ਡੇਹਰਾ ਸਾਹਿਬ ਦੀ ਸੇਵਾ ਇੱਕ ਸਾਲ ਵਿੱਚ ਮੁਕੰਮਲ ਕਰਕੇ ਪ੍ਰਕਾਸ਼ ਕਰ ਦਿੱਤਾ ਜਾਵੇਗਾ- ਸਰਨਾ

ਨਵੀਂ ਦਿੱਲੀ – ਪਾਕਿਸਤਾਨ ਫੇਰੀ ਉਪਰੰਤ ਵਤਨ ਵਾਪਸ ਪਰਤੇ ਸ੍ਰ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਕਿਹਾ ਕਿ ਲਾਹੌਰ ਸਥਿਤ ਗੁਰੂਦੁਆਰਾ ਡੇਹਰਾ ਸਾਹਿਬ ਦੀ ਕਾਰ ਸੇਵਾ ਦਾ ਨੀਂਹ ਪੱਥਰ ਰੱਖ ਦਿੱਤਾ ਗਿਆ ਤੇ ਕਾਰ ਸੇਵਾ ਦਾ ਬਿਸਮਿੱਲਾ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਉਪਰੰਤ ਕਰਕੇ ਇੱਕ ਸਾਲ ਦੇ ਅੰਦਰ ਅੰਦਰ ਨਵੀਂ ਇਮਾਰਤ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਦਿੱਤਾ ਜਾਵੇਗਾ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ. ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ  ਗੁਰੂ ਘਰ ਦੀ ਸੇਵਾ ਝਾੜੂ ਬਰਦਾਰ ਬਣ ਕੇ ਮਿਲਦੀ ਹੈ ਅਤੇ ਉਹ ਗੁਰੂ ਸਾਹਿਬ ਦੇ ਕੋਟਿੰਨ ਕੋਟਿ ਧੰਨਵਾਦੀ ਹਨ ਕਿ ਉਹਨਾਂ ਨੂੰ ਦੂਸਰੇ ਮੁਲਕ ਵਿੱਚ ਵੀ ਉਥੋਂ ਦੀ ਸਰਕਾਰ ਤੇ ਪ੍ਰਬੰਧਕ ਕਮੇਟੀ ਨੇ ਸੇਵਾ ਕਰਨ ਦੇ ਯੋਗ ਸਮਝਦਿਆਂ ਸੇਵਾ ਦਿੱਤੀ ਹੈ। ਉਹਨਾਂ ਕਿਹਾ ਕਿ ਕਾਰ ਸੇਵਾ ਧੱਕੇ ਨਾਲ ਨਹੀਂ ਸਗੋਂ ਬਖਸ਼ਿਸ਼ ਨਾਲ ਲਈ ਜਾਂਦੀ ਹੈ ਅਤੇ ਸਾਡੇ ਹੀ ਭਰਾਵਾਂ ਨੇ ਇਸ ਵਿੱਚ ਕਈ ਪ੍ਰਕਾਰ ਦੀਆਂ ਅੜਚਣਾਂ ਖੜੀਆਂ ਕਰਨ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਗੁਰੂ ਸਾਹਿਬ ਦੀ ਉਹਨਾਂ ‘ਤੇ ਬਖਸ਼ਿਸ਼ ਰਹੀ ਹੈ।

