‘ਚੱਕ ਨਾਨਕੀ’ ਤੇ ‘ਅਨੰਦਪੁਰ’ ਦੋ ਵੱਖ ਵੱਖ ਪਿੰਡ ਹਨ

19 ਜੂਨ 2015 ਦੇ ਦਿਨ ਜੋ ਅਨੰਦਪੁਰ ਸਾਹਿਬ ਦੇ ਨਾਂ ‘ਤੇ 350 ਸਾਲਾ ਦਿਨ ਮਨਾਇਆ ਜਾ ਰਿਹਾ ਹੈ ਉਹ ‘ਅਨੰਦਪੁਰ’ ਦਾ ਨਹੀਂ ‘ਚੱਕ ਨਾਨਕੀ’ ਦਾ ਹੈ। ‘ਅਨੰਦਪੁਰ’ ਦੀ ਨੀਂਹ 30 ਮਾਰਚ 1689 ਦੇ ਦਿਨ (ਅਜ ਤੋਂ 326 ਸਾਲ ਪਹਿਲਾਂ) ਰੱਖੀ ਗਈ ਸੀ। 19 ਜੂਨ 1665 ਦੇ ਦਿਨ ਜਿਸ ਪਿੰਡ ਦੀ ਮੋੜ੍ਹੀ ਗੱਡੀ ਗਈ ਸੀ ਉਹ ‘ਚੱਕ ਨਾਨਕੀ’ ਸੀ।

ਚੱਕ ਨਾਨਕੀ ਅਜ ਕਲ੍ਹ ‘ਗਰੇਟਰ ਅਨੰਦਪੁਰ’ ਦਾ ਇਕ ਹਿੱਸਾ ਹੈ। ਸਰਕਾਰੀ ਕਾਗ਼ਜ਼ਾਂ ਵਿਚ ‘ਚੱਕ ਨਾਨਕੀ’ ਅਜ ਵੀ ‘ਚੱਕ’ ਦੇ ਨਾਂ ‘ਤੇ ਇਕ ਵਖਰਾ ਪਿੰਡ ਹੈ। ਇਹ ਪਿੰਡ ਸਹੋਟਾ, ਮੀਆਂਪੁਰ ਤੇ ਲੌਦੀਪੁਰ ਦੀ ਜ਼ਮੀਨ ’ਤੇ ਵਸਾਇਆ ਗਿਆ ਸੀ। ਇਹ ਜ਼ਮੀਨ ਗੁਰੂ ਸਾਹਿਬ ਨੇ ਬਿਲਾਸਪੁਰ ਦੀ ਰਾਣੀ ਚੰਪਾ ਕੋਲੋਂ ਰਕਮ ਦੇ ਕੇ ਖ਼ਰੀਦੀ ਸੀ। ਗੁਰੂ ਸਾਹਿਬ ਨੇ ਇਸ ਦਾ ਨਾਂ ਆਪਣੀ ਮਾਤਾ ‘ਨਾਨਕੀ’ ਦੇ ਨਾਂ ’ਤੇ ਰਖਿਆ ਸੀ। ਇਸ ਪਿੰਡ ਦੀ ਨੀਂਹ ਭਾਈ ਗੁਰਦਿੱਤਾ (ਬਾਬਾ ਬੁੱਢਾ ਦੀ ਪੀੜ੍ਹੀ ਵਿਚੋਂ) ਨੇ ਗੁਰੂ ਤੇਗ਼ ਬਹਾਦਰ ਸਾਹਿਬ ਦੇ ਆਖਣ ’ਤੇ 19 ਜੂਨ 1665 ਦੇ ਦਿਨ, ਮੌਜੂਦਾ ‘ਗੁਰੂ ਦੇ ਮਹਲ’ ਗੁਰਦੁਆਰਾ ਵਾਲੀ ਜਗਹ ‘ਤੇ, ਮੋੜ੍ਹੀ ਗੱਡ ਕੇ ਰੱਖੀ ਸੀ।

ਪਿਛੋਕੜ
1656 ਵਿਚ ਕੀਰਤਪੁਰ ਵਿਚ ਗੁਰੂ ਹਰਿਰਾਇ ਗੁਰਗੱਦੀ ਦੀ ਸੇਵਾ ਨੂੰ ਨਿਭਾ ਰਹੇ ਸਨ ਅਤੇ ਮਾਝੇ ਵਿਚ (ਗੁਰੂ) ਤੇਗ਼ ਬਹਾਦਰ ਧਰਮ ਪਰਚਾਰ ਵਿਚ ਆਪਣਾ ਰੋਲ ਅਦਾ ਕਰ ਰਹੇ ਸਨ। ਵਿਚ-ਵਿਚ (ਗੁਰੂ) ਤੇਗ਼ ਬਹਾਦਰ ਕੀਰਤਪੁਰ ਵੀ ਹੋ ਆਇਆ ਕਰਦੇ ਸਨ। ਜੂਨ 1656 ਵਿਚ ਆਪ ਗੁਰੂ ਹਰਿਰਾਇ ਜੀ ਨੂੰ ਮਿਲਣ ਵਾਸਤੇ ਕੀਰਤਪੁਰ ਗਏੇ ਹੋਏ ਸਨ। ਉਨ੍ਹੀਂ ਦਿਨੀਂ ਆਗਰਾ, ਕਾਸ਼ੀ (ਬਨਾਰਸ/ਵਾਰਾਨਸੀ), ਮਿਰਜ਼ਾਪੁਰ, ਪ੍ਰਯਾਗ (ਅਲਾਹਾਬਾਦ) ਤੋਂ ਇਲਾਵਾ ਗਯਾ, ਪਟਨਾ, ਢਾਕਾ ਅਤੇ ਅਸਾਮ ਤੋਂ ਵੀ ਬਹੁਤ ਸਾਰੀਆਂ ਸੰਗਤਾਂ ਗੁਰੂ ਹਰਿ ਰਾਇ ਸਾਹਿਬ ਦੇ ਦਰਸ਼ਨਾਂ ਵਾਸਤੇ ਆਈਆਂ ਹੋਈਆਂ ਸਨ। ਇਨ੍ਹਾਂ ਸੰਗਤਾਂ ਨੇ ਉਨ੍ਹਾਂ ਨੂੰ ਅਰਜ਼ ਕੀਤੀ ਕਿ ਉਹ ਧਰਮ ਪਰਚਾਰ ਵਾਸਤੇ ਉਨ੍ਹਾਂ ਦੇ ਇਲਾਕਿਆਂ ਵਿਚ ਦਰਸ਼ਨ ਦੇਣ। ਪਰ ਗੁਰੂ ਹਰਿਰਾਇ ਸਾਹਿਬ ਨੇ ਉਨ੍ਹਾਂ ਨੂੰ ਦਸਿਆ ਕਿ ਕੀਰਤਪੁਰ ਸਾਹਿਬ ਵਿਚ ਸੰਗਤਾਂ ਲਗਾਤਾਰ ਆਉਂਦੀਆਂ  ਰਹਿੰਦੀਆਂ ਹਨ। ਇਸ ਕਰ ਕੇ ਉਥੋਂ ਚਲੇ ਜਾਣ ਨਾਲ ਦੂਰ-ਦੁਰਾਡੀਆਂ ਸੰਗਤਾਂ ਨੂੰ ਬੜੀ ਮੁਸ਼ਕਿਲ ਹੋਵੇਗੀ। ਪਰ ਜਦ ਪੂਰਬ ਦੀਆਂ ਸੰਗਤਾਂ ਨੇ ਬਹੁਤ ਜ਼ੋਰ ਦਿਤਾ ਤਾਂ ਗੁਰੂ ਹਰਿ ਰਾਇ ਸਾਹਿਬ ਨੇ ਆਪਣੇ ਚਾਚਾ (ਗੁਰੂ) ਤੇਗ਼ ਬਹਾਦਰ ਨੂੰ ਆਖਿਆ ਕਿ ਉਹ ਪੂਰਬ ਵਿਚ ਜਾ ਕੇ ਸੰਗਤਾਂ ਵਿਚ ਧਰਮ ਪਰਚਾਰ ਦੀ ਸੇਵਾ ਨਿਭਾਉਣ। ਪਹਿਲਾਂ ਤਾਂ (ਗੁਰੂ) ਤੇਗ਼ ਬਹਾਦਰ ਨੇ ਮਾਝੇ ਤੋਂ ਦੂਰ ਜਾਣਾ ਮਨਜ਼ੂਰ ਨਾ ਕੀਤਾ, ਪਰ ਸੰਗਤਾਂ ਵਲੋਂ ਵਾਰ-ਵਾਰ ਅਰਜ਼ ਕੀਤੇ ਜਾਣ ਤੇ ਉਨ੍ਹਾਂ ਨੇ ਪੂਰਬ ਦਾ ਦੌਰਾ ਕਰਨਾ ਮੰਨ ਲਿਆ। ਗੁਰੂ ਤੇਗ਼ ਬਹਾਦਰ ਸਾਹਿਬ 9 ਜੂਨ 1656 ਦੇ ਦਿਨ ਕੀਰਤਪੁਰ ਸਾਹਿਬ ਤੋਂ ਪੂਰਬ ਵੱਲ ਦੇ ਲੰਬੇ ਦੌਰੇ ’ਤੇ ਚਲ ਪਏ।

ਕੀਰਤਪੁਰ ਤੋਂ ਚਲ ਕੇ ਗੁਰੂ ਤੇਗ਼ ਬਹਾਦਰ ਸਾਹਿਬ ਦਾ ਜਥਾ ਮਲਕਪੁਰ ਰੰਘੜਾਂ, ਕੋਟਲਾ ਨਿਹੰਗ ਖ਼ਾਨ, ਲਖਨੌਰ, ਪੰਜੋਖੜਾ ਤੇ ਕੁਰੂਕਸ਼ੇਤਰ ਦੇ ਇਲਾਕੇ ਵਿਚ ਧਰਮ ਪਰਚਾਰ ਕਰਦਾ ਹੋਇਆ 29 ਮਾਰਚ 1657 ਨੂੰ, ਵਿਸਾਖ ਦੀ ਪਹਿਲੀ ਦੇ ਦਿਨ, ਹਰਦੁਆਰ ਪੁੱਜਾ। ਹਰਦੁਆਰ ਵਿਚ ਆਪ ਡੇਢ ਮਹੀਨੇ ਤੋਂ ਵਧ ਰਹੇ ਤੇ ਇਸ ਦੌਰਾਨ ਆਲੇ-ਦੁਆਲੇ ਦੇ ਇਲਾਕਿਆਂ ਵਿਚ ਵੀ ਜਾਂਦੇ ਰਹੇ। ਹਰਦੁਆਰ ਵਿਚ ਪ੍ਰਚਾਰ ਕਰਦਿਆਂ ਮਥਰਾ, ਗੜ੍ਹ ਮੁਕਤੇਸ਼ਵਰ, ਆਗਰਾ, ਮਿਰਜ਼ਾਪੁਰ ਅਤੇ ਕਾਸ਼ੀ ਦੀਆਂ ਸੰਗਤਾਂ ਆਪ ਨੂੰ ਮਿਲਣ ਵਾਸਤੇ ਆਈਆਂ। ਸੰਗਤਾਂ ਦੀ ਖਾਹਿਸ਼ ਨੂੰ ਸਾਹਵੇਂ ਰਖਦਿਆਂ ਆਪ ਇਨ੍ਹਾਂ ਇਲਾਕਿਆਂ ਵਿਚ ਵੀ ਗਏ। ਆਪ ਨੇ ਆਗਰੇ ਵਿਚ ਕਈ ਮਹੀਨੇ ਬਿਤਾਏ ਅਤੇ ਸੈਂਕੜੇ ਪਰਵਾਰਾਂ ਨੂੰ ਸਿੱਖੀ ਵਿਚ ਸ਼ਾਮਿਲ ਕੀਤਾ। ਹਰਦੁਆਰ ਅਤੇ ਪ੍ਰਯਾਗ ਦੇ ਵਿਚਕਾਰਲੇ ਇਲਾਕੇ ਵਿਚ ਕਈ ਮਹੀਨੇ ਬਿਤਾਉਣ ਮਗਰੋਂ ਆਪ ਪ੍ਰਯਾਗ ਪੁੱਜੇ। ਆਪ ਨੇ ਪ੍ਰਯਾਗ ਵਿਚ ਕਈ ਮਹੀਨੇ ਬਿਤਾਏ। ਇਸ ਵੇਲੇ ਮਾਤਾ ਗੁਜਰੀ ਵੀ ਆਪ ਦੇ ਨਾਲ ਸਨ।

ਇਸ ਮਗਰੋਂ ਆਪ ਮਿਰਜ਼ਾਪੁਰ ਵੀ ਗਏ ਤੇ ਇੱਥੋਂ ਚਲ ਕੇ 21 ਜੂਨ 1661 (ਹਾੜ ਸੁਦੀ 5, ਸੰਮਤ 1718) ਦੇ ਦਿਨ ਕਾਸ਼ੀ ਪੁੱਜੇ। ਜੂਨ 1661 ਦੇ ਅਖੀਰ ਵਿਚ ਗੁਰੂ ਸਾਹਿਬ ਗਯਾ ਅਤੇ ਪਟਨਾ ਵਲ ਚਲ ਪਏ। ਰਸਤੇ ਵਿਚ ਪਰਚਾਰ ਕਰਦੇ ਹੋਏ ਆਪ ਜੁਲਾਈ ਦੇ ਸ਼ੁਰੂ ਵਿਚ ਪਟਨਾ ਪਹੁੰਚ ਗਏ। ਇਸ ਮਗਰੋਂ ਆਪ ਅਲਾਹਾਬਦ ਵੀ ਗਏ। ਆਪ 19 ਦਸੰਬਰ 1662 (ਮਾਘ ਸ਼ੁਕਲਾ ਪੱਖੇ 5, ਸੰਮਤ 1719) ਦੇ ਦਿਨ ਅਲਾਹਾਬਾਦ ਵਿਚ ਸਨ। ਆਪ ਨੇ ਅਗਲੇ ਕਈ ਮਹੀਨੇ ਬਿਹਾਰ, ਬੰਗਾਲ ਤੇ ਅਸਾਮ ਵਿਚ ਬਿਤਾਏ। ਜਦੋਂ ਗੁਰੂ ਸਾਹਿਬ ਪੂਰਬ ਵਿਚ ਪਰਚਾਰ ਦੌਰੇ ’ਤੇ ਗਏ ਤਾਂ ਮਾਤਾ ਗੁਜਰੀ ਤੇ ਗੁਰੂ-ਪਰਵਾਰ ਦੇ ਬਾਕੀ ਮੈਂਬਰ ਪਟਨਾ ਵਿਚ ਹੀ ਰਹੇ। ਮਾਤਾ ਗੁਜਰੀ ਵਧੇਰਾ ਸਮਾਂ ਪਟਨਾ ਵਿਚ ਹੀ ਠਹਿਰੇ। ਇਸ ਦੌਰਾਨ 18 ਦਸੰਬਰ 1661 ਦੇ ਦਿਨ ਮਾਤਾ ਗੁਜਰੀ ਨੇ ਗੋਬਿੰਦ ਦਾਸ (ਗੁਰੂ ਗੋਬਿੰਦ ਸਿੰਘ) ਨੂੰ ਜਨਮ ਦਿਤਾ। ਬੇਟੇ ਦੇ ਜਨਮ ਦੀ ਖ਼ਬਰ ਕਾਫ਼ੀ ਦੇਰ ਮਗਰੋਂ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਪੁੱਜੀ।

ਉਧਰ ਕੀਰਤਪੁਰ ਵਿਚ 6 ਅਕਤੂਬਰ 1661 ਦੇ ਦਿਨ ਗੁਰੂ ਹਰਿ ਰਾਇ ਸਾਹਿਬ ਜੋਤੀ ਜੋਤਿ ਸਮਾ ਗਏ।ਗੁਰੂ ਹਰਿ ਰਾਇ ਸਾਹਿਬ ਨੇ ਆਪਣੇ ਵੱਡੇ ਪੁੱਤਰ ਰਾਮ ਰਾਇ ਨੂੰ ਪਹਿਲਾਂ ਹੀ ਗੁਰਗੱਦੀ ਦੇ ਹੱਕ ਤੋਂ ਬੇਦਖ਼ਲ ਕਰ ਦਿਤਾ ਸੀ। ਇਸ ਵਕਤ ਗੁਰੂ ਤੇਗ਼ ਬਹਾਦਰ ਸਾਹਿਬ ਧਰਮ ਪਰਚਾਰ ਵਾਸਤੇ ਪੂਰਬ ਦੇ ਦੌਰੇ ’ਤੇ ਗਏ ਹੋਏ ਸਨ। ਇਸ ਹਾਲਤ ਵਿਚ ਗੁਰੂ ਹਰਿ ਰਾਇ ਸਾਹਿਬ ਨੇ ਗੁਰਗੱਦੀ ਗੁਰੂ ਹਰਕਿਸ਼ਨ ਸਾਹਿਬ ਨੂੰ ਸੌਂਪ ਦਿਤੀ। ਗੁਰੂ ਹਰਿ ਰਾਇ ਸਾਹਿਬ ਦੇ ਜੋਤੀ-ਜੋਤਿ ਸਮਾਉਣ ਦੀ ਖ਼ਬਰ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਮਈ 1662 ਦੇ ਅਖੀਰ ਵਿਚ ਮਿਲੀ। ਹੁਣ ਆਪ ਨੇ ਵਾਪਸ ਪੰਜਾਬ ਜਾਣ ਦੀ ਤਿਆਰੀ ਸ਼ੁਰੂ ਕਰ ਲਈ।

ਦਿੱਲੀ ਵਿਚ ਗੁਰੂ ਹਰਕਿਸ਼ਨ ਸਾਹਿਬ ਨਾਲ ਮੇਲ
ਗੁਰੂ ਸਾਹਿਬ ਨੇ ਚੁਮਾਸਾ (ਜੂਨ ਤੋਂ ਸਤੰਬਰ) ਲੰਘਣ ਮਗਰੋਂ ਅਕਤੂਬਰ 1662 ਵਿਚ ਪਟਨਾ ਤੋਂ ਪੰਜਾਬ ਵਲ ਸਫ਼ਰ ਸ਼ੁਰੂ ਕੀਤਾ। ਇਸ ਵੇਲੇ ਗੋਬਿੰਦ ਦਾਸ ਦੀ ਉਮਰ ਸਿਰਫ਼ 10 ਮਹੀਨੇ ਦੀ ਸੀ। ਇਸ ਕਰ ਕੇ ਗੁਰੂ ਤੇਗ਼ ਬਹਾਦਰ ਸਾਹਿਬ ਨੇ ਮਾਤਾ ਗੁਜਰੀ ਤੇ ਬੇਟੇ ਨੂੰ ਆਪਣੇ ਸਾਲੇ ਕਿਰਪਾਲ ਚੰਦ ਸੁਭਿੱਖੀ ਅਤੇ ਭਾਈ ਚਉਪਤ ਰਾਇ (ਚੌਪਾ ਸਿੰਘ) ਦੀ ਦੇਖ-ਰੇਖ ਵਿਚ ਪਟਨਾ ਵਿਚ ਹੀ ਛੱਡ ਦਿਤਾ ਅਤੇ ਬਾਕੀ ਪਰਵਾਰ ਤੇ ਸਿੰਘਾਂ ਨੂੰ ਨਾਲ ਲੈ ਕੇ ਦਿਲੀ ਵਲ ਨੂੰ ਰਵਾਨਾ ਹੋਏ। ਆਪ ਦੇ ਨਾਲ ਮਾਤਾ ਨਾਨਕੀ, ਮਾਤਾ ਹਰੀ, ਮਾਤਾ ਅਨੰਤੀ, ਸਾਧੂ ਰਾਮ ਖੋਸਲਾ, ਦੀਵਾਨ ਦਰਗਹ ਮਲ, ਭਾਈ ਦਿਆਲ ਦਾਸ ਤੇ ਹੋਰ ਬਹੁਤ ਸਾਰੇ ਸਾਥੀ ਵੀ ਸਨ। ਤਿੰਨ ਮਹੀਨੇ ਦਾ ਸਫ਼ਰ ਕਰਨ ਮਗਰੋਂ ਇਹ ਜੱਥਾ 3 ਜਨਵਰੀ 1663 ਦੇ ਦਿਨ ਪ੍ਰਯਾਗ ਪੁੱਜਾ। ਪ੍ਰਯਾਗ ਵਿਚ ਸਿੱਖ ਸੰਗਤਾਂ ਨੇ ਆਪ ਨੂੰ ਕਈ ਹਫ਼ਤੇ ਰੋਕੀ ਰੱਖਿਆ। ਇਸ ਮਗਰੋਂ ਆਪ ਆਗਰਾ ਵਲ ਚਲ ਪਏ। ਪਿਛਲੇ ਦੌਰੇ ਵਾਂਗ ਇਸ ਵਾਰ ਵੀ ਆਪ ਨੂੰ ਕਈ ਮਹੀਨੇ ਆਗਰਾ ਵਿਚ ਰੁਕਣਾ ਪਿਆ। ਆਗਰਾ ਵਿਚ ਰਹਿੰਦਿਆਂ ਆਪ ਨੇ ਆਲੇ-ਦੁਆਲੇ ਦੇ ਇਲਾਕੇ ਦੇ ਕਈ ਪਿੰਡਾਂ ਦਾ ਦੌਰਾ ਕੀਤਾ। ਆਪ ਮਥਰਾ ਵੀ ਗਏ ਤੇ ਕਈ ਦਿਨ ਦੀਵਾਨ ਸਜਾਉਂਦੇ ਰਹੇ।

ਵੱਖ-ਵੱਖ ਥਾਂਵਾਂ ਦਾ ਦੌਰਾ ਕਰਦੇ ਆਪ 21 ਮਾਰਚ 1664 ਦੇ ਦਿਨ ਦਿੱਲੀ ਵਿਚ ਪੁੱਜੇ ਜਿਥੇ ਆਪ ਦਿਲਵਾਲੀ ਮੁਹੱਲੇ ਵਿਚ ਭਾਈ ਕਲਿਆਣਾ ਦੀ ਧਰਮਸਾਲਾ ਵਿਚ ਠਹਿਰੇ। ਭਾਈ ਕਲਿਆਣਾ ਦੇ ਪੋਤੇ ਭਾਈ ਬਾਘਾ ਤੇ ਪੜਪੋਤੇ ਨਾਨੂੰ ਰਾਮ ਨੇ ਆਪ ਨੂੰ ਤਹਿ-ਦਿਲੋਂ ਜੀ ਆਇਆਂ ਆਖਿਆ। (ਗੁਰੂ) ਤੇਗ਼ ਬਹਾਦਰ ਸਾਹਿਬ ਦੇ ਦਿੱਲੀ ਪੁੱਜਣ ਤੇ ਰਾਮਰਾਇ (ਜੋ ਔਰੰਗਜ਼ੇਬ ਨਾਲ ਨੇੜਤਾ ਬਣਾ ਕੇ ਉਥੇ ਰਹਿ ਰਿਹਾ ਸੀ) ਵੀ ਆਪ ਨੂੰ ਮਿਲਣ ਆਇਆ। ਰਾਮਰਾਇ ਨੇ (ਗੁਰੂ) ਤੇਗ਼ ਬਹਾਦਰ ਸਾਹਿਬ ਨੂੰ ਵੀ ਚੁੱਕ ਦੇਣ ਦੀ ਕੋਸ਼ਿਸ਼ ਕੀਤੀ ਤੇ ਕਿਹਾ ਕਿ ਗੁਰਗੱਦੀ ’ਤੇ ਹੱਕ ਤਾਂ ਤੁਹਾਡਾ ਬਣਦਾ ਸੀ। ਉਸ ਦੇ ਇਹ ਆਖਣ ’ਤੇ ਗੁਰੂ ਤੇਗ਼ ਬਹਾਦਰ ਸਾਹਿਬ ਨੇ ਕਿਹਾ ਕਿ ਗੁਰੂ ਹਰਿ ਰਾਇ ਸਾਹਿਬ ਨੇ ਜਿਸ ਨੂੰ ਠੀਕ ਸਮਝਿਆ ਉਸ ਨੂੰ ਹੀ ਗੱਦੀ ਸੌਂਪੀ ਸੀ। ਉਨ੍ਹਾਂ ਦੇ ਫ਼ੈਸਲੇ ’ਤੇ ਕਿੰਤੂ ਨਹੀਂ ਕੀਤੀ ਜਾ ਸਕਦੀ। ਰਾਮ ਰਾਏ ਨੇ ਆਪਣੀ ਦਾਲ ਗਲਦੀ ਨਾ ਵੇਖੀ ਤਾਂ ਵਾਪਿਸ ਚਲਾ ਗਿਆ।
ਇਸ ਦੌਰਾਨ ਭਾਈ ਬਾਘਾ ਨੇ (ਗੁਰੂ) ਤੇਗ਼ ਬਹਾਦਰ ਸਾਹਿਬ ਨੂੰ ਦੱਸਿਆ ਕਿ ਗੁਰੂ ਹਰਕਿਸ਼ਨ ਸਾਹਿਬ ਵੀ ਦਿੱਲੀ ਵਿਚ ਆਏ ਹੋਏ ਹਨ। ਉਨ੍ਹਾਂ ਨੂੰ ਰਾਮਰਾਇ ਨੇ ਗੁਰਗੱਦੀ ਦਾ ਝਗੜਾ ਖੜ੍ਹਾ ਕਰ ਕੇ ਔਰੰਗਜ਼ੇਬ ਵਲੋਂ ਦਿੱਲੀ ਆਉਣ ਵਾਸਤੇ ਸੰਮਨ ਭਿਜਵਾਏ ਸਨ। ਉਨ੍ਹਾਂ ਇਹ ਵੀ ਦਸਿਆ ਕਿ ਗੁਰੂ ਹਰਕਿਸ਼ਨ ਸਾਹਿਬ ਤੇ ਔਰੰਗਜ਼ੇਬ ਦਾ ਮੇਲ ਅਜੇ ਤੱਕ ਨਹੀਂ ਹੋ ਸਕਿਆ। ਇਹ ਸੁਣ ਕੇ (ਗੁਰੂ) ਤੇਗ਼ ਬਹਾਦਰ ਸਾਹਿਬ ਨੇ ਗੁਰੂ ਹਰਕਿਸ਼ਨ ਸਾਹਿਬ ਨੂੰ ਮਿਲਣ ਦਾ ਫੈਸਲਾ ਕਰ ਲਿਆ।

ਅਗਲੇ ਦਿਨ 22 ਮਾਰਚ ਨੂੰ (ਗੁਰੂ) ਤੇਗ਼ ਬਹਾਦਰ ਸਾਹਿਬ ਰਾਜਾ ਜੈ ਸਿੰਹ ਮਿਰਜ਼ਾ ਦੇ ਬੰਗਲੇ ਤੇ ਗਏ। ਗੁਰੂ ਹਰਕਿਸ਼ਨ ਸਾਹਿਬ ਬੜੇ ਪਿਆਰ ਨਾਲ ਆਪ ਨੂੰ ਮਿਲੇ। ਆਪ ਨੇ ਪੰਥ ਦੀ ਵਕਤੀ ਹਾਲਾਤ ਤੇ ਹੋਰ ਨੁਕਤਿਆਂ ਬਾਰੇ ਗੁਰੂ ਹਰਕਿਸ਼ਨ ਸਾਹਿਬ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਨਾਲ ਹੀ ਗੋਬਿੰਦ ਦਾਸ ਦੇ ਜਨਮ ਬਾਰੇ ਦਸਿਆ।(ਗੁਰੂ) ਤੇਗ਼ ਬਹਾਦਰ ਸਾਹਿਬ ਨੇ ਗੁਰੂ ਹਰਕਿਸ਼ਨ ਸਾਹਿਬ ਨਾਲ ਰਾਮ ਰਾਇ ਦੀ ਸਾਜ਼ਿਸ਼ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਗੁਰੂ ਹਰਕਿਸ਼ਨ ਸਾਹਿਬ ਨੂੰ ਇਹ ਵੀ ਦੱਸਿਆ ਕਿ ਔਰੰਗਜ਼ੇਬ ਬਹੁਤ ਚਾਲਾਕ ਬੰਦਾ ਹੈ ਤੇ ਉਸ ਨਾਲ ਗਲਬਾਤ ਵਿਚ ਵਧ ਤੋਂ ਵਧ ਚੌਕਸ ਰਹਿਣਾ ਜ਼ਰੂਰੀ ਹੈ। ਇਸ ਮੌਕੇ ’ਤੇ ਗੁਰੂ ਹਰਕਿਸ਼ਨ ਸਾਹਿਬ ਨੇ (ਗੁਰੂ) ਤੇਗ਼ ਬਹਾਦਰ ਸਾਹਿਬ ਨੂੰ ਕਿਹਾ ਕਿ ਜੇ ਮੈਨੂੰ ਅਕਾਲ ਪੁਰਖ ਦਾ ਬੁਲਾਵਾ ਆ ਗਿਆ ਤਾਂ ਗੁਰੂ ਨਾਨਕ ਸਾਹਿਬ ਦੀ ਗੱਦੀ ਸੰਭਾਲਣ ਦੀ ਸੇਵਾ ਤੁਹਾਨੂੰ ਹੀ ਕਰਨੀ ਪਵੇਗੀ। ਇਹ ਸੁਣ ਕੇ (ਗੁਰੂ) ਤੇਗ਼ ਬਹਾਦਰ ਸਾਹਿਬ ਚੁੱਪ ਤੇ ਗੰਭੀਰ ਹੋ ਗਏ।

(ਗੁਰੂ) ਤੇਗ਼ ਬਹਾਦਰ ਸਾਹਿਬ 22 ਤੇ 23 ਮਾਰਚ ਦਾ ਦਿਨ ਗੁਰੂ ਹਰਕਿਸ਼ਨ ਸਾਹਿਬ ਦੇ ਨਾਲ ਰਾਜਾ ਜੈ ਸਿੰਹ ਮਿਰਜ਼ਾ ਦੇ ਬੰਗਲੇ ਵਿਚ ਰਹੇ ਤੇ ਵਿਚਾਰਾਂ ਕਰਦੇ ਰਹੇ। ਆਪ 24 ਮਾਰਚ 1664 ਦੇ ਦਿਨ ਆਪਣੇ ਪਰਵਾਰ ਤੇ ਜਥੇ ਦੇ ਬਾਕੀ ਸਿੱਖਾਂ ਨਾਲ ਪੰਜਾਬ ਵਾਸਤੇ ਰਵਾਨਾ ਹੋ ਗਏ ਤੇ ਬਕਾਲਾ ਚਲੇ ਗਏ।

ਗੁਰੂ ਹਰਕਿਸ਼ਨ ਸਾਹਿਬ ਦਾ ਜੋਤੀ-ਜੋਤਿ ਸਮਾਉਣਾ
24 ਮਾਰਚ 1664 ਦੇ ਦਿਨ (ਗੁਰੂ) ਤੇਗ਼ ਬਹਾਦਰ ਸਾਹਿਬ ਦਿੱਲੀ ਤੋਂ ਪੰਜਾਬ ਵਲ ਚਲੇ ਗਏ ਸਨ। ਅਗਲੇ ਦਿਨ 25 ਮਾਰਚ ਨੂੰ ਗੁਰੂ ਹਰਕਿਸ਼ਨ ਸਾਹਿਬ ਤੇ ਔਰੰਗਜ਼ੇਬ ਵਿਚਕਾਰ ਪਹਿਲੀ ਮੁਲਾਕਾਤ ਹੋਈ। ਔਰੰਗਜ਼ੇਬ ਨੇ ਉਨ੍ਹਾਂ ਨੂੰ ਦੋ ਦਿਨ ਬਾਅਦ ਫੇਰ ਮਿਲਣ ਵਾਸਤੇ ਕਿਹਾ।

ਉਸ ਰਾਤ ਨੂੰ ਗੁਰੂ ਸਾਹਿਬ ’ਤੇ ਚੀਚਕ ਦੀ ਬੀਮਾਰੀ ਨੇ ਹਮਲਾ ਕੀਤਾ। ਅਗਲੇ ਚਾਰ ਦਿਨ ਬੁਖਾਰ ਵਧਦਾ ਗਿਆ। ਅਖ਼ੀਰ ਸਮਾਂ ਆਇਆ ਜਾਣ ਕੇ ਆਪ ਨੇ 30 ਮਾਰਚ 1664 ਦੇ ਦਿਨ ਸਾਰਿਆਂ ਨੂੰ ਕੋਲ ਬੁਲਾ ਕੇ ਆਖਿਆ ਕਿ ਮੇਰੇ ਮਗਰੋਂ ਗੁਰਗੱਦੀ “ਬਕਾਲੇ ਵਾਲੇ ਬਾਬੇ” (ਗੁਰੂ ਤੇਗ਼ ਬਹਾਦਰ ਸਾਹਿਬ) ਨੂੰ ਸੌਂਪਣੀ ਹੈ। ਇਹ ਕਹਿਣ ਤੋਂ ਥੋੜ੍ਹਾ ਚਿਰ ਮਗਰੋਂ ਹੀ ਉਹ ਜੋਤੀ-ਜੋਤਿ ਸਮਾ ਗਏ। ਸਸਕਾਰ ਕਰਨ ਤੋਂ ਕੁਝ ਦਿਨ ਮਗਰੋਂ ਮਾਤਾ ਸੁਲਖਣੀ ਨੇ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਗੁਰਗੱਦੀ ਸੰਭਾਲਣ ਵਾਸਤੇ ਬਕਾਲੇ ਪੈਗਾਮ ਭੇਜਿਆ।

