ਫਤਹਿਗੜ੍ਹ ਸਾਹਿਬ – “ ਸੈਂਟਰ ਦੀ ਮੋਦੀ ਹਕੂਮਤ ਦੀ ਸ਼ਹਿ ਉਤੇ ਸ਼ਿਵ ਸੈਨਾ, ਬੀਜੇਪੀ , ਆਰ ਐਸ ਐਸ , ਹਿੰਦੂ ਸਰੱਖਿਆ ਸੰਮਿਤੀ ਅਤੇ ਹੋਰ ਮੁਤੱਸਵੀ ਸੰਗਠਨ ਜਾਣ ਬੁੱਝ ਕੇ ਇਥੋਂ ਦੇ ਹਾਲਾਤਾਂ ਨੂੰ ਵਿਸਫ਼ੋਟਕ ਬਣਾ ਰਹੇ ਹਨ। ਕਿਊਂਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਸਿੱਖ ਕੌਮ ਦੇ ਅਤਿ ਸਤਿਕਾਰਯੋਗ ਹੀਰੋ ਹਨ। ਉਹਨਾਂ ਦੇ ਪੁਤਲੇ ਫ਼ੂਕਣ ਅਤੇ ਪੋਸਟਰ ਪਾੜਨ ਵਾਲੇ ਇਹ ਫਿਰਕੂ ਸੰਗਠਨਾਂ ਨੇ ਜੰਮੂ ਅਤੇ ਦੇਸ਼ ਦੇ ਹੋਰ ਕਈ ਹਿੱਸਿਆਂ ਵਿਚ ਭੜਕਾਊ ਅਤੇ ਅਪਮਾਨ ਜਨਕ ਕਾਰਵਾਈਆਂ ਕਰਕੇ ਸਿੱਖ ਕੌਮ ਦੇ ਮਨਾਂ ਅਤੇ ਆਤਮਾਵਾਂ ਨੂੰ ਠੇਸ ਪਹੁੰਚਾਉਣ ਦੀ ਬੱਜਰ ਗੁਸਤਾਖੀ ਕਰ ਰਹੇ ਹਨ। ਜੋ ਜੰਮੂ ਵਿਖੇ 1 ਸਿੱਖ ਨੌਜਵਾਨ ਨੂੰ ਕਤਲ ਕਰ ਦਿੱਤਾ ਗਿਆ ਹੈ ਅਤੇ 3 ਨੂੰ ਜਖਮੀਂ ਕਰ ਦਿੱਤਾ ਗਿਆ ਹੈ, ਉਸ ਲਈ ਜੰਮੂ ਕਸ਼ਮੀਰ ਦੀ ਮੁਫ਼ਤੀ ਮੁਹੰਮਦ ਹਕੂਮਤ ਵੀ ਉਨੀਂ ਹੀ ਦੋਸ਼ੀ ਹੈ, ਜਿੰਨੇ ਇਹ ਫਿਰਕੂ ਸੰਗਠਨ। ਮੁਫਤੀ ਮੁਹੰਮਦ ਹਕੂਮਤ ਨੇ ਘੱਟ ਗਿਣਤੀ ਸਿੱਖ ਕੌਮ ਦੇ ਜਾਨ-ਮਾਲ ਦੀ ਰੱਖਿਆ ਕਰਨ ਦੀ ਜਿੰਮੇਵਾਰੀ ਨਾਂ ਨਿਭਾਅ ਕੇ ਸਾਬਿਤ ਕਰ ਦਿੱਤਾ ਹੈ ਕਿ ਉਹ ਵੀ ਮੋਦੀ ਮੁਤੱਸਵੀ ਹਕੂਮਤ ਦੇ ਗੁਲਾਮ ਹਨ। ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਲਈ ਉਥੇ ਵੱਸਣ ਵਾਲੀ ਸਿੱਖ ਅਤੇ ਮੁਸਲਿਮ ਕੌਮ ਦੀਆਂ ਜਿੰਦਗਾਨੀਆਂ ਨਾਲ ਖਿਲਵਾੜ ਕਰਨ ਤੋਂ ਗੁਰੇਜ਼ ਨਹੀਂ ਕਰ ਰਹੇ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੀ ਜੀ ਆਈ ਵਿਖੇ ਜੇਰੇ ਇਲਾਜ ਅਧੀਨ ਆਪਣੇ ਬੈਡ ਤੋਂ ਅਤਿ ਦੁਖੀ ਮਨ ਨਾਲ ਜੰਮੂ ਵਿਖੇ ਸਿੱਖਾਂ ਉਤੇ ਹੋਏ ਹਮਲੇ ਅਤੇ ਝੜਪਾਂ ਲਈ ਜੰਮੂ ਕਸ਼ਮੀਰ ਦੀ ਸਰਕਾਰ ਅਤੇ ਮੁਤੱਸਵੀ ਸੰਗਠਨਾਂ ਦੇ ਅਣ ਮਨੁੱਖੀ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਜਦੋਂ ਤੋਂ ਸੈਂਟਰ ਵਿਚ ਮੁਤੱਸਵੀ ਮੋਦੀ ਦੀ ਹਕੂਮਤ ਕਾਇਮ ਹੋਈ ਹੈ, ਉਦੋਂ ਤੋਂ ਲੈ ਕੇ ਅੱਜ ਤੱਕ ਹਿੰਦ ਦੇ ਕਈ ਹਿੱਸਿਆਂ ਵਿਚ ਘੱਟ ਗਿਣਤੀ ਕੌਮਾਂ ਮੁਸਲਿਮ, ਸਿੱਖ, ਇਸਾਈਆਂ ਉਤੇ ਸ਼ਾਜਿਸ਼ੀ ਢੰਗਾਂ ਨਾਲ ਨਿਰੰਤਰ ਹਮਲੇ ਹੁੰਦੇ ਆ ਰਹੇ ਹਨ। ਇਹ ਹੋਰ ਵੀ ਦੁੱਖ ਅਤੇ ਅਫ਼ਸੋਸ ਵਾਲੇ ਅਮਲ ਹਨ ਕਿ ਸੈਂਟਰ ਦੀ ਮੋਦੀ ਹਕੂਮਤ ਅਤੇ ਵੱਖ ਵੱਖ ਸੂਬਿਆਂ ਦੀਆਂ ਹਿੰਦੂਤਵ ਹਕੂਮਤਾਂ ਘੱਟ ਗਿਣਤੀ ਕੌਮਾਂ ਦੇ ਕਾਤਲਾਂ ਨੂੰ ਕਾਨੂੰਨ ਅਨੁਸਾਰ ਬਣਦੀਆਂ ਸਜਾਵਾਂ ਦੇਣ ਤੋਂ ਨਿਰੰਤਰ ਮੁਨਕਰ ਹੁੰਦੇ ਆ ਰਹੇ ਹਨ। ਬੀਤੇ ਸਮੇਂ ਵਿਚ ਹਰਿਆਣਾ ਵਿਚ ਹੋਂਦ ਚਿੱਲੜ, ਬੱਲਭਗੜ੍ਹ , ਹੈਦਰਾਬਾਦ, ਸਹਾਰਨਪੁਰ, ਜੰਮੂ ਵਿਖੇ ਘੱਟ ਗਿਣਤੀਆਂ ਉਤੇ ਹੋਏ ਹਮਲਿਆਂ ਦੇ ਕਿਸੇ ਇਕ ਵੀ ਦੋਸ਼ੀ ਨੂੰ ਬਣਦੀ ਸਜ਼ਾ ਨਹੀਂ ਦਿੱਤੀ ਗਈ ਅਤੇ ਨਾਂ ਹੀ ਘੱਟ ਗਿਣਤੀ ਪੀੜਿਤ ਪਰਿਵਾਰਾਂ ਦੇ ਮੁੜ ਵਸੇਬੇ ਅਤੇ ਮਾਲੀ ਸਹਾਇਤਾ ਦਿੱਤੀ ਗਈ ਹੈ। ਜਿਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਘੱਟ ਗਿਣਤੀ ਸਿੱਖ, ਮੁਸਲਿਮ ਅਤੇ ਇਸਾਈ ਹਿੰਦੂਤਵ ਹਕੂਮਤ ਵਿਚ ਕਤਈ ਸੁਰੱਖਿਅਤ ਨਹੀਂ ਹੋ ਸਕਦੇ। ਇਸ ਲਈ ਘੱਟ ਗਿਣਤੀ ਕੌਮਾਂ ਲਈ ਇਕੋ ਇਕ ਸਹੀ ਅਤੇ ਦੂਰ ਅੰਦੇਸ਼ੀ ਵਾਲਾ ਅਮਲ ਕਰਨ ਦੀ ਜਰੂਰਤ ਹੈ ਕਿ ਉਹ ਗੁਰੂ ਸਾਹਿਬਾਨ ਦੀ ਬਰਾਬਰਤਾ ਦੀ ਸੋਚ ‘ਤੇ ਆਧਾਰਿਤ, ਸਭ ਧਰਮਾਂ ਅਤੇ ਕੌਮਾਂ ਦੀ ਇਜੱਤ ਅਣਖ ਨੂੰ ਬਰਕਰਾਰ ਰੱਖਣ ਵਾਲਾ ਹਲੀਮੀ ਰਾਜ (ਖਾਲਿਸਤਾਨ) ਸਿੱਖ ਵੱਸੋਂ ਵਾਲੇ ਇਲਾਕਿਆਂ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਨ, ਜੰਮੂ-ਕਸ਼ਮੀਰ, ਲੇਹ-ਲਦਾਖ ਅਤੇ ਗੁਜਰਾਤ ਦਾ ਕੱਛ ਦੇ ਵਿਚ ਕਾਇਮ ਕਰਨ ਵਿਚ ਯੋਗਦਾਨ ਪਾਉਣ।
ਸ. ਮਾਨ ਨੇ ਜੰਮੂ ਕਸ਼ਮੀਰ ਦੇ ਵਾਪਰੇ ਤਾਜ਼ਾ ਦੁਖਾਂਤ ਅਤੇ ਸਿੱਖ ਕੌਮ ਉਤੇ ਹੋਏ ਹਮਲੇ ਦੌਰਾਨ ਮ੍ਰਿਤਕ ਅਤੇ ਜ਼ਖਮੀਂ ਸਿੱਖਾਂ ਦੇ ਪਰਿਵਾਰਾਂ ਦੀ ਸਾਰ ਲੈਣ ਅਤੇ ਸਹੀ ਛਾਣਬੀਣ ਕਰਨ ਲਈ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪ੍ਰੋ. ਮਹਿੰਦਰਪਾਲ ਸਿੰਘ ਅਤੇ ਸ. ਹਰਭਜਨ ਸਿੰਘ ਕਸ਼ਮੀਰੀ ‘ਤੇ ਆਧਾਰਿਤ 3 ਮੈਂਬਰੀ ਕਮੇਟੀ ਦਾ ਗਠਨ ਕੀਤਾ ਅਤੇ ਜਲਦੀ ਹੀ ਜੰਮੂ ਦਾ ਦੌਰਾ ਕਰਕੇ ਆਪਣੀ ਰਿਪੋਰਟ ਪਾਰਟੀ ਦਫ਼ਤਰ ਵਿਖੇ ਦੇਵੇਗੀ। ਅਗਲਾ ਐਕਸ਼ਨ ਪ੍ਰੋਗਰਾਮ ਰਿਪੋਰਟ ਆਉਣ ਉਪਰੰਤ ਐਲਾਨਿਆ ਜਾਵੇਗਾ। ਸ. ਮਾਨ ਨੇ ਮ੍ਰਿਤਕ ਅਤੇ ਜ਼ਖਮੀ ਹੋਏ ਸਿੱਖ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਦਾ ਇਜ਼ਹਾਰ ਕਰਦੇ ਹੋਏ ਇਸ ਦੁਖਾਂਤ ਨੂੰ ਸਿੱਖ ਕੌਮ ਉਤੇ ਸਾਜਿਸ਼ੀ ਹਮਲਾ ਕਰਾਰ ਦਿੰਦੇ ਹੋਏ ਮੁਤੱਸਵੀ ਹੁਕਮਰਾਨਾਂ ਨੂੰ ਆਪਣੇ ਕੀਤੇ ਅਤੇ ਨਤੀਜਿਆਂ ਲਈ ਸੁਚੇਤ ਕੀਤਾ।