ਨਾਨਕਸ਼ਾਹੀ ਕੈਲੰਡਰ ਬਾਰੇ ਉਹਨਾਂ ਕਿਹਾ ਕਿ ਪਾਕਿਸਤਾਨ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪਰਧਾਨ ਸ੍ਰ ਸ਼ਾਮ ਸਿੰਘ ਤੇ ਜਨਰਲ ਸਕੱਤਰ ਸ੍ਰ ਗੋਪਾਲ ਸਿੰਘ ਚਾਵਲਾ ਵੱਲੋਂ ਸਿਰਫ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਹੀ ਮਾਨਤਾ ਦਿੱਤੀ ਗਈ ਹੈ ਅਤੇ ਚੇਅਰਮੈਨ ਓਕਾਫ ਬੋਰਡ ਮਹੁੰਮਦ ਸਿਦੀਕ ਸਨਾ ਉਂਲ ਫਾਰੂਕ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਸਮਾਗਮ ਸਮੇਂ ਸੰਬੋਧਨ ਕਰਦਿਆਂ ਕਿਹਾ ਕਿ ਮੂਲ 2003 ਵਾਲੇ ਨਾਨਕਸ਼ਾਹੀ ਕੈਲੰਡਰ ਨੂੰ ਪਾਕਿਸਤਾਨ ਕਮੇਟੀ ਨੇ ਮਾਨਤਾ ਦੇ ਦਿੱਤੀ ਹੈ ਜਿਸ ਵਿੱਚ ਕੋਈ ਰੱਦੋਬਦਲ ਨਹੀ ਹੋ ਸਕਦੀ। ਉਹਨਾਂ ਕਿਹਾ ਕਿ ਚੇਅਰਮੈਨ ਨੇ ਇਹ ਵੀ ਐਲਾਨ ਕੀਤਾ ਕਿ ਜੇਕਰ ਨਾਨਕਸ਼ਾਹੀ ਵਿੱਚ ਕਿਸੇ ਕਿਸਮ ਦੀ ਤਬਦੀਲੀ ਕਰਨੀ ਹੈ ਤਾਂ ਗੁਰੂ ਨਾਨਕ ਦੇਵ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ ਤੇ ਦੁਨੀਆਂ ਭਰ ਦੀਆਂ ਸਿੱਖ ਜਥੇਬੰਦੀਆਂ ਦੇ ਨੁੰਮਾਇਦਿਆਂ ਦੀ ਇੱਕ ਮੀਟਿੰਗ ਰੱਖੀ ਜਾਵੇ ਜਿਸ ਵਿੱਚ ਸਰਬਸੰਮਤੀ ਨਾਲ ਨਾਨਕਸ਼ਾਹੀ ਕੈਲੰਡਰ ਬਾਰੇ ਫੈਸਲਾ ਲਿਆ ਜਾਵੇ। ਦਿੱਲੀ ਕਮੇਟੀ ਨੂੰ ਕਰਤਾਰਪੁਰ ਦੀ ਸੇਵਾ ਦਿੱਤੇ ਜਾਣ ਬਾਰੇ ਉਹਨਾਂ ਕਿਹਾ ਕਿ ਓਕਾਬ ਬੋਰਡ ਨੇ ਇਹਨਾਂ ਨੂੰ ਸੇਵਾ ਦੇਣ ਤੋਂ ਇਨਕਾਰ ਨਹੀ ਕੀਤਾ ਸੀ ਸਗੋਂ ਉਹਨਾਂ ਨੇ 100 ਕਰੋੜ ਦਾ ਜ਼ਮਾਨਤੀ ਬਾਂਡ ਭਰਨ ਲਈ ਕਿਹਾ ਸੀ ਜਿਸ ਤੋਂ ਦਿੱਲੀ ਵਾਲੇ ਭੱਜ ਗਏ ਹਨ। ਉਹਨਾਂ ਕਿਹਾ ਕਿ ਓਕਾਫ ਬੋਰਡ ਤੇ ਪੱਛਮੀ ਪੰਜਾਬ ਦੀ ਸਰਕਾਰ ਨੇ ਡੇਹਰਾ ਸਾਹਿਬ ਵਿਖੇ 200 ਕਮਰਿਆਂ ਦੀ ਸਰਾਅ ਬਣਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਦੀ ਉਸਾਰੀ ਵੀ ਜਲਦੀ ਹੀ ਸ਼ੁਰੂ ਕਰ ਦਿੱਤੀ ਜਾਵੇਗੀ।