ਗੁਰਗੱਦੀ ਸੰਭਾਲਣ ਦੀ ਅਰਦਾਸ
ਅਪਰੈਲ ਤੋਂ ਜੁਲਾਈ ਤਕ ਚਾਰ ਮਹੀਨੇ ਸੰਗਤਾਂ ਕੀਰਤਪੁਰ ਆਉਂਦੀਆਂ ਰਹੀਆਂ। ਜਦ ਉਨ੍ਹਾਂ ਨੂੰ ਪਤਾ ਲੱਗਾ ਕਿ ਹੁਣ ਗੁਰਗੱਦੀ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਸੌਂਪ ਦਿਤੀ ਗਈ ਹੈ ਅਤੇ ਉਹ ਬਕਾਲਾ ਵਿਚ ਹਨ ਤਾਂ ਕੁਝ ਸਿੱਖ ਆਪ ਨੂੰ ਲੱਭਣ ਵਾਸਤੇ ਬਕਾਲਾ ਵਲ ਵੀ ਗਏ। ਗੁਰੂ ਸਾਹਿਬ ਨੇ ਬਕਾਲਾ ਵਿਚ ਰਹਿਣਾ ਹੀ ਮਨਜ਼ੂਰ ਕੀਤਾ। ਏਥੇ ਆਪ ਅਜੇ ਦੀਵਾਨ ਨਹੀਂ ਸਨ ਸਜਾਇਆ ਕਰਦੇ। ਅਖੀਰ ਚਾਰ ਮਹੀਨੇ ਉਡੀਕਣ ਮਗਰੋਂ ਗੁਰੂ ਹਰਕਿਸ਼ਨ ਸਾਹਿਬ ਦੇ ਮਾਤਾ ਸੁਲੱਖਣੀ ਜੀ, ਦੀਵਾਨ ਦਰਗਹ ਮੱਲ, ਭਾਈ ਮਨੀ ਰਾਮ (ਭਾਈ ਮਨੀ ਸਿੰਘ) ਅਤੇ ਬਹੁਤ ਸਾਰੇ ਸਿੱਖਾਂ ਨੇ ਬਕਾਲਾ ਜਾ ਕੇ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਗੁਰਗੱਦੀ ਸੰਭਾਲਣ ਵਾਸਤੇ ਅਰਜ਼ ਕਰਨ ਅਤੇ ਇਸ ਰਸਮ ਦੀ ਅਰਦਾਸ ਕਰਨ ਦਾ ਫ਼ੈਸਲਾ ਕਰ ਲਿਆ। ਇਹ ਸਾਰੇ ਜਣੇ 11 ਅਗਸਤ 1664 ਦੇ ਦਿਨ ਬਕਾਲਾ ਪੁੱਜੇ ਅਤੇ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਮਿਲੇ। ਗੁਰੂ ਸਾਹਿਬ ਨੂੰ ਗੁਰਗੱਦੀ ਸੌਂਪਣ ਦੀ ਅਰਦਾਸ ਬਾਬਾ ਦਵਾਰਕਾ ਦਾਸ (ਬੇਟਾ ਬਾਬਾ ਅਰਜਾਨੀ, ਪੋਤਾ ਬਾਬਾ ਮੋਹਰੀ ਤੇ ਪੜਪੋਤਾ ਗੁਰੂ ਅਮਰਦਾਸ ਜੀ) ਨੇ ਨਿਭਾਈ। ਇਸ ਮੌਕੇ ’ਤੇ ਬਹੁਤ ਸਾਰੀਆਂ ਸੰਗਤਾਂ ਹਾਜ਼ਿਰ ਸਨ। ਇਸ ਸਬੰਧੀ ਇਕ ਇੰਦਰਾਜ ਭੱਟ ਵਹੀਆਂ ਵਿਚ ਇੰਞ ਮਿਲਦਾ ਹੈ:

“ਦੀਵਾਨ ਦਰਗਹ ਮੱਲ ਬੇਟਾ ਦਵਾਰਕਾ ਦਾਸ ਕਾ ਪੋਤਾ ਪਰਾਗ ਦਾਸ ਕਾ, ਚਉਪਤਿ ਰਾਏ ਬੇਟਾ ਪੈਰੇ ਕਾ ਪੋਤਾ ਗੌਤਮ ਕਾ ਛਿਬਰ ਬ੍ਰਾਹਮਣ, ਜੇਠਾ ਮਾਈ ਦਾਸ ਕਾ, ਮਨੀ ਰਾਮ ਮਾਈ ਦਾਸ ਕਾ ਬਲਉਂਤ ਜਲ੍ਹਾਨੇ, ਜੱਗੂ ਬੇਟਾ ਪਦਮਾ ਕਾ ਪੋਤਾ ਕਉਲੇ ਕਾ ਹਜਾਵਤ ਆਂਬਿਆਨਾ, ਨਾਨੂ ਬੇਟਾ ਬਾਘੇ ਕਾ ਪੋਤਾ ਉਮੈਦੇ ਕਾ, ਦਿੱਲੀ ਸੇ ਗੁਰੂ ਹਰਕਿਸ਼ਨ ਜੀ ਮਹਿਲ ਅਠਮੇ ਕੀ ਮਾਤਾ ਸੁਲੱਖਣੀ ਕੇ ਸਾਥ ਬਕਾਲੇ ਆਏ। ਸਾਲ ਸਤਰਾਂ ਸੈ ਇਕੀਸ ਭਾਦਵਾ ਕੀ ਅਮਾਵਸ ਕੇ ਦਿਨ…।”(ਭੱਟ ਵਹੀ ਤਲਾਉਂਢਾ, ਪਰਗਣਾ ਜੀਂਦ, ਖਾਤਾ ਜਲਾਹਨੋਂ ਕਾ)

ਗੁਰਗੱਦੀ ਸੰਭਾਲਣ ਮਗਰੋਂ ਗੁਰੂ ਤੇਗ਼ ਬਹਾਦਰ ਸਾਹਿਬ ਦਾ ਸਭ ਤੋਂ ਪਹਿਲਾ ਦੌਰਾ ਕੀਰਤਪੁਰ ਸਾਹਿਬ ਦਾ ਸੀ। ਜੂਨ 1656 ਵਿਚ ਪੂਰਬ ਦੇ ਦੌਰੇ ਮਗਰੋਂ ਆਪ ਪਿਛਲੇ ਅੱਠ ਸਾਲ ਵਿਚ ਇਕ ਵਾਰ ਵੀ ਸਿੱਖ ਕੌਮ ਦੇ ਹੈਡ-ਕੁਆਰਟਰਜ਼ ਕੀਰਤਪੁਰ ਨਹੀਂ ਸਨ ਜਾ ਸਕੇ। ਇਸ ਦੌਰਾਨ ਗੁਰੂ ਹਰਿ ਰਾਇ ਸਾਹਿਬ ਤੇ ਗੁਰੂ ਹਰਕਿਸ਼ਨ ਸਾਹਿਬ ਜੋਤੀ-ਜੋਤਿ ਸਮਾ ਚੁਕੇ ਸਨ। ਇਸ ਤੋਂ ਇਲਾਵਾ ਗੁਰੂ ਹਰਿ ਰਾਇ ਸਾਹਿਬ ਦੀ ਬੇਟੀ ਬੀਬੀ ਰੂਪ ਕੌਰ ਦਾ ਵਿਆਹ ਹੋ ਚੁਕਾ ਸੀ ਤੇ ਉਹ ਆਪਣੇ ਪਤੀ ਨਾਲ ਕੀਰਤਪੁਰ ਦੇ ਨਾਲ ਲਗਵੇਂ ਪਿੰਡ ਕਲਿਆਣਪੁਰ ਵਿਚ ਰਹਿ ਰਹੀ ਸੀ। ਇਸ ਕਰ ਕੇ ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ ਬੀਬੀ ਰੂਪ ਕੌਰ ਨੂੰ ਮਿਲਣ ਦਾ ਫ਼ੈਸਲਾ ਕੀਤਾ ਤਾਂ ਜੋ ਉਸ ਦੇ ਪਿਤਾ ਤੇ ਭਰਾ ਦੇ ਜੋਤੀ-ਜੋਤਿ ਸਮਾਉਣ ਸਬੰਧੀ ‘ਪਰਚਾਵਨੀ’ ਕਰ ਸਕਣ। 21 ਅਗਸਤ 1664 ਦੇ ਦਿਨ ਆਪ ਬੀਬੀ ਰੂਪ ਕੌਰ ਦੇ ਘਰ ਪੁਜੇ। ਇਸ ਮੌਕੇ ਤੇ ਆਪ ਨਾਲ ਬਹੁਤ ਸਾਰੇ ਦਰਬਾਰੀ ਸਿੱਖ ਵੀ ਸਨ। ਇਸ ਬਾਰੇ ਭੱਟ ਵਹੀ ਮੁਲਤਾਨੀ ਸਿੰਧੀ ਵਿਚ ਇੰਵ ਜ਼ਿਕਰ ਆਉਂਦਾ ਹੈ:
“ਗੁਰੂ ਤੇਗ ਬਹਾਦਰ ਜੀ ਮਹਲ ਨਾਂਵੇਂ, ਬਕਾਲਾ ਸੇ ਕੀਰਤਪੁਰ ਆਏ, ਪਰਗਨਾ ਕਹਿਲੂਰ, ਸਾਲ ਸਤਰਾਂ ਸੈ ਇਕੀਸ ਭਾਦਵਾ ਸੁਦੀ ਦਸਮੀਂ, ਖੇਮ ਕਰਨ ਧੁੱਸੇ ਖਤਰੀ ਕੇ ਘਰ ਬੀਬੀ ਰੂਪ ਕਉਰ ਕੇ ਬਲਾਉਨਾ। ਸਾਥ ਦਵਾਰਕਾ ਦਾਸ ਆਇਆ ਬੇਟਾ ਅਰਜਾਨੀ ਸਾਹਿਬ ਭੱਲੇ ਕਾ, ਸਾਥ ਦੀਵਾਨ ਦਰਘਾ ਮਲ ਆਇਆ ਬੇਟਾ ਦਵਾਰਕਾ ਦਾਸ ਛਿਬਰ ਕਾ, ਸਾਥ  ਜੱਗੂ ਬੇਟਾ ਪਦਮਾ ਕਾ ਆਇਆ, ਹਜਾਵਤ ਆਂਬਿਆਨਾ।…”(ਭੱਟ ਵਹੀ ਮੁਲਤਾਨੀ ਸਿੰਧੀ, ਪਰਗਣਾ ਜੀਂਦ, ਖਾਤਾ ਹਜਾਵਤੋਂ ਕਾ)

ਮੱਖਣ ਸ਼ਾਹ ਲੁਬਾਣਾ ਦਾ ਬਕਾਲੇ ਆਉਣਾ
9 ਅਕਤੂਬਰ 1664 ਦੇ ਦਿਨ ਹਿੰਦੂਆਂ ਦਾ ਦੀਵਾਲੀ ਦਾ ਤਿਉਹਾਰ ਸੀ। ਇਸ ਵੇਲੇ ਗੁਰੂ ਤੇਗ਼ ਬਹਾਦਰ ਸਾਹਿਬ ਬਕਾਲਾ ਵਿਚ ਸਨ। ਹਰ ਸਾਲ ਇਸ ਮੌਕੇ ’ਤੇ ਸਿੱਖ ਆਪਣਾ ਦਸਵੰਧ ਭੇਟ ਕਰਨ ਵਾਸਤੇ ਗੁਰੂ ਸਾਹਿਬਾਨ ਕੋਲ ਆਇਆ ਕਰਦੇ ਸਨ। ਗੁਰੂ ਹਰਕਿਸ਼ਨ ਸਾਹਿਬ ਦੇ ਜੋਤੀ-ਜੋਤ ਸਮਾਉਣ ਮਗਰੋਂ ਅਜੇ ਕਾਫ਼ੀ ਸੰਗਤਾਂ ਨੂੰ ਪਤਾ ਨਹੀਂ ਸੀ ਕਿ ਨੌਵੇਂ ਗੁਰੂ ਤੇਗ਼ ਬਹਾਦਰ ਕਿੱਥੇ ਹਨ। ਇਨ੍ਹਾਂ ਸਿੱਖਾਂ ਵਿਚ ਭਾਈ ਮੱਖਣ ਸ਼ਾਹ ਲੁਬਾਣਾ ਵੀ ਸੀ। ਜਦੋਂ ਉਸ ਨੂੰ ਪਤਾ ਕਿ ਗੁਰੂ ਤੇਗ਼ ਬਹਾਦਰ ਸਾਹਿਬ ਕੀਰਤਪੁਰ ਵਿਚ ਨਹੀਂ ਬਲਕਿ ਬਕਾਲਾ ਵਿਚ ਹਨ ਤਾਂ ਉਹ ਲਭਦਾ-ਲਭਦਾ ਬਕਾਲੇ ਪੁੱਜਾ। ਬਕਾਲੇ ਪੁੱਜਣ ’ਤੇ ਉਸ ਨੂੰ ਅੱਗੋਂ ਧੀਰ ਮੱਲ ਦਾ ਇਕ ਦਲਾਲ ਮਿਲ ਪਿਆ। ਉਹ ਉਸ ਨੂੰ ਗੁਰੂ ਸਾਹਿਬ ਨੂੰ ਮਿਲਾਉਣ ਦਾ ਝੂਠ ਬੋਲ ਕੇ ਧੀਰ ਮਲ ਦੇ ਡੇਰੇ ਤੇ ਲੈ ਗਿਆ। ਮੱਖਣ ਸ਼ਾਹ ਹਰ ਸਾਲ ਇਕ ਸੌ ਮੁਹਰਾਂ ਗੁਰੂ ਦਰਬਾਰ ਵਿਚ ਭੇਟ ਕਰਿਆ ਕਰਦਾ ਸੀ। ਧੀਰ ਮੱਲ ਨੂੰ ਵੇਖਦਿਆਂ ਹੀ ਮੱਖਣ ਸਾਹ ਨੂੰ ਸ਼ੱਕ ਪੈ ਗਿਆ ਕਿ ਇਹ ਗੁਰੂ ਤੇਗ਼ ਬਹਾਦਰ ਸਾਹਿਬ ਨਹੀਂ ਹੋ ਸਕਦਾ। ਇਸ ਕਰ ਕੇ ਉਸ ਨੇ ਧੀਰ ਮੱਲ ਨੂੰ ਸਿਰਫ਼ ਪੰਜ ਮੁਹਰਾਂ ਭੇਟ ਕੀਤੀਆਂ। ਪਰ ਜਦ ਧੀਰ ਮੱਲ ਨੇ ਉਹ ਪੰਜ ਮੁਹਰਾਂ ਚੁਪ ਕਰ ਕੇ ਬੋਝੇ ਵਿਚ ਪਾ ਲਈਆਂ ਤਾਂ ਭਾਈ ਮੱਖਣ ਸ਼ਾਹ ਨੇ ਪੁੱਛਿਆ ਕਿ ਕੀ ਤੁਸੀਂ ਹੀ ਗੁਰੂ ਤੇਗ਼ ਬਹਾਦਰ ਹੋ? ਇਹ ਸੁਣ ਕੇ ਧੀਰ ਮੱਲ ਦਾ ਇਕ ਚੇਲਾ ਬੋਲਿਆ ਕਿ “ਇਹ ਗੁਰੂ ਧੀਰ ਮੱਲ ਜੀ ਹਨ।” ਇਹ ਸੁਣ ਕੇ ਮੱਖਣ ਸ਼ਾਹ ਇਕ ਦਮ ਉੱਥੋਂ ਆ ਗਿਆ। ਇਸ ਮਗਰੋਂ ਉਸ ਨੇ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਵੀ ਲੱਭ ਲਿਆ ਤੇ ਆਪਣੇ ਸਾਥੀਆਂ ਨੂੰ ਸੱਦਣ ਵਾਸਤੇ ਉੱਚੀ-ਉੱਚੀ ਬੋਲਣਾ ਸ਼ੁਰੂ ਕਰ ਦਿਤਾ ‘ਗੁਰੂ ਲਾਧੋ ਰੇ’। ਹੁਣ ਸਾਰੇ ਲੋਕ ਧੀਰ ਮੱਲ ਅਤੇ ਹੋਰਨਾਂ ਦੰਭੀਆਂ ਨੂੰ ਛੱਡ ਕੇ ਗੁਰੂ ਸਾਹਿਬ ਵਲ ਆਉਣੇ ਸ਼ੁਰੂ ਹੋ ਗਏ। ਉਸ ਦਿਨ ਤੋਂ ਕੁਝ ਸਿੱਖ ਨੌਂ ਅਕਤੂਬਰ ਦਾ ਦਿਨ ਹਰ ਸਾਲ ‘ਗੁਰੂ ਲਾਧੋ ਰੇ’ ਦਿਨ ਵਜੋਂ ਮਨਾਉਂਦੇ ਹਨ। ਹਾਲਾਂ ਕਿ ਗੁਰੂ ਸਾਹਿਬ ਗੁਆਚੇ ਜਾਂ ਲੁਕੇ ਹੋਏ ਨਹੀਂ ਸਨ, ਪਰ ਮੱਖਣ ਸ਼ਾਹ ਨੂੰ ਉਨ੍ਹਾਂ ਦਾ ਪਤਾ ਨਹੀਂ ਸੀ ਤੇ ਧੀਰ ਮੱਲ ਦੇ ਚੇਲੇ ਸਾਰੇ ਸਿੱਖਾਂ ਨੂੰ ਗ਼ਲਤ ਦਸ ਕੇ ਉਸ ਕੋਲ ਲੈ ਆਉਂਦੇ ਸਨ। ਦੂਜਾ ਭਾਈ ਮੱਖਣ ਸ਼ਾਹ ਨੇ ਗੁਰੂ ਜੀ ਨੂੰ ਪਰਗਟ ਨਹੀਂ ਕੀਤਾ ਸੀ ਬਲਕਿ ਉਸ ਨੇ ਉਨ੍ਹਾਂ ਦਾ ਨਿਵਾਸ ਲੱਭਿਆ ਸੀ।

ਕੁਝ ਲੇਖਕਾਂ ਨੇ ਇਸ ਘਟਨਾ ਵਿਚੋਂ ਮੱਖਣ ਸ਼ਾਹ ਦਾ ਬੇੜਾ ਡੁੱਬਣ ਵੇਲੇ ਗੁਰੂ ਤੇਗ਼ ਬਹਾਦਰ ਸਾਹਿਬ ਵਲੇਂ ਆਪਣਾ ਮੋਢਾ ਲਾ ਕੇ ਜਹਾਜ਼ ਡੁੱਬਣੋਂ ਬਚਾਉਣ ਦੀ ਕਰਾਮਾਤ ਦੀ ਕਹਾਣੀ ਘੜ ਲਈ ਸੀ। ਸਿੱਖ ਧਰਮ ਅਖੌਤੀ ਕਰਾਮਾਤ ਦੇ ਫ਼ਲਸਫ਼ੇ ਨੂੰ ਮੂਲੋਂ ਹੀ ਰੱਦ ਕਰਦਾ ਹੈ। ਇੰਞ ਹੀ ਇਕ ਸੌ ਮੁਹਰ ਜਾਂ ਘਟ-ਵਧ ਗੁਰੂ ਦੀ ਭੇਂਟ ਕਰਨਾ ਸਿਰਫ਼ ਮੱਖਣ ਸ਼ਾਹ ਹੀ ਨਹੀਂ ਬਲਕਿ ਹੋਰ ਵੀ ਬਹੁਤ ਸਾਰੇ ਸਿਖ ਪਰਵਾਰ ਕਰਿਆ ਕਰਦੇ ਸਨ। ਮੱਖਣ ਸ਼ਾਹ ਲੁਬਾਣਾ ਵਲੋਂ ਇਕ ਸੌ ਮੁਹਰਾਂ ਭੇਟ ਕਰਨ ਸਬੰਧੀ ‘ਭੱਟ ਵਹੀ ਤੂੰਮਰ ਬਿੰਜਲਉਂਤੋ ਕੀ’ ਵਿਚ ਇੰਵ ਜ਼ਿਕਰ ਮਿਲਦਾ ਹੈ (ਏਥੇ ਵੀ ਭਾਈ ਮੱਖਣ ਸ਼ਾਹ ਦਾ ਬੇੜਾ ਡੁੱਬਣ, ਅਖੌਤੀ ‘ਸੁਖਨਾ ਸੁਖਣ’ ਜਾਂ ਗੁਰੂ ਜੀ ਨੂੰ ‘ਲੱਭਣ’ ਦਾ ਕੋਈ ਜ਼ਿਕਰ ਨਹੀਂ ਹੈ):

“ਮੱਖਣ ਸ਼ਾਹ ਬੇਟਾ ਦਾਸੇ ਕਾ ਪੋਤਾ ਅਰਥੇ ਕਾ ਪੜਪੋਤਾ ਬਿੰਨੇ ਕਾ ਬੰਸ ਬਹੋੜੂ ਕੀ। ਲਾਲ ਚੰਦ ਮੱਖਣ ਸ਼ਾਹ ਕਾ, ਚੰਦੂ ਲਾਲ ਮੱਖਣ ਸ਼ਾਹ ਕਾ, ਕੁਸ਼ਾਲ ਚੰਦ ਮੱਖਣ ਸ਼ਾਹ ਕਾ, ਸੋਲਜ਼ਈ ਇਸਤਰੀ ਮੱਖਣ ਸ਼ਾਹ ਕੀ, ਗੋਤਰ ਪੇਲੀਆ ਬਨਜਾਰਾ, ਬਾਸੀ ਮੋਟਾ ਟਾਂਡਾ, ਪਰਗਣਾ ਮੁਜ਼ਫ਼ਰਾਬਾਦ, ਕਸ਼ਮੀਰ, ਸਾਲ ਸਤਰਾਂ ਸੈ ਇਕੀਸ ਦੀਵਾਲੀ ‘ਤੇ ਸ਼ਨੀਵਾਰ ਦੇ ਦਿੰਹ ਬਕਾਲੇ ਨਗਰ ਆਇਆ। ਗੁਰੁ ਤੇਗ਼ ਬਹਾਦਰ ਮਹਲ ਨਾਮੇਂ ਕੇ ਦਰਬਾਰ ਮੇਂ ਇਕ ਸੌ ਮੋਹਰੇਂ ਭੇਂਟ ਕੀ। ਗੈਲ ਧੂੰਮਾ ਬੇਟਾ ਨਾਇਕ ਕਾਨ੍ਹੇ ਬਿੰਜਲਉਂਤ ਕਾ ਆਇਆ।”

ਗੁਰੂ ਤੇਗ਼ ਬਹਾਦਰ ਸਾਹਿਬ ਮੁੜ ਕੀਰਤਪੁਰ ਗਏ
ਬਾਬਾ ਗੁਰਦਿੱਤਾ ਦੀ ਪਤਨੀ, ਗੁਰੂ ਹਰਿ ਰਾਇ ਸਾਹਿਬ ਜੀ ਦੀ ਮਾਤਾ, ਗੁਰੂ ਹਰਕਿਸ਼ਨ ਜੀ ਦੀ ਦਾਦੀ ਤੇ ਗੁਰੂ ਤੇਗ਼ ਬਹਾਦਰ ਸਾਹਿਬ ਦੀ ਭਰਜਾਈ, ਮਾਤਾ ਬਸੀ 29 ਸਤੰਬਰ 1664 ਦੇ ਦਿਨ ਕੀਰਤਪੁਰ ਵਿਚ ਚੜ੍ਹਾਈ ਕਰ ਗਈ ਸੀ। ਉਸ ਸਬੰਧ ਵਿਚ ਰੱਖੇ ਪਾਠ ਦੀ ਅਰਦਾਸ ਚੌਦਾਂ ਅਕਤੂਬਰ ਨੂੰ ਹੋਣੀ ਸੀ। ਇਤਲਾਹ ਮਿਲਦਿਆਂ ਹੀ ਗੁਰੂ ਤੇਗ਼ ਬਹਾਦਰ ਸਾਹਿਬ, ਭਾਈ ਮੱਖਣ ਸ਼ਾਹ ਲੁਬਾਣਾ, ਦੀਵਾਨ ਦਰਗਹ ਮੱਲ  ਅਤੇ ਕੁਝ ਹੋਰ ਦਰਬਾਰੀ ਸਿੱਖ ਦੀਵਾਲੀ ਤੋਂ ਅਗਲੇ ਦਿਨ ਚੱਲ ਕੇ ਇਸ ਅਰਦਾਸ ਵਿਚ ਸ਼ਾਮਿਲ ਹੋਣ ਵਾਸਤੇ ਬਾਰ੍ਹਾਂ ਅਕਤੂਬਰ 1664 ਦੇ ਦਿਨ ਕੀਰਤਪੁਰ ਪੁੱਜੇ ਤੇ ਤਿੰਨ ਦਿਨ ਉੱਥੇ ਰਹੇ।

ਮਾਝੇ ਵਿਚ ਧਰਮ ਪ੍ਰਚਾਰ ਦਾ ਦੌਰਾ
ਕੀਰਤਪੁਰ ਦੀ ਫੇਰੀ ਮਗਰੋਂ ਗੁਰੂ ਸਾਹਿਬ ਵਾਪਿਸ ਬਕਾਲਾ ਆ ਗਏ। ਕੁਝ ਦਿਨ ਇੱਥੇ ਰਹਿਣ ਮਗਰੋਂ ਆਪ ਮਾਝਾ ਤੇ ਮਾਲਵਾ ਵਿਚ ਧਰਮ ਪਰਚਾਰ ਦੇ ਦੌਰੇ ’ਤੇ ਚਲ ਪਏ। ਆਪ ਸਭ ਤੋਂ ਪਹਿਲਾਂ 22 ਨਵੰਬਰ 1664 ਦੇ ਦਿਨ ਗੁਰੂ ਦਾ ਚੱਕ (ਅੰਮ੍ਰਿਤਸਰ) ਗਏ। ਗੁਰੂ ਦਾ ਚੱਕ ਵਿਚ ਹਰਿ ਜੀ (ਪੁਤਰ ਮਿਹਰਬਾਨ) ਅਤੇ ਉਸ ਦੇ ਪੁੱਤਰਾਂ ਨੇ ਆਪ ਜੀ ਨੂੰ ‘ਜੀ ਆਇਆਂ’ ਆਖਿਆ। ਗੁਰੂ ਸਾਹਿਬ ਨੇ ਦਰਬਾਰ ਸਾਹਿਬ ਦੇ ਮੁੱਖ ਗੇਟ ’ਤੇ, ਅਕਾਲ ਤਖਤ ਸਾਹਿਬ ਦੇ ਨੇੜੇ, ਇਕ ਟਿੱਬੇ ’ਤੇ ਦੀਵਾਨ ਸਜਾਇਆ (ਇਸ ਥਾਂ ਹੁਣ ਗੁਰਦੁਆਰਾ ਥੜ੍ਹਾ ਸਾਹਿਬ ਬਣਿਆ ਹੋਇਆ ਹੈ)। ਇਸ ਸਬੰਧੀ ਇਕ ਇੰਦਰਾਜ ਭੱਟ ਵਹੀਆਂ ਵਿਚ ਇੰਞ ਮਿਲਦਾ ਹੈ:
ਗੁਰੂ ਤੇਗ਼ ਬਹਾਦਰ ਜੀ ਮਹਲ ਨਾਮਾਂ ਬੇਟਾ ਗੁਰੂ ਹਰਿਗੋਬਿੰਦ ਜੀ ਕਾ ਪੋਤਾ ਗੁਰੂ ਅਰਜਨ ਜੀ ਕਾ, ਸਾਲ ਸਤਰਾਂ ਸੈ ਇਕੀਸ ਮਘਸਰ ਕੀ ਪੂਰਨਿਮਾ ਕੇ ਦਿਹੁੰ ਗੁਰੂ ਕੇ ਚੱਕ ਮਲਹਾਨ ਪਰਗਨਾ ਅਜਨਾਲਾ ਆਏ। ਸਾਥ ਦਵਾਰਕਾ ਦਾਸ ਬੇਟਾ ਅਰਜਾਨੀ ਸਾਹਿਬ ਭੱਲਾ ਕਾ, ਦੀਵਾਨ ਦਰਘਾ ਮਲ ਬੇਟਾ ਦਵਾਰਕਾ ਦਾਸ ਛਿਬਰ ਕਾ, ਮਖਣ ਸ਼ਾਹ ਬੇਟਾ ਦਾਸੇ ਕਾ ਪੇਲੀਆ ਬਣਜਾਰਾ ਹੋਰ ਸਿੱਖ ਫਕੀਰ ਆਏ। ਗੁਰੂ ਜੀ ਨੇ ਦਰਬਾਰ ਕੇ ਆਗੇ ਇਕ ਉਚੇ ਚਬੂਤਰੇ ਤੇ ਆਸਨ ਲਾਇਆ। ਸਤਿਗੁਰੂ ਕਾ ਨਗਰੀ ਆਨਾ ਸੁਣ ਹਰਿ ਜੀ ਬੇਟਾ ਮਨੋਹਰ ਜੀ ਕਾ ਪੋਤਾ ਪ੍ਰਿਥੀ ਚੰਦ ਜੀ ਕਾ ਬੰਸ ਗੁਰੂ ਰਾਮਦਾਸ ਜੀ ਮਹਲ ਚੌਥੇ ਕੀ ਸੰਗਤ ਕੋ ਗੈਲ ਲੈ ਦਰਸ਼ਨ ਪਾਣੇ ਆਏ। (ਭੱਟ ਵਹੀ ਤੂਮਰ ਬਿੰਜਲਉਂਤੋਂ ਕੀ)।

ਆਪ ਇਕ ਰਾਤ ਇਥੇ ਰਹਿਣ ਮਗਰੋਂ ਵੱਲਾ ਪਿੰਡ ਵਲ ਚਲੇ ਗਏ। ਮਗਰੋਂ ਕਿਸੇ ਲੇਖਕ ਨੇ ਇਹ ਕਹਾਣੀ ਘੜ ਲਈ ਕਿ ਗੁਰੂ ਤੇਗ਼ ਬਹਾਦਰ ਸਾਹਿਬ ਗੁਰੂ ਦਾ ਚੱਕ ਆਏ ਤਾਂ ਧੀਰਮਲੀਆਂ ਨੇ ਦਰਵਾਜ਼ੇ ਬੰਦ ਕਰ ਲਏ। ਇਹ ਗੱਲ ਸਹੀ ਨਹੀਂ ਹੈ ਕਿਉਂਕਿ ਉਸ ਵੇਲੇ ਗੁਰੂ ਦਾ ਚੱਕ ਦੀ ਸੇਵਾ ਸੰਭਾਲ ਧੀਰ ਮੱਲ ਕੋਲ ਨਹੀਂ ਸੀ ਬਲਕਿ ਪ੍ਰਿਥੀ ਚੰਦ (ਮੀਣਾ) ਦੇ ਪੋਤੇ ਹਰਿ ਜੀ ਕੋਲ ਸੀ। ਇਹ ਲੇਖਕ ਧੀਰ ਮੱਲ ਦੀ ਬਕਾਲਾ ਵਿਚ ਕੀਤੀ ਸਾਜ਼ਿਸ਼ ਨੂੰ ਗੁਰੂ ਦਾ ਚੱਕ (ਅੰਮ੍ਰਿਤਸਰ) ਵਿਚ ਵੀ ਸ਼ਾਮਿਲ ਕਰ ਦੇਂਦੇ ਹਨ। ਦੂਜਾ, ਦਰਵਾਜ਼ੇ ਬੰਦ ਕਰਨਾ ਵੀ ਸਹੀ ਨਹੀਂ ਹੈ। ਉਦੋਂ ਦਰਬਾਰ ਸਾਹਿਬ ਵਿਚ ਕਿਤੇ ਕੋਈ ਦਰਵਾਜ਼ਾ ਨਹੀਂ ਸੀ। ਹੋਰ ਤਾਂ ਹੋਰ ਦਰਬਾਰ ਸਾਹਿਬ ਦੀ ਪਰਕਰਮਾ ਵੀ ਬਹੁਤ ਬਾਅਦ ਵਿਚ (1830 ਤੋਂ ਮਗਰੋਂ) ਬਣੀ ਸੀ। ਤੀਜਾ, ਇਹ ਲੇਖਕ ਗੁਰੂ ਤੇਗ਼ ਬਹਾਦਰ ਸਾਹਿਬ ਵਲੋਂ ਗੁਰੂ ਦਾ ਚੱਕ ਦੇ ਲੋਕਾਂ ਨੂੰ ‘ਅੰਬਰਸਰੀਏ ਅੰਦਰਸੜੀਏ’ ਦਾ ਸਰਾਪ ਦੇਣ ਦਾ ਜ਼ਿਕਰ ਕਰਦੇ ਹਨ। ਦਿਲਚਸਪ ਗੱਲ ਇਹ ਹੈ ਕਿ ਗੁਰੂ ਸਾਹਿਬ ਦੇ ਵੇਲੇ ਤਾਂ ਕੀ ਇਸ ਤੋਂ ਇਕ ਸੌ ਸਾਲ ਮਗਰੋਂ ਵੀ ਗੁਰੂ ਦਾ ਚੱਕ ਦਾ ਨਾਂ ਅੰਮ੍ਰਿਤਸਰ ਨਹੀਂ ਸੀ ਬਣਿਆ। ਚੌਥਾ,  ਗੁਰੂ ਸਾਹਿਬ ਸਰਾਪ ਵੀ ਨਹੀਂ ਸਨ ਦੇ ਸਕਦੇ।

ਇਹ ਵੀ ਦਿਲਚਸਪ ਹੈ ਕਿ ਇਹੋ ਜਿਹਾ ਪਰਚਾਰ ਕਰਨ ਵਾਲੇ ਲੇਖਕਾਂ ਮੁਤਾਬਿਕ ਕਿ “ਜਦ ਵੱਲੇ ਦੀਆਂ ਬੀਬੀਆਂ ਨੂੰ ਪਤਾ ਲਗਾ ਕਿ ਗੁਰੁ ਤੇਗ਼ ਬਹਾਦਰ ਸਾਹਿਬ ਨੂੰ ਦਰਬਾਰ ਸਾਹਿਬ ਵਿਚ ਵੜਨ ਨਹੀਂ ਦਿਤਾ ਗਿਆ ਤਾਂ ਇਹ ਬੀਬੀਆਂ ਗੁਰੂ ਦਾ ਚੱਕ ਆਈਆਂ ਅਤੇ ਉਨ੍ਹਾਂ ਨੇ ਦਰਬਾਰ ਸਾਹਿਬ ’ਤੇ ਕਾਬਜ਼ ਟੋਲੇ ਨੂੰ ਲਾਅਨਤਾਂ ਪਾਈਆਂ। ਇਸ ਮਗਰੋਂ ਉਨ੍ਹਾਂ ਨੇ ਗੁਰੁ ਸਾਹਿਬ ਨੂੰ ਦਰਬਾਰ ਵਿਚ ਦਾਖ਼ਲ ਹੋਣ ਦਿਤਾ ਗਿਆ।” ਵਾਰੇ ਵਾਰੇ ਜਾਈਏ ਅਜਿਹੇ ਤਵਾਰੀਖ਼ ਲੇਖਕਾਂ ਅਤੇ ਜਿਓਗਰਾਫ਼ੀਏ ਦੇ ਮਾਹਿਰਾਂ ਤੋਂ। ਵੱਲਾ ਪਿੰਡ ਗੁਰੁ ਦਾ ਚੱਕ (ਅੰਮ੍ਰਿਤਸਰ) ਤੋਂ ਨੌਂ ਕਿਲੋਮੀਟਰ ਦੂਰ ਹੈ ਤੇ 1664 ਵਿਚ ਗੁਰੂ ਜੀ ਦਾ ਉੱਥੇ ਜਾਣਾ, ਮਾਈਆਂ ਨੂੰ ਹਾਲ ਦਸਣਾ (ਜਾਂ ਪਤਾ ਲਗਣਾ), ਮਾਈਆਂ ਦਾ ਗੁਰੂ ਦਾ ਚੱਕ ਜਾਣਾ ਤੇ ਫਿਰ ਗੁਰੂ ਸਾਹਿਬ ਦਾ ਮੁੜ ਉੱਥੇ ਜਾਣਾ ਤੇ ਹਰਿਮੰਦਰ ਵਿਚ ਮੱਥਾ ਟੇਕਣਾ; ਇਹ ਸਾਰਾ ਕੁਝ ਅਜੀਬ ਤਵਾਰੀਖ਼ ਲੇਖਕ ਇਕੋ ਦਿਨ ਵਿਚ ਕਰਵਾ ਦੇਂਦੇ ਹਨ। ਸ਼ਾਇਦ ਬੀਬੀਆਂ ਨੂੰ ਮੋਬਾਈਲ ’ਤੇ ਖ਼ਬਰ ਮਿਲੀ ਹੋਵੇ ਤੇ ਉਨ੍ਹਾਂ ਕੋਲ ਹੈਲੀਕਾਪਟਰ ਵੀ ਹੋਵੇ? ਇਹੋ ਜਿਹੇ ਗਪੌੜੇ-ਹੈਲੀਕਾਪਟਰ ਮਹਾਂਭਾਰਤ ਤੇ ਰਾਮਾਇਣ ਨਾਵਲਾਂ ਵਿਚ ਵੀ ਦੱਸੇ ਹੋਏ ਹਨ। ਅਜਿਹਾ ਜਾਪਦਾ ਹੈ ਕਿ ਇਹ ਕਹਾਣੀ ਕਿਸੇ ਅਜਿਹੇ ਲੇਖਕ ਨੇ ਘੜੀ ਹੋਵੇਗੀ ਜਿਸ ਨੂੰ ਅੰਮ੍ਰਿਤਸਰ ਦੇ ਲੋਕਾਂ ਨੇ ਇਜ਼ਤ ਨਹੀਂ ਸੀ ਬਖ਼ਸ਼ੀ।

ਗੁਰੂ ਦਾ ਚੱਕ ਤੋਂ ਮਗਰੋਂ ਆਪ ਪਿੰਡ ਵੱਲਾ, ਘੁੱਕੇਵਾਲੀ (ਗੁਰੂ ਦਾ ਬਾਗ), ਪਿੰਡ ਨਿੱਝਰਵਾਲਾ (ਨਿੱਝਰਾਂ ਵਾਲਾ), ਤਰਨ ਤਾਰਨ ਤੇ ਖਡੂਰ ਸਾਹਿਬ ਹੁੰਦੇ ਹੋਏ ਸੱਤ ਦਸੰਬਰ ਦੇ ਦਿਨ ਗੋਇੰਦਵਾਲ ਪੁੱਜੇ। ਆਪ ਨੇ ਗੋਇੰਦਵਾਲ ਵਿਚ ਕਈ ਦਿਨ ਦੀਵਾਨ ਸਜਾਏ। ਬਹੁਤ ਸਾਰੀਆਂ ਸਿੱਖ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਆਈਆਂ। ਇਸ ਮੌਕੇ ਤੇ ਪਿੰਡ ਖੇਮਕਰਨ ਤੋਂ ਭਾਈ ਰਘੂਪਤਿ ਰਾਇ ਨਿਝਰ-ਕੰਬੋਜ ਵੀ ਪੁੱਜਾ ਹੋਇਆ ਸੀ। ਉਸ ਨੇ ਗੁਰੂ ਸਾਹਿਬ ਨੂੰ ਆਪਣੇ ਘਰ ਲਿਜਾਣ ਦੀ ਖ਼ਾਹਿਸ਼ ਜ਼ਾਹਿਰ ਕੀਤੀ। ਗੁਰੂ ਸਾਹਿਬ ਉਸ ਦੀ ਚਾਹ ਪੂਰੀ ਕਰਨ ਵਾਸਤੇ ਖੇਮਕਰਨ ਜਾਣਾ ਮੰਨ ਗਏ। ਆਪ ਜਨਵਰੀ 1665 ਦੇ ਪਹਿਲੇ ਪੰਦਰਾਂ ਦਿਨ ਖੇਮਕਰਨ ਵਿਚ ਰਹੇ ਅਤੇ ਹਰ ਰੋਜ਼ ਸੈਂਕੜੇ ਸੰਗਤਾਂ ਆਪ ਦੇ ਦਰਸ਼ਨ ਵਾਸਤੇ ਆਉਂਦੀਆਂ ਰਹੀਆਂ। ਤਕਰੀਬਨ ਦੋ ਮਹੀਨੇ ਮਾਝੇ ਵਿਚ ਧਰਮ ਪਰਚਾਰ ਕਰਨ ਮਗਰੋਂ ਗੁਰੂ ਸਾਹਿਬ ਪਿੰਡ ਚੋਹਲਾ, ਮਖੂ ਅਤੇ ਹਰੀਕੇ ਪੱਤਣ ਹੁੰਦੇ ਹੋਏ ਜ਼ੀਰਾ ਪੁਜੇ। ਜ਼ੀਰਾ ਤੇ ਮੋਗਾ ਵਿਚ ਸੰਗਤਾਂ ਨੂੰ ਦਰਸ਼ਨ ਦੇਣ ਮਗਰੋਂ, ਆਪ ਫਰਵਰੀ 1665 ਵਿਚ ਜੰਗਲ ਦੇਸ ਦੇ ਪਿੰਡ, ਡਰੋਲੀ (ਹੁਣ ਡਰੋਲੀ ਭਾਈ) ਗਏ। ਆਪ ਇਸ ਪਿੰਡ ਵਿਚ ਵੀ ਕਈ ਦਿਨ ਰਹੇ ਅਤੇ ਮਾਰਚ ਦੇ ਅੱਧ ਤੱਕ ਤਕਰੀਬਨ  ਦੋ ਮਹੀਨੇ ਗੁਰੂ ਸਾਹਿਬ ਨੇ ਇਸ ਇਲਾਕੇ ਵਿਚ ਧਰਮ ਪਰਚਾਰ ਕੀਤਾ।

ਤਲਵੰਡੀ ਸਾਬੋ ਵਿਚ ਸਰੋਵਰ ਤਿਆਰ ਕਰਵਾਉਣਾ
ਕੁਝ ਦਿਨ ਡਰੋਲੀ ਵਿਚ ਰਹਿਣ ਮਗਰੋਂ ਗੁਰੂ ਤੇਗ਼ ਬਹਾਦਰ ਸਾਹਿਬ ਤਲਵੰਡੀ ਸਾਬੋ ਗਏ। ਏਥੇ ਭਾਈ ਡੱਲਾ ਦੇ ਪਿਤਾ ਤੇ ਹੋਰ ਸਿੱਖਾਂ ਨੇ ਗੁਰੂ ਜੀ ਨੂੰ ਤਹਿ ਦਿਲੋਂ ਜੀ ਆਇਆਂ ਆਖਿਆ। ਇਸ ਇਲਾਕੇ ਵਿਚ ਪੀਣ ਵਾਲੇ ਪਾਣੀ ਦੀ ਬੜੀ ਕਮੀ ਸੀ। ਗੁਰੂ ਸਾਹਿਬ ਨੇ ਸੰਗਤਾਂ ਦੇ ਮਿਲਵਰਤਣ ਨਾਲ 28 ਮਾਰਚ 1665 ਨੂੰ ਟੱਕ ਲਾ ਕੇ ਇਥੇ ਇਕ ਸਰੋਵਰ ਬਣਾਉਣਾ ਸ਼ੁਰੂ ਕੀਤਾ। ਇਹ ਸਰੋਵਰ 7 ਅਪਰੈਲ 1665 ਦੇ ਦਿਨ ਬਣ ਕੇ ਤਿਆਰ ਹੋ ਗਿਆ। ਵਾਹਿਗੁਰੂ ਦੀ ਮਿਹਰ ਨਾਲ ਕੁਝ ਦਿਨ  ਮਗਰੋਂ ਬੇਹਿਸਾਬ ਬਾਰਿਸ਼ ਹੋਈ, ਜਿਸ ਨਾਲ ਇਹ ਸਰੋਵਰ ਪਾਣੀ ਨਾਲ ਵੀ ਭਰ ਗਿਆ। ਇਸ ਮਗਰੋਂ ਗੁਰੂ ਸਾਹਿਬ ਮਾਲਵੇ ਦੇ ਕੁਝ ਹੋਰ ਪਿੰਡਾਂ ਵਿਚੋਂ ਹੁੰਦੇ ਹੋਏ ਧਮਤਾਨ (ਜ਼ਿਲ੍ਹਾ ਜੀਂਦ) ਵਲ ਚਲੇ ਗਏ।

ਧਮਤਾਨ ਵਿਚ ਹੈੱਡ-ਕੁਆਰਟਰਜ਼ ਬਣਾਉਣ ਦਾ ਫੈਸਲਾ
ਤਲਵੰਡੀ ਸਾਬੋਂ ਤੋਂ ਚਲ ਕੇ ਮਾਲਵੇ ਦੇ ਵਖ-ਵਖ ਇਲਾਕਿਆਂ ਵਿਚ ਧਰਮ ਪਰਚਾਰ ਕਰਦੇ ਗੁਰੂ ਤੇਗ਼ ਬਹਾਦਰ ਸਾਹਿਬ ਅਪਰੈਲ 1665 ਦੇ ਅਖੀਰ ਵਿਚ ਧਮਤਾਨ (ਹੁਣ ਜ਼ਿਲਾ ਜੀਂਦ, ਹਰਿਆਣਾ) ਪੁਜੇ। ਧਮਤਾਨ ਵਿਚ ਭਾਈ ਦੱਗੋ ਸਿੱਖ ਪੰਥ ਦਾ ਮਸੰਦ ਸੀ। ਭਾਈ ਦੱਗੋ ਦਾ ਇਲਾਕੇ ਵਿਚ ਬੜਾ ਚੰਗਾ ਰਸੂਖ ਸੀ। ਉਸ ਨੇ ਇਸ ਇਲਾਕੇ ਵਿਚ ਬਹੁਤ ਸਾਰੇ ਲੋਕਾਂ ਨੂੰ ਸਿੱਖੀ ਵਿਚ ਸ਼ਾਮਿਲ ਕਰਵਾਇਆ ਸੀ। 1665 ਤਕ ਧਮਤਾਨ ਉਨ੍ਹਾਂ ਇਲਾਕਿਆਂ ਵਿਚੋਂ ਇਕ ਬਣ ਚੁਕਾ ਸੀ ਜਿਨ੍ਹਾਂ ਦੇ ਵਧੇਰੇ ਵਾਸੀ ਸਿੱਖ ਪੰਥ ਦਾ ਹਿੱਸਾ ਸਨ। ਜਦੋਂ ਗੁਰੂ ਤੇਗ਼ ਬਹਾਦਰ ਸਾਹਿਬ ਉੱਥੇ ਪੁਜੇ ਤਾਂ ਸੈਂਕੜੇ ਸਿੱਖ ਆਪ ਜੀ ਦੇ ਦਰਸ਼ਨਾਂ ਵਾਸਤੇ ਆਏ। ਗੁਰੂ ਸਾਹਿਬ ਹਰ ਰੋਜ਼ ਦੀਵਾਨ ਸਜਾਇਆ ਕਰਦੇ ਸਨ। ਕੁਝ ਦਿਨ ਧਮਤਾਨ ਰਹਿਣ ਮਗਰੋਂ ਗੁਰੂ ਸਾਹਿਬ ਨੇ ਕੀਰਤਪੁਰ ਜਾਣ ਦੀ ਤਿਆਰੀ ਸ਼ੁਰੂ ਕਰ ਦਿਤੀ। ਜਦੋਂ ਸੰਗਤਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਗੁਰੂ ਸਾਹਿਬ ਨੂੰ ਹੋਰ ਰੁਕਣ ਵਾਸਤੇ ਅਰਜ਼ ਕੀਤੀ। ਭਾਈ ਦੱਗੋ ਨੇ ਸੰਗਤਾਂ ਵਲੋਂ ਗੁਰੂ ਸਾਹਿਬ ਨੂੰ ਇਹ ਵੀ ਅਰਜ਼ ਕੀਤੀ ਕਿ ਉਹ ਆਪਣਾ ਦਰਬਾਰ (ਹੈੱਡ-ਕੁਆਟਰਜ਼) ਬਕਾਲਾ ਤੋਂ ਧਮਤਾਨ ਬਦਲ ਲੈਣ। ਸੰਗਤਾਂ ਨੇ ਯਕੀਨ ਦਿਵਾਇਆ ਕਿ ਉਹ ਦੂਰ-ਦੁਰਾਡੇ ਤੋਂ ਆਉਣ ਵਾਲੀਆਂ ਸੰਗਤਾਂ ਦੀ ਸੇਵਾ ਦੇ ਖਰਚ ਦਾ ਬੀੜਾ ਚੁਕ ਲੈਣਗੀਆਂ। ਸੰਗਤਾਂ ਵੱਲੋਂ ਵਾਰ-ਵਾਰ ਜ਼ੋਰ ਦੇਣ ’ਤੇ ਗੁਰੂ ਸਾਹਿਬ ਮੰਨ ਗਏ। ਗੁਰੂ ਸਾਹਿਬ ਦੀ ਹਦਾਇਤ ’ਤੇ ਭਾਈ ਦੱਗੋ ਨੇ ਆਪਣੀ ਕੁਝ ਜ਼ਮੀਨ ਗੁਰੂ ਦੇ ਮਹਲ, ਸੰਗਤਾਂ ਦੀ ਧਰਮਸਾਲਾ ਅਤੇ ਇਕ ਨਵਾਂ ਖੂਹ ਲੁਆਉਣ ਵਾਸਤੇ ਭੇਟ ਕਰ ਦਿਤੀ। (ਭਾਈ ਸੰਤੋਖ ਸਿੰਘ ਨੇ ‘ਸੂਰਜ ਪ੍ਰਕਾਸ਼’ ਵਿਚ ਭਾਈ ਦੱਗੋ ਵਰਗੇ ਭਲੇ ਸਿੱਖ ਦੇ ਖ਼ਿਲਾਫ਼ ਗ਼ਲਤ ਬਿਆਨੀ ਕਰ ਕੇ ਉਸ ਨਾਲ ਬੇਹੱਦ ਧੱਕਾ ਕੀਤਾ)।

ਬਿਲਾਸਪੁਰ ਦੇ ਰਾਜਾ ਦੀਪ ਚੰਦ ਦੀ ਮੌਤ
ਮਈ 1665 ਦੇ ਪਹਿਲੇ ਹਫ਼ਤੇ ਗੁਰੂ ਦੇ ਮਹਲ, ਧਰਮਸਾਲਾ ਅਤੇ ਖੂਹ ਦਾ ਟੱਕ ਲਾਉਣ ਮਗਰੋਂ ਗੁਰੂ ਸਾਹਿਬ ਕੀਰਤਪੁਰ ਵਲ ਚਲ ਪਏ। ਕੀਰਤਪੁਰ ਪੁਜਦਿਆਂ ਹੀ ਗੁਰੂ ਸਾਹਿਬ ਨੂੰ ਖਬਰ ਮਿਲੀ ਕਿ ਬਿਲਾਸਪੁਰ ਦਾ ਰਾਜਾ ਦੀਪ ਚੰਦ, ਜੋ 26 ਅਪਰੈਲ 1665 ਦੇ ਦਿਨ ਚੜ੍ਹਾਈ ਕਰ ਗਿਆ ਸੀ, ਦੀ ਅੰਤਮ ਰਸਮ 12 ਮਈ ਦੇ ਦਿਨ ਰਖੀ ਗਈ ਹੈ। ਰਾਜਾ ਦੀਪ ਚੰਦ ਦੀ ਵਿਧਵਾ ਰਾਣੀ ਚੰਪਾ ਨੇ ਆਪਣਾ ਵਜ਼ੀਰ ਕੀਰਤਪੁਰ ਭੇਜਿਆ ਤੇ ਗੁਰੂ ਸਾਹਿਬ ਨੂੰ ਰਾਜਾ ਦੀਪ ਚੰਦ ਦੀ ਅਰਦਾਸ ਕਰਨ ਵਾਸਤੇ ਬਿਲਾਸਪੁਰ ਪਹੁੰਚਣ ਵਾਸਤੇ ਅਰਜ਼ ਕੀਤੀ। ਗੁਰੂ ਸਾਹਿਬ ਨੌਂ ਮਈ ਦੀ ਸਵੇਰ ਨੂੰ ਬਿਲਾਸਪੁਰ ਚਲੇ ਗਏ। ਕੀਰਤਪੁਰ ਤੋਂ ਆਪ ਦੀ ਮਾਤਾ ਨਾਨਕੀ, ਮਾਤਾ ਸੁਲੱਖਣੀ, ਮਾਤਾ ਹਰੀ, ਦੀਵਾਨ ਦਰਗਹ ਮੱਲ, ਭਾਈ ਦਿਆਲ ਦਾਸ ਅਤੇ ਕਈ ਹੋਰ ਸਿੱਖ ਆਪ ਦੇ ਨਾਲ ਬਿਲਾਸਪੁਰ ਗਏ। ਇਸ ਸਬੰਧੀ ਭੱਟ ਵਹੀਆਂ ਵਿਚ ਇੰਞ ਲਿਖਿਆ ਮਿਲਦਾ ਹੈ:

ਗੁਰੁ ਤੇਗ ਬਹਾਦਰ ਸਾਹਿਬ ਮਹਲ ਨਾਵੇਂ, ਕੀਰਤਪੁਰ ਸੇ ਬਿਲਾਸਪੁਰ ਆਏ, ਰਾਜਾ ਦੀਪ ਚੰਦ ਕੀ ਸਤਾਰਮੀਂ ਤੇ, ਸਾਲ ਸਤਰਾਂ ਸੈ ਬਾਈਸ, ਜੇਠ ਪਰਵਿਸ਼ਟੇ ਪੰਦਰਾਂ ਕੋ। ਸਾਥ ਦੀਪ ਚੰਦ, ਨੰਦ ਚੰਦ ਆਏ ਬੇਟੇ ਸੂਰਜ ਮੱਲ ਕੇ, ਮਾਤਾ ਹਰੀ ਜੀ ਇਸਤਰੀ ਸੂਰਜ ਮੱਲ ਕੀ, ਮਾਤਾ ਸੁਲਖਣੀ ਜੀ ਇਸਤਰੀ ਗੁਰੁ ਹਰਿ ਰਾਇ ਮਹਲ ਸਤਵੇਂ ਜੀ ਕੀ, ਦੀਵਾਨ ਦਰਗਹ ਮੱਲ ਛਿਬਰ, ਜੇਠਾ, ਦਿਆਲ ਦਾਸ ਬੇਟੇ ਮਾਈ ਦਾਸ ਕੇ, ਦਰੀਆ ਬੇਟਾ ਮੂਲੇ ਕਾ, ਜਲਹਾਨਾ, ਸਾਥ ਆਏ। (ਭੱਟ ਵਹੀ ਮੁਲਤਾਨੀ ਸਿੰਧੀ, ਖਾਤਾ ਜਲਹਾਨਿਓਂ ਕਾ।

‘ਚੱਕ ਨਾਨਕੀ’ ਦੀ ਨੀਂਹ ਰਖਣਾ
ਰਾਜਾ ਦੀਪ ਚੰਦ ਦੀ ਅਰਦਾਸ ਮਗਰੋਂ ਜਦੋਂ ਗੁਰੂ ਤੇਗ਼ ਬਹਾਦਰ ਸਾਹਿਬ ਨੇ ਵਾਪਿਸ ਜਾਣ ਦੀ ਤਿਆਰੀ ਸ਼ੁਰੂ ਕੀਤੀ ਤਾਂ ਰਾਣੀ ਚੰਪਾ ਨੇ ਗੁਰੂ ਸਾਹਿਬ ਦੀ ਮਾਤਾ ਨਾਨਕੀ ਨਾਲ ਗੱਲ ਕੀਤੀ ਕਿ ਮੈਨੂੰ ਪਤਾ ਲੱਗਾ ਹੈ ਕਿ ਗੁਰੂ ਸਾਹਿਬ ਬਕਾਲਾ ਦੀ ਥਾਂ ਨਵਾਂ ਦਰਬਾਰ (ਹੈੱਡ-ਕੁਆਰਟਰਜ਼) ਬਾਂਗਰ ਦੇਸ ਦੇ ਨਗਰ ਧਮਤਾਨ ਵਿਚ ਕਾਇਮ ਕਰਨਾ ਚਾਹੁੰਦੇ ਹਨ। ਇਹ ਥਾਂ ਬਿਲਾਸਪੁਰ ਅਤੇ ਕੀਰਤਪੁਰ ਤੋਂ ਬਹੁਤ ਦੂਰ ਹੈ। ਮੇਰੀ ਅਰਜ਼ ਹੈ ਕਿ ਗੁਰੂ ਸਾਹਿਬ ਸਾਡੀ ਰਿਆਸਤ ਤੋਂ ਦੂਰ ਨਾ ਜਾਣ। ਜੇ ਉਨ੍ਹਾਂ ਨੂੰ ਕੀਰਤਪੁਰ ਵਿਚ ਥਾਂ ਥੋੜ੍ਹੀ ਜਾਪਦੀ ਹੈ ਤਾਂ ਮੈਂ ਨਵਾਂ ਨਗਰ ਵਸਾਉਣ ਵਾਸਤੇ ਹੋਰ ਥਾਂ ਭੇਟਾ ਕਰ ਦੇਵਾਂਗੀ। ਮਾਤਾ ਨਾਨਕੀ ਨੇ ਰਾਣੀ ਚੰਪਾ ਦੀ ਅਰਜ਼ੋਈ ਬਾਰੇ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਦਸਿਆ। ਗੁਰੂ ਸਾਹਿਬ ਨੇ ਮਾਤਾ ਜੀ ਨੂੰ ਦੱਸਿਆ ਕਿ ਧਮਤਾਨ ਦੀਆਂ ਸੰਗਤਾਂ ਨੇ ਤਾਂ ਹੁਣ ਤਕ ਮਹਿਲ, ਧਰਮਸਾਲਾ ਤੇ ਖੂਹ ਵੀ ਤਿਆਰ ਕਰ ਦਿਤੇ ਹੋਣਗੇ। ਮਾਤਾ ਜੀ ਨੇ ਜਦ ਰਾਣੀ ਚੰਪਾ ਦੀ ਨਿੰਮੋਝੂਣਤਾ ਅਤੇ ਵੈਰਾਗ ਬਾਰੇ ਗੁਰੂ ਜੀ ਨੂੰ ਦਸਿਆ ਤਾਂ ਗੁਰੂ ਜੀ ਦੇ ਦਿਲ ਵਿਚ ਕਿਰਪਾ ਆਈ ਤੇ ਉਨ੍ਹਾਂ ਨੇ ਬਿਲਾਸਪੁਰ ਰਿਆਸਤ ਵਿਚ ਨਵਾਂ ਪਿੰਡ ਵਸਾਉਣਾ ਮਨਜ਼ੂਰ ਕਰ ਲਿਆ ਪਰ ਸ਼ਰਤ ਰੱਖੀ ਕਿ ਉਹ ਇਸ ਪਿੰਡ ਵਾਸਤੇ ਜਗਹ ਦਾਨ ਵਿਚ ਨਹੀਂ ਬਲਕਿ ਰਕਮ ਤਾਰ ਕੇ ਮੁੱਲ ਲੈਣਗੇ।

ਗੁਰੂ ਤੇਗ਼ ਬਹਾਦਰ ਸਾਹਿਬ ਨੇ ਹਥੌਤ (ਜਿੱਥੇ ਕਦੇ ਹਾਥੀਆਂ ਦੇ ਝੁੰਡ ਫਿਰਦੇ ਹੁੰਦੇ ਸਨ) ਦੇ ਇਲਾਕੇ ਵਿਚ, ਮਾਖੋਵਾਲ ਪਿੰਡ ਦੀ ਥੇਹ ਦੇ ਨੇੜੇ, ਮੀਆਂਪੁਰ, ਲੌਦੀਪੁਰ ਤੇ ਸਹੋਟਾ ਪਿੰਡਾਂ ਦੇ ਵਿਚਕਾਰਲੀ ਥਾਂ ਚੁਣੀ ਅਤੇ ਇਸ ਦੀ ਰਕਮ ਬਿਲਾਸਪੁਰ ਰਿਆਸਤ ਨੂੰ ਤਾਰ ਦਿਤੀ। ਅਜੋਕੇ ‘ਗੁਰਦੁਆਰਾ ਗੁਰੂ ਦੇ ਮਹਲ’ ਵਾਲੀ ਥਾਂ ’ਤੇ ਗੁਰੂ ਸਾਹਿਬ ਨੇ 19 ਜੂਨ 1665 ਦੇ ਦਿਨ ਇਕ ਦਰਖ਼ਤ ਦਾ ਤਣਾ (ਮੋਹੜੀ) ਭਾਈ ਗੁਰਦਿਤਾ (ਪੋਤਾ ਬਾਬਾ ਬੁੱਢਾ ਜੀ) ਤੋਂ ਗਡਵਾ ਕੇ ਇਕ ਨਵੇਂ ਪਿੰਡ ਦੀ ਨੀਂਹ ਰੱਖੀ। ਉਨ੍ਹਾਂ ਇਸ ਦਾ ਨਾਂ ਆਪਣੀ ਮਾਤਾ ਨਾਨਕੀ ਦੇ ਨਾਂ ਤੇ ‘ਚੱਕ ਨਾਨਕੀ’ ਰੱਖਿਆ (ਹੁਣ ਸਰਕਾਰੀ ਕਾਗ਼ਜ਼ਾਂ ਵਿਚ ਇਸ ਦਾ ਨਾਂ ਸਿਰਫ਼ ‘ਚੱਕ’ ਵਜੋਂ ਹੀ ਮਿਲਦਾ ਹੈ)। ਇਸ ਸਬੰਧੀ ਭੱਟ ਵਹੀਆਂ ਵਿਚ ਇੰਵ ਜ਼ਿਕਰ ਮਿਲਦਾ ਹੈ :

“ਗੁਰੂ ਤੇਗ਼ ਬਹਾਦਰ ਜੀ ਮਹਲ ਨਾਮਾਂ, ਸਾਲ ਸਤਰਾਂ ਸੈ ਬਾਈਸ, ਅਸਾਢ ਪਰਵਿਸ਼ਟੇ ਇੱਕੀਸ, ਸੋਮਵਾਰ ਕੋ ਮਾਖੋਵਾਲ ਕੇ ਥੇਹ ਤੇ ਗਾਮ ਬਨਾਇਆ। ਨਾਮ ਚੱਕ ਨਾਨਕੀ ਰਾਖਾ।“ (ਭੱਟ ਵਹੀ ਮੁਲਤਾਨੀ ਸਿੰਧੀ)

ਚੱਕ ਨਾਨਕੀ ਵਿਚ ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ ਘਰ (ਮੌਜੂਦਾ ਗੁਰਦੁਆਰਾ ‘ਗੁਰੁ ਦੇ ਮਹਿਲ’ ਵਾਲੀ ਜਗਹ) ਅਤੇ ਸਞੰਗਤ ਵਾਸਤੇ ਧਰਮਸਾਲਾ ਬਣਵਾਏ। ਕੁਝ ਚਿਰ ਏਥੇ ਰਹਿ ਕੇ ਸਿੱਖ ਸੰਗਤਾਂ ਨੂੰ ਨਵੇਂ ਪਿੰਡ ਦੀ ਸੇਵਾ ਸੰਭਾਲਣ ਮਗਰੋਂ ਆਪ ਫਿਰ ਮਾਲਵਾ ਦੇ ਦੋਰੇ’ਤੇ ਚਲ ਪਏ। ਕੀਰਤਪੁਰ ਤੋਂ ਰੋਪੜ, ਬਨੂੜ, ਰਾਜਪੁਰਾ, ਸੈਫ਼ਾਬਾਦ, ਢੋਡਾ, ਸੁਨਾਮ, ਛਾਜਲੀ, ਲਹਿਰਾਗਾਗਾ ਵਗ਼ੈਰਾ ਵਿਚੋਂ ਹੁੰਦੇ ਹੋਏ ਆਪ ਧਮਤਾਨ ਪੁੱਜੇ। ਆਪ ਇੱਥੇ ਕਾਫ਼ੀ ਦਿਨ ਬਿਤਾਉਣਾ ਚਾਹੁੰਦੇ ਸੀ ਤਾਂ ਜੋ ਭਾਈ ਦੱਗੋ ਅਤੇ ਬਾਂਗਰ ਦੇਸ ਦੀਆਂ ਸੰਗਤਾਂ ਨੂੰ ਚੱਕ ਨਾਨਕੀ ਪਿੰਡ ਵਸਾਉਣ ਅਤੇ ਰਾਣੀ ਚੰਪਾ ਦੀ ਮਜਬੂਰੀ ਬਾਰੇ ਅਤੇ ਹਿਫ਼ਾਜ਼ਤ ਪੱਖੋਂ ਇਕ ਪਹਾੜੀ ਡਿਫ਼ੈਂਸ ਸੈਂਟਰ ਦੀ ਲੋੜ ਬਾਰੇ ਜਾਣਕਾਰੀ ਦੇ ਕੇ, ਧਮਤਾਨ ਵਾਸਾ ਨਾ ਕਰ ਸਕਣ ਦੀ ਮਜਬੂਰੀ ਦਸ ਸਕਣ। ਸੰਗਤਾਂ ਇਸ ਨਵੀਂ ਖ਼ਬਰ ’ਤੇ ਬਹੁਤ ਉਦਾਸ ਹੋ ਗਈਆਂ। ਪਰ ਉਨ੍ਹਾਂ ਨੂੰ ਤਸੱਲੀ ਦੇਣ ਵਾਸਤੇ ਗੁਰੂ ਸਾਹਿਬ ਨੇ ਕਈ ਦਿਨ ਧਮਤਾਨ ਗੁਜ਼ਾਰੇ। 28 ਅਕਤੂਬਰ 1665 (ਹਿੰਦੂਆਂ ਦੇ ਦੀਵਾਲੀ ਦੇ ਤਿਉਹਾਰ) ਤਕ ਆਪ ਏਥੇ ਰਹੇ। ਹੁਣ ਜਦ ਗੁਰੂ ਸਾਹਿਬ ਨੇ ਚੱਕ ਨਾਨਕੀ ਜਾਣ ਦੀ ਤਿਆਰੀ ਸ਼ੁਰੂ ਕੀਤੀ ਤਾਂ ਸੰਗਤਾਂ ਨੇ ਜ਼ੋਰ ਪਾ ਕੇ ਆਪ ਨੂੰ ਕੱਤਕ ਦੀ ਪੂਰਨਮਾਸ਼ੀ ਨੂੰ, ਗੁਰੂ ਨਾਨਕ ਸਾਹਿਬ ਦੇ ਜਨਮ ਦਿਨ (ਜੋ ਉਸ ਸਾਲ 12 ਨਵੰਬਰ 1665 ਨੂੰ ਸੀ), ੳੁੱਥੇ ਮਨਾਉਣ ਵਾਸਤੇ ਰੋਕ ਲਿਆ।

ਇਸ ਤੋਂ ਸਾਫ਼ ਪਤਾ ਲਗਦਾ ਹੈ ਕਿ ਗੁਰੂ ਤੇਗ਼ ਬਹਾਦਰ ਸਾਹਿਬ ਦੇ ਵੇਲੇ ਤਕ ਗੁਰੂ ਨਾਨਕ ਸਾਹਿਬ ਦੇ ਜਨਮ ਦਿਨ, ਕੱਤਕ ਦੀ ਪੂਰਨਮਾਸ਼ੀ, ਬਾਰੇ ਕੋਈ ਭੁਲੇਖਾ ਨਹੀਂ ਸੀ ਤੇ ਇਸ ਭੁਲੇਖੇ ਦੀ ਸ਼ੁਰੂਆਤ ‘ਜਨਮਸਾਖੀ ਮਿਹਰਬਾਨ ਦੇ ਲਿਖਾਰੀ ਪ੍ਰਿਥੀਚੰਦ ਮੀਣੇ ਦੇ ਪੁੱਤਰ ਮਿਹਰਬਾਨ ਨੇ ਹੀ ਕੀਤੀ ਸੀ।

ਗੁਰੂ ਤੇਗ਼ ਬਹਾਦਰ ਸਾਹਿਬ ਦੀ ਗ੍ਰਿਫ਼ਤਾਰੀ
ਧਮਤਾਨ ਰਹਿੰਦਿਆਂ ਇਕ ਦਿਨ ਗੁਰੂ ਸਾਹਿਬ ਨੇੜੇ ਦੇ ਜੰਗਲ ਵਿਚ ਸ਼ਿਕਾਰ ਖੇਡਣ ਗਏ। ਇਸ ਸਮੇਂ ਆਪ ਦੇ ਨਾਲ ਭਾਈ ਦੱਗੋ ਅਤੇ ਹੋਰ ਬਹੁਤ ਸਾਰੇ ਸਿੱਖ ਵੀ ਸਨ। ਜੰਗਲ ਵਿਚ ਆਪ ਜੀ ਨੂੰ ਇਸ ਇਲਾਕੇ ਦੇ ਫ਼ੌਜਦਾਰ ਆਲਮ ਖਾਨ ਰੁਹੇਲਾ ਨੇ ਸ਼ਾਹੀ ਹੁਕਮ ਹੇਠ ਗ੍ਰਿਫ਼ਤਾਰ ਕਰ ਲਿਆ। ਔਰੰਗਜ਼ੇਬ ਦਾ ਹੁਕਮ ਸੀ ਕਿ ਮੁਸਲਮਾਨਾਂ ਤੋਂ ਇਲਾਵਾ ਕੋਈ ਵੀ ਨਾ ਤਾਂ ਹਥਿਆਰ ਰਖ ਸਕਦਾ ਸੀ ਤੇ ਨਾ ਸ਼ਿਕਾਰ ਕਰ ਸਕਦਾ ਸੀ। ਆਲਮ ਖ਼ਾਨ ਆਪ ਨੂੰ ਗ੍ਰਿਫ਼ਤਾਰ ਕਰ ਕੇ ਦਿਲੀ ਲੈ ਗਿਆ ਅਤੇ 8 ਨਵੰਬਰ 1665 ਦੇ ਦਿਨ ਔਰੰਗਜ਼ੇਬ ਕੋਲ ਪੇਸ਼ ਕੀਤਾ। ਇਸ ਸਬੰਧੀ ਭੱਟ ਵਹੀਆਂ ਵਿਚ ਵੀ ਜ਼ਿਕਰ ਮਿਲਦਾ ਹੈ:

“ਗੁਰੂ ਤੇਗ਼ ਬਹਾਦਰ ਸਾਹਿਬ ਜੀ ਮਹਲ ਨਾਮਾਂ ਕੋ ਗਾਮ ਧਮਤਾਨ ਪਰਗਨਾ ਬਾਂਗਰ ਸੇ ਆਲਮ ਖਾਨ ਰੁਹੇਲਾ ਸ਼ਾਹੀ ਹੁਕਮ ਗੈਲ ਦਿਹਲੀ ਕੋ ਲੈ ਕੇ ਆਇਆ। ਸਾਲ ਸਤਰਾਂ ਸੈ ਬਾਈਸ ਕਾਰਤਕ ਮਾਸੇ ਸ਼ੁਕਲ ਪਖੇ ਗਿਆਰਸ ਕੋ। ਸਾਥ ਦੀਵਾਨ ਮਤੀ ਦਾਸ ਸਤੀ ਦਾਸ ਆਏ ਬੇਏ ਹੀਰਾ ਨੰਦ ਛਿਬਰ ਕੇ ਗੁਆਲ ਦਾਸ ਆਇਆ ਬੇਟਾ ਛੁਟੇ ਮੱਲ ਛਿੱਬਰ ਕਾ ਗੁਰਦਾਸ ਆਇਆ ਬੇਟਾ ਕੀਰਤ ਬੜ੍ਹਤੀਏ ਕਾ ਸੰਗਤਾ ਆਇਆ ਬੇਟਾ ਬਿੰਨੇ ਉੱਪਲ ਕਾ। ਜੇਠਾ ਦਿਆਲ ਦਾਸ ਆਏ ਬੇਟੇ ਮਾਈ ਦਾਸ ਜਲਹਾਨੇ ਬਲਉਂਤ ਕੇ। ਹੋਰ ਸਿੱਖ ਫਕੀਰ ਫੜੇ ਆਏ।”

“ਗੁਰੂ ਤੇਗ਼ ਬਹਾਦਰ ਜੀ ਮਹਲ ਨਾਮਾ ਕੋ ਬਾਦਸ਼ਾਹ ਔਰੰਗਜ਼ੇਬ ਨੇ ਕੰਵਰ ਰਾਮ ਸਿੰਹ ਕਛਵਾਹਾ ਬੇਟਾ ਰਾਜਾ ਜੈ ਸਿੰਹ ਮਿਰਜ਼ਾ ਕੀ ਮਿਸਲ ਮੇਂ ਨਜ਼ਰਬੰਦ ਕੀਯਾ ਜਾਨੇ ਕਾ ਹੁਕਮ ਦੀਯਾ। ਦੋ ਮਾਸ ਤੀਨ ਦਿਨ ਗੁਰੂ ਜੀ ਬੰਦ ਰਹੇ। ਸੰਮਤ ਸਤਰਾਂ ਸੈ ਬਾਈਸ ਕ੍ਰਿਸਨਾ ਪਖੇ ਪੋਸ ਮਾਖ ਕੀ ਏਕਮ ਕੋ ਮੁਕਤ ਹੁਏ।” (ਉਪਰਲੀਆਂ ਦੋਵੇਂ ਐਂਟਰੀਆਂ ਭੱਟ ਵਹੀ ਜਾਦੋਬੰਸੀਆਂ ਕੀ, ਖਾਤਾ ਬੜਤੀਓਂ ਕਾ ਵਿਚੋਂ ਹਨ)।

ਔਰੰਗਜ਼ੇਬ ਨੇ ਗਰੁੂ ਸਾਹਿਬ ਤੋਂ ਹਥਿਆਰ ਰੱਖਣ ਅਤੇ ਸ਼ਿਕਾਰ ਖੇਡਣ ਦੀ ਜਵਾਬ-ਤਲਬੀ ਕਰਨ ਦੇ ਨਾਲ-ਨਾਲ ਇਸਲਾਮ ਅਤੇ ਸਿੱਖ ਧਰਮ ਬਾਰੇ ਵੀ ਚਰਚਾ ਕੀਤਾ। ਉਸ ਨੇ ਗੁਰੂ ਸਾਹਿਬ ਨੂੂੰ ਕਿਹਾ ਕਿ ਜੇ ਉਹ ਹਥਿਆਰਬੰਦ ਰਹਿਣਾ ਚਾਹੁੰਦੇ ਹਨ ਤਾਂ ਉਹ ਮੁਸਲਮਾਨ ਹੋ ਜਾਣ। ਗੁਰੂ ਸਾਹਿਬ ਵਲੋਂ ਮੁਸਲਮਾਨ ਬਣਨੋਂ ਨਾਂਹ ਕਰਨ ’ਤੇ ਔਰੰਗਜ਼ੇਬ ਨੇ ਗੁਰੂ ਸਾਹਿਬ ਅਤੇ ਸਿੱਖਾਂ ਨੂੰ ਸ਼ਹੀਦ ਕਰਨ ਦਾ ਹੁਕਮ ਜਾਰੀ ਕਰ ਦਿਤਾ। ਇਸ ਸਮੇਂ ਰਾਜਾ ਜੈ ਸਿੰਹ ਮਿਰਜ਼ਾ ਦਾ ਪੁਤਰ ਕੰਵਰ ਰਾਮ ਸਿੰਹ ਮਿਰਜ਼ਾ ਵੀ ਦਰਬਾਰ ਵਿਚ ਹਾਜ਼ਿਰ ਸੀ। ਉਸ ਨੇ ਔਰੰਗਜ਼ੇਬ ਨੂੰ ਅਜਿਹਾ ਕਰਨੋਂ ਵਰਜਿਆ। ਕੁਝ ਚਿਰ ਸੋਚ ਕੇ ਔਰੰਗਜ਼ੇਬ ਨੇ ਗੁਰੂ ਸਾਹਿਬ ਅਤੇ ਸਿੱਖਾਂ ਨੂੰ ਰਾਮ ਸਿੰਹ ਮਿਰਜ਼ਾ ਦੀ ਮਿਸਲ (ਹਿਰਾਸਤ) ਵਿਚ ਭੇਜ ਦਿਤਾ। ਮਗਰੋਂ ਕੰਵਰ ਰਾਮ ਸਿੰਹ ਨੇ ਆਪਣੀ ਮਰਜ਼ੀ ਨਾਲ ਗੁਰੂ ਸਾਹਿਬ ਨੂੰ 31 ਦਸੰਬਰ 1665 ਦੇ ਦਿਨ ਰਿਹਾ ਕਰ ਦਿੱਤਾ।

ਪੂਰਬ ਦੇਸ ਦਾ ਦੂਜਾ ਦੌਰਾ
31 ਦਸੰਬਰ ਦੇ ਦਿਨ ਰਿਹਾਈ ਮਗਰੋਂ ਗੁਰੂ ਸਾਹਿਬ ਤਿੰਨ ਦਿਨ ਰਾਜਾ ਰਾਮ ਸਿੰਹ ਮਿਰਜ਼ਾ ਦੇ ਘਰ ਵਿਚ ਰਹੇ। 3 ਜਨਵਰੀ 1666 ਦੇ ਦਿਨ ਗੁਰੂ ਸਾਹਿਬ ਆਗਰਾ ਵਲ ਚਲ ਪਏੇ। ਆਗਰਾ, ਪ੍ਰਯਾਗ (ਹੁਣ ਅਲਾਹਾਬਾਦ) ਅਤੇ ਕਾਸ਼ੀ (ਵਾਰਾਨਸੀ) ਵਿਚ ਕਈ ਹਫ਼ਤੇ ਬਿਤਾਉਣ ਮਗਰੋਂ ਗੁਰੂ ਸਾਹਿਬ ਗਯਾ ਵਲ ਗਏ ਤੇ ਧਰਮ ਪਰਚਾਰ ਕਰਦੇ-ਕਰਦੇ ਅਖੀਰ ਪਟਨਾ ਪੁਜ ਗਏ, ਜਿੱਥੇ ਉਨ੍ਹਾਂ ਕਈ ਮਹੀਨੇ ਨਿਵਾਸ ਰਖਿਆ।ਦਿੱਲੀ ਤੋਂ ਚਲ ਕੇ ਆਪ ਪਹਿਲਾਂ ਹਰਦੁਆਰ ਵਿਚ ਰੁਕੇ। ਇਸ ਸਮੇਂ ਦੌਰਾਨ, 21 ਅਪ੍ਰੈਲ 1666 ਦੇ ਦਿਨ ਆਪ ਹਰਦੁਆਰ ਵਿਚ ਸਨ। (1665-66 ਵਿਚ, ਇਸ ਸਾਰੇ ਸਮੇਂ ਦੌਰਾਨ, ਮਾਤਾ ਗੁਜਰੀ ਪਟਨਾ ਵਿਚ ਸਨ ਇਸ ਕਰ ਕੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਸੰਬਰ 1666 ਵਿਚ ਹਰਗਿਜ਼ ਨਹੀਂ ਹੋ ਸਕਦਾ)। ਇੱਥੋਂ ਆਪ ਆਸਾਮ, ਬੰਗਾਲ ਅਤੇ ਬਿਹਾਰ ਦੇ ਕਈ ਹਿੱਸਿਆਂ ਵਿਚ ਜਾ ਕੇ ਧਰਮ ਪਰਚਾਰ ਕਰਦੇ ਰਹੇ।

ਉਧਰ ਔਰੰਗਜ਼ੇਬ ਨੇ 27 ਦਸੰਬਰ 1667 ਦੇ ਦਿਨ ਮਿਰਜ਼ਾ ਰਾਮ ਸਿੰਹ ਨੂੰ ਫ਼ੌਜ ਦੇ ਕੇ ਅਸਾਮ ਦੇ ਰਾਜੇ ਦੀ ਬਗਾਵਤ ਨੂੰ ਦਬਾਉਣ ਵਾਸਤੇ ਤੋਰਿਆ। ਔਰੰਗਜ਼ੇਬ ਕਈ ਕਾਰਨਾਂ ਕਰ ਕੇ ਕੰਵਰ ਰਾਮ ਸਿੰਹ ਨਾਲ ਖ਼ਫ਼ਾ ਸੀ ਤੇ ਉਸ ਨੂੰ ਸਜ਼ਾ ਦੇਣੀ ਚਾਹੁੰਦਾ ਸੀ।  ਇਨ੍ਹਾਂ ਕਾਰਨਾਂ ਵਿਚ ਸ਼ਿਵਜੀ ਮਰਹੱਟਾ ਦੀ ਰਾਮ ਸਿੰਹ ਦੀ ਸਪੁਰਦਗੀ ਵਿਚੋਂ ਫ਼ਰਾਰੀ ਅਤੇ ਗੁਰੂ ਤੇਗ਼ ਬਹਾਦਰ ਸਾਹਿਬ ਦੀ ਰਿਹਾਈ ਵੀ ਸ਼ਾਮਿਲ ਸੀ। ਰਾਮ ਸਿੰਹ ਨੇ ਗੁਰੂ ਸਾਹਿਬ ਨੂੰ ਰਿਹਾ ਕਰਨ ਵੇਲੇ ਔਰੰਗਜ਼ੇਬ ਦੀ ਮਨਜ਼ੂਰੀ ਨਹੀਂ ਸੀ ਲਈ। ਇਸ ਕਰ ਕੇ ਔਰੰਗਜ਼ੇਬ ਨੇ ਰਾਮ ਸਿੰਹ ਨੂੰ ਇਹ ਸੋਚ ਕੇ ਅਸਾਮ ਦੀ ਖ਼ਤਰਨਾਕ ਮੁਹਿੰਮ ਤੇ ਭੇਜਿਆ ਕਿ ਜੇ ਉਹ ਉੱਥੇ ਮਾਰਿਆ ਗਿਆ ਤਾਂ ਉਸ ਨੂੰ ਸਜ਼ਾ ਮਿਲ ਜਾਵੇਗੀ ਤੇ ਜੇ ਉਹ ਅਸਾਮ ਦੇ ਰਾਜੇ ਨੂੰ ਜਿਤ ਆਇਆ ਤਾਂ ਰਾਮ ਸਿੰਹ ਦੀ ਸਜ਼ਾ ਦੀ ਮੁਆਫ਼ੀ ਵੀ ਹੋ ਜਾਵੇਗੀ ਅਤੇ ਮੁਗਲ ਸਲਤਨਤ ਦੀ ਹਕੂਮਤ ਦਾ ਅਸਾਮ ਵਿਚ ਵੀ ਬੋਲਬਾਲਾ ਕਾਇਮ ਹੋ ਜਾਵੇਗਾ। ਰਾਮ ਸਿੰਹ ਅੰਦਰੋਂ-ਅੰਦਰੀਂ ਅਸਾਮ ਜਾਣੋਂ ਡਰ ਰਿਹਾ ਸੀ ਪਰ ਉਸ ਦੀ ਮਾਂ ਪੁਸ਼ਪਾ ਰਾਣੀ ਨੇ ਉਸ ਨੂੰ ਤਸੱਲੀ ਦਿਤੀ ਤੇ ਕਿਹਾ ਕਿ ‘ਗੁਰੂ ਤੇਗ਼ ਬਹਾਦਰ ਸਾਹਿਬ ਪਟਨਾ ਵਿਚ ਹਨ, ਤੂੰ ਉਨ੍ਹਾਂ ਦੀ ਮਦਦ ਲੈ ਲਈਂ, ਤੇਰਾ ਕੁਝ ਨਹੀਂ ਵਿਗੜੇਗਾ।’

ਅਸਾਮ ਦੇ ਰਾਜੇ ਅਤੇ ਰਾਮ ਸਿੰਹ ਵਿਚ ਸਮਝੌਤਾ
ਅਸਾਮ ਦਾ ਰਾਜਾ ਚਕਰਧਵਜ ਸਿੰਹ ਬੜਾ ਨਿਡਰ ਤੇ ਜੰਗਜੂ ਸੀ। ਉਸ ਨੇ ਕਦੇ ਵੀ ਔਰੰਗਜ਼ੇਬ ਦੀ ਈਨ ਨਹੀਂ ਮੰਨੀ ਸੀ। ਉਸ ਦੇ ਵਡੇ-ਵਡੇਰੇ ਵੀ ਮੁਗਲਾਂ ਨਾਲ ਟੱਕਰ ਲੈਣ ਤੋਂ ਨਹੀਂ ਡਰਦੇ ਸਨ। ਇਹ ਜਾਣਦੇ ਹੋਏ ਔਰੰਗਜ਼ੇਬ ਨੇ ਇਸ ਵਾਰ ਇਸ ਹਿੰਦੂ-ਰਾਜਪੂਤ ਜਰਨੈਲ ਨੂੰ ਅਸਾਮ ਭੇਜਿਆ ਸੀ। ਰਾਮ ਸਿੰਹ ਤੇ ਚਕਰਧਵਜ ਸਿੰਹ ਵਿਚਕਾਰ ਕਈ ਲੜਾਈਆਂ ਹੋਈਆਂ ਜਿਸ ਵਿਚ ਦੋਹਾਂ ਧਿਰਾਂ ਦਾ ਬੜਾ ਨੁਕਸਾਨ ਹੋਇਆ। ਅਖ਼ੀਰ ਕੋਈ ਨਤੀਜਾ ਨਾ ਨਿਕਲਦਾ ਵੇਖ ਕੇ ਰਾਮ ਸਿੰਹ ਪਟਨਾ ਗਿਆ ਅਤੇ ਜਨਵਰੀ 1668 ਵਿਚ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਮਿਲਿਆ। ਗੁਰੂ ਤੇਗ਼ ਬਹਾਦਰ ਸਾਹਿਬ ਉਸ ਵਕਤ ਤਕ ਪੂਰਬ ਵਿਚ ਦੂਜਾ ਦੌਰਾ ਕਰ ਚੁਕੇ ਸਨ। ਰਾਜਾ ਚਕਰਧਵਜ ਸਿੰਹ ਵੀ ਗੁਰੂ ਸਾਹਿਬ ਦਾ ਕਦਰਦਾਨ ਸੀ। ਗੁਰੂ ਸਾਹਿਬ ਨੇ ਰਾਜਾ ਚਕਰਧਵਜ ਸਿੰਹ ਅਤੇ ਰਾਮ ਸਿੰਹ ਨੂੰ ਬਿਠਾ ਕੇ ਸਮਝੌਤਾ ਕਰਵਾ ਦਿਤਾ। ਇਸ ਸਮਝੌਤੇ ਨਾਲ ਦੋਹਾਂ ਧਿਰਾਂ ਦੀ ਇਜ਼ਤ ਵੀ ਬਚ ਗਈ ਅਤੇ ਹਜ਼ਾਰਾਂ ਜਾਨਾਂ ਵੀ ਬਚ ਗਈਆਂ। ਇਸ ਤੋਂ ਖੁਸ਼ ਹੋ ਕੇ ਰਾਮ ਸਿੰਹ ਦੇ ਰਾਜਪੂਤ ਅਤੇ ਮੁਗ਼ਲ ਫ਼ੌਜੀਆਂ ਨੇ, ਧੁਬੜੀ ਵਿਚ, ਗੁਰੂ ਨਾਨਕ ਸਾਹਿਬ ਦੀ ਫੇਰੀ ਦੀ ਯਾਦ ਵਿਚ ਇਕ ਮੰਜੀ ਸਾਹਿਬ (ਯਾਦਗਾਰ) ਉਸਾਰਿਆ। ਇਸ ਯਾਦਗਾਰ ਵਾਸਤੇ ਇਨ੍ਹਾਂ ਫ਼ੌਜੀਆਂ ਨੇ ਆਪਣੀਆਂ ਢਾਲਾਂ ਵਿਚ ਮਿੱਟੀ ਭਰ-ਭਰ ਕੇ ਇਕ ਵੱਡਾ ਥੜ੍ਹਾ ਬਣਾਇਆ। ਇਹ ਘਟਨਾ ਫ਼ਰਵਰੀ 1669 ਦੀ ਹੈ। ਹੁਣ ਉਸ ਥੜ੍ਹੇ ਵਾਲੇ ਮੰਜੀ ਸਾਹਿਬ ਵਾਲੀ ਥਾਂ ’ਤੇ ਧੁਬੜੀ ਸਾਹਿਬ ਗੁਰਦੁਆਰਾ ਉਸਾਰਿਆ ਹੋਇਆ ਹੈ।ਇਸੇ ਦੌਰੇ ਦੌਰਾਨ ਆਪ ਨੇ ਤਿਰਪੁਰਾ ਤੇ ਜੈਂਤੀਆ ਦੇ ਰਾਜੇ ਨੂੰ ਵੀ ਸਿੱਖੀ ਵਿਚ ਸ਼ਾਮਿਲ ਕੀਤਾ।

ਗੁਰੂ ਤੇਗ਼ ਬਹਾਦਰ ਸਾਹਿਬ ਦੀ ਦੂਜੀ ਗ੍ਰਿਫ਼ਤਾਰੀ
1670 ਦੀ ਮਾਰਚ ਵਿਚ ਗੁਰੂ ਤੇਗ਼ ਬਹਾਦਰ ਸਾਹਿਬ ਪਟਨਾ ਤੋਂ ਵਾਪਿਸ ਪੰਜਾਬ ਵਲ ਚਲ ਪਏ। ਉਨ੍ਹਾਂ ਨੇ ਮਾਤਾ ਗੁਜਰੀ ਅਤੇ ਸਾਢੇ ਅੱਠ ਸਾਲ ਦੇ ਸਾਹਿਬਜ਼ਾਦਾ ਗੋਬਿੰਦ ਦਾਸ, ਕਿਰਪਾਲ (ਉਨ੍ਹਾਂ ਦਾ ਸਾਲਾ) ਅਤੇ ਚਉਪਤਿ ਰਾਇ ਨੂੰ ਕੁਝ ਸਿੱਖਾਂ ਨਾਲ ਵਖਰਿਆਂ ਸਿੱਧਾ (ਅੰਬਾਲਾ ਦੇ ਨੇੜੇ) ਲਖਨੌਰ (ਮਾਤਾ ਗੁਜਰੀ ਦੇ ਪੇਕੇ ਪਿੰਡ) ਵਲ ਭੇਜ ਦਿਤਾ ਅਤੇ ਆਪ ਜੈਂਤੀਆ ਪਹਾੜੀਆਂ ਚੋਂ ਹੁੰਦੇ ਹੋਏ ਸਿਲਹਟ ਪੁੱਜੇ। ਉਨ੍ਹੀਂ ਦਿਨੀਂ ਹੀ ਬਰਸਾਤਾਂ ਸ਼ੁਰੂ ਹੋ ਗਈਆਂ। ਅਗਲੇ ਕਈ ਹਫ਼ਤੇ ਗਰੂ ਸਾਹਿਬ ਸਿਲਹਟ ਵਿਚ ਰਹੇ। ਬਰਸਾਤਾਂ ਘਟ ਹੋ ਜਾਣ ਮਗਰੋਂ ਆਪ ਚਿਟਾਗਾਂਗ ਤੇ ਸ਼ੈਰਤਾਗੰਜ ਗਏ। ਇੱਥੋਂ ਆਪ ਨੂੰ ਜੈਂਤੀਆਂ ਤੇ ਤ੍ਰਿਪੁਰਾ ਦਾ ਰਾਜਾ ਰਾਮ ਸਿੰਹ ਆਪਣੀ ਰਾਜਧਾਨੀ ਅਗਰਤਲਾ ਲੈ ਗਿਆ। ਕੁਝ ਚਿਰ ਉੱਥੇ ਰਹਿਣ ਮਹਰੋਂ ਆਪ ਫਿਰ ਚਿਟਾਗਾਂਗ ਆ ਗਏ ਤੇ ਏਥੋਂ ਨੋਆਖਲੀ, ਚਾਂਦਪੁਰ, ਨਰੈਣਗੰਜ ਤੇ ਢਾਕਾ ਗਏ। ਇਸ ਮਗਰੋਂ ਆਪ ਕੂਚ ਬਿਹਾਰ, ਚੰਦਰ ਭਾਗਾ, ਕਿਸ਼ਨ ਗੰਜ, ਪੂਰਨੀਆ, ਬੋਂਗੇ ਗਾਓਂ, ਸਿਲੀਗੁੜੀ, ਕਟਿਹਾਰ ਤੇ ਸਾਸਾਰਾਮ ਹੁੰਦੇ ਕਾਸ਼ੀ ਪੁੱਜੇ।

ਕੁਝ ਦਿਨ ਕਾਸ਼ੀ ਰਹਿਣ ਮਗਰੋਂ ਆਪ ਪ੍ਰਯਾਗ, ਮਿਰਜ਼ਾਪੁਰ ਤੇ ਆਗਰਾ ਹੋ ਕੇ ਦਿੱਲੀ ਵਾਸਤੇ ਚਲ ਪਏ। ਗੁਰੂ ਸਾਹਿਬ ਜਦੋਂ ਆਗਰੇ ਪੁੱਜੇ ਤਾਂ ਇੱਥੇ ਆਪ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਦਿੱਲੀ ਲਿਜਾਇਆ ਗਿਆ। ਦਿਲੀ ਵਿਚ ਜਦ ਪੁਸ਼ਪਾ ਰਾਣੀ ਨੂੰ ਪਤਾ ਲਗਾ ਤਾਂ ਉਸ ਨੇ ਮੁਗ਼ਲ ਫ਼ੌਜਦਾਰ ਨੂੰ ਗੁਰੂ ਸਾਹਿਬ ਰਿਹਾ ਕਰਨ ਵਾਸਤੇ ਕਿਹਾ। ਜਦੋਂ ਫ਼ੌਜਦਾਰ ਨੂੰ ਪਤਾ ਲਗਾ ਕਿ ਅਸਾਮ ਦਾ ਮਸਲਾ ਹੱਲ ਕਰਵਾਉਣ ਵਾਲੇ ਗੁਰੂ ਸਾਹਿਬ ਹੀ ਸਨ ਤਾਂ ਉਸ ਨੇ ਮੁਆਫ਼ੀ ਮੰਗੀ ਅਤੇ ਗੁਰੂ ਸਾਹਿਬ ਨੂੰ ਰਿਹਾ ਕਰ ਦਿਤਾ।  ਇਹ ਗੱਲ ਸਤੰਬਰ 1670 ਦੀ ਹੈ। ਇਸ ਮਗਰੋਂ ਗੁਰੂ ਸਾਹਿਬ ਪੰਜਾਬ ਵੱਲ ਚਲ ਪਏ। ਗੁਰੂ ਸਾਹਿਬ ਤਰਾਵੜੀ, ਕੁਰੂਕਸ਼ੇਤਰ, ਪਿਹੋਵਾ, ਧਮਤਾਨ, ਸੈਫ਼ਾਬਾਦ, ਲਹਿਲ, ਲੰਗ, ਮੂਲੋਵਾਲ, ਸੇਖਾ, ਠੀਕਰੀਵਾਲਾ, ਮੱਲ੍ਹਾ, ਕਰਤਾਰਪੁਰ (ਜਲੰਧਰ) ਹੁੰਦੇ ਹੋਏ ਬਕਾਲਾ ਪੁੱਜੇ। ਉਧਰ ਮਾਤਾ ਗੁਜਰੀ ਅਤੇ ਸਾਹਿਬਜ਼ਾਦਾ ਗੋਬਿੰਦ ਦਾਸ ਵੀ ਕੁਝ ਦਿਨ ਲਖਨੌਰ ਰਹਿਣ ਮਗਰੋਂ ਬਕਾਲਾ ਪੁਜ ਗਏ। ਗੁਰੂ ਤੇਗ਼ ਬਹਾਦਰ ਸਾਹਿਬ 1670 ਦੇ ਅਖ਼ੀਰ ਤੋਂ ਮਾਰਚ 1672 ਤਕ ਬਕਾਲਾ ਵਿਚ ਰਹੇ।

ਚੱਕ ਨਾਨਕੀ ਵਿਚ    
ਤਕਰੀਬਨ ਡੇਢ ਸਾਲ ਬਕਾਲਾ ਰਹਿਣ ਮਗਰੋਂ ਗੁਰੂ ਤੇਗ਼ ਬਹਾਦਰ ਸਾਹਿਬ ਨੇ ਨਵੇਂ ਨਗਰ ‘ਚਕ ਨਾਨਕੀ’ ਜਾਣ ਦਾ ਫੈਸਲਾ ਕਰ ਲਿਆ। ਬਿਲਾਸਪੁਰ ਦੀ ਮਹਾਰਾਣੀ ਚੰਪਾ ਨੇ ਗੁਰੂ ਸਾਹਿਬ ਨੂੰ ਕਈ ਵਾਰ ਪੈਗ਼ਾਮ ਭੇਜਿਆ ਸੀ। ਗੁਰੂ ਸਾਹਿਬ ਆਪ ਵੀ ਬਿਲਾਸਪੁਰ ਜਾਣਾ ਚਾਹੁੰਦੇ ਸਨ। ਉਧਰ ਸਾਹਿਬਜ਼ਾਦਾ ਗੋਬਿੰਦ ਦਾਸ ਵੀ ਆਪਣੀ ਦਾਦੀ ਦੇ ਨਾਂ ’ਤੇ ਵਸਿਆ ਪਿੰਡ ਵੇਖਣ ਦਾ ਚਾਹਵਾਨ ਸੀ। ਅਖ਼ੀਰ ਮਾਰਚ 1672 ਦੇ ਆਖ਼ਰੀ ਹਫ਼ਤੇ ਗੁਰੂ ਸਾਹਿਬ ਨੇ ‘ਚੱਕ ਨਾਨਕੀ’ ਜਾਣ ਦੀ ਤਿਆਰੀ ਕਰ ਲਈ। ਆਪ ਮਾਰਚ 1673 ਦੇ ਅਖੀਰ ਵਿਚ ‘ਚੱਕ ਨਾਨਕੀ’ ਪੁਜੇ। 28 ਮਾਰਚ 1673 ਦੇ ਦਿਨ ਬਿਕਰਮੀ ਸੰਮਤ ਦੇ ਵਿਸਾਖ ਮਹੀਨੇ ਦੀ ਪਹਿਲੀ ਤਾਰੀਖ ਸੀ। ਹਰ ਸਾਲ ਦੀ ਤਰ੍ਹਾਂ ਹੀ ਇਸ ਵਾਰ ਵੀ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਸੰਗਤਾਂ ‘ਚੱਕ ਨਾਨਕੀ’ ਆਈਆਂ। ਹੁਣ ਚੱਕ ਨਾਨਕੀ ਸਿੱਖ ਪੰਥ ਦਾ ਨਵਾਂ ਸੈਂਟਰ ਬਣ ਗਿਆ ਸੀ।

ਗਰੂ ਤੇਗ਼ ਬਹਾਦਰ ਸਾਹਿਬ ਨੇ ਸਾਹਿਬਜਾਦਾ ਗੋਬਿੰਦ ਦਾਸ ਨੂੰ ਹਥਿਆਰਬੰਦ ਟਰੇਨਿੰਗ ਦੇਣ ਵਾਸਤੇ ਭਾਈ ਬਜਰ ਸਿੰਘ ਦੀ ਡਿਊੂਟੀ ਲਾਈ। ਦੀਵਾਨ ਦਰਗਹ ਮੱਲ ਤੇ ਭਾਈ ਮਨੀ ਸਿੰਘ ਨੇ ਉਨ੍ਹਾਂ ਨੂੰ ਪਹਿਲਾਂ ਹੀ ਵਿਦਿਆ ਦਾ ਚੋਖਾ ਭੰਡਾਰ ਦੇ ਦਿਤਾ ਹੋਇਆ ਸੀ। ਗੁਰੂ ਸਾਹਿਬ ਨੇ 12 ਮਈ 1673 ਦੇ ਦਿਨ ਗੋਬਿੰਦ ਦਾਸ ਦੀ ਮੰਗਣੀ ਲਾਹੌਰ ਦੇ ਭਾਈ ਹਰਜਸ ਸੁਭਿੱਖੀ ਦੀ ਬੇਟੀ ਬੀਬੀ ਜੀਤਾਂ ਨਾਲ ਕਰ ਦਿਤੀ। ਇਨੀਂ ਦਿਨੀ ਹੀ ਭਾਈ ਆਲਮ ਚੰਦ (ਨੱਚਣਾ) ਵੀ ਗੁਰੂ ਦਰਬਾਰ ਵਿਚ ਸ਼ਾਮਿਲ ਹੋ ਗਿਆ। ਅਗਲੇ ਤਿੰਨ ਸਾਲਾਂ ਵਿਚ ਗੁਰੂ ਤੇਗ਼ ਬਹਾਦਰ ਸਾਹਿਬ ਉਥੇ ਹੀ ਰਹੇ।

ਕਸ਼ਮੀਰੀ ਬ੍ਰਾਹਮਣਾਂ ਦਾ ਚੱਕ ਨਾਨਕੀ ਆਉਣਾ
ਹਰ ਰੋਜ਼ ਕਿਸੇ ਨਾ ਕਿਸੇ ਇਲਾਕੇ ਵਿੱਚੋਂ ਸੰਗਤਾਂ ‘ਚੱਕ ਨਾਨਕੀ’ ਆਉਂਦੀਆਂ ਰਹਿੰਦੀਆਂ ਸਨ। ਇਨ੍ਹਾਂ ਜੱਥਿਆਂ ਵਿਚ 25 ਮਈ 1675 ਦੇ ਦਿਨ 16 ਕਸ਼ਮੀਰੀ ਬ੍ਰਾਹਮਣਾਂ ਦਾ ਇਕ ਜੱਥਾ ਵੀ ਚੱਕ ਨਾਨਕੀ ਆਇਆ। ਉਹ ਇਕ ਮੋਹਤਬਰ ਸਿੱਖ ਆਗੂ ਭਾਈ ਕਿਰਪਾ ਰਾਮ ਦੱਤ ਨੂੰ ਵੀ ਆਪਣੇ ਨਾਲ ਲੈ ਕੇ ਆਏ ਸਨ। ਭਾਈ ਕਿਰਪਾ ਰਾਮ ਕਸ਼ਮੀਰ ਵਿਚ ਸਿੱਖ ਧਰਮ ਦੇ ਸਭ ਤੋਂ ਵੱਡੇ ਪ੍ਰਚਾਰਕਾਂ ਵਿਚੋਂ ਇਕ ਸਨ। ਕਸ਼ਮੀਰੀ  ਬ੍ਰਾਹਮਣ ਇਸ ਸਿੱਖ ਆਗੂ ਦੀ ਬਾਂਹ ਫੜ ਕੇ ਚੱਕ ਨਾਨਕੀ ਆਏ ਅਤੇ ਤਖ਼ਤ ਦਮਦਮਾ ਸਾਹਿਬ (ਹੁਣ ਦਮਦਮਾ ਸਾਹਿਬ, ਥੜ੍ਹਾ ਸਾਹਿਬ ਤੇ ਭੋਰਾ ਸਾਹਿਬ ਗੁਰਦੁਆਰਾ ‘ਗੁਰੂ ਦੇ ਮਹਲ’ ਵਾਲੇ ਕੰਪਲੈਕਸ ਦਾ ਹਿੱਸਾ ਹਨ) ਤੇ ਗੁਰੂ ਸਾਹਿਬ ਦੇ ਦਰਬਾਰ ਵਿਚ ਆ ਫ਼ਰਿਆਦੀ ਹੋਏ। ਕਸ਼ਮੀਰੀ ਬ੍ਰਾਹਮਣਾਂ ਨੇ ਗੁਰੂ ਸਾਹਿਬ ਨੂੰ ਦੱਸਿਆ ਕਿ ਅਸੀਂ ਕੇਦਾਰ ਨਾਥ, ਬਦਰੀ ਨਾਥ, ਪੁਰੀ, ਦੁਆਰਕਾ, ਕਾਂਚੀ, ਮਥਰਾ ਤੇ ਹੋਰ ਸਾਰੇ ਹਿੰਦੂ ਸੈਂਟਰਾਂ ਤੋਂ ਹੋ ਆਏ ਹਾਂ। ਪਰ ਕਿਸੇ ਨੇ ਵੀ ਸਾਡੀ ਬਾਂਹ ਨਹੀਂ ਫੜੀ। ਅਸੀਂ ਕਸ਼ਮੀਰ ਦੇ ਨਵੇਂ ਮੁਸਲਮਾਨ ਗਵਰਨਰ ਇਫ਼ਤਿਖ਼ਾਰ ਖ਼ਾਨ ਦੇ ਜ਼ੁਲਮ ਤੋਂ ਤੰਗ ਆ ਚੁਕੇ ਹਾਂ। ਉਹ ਹਰ ਰੋਜ਼ ਸੈਂਕੜੇ ਬ੍ਰਾਹਮਣਾਂ ਨੂੰ ਜਬਰੀ ਮੁਸਲਮਾਨ ਬਣਾ ਰਿਹਾ ਹੈ। ਅਸੀਂ ਔਰੰਗਜ਼ੇਬ ਦੇ ਹਿੰਦੂ-ਰਾਜਪੂਤ ਵਜ਼ੀਰਾਂ ਤਕ ਵੀ ਪਹੁੰਚ ਕੀਤੀ ਹੈ। ਉਨ੍ਹਾਂ ਨੇ ਵੀ ਆਪਣੀ ਬੇਵਸੀ ਜ਼ਾਹਿਰ ਕੀਤੀ ਹੈ। ਸਾਨੂੰ ਕੋਈ ਵੀ ਬਹੁੜੀ ਨਹੀਂ ਹੋਇਆ। ਹੁਣ ਸਾਡੀ ਆਖ਼ਰੀ ਆਸ ਸਿਰਫ਼ ਗੁਰੂ ਨਾਨਕ ਸਾਹਿਬ ਦਾ ਦਰ ਹੀ ਹੈ। ਗੁਰੂ ਤੇਗ਼ ਬਹਾਦਰ ਸਾਹਿਬ ਨੇ ਬ੍ਰਾਹਮਣਾਂ ਦੀ ਨਿੰਮੋਝੂਣਤਾ ਵੇਖ ਕੇ ਉਨ੍ਹਾਂ ਨੂੰ ਕਿਹਾ: “ਗੁਰੂ ਨਾਨਕ ਸਾਹਿਬ ਦੇ ਦਰ ਤੋਂ ਕਦੇ ਵੀ ਕੋਈ ਖਾਲੀ ਨਹੀਂ ਜਾਂਦਾ। ਵਾਹਿਗੁਰੂ ਤੁਹਾਡੀ ਮਦਦ ਕਰਨਗੇ। ਜਾਓ, ਸੂਬੇਦਾਰ ਨੂੰ ਆਖ ਦਿਉ ਕਿ ਜੇ ਉਹ (ਗੁਰੂ) ਤੇਗ਼ ਬਹਾਦਰ ਨੂੰ ਮੁਸਲਮਾਨ ਬਣਾ ਲਵੇ ਤਾਂ ਸਾਰੇ ਕਸ਼ਮੀਰੀ ਬ੍ਰਾਹਮਣ ਮੁਸਲਮਾਨ ਬਣ ਜਾਣਗੇ।”

