ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜੂਨ 1984 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ

ਅੰਮ੍ਰਿਤਸਰ:- ਜੂਨ ੧੯੮੪ ‘ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਤੇ ਹੋਰ ਇਤਿਹਾਸਕ ਅਸਥਾਨਾਂ ਤੇ ਸਮੇਂ ਦੀ ਕੇਂਦਰ ਸਰਕਾਰ ਵਲੋਂ ਆਪਣੇ ਹੀ ਦੇਸ਼ ਦੀ ਫੌਜ ਕੋਲੋਂ ਹਮਲਾ ਕਰਵਾ ਕੇ ਭਗਤੀ ਤੇ ਸ਼ਕਤੀ ਦੇ ਪ੍ਰਤੀਕ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ-ਢੇਰੀ ਕਰ ਦਿੱਤਾ ਤੇ ਹਜ਼ਾਰਾਂ ਬੇਦੋਸ਼ੇ ਸਿੰਘ-ਸਿੰਘਣੀਆਂ ਤੇ ਬੱਚਿਆਂ ਨੂੰ ਸ਼ਹੀਦ ਕਰ ਦਿੱਤਾ। ਭਾਰਤੀ ਫੌਜ ਵੱਲੋਂ ਕੀਤੀ ਇਸ ਅਣ-ਮਨੁੱਖੀ ਤੇ ਜਾਲਮਾਨਾ ਕਾਰਵਾਈ ਦਾ ਡੱਟਕੇ ਵਿਰੋਧ ਕਰਦੇ ਹੋਏ ਦਮਦਮੀ ਟਕਸਾਲ ਦੇ ਮੁਖੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ, ਬਾਬਾ ਠਾਰ੍ਹਾ ਸਿੰਘ ਤੇ ਜਨਰਲ ਸ਼ਬੇਗ ਸਿੰਘ ਦੀ ਅਗਵਾਈ ਚ ਸੈਂਕੜੇ ਸਿੰਘ ਸ਼ਹੀਦ ਹੋ ਗਏ। ਸ਼ਹੀਦ ਹੋਏ ਉਨ੍ਹਾਂ ਸਿੰਘਾਂ ਦੀ ੩੧ ਵੀਂ ਸਾਲਾਨਾ ਯਾਦ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ੍ਰੀ ਅਖੰਡਪਾਠ ਸਾਹਿਬ ਦੇ ਭੋਗ ਪਾਏ ਗਏ।ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਰਾਏ ਸਿੰਘ ਦੇ ਜਥੇ ਵੱਲੋਂ ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ।ਅਰਦਾਸ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਨੇ ਕੀਤੀ ਤੇ ਹੁਕਮਨਾਮਾ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਲਿਆ। ਇਸ ਸਮੇਂ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜਥੇਦਾਰ ਤਖ਼ਤ ਸ੍ਰੀ ਪਟਨਾ ਸਾਹਿਬ, ਸਿੰਘ ਸਾਹਿਬ ਗਿਆਨੀ ਗੁਰਮੁਖ ਸਿੰਘ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬ੍ਹੋ, ਸਿੰਘ ਸਾਹਿਬ ਗਿਆਨੀ ਰਵੇਲ ਸਿੰਘ, ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ, ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਤੇ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸਿੰਘ ਸਾਹਿਬ ਭਾਈ ਜਸਵੀਰ ਸਿੰਘ ਖਾਲਸਾ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਮੌਜੂਦ ਸਨ।

ਇਸ ਮੌਕੇ ਜੁੜੀਆਂ ਸੰਗਤਾਂ ਦੇ ਵਿਸ਼ਾਲ ਇਕੱਠ ਨੂੰ ਸੰਦੇਸ਼ ਦਿੰਦਿਆਂ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਜੂਨ ੧੯੮੪ ਦੇ ਘੱਲੂਘਾਰੇ ਸਮੇਂ ਸਿੱਖ ਕੌਮ ਦੇ ਕੇਂਦਰੀ ਧਾਰਮਿਕ ਅਸਥਾਨ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਜ਼ਮਤ ਨੂੰ ਕਾਇਮ ਰੱਖਣ ਲਈ ਸ਼ਹੀਦ ਹੋਏ ਸਮੂੰਹ ਸਿੰਘਾਂ/ਸਿੰਘਣੀਆਂ ਨੂੰ ਸਤਿਕਾਰ ਭੇਟ ਕਰਦਿਆਂ ਕਿਹਾ ਕਿ ਅੱਜ ਤੋਂ ਠੀਕ ੩੧ ਸਾਲ ਪਹਿਲਾਂ ਜੂਨ ੧੯੮੪ ਵਿਚ ਸਮੇਂ ਦੀ ਹਕੂਮਤ ਅਤੇ ਸਿੱਖ ਵਿਰੋਧੀ ਤਾਕਤਾਂ ਨੇ ਸਾਡੀ ਹੋਂਦ, ਹਸਤੀ, ਅਣਖ, ਗੈਰਤ ਅਤੇ ਪਹਿਚਾਣ ਨੂੰ ਮਿਟਾਉਣ ਦਾ ਘਿਨਾਉਣਾ ਯਤਨ ਕੀਤਾ ਸੀ। ਇਹ ਵੀ ਇਤਿਹਾਸਕ ਸੱਚਾਈ ਹੈ ਕਿ ਜਿਸ ਨੇ ਵੀ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਹਮਲਾ ਕੀਤਾ ਹੈ ਉਸ ਨੂੰ ਖ਼ਾਲਸੇ ਨੇ ਹਮੇਸ਼ਾਂ ਪੰਥਕ ਰਵਾਇਤਾਂ ਅਨੁਸਾਰ ਜਵਾਬ ਦਿੱਤਾ ਹੈ। ਇਸਦਾ ਮੁੱਖ ਕਾਰਨ ਸਿੱਖ ਪ੍ਰਭੂ-ਸਤਾ ਦਾ ਪ੍ਰਤੀਕ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਅਤੇ ਮੀਰੀ-ਪੀਰੀ ਦੇ ਸਿਧਾਂਤ ਦਾ  ਗੌਰਵਮਈ ਇਤਿਹਾਸ ਹੈ।

