ਨਵੀ ਦਿੱਲੀ – ਸ੍ਰ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਜੰਮੂ ਵਿੱਚ ਪੁਲੀਸ ਵੱਲੋ ਸ਼ਾਂਤਮਈ ਰੋਸ ਮੁਜ਼ਾਹਰਾ ਕਰ ਰਹੇ ਸਿੱਖਾਂ ‘ਤੇ ਗੋਲੀ ਚਲਾ ਕੇ ਇੱਕ ਸਿੱਖ ਨੂੰ ਸ਼ਹੀਦ ਕਰਨ ਤੇ ਕਈਆਂ ਨੂੰ ਫੱਟੜ ਕਰਨ ਵਾਲੇ ਜੰਮੂ ਦੇ ਪੁਲੀਸ ਮੁੱਖੀ ਉੱਤਮ ਚੰਦ ਤੇ ਸਾਥੀਆਂ ਵਿਰੁੱਧ ਬਿਨਾਂ ਕਿਸੇ ਦੇਰੀ ਤੋੱ ਕਤਲ ਦਾ ਮੁਕੱਦਮਾ ਦਰਜ ਕਰਕੇ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ।
ਜਾਰੀ ਇੱਕ ਬਿਆਨ ਰਾਹੀ ਸ੍ਰ. ਸਰਨਾ ਨੇ ਕਿਹਾ ਕਿ ਸ਼ਹੀਦਾਂ ਦੇ ਪੋਸਟਰ ਪਾੜ ਕੇ ਪੁਲੀਸ ਨੇ ਸਿੱਖਾਂ ਦੇ ਹਿਰਦਿਆਂ ਨੂੰ ਠੇਸ ਪਹੁੰਚਾਈ ਹੈ ਜਿਸ ਦੇ ਰੋਸ ਵਜੋਂ ਸਿੱਖ ਸ਼ਾਤਮਈ ਮੁਜ਼ਾਹਰਾ ਕਰਕੇ ਆਪਣਾ ਰੋਸ ਪ੍ਰਗਟ ਕਰ ਰਹੇ ਸਨ ਪਰ ਪੁਲੀਸ ਨੇ ਬਿਨਾਂ ਕਿਸੇ ਭੜਕਾਹਟ ਦੇ ਗੋਲੀ ਚਲਾ ਕੇ ਇੱਕ ਜਗਜੀਤ ਸਿੰਘ ਨਾਮੀ ਨੌਜਵਾਨ ਦਾ ਕਤਲ ਕਰ ਦਿੱਤਾ ਤੇ ਦਰਜਨ ਤੋ ਵਧੇਰੇ ਸਿੱਖਾਂ ਨੂੰ ਫੱਟੜ ਕਰਨ ਤੋਂ ਇਲਾਵਾ ਬਹੁਤ ਸਾਰੇ ਸਿੱਖਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਹਨਾਂ ਕਿਹਾ ਕਿ ਸਿੱਖ ਅਮਨ ਪਸੰਦ ਸ਼ਹਿਰੀ ਹਨ ਅਤੇ ਕਦੇ ਵੀ ਵਧੀਕੀ ਕਰਨ ਵਿੱਚ ਯਕੀਨ ਨਹੀ ਰੱਖਦੇ ਪਰ ਵਧੀਕੀ ਬਰਦਾਸ਼ਤ ਵੀ ਨਹੀ ਕਰਦੇ। ਉਹਨਾਂ ਕਿਹਾ ਕਿ ਸਿੱਖਾਂ ‘ਤੇ ਜੰਮੂ ਕਸ਼ਮੀਰ ਸਰਕਾਰ ਨੇ ਗੋਲੀ ਚਲਾ ਕੇ ਸਾਬਤ ਕਰ ਦਿੱਤਾ ਹੈ ਕਿ ਪੀ.ਡੀ.ਬੀ ਤੇ ਭਾਜਪਾ ਦੀ ਸਰਕਾਰ ਦੀ ਘੱਟ ਗਿਣਤੀ ਸਿੱਖਾਂ ਪ੍ਰਤੀ ਰਵੱਈਆ ਪੂਰੀ ਤਰਾਂ ਨਫਰਤ ਭਰਿਆ ਤੇ ਸਿੱਖਾਂ ਨੂੰ ਖਤਮ ਕਰਨ ਵਾਲਾ ਰੱਖਦੀ ਹੈ ਜਿਸ ਕਾਰਨ ਸਿੱਖਾਂ ਤੇ ਸਰਕਾਰ ਦੀਆ ਵਧੀਕੀਆਂ ਦਾ ਸਿਲਸਿਲਾ ਜਾਰੀ ਹੈ।। ਉਹਨਾਂ ਜੰਮੂ ਕਸ਼ਮੀਰ ਸਰਕਾਰ ਨੂੰ ਚਿਤਾਵਨੀ ਦਿੰਦਿਆ ਕਿਹਾ ਕਿ ਜੇਕਰ ਸਿੱਖਾਂ ਤੇ ਤਸ਼ੱਦਦ ਕਰਨਾ ਬੰਦ ਨਾ ਕੀਤਾ ਗਿਆ ਤਾਂ ਦੁਨੀਆ ਭਰ ਦੇ ਸਿੱਖ ਸਰਕਾਰ ਵਿਰੋਧੀ ਮੁਹਿੰਮ ਛੇੜ ਦੇਣਗੇ ਤੇ ਸੰਘਰਸ਼ ਤੋਂ ਨਿਕਲਣ ਵਾਲੇ ਸਿੱਟਿਆ ਲਈ ਮੁਫਤੀ ਸਰਕਾਰ ਜਿੰਮੇਵਾਰ ਹੋਵੇਗੀ। ਉਹਨਾਂ ਕਿਹਾ ਕਿ ਸਿੱਖਾਂ ਤੇ ਗੋਲੀਬਾਰੀ ਕਰਕੇ ਇੱਕ ਸਿੱਖ ਨੂੰ ਸ਼ਹੀਦ ਕਰਨ ਤੇ ਬਾਕੀਆ ਨੂੰ ਫੱਟੜ ਕਰਨ ਵਾਲੇ ਪੁਲੀਸ ਮੁੱਖੀ ਤੇ ਹੋਰ ਪੁਲੀਸ ਵਾਲਿਆ ਦੇ ਖਿਲਾਫ ਤੁਰੰਤ ਧਾਰਾ 302 ਦਾ ਮੁਕੱਦਮਾ ਦਰਜ ਕੀਤਾ ਜਾਵੇ ਅਤੇ ਭਵਿੱਖ ਵਿੱਚ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ । ਉਹਨਾਂ ਕਿਹਾ ਕਿ ਉਹਨਾਂ ਨੂੰ ਪਹਿਲਾਂ ਹੀ ਖਦਸ਼ਾ ਸੀ ਕਿ ਭਾਜਪਾ ਸਿੱਖਾਂ ਨਾਲ ਜੰਮੂ ਕਸ਼ਮੀਰ ਵਿੱਚ ਵੀ ਵਧੀਕੀ ਕਰ ਸਕਦੀ ਹੈ ਜਿਹੜਾ ਯਥਾਰਥ ਵਿੱਚ ਬਦਲ ਗਿਆ ਹੈ। ਉਹਨਾਂ ਕਿਹਾ ਕਿ ਉਹ ਕੇਂਦਰੀ ਗ੍ਰਹਿ ਮੰਤਰੀ ਨੂੰ ਪੱਤਰ ਲਿੱਖ ਕੇ ਵੀ ਜੰਮੂ ਕਸ਼ਮੀਰ ਵਿੱਚ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਮੰਗ ਕਰਨਗੇ।