ਗੁਰੂ ਸਹਿਬ ਦੀ ਗੱਲ ਸੁਣ ਕੇ ਬ੍ਰਾਹਮਣਾਂ ਦੀ ਜਾਨ ਵਿਚ ਜਾਨ ਆਈ। ਉਹ ਬੇਬਸ, ਬੇਆਸ, ਬੇਦਿਲ, ਬੇਜਾਨ ਆਏ ਸਨ, ਪਰ ਬੜੇ ਸਕੂਨ, ਉਂਮੀਦ, ਹੌਸਲੇ ਤੇ ਚੜ੍ਹਦੀ ਕਲਾ ਵਿਚ ਚੱਕ ਨਾਨਕੀ ਤੋਂ ਕਸ਼ਮੀਰ ਨੂੰ ਮੁੜੇ। ਉਨ੍ਹਾਂ ਦੇ ਜਾਣ ਮਗਰੋਂ ਗੋਬਿੰਦ ਦਾਸ ਨੇ ਗੁਰੂ ਸਾਹਿਬ ਨੂੰ ਸੰਜੀਦਾ ਵੇਖ ਦੇ ਪੁਛਿਆ ਕਿ ਇਸ ਮਸਲੇ ਵਾਸਤੇ ਤੁਸੀਂ ਕੀ ਕਰੋਗੇ? ਗੁਰੂ ਸਾਹਿਬ ਨੇ ਕਿਹਾ ਕਿ ਮੈਂ ਔਰੰਗਜ਼ੇਬ ਨੂੰ ਮਿਲਾਂਗਾ। ਪਰ ਮੈਨੂੰ ਪਤਾ ਹੈ ਕਿ ਉਹ ਕੱਟੜ ਸੁੰਨੀ ਮੁਸਲਮਾਨ ਹੈ। ਮੈਨੂੰ ਇਸ ਮਕਸਦ ਵਾਸਤੇ ਸ਼ਹੀਦੀ ਦੇਣੀ ਹੀ ਪੈਣੀ ਹੈ। ਇਸ ਵੇਲੇ ਗੋਬਿੰਦ ਦਾਸ ਦੀ ਉਮਰ ਸਿਰਫ਼ 13 ਸਾਲ 4 ਮਹੀਨੇ 8 ਦਿਨ ਸੀ। ਕਸ਼ਮੀਰੀ ਬ੍ਰਾਹਮਣਾਂ ਦੇ ਚੱਕ ਨਾਨਕੀ ਆਉਣ ਦਾ ਜ਼ਿਕਰ ਭੱਟ ਵਹੀਆਂ ਵਿਚ ਇੰਞ ਮਿਲਦਾ ਹੈ:

“ਭਾਈ ਕ੍ਰਿਪਾ ਰਾਮ ਬੇਟਾ ਅੜੂ ਰਾਮ ਕਾ, ਪੋਤਾ ਨਰੈਣ ਦਾਸ ਕਾ, ਪੜਪੋਤਾ ਬ੍ਰਹਮ ਦਾਸ ਕਾ, ਬੰਸ ਠਾਕਰ ਦਾਸ ਕੀ, ਗਤ ਗੋਤ੍ਰ ਮੁਝਾਲ, ਬ੍ਰਾਹਮਣ, ਵਾਸੀ ਮਟਨ, ਦੇਸ ਕਸ਼ਮੀਰ, ਸੰਬਤ ਸਤਰਾਂ ਸੈ ਬਤੀਸ, ਜੇਠ ਮਾਸੇ ਸੁਦੀ ਇਕਾਦਸ਼ੀ ਕੇ ਦਿੰਹ, ਖੋੜਸ ਬ੍ਰਾਹਮਣੋਂ ਕੋ ਗੈਲ ਲੈ, ਚੱਕ ਨਾਨਕੀ, ਪਰਗਣਾ ਕਹਿਲੂਰ, ਗੁਰੂ ਤੇਗ਼ ਬਹਾਦਰ ਜੀ, ਮਹਲ ਨਾਂਵਾਂ ਕੇ ਦਰਬਾਰ ਆਇ ਫਰਿਆਦੀ ਹੂਆ। ਗੁਰੂ ਜੀ ਨੇ ਇਨ੍ਹੇਂ ਧੀਰਜ ਦਈ, ਬਚਨ ਹੋਆ:‘ਤੁਸਾਂ ਦੀ ਰਖਿਆ ਬਾਬਾ ਨਾਨਕ ਕਰੇਗਾ’।” (ਭੱਟ ਵਹੀ ਮੁਲਤਾਨੀ ਸਿੰਧੀ)

ਕਵੀ ਕੇਸ਼ਵ ਭੱਟ ਇਸ ਮੌਕੇ ਨੂੰ ਇੰਵ ਬਿਆਨ ਕਰਦਾ ਹੈ:
ਬਾਂਹਿ ਜਿਨਾਂ  ਦੀ ਪਕੜੀਏ, ਸਿਰ ਦੀਜੈ ਬਾਂਹਿ ਨ ਛੋੜੀਏ।
ਤੇਗ਼ ਬਹਾਦਰ ਬੋਲਿਆ, ਧਰ ਪਈਐ, ਧਰਮ ਨ ਛੋੜੀਏ।

(ਗੁਰੁ) ਗੋਬਿੰਦ ਦਾਸ ਨੂੰ ਗੁਰਗੱਦੀ ਸੌਂਪਣਾ
ਗੁਰੂ ਤੇਗ਼ ਬਹਾਦਰ ਸਾਹਿਬ ਨੇ ਸਾਰੇ ਪ੍ਰਮੁਖ ਸਿੱਖਾਂ ਨੂੰ ਹੁਕਮਨਾਮੇ ਭੇਜ ਕੇ ਚੱਕ ਨਾਨਕੀ ਬੁਲਾ ਲਿਆ। ਗੁਰੂ ਜੀ ਨੇ ਉਨ੍ਹਾਂ ਨੂੰ ਸਾਰੇ ਮਸਲੇ ਬਾਰੇ ਦਸਿਆ ਤੇ ਕਿਹਾ ਕਿ ਮੈਂ ਔਰੰਗਜ਼ੇਬ ਨੂੰ ਜਾ ਕੇ ਮਿਲਾਂਗਾ। ਮੈਨੂੰ ਪਤਾ ਹੈ ਕਿ ਮੈਨੂੰ ਸ਼ਹੀਦੀ ਦੇਣੀ ਪੈਣੀ ਹੈ। ਮੇਰੇ ਮਗਰੋਂ ਗੁਰਗੱਦੀ ਦੀ ਸੇਵਾ ਗੁਰੂ ਗੋਬਿੰਦ ਦਾਸ ਸੰਭਾਲਣਗੇ। ਤੁਸੀਂ ਸਾਰਿਆਂ ਨੇ ਇਨ੍ਹਾਂ ਦਾ ਸਾਥ ਦੇਣਾ ਹੈ। ਇਹ ਯਕੀਨੀ ਹੈ ਕਿ ਇਸ ਮਗਰੋਂ ਜ਼ੁਲਮ ਨੂੰ ਰੋਕਣ ਵਾਸਤੇ ਹਥਿਆਰ ਵੀ ਚੁਕਣੇ ਪੈਣੇ ਹਨ। ਬਿਨਾ ਲਗਾਤਾਰ ਤਿਆਰੀ ਦੇ ਹਥਿਆਰਬੰਦ ਕਾਰਵਾਈ ਨਹੀਂ ਕਰਨੀ ਹੈ। ਇਸ ਮਗਰੋਂ ਆਪ ਨੇ 8 ਜੁਲਾਈ 1675 ਦੇ ਦਿਨ ਗੋਬਿੰਦ ਦਾਸ ਨੂੰ ਗੁਰਗੱਦੀ ਸੌਂਪਣ ਦੀ ਅਰਦਾਸ ਕੀਤੀ। 11 ਜੁਲਾਈ ਨੂੰ ਗੁਰੂ ਸਾਹਿਬ ਦਿੱਲੀ ਜਾਣ ਵਾਸਤੇ ਚੱਕ ਨਾਨਕੀ ਤੋਂ ਰਵਾਨਾ ਹੋ ਗਏ। ਉਨ੍ਹਾਂ ਦੇ ਨਾਲ ਭਾਈ ਮਤੀ ਦਾਸ, ਸਤੀ ਦਾਸ ਤੇ ਦਿਆਲ ਦਾਸ ਵੀ ਸਨ। ਭੱਟ ਵਹੀ ਮੁਤਾਬਿਕ:

ਸਾਵਨ ਪ੍ਰਵਿਸ਼ਟੇ ਅਠਵੇਂ ਕੇ ਦਿਹੁੰ ਗੁਰੂ ਗੋਬਿੰਦ ਦਾਸ ਜੀ ਕੋ ਗੁਰਗਦੀ ਦੇ ਕੇ ਦਿਲੀ ਕੀ ਤਰਫ਼ ਜਾਣੇ ਕੀ ਤਿਆਰੀ ਕੀ। ਸਾਥ ਦੀਵਾਨ ਮਤੀ ਦਾਸ ਸਤੀ ਦਾਸ ਰਸੋਈਆ ਬੇਟੇ ਹੀਰਾ ਨੰਦ ਛਿਬਰ ਕੇ ਦਿਆਲ ਦਾਸ ਬੇਟਾ ਮਾਈ ਦਾਸ ਕਾ ਜਲਹਾਨਾ ਬਲਉਂਤ ਆਇਆ। (ਭੱਟ ਵਹੀ ਤਲਾਉਂਡਾ, ਪਰਗਨਾ ਜੀਂਦ)।

ਇਨ੍ਹਾਂ ਦਿਨਾਂ ਵਿਚ ਔਰੰਗਜ਼ੇਬ ਦਿੱਲੀ ਵਿਚ ਨਹੀਂ ਸੀ ਤੇ ਹਸਨ ਅਬਦਾਲ ਗਿਆ ਹੋਇਆ ਸੀ। (ਔਰੰਗਜ਼ੇਬ 7 ਅਪਰੈਲ 1674 ਨੂੰ ਦਿੱਲੀ ਤੋਂ ਹਸਨ ਅਬਦਾਲ ਰਵਾਨਾ ਹੋਇਆ ਸੀ ਤੇ 27 ਮਾਰਚ 1676 ਨੂੰ ਤਕਰੀਬਨ ਦੋ ਸਾਲ ਮਗਰੋਂ ਵਾਪਿਸ ਆਇਆ ਸੀ)। ਉਸ ਨੂੰ ਕਸ਼ਮੀਰ ਦੇ ਸੂਬੇਦਾਰ ਨੇ ਦੱਸ ਦਿਤਾ ਸੀ ਕਿ ਕਸ਼ਮੀਰੀ ਬ੍ਰਾਹਮਣ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਮਿਲ ਆਏ ਸਨ ਤੇ ਉਸ (ਗੁਰੂ ਸਾਹਿਬ) ਨੇ ਐਲਾਨ ਕੀਤਾ ਸੀ ਕਿ “ਜੇ ਮੁਗਲ ਸਰਕਾਰ ਮੈਨੂੰ (ਗੁਰੂ ਜੀ ਨੂੰ) ਮੁਸਲਮਾਨ ਬਣਾ ਲਵੇ ਤਾਂ ਸਾਰੇ ਕਸ਼ਮੀਰੀ ਬ੍ਰਾਹਮਣ ਆਪਣੇ ਆਪ ਮੁਸਲਮਾਨ ਬਣ ਜਾਣਗੇ।” ਇਹ ਸੁਣਦਿਆਂ ਔਰੰਗਜ਼ੇਬ ਨੇ ਸਰਹੰਦ ਦੇ ਸੂਬੇਦਾਰ ਅਬਦਲ ਅਜ਼ੀਜ਼ ਦਿਲਾਵਰ ਖ਼ਾਨ ਨੂੰ ਹਦਾਇਤ ਦਿਤੀ ਸੀ ਕਿ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲ ਪੇਸ਼ ਕੀਤਾ ਜਾਵੇ। ਔਰੰਗਜ਼ੇਬ ਦਾ ਹੁਕਮ ਮਿਲਦਿਆਂ ਹੀ ਸਰਹੰਦ ਦੇ ਸੂਬੇਦਾਰ ਨੇ ਇਕ ਫ਼ੌਜੀ ਦਸਤਾ ਰੂਪੜ (ਹੁਣ ਰੋਪੜ) ਦੇ ਥਾਣੇਦਾਰ ਮਿਰਜ਼ਾ ਨੂਰ ਮੁਹੰਮਦ ਖ਼ਾਨ ਦੀ ਕਮਾਨ ਹੇਠ ਚੱਕ ਨਾਨਕੀ ਨੂੰ ਰਵਾਨਾ ਕਰ ਦਿਤਾ ਸੀ। ਇਹ ਦਸਤਾ 11 ਨਵੰਬਰ ਨੂੰ ਚੱਕ ਨਾਨਕੀ ਪੁਜਾ ਤਾਂ ਉਨ੍ਹਾਂ ਨੂੰ ਪਤਾ ਲਗਾ ਕਿ ਗੁਰੂ ਸਾਹਿਬ ਤਾਂ ਦਿੱਲੀ ਵਾਸਤੇ ਰਵਾਨਾ ਹੋ ਚੁਕੇ ਹਨ। ਮਿਰਜ਼ਾ ਨੂਰ ਮੁਹੰਮਦ ਨਹੀਂ ਸੀ ਚਾਹੁੰਦਾ ਕਿ ਗੁਰੂ ਸਾਹਿਬ ਦੀ ਗ੍ਰਿਫ਼ਤਾਰੀ ਦਾ ਈਨਾਮ ਉਸ ਦੇ ਹੱਥੋਂ ਚਲਾ ਜਾਵੇ ਇਸ ਕਰ ਕੇ ਉਹ ਗੁਰੂ ਜੀ ਦੀ ਭਾਲ ਵਿਚ ਪੁੱਠੇ ਪੈਰੀਂ ਉੱਥੋਂ ਵਾਪਿਸ ਮੁੜ ਪਿਆ। ਉਸ ਨੇ ਕੀਰਤਪੁਰ ਆ ਕੇ ਗੁਰੂ ਸਾਹਿਬ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਪਤਾ ਲਗਾ ਕਿ ਗੁਰੂ ਜੀ ਉੱਥੋਂ ਵੀ ਨਿਕਲ ਚੁਕੇ ਸਨ। ਹੁਣ ਉਹ ਮਜਬੂਰ ਹੋ ਕੇ ਰੋਪੜ ਨੂੰ ਪਰਤ ਗਿਆ।

11 ਜੁਲਾਈ ਦੀ ਰਾਤ ਗੁਰੂ ਸਾਹਿਬ ਪਿੰਡ ਮਲਿਕਪੁਰ ਰੰਘੜਾਂ ਵਿਚ ਭਾਈ ਨਗਾਹੀਆ ਦੇ ਘਰ ਠਹਿਰੇ ਸਨ। ਅਗਲੇ ਦਿਨ ਤੜਕੇ ਭਾਈ ਮਤੀ ਦਾਸ ਨਹਾਉਣ ਵਾਸਤੇ ਖੂਹ ਤੋਂ ਪਾਣੀ ਭਰਨ ਗਿਆ ਤਾਂ ਖੂਹ ਵਿਚ ਡਿਗ ਪਿਆ। ਸ਼ੋਰ ਪੈਣ ’ਤੇ ਲੋਕ ਇਕੱਠੇ ਹੋ ਗਏ। ਹੁਣ ਪਿੰਡ ਦੇ ਰੰਘੜਾਂ ਨੂੰ ਇਹ ਵੀ ਪਤਾ ਲਗ ਗਿਆ ਕਿ ਗੁਰੁੂ ਤੇਗ਼ ਬਹਾਦਰ ਸਾਹਿਬ ਵੀ ਮਲਿਕਪੁਰ ਵਿਚ ਹਨ। ਉਨ੍ਹਾਂ ਨੇ ਰੋਪੜ ਚੌਂਕੀ ਵਿਚ ਖ਼ਬਰ ਭੇਜ ਕੇ ਫ਼ੌਜ ਮੰਗਵਾ ਲਈ। ਜਦ ਰੋਪੜ ਦੇ ਥਾਣੇਦਾਰ ਮਿਰਜ਼ਾ ਨੂਰ ਮੁਹੰਮਦ ਖ਼ਾਨ ਨੂੰ ਇਹ ਖ਼ਬਰ ਮਿਲੀ ਤਾਂ ਉਹ ਖ਼ੁਸ਼ੀ ਵਿਚ ਨੱਚ ਉਠਿਆ। ਜਿਸ ਨੂੰ ਉਹ ਗ੍ਰਿਫ਼ਤਾਰ ਕਰਨ ਨਿਕਲਿਆ ਸੀ, ਉਹ ਉਸ ਨੂੰ ਅਖੀਰ ਲੱਭ ਹੀ ਪਿਆ ਸੀ। ਨੂਰ ਮੁਹੰਮਦ ਖ਼ਾਨ ਨੇ ਗੁਰੂ ਜੀ, ਭਾਈ ਮਤੀ ਦਾਸ, ਸਤੀ ਦਾਸ ਤੇ ਦਿਆਲ ਦਾਸ ਨੂੰ ਗ੍ਰਿਫ਼ਤਾਰ ਕੀਤਾ ਅਤੇ ਰੋਪੜ ਲੈ ਗਿਆ।ਰੋਪੜ ਤੋਂ ਉਸ ਨੇ ਤੇ ਸਰਹੰਦ ਖ਼ਬਰ ਭੇਜ ਦਿੱਤੀ। ਸਰਹੰਦ ਦੇ ਸੂਬੇਦਾਰ ਨੇ ਗੁਰੂ ਸਾਹਿਬ ਨੂੰ ਸਰਹੰਦ ਮੰਗਵਾ ਲਿਆ। ਉਸ ਨੇ ਗੁਰੂ ਜੀ ਨੂੰ ਬੱਸੀ ਪਠਾਣਾਂ ਦੇ ਕਿਲ੍ਹੇ ਵਿਚ ਕੈਦ ਕਰ ਦਿਤਾ ਅਤੇ ਔਰੰਗਜ਼ੇਬ ਨੂੰ ਇਸ ਦੀ ਇਤਲਾਹ ਹਸਨ ਅਬਦਾਲ ਨੂੰ ਭੇਜ ਦਿਤੀ।

ਇਸ ਗ੍ਰਿਫ਼ਤਾਰੀ ਅਤੇ ਬੱਸੀ ਪਠਾਣਾਂ ਵਿਚ ਕੈਦ ਦਾ ਜ਼ਿਕਰ ਸੁਜਾਨ ਰਾਏ ਭੰਡਾਰੀ ‘ਖੁਲਾਸਤੁਤ ਤਵਾਰੀਖ਼’ ਵਿਚ ਵੀ ਕਰਦਾ ਹੈ। ਇਸ ਸਬੰਧੀ ਇਕ ਇੰਦਰਾਜ ‘ਭੱਟ ਵਹੀ ਮੁਲਤਾਨੀ ਸਿੰਧੀ ਖਾਤਾ ਜਲ੍ਹਾਨੇ ਬਲਉਂਤੋਂ ਕਾ’ ਵਿਚ ਵੀ ਮਿਲਦਾ ਹੈ:
ਗੁਰੂ ਤੇਗ਼ ਬਹਾਦਰ ਮਹਲ ਨਾਮਾਂ ਕੋ ਨੂਰ ਮੁਹੰਮਦ ਖ਼ਾਨ ਮਿਰਜ਼ਾ ਚਉਕੀ ਰੂਪੜ ਵਾਲੀ ਨੇ ਸਾਲ ਸਤਰਾਂ ਸੈ ਬਤੀਸ ਸਾਵਨ ਪ੍ਰਵਿਸ਼ਟੇ ਬਾਰਾਂ ਕੇ ਦਿਹੁੰ ਗਾਮ ਮਲਕਪੁਰ ਰੰਘੜਾਂ ਪਰਗਣਾ ਘਣੌਲਾ ਸੇ ਪਕੜ ਕਰ ਸਰਹੰਦ ਮੇਂ ਪਹੁੰਚਾਇਆ। ਗੈਲੋਂ ਦੀਵਾਨ ਮਤੀ ਦਾਸ ਸਤੀ ਦਾਸ ਬੇਟੇ ਹੀਰ ਮੱਲ ਛਿਬਰ ਬਲਉਂਤ ਕੇ ਪਕੜੇ ਆਏ। ਚਾਰ ਮਾਸ ਬਸੀ ਪਠਾਣਾਂ ਬੰਦੀਖਾਨੇ ਮੇਂ ਰਹੇ। ਦੁਸ਼ਟਾਂ ਗੁਰੂ ਜੀ ਕੋ ਘਣਾ ਕਸ਼ਟ ਦੀਆ। ਗੁਰੂ ਜੀ ਨੇ ਭਾਣੇ ਕੋ ਮਾਨਾ…

ਕੇਸਰ ਸਿੰਘ ਛਿਬਰ ‘ਬੰਸਾਵਲੀਨਾਮਾ ਦਸਾਂ ਪਾਤਸਾਹੀਆਂ ਕਾ’ (ਚਰਣ ਨੌਵਾਂ, ਬੰਦ 75-77), ਵਿਚ ਵੀ ਇਸ ਦਾ ਜ਼ਿਕਰ ਕਰਦਾ ਹੈ:

ਪਿੰਡ ਤੇ ਰੰਘੜ ਆਏ ਧਾਇ। ਗਹਿ ਲੀਤੇ ਸਾਹਿਬ ਤੇ ਸਤੀ ਦਾਸ।
ਮਤੀ ਦਾਸ ਭੀ ਖੂਹ ਤੇ ਕਢਿਆ ਮੰਗਾਇ।…
ਭੇਜ ਆਦਮੀ ਫ਼ੌਜ ਰੂਪੜੋਂ ਮੰਗਾਈ।…
ਸੋ ਪਿੰਜਰਾ ਲੋਹੇ ਕਾ ਕਰ ਲਿਆਇ।
ਸਾਹਿਬ ਤਿਸ ਵਿਚ ਲੀਤੇ ਪਾਇ।
ਚਉਥੇ ਮਹੀਨੇ ਸਾਹਿਬ ਦਿੱਲੀ ਵਿਚ ਪਹੁਤੇ।
ਵਿਚ ਮਾਰਗ ਦੁਖ ਪਾਇ ਬਹੁਤੇ।

ਗੁਰੂ ਸਾਹਿਬ ਨੂੰ ਭਰਮਾਉਣ ਦੀ ਕੋਸ਼ਿਸ਼
ਜਦੋਂ ਗੁਰੂ ਤੇਗ਼ ਬਹਾਦਰ ਸਾਹਿਬ ਬੱਸੀ ਪਠਾਣਾਂ ਕਿਲ੍ਹੇ ਵਿਚ ਕੈਦ ਸਨ ਤਾਂ ਔਰੰਗਜ਼ੇਬ ਨੇ ਸਰਹੰਦ ਦੇ ਮੁਸਲਮਾਨ, ਨਕਸ਼ਬੰਦੀ ਫਿਰਕੇ ਦੇ (ਸ਼ੈਖ ਅਹਿਮਦ ਦੇ ਗੱਦੀ-ਨਸ਼ੀਨ) ਸ਼ੈਖ਼ ਸੈਫ਼-ਉਦ-ਦੀਨ ਦੀ ਡਿਊਟੀ ਲਾਈ ਕਿ ਉਹ ਗੁਰੂ ਜੀ ਨੂੰ ਇਸਲਾਮ ਧਰਮ ਵਿਚ ਲਿਆਉਣ ਵਾਸਤੇ ਕੋਸ਼ਿਸ਼ ਕਰੇ। ਸੈਫ਼-ਉਦ-ਦੀਨ ਨੇ ਬੱਸੀ ਪਠਾਣਾਂ ਕਿਲ੍ਹੇ ਵਿਚ ਕਈ ਵਾਰ ਫੇਰਾ ਪਾਇਆ ਅਤੇ ਗੁਰੂ ਜੀ ਨਾਲ ਚਰਚਾ ਕੀਤੀ। ਪਰ ਉਹ ਗੁਰੂ ਜੀ ਨੂੰ ਇਸਲਾਮ ਦੀ ਉੱਚਤਾ ਦੱਸਣ ਵਿਚ ਕਾਮਯਾਬ ਨਾ ਹੋ ਸਕਿਆ। ਅਖੀਰ ਉਸ ਨੇ ਹਥਿਆਰ ਸੁੱਟ ਦਿਤੇ ਤੇ ਔਰੰਗਜ਼ੇਬ ਨੂੰ ਸੁਨੇਹਾ ਭੇਜ ਦਿਤਾ ਕਿ ਗੁਰੂ ਜੀ ਨੂੰ ਦਲੀਲ ਨਾਲ ਬਦਲਿਆ ਨਹੀਂ ਜਾ ਸਕਦਾ ਤੇ ਸ਼ਾਇਦ ਤਲਵਾਰ ਦੇ ਡਰ ਨਾਲ ਹੀ ਉਨ੍ਹਾਂ ਨੂੰ ਮੁਸਲਮਾਨ ਬਣਾਇਆ ਜਾ ਸਕਦਾ ਹੈ।

(ਇਨ੍ਹਾਂ ਦਿਨਾਂ ਵਿਚ, ਜੁਲਾਈ 1675 ਵਿਚ, ਸ਼ਿਵਾਜੀ ਮਰਹੱਟਾ ਦਾ ਪੁੱਤਰ ਸੰਭਾਜੀ ਵੀ ਫੜਿਆ ਗਿਆ ਸੀ ਤੇ ਉਸ ਨੇ ਕੁਝ ਦਿਨ ਮਗਰੋਂ ਹੀ  ਈਨ ਮੰਨ ਲਈ ਸੀ। ਔਰੰਗਜ਼ੇਬ ਨੇ ਉਸ ਨੂੰ ਛੇ ਹਜ਼ਾਰੀ-ਛੇ ਹਜ਼ਾਰ ਦਾ ਮਨਸਬ, ਝੰਡਾ ਤੇ ਨਗਾਰਾ ਬਖ਼ਸ਼ਿਆ ਸੀ)। ‘ਮਆਸਿਰਿ-ਇ-ਆਲਮਗੀਰੀ’, ਸਫ਼ਾ 124। ਪਰ ਫ਼ਰਵਰੀ 1676 ਵਿਚ ਸ਼ਿਵਾਜੀ ਦੇ ਜੁਆਈ ਨੇ ਤਾਂ ਕਮਾਲ ਹੀ ਕਰ ਦਿੱਤੀ ਸੀ। ਉਹ ਮੁਸਲਮਾਨ ਬਣ ਗਿਆ ਤੇ ਉਸ ਦਾ ਨਾਂ ਮੁਹੰਮਦ ਕੁਲੀ ਖ਼ਾਨ ਰੱਖਿਆ ਗਿਆ ਸੀ। ‘ਮਆਸਿਰਿ-ਇ-ਆਲਮਗੀਰੀ’, ਸਫ਼ਾ 51)।

ਸ਼ੈਖ ਦਾ ਖ਼ਤ ਮਿਲਣ ਮਗਰੋਂ ਔਰੰਗਜ਼ੇਬ ਨੇ ਸਰਹੰਦ ਦੇ ਸੂਬੇਦਾਰ ਅਬਦੁਲ ਅਜ਼ੀਜ਼ ਦਿਲਾਵਰ ਖ਼ਾਨ ਨੂੰ ਹੁਕਮ ਭੇਜਿਆ ਕਿ ਗੁਰੂ ਜੀ ਨੂੰ ਪਿੰਜਰੇ ਵਿਚ ਪਾ ਕੇ ਦਿੱਲੀ ਲਿਜਾਇਆ ਜਾਏ। ਔਰੰਗਜ਼ੇਬ ਉਨ੍ਹੀਂ ਦਿਨੀਂ ਦਿੱਲੀ ਮੁੜਨ ਦੀ ਤਿਆਰੀ ਕਰ ਰਿਹਾ ਸੀ। ਪਰ ਕਿਸੇ ਕਾਰਨ ਉਸ ਨੂੰ ਹਸਨ ਅਬਦਾਲ ਵਧੇਰਾ ਸਮਾਂ ਰੁਕਣਾ ਪਿਆ। ਇਸ ਕਰ ਕੇ ਉਸ ਨੇ ਦਿੱਲੀ ਦੇ ਸੂਬੇਦਾਰ ਸਾਫ਼ੀ ਖ਼ਾਨ ਨੂੰ ਵੀ ਹਦਾਇਤ ਲਿਖ ਭੇਜੀ ਕਿ ਜੇ ਗੁਰੂ ਤੇਗ਼ ਬਹਾਦਰ ਇਸਲਾਮ ਕਬੂਲ ਕਰ ਲਵੇ ਤਾਂ ਠੀਕ ਹੈ ਨਹੀਂ ਤਾਂ ਉਸ ਨੂੰ ਸ਼ਾਹੀ ਕਾਜ਼ੀ ਤੋਂ ਫ਼ਤਵਾ ਦਿਵਾ ਕੇ ਕਤਲ ਕਰ ਦਿਤਾ ਜਾਵੇ।

ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹੀਦੀ
ਔਰੰਗਜ਼ੇਬ ਦੇ ਹੁਕਮ ਤੇ ਫੁਲ ਚੜ੍ਹਾਉਂਦਿਆਂ ਗੁਰੂ ਜੀ ਵਾਸਤੇ ਦਿੱਲੀ ਤੋਂ ਲੋਹੇ ਦਾ ਇਕ ਪਿੰਜਰਾ ਮੰਗਵਾਇਆ ਗਿਆ।(ਇਹ ਓਹੀ ਪਿੰਜਰਾ ਸੀ ਜਿਸ ‘ਚ 1716 ਵਿਚ ਬੰਦਾ ਸਿੰਘ ਬਹਾਦਰ ਨੂੰ ਦਿੱਲੀ ਲਿਜਾਇਆ ਗਿਆ ਸੀ)। ਉਨ੍ਹਾਂ ਨੂੰ ਪਿੰਜਰੇ ਵਿਚ ਪਾ ਕੇ ਦਿੱਲੀ ਲਿਜਾਇਆ ਗਿਆ। ਗੁਰੂ ਜੀ ਦਿੱਲੀ ਵਿਚ 3 ਨਵੰਬਰ 1675 ਦੇ ਦਿਨ ਪੁਜੇ ਅਤੇ (ਮੌਜੂਦਾ ਸੀਸ ਗੰਜ ਵਾਲੀ ਜਗਹ) ਕੋਤਵਾਲੀ ਵਿਚ ਕੈਦ ਕਰ ਦਿਤੇ ਗਏ। ਦਿਲੀ ਵਿਚ ਆਪ ਨੂੰ ਸ਼ਾਹੀ ਕਾਜ਼ੀ ਅਬਦੁਲ ਵਹਾਬ ਵਹੁਰੇ ਅਗੇ ਪੇਸ਼ ਕੀਤਾ ਗਿਆ। ਕਾਜ਼ੀ ਨੇ ਗੁਰੂ ਜੀ ਨੂੰ ਫ਼ਤਵਾ ਜਾਰੀ ਕਰਦਿਆਂ ਕਿਹਾ ਕਿ ਜਾਂ ਕਰਾਮਾਤ ਦਿਖਾਓ ਜਾਂ ਮੁਸਲਮਾਨ ਬਣ ਜਾਓ ਜਾਂ ਮਰਨ ਵਾਸਤੇ ਤਿਆਰ ਹੋ ਜਾਓ। ਗੁਰੂ ਸਾਹਿਬ ਨੇ ਕਾਜ਼ੀ ਨੂੰ ਜਵਾਬ ਦਿਤਾ ਕਿ ‘ਕਰਾਮਾਤ ਕਹਿਰ ਦਾ ਨਾਂ ਹੈ। ਕਰਾਮਾਤ ਤਾਂ ਰੱਬ ਆਪ ਹੀ ਹੈ। ਦੂਜਾ, ਹਰ ਇਨਸਾਨ ਨੂੰ ਆਪਣਾ ਅਕੀਦਾ, ਆਪਣਾ ਧਰਮ, ਅਖ਼ਤਿਆਰ ਕਰਨ ਦਾ ਹਕ ਹੈ, ਅਤੇ ਤੀਜਾ ਮੌਤ ਦੀ ਗੱਲ ਕਰਦਾ ਏਂ;  ਕੀ ਮੁਸਲਮਾਨ ਬਣਿਆਂ ਮੈਨੂੰ ਮੌਤ ਨਹੀਂ ਆਵੇਗੀ? ਮੌਤ ਤਾਂ ਵਾਹਿਗੁਰੂ ਦਾ ਹੁਕਮ ਹੈ। ਹਰ ਇਕ ਨੇ ਇਕ ਨਾ ਇਕ ਦਿਨ ਮਰਨਾ ਹੀ ਹੈ। ਵਾਹਿਗੁਰੂ ਨੇ ਜਿੰਨੇ ਸਾਹ ਦਿਤੇ ਹਨ ਉਨ੍ਹਾਂ ਨੂੰ ਕੋਈ ਘਟਾ ਜਾਂ ਵਧਾ ਨਹੀਂ ਸਕਦਾ।‘ ਕਾਜ਼ੀ ਅਤੇ ਸੂਬੇਦਾਰ ਇਸ ਜਵਾਬ ’ਤੇ ਖਿਝੇ ਤਾਂ ਜ਼ਰੂਰ ਪਰ ਉਨ੍ਹਾਂ ਨੇ ਇਕ ਦਿਨ ਹੋਰ ਗੁਰੂ ਜੀ ਦੇ ਜਵਾਬ ਦੀ ਉਡੀਕ ਕੀਤੀ। ਗੁਰੂ ਜੀ ਵੱਲੋਂ ਨਾਂਹ ਮਿਲਣ ਮਗਰੋਂ ਗੁਰੂ ਸਾਹਿਬ ਨੂੰ ਤਸੀਹੇ ਦੇਣ ਦਾ ਦੌਰ ਸ਼ੁਰੂ ਹੋ ਗਿਆ। ਗੁਰੂ ਸਾਹਿਬ ਨੂੰ ਤਪਦੇ ਹੋਏ ਥੰਮ ਨਾਲ ਲਾਇਆ ਗਿਆ। ਉਨ੍ਹਾਂ ਦੇ ਜਿਸਮ ’ਤੇ ਬਲਦੀ ਰੇਤ ਪਾਈ ਗਈ। ਅਗਲੇ ਛੇ ਦਿਨ ਉਨ੍ਹਾਂ ਦਾ ਜਿਸਮ ਬਰੀ ਤਰਾਂ ਨਿਢਾਲ ਹੋ ਗਿਆ। ਪਰ ਇਹ ਜ਼ੁਲਮ ਵੀ ਗੁਰੂ ਸਾਹਿਬ ਨੂੰ ਬਦਲ ਨਾ ਸਕਿਆ।