ਅੱਜ ਵਿਸ਼ਵ ਭਰ ਵਿਚ ਵੱਸਦੀਆਂ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ੬ ਜੂਨ ੧੯੮੪ ਦੇ ਭਿਆਨਕ ਘੱਲੂਘਾਰੇ ਦੀ ਯਾਦ ਮਨਾਉਂਦਿਆਂ ਚਿੰਤਨ ਕਰ ਰਹੀਆਂ ਹਨ। ੩੧ ਸਾਲ ਬੀਤ ਜਾਣ ਤੋਂ ਪਿਛੋਂ ਵੀ ਇਹ ਸਾਕਾ ਸਾਨੂੰ ਅੱਜ ਵੀ ਕਲ੍ਹ ਦੀ ਤਰ੍ਹਾਂ ਤਰੋਂ ਤਾਜਾ ਲਗਦਾ ਹੈ ਅਤੇ ਇਹ ਜਖ਼ਮ ਸਿੱਖ ਮਾਨਸਿਕਤਾ ਵਿਚ ਨਾ ਭੁੱਲਣ ਵਾਲੇ ਜਖ਼ਮ ਹਨ। ਇਹ ਪੀੜ ਸਾਡੇ ਲਈ ਇਸ ਕਰਕੇ ਵਧੇਰੇ ਦੁਖਦਾਈ ਅਤੇ ਨਾ ਸਹੀ ਜਾਣ ਵਾਲੀ ਪੀੜ ਹੈ ਕਿਉਕਿ ਜਿਸ ਹਿੰਦੂਸਤਾਨ ਦੇ ਹਾਕਮਾਂ ਨੇ ਸਾਡੇ ਮਹਾਨ ਧਾਰਮਿਕ ਕੇਂਦਰ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਆਪਣੀਆਂ ਫੋਜਾਂ, ਤੋਪਾਂ, ਟੈਕਾਂ ਚਾੜ੍ਹ ਕੇ ਸਾਡੀ ਹੋਂਦ ਹਸਤੀ ਨੂੰ ਨੇਸਤੋ-ਨਾਬੂਦ ਕਰਨ ਦਾ ਯਤਨ ਕੀਤਾ ਹੈ, ਉਸਦੇ ਲਈ ਸਾਡੇ ਵੱਡੇ-ਵਡੇਰਿਆਂ ਅਤੇ ਸੂਰਬੀਰਾਂ, ਯੋਧਿਆਂ ਨੇ ਮਹਾਨ ਕੁਰਬਾਨੀਆਂ ਕਰਕੇ ਇਸ ਮੁਲਕ ਨੂੰ ਅਜਾਦ ਕਰਵਾਇਆ ਸੀ। ਪਰ ਜੇ ੧੫ ਅਗਸਤ ਦਾ ਦਿਨ ਭਾਰਤੀ ਲੋਕਾਂ ਲਈ ਖੁਸ਼ੀ ਦਾ ਦਿਨ ਮੰਨਿਆ ਗਿਆ, ਉਥੇ ੬ ਜੂਨ ਸਿੱਖ ਕੌਮ ਲਈ ਵੱਡੇ ਦੁੱਖ ਦਾ ਦਿਨ ਕਿਹਾ ਜਾਵੇਗਾ। ਅਜਾਦ ਭਾਰਤ ਵਿਚ ਅਸੀ ਇੰਝ ਲੁੱਟੇ-ਕੁੱਟੇ ਅਤੇ ਮਾਰੇ ਗਏ ਜਿਵੇ ਅਸੀ ਕਿਸੇ ਦੁਸ਼ਮਣ ਦੇਸ਼ ਦੇ ਬਸ਼ਿੰਦੇ ਹਾਂ।

