਦੋਂ ਤੱਕ ਸੰਭਾਲ ਵੀ ਕਰਨੀ ਹੈ,ਜਿੰਨੀ ਦੇਰ ਤੱਕ ਉਹ ਵੱਡੇ ਨਾ ਹੋ ਜਾਣ।ਜਨਮ ਦਿਨ,ਵਿਆਹ ਸ਼ਾਦੀ ਅਤੇ ਹੋਰ ਖੁਸ਼ੀ ਦੇ ਮੌਕਿਆਂ ਨੂੰ ਦਰੱਖਤ ਲਗਾਕੇ ਮਨਾਈਏ ਤੇ ਇਸ ਦੀ ਯਾਦ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਈਏ।ਇਹ ਹਿੱਸਾ ਉਦੋਂ ਹੀ ਬਣੇਗਾ ਜਦੋਂ ਕਿ ਲੱਗੇ ਹੋਏ ਦਰੱਖਤਾਂ ਦੀ ਸਾਂਭ-ਸੰਭਾਲ ਸਹੀ ਢੰਗ ਨਾਲ ਕੀਤੀ ਜਾਵੇ।

*ਪੋਲੀਥੀਨ ਦੇ ਲਿਫਾਫਿਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਤਾਂ ਜੋ ਕਿ ਵਾਤਾਵਰਣ ਨੂੰ ਇਸਦੇ ਬੁਰੇ ਪ੍ਰਭਾਵ ਤੋਂ ਬਚਾਇਆ ਜਾ ਸਕੇ।ਇਸ ਥਾਂ ਕਾਗਜ਼ ਦੇ ਲਿਫਾਫੇ ਅਤੇ ਜੂਟ ਤੋਂ ਬਣੇ ਬੈਗਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਅਤੇ ਇਸ ਸਬੰਧੀ ਲੋਕਾਂ ਨੂੰ ਸਿੱਖਿਅਤ ਕੀਤਾ ਜਾਵੇ।

*ਰਸਾਇਣਕ ਪਦਾਰਥਾਂ ਦੀ ਘੱਟ ਤੋਂ ਘੱਟ ਵਰਤੋਂ ਕਰੀਏ।ਇਹ ਵਾਤਾਰਵਰਣ ਨੂੰ ਤਾਂ ਪ੍ਰਦੂਸਿਤ ਕਰਦੇ ਹੀ ਹਨ,ਨਾਲ ਹੀ ਸਾਡੀ ਸਿਹਤ ਤੇ ਵੀ ਬੁਰਾ ਪ੍ਰਭਾਵ ਪਾਉਦੇ ਹਨ।

ਵਿਸ਼ਵ ਪਰਿਆਵਰਣ ਦਿਵਸ ਦੇ ਮੌਕੇ ਤੇ ਸਰਕਾਰ ਪ੍ਰਣ ਤਾਂ ਬਹੁਤ ਕਰਦੀ ਹੈ ਪਰ ਸਾਰੇ ਪ੍ਰੋਗਰਾਮ
ਫਾਈਲਾਂ ਵਿੱਚ ਹੀ ਰਹਿ ਜਾਂਦੇ ਹਨ।ਸਰਕਾਰ ਨੂੰ ਵੀ ਚਾਹੀਦਾ ਹੈ ਕਿ ਪਰਿਆਵਰਣ ਨਾਲ ਸਬੰਧਿਤ ਕਾਨੂੰਨਾਂ ਨੂੰ ਸਖਤੀ ਨਾਲ ਲਾਗੂ ਕਰੇ ਕਿਸੇ ਵੀ ਕੀਮਤ ਤੇ ਪਰਿਆਵਰਣ ਦੀ ਸੁਰੱਖਿਆ ਯਕੀਨੀ ਬਣਾਵੇ।ਆਉ 5 ਜੂਨ,2015 ਨੂੰ ਅਸੀਂ ਸਾਰੇ ਮਿਲਕੇ ਆਉਣ ਵਾਲੇ ਵਿਸ਼ਵ ਪਰਿਆਵਰਣ ਦਿਵਸ ਦੇ ਮੌਕੇ ਤੇ ਆਪਣੇ ਪਰਿਆਵਰਣ ਨੂੰ ਸਾਫ-ਸੁਥਰਾ ਅਤੇ ਪ੍ਰਦੂਸਣ ਮੁਕਤ ਬਣਾਉਣ ਦਾ ਪ੍ਰਣ ਕਰੀਏ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>