ਕਰਤਾਰਪੁਰ ਦੇ ਲਾਂਘੇ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਇਸ ਉਪਰ 500 ਕਰੋੜ ਖਰਚ ਹੋਣੇ ਹਨ ਤੇ ਇਸ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦਾ 550 ਸਾਲਾ ਜਿਹੜਾ 2019 ਵਿੱਚ ਆ ਰਿਹਾ ਹੈ ਤੱਕ ਮੁਕੰਮਲ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜਦੋ ਉਹਨਾਂ ਨੇ ਲਾਂਘੇ ਦੀ ਕੋਸ਼ਿਸ਼ ਕੀਤੀ ਤਾਂ ਤੱਤਕਾਲੀ ਗ੍ਰਹਿ ਮੰਤਰੀ ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਨੇ ਇਨਕਾਰ ਕਰ ਦਿੱਤਾ ਸੀ ਪਰ ਉਹਨਾਂ ਨੇ ਹੌਸਲਾ ਨਹੀਂ ਛੱਡਿਆ ਸਗੋਂ ਜਦੋਂ ਵੀ ਉਹਨਾਂ ਦੀ ਮਨ ਪਸੰਦ ਦਾ ਕੋਈ ਵਿਦੇਸ਼ ਮੰਤਰੀ ਆਇਆ ਤਾਂ ਉਹ ਇੱਕ ਵਾਰੀ ਫਿਰ ਕੋਸ਼ਿਸ਼ ਜ਼ਰੂਰ ਕਰਨਗੇ।

ਉਹਨਾਂ ਕਿਹਾ ਕਿ ਉਹਨਾਂ ਨੇ ਪਾਕਿਸਤਾਨ ਸਰਕਾਰ ਤੋਂ ਮੰਗ ਕੀਤੀ ਹੈ ਕਿ 55 ਸਾਲ ਦੀ ਵੱਧ ਉਮਰ ਦੇ ਸਾਰੇ ਸਿੱਖਾਂ ਨੂੰ ਵੀਜ਼ਾ ਸਰਹੱਦ ਤੇ ਪਹੁੰਚਣ ਤੇ ਹੀ ਦੇ ਦਿੱਤਾ ਜਾਵੇ ਜਿਸ ਬਾਰੇ ਗੱਲਬਾਤ ਚੱਲ ਰਹੀ ਹੈ। ਸ਼੍ਰੋਮਣੀ ਕਮੇਟੀ ਵਿੱਚ ਮੁੱਖ ਸਕੱਤਰ ਲਗਾਏ ਜਾਣ ਦੀ ਵਿਰੋਧਤਾ ਕਰਦਿਆਂ ਉਹਨਾਂ ਕਿਹਾ ਕਿ ਧਾਰਮਿਕ ਸੰਸਥਾਵਾਂ ਐਮ.ਡੀ ਜਾਂ ਜੀ.ਐਮ ਭਰਤੀ ਕਰਕੇ ਨਹੀਂ ਚਲਾਈਆਂ ਜਾਂਦੀਆ ਸਗੋਂ ਧਾਰਮਿਕ ਬਿਰਤੀ ਵਾਲੇ ਅਤੇ ਗੁਰਮਤਿ ਦੀ ਸੋਝੀ ਰੱਖਣ ਵਾਲੇ ਵਿਅਕਤੀਆਂ ਨੂੰ ਸੇਵਾ ਦੇ ਕੇ ਚਲਾਈਆਂ ਜਾਂਦੀਆ ਹਨ। ਉਹਨਾਂ ਕਿਹਾ ਕਿ  ਮੁੱਖ ਸਕੱਤਰ ਦੀ ਨਿਯੁਕਤੀ ਜਿਥੇ ਗੁਰੂਦੁਆਰਾ ਐਕਟ ਦੀ ਉਲੰਘਣਾ ਹੈ ਉਥੇ ਪੰਥਕ ਰਵਾਇਤਾਂ ਦੇ ਅਨੂਕੂਲ ਨਹੀਂ ਹਨ। ਇਸ ਸਮੇਂ ਉਹਨਾਂ ਦੇ ਨਾਲ ਸ੍. ਹਰਵਿੰਦਰ ਸਿੰਘ ਸਰਨਾ ਵੀ ਨਾਲ ਸਨ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>