ਉਨ੍ਹਾਂ ਅੱਗੇ ਕਿਹਾ ਕਿ ਹਜਾਰਾਂ ਸਿੱਖ ਸੰਗਤਾਂ ਦੀ ਸ਼ਹਾਦਤ ਨੇ ਇਸ ਹਫਤੇ ਨੂੰ ਉਹ ਸ਼ਹੀਦੀ ਹਫਤਾ ਬਣਾ ਦਿੱਤਾ ਜਿਸ ਦੀ ਚੀਸ ਰਹਿੰਦੀ ਦੁਨੀਆਂ ਤੱਕ ਸਿੱਖ ਕੌਮ ਦੇ ਸੀਨੇ ਵਿਚ ਉਠਦੀ ਰਹੇਗੀ। ਸ੍ਰੀ ਅਕਾਲ ਤਖ਼ਤ ਸਾਹਿਬ ਦਾ ਭਾਰਤੀ ਫੌਜਾਂ ਦੇ ਟੈਕਾਂ, ਤੋਪਾਂ ਦੇ ਗੋਲਿਆਂ ਨਾਲ ਢਹਿ-ਢੇਰੀ ਹੋਣਾ, ਸੰਤ ਜਰਨੈਲ ਸਿੰਘ ਖ਼ਾਲਸਾ ਅਤੇ ਉਹਨਾਂ ਦੇ ਸਾਥੀਆਂ ਦੀ ਸ਼ਹਾਦਤ, ਹਜ਼ਾਰਾ ਬੇਦੋਸ਼ੀਆਂ ਸਿੱਖ ਸੰਗਤਾਂ ਦੇ ਭਿਆਨਕ ਦਰਦਨਾਕ ਕਤਲੇਆਮ ਨੇ ਇਸ ਜਾਲਮਾਨਾਂ ਵਰਤਾਰੇ ਨੂੰ ਸਾਕਾ ਸ੍ਰੀ ਦਰਬਾਰ ਸਾਹਿਬ ਬਣਾ ਦਿੱਤਾ। ਅਜਿਹੇ ਸਾਕੇ ਕੌਮੀ ਵਿਰਸੇ ਦਾ ਅੰਗ ਬਣ ਜਾਂਦੇ ਹਨ ਜੋ ਭੁੱਲਣਯੋਗ ਨਹੀਂ ਹੁੰਦੇ। ਇਹ ਸਿੱਖ ਕੌਮ ਨਾਲ ਅੱਜ ਦੇ ਜਾਗਰੂਕ ਅਤੇ ਵਿਕਸਤ ਯੁੱਗ ਵਿਚ ਵਾਪਰਿਆ ਬਹੁਤ ਵੱਡਾ ਘੱਲੂਘਾਰਾ ਸੀ।ਉਨ੍ਹਾਂ ਕਿਹਾ ਕਿ ਲੋੜ ਹੈ ਸੁਘੜ ਪੰਥਕ ਹਿਤੈਸ਼ੀ ਮਿਲ ਬੈਠ ਕੇ ਵਰਤਮਾਨ ਢਾਂਚੇ ਦੀ ਡੂੰਘੀ ਘੋਖ-ਪੜਤਾਲ ਕਰਨ ਅਤੇ ਸੁਧਾਰ ਹਿਤ ਗੁਣਾਂ ਦੀ ਸਾਂਝ ਵਧਾਉਣ ਲਈ ਆਪਣੇ ਉਸਾਰੂ ਅਤੇ ਸੁਚਾਰੂ ਸੁਝਾਅ ਪੇਸ਼ ਕਰਨ।

ਉਨ੍ਹਾਂ ਕਿਹਾ ਕਿ ਇਸੇ ਮਹੀਨੇ ਵਿਚ ਹੀ ਸਮੁੱਚਾ ਪੰਥ ਸ੍ਰੀ ਅਨੰਦਪੁਰ ਸਾਹਿਬ ਜੀ ਦੇ ੩੫੦ ਸਾਲਾ ਸਥਾਪਨਾ ਦਿਵਸ ਨੂੰ ਉਤਸ਼ਾਹ ਨਾਲ ਮਨਾ ਰਿਹਾ ਹੈ। ਇਨ੍ਹਾਂ ਸਮਾਗਮਾਂ ਵਿਚ ਕੌਮ ਨੂੰ ਦਰਪੇਸ਼ ਇਨ੍ਹਾਂ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਸਮੱਸਿਆਵਾਂ ਦਾ ਸਾਰਥਿਕ ਹੱਲ ਲੱਭਣ ਦਾ ਯਤਨ ਕਰੀਏ।ਸਤਿਕਾਰਤ ਸ਼ਹੀਦਾਂ ਦੀ ਯਾਦ ਵਿਚ ਇਕੱਤਰ ਹੋਏ ਕੌਮੀ ਵਿਰਾਸਤ ਤੇ ਸ਼ਹੀਦਾਂ ਦੇ ਵਾਰਸੋ! ਜੂਨ ੮੪ ਦੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਣ ਕਰਦਿਆਂ ਕੁਝ ਅਹਿਮ ਫੈਸਲੇ ਤੇ ਪ੍ਰਣ ਕਰਨ ਦੀ ਮੁੱਖ ਲੋੜ ਹੈ, ਇਹ ਵੀ ਵੀਚਾਰਨ ਵਾਲੀ ਗੱਲ ਹੈ ਕਿ ਪਹਿਲਾਂ ਸਾਡੀ ਨੌਜਵਾਨ ਪੀੜ੍ਹੀ ਸਰਕਾਰੀ ਤੰਤਰ ਨੇ ਨਿਗਲ ਲਈ ਅਤੇ ਹੁਣ ਨਸ਼ਿਆਂ ਨੇ ਸਾਡੀ ਕੌਮ ਦੀ ਵੱਡੀ ਬਰਬਾਦੀ ਕੀਤੀ ਹੈ। ਅਸੀਂ ਲਾਮਬੰਦ ਹੋਈਏ, ਨਸ਼ਿਆਂ ਦੀ ਰੋਕਥਾਮ ਲਈ ਅਵਾਜ਼ ਬੁਲੰਦ ਕਰੀਏ, ਨਸ਼ਾ ਛੁਡਾਊ ਕੈਂਪਾਂ ਪ੍ਰਤੀ ਜਾਗ੍ਰਤੀ ਪੈਦਾ ਕਰੀਏ ਅਤੇ ਆਪਣੇ ਘਰਾਂ ਤੋਂ ਲੈ ਕੇ ਹਰ ਸਮਾਗਮਾਂ ਵਿਚ ਨਸ਼ਿਆਂ ਨੂੰ ਬੰਦ ਕਰਨ ਦਾ ਪ੍ਰਣ ਕਰੀਏ ਤਾਂ ਹੀ ਪੰਜਾਬ ਨਸ਼ਿਆਂ ਦੀ ਬਰਬਾਦੀ ਤੋਂ ਬਚ ਸਕਦਾ ਹੈ।ਗੁਰਦੁਆਰਾ ਸਾਹਿਬਾਨ ਵਿਚ ਸਿੱਖ ਜਾਗ੍ਰਤੀ ਦੀ ਲਹਿਰ ਚਲਾਈਏ, ਛੋਟੇ-ਛੋਟੇ ਕੈਂਪ, ਗੁਰਬਾਣੀ ਸੰਥਿਆ ਅਤੇ ਸਿੱਖ ਇਤਿਹਾਸ ਤੇ ਫਲਸਫ਼ੇ ਨਾਲ ਜੋੜਨ ਲਈ ਸਕੂਲਾਂ, ਕਾਲਜਾਂ ਤੱਕ ਗੁਰਮਤਿ ਵਿਦਿਆ ਪ੍ਰਦਾਨ ਕਰਨ ਦਾ ਪ੍ਰਬੰਧ ਕਰੀਏ। ਇਸ ਵਿਚ ਹੀ ਪਤਿਤਪੁਣੇ ਦਾ ਹੱਲ ਹੈ। ਇਸ ਦੇ ਨਾਲ ਆਪੋ ਆਪਣੇ ਪਰਿਵਾਰਾਂ ਵਿਚ ਸਿੱਖੀ ਦੀ ਖੁਸ਼ਬੋ ਪੈਦਾ ਕਰੀਏ। ਇਸੇ ਤਰ੍ਹਾਂ ਧੀਆਂ ਦਾ ਸਤਿਕਾਰ ਕਰੀਏ ਤਾਂ ਭਰੂਣ ਹੱਤਿਆ ਵਰਗੀਆਂ ਅਲਾਮਤਾਂ ਕਿਧਰੇ ਨਹੀਂ ਰਹਿਣਗੀਆਂ।

ਉਨ੍ਹਾਂ ਕਿਹਾ ਕਿ ਖਾਲਸਾ ਪੰਥ ਇੱਕ ਬਾਗ ਦੀ ਨਿਆਈਂ ਹੈ। ਇਸ ਲਈ ਸਮੂੰਹ ਸੰਪਰਦਾਵਾਂ, ਟਕਸਾਲਾਂ, ਨਿਰਮਲੇ, ਉਦਾਸੀ, ਨਿਹੰਗ ਸਿੰਘ, ਸਟੱਡੀ ਸਰਕਲ, ਮਿਸ਼ਨਰੀ ਵੀਰ, ਸਿੰਘ ਸਭਾਵਾਂ, ਸਭਾ ਸੁਸਾਇਟੀਆਂ ਆਪਸੀ ਸਾਂਝ ਨੂੰ ਵਧਾਉਣ, ਤਾਂ ਹੀ ਅਸੀਂ ਪੰਥ ਦੋਖੀ ਸ਼ਕਤੀਆਂ, ਨਾਸਤਕਵਾਦੀ ਸੋਚ ਤੇ ਵਾਦ-ਵਿਵਾਦੀ ਮੁੱਦਿਆਂ ਤੋਂ ਉਪਰ ਉੱਠ ਕੇ ਆਪਣੇ ਧਰਮ ਲਈ ਉਸਾਰੂ ਕਾਰਜ ਕਰ ਸਕਦੇ ਹਾਂ।ਇਸੇ ਤਰ੍ਹਾਂ ਜੋ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਪਰ ਅਜੇ ਵੀ ਜੇਲ੍ਹਾਂ ਵਿਚ ਬੰਦ ਹਨ, ਉਨ੍ਹਾਂ ਦੀ ਰਿਹਾਈ ਲਈ ਸਾਨੂੰ ਰਲ ਕੇ ਉਦਮ ਕਰਨਾ ਚਾਹੀਦਾ ਹੈ। ਇਸ ਦੇ ਨਾਲ-ਨਾਲ ਦਲਿਤ ਭਾਈਚਾਰਾ, ਵਣਜਾਰੇ ਤੇ ਸਿਕਲੀਗਰ ਸਿੱਖ ਭਾਈਚਾਰੇ ਲਈ ਵੀ ਹਰ ਪੱਖੋਂ ਮਦਦ ਕਰੀਏ ਤੇ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ ਨੂੰ ਪ੍ਰੇਰੀਏ, ਇਹ ਸਾਡੀ ਕੌਮੀ ਸ਼ਕਤੀ ਹੈ।