11 ਨਵੰਬਰ 1675 ਦੇ ਦਿਨ ਗੁਰੂ ਸਾਹਿਬ ਦੀਆਂ ਅੱਖਾਂ ਦੇ ਸਾਹਮਣੇ ਭਾਈ ਦਿਆਲ ਦਾਸ ਨੂੰ ਇਕ ਵੱਡੀ ਦੇਗ਼ ਵਿਚ ਪਾਣੀ ਵਿਚ ਬਿਠਾ ਕੇ ਦੇਗ਼ ਦਾ ਮੂੰਹ ਬੰਨ੍ਹ ਕੇ ਭੱਠੀ ਤੇ ਰੱਖ ਦਿੱਤਾ ਗਿਆ। ਭਾਈ ਦਿਆਲ ਦਾਸ ਦੀ ਦੇਹ ਉਬਲਦੇ ਪਾਣੀ ਵਿਚ ਫ਼ਨਾਹ ਹੋ ਗਈ। ਇਸ ਮਗਰੋਂ ਭਾਈ ਮਤੀ ਦਾਸ ਨੂੰ ਦੋ ਲਕੜਾਂ ਦੇ ਸ਼ਿਕੰਜੇ ਵਿਚ ਬੰਨ੍ਹ ਕੇ ਚੀਰ ਦਿਤਾ ਗਿਆ ਤੇ ਭਾਈ ਸਤੀ ਦਾਸ ਨੂੰ ਰੂੰ ਵਿਚ ਬੰਨ ਕੇ ਜਿਊਂਦੇ ਸਾੜ ਦਿਤਾ ਗਿਆ। ਦਹਿਲਾ ਦੇਣ ਵਾਲੇ ਇਸ ਜ਼ੁਲਮ ਦੇ ਬਾਵਜੂਦ ਗੁਰੂ ਸਾਹਿਬ ਅਡੋਲ ਰਹੇ ਅਤੇ ਵਾਹਿਗੁਰੂ ਦਾ ਸਿਮਰਨ ਕਰਦੇ ਰਹੇ। ਅਖ਼ੀਰ ਸ਼ਾਮ ਵੇਲੇ ਕਾਜ਼ੀ ਦੇ ਆਖ਼ਰੀ ਫਤਵੇ ਮਗਰੋਂ, ਜੱਲਾਦ ਜਲਾਲ-ਉਦ-ਦੀਨ (ਸਮਾਣੇ ਵਾਲੇ) ਨੇ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਵੀ ਤਲਵਾਰ ਦੇ ਇੱਕੋ ਵਾਰ ਨਾਲ ਸ਼ਹੀਦ ਕਰ ਦਿਤਾ।

ਇਸ ਸਮੇਂ ਔਰੰਗਜ਼ੇਬ ਦਾ ਇਹ ਵੀ ਹੁਕਮ ਸੀ ਕਿ ਗੁਰੂ ਸਾਹਿਬ ਦੀ ਦੇਹ ਦੇ ਚਾਰ ਟੁਕੜੇ ਕਰ ਕੇ ਸ਼ਹਿਰ ਦੇ ਚਾਰੇ ਪਾਸੇ ਲਟਕਾ ਦਿਤੇ ਜਾਣ ਪਰ ਹਨੇਰਾ ਪੈ ਚੁਕਾ ਹੋਣ ਕਰ ਕੇ ਉਸ ਦੇ ਇਸ ਹੁਕਮ ’ਤੇ ਅਮਲ ਨਾ ਹੋ ਸਕਿਆ। ਉਧਰ ਭਾਈ ਜੈਤਾ, ਭਾਈ ਨਾਨੂ ਰਾਮ, ਭਾਈ ਤੁਲਸੀ ਤੇ ਭਾਈ ਊਦਾ ਨੇ ਗੁਰੂ ਸਾਹਿਬ ਦਾ ਸੀਸ ਚੁਕ ਕੇ ਲਿਆਉਣ ਦੀ ਤਰਕੀਬ ਬਣਾਈ। ਭਾਈ ਜੈਤਾ ਆਪਣੀ ਟੋਕਰੀ ਸਿਰ ’ਤੇ ਚੁਕ ਕੇ ਲੈ ਗਿਆ ਅਤੇ ਰਾਤ ਦੇ ਹਨੇਰੇ ਵਿਚ ਗੁਰੂ ਸਾਹਿਬ ਦਾ ਸੀਸ ਚੁਕ ਲਿਆਇਆ ਜਿਸ ਨੂੰ ਮਗਰੋਂ ਭਾਈ ਜੈਤਾ, ਊਦਾ ਤੇ ਨਾਨੂ ਰਾਮ ਚੱਕ ਨਾਨਕੀ ਲੈ ਗਏ। ਉਹ ਦਿੱਲੀ ਤੋਂ ਚਲ ਕੇ ਬਾਘਪਤ ਪੁੱਜੇ ਤੇ ਇੱਥੋਂ ਜਮਨਾ ਦਰਿਆ ਪਾਰ ਕਰ ਕੇ ਕਰਨਾਲ, ਅੰਬਾਲਾ ਤੇ ਨਾਭਾ (ਹੁਣ ਨਾਭਾ ਸਾਹਿਬ, ਚੰਡੀਗੜ੍ਹ-ਪਟਿਆਲਾ ਰੋਡ ’ਤੇ) ਵਿਚ ਪੜਾਅ ਕਰਦੇ ਹੋਏ 16 ਨਵਬੰਰ ਨੂੰ ਕੀਰਤਪੁਰ ਤੇ ਫਿਰ ਅਨੰਦਪੁਰ ਪੁੱਜੇ ਤੇ ਅਗਲੇ ਦਿਨ ਸੀਸ ਦਾ ਸਸਕਾਰ ਗੁਰਦੁਆਰਾ ਸੀਸ ਗੰਜ (ਅਨੰਦਪੁਰ ਸਾਹਿਬ) ਵਾਲੀ ਥਾਂ ’ਤੇ ਕਰ ਦਿਤਾ।

ਦੂਜੇ ਪਾਸੇ (ਭਾਈ ਮਨੀ ਸਿੰਘ ਦੇ ਸਹੁਰਾ) ਭਾਈ ਲੱਖੀ ਰਾਏ ਵਣਜਾਰਾ ਨੇ, ਆਪਣੇ ਪੁਤਰਾਂ ਭਾਈ ਨਿਗਾਹੀਆ, ਹੇਮਾ ਤੇ ਹਾੜੀ ਦੀ ਮਦਦ ਨਾਲ, ਗੁਰੂ ਸਾਹਿਬ ਦਾ ਧੜ ਚੁਕ ਲਿਆਂਦਾ ਅਤੇ ਆਪਣੇ ਘਰ ਦੇ ਅੰਦਰ, ਆਪਣੇ ਘਰ ਦੇ ਇਕ ਹਿੱਸੇ ਨੂੰ ਅੱਗ ਲਾ ਕੇ (ਗੁਰਦੁਆਰਾ ਰਕਾਬ ਗੰਜ ਵਾਲੀ ਥਾਂ ’ਤੇ) ਹੀ ਧੜ ਦਾ ਸਸਕਾਰ ਕਰ ਦਿਤਾ। ਗੁਰੂ ਸਾਹਿਬ ਦੇ ਸੀਸ ਅਤੇ ਧੜ ਦੇ ਸਸਕਾਰ ਬਾਰੇ ਭੱਟ ਵਹੀਆਂ ‘ਚ ਇਹ ਦੋ ਇੰਦਰਾਜ ਮਿਲਦੇ ਹਨ:

“ਜੈਤਾ ਬੇਟਾ ਆਗਿਆ ਕਾ, ਨਾਨੂ ਬੇਟਾ ਬਾਘੇ ਕਾ, ਊਦਾ ਬੇਟਾ ਖੇਮੇ ਕਾ, ਗੁਰੂ ਕਾ ਸੀਸ ਪਾਇ ਕੀਰਤਪੁਰ ਪਰਗਨਾ ਕਹਿਲੂਰ ਆਏ। ਸਾਲ ਸਤਾਰਾਂ ਸੈ ਬੱਤੀਸ, ਮੰਗਹਰ ਸੁਦੀ ਦਸਮੀ ਕੇ ਦਿਹੁੰ। ਗਿਆਰਸ ਕੋ ਦਾਗ ਕੀਆ ਮਾਖੋਆਲ ਮੇਂ। ਆਗੇ ਗੁਰੂ ਕੀ ਗਤਿ ਗੁਰੂ ਜਾਨੇ। ਗੁਰੂ ਆਪ ਭਾਣੇ ਕਾ ਖਾਬਿੰਦ ਹੈ”।  (ਭੱਟ ਵਹੀ ਮੁਲਤਾਨੀ ਸਿੰਧੀ, ਖਾਤਾ ਉਦਾਨਿਓਂ ਕਾ)
“ਲਖੀਆ ਬੇਟਾ ਗੋਧੂ ਕਾ, ਨਗਾਹੀਆ-ਹੇਮਾ-ਹਾੜੀ ਬੇਟੇ ਲਖੀਏ ਕੇ, ਜਾਦੋ ਬੰਸੀਏ, ਬੜਤੀਏ ਕਨਾਉਂਤ, ਨਾਇਕ ਧੂੰਮਾ ਬੇਟਾ ਕਾਨ੍ਹੇ ਕਾ, ਤੂੰਮਰ ਬਿੰਜਲਉਂਤ, ਗੁਰੂ ਤੇਗ਼ ਬਹਾਦਰ ਜੀ ਮਹਲ ਨਾਂਵਾਂ ਕੀ ਲਾਸ਼ ਉਠਾਏ ਲਾਏ, ਸਾਲ ਸਤਰਾਂ ਸੈ ਬੱਤੀਸ, ਮੰਗਹਰ ਸੁਦੀ ਛੱਟ, ਗੁਰੂਵਾਰ ਕੇ ਦਿਹੁੰ। ਦਾਗ਼ ਕੀਆ ਰਸੀਨਾ ਗਾਮ ਮੇਂ ਆਧ ਘਰੀ ਰੈਨ ਰਹੀ”। (ਭੱਟ ਵਹੀ ਜਾਦੋਬੰਸੀਆਂ ਕੀ, ਖਾਤਾ ਬੜਤੀਏ ਕਨਾਉਂਤੋਂ ਕਾ)

ਗੁਰੂ ਸਾਹਿਬ ਵੇਲੇ ਅਸਲ ਦਿੱਲੀ ਦਾ ਨਾਂ ਸ਼ਾਹਜਹਾਨਾਬਾਦ ਸੀ ਜਿਸ ਵਿਚ ਲਾਲ ਕਿਲ੍ਹਾ, ਸਲੀਮਗੜ੍ਹ ਕਿਲਾ, ਚਾਂਦਨੀ ਚੌਕ, ਫ਼ਤਹਿਪੁਰੀ, ਜਾਮਾ ਮਸਜਿਦ, ਦਰੀਬਾ ਕਲਾਂ, ਦਰਿਆ ਗੰਜ, ਕਸ਼ਮੀਰੀ ਗੇਟ ਵਗ਼ੈਰਾ ਦਾ ਇਲਾਕਾ ਸ਼ਾਮਿਲ ਸੀ। ਦਿੱਲੀ ਦੇ ਚਾਂਦਨੀ ਚੌਕ, ਕਨਾਟ ਪਲੇਸ, ਪਾਰਲੀਮੈਂਟ ਹਾਊਸ ਅਤੇ ‘ਰਾਸ਼ਟਰਪਤੀ ਭਵਨ’ ਵਗ਼ੈਰਾ ਗੁਰੂ ਹਰਕਿਸ਼ਨ ਸਾਹਿਬ ਤੇ ਗੁਰੂ ਤੇਗ਼ ਬਹਾਦਰ ਸਾਹਿਬ ਦੇ ਪੈਰਾਂ ਦੀ ਧੂੜ ਨਾਲ ਤਵਾਰੀਖ਼ੀ ਬਣੇ ਹੋਏ ਹਨ। ਕਨਾਟ ਪਲੇਸ ਦਾ ਇਲਾਕਾ ਰਾਜਾ ਜੈ ਸਿੰਹ ਮਿਰਜ਼ਾ ਦੀ ਜਾਇਦਾਦ ਸੀ ਅਤੇ ਪਾਰਲੀਮੈਂਟ ਹਾਊਸ ਅਤੇ ‘ਰਾਸ਼ਟਰਪਤੀ ਭਵਨ’ ਵਗ਼ੈਰਾ (ਯਾਨਿ ਰਾਏਸੀਨਾ ਪਿੰਡ) ਭਾਈ ਲੱਖੀ ਰਾਏ ਵਣਜਾਰਾ ਦੀ ਜਾਇਦਾਦ ਸੀ। ‘ਰਾਏਸੀਨਾ’ ਪਿੰਡ ਭਾਈ ਲੱਖੀ ਰਾਏ ਦੇ ਇਕ ਵੱਡੇ-ਵਡੇਰੇ ਭਾਈ ਰਾਏ ਸੀਨਾ ਨੇ ਬੰਨ੍ਹਿਆ ਸੀ। ਦਿੱਲੀ ਦੇ ਅਹਿਸਾਨ ਫ਼ਰਾਮੋਸ਼ ਹਾਕਮਾਂ ਨੇ ‘ਲੱਖੀ ਰਾਏ’ ਦੀ ਯਾਦ ਵਿਚ ਇਕ ਚੌਕ ਦਾ ਨਾਂ ਵੀ ਨਹੀਂ ਰੱਖਿਆ। (ਭਾਈ ਲੱਖੀ ਰਾਏ ਨੂੰ ਮਾਣ ਦੇਣ ਵਾਸਤੇ ਸਿੱਖ ਆਗੂਆਂ ਨੇ ਗੁਰਦੁਆਰਾ ਰਕਾਬ ਗੰਜ ਦੇ ਦੀਵਾਨ ਹਾਲ ਦਾ ਨਾਂ ਭਾਈ ਲੱਖੀ ਰਾਏ ਦੇ ਨਾਂ ’ਤੇ ਰੱਖਿਆ ਹੈ)।

ਗੁਰੂ ਗੋਬਿੰਦ ਸਿੰਘ ਸਾਹਿਬ ਅਤੇ ਅਨੰਦਪੁਰ ਨਗਰੀ ਵਸਾਉਣਾ
ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹੀਦੀ ਮਗਰੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਿੱਖ ਪੰਥ ਦੀ ਵਾਗ-ਡੋਰ ਸੰਭਾਲੀ। ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹੀਦੀ ਨੇ ਸਿੱਖਾਂ ਵਿਚ ਬੜਾ ਰੋਹ ਭਰਿਆ ਪਰ ਗੁਰੂ ਗੋਬਿੰਦ ਸਾਹਿਬ ਨੇ ਉਨ੍ਹਾਂ ਨੂੰ ਇਕ-ਦਮ ਜਵਾਬ ਦੇਣ ਤੋਂ ਰੋਕਿਆ। ਇਸ ਸਾਰੇ ਕਾਰਜ ਤੋਂ ਪਹਿਲਾਂ ਗੁਰੂ ਜੀ ਸਿੱਖ ਫ਼ੌਜ ਨੂੰ ਪੂਰੀ ਤਰ੍ਹਾਂ ਤਿਆਰ ਕਰਨਾ ਚਾਹੁੰਦੇ ਸਨ। ਗੁਰੂ ਸਾਹਿਬ ਨੇ ਵੱਖ-ਵੱਖ ਇਲਾਕਿਆਂ ਵਿਚ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਜਥੇਬੰਦ ਕੀਤਾ। ਇਸ ਦੌਰਾਨ ਲਾਹੌਰ ਤੋਂ ਭਾਈ ਹਰਿਜਸ ਸੁਭਿੱਖੀ ਨੇ ਗੁਰੂ ਸਾਹਿਬ ਦੀ ਸ਼ਾਦੀ ਵਾਸਤੇ ਜ਼ੋਰ ਪਾਉਣਾ ਸ਼ੁਰੂ ਕਰ ਦਿੱਤਾ। ਉਸ ਦੀ ਚਾਹ ਸੀ ਕਿ ਗੁਰੂ ਸਾਹਿਬ ਬਰਾਤ ਲੈ ਕੇ ਲਾਹੌਰ ਆਉਣ। ਪਰ ਗੁਰੂ ਸਾਹਿਬ ਨੇ ਲਾਹੌਰ, ਹਿਫ਼ਾਜ਼ਤ ਪੱਖੋਂ, ਜਾਣਾ ਸਹੀ ਨਾ ਸਮਝਿਆ। ਪਰ, ਹੋਣ ਵਾਲੇ ਸਹੁਰੇ ਦੀ ਖ਼ਾਹਿਸ਼ ਪੂਰੀ ਕਰਨ ਵਾਸਤੇ, ਗੁਰੂ ਸਾਹਿਬ ਨੇ ‘ਚੱਕ ਨਾਨਕੀ’ ਤੋਂ ਯਾਰ੍ਹਾਂ ਕੁ ਕਿਲੋਮੀਟਰ ਦੂਰ ‘ਗੁਰੂ ਦਾ ਲਾਹੌਰ’ ਦੀ ਨੀਂਹ ਰੱਖੀ। ਭਾਈ ਹਰਜਸ ਸੁਭਿੱਖੀ ਤੇ ਉਨ੍ਹਾਂ ਦਾ ਪਰਵਾਰ ਇਥੇ ਆ ਗਿਆ ਅਤੇ 21 ਜੂਨ 1677 ਦੇ ਦਿਨ ਗੁਰੂ ਗੋਬਿਦ ਸਿੰਘ ਸਾਹਿਬ ਦਾ ਵਿਆਹ ਇਸ ਜਗ੍ਹਾ ’ਤੇ ਹੋਇਆ। (ਉਸ ਵਿਆਹ ਦੀ ਯਾਦ ਸਬੰਧੀ ਗੁਰੂ ਦਾ ਲਾਹੌਰ ਵਿਚ ਗੁਰਦੁਆਰੇ ਬਣੇ ਹੋਏ ਹਨ)।
ਗੁਰੂ ਗ੍ਰੰਥ ਸਾਹਿਬ ਦਾ ਸਰੂਪ ਮਕੰਮਲ ਕਰਨਾ

1678 ਵਿਚ ਗੁਰੂ ਗੋਬਿੰਦ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦਾ ਨਵਾਂ ਮੁਕੰਮਲ ਸਰੂਪ ਤਿਆਰ ਕਰਵਾਉਣਾ ਸ਼ੁਰੂ ਕੀਤਾ। ਜਿਸ ਵਕਤ ਗੁਰੂ ਗ੍ਰੰਥ ਦਾ ਸਰੂਪ ਤਿਆਰ ਕਰਵਾਉਣਾ ਸ਼ੁਰੂ ਕੀਤਾ, ਉਸ ਵਕਤ ਗੁਰੂ ਗ੍ਰੰਥ ਸਾਹਿਬ ਦੀ “ਆਦਿ ਬੀੜ” ਧੀਰਮੱਲੀਆਂ ਕੋਲ ਸੀ। ਧੀਰ ਮੱਲ ਆਪ ਤਾਂ 16 ਨਵੰਬਰ 1677 ਦੇ ਦਿਨ ਔਰੰਗਜ਼ੇਬ ਦੀ ਕੈਦ ਵਿਚ ਮਰ ਚੁੱਕਾ ਸੀ ਤੇ ਉਸ ਦੇ ਵੱਡੇ ਪੁੱਤਰ ਰਾਮ ਚੰਦ ਨੂੰ 24 ਜੁਲਾਈ 1678 ਦੇ ਦਿਨ ਔਰੰਗਜ਼ੇਬ ਨੇ ਚਾਂਦਨੀ ਚੌਕ ਦਿੱਲੀ ਵਿਚ ਕਤਲ ਕਰਵਾ ਦਿੱਤਾ ਸੀ। ਰਾਮ ਚੰਦ ਮਗਰੋਂ ਉਸ ਦਾ ਛੋਟਾ ਭਰਾ, ਭਾਰ ਮੱਲ, ਧੀਰ ਮੱਲ ਦਾ ਵਾਰਿਸ ਬਣਿਆ। 9 ਅਗਸਤ 1678 ਵਿਚ ਰਾਮ ਚੰਦ ਦੀ ਅੰਤਿਮ ਰਸਮ ’ਤੇ ਗੁਰੂ ਸਾਹਿਬ ਨੇ ਭਾਈ ਮਨੀ ਸਿੰਘ ਨੂੰ ਬਕਾਲਾ ਭੇਜਿਆ। ਰਸਮ ਪੂਰੀ ਹੋਣ ਮਗਰੋਂ ਭਾਈ ਮਨੀ ਸਿੰਘ ਨੇ ਭਾਰ ਮੱਲ ਨੂੰ ਆਖਿਆ ਕਿ ਗੁਰੂ ਸਾਹਿਬ ਨਵਾਂ ਸਰੂਪ ਤਿਆਰ ਕਰਨਾ ਚਾਹੁੰਦੇ ਹਨ, ਇਸ ਕਰ ਕੇ ਉਹ ਕੁਝ ਦਿਨਾਂ ਵਾਸਤੇ “ਆਦਿ ਬੀੜ” ਦੇ ਦੇਵੇ। ਭਾਰ ਮੱਲ ਨੇ ਬੀੜ ਚੱਕ ਨਾਨਕੀ ਭੇਜਣ ਵਾਸਤੇ ਅਸਿੱਧੇ ਤਰੀਕੇ ਨਾਲ ਨਾਂਹ ਕਰ ਦਿੱਤੀ ਅਤੇ ਆਖਿਆ ਕਿ ਮੈਂ ਹੁਣ ਬਕਾਲਾ ਛੱਡ ਕੇ ਕਰਤਾਰਪੁਰ (ਜਲੰਧਰ) ਰਹਿਣ ਲੱਗ ਪੈਣਾ ਹੈ। ਗੁਰੂ ਸਾਹਿਬ ਕਿਸੇ ਨੂੰ ਉੱਥੇ ਭੇਜ ਕੇ “ਆਦਿ ਬੀੜ” ਦਾ ਉਤਾਰਾ ਕਰਵਾ ਲੈਣ। ਇਸ ਮਗਰੋਂ ਗੁਰੂ ਸਾਹਿਬ ਭਾਈ ਮਨੀ ਰਾਮ (ਭਾਈ ਮਨੀ ਸਿੰਘ) ਨੇ ਗੁਰੂ ਸਾਹਿਬ ਦੀ ਹਦਾਇਤ ’ਤੇ ਗੁਰੂ ਤੇਗ਼ ਬਹਾਦਰ ਸਾਹਿਬ ਦੀ  ਬਾਣੀ ਸ਼ਾਮਿਲ ਕਰਵਾ ਕੇ ਦਮਦਮੀ ਸਰੂਪ ਤਿਆਰ ਕੀਤਾ। ਕਿਉਂਕਿ ਇਹ ਸਰੂਪ ਦਮਦਮਾ ਸਾਹਿਬ (ਚੱਕ ਨਾਨਕੀ) ਵਿਚ ਮੁਕੰਮਲ ਕੀਤਾ ਗਿਆ ਸੀ ਇਸ ਕਰ ਕੇ ਇਸ ਨੂੰ ‘ਦਮਦਮੀ ਬੀੜ’ ਨਾਂ ਦਿੱਤਾ ਗਿਆ ਸੀ।

ਫ਼ੌਜ ਦੀ ਤਿਆਰੀ ਤੇ ‘ਰਣਜੀਤ ਨਗਾਰਾ’
ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਿੱਖਾਂ ਨੂੰ ਫ਼ੌਜੀ ਪੱਖੋਂ ਵੀ ਜਥੇਬੰਦ ਕਰਨਾ ਸ਼ੁਰੂ ਕਰ ਦਿੱਤਾ। ਆਉਂਦੇ ਦਿਨਾਂ ਵਿਚ ਪੇਸ਼ ਹੋਣ ਵਾਲੇ ਮਸਲਿਆਂ ਨੂੰ ਸਾਹਵੇਂ ਰਖਦਿਆਂ ਗੁਰੂ ਸਾਹਿਬ ਨੇ ਚੱਕ ਨਾਨਕੀ ਵਿਚ ਖਾਲਸਾ ਫ਼ੌਜ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ। ਬਹੁਤ ਸਾਰੇ ਨੌਜਵਾਨ ਗੁਰੂ ਸਾਹਿਬ ਦੀ ਸੇਵਾ ਵਿਚ ਹਾਜ਼ਿਰ ਹੋ ਗਏ। ਉਨ੍ਹਾਂ ਨੂੰ ਹਰ ਤਰ੍ਹਾਂ ਦੀ ਫ਼ੌਜੀ ਸਿਖਲਾਈ ਦਿੱਤੀ ਗਈ। ਫ਼ਰਵਰੀ ਵਿਚ ਗੁਰੂ ਸਾਹਿਬ ਨੇ ਇਕ ਨਗਾਰਾ ਵੀ ਤਿਆਰ ਕਰਵਾਉਣਾ ਸ਼ੁਰੂ ਕਰ ਦਿੱਤਾ। ਮਾਰਚ 1680 ਦੇ ਸ਼ਰੂ ਵਿਚ ਇਹ ‘ਰਣਜੀਤ ਨਗਾਰਾ’ ਤਿਆਰ ਹੋ ਗਿਆ। 5 ਮਾਰਚ 1680 ਤੋਂ ਹਰ ਦੀਵਾਨ ਦੇ ਮੌਕੇ ’ਤੇ ਇਹ ਨਗਾਰਾ ਵਜਾਇਆ ਜਾਣ ਲਗ ਪਿਆ। ਇਸ ਦੇ ਨਾਲ ਹੀ ਗੁਰੂ ਸਾਹਿਬ ਨੇ ਸਿੱਖਾਂ ਨੂੰ ਹੁਕਮਨਾਮੇ ਭੇਜੇ ਤੇ ਆਖਿਆ ਕਿ ਜਿਹੜਾ ਵੀ ਸਿੱਖ ਚੱਕ ਨਾਨਕੀ ਆਵੇ, ਉਹ ਆਪਣੇ ਨਾਲ ਚੰਗੇ ਘੋੜੇ, ਚੰਗੇ ਹਥਿਆਰਾਂ ਅਤੇ ਚੰਗੇ ਗ੍ਰੰਥਾਂ ਦੀ ਭੇਟਾ ਲੈ ਕੇ ਆਵੇ। ਆਉਣ ਵਾਲੇ ਸਾਲਾਂ ਵਿਚ ਚੱਕ ਨਾਨਕੀ  ਵਿਚ ਵਧੀਆ ਤੋਂ ਵਧੀਆ ਗ੍ਰੰਥ, ਵਧੀਆ ਨਸਲ ਦੇ ਘੋੜੇ ਤੇ ਹਰ ਤਰ੍ਹਾਂ ਦੇ ਹਥਿਆਰ ਪਹੁੰਚ ਚੁੱਕੇ ਸਨ।
ਤ੍ਰਿਪੁਰਾ ਦੇ ਰਾਜੇ ਦਾ ਚੱਕ ਨਾਨਕੀ ਆਉਣਾ

ਜਦੋਂ 1668 ਦੇ ਸ਼ੁਰੂ ਵਿਚ ਗੁਰੂ ਤੇਗ਼ ਬਹਾਦਰ ਸਾਹਿਬ ਰਾਜਾ ਰਾਮ ਸਿੰਹ ਦੇ ਨਾਲ ਅਸਾਮ ਗਏ ਸਨ ਤਾਂ ਉੱਥੇ ਤ੍ਰਿਪੁਰਾ ਤੇ ਜੈਂਤੀਆ ਦਾ ਰਾਜਾ ਰਾਮ ਸਿੰਹ ਵੀ ਗੁਰੂ ਸਾਹਿਬ ਨੂੰ ਮਿਲਿਆ। ਉਸ ਦੀ ਦੂਜੀ ਸ਼ਾਦੀ ਨੂੰ ਵੀ ਕਾਫ਼ੀ ਸਾਲ ਹੋ ਗਏ ਸਨ ਪਰ ਉਸ ਦੇ ਘਰ ਕੋਈ ਬੱਚਾ ਨਹੀਂ ਸੀ ਹੋਇਆ। ਉਸ ਨੇ ਗੁਰੂ ਸਾਹਿਬ ਤੋਂ ਅਸ਼ੀਰਵਾਦ ਮੰਗੀ। ਗੁਰੂ ਸਾਹਿਬ ਨੇ ਉਸ ਨੂੰ ਕਿਹਾ ਕਿ ਕਿਸੇ ਦੀ ਅਸ਼ੀਰਵਾਦ ਨਾਲ ਮੁਰਾਦਾਂ ਪੂਰੀਆਂ ਨਹੀਂ ਹੁੰਦੀਆਂ। ਇਹ ਸਭ ਕੁਝ ਵਾਹਿਗੁਰੂ ਦੇ ਭਾਣੇ ਵਿਚ ਹੈ, ਇਸ ਕਰ ਕੇ ਉਸ ਅੱਗੇ ਅਰਦਾਸਿ ਕਰ, ਅਤੇ ਜੇ ਉਨ੍ਹਾਂ ਦੀ ਮਿਹਰ ਹੋਈ ਤਾਂ ਤੇਰੀ ਮੁਰਾਦ ਜ਼ਰੂਰ ਪੂਰੀ ਹੋਵੇਗੀ। ਸਾਲ ਦੇ ਆਖ਼ੀਰ ’ਚ ਰਾਜਾ ਰਾਮ ਸਿੰਹ ਦੇ ਘਰ ਬੇਟਾ ਪੈਦਾ ਹੋਇਆ। ਉਸ ਨੇ ਉਸ ਬੱਚੇ ਦਾ ਨਾਂ ਰਤਨ ਰਾਏ ਰੱਖਿਆ। 1680 ਵਿਚ ਰਾਜਾ ਰਾਮ ਸਿੰਹ ਦੀ ਮੌਤ ਹੋ ਗਈ। ਹੁਣ ਤ੍ਰਿਪੁਰਾ ਦੀ ਗੱਦੀ ’ਤੇ ਰਤਨ ਰਾਏ ਬੈਠਾ (ਉਸ ਦਾ ਨਾਂ ਰਤਨ ਮਨਕੀਯਾ ਲਿਖਿਆ ਵੀ ਮਿਲਦਾ ਹੈ)। ਰਾਜਾ ਰਤਨ ਰਾਏ ਦੀ ਮਾਂ ਨੇ ਉਸ ਨੂੰ ਸਿੱਖ ਧਰਮ ਦੀ ਸਿੱਖਿਆ ਦਿੱਤੀ। ਉਹ ਰਤਨ ਰਾਏ ਨੂੰ ਗੁਰੂ ਤੇਗ਼ ਬਹਾਦਰ ਸਾਹਿਬ ਦੀਆਂ ਗੱਲਾਂ ਸੁਣਾਉਂਦੀ ਰਹਿੰਦੀ ਸੀ। ਇਕ ਦਿਨ ਰਤਨ ਰਾਏ ਨੇ ਆਪਣੀ ਮਾਂ ਨੂੰ ਕਿਹਾ ਕਿ ਮੈਂ ਗੁਰੂ ਤੇਗ਼ ਬਹਾਦਰ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ। ਉਸ ਦੀ ਮਾਂ ਨੇ ਉਸ ਨੂੰ ਦੱਸਿਆ ਕਿ ਉਹ ਗੁਰੂ ਸਾਹਿਬ ਤਾਂ 1675 ਵਿਚ ਸ਼ਹੀਦ ਕਰ ਦਿੱਤੇ ਗਏ ਸਨ। ਜਦੋਂ ਰਤਨ ਰਾਏ ਨੂੰ ਗੁਰੂ ਸਾਹਿਬ ਦੀ ਸ਼ਹੀਦੀ  ਦਾ ਪਤਾ ਲੱਗਾ ਤਾਂ ਉਹ ਫੁਟ-ਫੁਟ ਕੇ ਰੋ ਪਿਆ। ਉਸ ਦੀ ਮਾਂ ਨੇ ਉਸ ਨੂੰ ਹੌਸਲਾ ਦਿੱਤਾ ਤੇ ਦੱਸਿਆ ਕਿ ਭਾਵੇਂ ਨੌਂਵੇਂ ਗੁਰੂ ਜਿਮਮਾਨੀ ਤੌਰ ’ਤੇ ਹਾਜ਼ਿਰ ਨਹੀਂ ਹਨ ਪਰ ਉਨ੍ਹਾਂ ਦੀ ਰੂਹ ਉਨ੍ਹਾਂ ਦੇ ਬੇਟੇ ਦਸਵੇਂ ਗੁਰੂ ਵਿਚ ਪ੍ਰਕਾਸ਼ ਕਰਦੀ ਹੈ। ਇਸ ’ਤੇ ਰਾਜਾ ਰਤਨ ਰਾਏ ਨੇ ਆਪਣੀ ਮਾਂ ਨੂੰ ਆਖਿਆ ਕਿ ਮੈਨੂੰ ਦਸਵੇਂ ਗੁਰੂ ਸਾਹਿਬ ਦੇ ਦਰਸ਼ਨ ਕਰਵਾ ਦਿਓ।

ਰਾਜਾ ਰਤਨ ਰਾਏ ਨੇ ਚੱਕ ਨਾਨਕੀ ਆਉਣ ਵਾਸਤੇ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ। ਉਸ ਬਾਰ੍ਹਾਂ ਸਾਲ ਦੇ ਬਾਲਕ ਨੇ ਕੁਝ ਤੋਹਫ਼ੇ ਲਿਜਾਣ ਬਾਰੇ ਸੋਚਿਆ। ਇਨ੍ਹਾਂ ਤੋਹਫ਼ਿਆਂ ਵਿਚ ਇਕ ਹਾਥੀ ਵੀ ਸੀ। ਇਹ ਹਾਥੀ ਕੋਲੇ ਵਰਗਾ ਕਾਲੇ ਰੰਗ ਦਾ ਸੀ ਤੇ ਇਸ ਦੀ ਸੁੰਡ ਤੋਂ ਪੂਛ ਤਕ ਇਕ ਸਫ਼ੈਦ ਧਾਰੀ ਸੀ। ਰਤਨ ਰਾਏ ਨੇ ਇਕ ਪੰਚ ਕਲਾ ਹਥਿਆਰ ਵੀ ਤਿਆਰ ਕਰਵਾਇਆ। ਇਸ ਦੀਆਂ ਕਲਾਂ ਮਰੋੜਨ ਨਾਲ ਇਹ ਪਸਤੌਲ, ਗੁਰਜ, ਬਰਛੀ, ਤਲਵਾਰ ਤੇ ਨੇਜ਼ਾ ਬਣ ਜਾਂਦਾ ਸੀ। ਰਤਨ ਰਾਏ ਨੇ ਇਕ ਚੰਨਣ ਦੀ ਚਾਰ ਪੁਤਲੀਆਂ ਵਾਲੀ ਚੌਕੀ, ਸੋਨੇ ਦਾ ਚਿਤਰਦਾਰ ਕਟੋਰਾ, ਜਿਗਹ, ਕਲਗ਼ੀ, ਮੋਤੀਆਂ ਦੀ ਖ਼ੂਬਸੂਰਤ ਮਾਲਾ ਵੀ ਤਿਆਰ ਕਰਵਾਈ। ਇਹ ਸਾਰੀਆਂ ਚੀਜ਼ਾ ਇਕੱਠੀਆਂ ਕਰਨ ਦੇ ਨਾਲ-ਨਾਲ ਰਤਨ ਰਾਏ ਨੇ ਪਰਸਾਦੀ ਹਾਥੀ ਨੂੰ ਕਈ ਤਰ੍ਹਾਂ ਵੀ ਸਿਖਲਾਈ ਵੀ ਦਿੱਤੀ।

ਰਾਜਾ ਰਤਨ ਰਾਏ ਆਪਣੀ ਮਾਂ ਤੇ ਕੁਝ ਦਰਬਾਰੀਆਂ ਨੂੰ ਲੈ ਕੇ 12 ਅਕਤੂਬਰ 1680 ਦੇ ਦਿਨ ਚੱਕ ਨਾਨਕੀ ਪੁੱਜਾ। ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨ ਕਰ ਕੇ ਬਹੁਤ ਖ਼ੁਸ਼ ਹੋਇਆ। ਉਸ ਵੇਲੇ ਰਤਨ ਰਾਏ ਸਿਰਫ਼ 12 ਸਾਲ ਦਾ ਸੀ। ਰਤਨ ਰਾਏ ਨੇ ਆਪਣੇ ਤੋਹਫ਼ੇ ਗੁਰੂ ਸਾਹਿਬ ਨੂੰ ਭੇਟ ਕੀਤੇ। ਜਦੋਂ ਉਸ ਨੇ ਹਾਥੀ ਨੂੰ ਨੇੜੇ ਲਿਆਂਦਾ ਤਾਂ ਹਾਥੀ ਨੇ ਆਪਣੀ ਸੁੰਡ ਨਾਲ ਲੋਟਾ (ਜੱਗ) ਚੁੱਕ ਕੇ ਗੁਰੂ ਸਾਹਿਬ ਦੇ ਪੈਰ ਧੋਤੇ। ਫਿਰ ਤੌਲੀਏ ਨਾਲ ਗੁਰੂ ਸਾਹਿਬ ਦੇ ਪੈਰ ਪੂੰਝੇ ਤੇ ਉਨ੍ਹਾਂ ਦੇ ਮੌਜੇ ਸਿੱਧੇ ਕਰ ਕੇ ਰੱਖੇ। ਇਸ ਮਗਰੋਂ ਹਾਥੀ ਨੇ ਆਪਣੀ ਸੁੰਡ ਨਾਲ ਗੁਰੂ ਸਾਹਿਬ ਦੇ ਸਿਰ ’ਤੇ ਚੌਰ ਤੇ ਪੱਖਾ ਝੁਲਾਏ। ਜਦੋਂ ਗੁਰੂ ਸਾਹਿਬ ਨੇ ਇਕ ਤੀਰ ਚਲਾਇਆ ਤਾਂ ਹਾਥੀ ਉਸ ਤੀਰ ਨੂੰ ਚੁੱਕ ਲਿਆਇਆ। ਸ਼ਾਮਾਂ ਵੇਲੇ ਹਾਥੀ ਨੇ ਆਪਣੀ ਸੁੰਡ ਨਾਲ ਬਲਦੀ ਮਿਸ਼ਾਲ ਚੁੱਕ ਕੇ ਗੁਰੂ ਸਾਹਿਬ ਨੂੰ ਰਾਹ ਦਿਖਾਇਆ ਅਤੇ ਹੋਰ ਅਨੇਕਾਂ ਕਰਤਬ ਦਿਖਾਏ। ਰਤਨ ਰਾਏ ਨੇ ਪੰਚ ਕਲਾ ਸ਼ਸਤਰ ਵੀ ਗੁਰੂ ਸਾਹਿਬ ਨੂੰ ਚਲਾ ਕੇ ਦਿਖਾਇਆ।

ਗੁਰੂ ਸਾਹਿਬ ਰਤਨ ਰਾਏ ਦੇ ਪਿਆਰ’ਤੇ ਬੜੇ ਵਿਗਸੇ। ਉਨ੍ਹਾਂ ਉਸ ਨੂੰ ਪੁੱਛਿਆ ਕਿ ਮੈਂ ਤੇਰੇ ਵਾਸਤੇ ਕੀ ਕਰ ਸਕਦਾ ਹਾਂ? ਰਾਜਾ ਰਤਨ ਰਾਏ ਨੇ ਗੁਰੂ ਸਾਹਿਬ ਤੋਂ ਸਿੱਖੀ ਦੀ ਦਾਤ ਮੰਗੀ। ਰਤਨ ਰਾਏ ਚੱਕ ਨਾਨਕੀ ਵਿਚ ਏਨਾ ਖ਼ੁਸ਼ ਸੀ ਕਿ ਉਸ ਦਾ ਵਾਪਿਸ ਤ੍ਰਿਪੁਰਾ ਜਾਣ ਨੂੰ ਦਿਲ ਨਹੀਂ ਕਰਦਾ ਸੀ। ਅਖ਼ੀਰ ਪੰਜ ਮਹੀਨੇ ਬੀਤ ਜਾਣ ਮਗਰੋਂ ਗੁਰੂ ਸਾਹਿਬ ਨੇ ਉਸ ਨੂੰ ਆਖਿਆ ਕਿ ਉਹ ਵਾਪਿਸ ਤ੍ਰਿਪੁਰਾ ਜਾ ਕੇ ਆਪਣੀ ਰਿਆਸਤ ਦੀ ਵਾਗ-ਡੋਰ ਸੰਭਾਲੇ। ਜਾਣ ਤੋਂ ਪਹਿਲਾਂ ਗੁਰੂ ਸਾਹਿਬ ਨੇ ਉਸ ਨੂੰ ਕਈ ਕੀਮਤੀ ਤੋਹਫ਼ੇ ਦਿੱਤੇ। ਉਸ ਦੀ ਅਰਜ਼ ’ਤੇ ਗੁਰੂ ਸਾਹਿਬ ਨੇ ਇਕ ਸੌ ਦੇ ਕਰੀਬ ਸਿੱਖ ਫ਼ੌਜੀ ਵੀ ਉਸ ਦੇ ਨਾਲ ਭੇਜੇ। (ਇਨ੍ਹਾਂ ਸਿੱਖਾਂ ਦੀਆਂ ਨਸਲਾਂ ਅੱਜ ਵੀ ਉੱਥੇ ਹੀ ਰਹਿ ਰਹੀਆਂ ਹਨ)।

ਚੱਕ ਨਾਨਕੀ ’ਚ ਕਵੀ ਤੇ ਵਿਦਵਾਨ
ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਿੱਥੇ ਚੰਗੀ ਫ਼ੌਜ ਬਣਾ ਲਈ ਸੀ ਅਤੇ ਚੰਗੇ ਘੋੜੇ ਤੇ ਚੰਗੇ ਹਥਿਆਰ ਇਕੱਠੇ ਕਰ ਲਏ ਸਨ ਅਤੇ ‘ਰਣਜੀਤ ਨਗਾਰਾ’ ਵਜਾਉਣਾ ਸ਼ੁਰੂ ਕਰ ਦਿੱਤਾ ਸੀ, ਉੱਥੇ ਚੱਕ ਨਾਨਕੀ ਨੂੰ ਵਿਦਵਾਨਾਂ, ਸ਼ਾਇਰਾਂ ਅਤੇ ਫ਼ਨਕਾਰਾਂ ਦਾ ਸੈਂਟਰ ਵੀ ਬਣਾ ਲਿਆ ਸੀ। ਗੁਰੂ ਸਾਹਿਬ ਦੇ ਦਰਬਾਰ ਵਿਚ ਅੰਮ੍ਰਿਤ ਰਾਏ ਅਤੇ ਭਾਈ ਨੰਦ ਲਾਲ ਵਰਗੇ ਕਮਾਲ ਦੇ ਸ਼ਾਇਰ ਵੀ ਆ ਚੁੱਕੇ ਸਨ। ਭਾਈ ਨੰਦ ਲਾਲ ਚੱਕ ਨਾਨਕੀ ਵਿਚ ਮਾਰਚ 1682 ਵਿਚ ਆਇਆ ਸੀ। ਇਸ ਮਗਰੋਂ ਹੋਰ ਵੀ ਦਰਜਨਾਂ ਸ਼ਾਇਰ ਤੇ ਕਲਾਕਾਰ ਗੁਰੂ ਸਾਹਿਬ ਦੇ ਦਰਬਾਰ ’ਚ ਸ਼ਾਮਿਲ ਹੋਏ ਸਨ। ਅਗਲੇ ਤਿੰਨ ਸਾਲ ਚੱਕ ਨਾਨਕੀ ਵਿਚ ਫ਼ੌਜੀ ਮਸ਼ਕਾਂ ਅਤੇ ਕਵੀ ਦਰਬਾਰਾਂ ਦੀ ਰੌਣਕ ਬਣੀ ਰਹੀ। ਕਵੀ ਦਰਬਾਰਾਂ ਵਿਚ ਬਹੁਤ ਸਾਰੇ ਕਵੀ (ਇਕ ਰਿਵਾਇਤ ਮੁਤਾਬਿਕ 52 ਕਵੀ) ਤੇ ਬਹੁਤ ਸਾਰੇ ਹੋਰ ਫ਼ਨਕਾਰ ਹਾਜ਼ਿਰ ਹੋਇਆ ਕਰਦੇ ਸਨ। ਇਸ ਦੌਰਾਨ 3 ਮਾਰਚ 1683 ਦੇ ਦਿਨ ਗੁਰੂ ਸਾਹਿਬ ਨੇ ਚੱਕ ਨਾਨਕੀ ਵਿਚ ਹੋਲਾ ਮਹੱਲਾ ਮਨਾਇਆ। ਇਸ ਮੌਕੇ ’ਤੇ ਘੋੜ-ਦੌੜ, ਕੁਸ਼ਤੀਆਂ, ਗਤਕਾ ਅਤੇ ਮਸਨੂਹੀ ਲੜਾਈਆਂ ਦੇ ਮੁਕਾਬਲੇ ਕਰਵਾਏ ਗਏ। ਇਸ ਰਸਮ ਨੂੰ ਹਿੰਦੂ ਤਿਉਹਾਰ ਹੋਲੀ ਦੇ ਦਿਨਾਂ ਵਿਚ ਸ਼ੁਰੂ ਕਰਨ ਦਾ ਮਕਸਦ ਇਕ ਪਾਸੇ ਤਾਂ ਲੋਕਾਂ ਨੂੰ ਹੋਲੀ ਵਿਚ ਰੰਗ ਪਾਉਣ ਦੀ ਬੇਹੂਦਾ ਤੇ ਬੇਮਾਅਨਾ ਰਸਮ ਤੋਂ ਹਟਾਉਣਾ ਸੀ ਤੇ ਦੂਜੇ ਪਾਸੇ ਸਿੱਖਾਂ ਨੂੰ ਜਿਸਮਾਨੀ ਤੇ ਫ਼ੌਜੀ ਪੱਖੋਂ ਤਕੜੇ ਕਰਨਾ ਵੀ ਸੀ।

ਪਾਉਂਟਾ ਨਗਰ ਦੀ ਨੀਂਹ ਰੱਖਣਾ
ਇਨ੍ਹਾਂ ਦਿਨਾਂ ਵਿਚ ‘ਚੱਕ ਨਾਨਕੀ’ ਇਕ ਅਹਿਮ ਨਗਰ ਬਣ ਚੁਕਾ ਸੀ। ਇਸ ਨੂੰ ਵੇਖ ਕੇ ਕੁਝ ਪਹਾੜੀ ਰਾਜੇ ਈਰਖਾ ਕਰਨ ਲੱਗ ਪਏ ਸਨ। ਬਿਲਾਸਪੁਰ ਦਾ ਰਾਜਾ ਭੀਮ ਚੰਦ ਵੀ ਗੁਰੂ ਸਾਹਿਬ ਨਾਲ ਵਿੱਟਰ ਗਿਆ ਸੀ। ਉਹ ਇਸ ਕਰ ਕੇ ਨਾਰਾਜ਼ ਹੋ ਗਿਆ ਸੀ ਕਿਉਂਕਿ ਗੁਰੂ ਸਾਹਿਬ ਨੇ ਉਸ ਦੇ ਮੰਗਣ ’ਤੇ ਪਰਸਾਦੀ ਹਾਥੀ ਨਹੀਂ ਸੀ ਦਿੱਤਾ। ਉਸ ਨੇ ‘ਚੱਕ ਨਾਨਕੀ’ ਵੱਲ ਵੀ ਕੈਰੀ ਨਿਗਾਹ ਨਾਲ ਵੇਖਣਾ ਸ਼ੁਰੂ ਕਰ ਦਿੱਤਾ। ਇਸ ਹਾਲਤ ਵਿਚ, ਇੱਤਫ਼ਾਕਨ, 1685 ਦੇ ਸ਼ੁਰੂ ਵਿਚ, ਨਾਹਨ  ਦੇ ਰਾਜੇ ਮੇਦਨੀ ਪ੍ਰਕਾਸ਼ ਨੇ ਗੁਰੂ ਸਾਹਿਬ ਨੂੰ ਆਪਣੀ ਰਿਆਸਤ ਵਿਚ ਦਰਸ਼ਨ ਦੇਣ ਦੀ ਅਰਜ਼ ਕੀਤੀ। 14 ਅਪ੍ਰੈਲ 1685 ਦੇ ਦਿਨ ਗੁਰੂ ਸਾਹਿਬ ਨਾਹਨ ਪੁੱਜੇ। ਨਾਹਨ ਦੇ ਰਾਜੇ ਨੇ ਗੁਰੂ ਸਾਹਿਬ ਨੂੰ ਤਹਿ-ਦਿਲੋਂ ‘ਜੀ ਆਇਆ’ ਆਖਿਆ। ਗੁਰੂ ਸਾਹਿਬ ਕੁਝ ਦਿਨ ਨਾਹਨ ਦੇ ਰਾਜੇ ਦੇ ਮਹਲ ਵਿਚ ਠਹਿਰੇ ਅਤੇ ਇਲਾਕੇ ਦੀਆਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਦੌਰਾਨ ਰਾਜੇ ਨੇ ਗੁਰੂ ਸਾਹਿਬ ਨੂੰ ਅਰਜ਼ ਕੀਤੀ ਕਿ ਉਹ ਉਸ ਦੀ ਰਿਆਸਤ ਵਿਚ ਨਿਵਾਸ ਰੱਖਣ। ਗੁਰੂ ਸਾਹਿਬ ਨੇ ਉਸ ਦੇ ਜਜ਼ਬਾਤ ਵੇਖਦੇ ਹੋਏ ਰਿਆਸਤ ਦਾ ਦੌਰਾ ਕੀਤਾ ਅਤੇ ਦਰਿਆ ਜਮਨਾ ਦੇ ਕੰਢੇ ਮੌਜੂਦਾ ਪਾਉਂਟਾ ਵਾਲੀ ਜਗ੍ਹਾ ’ਤੇ ਇਕ ਨਵਾਂ ਨਗਰ ਵਸਾਉਣ ਦਾ ਫ਼ੈਸਲਾ ਕੀਤਾ। ਪਾਉਂਟਾ ਦੀ ਨੀਂਹ ਗੁਰੂ ਸਾਹਿਬ ਨੇ 29 ਅਪਰੈਲ 1685 ਦੇ ਦਿਨ, ਦੀਵਾਨ ਨੰਦ ਚੰਦ ਸੰਘਾ ਕੋਲੋਂ ਅਰਦਾਸ ਕਰਵਾ ਕੇ, ਭਾਈ ਰਾਮ ਕੁੰਵਰ (ਖੰਡੇ ਦੀ ਪਾਹੁਲ ਮਗਰੋਂ ਭਾਈ ਗੁਰਬਖਸ਼ ਸਿੰਘ) ਦੇ ਹੱਥੋਂ ਮੋੜ੍ਹੀ ਗਡਵਾ ਕੇ ਰਖਵਾਈ। ਗੁਰੂ ਸਾਹਿਬ ਅਗਲੇ ਤਿੰਨ ਸਾਲ ਪੰਜ ਮਹੀਨੇ ਪਾਉਂਟਾ ਸਾਹਿਬ ਵਿਚ ਠਹਿਰੇ।

ਇੱਥੇ 11 ਮਈ 1685 ਦੇ ਦਿਨ ਰਾਮ ਰਾਇ (ਜਿਸ ਨੂੰ ਗੁਰੂ ਹਰਿ ਰਾਇ ਸਾਹਿਬ ਜੀ ਨੇ ਗੁਰਗੱਦੀ ਤੋਂ ਬੇਦਖ਼ਲ ਕਰ ਦਿਤਾ ਸੀ; ਉਸ ਨੂੰ ਸਿੱਖੀ ਤੋੰ ਖਾਰਿਜ ਨਹੀਂ ਕੀਤਾ ਸੀ) ਗੁਰੂ ਸਾਹਿਬ ਨੂੰ ਮਿਲਣ ਆਇਆ। ਉਸ ਨੇ ਗੁਰੂ ਜੀ ਤੋਂ ਆਪਣੀ ਭੁੱਲ ਬਖ਼ਸ਼ਵਾਈ ਅਤੇ ਮੁੜ ਪਰਵਾਰ ਵਿਚ ਸ਼ਾਮਿਲ ਹੋ ਗਿਆ (1687 ਵਿਚ ਰਾਮ ਰਾਏ ਦੀ ਮੌਤ ਹੋ ਗਈ)।

ਭੰਗਾਣੀ ਦੀ ਲੜਾਈ
ਇੱਥੇ ਰਹਿੰਦਿਆਂ, 18 ਸਿਤੰਬਰ 1688 ਦੇ ਦਿਨ, ਗੜ੍ਹਵਾਲ ਦੇ ਰਾਜੇ ਫ਼ਤੇ ਸ਼ਾਹ ਨੇ ਰਾਮਰਾਏ ਦੇ ਮਸੰਦ ਗੁਰਬਖ਼ਸ਼ ਦੇ ਭੜਕਾਉਣ ’ਤੇ ਗੁਰੂ ਜੀ ’ਤੇ ਹਮਲਾ ਕਰ ਦਿੱਤਾ। ਇਸ ਮੌਕੇ ’ਤੇ ਪਿੰਡ ਭੰਗਾਣੀ ਵਿਚ ਬੜੀ ਜ਼ਬਰਦਸਤ ਜੰਗ ਹੋਈ। ਇਸ ਲੜਾਈ ਵਿਚ ਗੁਰੂ ਸਾਹਿਬ ਨੇ ਫ਼ਤਹਿ ਸ਼ਾਹ ਦੀਆਂ ਫੌਜਾਂ ਨੂੰ ਬੁਰੀ ਤਰ੍ਹਾਂ ਸ਼ਿਕਸਤ ਦਿੱਤੀ। ਇਸ ਲੜਾਈ ਵਿਚ ਕੁਝ ਸਿੱਖ ਵੀ ਸ਼ਹੀਦ ਹੋਏ।

ਇਸ ਬਾਰੇ ਭੱਟ ਵਹੀਆਂ ਵਿਚ ਇਸ ਦਾ ਜ਼ਿਕਰ ਇੰਞ ਮਿਲਦਾ ਹੈ :
“ਊਦੀਆ ਬੇਟਾ ਖੇਮੇ ਚੰਦਨੀਏ ਕਾ, ਰਮਾਨਾਂ, ਗੁਰੂ ਕੀ ਬੂਆ ਕੇ ਬੇਟੇ ਸੰਗੋ ਸ਼ਾਹ, ਜੀਤ ਮੱਲ ਬੇਟੇ ਸਾਧੂ ਕੇ ਪੋਤੇ ਧਰਮੇ ਖੋਸਲੇ ਖਤਰੀ ਕੇ ਗੈਲ ਰਨ ਭੂਮੀ ਮੇਂ ਆਏ। ਸਾਲ ਸਤਰਾਂ ਸੈ ਪੈਂਤਾਲੀਸ ਅਸੁਜ ਪ੍ਰਵਿਸ਼ਟੇ ਅਠਾਰਾਂ, ਭੰਗਾਣੀ ਕੇ ਮਲ੍ਹਾਨ ਜਮਨਾ ਗਿਰੀ ਕੇ ਮਧਿਆਨ, ਰਾਜ ਨਾਹਨ, ਏਕ ਘਰੀ ਦਿਹੁੰ ਖਲੇ ਜੂਝੰਤੇ ਸੂਰਿਓਂ ਗੈਲ ਸਾਮੇਂ੍ਹ ਮਾਥੇ ਜੂਝ ਕਰ ਮਰਾ, ਗੈਲੋਂ ਹਠੀ ਚੰਦ ਬੇਟਾ ਮਾਈ ਦਾਸ ਕਾ….ਜਲ੍ਹਾਨਾ ਬਲਉਂਤ ਮਾਰਾ ਗਿਆ।” (ਭੱਟ ਵਹੀ ਮੁਲਤਾਨੀ ਸਿੰਧੀ, ਖਾਤਾ ਰਮਾਨਿਓਂ ਕਾ)

ਚੱਕ ਨਾਨਕੀ ਵੱਲ ਵਾਪਸੀ
ਭੰਗਾਣੀ ਦੀ ਲੜਾਈ ਵਿਚ ਗੁਰੂ ਸਹਿਬ ਦੀ ਸ਼ਾਨਦਾਰ ਜਿੱਤ ਮਗਰੋਂ ਬਿਲਾਸਪੁਰ ਦੇ ਰਾਜੇ ਭੀਮ ਚੰਦ ਨੂੰ ਅਹਿਸਾਸ ਹੋ ਗਿਆ ਕਿ ਜੇ ਕਰ ਗੁਰੂ ਸਾਹਿਬ ਫ਼ਤਹਿ ਸ਼ਾਹ ਵਰਗੇ ਰਾਜੇ ਨੂੰ ਹਰਾ ਸਕਦੇ ਹਨ ਤਾਂ ਉਨ੍ਹਾਂ ਦੀ ਫ਼ੌਜੀ ਤਾਕਤ ਦਾ ਫ਼ਾਇਦਾ ਉਠਾਉਣਾ ਚਾਹੀਦਾ ਹੈ। ਜੇ ਗੁਰੂ ਜੀ ਮੇਰੀ ਰਿਆਸਤ ਦੇ ਨੇੜੇ ਰਹੇ ਤਾਂ ਮੇਰੀ ਵੀ ਹਿਫ਼ਾਜ਼ਤ ਰਹੇਗੀ। ਇਸ ਖਿਆਲ ਨਾਲ ਉਹ ਹੁਣ ਮੁੜ ਗੁਰੂ ਸਾਹਿਬ ਦੇ ਨੇੜੇ ਆਉਣਾ ਚਾਹੁੰਦਾ ਸੀ। ਇਹ ਸੋਚ ਕੇ ਉਸ ਨੇ ਆਪਣੀ ਮਾਤਾ ਨੂੰ ਅਰਜ਼ ਕੀਤੀ ਕਿ ਉਹ ਗੁਰੂ ਸਾਹਿਬ ਨੂੰ ਖ਼ਤ ਲਿਖ ਕੇ ‘ਚੱਕ ਨਾਨਕੀ’ ਵਾਪਿਸ ਬੁਲਾ ਲਵੇ। ਇਸ ’ਤੇ ਬਿਲਾਸਪੁਰ ਦੀ ਰਾਣੀ ਚੰਪਾ ਨੇ ਕਈ ਖ਼ਤ ਲਿਖ ਕੇ ਗੁਰੂ ਸਾਹਿਬ ਨੇ ਅਰਜ਼ ਕੀਤੀ ਸੀ ਕਿ ਉਹ ਉਸ ਦੀ ਰਿਆਸਤ ਵਿਚ ਵਾਪਿਸ ਆ ਕੇ ਮੁੜ ਰੌਣਕਾਂ ਕਾਇਮ ਕਰਨ। ਪਾਉਂਟਾ ਸਾਹਿਬ ਵਿਚ ਹਾਜ਼ਰ ਸਿੰਘਾਂ ਨਾਲ ਵਿਚਾਰ ਕਰ ਕੇ ਗੁਰੂ ਸਾਹਿਬ ਨੇ ਚੱਕ ਨਾਨਕੀ ਜਾਣ ਦਾ ਫ਼ੈਸਲਾ ਕਰ ਲਿਆ। ਨਾਹਨ ਦੇ ਰਾਜੇ ਨੇ ਬੜੀ ਕੋਸ਼ਿਸ਼ ਕੀਤੀ ਕਿ ਗੁਰੂ ਜੀ ਨਾਹਨ ਰਿਆਸਤ ’ਚੋਂ ਨਾ ਜਾਣ ਪਰ ਆਪ ਨੇ ਉਸ ਨੂੰ ਦਿਲਾਸਾ ਦਿੱਤਾ ਤੇ ਤਿਆਰੀ ਸ਼ੁਰੂ ਕਰ ਦਿੱਤੀ।

ਆਪ 28 ਅਕਤੂਬਰ 1688 ਦੇ ਦਿਨ ਪਾਉਂਟਾ ਸਾਹਿਬ ਤੋਂ ਚੱਲੇ ਅਤੇ ਕਪਾਲ ਮੋਚਨ, ਲਾਹੜਪੁਰ, ਟੋਕਾ, ਦਾਬਰਾ, ਰਾਣੀ ਦਾ ਰਾਇਪੁਰ, ਢਕੌਲੀ, ਨਾਢਾ, ਮਨੀਮਾਜਰਾ, ਕੋਟਲਾ ਨਿਹੰਗ, ਘਨੌਲਾ, ਬੁੰਗਾ, ਅਟਾਰੀ, ਕੀਰਤਪੁਰ ਹੁੰਦੇ ਹੋਏ ਚੱਕ ਨਾਨਕੀ ਪਹੁੰਚ ਗਏ।

ਆਪ ਦੇ ਆਉਣ ਨਾਲ ਚੱਕ ਨਾਨਕੀ ਵਿਚ ਫੇਰ ਰੌਣਕਾਂ ਸ਼ੁਰੂ ਹੋ ਗਈਆਂ। ਰਾਣੀ ਚੰਪਾ ਨੂੰ ਜਦੋਂ ਗੁਰੂ ਸਾਹਿਬ ਦਾ ਨਾਹਨ ਰਿਆਸਤ ਤੋਂ ਚੱਕ ਨਾਨਕੀ ਆਉਣ ਦਾ ਪਤਾ ਲੱਗਾ ਤਾਂ ਉਹ ਬਹੁਤ ਖੁਸ਼ ਹੋਈ। ਉਹ ਕਈ ਸਾਲਾਂ ਤੋਂ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਤਾਂਘ ਰਹੀ ਸੀ। ਉਮਰ ਵੱਲੋਂ ਵੀ ਉਹ ਬਹੁਤ ਵਡੇਰੀ ਹੋ ਚੁੱਕੀ ਸੀ। ਜਿਉਂ ਹੀ ਉਸ ਨੂੰ ਗੁਰੂ ਸਾਹਿਬ ਦੇ ਆਉਣ ਦਾ ਪਤਾ ਲੱਗਾ, ਉਸ ਨੇ ਆਪਣੇ ਵਜ਼ੀਰ ਭੇਜ ਕੇ ਗੁਰੂ ਸਾਹਿਬ ਨੂੰ ਬਿਲਾਸਪੁਰ ਆਉਣ ਦੀ ਅਰਜ਼ ਕੀਤੀ। ਖ਼ਤ ਮਿਲਦਿਆਂ ਹੀ ਗੁਰੂ ਸਾਹਿਬ ਨੇ ਬਿਲਾਸਪੁਰ ਜਾਣ ਦਾ ਫ਼ੈਸਲਾ ਕੀਤਾ। ਜਦੋਂ ਰਾਣੀ ਨੂੰ ਗੁਰੂ ਸਾਹਿਬ ਦੇ ਆਉਣ ਦਾ ਪਤਾ ਲੱਗਾ ਤਾਂ ਉਹ ਆਪਣੇ ਪੁੱਤਰ ਰਾਜਾ ਭੀਮ ਚੰਦ ਨੂੰ ਲੈ ਕੇ ਗੁਰੂ ਸਾਹਿਬ ਨੂੰ ਜੀ ਆਇਆਂ ਆਖਣ ਵਾਸਤੇ ਨਗਰ ਦੇ ਦਰਵਾਜ਼ੇ ਤਕ ਪਹੁੰਚੀ। ਪੰਜ ਦਿਨ ਗੁਰੂ ਜੀ ਬਿਲਾਸਪੁਰ ਰਹੇ ਤੇ ਫੇਰ ਚੱਕ ਨਾਨਕੀ ਪਰਤ ਆਏੇ।

ਅਨੰਦਪੁਰ ਦੀ ਨੀਂਹ ਰਖਣਾ
ਚੱਕ ਨਾਨਕੀ ਪਰਤਣ ਮਗਰੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਸ ਪਿੰਡ ਦੇ ਨਾਲ ਹੀ ਇਕ ਨਵੇਂ ਨਗਰ ਦਾ ਮੁੱਢ ਬੰਨ੍ਹਿਆ। ਇਸ ਸਬੰਧੀ “ਬਚਿਤ੍ਰ ਨਾਟਕ” ਦਾ ਲੇਖਕ (ਇਹ ਲੇਖਕ ਗੁਰੂ ਗੋਬਿੰਦ ਸਿੰਘ ਨਹੀਂ ਹਨ) ਇੰਞ ਜ਼ਿਕਰ ਕਰਦਾ ਹੈ :

ਜੁਧ ਜੀਤ ਆਏ ਜਬੈ, ਟਿਕੈ ਨਾ ਤਿਨ ਪੁਰ ਪਾਂਵ॥
ਕਾਹਲੂਰ ਮੈਂ ਬਾਂਧਿਯੋ ਆਨ ਅਨੰਦਪੁਰ ਗਾਂਵ॥

ਇਸ ਬੰਦ ਦਾ ਸਾਫ਼ ਮਤਲਬ ਨਿਕਲਦਾ ਹੈ ਕਿ ਅਨੰਦਪੁਰ ਸਾਹਿਬ ਨੂੰ ਭੰਗਾਣੀ ਦੀ ਲੜਾਈ (18 ਸਿਤੰਬਰ 1688) ਦੇ ਖ਼ਤਮ ਹੋਣ ਮਗਰੋਂ, ਨਵੰਬਰ 1689 ਵਿਚ ਚੱਕ ਨਾਨਕੀ ਪੁੱਜਣ ਤੋਂ ਕੁਝ ਸਮਾਂ ਬਾਅਦ ਵਸਾਇਆ ਗਿਆ ਸੀ। ਚੱਕ ਨਾਨਕੀ ਅਨੰਦਪੁਰ ਨਹੀਂ ਹੈ। ਕੁਝ ਲਿਖਾਰੀ ਲਿਖ ਦੇਂਦੇ ਹਨ ਕਿ ਚੱਕ ਨਾਨਕੀ ਦਾ ਨਾਂ ਗੁਰੂ ਤੇਗ਼ ਬਹਾਦਰ ਸਾਹਿਬ ਨੇ ਹੀ ‘ਅਨੰਦਪੁਰ’ ਰੱਖਿਆ ਸੀ, ਪਰ ਇਹ ਠੀਕ ਨਹੀਂ ਕਿਉਂਕਿ ਮਾਲ ਮਹਿਕਮੇ, ਪਟਵਾਰੀਆਂ ਤੇ ਪੰਚਾਇਤੀ ਰਿਕਾਰਡ ਵਿਚ ਅਨੰਦਪੁਰ ਸਾਹਿਬ ਅਤੇ ‘ਚੱਕ’ ਦੋ ਵੱਖ-ਵੱਖ ਪਿੰਡ (ਅੱਜ ਤਕ ਵੀ) ਚਲੇ ਆ ਰਹੇ ਹਨ (ਹੁਣ ਇਸ ਨੂੰ ‘ਚੱਕ ਨਾਨਕੀ ‘ਨਹੀਂ ਸਿਰਫ਼ ‘ਚੱਕ’ ਲਿਖਿਆ ਜਾਂਦਾ ਹੈ)।
ਭੱਟ ਵਹੀਆਂ ਮੁਤਾਬਿਕ 29 ਮਾਰਚ 1689 ਦੇ ਦਿਨ ਬਿਲਾਸਪੁਰ ਦੀ ਰਾਣੀ ਚੰਪਾ ਆਪਣੇ ਪੁੱਤਰ ਭੀਮ ਚੰਦ ਨੂੰ ਲੈ ਕੇ ਚੱਕ ਨਾਨਕੀ ਵਿਚ ਆਈ। ਚੱਕ ਨਾਨਕੀ ਵਿਚ  ਕਈ ਦਿਨ ਭਰਪੂਰ ਰੌਣਕਾਂ ਰਹੀਆਂ। ਰਾਣੀ ਚੰਪਾ ਨੇ ਗੁਰੂ ਸਾਹਿਬ ਨੂੰ ਅਰਜ਼ ਕੀਤੀ ਕਿ ਉਹ ਮੁੜ ਕੇ ਕਦੇ ਵੀ ਉਸ ਤੋਂ ਦੂਰ ਨਾ ਜਾਣ ਅਤੇ ਜੇ ਗੁਰੂ ਸਾਹਿਬ ਮਹਿਸੂਸ ਕਰਦੇ ਹਨ ਕਿ ਚੱਕ ਨਾਨਕੀ ਦੀ ਜਗ੍ਹਾ ਥੋੜੀ ਹੈ ਤਾਂ ਗੁਰੂ ਸਾਹਿਬ ਇਕ ਨਵਾਂ ਪਿੰਡ ਵਸਾ ਲੈਣ। ਰਾਣੀ ਚੰਪਾ ਨੇ ਨਵੇਂ ਨਗਰ ਵਾਸਤੇ ਜ਼ਮੀਨ ਅਰਦਾਸ ਕਰਵਾਉਣ ਦੀ ਖ਼ਾਹਿਸ਼ ਵੀ ਜ਼ਾਹਿਰ ਕੀਤੀ ਤੇ ਕਿਹਾ ਕਿ ਗੁਰੂ ਸਾਹਿਬ ਚਾਹੁਣ ਤਾਂ ਆਪਣੀ ਰਿਆਸਤ ਦੀ ਹਿਫ਼ਾਜ਼ਤ ਵਾਸਤੇ ਕਿਲ੍ਹੇ ਵੀ ਤਿਆਰ ਕਰਵਾ ਲੈਣ।

ਉਸ ਵੇਲੇ (1689 ਵਿਚ) ਚੱਕ ਨਾਨਕੀ ਦੀ ਹੱਦ ਇਕ ਪਾਸੇ ਚਰਨ ਗੰਗਾ ਨਦੀ ਅਤੇ ਦੂਜੇ ਪਾਸੇ ਮੌਜੂਦਾ ਕੇਸਗੜ੍ਹ ਸਾਹਿਬ ਦੇ ਹੇਠਾਂ ਵਾਲੇ ਚੌਕ ਤਕ ਸੀ। ਇਸ ਦੇ ਨੇੜੇ ਹੀ ਗੁਰੂ ਸਾਹਿਬ ਨੇ ਨਵਾਂ ਪਿੰਡ ਬਨ੍ਹਣਾ ਸ਼ੁਰੂ ਕੀਤਾ। ਗੁਰੂ ਸਾਹਿਬ ਨੇ ਰਾਣੀ ਕੋਲੋਂ ਸਹੋਟਾ, ਮੀਆਂਪੁਰ, ਲੌਦੀਪੁਰ, ਮਾਖੋਆਲ, ਅਗੰਮਪੁਰਾ ਅਤੇ ਤਾਰਾਗੜ੍ਹ ਦੀ ਜ਼ਮੀਨ ਖ਼ਰੀਦ ਲਈ। ਪਹਿਲੋਂ ਤਾਂ ਰਾਣੀ ਨੇ ਆਖਿਆ ਕਿ ਉਹ ਜ਼ਮੀਨ ਅਰਦਾਸ ਕਰਾਉਣਾ ਚਾਹੁੰਦੀ ਹੈ ਤੇ ਇਸ ਦੀ ਕੀਮਤ ਨਹੀਂ ਲਵੇਗੀ। ਪਰ ਜਦੋਂ ਗੁਰੂ ਸਾਹਿਬ ਨੇ ਆਖਿਆ ਕਿ ਉਹ ਸਿੱਖ-ਨਗਰ ਵਸਾਉਣ ਵਾਸਤੇ ਜ਼ਮੀਨ ਮੁਫ਼ਤ ਨਹੀਂ ਲੈਣਗੇ ਤਾਂ ਰਾਣੀ ਨੂੰ ਕਬੂਲ ਕਰਨਾ ਪਿਆ।