ਉਨ੍ਹਾਂ ਕੌਮ ਨੂੰ ਆਪਣੇ ਸੰਦੇਸ਼ ਰਾਹੀਂ ਹਲੂਣਾ ਦੇਂਦਿਆਂ ਕਿਹਾ ਕਿ ਇਹਨਾਂ ਸਾਰੇ ਮਸਲਿਆਂ ਦਾ ਮੁੱਖ ਹੱਲ -ਗੁਰੂ ਗੰ੍ਰਥ ਤੇ ਗੁਰੂ ਪੰਥ ਪ੍ਰਤੀ ਸਮਰਪਿਤ ਸੋਚ ਪੈਦਾ ਕਰਨਾ ਹੈ।ਜਿਸ ਨਾਲ ਨਸ਼ੇ, ਪਤਿਤਪੁਣਾ, ਭਰੂਣ ਹੱਤਿਆ, ਦੇਹਧਾਰੀ ਗੁਰੂ ਡੰਮ੍ਹ, ਪੰਥ ਦੋਖੀਆਂ ਦੀਆਂ ਚਾਲਾਂ ਤੇ ਹੋਰ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਬੁਰਾਈਆਂ ਸਭ ਦੂਰ ਹੋ ਜਾਣਗੀਆਂ। ਜੂਨ ੧੯੮੪ ਦਾ ਘੱਲੂਘਾਰਾ ਦਿਵਸ ‘ਤੇ ਸਮੂੰਹ ਸ਼ਹੀਦਾਂ ਦੀ ਯਾਦ ਨੂੰ ਆਪਣੇ ਸੀਨੇ ਵਿਚ ਵਸਾ ਕੇ ਆਪਣੇ ਅੰਦਰ ਕੌਮੀ ਸਵੈਮਾਣ ਦਾ ਜ਼ਜ਼ਬਾ ਪੈਦਾ ਕਰੀਏ। ਇਸ ਸੰਕਲਪ ਸਦਕਾ ਹੀ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਨਕਲਾਬੀ ਸਪਿਰਟ ਨੂੰ ਕਾਇਮ ਕੀਤਾ ਜਾ ਸਕਦਾ ਹੈ।

੩੧ਵੇਂ ਘੱਲੂਘਾਰਾ ਦੇ ਸਮਾਗਮ ਸਮੇਂ ਭਾਈ ਈਸਰ ਸਿੰਘ ਸਪੁੱਤਰ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਮੁੱਖੀ ਦਮਦਮੀ ਟਕਸਾਲ, ਭਾਈ ਤਰਲੋਚਨ ਸਿੰਘ, ਬੀਬੀ ਹਰਮੀਤ ਕੌਰ, ਜਥੇਦਾਰ ਭੁਪਿੰਦਰ ਸਿੰਘ ਭਲਵਾਨ ਮੈਂਬਰ ਸ਼੍ਰੋਮਣੀ ਕਮੇਟੀ ਤੇ ਹੋਰ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਨੂੰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿਰੋਪਾਓ ਨਾਲ ਸਨਮਾਨਿਤ ਕੀਤਾ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>