ਅਨੰਦਪੁਰ ਸਾਹਿਬ ਦੀ ਮੋੜ੍ਹੀ ਗੱਡਣਾ
30 ਮਾਰਚ 1689 ਦੇ ਦਿਨ ਗੁਰੂ ਗੋਬਿੰਦ ਜੀ ਨੇ ਚੱਕ ਨਾਨਕੀ ਦੇ ਨੇੜੇ, ‘ਮਾਖੋਆਲ ਦੀ ਥੇਹ’ ‘ਤੇ ਗੁਰਦੁਆਰਾ ਕੇਸਗੜ੍ਹ ਵਾਲੀ ਜਗ੍ਹਾ, ਨਵੇਂ ਪਿੰਡ ਦੀ ਮੋੜ੍ਹੀ ਗੱਡੀ। ਭਾਈ ਚਉਪਤਿ ਰਾਏ (ਮਗਰੋਂ ਚੌਪਾ ਸਿੰਘ) ਨੇ ਅਨੰਦ ਸਾਹਿਬ ਦੀਆਂ ਪੰਜ ਪਉੜੀਆਂ ਪੜ੍ਹ ਕੇ ਅਰਦਾਸ ਕੀਤੀ। ਨਵੇਂ ਨਗਰ ਦਾ ਨਾਂ ਗੁਰੂ ਸਾਹਿਬ ਨੇ ‘ਅਨੰਦਪੁਰ’ ਰੱਖਿਆ। (ਅੱਜ-ਕੱਲ੍ਹ ਚੱਕ ਨਾਨਕੀ, ਅਨੰਦਪੁਰ ਤੇ ਆਲੇ-ਦੁਆਲੇ ਦੇ ਕਈ ਪਿੰਡਾਂ, ਸਾਰੇ ਨੂੰ ਅਨੰਦਪੁਰ ਸਾਹਿਬ ਆਖਿਆ ਜਾਂਦਾ ਹੈ)।
ਅਨੰਦਪੁਰ ਸਾਹਿਬ ਦੇ ਕਿਲ੍ਹੇ

31 ਮਾਰਚ 1689 ਦੇ ਦਿਨ ਗੁਰੂ ਸਾਹਿਬ ਨੇ ਚੱਕ ਨਾਨਕੀ-ਅਨੰਦਪੁਰ ਸਾਹਿਬ ਦੇ ਆਲੇ-ਦੁਆਲੇ ਪੰਜ ਕਿਲ੍ਹੇ ਬਣਾਉਣੇ ਸ਼ੁਰੂ ਕੀਤੇ। ਗੁਰੂ ਸਾਹਿਬ ਨੇ ਇਨ੍ਹਾਂ ਕਿਲ੍ਹਿਆਂ ਦੇ ਨਾਂ ਅਨੰਦਗੜ੍ਹ (ਮੌਜੂਦਾ ਅਨੰਦਗੜ੍ਹ ਕਿਲ੍ਹਾ ਵਾਲੀ ਜਗ੍ਹਾ), ਲੋਹਗੜ੍ਹ (ਮੌਜੂਦਾ ਲੋਹਗੜ੍ਹ ਗੁਰਦੁਆਰੇ ਵਾਲੀ ਜਗ੍ਹਾ), ਤਾਰਾਗੜ੍ਹ (ਪੁਰਾਣੇ ਕੋਟ ਕਹਿਲੂਰ ਦੇ ਨੇੜੇ ਪਿੰਡ ਤਾਰਾਪੁਰ ਵਿਚ ਮੌਜੂਦਾ ਗੁਰਦੁਆਰਾ ਤਾਰਾਗੜ੍ਹ ਦੀ ਜਗ੍ਹਾ), ਅਗੰਮਗੜ੍ਹ (ਪਿੰਡ ਅਗੰਮਗੜ੍ਹ, ਮਾਤਾ ਜੀਤ ਕੌਰ ਜੀ ਦੇ ਗੁਰਦੁਆਰੇ ਦੇ ਨੇੜੇ ਗੁਰਦੁਆਰਾ ਹੋਲਗੜ੍ਹ ਦੀ ਜਗ੍ਹਾ) ਅਤੇ ਫ਼ਤਹਿਗੜ੍ਹ (ਚਰਨ ਗੰਗਾ ਦੇ ਨੇੜੇ ਪਿੰਡ ਸਹੋਟਾ ਦੀ ਹਦੂਦ ਵਿਚ, ਗੁਰਦੁਆਰਾ ਫ਼ਤਹਿਗੜ੍ਹ ਵਾਲੀ ਜਗ੍ਹਾ) ਰੱਖੇ। ਸਭ ਤੋਂ ਪਹਿਲਾਂ ਕਿਲ੍ਹਾ ਅਨੰਦਗੜ੍ਹ ਤਿਆਰ ਹੋਇਆ ਤੇ ਬਾਕੀ ਚਾਰ ਮਗਰੋਂ ਤਿਆਰ ਹੋਏ । ਇਨ੍ਹਾਂ ਵਿੱਚੋਂ ਫ਼ਤਹਿਗੜ੍ਹ ਤੇ ਤਾਰਾਗੜ੍ਹ ਕਿਲ੍ਹੇ ਪਹਾੜੀ ਰਜਵਾੜਿਆਂ ਦੇ ਹਮਲਿਆਂ ਨੂੰ ਰੋਕਣ ਵਾਸਤੇ ਅਤੇ ਲੋਹਗੜ੍ਹ (ਜਿਸ ਦਾ ਗੇਟ ਬੜਾ ਮਜ਼ਬੂਤ ਸੀ) ਤੇ ਅਗੰਮਗੜ੍ਹ ਮੌਜੂਦਾ ਹੁਸ਼ਿਆਰਪੁਰ ਤੇ ਊਨਾ ਵੱਲੋਂ ਮੁਗ਼ਲ ਫ਼ੌਜਾਂ ਨੂੰ ਰੋਕਣ ਵਾਸਤੇ ਬਣਾਏ ਗਏ ਸਨ। ਕਿਲ੍ਹਾ ਅਨੰਦਗੜ੍ਹ, ਜੋ ਸਭ ਤੋਂ ਵਧ ਮਹਿਫ਼ੂਜ਼ ਸੀ, ਦੋਹਾਂ ਪਾਸਿਆਂ ਦੀਆਂ ਫ਼ੌਜਾਂ ਨੂੰ ਰੋਕਣ ਵਾਸਤੇ ਸੀ। ਪਹਾੜ, ਦਰਿਆ ਸਤਲੁਜ ਅਤੇ ਨਦੀ ਚਰਨ ਗੰਗਾ ਦੀ ਕੁਦਰਤੀ ਢਾਲ ਹੋਣ ਦੇ ਬਾਵਜੂਦ, ਗੁਰੂ ਸਾਹਿਬ ਨੇ ਚੌਹਾਂ ਪਾਸਿਆਂ ਤੋਂ ਫ਼ੌਜੀ ਰੱਖਿਆ ਵਾਸਤੇ ਪੂਰੇ ਇੰਤਜ਼ਾਮ ਕਰ ਲਏ ਸਨ। ਇਨ੍ਹਾਂ ਪੰਜ ਕਿਲ੍ਹਿਆਂ ਤੋਂ ਇਲਾਵਾ ਗੁਰੂ ਸਾਹਿਬ ਨੇ ਕੇਸਗੜ੍ਹ ਸਾਹਿਬ ਨੂੰ ਵੀ ਇਕ ਕਿਲ੍ਹੇ ਵਾਂਗ ਬਣਾ ਦਿੱਤਾ ਸੀ। ਕਿਲ੍ਹਾ ਤਾਰਾਗੜ੍ਹ, ਅਗੰਮਗੜ੍ਹ ਤੇ ਲੋਹਗੜ੍ਹ ਦਾ ਮੋਰਚਾ ਟੁੱਟ ਜਾਣ ਦੀ ਸੂਰਤ ਵਿਚ ਵੀ ਕਿਲ੍ਹਾ ਕੇਸਗੜ੍ਹ ਸਾਹਿਬ, ਕਿਲ੍ਹਾ ਫ਼ਤਹਿਗੜ੍ਹ ਤੇ ਕਿਲ੍ਹਾ ਅਨੰਦਗੜ੍ਹ, ਚੱਕ ਨਾਨਕੀ-ਅਨੰਦਪੁਰ ਸਾਹਿਬ ਵਾਸਤੇ ਪੂਰੀ ਹਿਫ਼ਾਜ਼ਤ ਦੇਂਦੇ ਸਨ। ਇੰਞ ਗੁਰੂ ਸਾਹਿਬ ਨੇ ਚੱਕ ਨਾਨਕੀ-ਅਨੰਦਪੁਰ ਸਾਹਿਬ ਨੂੰ ਦੁਸ਼ਮਣ ਦੇ ਹਮਲਿਆਂ ਤੋਂ ਪੂਰੀ ਤਰ੍ਹਾਂ ਮਹਿਫ਼ੂਜ਼ ਕਰ ਲਿਆ ਸੀ। ਦੁਸ਼ਮਣ ਭਾਵੇਂ ਮਹੀਨਿਆਂ ਬੱਧੀ ਕੋਸ਼ਿਸ਼ ਕਰਦੇ ਰਹਿੰਦੇ ਪਰ ਉਹ ਗੁਰੂ ਦੀ ਨਗਰੀ ’ਚ ਦਾਖਿਲ  ਨਹੀਂ ਹੋ ਸਕਦੇ ਸਨ। ਸਿਰਫ਼ ਇਕ ਮਸਲਾ ਸੀ ਜਿਸ ਨਾਲ ਮੁਸ਼ਕਿਲ ਖੜ੍ਹੀ ਹੋ ਸਕਦੀ ਸੀ, ਉਸ ਸੀ ਮਹੀਨਿਆਂ ਬੱਧੀ ਘੇਰਾ ਪਏ ਰਹਿਣ ਨਾਲ ਅਨਾਜ ਦਾ ਮਸਲਾ। ਇਸ ਮਸਲੇ ਤੋਂ ਸਿਵਾ ਗੁਰੂ ਦੀ ਨਗਰੀ ਇਕ ਪੂਰੀ ਮੁਕੰਮਲ, ਮਹਿਫ਼ੂਜ਼, ਰਾਜਧਾਨੀ ਸੀ।

ਗੁਰੁ ਸਾਹਿਬ ਤੋਂ ਮਗਰੋਂ ਅਨੰਦਪੁਰ ਸਾਹਿਬ

ਗੁਰੁ ਤੇਗ਼ ਬਹਾਦਰ ਕਿੰਨਾ ਚਿਰ ਰਹੇ??

ਅਨੰਦਪੁਰ ਸਾਹਿਬ ’ਤੇ ਕਈ ਵਾਰੀ ਹਮਲੇ ਹੋਏ ਸਨ। ਸਭ ਤੋਂ ਪਹਿਲਾ ਹਮਲਾ 19 ਅਗਸਤ 1695 ਦੇ ਦਿਨ ਦਿਲਾਵਰ ਖ਼ਾਨ (ਡਿਪਟੀ ਗਵਰਨਰ ਲਾਹੌਰ) ਦੇ ਪੁੱਤਰ ਰੁਸਤਮ ਖ਼ਾਨ ਨੇ ਕੀਤਾ ਸੀ। ਇਸ ਮਗਰੋਂ ਵੱਡਾ ਹਮਲਾ 29 ਅਗਸਤ 1700 ਦੇ ਦਿਨ ਅਜਮੇਰ ਚੰਦ ਬਿਲਾਸਪੁਰੀ ਰਾਜੇ ਨੇ ਆਪ ਕੀਤਾ ਸੀ। ਇਹ ਲੜਾਈ ਚਾਰ ਦਿਨ, ਪਹਿਲੀ ਸਤੰਬਰ 1700 ਤਕ, ਹੁੰਦੀ ਰਹੀ ਸੀ। ਪਹਾੜੀ ਜਰਨੈਲ ਕੇਸਰੀ ਚੰਦ ਦੇ ਮਰਨ ਮਗਰੋਂ ਪਹਾੜੀਏ ਭੱਜ ਗਏ। ਅਕਤੂਬਰ ਦੇ ਸ਼ੁਰੂ ਵਿਚ, ਅਜਮੇਰ ਚੰਦ ਦੇ ਅਰਜ਼ ਕਰਨ ਉੱਤੇ ਗੁਰੂ ਸਾਹਿਬ 3 ਅਕਤੂਬਰ ਨੂੰ ਅਨੰਦਪੁਰ ਸਾਹਿਬ ਤੋਂ ਨਿਰਮੋਹਗੜ੍ਹ ਚਲੇ ਗਏ ਸਨ। ਅਜਮੇਰ ਚੰਦ ਨੇ ਇਥੇ ਵੀ ਹਮਲਾ ਕਰ ਦਿੱਤਾ। ਇੱਥੋਂ  ਗੁਰੂ ਸਾਹਿਬ 14 ਅਕਤੂਬਰ ਨੂੰ ਬਸਾਲੀ ਚਲੇ ਗਏ। 29 ਅਕਤੂਬਰ 1700 ਨੂੰ ਗੁਰੂ ਸਾਹਿਬ ਬਸਾਲੀ ਤੋਂ ਵਾਪਿਸ ਅਨੰਦਪੁਰ ਮੁੜ ਪਏ। 25 ਅਕਤੂਬਰ 1702 ਨੂੰ ਰਾਜਾ ਸਾਲਹੀ ਚੰਦ ਮਰ ਗਿਆ। ਇਸ ਮਗਰੋਂ 16 ਜਨਵਰੀ 1704 ਦੇ ਦਿਨ ਅਜਮੇਰ ਚੰਦ ਨੇ ਅਨੰਦਪੁਰ ਸਾਹਿਬ ’ਤੇ ਫੇਰ ਹਮਲਾ ਕਰ ਦਿੱਤਾ। ਇਸ ਦਿਨ ਹੀ ਗੁਰੂ ਸਾਹਿਬ ਨੇ ਫੱਰਰਾ (ਦਸਤਾਰ ਵਿਚ ਝੂਲਦੇ ਨਿਸ਼ਾਨ ਸਾਹਿਬ) ਦੀ ਪਿਰਤ ਸ਼ੁਰੂ ਕੀਤੀ। ਇਸ ਹਮਲੇ ਵਿਚ ਹਾਰਨ ਮਗਰੋਂ ਅਜਮੇਰ ਚੰਦ ਡੇਢ ਸਾਲ ਤਕ ਠੰਡਾ ਪਿਆ ਰਿਹਾ, ਪਰ 1705 ਦੀਆਂ ਗਰਮੀਆਂ ਵਿਚ ਉਸ ਨੇ ਫੇਰ ਸ਼ਰਾਰਤ ਸ਼ੁਰੂ ਕਰ ਦਿੱਤੀ। ਇਸ ਵਾਰ ਉਸ ਨੇ ਮੁਗ਼ਲ ਗਵਰਨਰ ਵਜ਼ੀਰ ਖ਼ਾਨ (ਸਰਹਿੰਦ), ਮਲੇਰਕੋਟਲਾ ਤੇ ਰੋਪੜ ਦੇ ਨਵਾਬਾਂ ਨੂੰ ਵੀ ਨਾਲ ਰਲਾ ਲਿਆ। ਇਨ੍ਹਾਂ ਸਾਰਿਆਂ ਨੇ 3 ਮਈ 1705 ਦੇ ਦਿਨ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ। ਛੋਟੀਆਂ-ਮੋਟੀਆਂ ਝੜਪਾਂ ਚਲਦੀਆਂ ਰਹੀਆਂ। 4 ਦਸੰਬਰ 1705 ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਔਰੰਗਜ਼ੇਬ ਦੀ ਚਿੱਠੀ ਮਿਲੀ। ਅਗਲੇ ਦਿਨ ਹੀ ਰਾਤ ਵੇਲੇ ਗੁਰੂ ਸਾਹਿਬ ਨੇ ਅਨੰਦਪੁਰ ਛੱਡਣ ਦਾ ਫ਼ੈਸਲਾ ਕਰ ਲਿਆ। ਪਰ, ਪਹਾੜੀ ਫ਼ੌਜਾਂ ਨੇ ਗੁਰੂ ਸਾਹਿਬ ਅਤੇ ਸਿੱਖਾਂ ’ਤੇ ਹਮਲਾ ਬੋਲ ਦਿੱਤਾ। ਗੁਰੂ ਸਾਹਿਬ ਅਤੇ ਕੁਝ ਸਿੱਖ ਸਹੀ ਸਲਾਮਤ ਉਥੋਂ ਨਿਕਲ ਗਏ ਪਰ ਬਾਕੀ ਰਾਹ ਵਿਚ ਲੜ ਕੇ ਸ਼ਹੀਦ ਹੋ ਗਏ।

ਦਸੰਬਰ 1711 ਵਿਚ ਬੰਦਾ ਸਿੰਘ ਬਹਾਦਰ ਨੇ ਅਨੰਦਪੁਰ ਸਾਹਿਬ ਆ ਕੇ ਕਰਤਾਰਪੁਰ ਵੱਲੋਂ ਬਿਲਾਸਪੁਰ ਵੱਲ ਕੂਚ ਕੀਤਾ। ਅਜਮੇਰ ਚੰਦ ਨੇ ਪਹਿਲੋਂ ਤਾਂ ਲੜਾਈ ਕੀਤੀ ਪਰ ਛੇਤੀ ਹੀ ਈਨ ਮੰਨ ਲਈ। ਇਸ ਮਗਰੋਂ ਸਿੱਖਾਂ ’ਤੇ ਮੁਗ਼ਲਾਂ ਦੇ ਜ਼ੁਲਮ ਦਾ ਦੌਰ ਚੱਲ ਪਿਆ। ਸਿੱਖ ਪਹਾੜਾਂ ਅਤੇ ਜੰਗਲਾਂ ਵਿਚ ਰਹਿੰਦੇ ਰਹੇ। ਇਸ ਕਾਲ ਵਿਚ 5 ਮਾਰਚ 1748 ਦੇ ਦਿਨ ਸਰਬਤ ਖਾਲਸਾ ਦਾ ਇਕ ਇਕੱਠ ਇਥੇ ਹੋਇਆ। ਫਿਰ ਮਾਰਚ 1753 ਵਿਚ ਇਥੇ ਸਿੱਖਾਂ ਦੇ ਇਕੱਠ ’ਤੇ ਅਦੀਨਾ ਬੇਗ਼ ਨੇ ਹਮਲਾ ਕਰ ਕੇ ਕਈ ਸਿੱਖ ਸ਼ਹੀਦ ਕਰ ਦਿੱਤੇ। ਇਸ ਮਗਰੋਂ ਫਿਰ ਕਈ ਸਾਲ ਚੁੱਪ ਛਾਈ ਰਹੀ। 1812 ਵਿਚ ਬਿਲਾਸਪੁਰੀ ਰਾਜੇ ਮਹਾਂਚੰਦ ਨੇ ਹਮਲਾ ਕੀਤਾ ਪਰ ਬੁਰੀ ਤਰ੍ਹਾਂ ਹਾਰ ਖਾ ਕੇ ਭੱਜ ਗਿਆ। ਇਸ ਮਗਰੋਂ ਅਨੰਦਪੁਰ ਸਾਹਿਬ ਅਕਾਲੀ ਫੂਲਾ ਸਿੰਘ ਦੇ ਕੰਟਰੋਲ ਹੇਠ ਆ ਗਿਆ। ਫੇਰ ਕਿਸੇ ਨੇ ਵੀ ਇਸ ਪਾਸੇ ਵੱਲ ਨਾ ਤੱਕਿਆ।

ਅਕਾਲੀ ਫੂਲਾ ਸਿੰਘ ਦੀ ਸ਼ਹੀਦੀ ਮਗਰੋਂ ਸਾਰੇ ਗੁਰਦੁਆਰੇ ਹੌਲੀ-ਹੌਲੀ ਮਹੰਤਾਂ ਦੇ ਹੱਥ ਆਉਂਦੇ ਗਏ, ਸਿਰਫ਼ ਕੀਰਤਪੁਰ ਸਾਹਿਬ ਦੇ ਗੁਰਦੁਆਰੇ ਉਨ੍ਹਾਂ ਤੋਂ ਬਚੇ ਰਹੇ ਤੋਂ ਇਨ੍ਹਾਂ ਦਾ ਇੰਤਜ਼ਾਮ ਬਾਬਾ ਸੂਰਜ ਮੱਲ ਦੇ ਪਰਿਵਾਰ ਕੋਲ ਰਿਹਾ। 1920 ਵਿਚ ਅਕਾਲੀ ਲਹਿਰ ਚੱਲ ਪਈ। 1923 ਵਿਚ ਸੋਢੀ ਪਰਿਵਾਰ ਨੇ ਕੀਰਤਪੁਰ ਸਾਹਿਬ ਦੇ ਗੁਰਦੁਆਰੇ ਆਪਣੇ ਆਪ ਸ਼ਿਰੋਮਣੀ ਕਮੇਟੀ ਦੇ ਹਵਾਲੇ ਕਰ ਦਿੱਤੇ। ਸ਼ਿਰੋਮਣੀ ਕਮੇਟੀ ਨੇ ਅਨੰਦਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਦੀ ਲੋਕਲ ਕਮੇਟੀ ਦਾ ਪ੍ਰਬੰਧ ਸੋਢੀ ਰਾਮ ਨਾਰਾਇਣ ਸਿੰਘ ਨੂੰ ਸੌਂਪ ਦਿੱਤਾ। ਇਸ ਮਗਰੋਂ 1966 ਵਿਚ ਪੰਜਾਬੀ ਸੂਬਾ ਤੇ ਸਿੱਖ ਹੋਮਲੈਂਡ ਦੇ ਨਾਂ ’ਤੇ ਜੱਦੋ-ਜਹਿਦ ਦੌਰਾਨ ਡਾਇਰੈਕਟ ਐਕਸ਼ਨ ਇਥੋਂ ਹੀ ਸ਼ੁਰੂ ਕੀਤਾ ਗਿਆ ਸੀ। 16-17 ਅਕਤੂਬਰ 1973 ਨੂੰ ‘ਅਨੰਦਪੁਰ ਸਾਹਿਬ ਦਾ ਮਤਾ’ ਵੀ ਇਥੇ ਹੀ ਪਾਸ ਹੋਇਆ ਸੀ। 4 ਜੂਨ 1984 ਨੂੰ ਜਦੋਂ ਦਰਬਾਰ ਸਾਹਿਬ ’ਤੇ ਹਮਲਾ ਹੋਇਆ ਤਾਂ ਭਾਰਤੀ ਫ਼ੌਜ ਨੇ ਇਥੇ ਵੀ ਹਮਲਾ ਕੀਤਾ ਤੇ ਕਾਫ਼ੀ ਚਿਰ ਆਪਣੇ ਕਬਜ਼ੇ ਵਿਚ ਰਖਿਆ। 26 ਮਾਰਚ 1986 ਦੇ ਦਿਨ ਸੁਰਜੀਤ ਬਰਨਾਲੇ ਦੇ ਹੁਕਮ ’ਤੇ ਪੁਲਿਸ ਨੇ ਗੋਲੀ ਚਲਾ ਕੇ ਬਹੁਤ ਸਾਰੇ ਸਿੱਖ ਮਾਰ ਦਿੱਤੇ। 1998-99 ਵਿਚ ਇਥੇ ਖਾਲਸਾ ਪਰਗਟ ਕਰਨ ਦੇ ਤਿੰਨ ਸੌ ਸਾਲਾ ਦਿਨ ਦੇ ਨਾਂ ’ਤੇ ‘ਖਾਲਸਾ ਹਰੀਟੇਜ਼ ਕੰਪਲੈਕਸ’ ਤੇ ਕਈ ਹੋਰ ਨਵੀਆਂ ਇਮਾਰਤਾਂ ਬਣੀਆਂ।

ਅਨੰਦਪੁਰ ਸਾਹਿਬ ਦੇ ਗੁਰਦੁਆਰੇ
ਅਨੰਦਪੁਰ ਸਾਹਿਬ ਵਿਚ ਕਈ ਗੁਰਦੁਆਰੇ ਹਨ। ਪਹਿਲੋਂ ਇੱਥੇ ਛੇ ਕਿਲ੍ਹੇ ਵੀ ਸਨ। ਇਨ੍ਹਾਂ ਕਿਲ੍ਹਿਆਂ ਵਿਚੋਂ ਅਨੰਦਗੜ੍ਹ, ਲੋਹਗੜ੍ਹ ਤਾਰਾਗੜ੍ਹ, ਅਗੰਮਗੜ੍ਹ ਤੇ ਫ਼ਤਹਿਗੜ੍ਹ ਅਪ੍ਰੈਲ 1689 ਵਿਚ ਬਣਨੇ ਸ਼ੁਰੂ ਹੋਏ ਸਨ ਅਤੇ ਕੇਸਗੜ੍ਹ ਮਗਰੋਂ ਤਿਆਰ ਹੋਇਆ ਸੀ। 29 ਮਾਰਚ 1698 (ਕੁਝ ਸੋਮੇ 1699 ਮੰਨਦੇ ਹਨ) ਦੇ ਦਿਨ ਗੁਰੂ ਸਾਹਿਬ ਨੇ ਖੰਡੇ ਦੀ ਪਾਹੁਲ ਸ਼ੁਰੂ ਕੀਤੀ। ਸਭ ਤੋਂ ਪਹਿਲਾਂ ਪੰਜ ਪਿਆਰਿਆਂ ਨੇ ਪਾਹੁਲ ਲਈ ਤੇ ਫੇਰ ਬਾਕੀ ਪੰਥ ਨੇ।

ਅਨੰਦਪੁਰ ਸਾਹਿਬ ਦੇ ਗੁਰਦੁਆਰੇ: (1) ਤਖ਼ਤ ਕੇਸਗੜ੍ਹ ਸਾਹਿਬ: ਗੁਰੂ ਗੋਬਿੰਦ ਸਿੰਘ ਸਾਹਿਬ ਇਸ ਥਾਂ ਤੋਂ ਅਕਾਲ ਤਖ਼ਤ ਸਾਹਿਬ ਦੀ ਕਾਰਵਾਈ ਚਲਾਇਆ ਕਰਦੇ ਸਨ। ਉਹ ਖੰਡਾ ਜਿਸ ਨਾਲ ਗੁਰੂ ਸਾਹਿਬ ਨੇ 29 ਮਾਰਚ 1698/1699 ਨੂੰ ਪਾਹੁਲ ਤਿਆਰ ਕਰ ਕੇ ਛਕਾਈ ਸੀ ਤੇ ਕੁਝ ਹੋਰ ਸ਼ਸਤਰ ਇੱਥੇ ਪਏ ਹੋਏ ਹਨ (2) ਅਕਾਲ ਬੁੰਗਾ: ਇਥੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਗੁਰਗੱਦੀ ਮਿਲੀ ਸੀ (3) ਸੀਸ ਗੰਜ: ਇਥੇ ਗੁਰੂ ਤੇਗ਼ ਬਹਾਦਰ ਸਾਹਿਬ ਦੇ ਸੀਸ ਦਾ ਸੰਸਕਾਰ ਕੀਤਾ ਸੀ (4) ਗੁਰੂ ਦੇ ਮਹਲ: ਇਹ ਗੁਰੂ ਤੇਗ਼ ਬਹਾਦਰ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਘਰ ਸੀ । ਦਸਵੇਂ ਪਾਤਿਸ਼ਾਹ ਦੇ ਛੋਟੇ ਤਿੰਨੇ ਸਾਹਿਬਜ਼ਾਦੇ ਇਥੇ ਪੈਦਾ ਹੋਏ ਸਨ (5) ਮੰਜੀ ਸਾਹਿਬ ਪਹਿਲਾ: ਇਥੇ ਗੁਰੂ ਤੇਗ਼ ਬਹਾਦਰ ਸਾਹਿਬ ਦੀਵਾਨ ਲਾਇਆ ਕਰਦੇ ਸਨ (6) ਮੰਜੀ ਸਾਹਿਬ ਦੂਜਾ: ਇਥੇ ਗੁਰੂ ਗੋਬਿੰਦ ਸਿੰਘ ਸਾਹਿਬ ਦੀਵਾਨ ਲਾਇਆ ਕਰਦੇ ਸਨ। ਗੁਰੂ ਸਾਹਿਬ ਦੇ ਸਾਹਿਬਜ਼ਾਦੇ ਇਥੇ ਤਲਵਾਰ ਚਲਾਉਣਾ ਅਤੇ ਗਤਕਾ ਸਿਖਿਆ ਕਰਦੇ ਸਨ। ਇਸ ਨੂੰ ਦੁਮਾਲਗੜ੍ਹ ਵੀ ਆਖਦੇ ਹਨ ਕਿਉਂਕਿ ਦਸਤਾਰ ਵਿਚ ਦੁਮਾਲਾ (ਫ਼ੱਰਰਾ) ਦੀ ਰਿਵਾਇਤ 16 ਜਨਵਰੀ 1704 ਦੇ ਦਿਨ ਇੱਥੋਂ ਹੀ ਸ਼ੁਰੂ ਹੋਈ ਸੀ (7) ਦਮਦਮਾ ਸਾਹਿਬ: ਇਥੇ ਬੈਠ ਕੇ ਗੁਰੂ ਸਾਹਿਬ ਸੰਗਤਾਂ ਨੂੰ ਦਰਸ਼ਨ ਦਿਆ ਕਰਦੇ ਸਨ। ਇਥੇ ਭਾਈ ਮਨੀ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਕੀਤਾ ਸੀ। ਇਸ ਕਰ ਕੇ ਉਸ ਨੂੰ ‘ਦਮਦਮੇ ਵਾਲੀ ਬੀੜ’ ਕਿਹਾ ਜਾਂਦਾ ਹੈ (8) ਥੜ੍ਹਾ ਸਾਹਿਬ: ਇਥੇ 25 ਮਈ 1675 ਦੇ ਦਿਨ ਭਾਈ ਕਿਰਪਾ ਰਾਮ ਦੱਤ ਤੇ ਉਨ੍ਹਾਂ ਦੇ ਸਾਥੀ ਗੁਰੂ ਤੇਗ਼ ਬਹਾਦਰ ਸਾਹਿਬ ਕੋਲ ਫ਼ਰਿਆਦੀ ਹੋਏ ਸਨ (9) ਭੋਰਾ ਸਾਹਿਬ: ਗੁਰੂ ਤੇਗ਼ ਬਹਾਦਰ ਸਾਹਿਬ ਇਥੇ ਪਾਠ ਕਰਿਆ ਕਰਦੇ ਸਨ {ਮੰਜੀ ਸਾਹਿਬ ਪਹਿਲਾ, ਦਮਦਮਾ ਸਾਹਿਬ, ਭੋਰਾ ਸਾਹਿਬ ਤੇ ਥੜ੍ਹਾ ਸਾਹਿਬ ਸਾਰੇ ਇੱਕੋ ਕੰਪਲੈਕਸ ‘ਗੁਰੂ ਦੇ ਮਹਿਲ’ ਵਿਚ ਹਨ} (10) ਕਿਲ੍ਹਾ ਅਨੰਦਗੜ੍ਹ ਸਾਹਿਬ: 1689 ਵਿਚ ਇਥੇ ਅਨੰਦਪੁਰ ਸਾਹਿਬ ਦਾ ਪਹਿਲਾ ਕਿਲ੍ਹਾ ਬਣਾਇਆ ਗਿਆ ਸੀ। ਇਥੇ ਇਕ ਬਾਉਲੀ ਵੀ ਹੈ, ਜਿਸ ਦੀਆਂ 135 ਪੌੜੀਆਂ ਹਨ। ਇਹ ਬਾਉਲੀ ਸ. ਜੱਸਾ ਸਿੰਘ ਆਹਲੂਵਾਲੀਆ ਨੇ ਬਣਵਾਈ ਸੀ (11) ਕਿਲ੍ਹਾ ਫ਼ਤਹਿਗੜ੍ਹ ਸਾਹਿਬ: ਇਥੇ ਕਿਲ੍ਹਾ ਫ਼ਤਹਿਗੜ੍ਹ ਸੀ (12) ਹੋਲਗੜ੍ਹ ਸਾਹਿਬ: ਇਥੇ ਕਿਲ੍ਹਾ ਹੋਲਗੜ੍ਹ ਸੀ। ਇਹ ਕੇਸਗੜ੍ਹ ਸਾਹਿਬ ਤੋਂ ਤਕਰੀਬਨ 2 ਕਿਲੋਮੀਟਰ ਦੇ ਫ਼ਾਸਲੇ ’ਤੇ ਹੈ। ‘ਹੋਲਾ ਮਹੱਲਾ’ ਗੁਰੂ ਸਾਹਿਬ ਨੇ ਇੱਥੇ ਹੀ, ਇਸ ਦੇ ਬਾਹਰ ‘ਚਰਨ ਗੰਗਾ’ ਦੇ ਮੈਦਾਨ ਵਿਚ, ਮਨਾਉਣਾ ਸ਼ੁਰੂ ਕੀਤਾ ਸੀ (13) ਲੋਹਗੜ੍ਹ ਸਾਹਿਬ: ਇਥੇ ਕਿਲ੍ਹਾ ਲੋਹਗੜ ਸੀ। ਇਹ ਕੇਸਗੜ੍ਹ ਸਾਹਿਬ ਤੋਂ 800 ਮੀਟਰ ਦੂਰ ਹੈ। ਭਾਈ ਬਚਿੱਤਰ ਸਿੰਘ ਨੇ ਪਹਿਲੀ ਸਤੰਬਰ 1700 ਦੇ ਦਿਨ ਬਰਛਾ ਮਾਰ ਕੇ ਸ਼ਰਾਬੀ ਹਾਥੀ ਇਥੋਂ ਹੀ ਭਜਾਇਆ ਸੀ। {ਸਾਰੇ ਕਿਲ੍ਹੇ ਇਸ ਦੂਜੇ ਤੋਂ ਤਕਰੀਬਨ ਇਕ ਮੀਲ ਦੇ ਫ਼ਾਸਲੇ ‘ਤੇ ਸਨ} (14) ਮਾਤਾ ਜੀਤੋ ਜੀ ਦਾ ਗੁਰਦੁਆਰਾ: ਕੇਸਗੜ੍ਹ ਸਾਹਿਬ ਤੋਂ ਤਕਰੀਬਨ ਡੇਢ ਕਿਲੋਮੀਟਰ ਦੂਰ, ਗੁਰਦੁਆਰਾ ਹੋਲਗੜ੍ਹ ਦੇ ਨੇੜੇ ਹੈ। ਮਾਤਾ ਜੀਤੋ ਜੀ ਦਾ ਸਸਕਾਰ ਇੱਥੇ ਹੀ ਹੋਇਆ ਸੀ। ਬਾਕੀ ਸਿੱਖਾਂ ਦੇ ਸਸਕਾਰ ਵੀ ਏਥੇ ਹੀ ਹੋਇਆ ਕਰਦੇ ਸੀ। ਅਨੰਦਪੁਰ ਸਾਹਿਬ ਰੋਪੜ ਤੋਂ 45 ਕਿਲੋਮੀਟਰ ਦੂਰ ਅਤੇ ਕੀਰਤਪੁਰ ਤੋਂ 9 ਕਿਲੋਮੀਟਰ ਦੂਰ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>