ਡੇਹਰਾ ਸਾਹਿਬ ਵਿਖੇ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਮਨਾਇਆ ਗਿਆ ਸ਼ਹੀਦੀ ਦਿਹਾੜਾ

ਡੇਹਰਾ ਸਾਹਿਬ,(ਲਾਹੌਰ) – ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਗੁਰੂਦੁਆਰਾ ਡੇਹਰਾ ਸਾਹਿਬ ਲਾਹੌਰ ਵਿਖੇ ਬੜੀ ਹੀ ਸ਼ਰਧਾ ਤੇ ਧੂਮ ਧਾਮ ਨਾਲ ਮਨਾਇਆ ਗਿਆ ਅਤੇ ਡੇਹਰਾ ਸਾਹਿਬ ਗੁਰਦੁਆਰੇ ਦੀ ਕਾਰ ਸੇਵਾ ਦਾ ਆਰੰਭ ਪੱਛਮੀ ਪੰਜਾਬ ਦੇ ਕਨੂੰਨ ਤੇ ਪਾਰਲੀਮੈਂਟਰੀ ਮਾਮਲੇ ਦੇ ਮੰਤਰੀ ਜਨਾਬ ਰਾਣਾ ਸਨਾਅ ਉੋਲਾ ਖਾਨ ਨੇ ਪਰਦਾ ਹੱਟਾ ਕੇ ਪੰਥਕ ਜੈਕਾਰਿਆ ਦੀ ਗੂੰਜ ਵਿੱਚ ਕੀਤਾ। ਕਾਰ ਸੇਵਾ ਬਾਬਾ ਜਗਤਾਰ ਸਿੰਘ ਤਰਨ ਤਾਰਨ ਵਾਲਿਆ ਨੂੰ ਸੌਂਪੀ ਗਈ।

ਇਸ ਮੌਕੇ ਜਨਾਬ ਰਾਣਾ ਨੇ ਕਿਹਾ ਕਿ ਪਾਕਿਸਤਾਨ ਤੇ ਸਿੱਖਾਂ ਦਾ ਨਹੁੰ ਮਾਸ ਦਾ ਰਿਸ਼ਤਾ ਹੈ ਜਿਸ ਨੂੰ ਅਲੱਗ ਕਰਕੇ ਨਹੀ ਵੇਖਿਆ ਜਾ ਸਕਦਾ। ਉਹਨਾਂ ਕਿਹਾ ਕਿ ਪਾਕਿਸਤਾਨ ਦੇ ਅਵਾਮ ਤੇ ਸਰਕਾਰ ਪੂਰੀ ਤਰ੍ਹਾਂ ਅਮਨ ਸ਼ਾਂਤੀ ਬਣਾਈ ਰੱਖਣ ਵਿੱਚ ਯਕੀਨ ਰੱਖਦੀ ਹੈ ਅਤੇ ਆਪਸੀ ਝਗੜੇ ਮਿਲ ਬੈਠ ਕੇ ਨਿਪਟਾਉਣਾ ਚਾਹੰਦੀ ਹੈ ਅਤੇ ਗੁਆਢੀ ਮੁਲਕ  ਹਿੰਦੋਸਤਾਨ ਵਾਲੇ ਨਾਲ ਪਾਕਿਸਤਾਨੀ ਮਰਕਜ਼ੀ ਸਰਕਾਰ ਮਿਲ ਬੈਠ ਕੇ ਮਸਲਿਆ ਦਾ ਹੱਲ ਕਰਨਾ ਚਾਹੰਦੀ ਹੈ।

ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਬਾਰੇ ਉਹਨਾਂ ਕਿਹਾ ਕਿ ਗੁਰੂ ਸਾਹਿਬ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਸਾਈ ਮੀਆ ਮੀਰ ਕੋਲੋਂ ਰੱਖਵਾ ਕੇ ਸਾਬਤ ਕਰ ਦਿੱਤਾ ਸੀ ਕਿ ਮੁਸਲਮਾਨ ਤੇ ਸਿੱਖਾਂ ਨੂੰ ਕਦੇ ਵੀ ਵੱਖ ਕਰਕੇ ਨਹੀਂ ਵੇਖਿਆ ਜਾ ਸਕਦਾ। ਉਹਨਾਂ ਕਿਹਾ ਕਿ 1947 ਵਿੱਚ ਭਾਂਵੇ ਹਿੰਦ ਪਾਕਿ ਦੋ ਦੇਸ਼ ਬਣ ਗਏ ਹਨ ਪਰ ਦੋਵਾਂ ਦੀ ਬੋਲੀ, ਸਭਿਆਚਾਰ ਰੀਤੀ ਰਿਵਾਜ ਤਿਉਹਾਰਾਂ ਅੱਜ ਵੀ ਵੰਡਿਆ ਨਹੀ ਜਾ ਸਕਿਆ।

ਉਹਨਾਂ ਕਿਹਾ ਕਿ ਪਾਕਿਸਤਾਨ ਦੇ ਸਿੱਖ ਅੱਜ ਦੁਨੀਆਂ ਭਰ ਵਿੱਚ ਮਹਿਫੂਜ਼ ਹਨ ਕਿਉਂਕਿ ਜਨਾਬ ਨਵਾਜ ਸ਼ਰੀਫ ਸਾਹਿਬ  ਦੀ ਛਵੀ ਦੁਨੀਆਂ ਭਰ ਵਿੱਚ ਵਧੀਆ ਇਨਸਾਨ ਵਜੋਂ ਜਾਣੀ ਜਾਂਦੀ ਹੈ। ਉਹਨਾਂ ਕਿਹਾ ਕਿ ਪਾਕਿਸਤਾਨ ਵਿੱਚ ਵੱਸਦੇ ਸਿੱਖਾਂ ਦੀ ਹਿਫ਼ਾਜਤ ਕਰਨਾ ਸਰਕਾਰ ਦੀ ਜਿੰਮੇਵਾਰੀ ਹੈ ਜਿਸ ਨੂੰ ਸਰਕਾਰ ਪੂਰੀ ਤਨਦੇਹੀ ਨਾਲ ਨਿਭਾ ਰਹੀ ਹੈ।

ਇਸੇ ਤਰ੍ਹਾਂ ਪਾਕਿਸਤਾਨ ਓਕਾਫ ਬੋਰਡ ਦੇ ਚੇਅਰਮੈਨ ਜਨਾਬ ਮੁਹੰਮਦ ਸਿਦੀਕ ਉਂਲ ਫਾਰੂਕ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਸਿੱਖਾਂ ਦੇ ਅੰਦਰੂਨੀ ਮਸਲਿਆ ਵਿੱਚ ਨਹੀ ਪੈਣਾ ਚਾਹੁੰਦੀ ਪਰ ਸਿੱਖਾਂ ਵਿੱਚ ਹੋ ਰਹੀ ਵੰਡ ਨੂੰ ਲੈ ਕੇ ਚਿਤੁੰਤ ਜਰੂਰ ਹੈ। ਉਹਨਾਂ ਕਿਹਾ ਕਿ ਉਹ ਜਥੇਦਾਰ ਅਕਾਲ ਤਖਤ ਸਮੇਤ ਸਮੂਹ ਸਿੱਖ ਜਗਤ ਨੂੰ ਅਪੀਲ ਕਰਦੇ ਹਨ ਕਿ ਉਹ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਜਨਮ  ਅਸਥਾਨ ਨਨਕਾਣਾ ਸਾਹਿਬ ਤੇ ਬੈਠ ਜਾਣ ਭਾਂਵੇ 10 ਲੱਗਣ ਜਾਂ ਮਹੀਨਾ ਲੱਗੇ ਸਾਰਾ ਖਰਚਾ ਓਕਾਫ ਬੋਰਡ ਕਰੇਗਾ ਤੇ ਸਿੱਖਾਂ ਵਿੱਚ ਏਕਤਾ ਕਰਨ ਲਈ ਹਰ ਯਤਨ ਕਰੇਗਾ। ਉਹਨਾਂ ਕਿਹਾ ਕਿ ਕੁਝ ਅਗਿਆਨੀ ਸਿੱਖ ਕਹਿ ਕਹੇ ਰਹੇ ਹਨ ਕਿ ਓਕਾਫ ਬੋਰਡ ਨੂੰ ਖਤਮ ਕਰ ਦੇਣਗੇ ਪਰ ਉਹਨਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਪਾਕਿਸਤਾਨ ਇੱਕ ਪ੍ਰਭੁਸੱਤਾ ਸੰਪਨ ਅਜ਼ਾਦ ਮੁਲਕ ਹੈ। ਉਹਨਾਂ ਕਿਹਾ ਕਿ ਗੁਰੂਦੁਆਰਾ ਸਾਹਿਬ ਦੀ ਕਾਰ ਸੇਵਾ ਦੇਣ ਦਾ ਫੈਸਲਾ ਪਾਕਿਸਤਾਨ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਕਰਦੀ ਹੈ ਤੇ ਜਿਹੜਾ ਪੱਤਰ ਉਹਨਾਂ ਨੂੰ ਸੇਵਾ ਸਬੰਧੀ ਮਿਲਦਾ ਹੈ ਉਹ ਅੱਗੇ ਕਮੇਟੀ ਨੂੰ ਭੇਜੇ  ਦਿੰਦੇ ਹਨ।

ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰ੍ਰਧਾਨ ਸ੍ਰ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਉਹਨਾਂ ਦਾ ਸਮੁੱਚਾ ਪਰਿਵਾਰ ਪੂਰੀ ਤਰ੍ਹਾਂ ਗੁਰੂ ਘਰ ਨੂੰ ਸਮੱਰਪਿੱਤ ਹੈ ਅਤੇ ਉਹਨਾਂ ਨੇ ਨਾ ਕੋਈ ਸਿਆਸੀ ਚੋਣ ਲੜੀ ਹੈ ਅਤੇ ਨਾ ਹੀ ਉਹ ਲੜਣਗੇ। ਉਹਨਾਂ ਕਿਹਾ ਕਿ ਜੇਕਰ ਉਹਨਾਂ ਨੇ ਰਾਜਸੀ ਤਾਕਤ ਲੈਣੀ ਹੁੰਦੀ ਤਾਂ ਉਹ ਜ਼ਰੂਰ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾ ਕੇ 2010 ਵਾਲੇ ਕੈਲੰਡਰ ਨੂੰ ਅਪਨਾ ਲੈਦੇ ਪਰ ਉਹਨਾਂ ਨੇ ਅਜਿਹਾ ਇਸ ਕਰਕੇ ਨਹੀਂ ਕੀਤਾ ਕਿਉਂਕਿ ਉਹ ਸਿੱਖਾਂ ਦੇ ਇਸ ਵੱਡਮੁੱਲੇ ਦਸਤਾਵੇਜ ਨੂੰ ਕਿਸੇ ਵੀ ਕੀਮਤ ਤੇ ਖਤਮ ਨਹੀ ਹੋਣ ਦੇਣਾ ਚਾਹੁੰਦੇ। ਉਹਨਾਂ ਸਪੱਸ਼ਟ ਕਰਦਿਆ ਕਿਹਾ ਕਿ 2010 ਵਾਲਾ ਸੋਧਿਆ ਨਾਨਕਸ਼ਾਹੀ ਕੈਲੰਡਰ ਪੂਰੀ ਤਰ੍ਹਾਂ ਬਾਦਲ ਮਾਰਕਾ ਕੈਲੰਡਰ ਹੈ ਤੇ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਤੇ ਸ਼ਰੋਮਣੀ ਕਮੇਟੀ ਪ੍ਰਧਾਨ ਸ੍ਰ਼ ਅਵਤਾਰ ਸਿੰਘ ਮੱਕੜ ਕਈ ਵਾਰੀ ਉਹਨਾਂ ਨੂੰ ਕਹਿ ਚੁੱਕੇ ਹਨ ਕਿ ਮਾਮਲਾ ਉਹਨਾਂ ਦੇ ਵੱਸੋਂ ਬਾਹਰ ਹੈ ਜਦ ਕਿ ਉਹ ਵੀ ਮੂਲ ਨਾਨਕਸ਼ਾਹੀ ਕੈਲੰਡਰ  ਨੂੰ ਹੀ ਸਹੀ ਮੰਨਦੇ ਹਨ। ਉਹਨਾਂ ਕਿਹਾ ਕਿ ਜਿਥੇ ਜਿਥੇ ਵੀ ਅਨੰਦ ਮੈਰਿਜ ਐਕਟ ਨੂੰ ਪ੍ਰਵਨਾਗੀ ਮਿਲੀ ਹੈ ਉਹ ਸਿਰਫ ਮੂਲ ਨਾਨਕਸ਼ਾਹੀ ਕੈਲੰਡਰ ਤੋਂ ਬਾਅਦ ਹੀ ਮਿਲੀ ਹੈ।

ਪਾਕਿਸਤਾਨ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਸ਼ਾਮ ਸਿੰਘ ਨੇ ਕਿਹਾ ਕਿ 1947 ਦੀ ਵੰਡ ਤੋ ਪਹਿਲਾਂ ਲਾਹੌਰ ਵਿੱਚ 12 ਮੇਲੇ ਮਨਾਏ ਜਾਂਦੇ ਸਨ ਜਿਹਨਾਂ ਵਿੱਚ ਪੰਚਮ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸ਼ਹੀਦੀ ਜੋੜ ਮੇਲਾ ਸਭ ਤੋ ਵੱਡਾ ਮੇਲਾ ਮੰਨਿਆ ਜਾਂਦਾ ਸੀ ਤੇ ਇਸ ਨੂੰ ਛਬੀਲਾਂ ਦਾ ਮੇਲਾ ਕਿਹਾ ਜਾਂਦਾ ਸੀ। ਉਹਨਾਂ ਕਿਹਾ ਕਿ ਜਿਹੜੇ ਲੋਕ ਇਸ ਸ਼ਹੀਦੀ ਜੋੜ ਮੇਲੇ ਨੂੰ ਮੂਲ ਨਾਲੋ ਤੋੜ ਕੇ ਵੋਟਾਂ ਦੀ ਖਾਤਰ ਖੇਹ ਖਰਾਬੀ ਕਰ ਰਹੇ ਹਨ ਉਹਨਾਂ ਨੂੰ ਗੁਰੂ ਸਾਹਿਬ ਕਦੇ ਮੁਆਫ ਨਹੀ ਕਰਨਗੇ। ਉਹਨਾਂ ਕਿਹਾ ਕਿ ਜਦੋ ਪਾਕਿਸਤਾਨ ਦੀ ਵੱਖਰੀ ਕਮੇਟੀ ਬਣੀ ਸੀ ਤਾਂ ਸਿੱਖਾਂ ਦੀ ਸਰਵ ਉੱਚ ਸੰਸਥਾ ਸ਼੍ਰੋਮਣੀ ਕਮੇਟੀ ਨੇ ਪਾਕਿ ਕਮੇਟੀ ਦਾ ਬਾਈਕਾਟ ਕਰ ਦਿੱਤਾ ਤਾਂ ਉਸ ਵੇਲੇ ਵੀ ਉਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਬੇਨਤੀ ਕੀਤੀ ਸੀ ਕਿ ਉਹਨਾਂ ਜੱਥਿਆ ਦਾ ਭਾਂਵੇ ਬਾਈਕਾਟ ਜਰੂਰ ਕਰਨ ਪਰ ਪਾਕਿ ਕਮੇਟੀ ਨੂੰ ਪ੍ਰਬੰਧਾਂ ਲਈ ਅਗਵਾਈ ਜਰੂਰ ਦੇਣ ਪਰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਨੇ ਅਜਿਹਾ ਨਹੀ ਕੀਤਾ। ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਆਹੁਦੇਦਾਰ ਕਾਰ ਸੇਵਾ ਧੱਕੇ ਨਾਲ ਨਹੀ ਸਗੋ ਪਿਆਰ ਨਾਲ ਨਹੀ ਲੈ ਸਕਦੇ। ਉਹਨਾਂ ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ  ਜੀ ਕੇ ਵੱਲੋ ਓਕਾਫ ਬੋਰਡ ਨੂੰ ਖਤਮ ਕਰਨ ਦੀ ਬਿਆਨਬਾਜੀ ਨੂੰਹਾਸੋਹੀਣਾ ਕਰਾਰ ਦਿੰਦਿਆ ਕਿਹਾ ਕਿ ਇਹ ਬਿਆਨ ਤਾਂ ਆਮ ਸਿੱਖ ਦੇ ਵੀ ਗਲੇ ਤੇ ਥੱਲੇ ਨਹੀ ਉਤਰਦਾ। ਇਸੇ ਤਰ੍ਹਾਂ ਪਾਕਿ ਕਮੇਟੀ ਦੇ ਸਾਬਕਾ ਪ੍ਰਧਾਨ ਸ੍ਰ਼ ਬਿਸ਼ਨ ਸਿੰਘ ਨੇ ਕਿਹਾ ਕਿ ਪਾਕਿਸਤਾਨ ਕਮੇਟੀ ਨੂੰ ਤੋੜਣ ਦੀ ਨਾਪਾਕ ਕੋਸ਼ਿਸ਼ ਕਰਨ ਵਾਲਿਆ ਦੇ ਮਨਸੂਬੇ ਕਾਮਯਾਬ ਨਹੀ ਹੋਣਗੇ।ਇਸੇ ਤਰ੍ਹਾਂ ਪਾਕਿ ਕਮੇਟੀ ਦੇ ਜਨਰਲ ਸਕੱਤਰ ਤੇ ਪੰਜਾਬੀ ਸਿੱਖ ਸੰਗਤ ਦੇ ਚੇਅਰਮੈਨ ਸ੍ਰ਼਼ ਗੋਪਾਲ ਸਿੰਘ ਚਾਵਲਾ ਨੇ ਕਿ ਸਾਨੂੰ ਅਫਸੋਸ ਹੈ ਕਿ ਪਾਕਿਸਤਾਨ ਸਰਕਾਰ ਨੇ ਹਮੇਸ਼ਾਂ ਹੀ ਭਾਰਤ ਨੂੰ ਫੁੱਲ ਭੇਂਟ ਕੀਤੇ ਹਨ ਪਰ ਅੱਗੇ ਨਫਰਤ ਹੀ ਮਿਲੀ ਹੈ ਭਾਂਵੇ ਨਾਨਕਸ਼ਾਹੀ ਕੈਲੰਡਰ ਦਾ ਮਾਮਲਾ ਹੋਵੇ ਜਾਂ ਸਰਹੱਦਾਂ ਤੇ ਗੋਲੀ ਚਲਾ ਕੇ ਨਿਰਦੋਸ਼ ਲੋਕਾਂ ਨੂੰ ਮਾਰ ਕੇ ਫੈਲਾਈ  ਗਈ ਨਫਰਤ ਦਾ ਹੋਵੇ।

ਪੱਛਮੀ ਪੰਜਾਬ ਦੀ ਐਸੰਬਲੀ ਦੇ ਸਿੱਖ ਮੈਂਬਰ ਰਮੇਸ਼ ਸਿੰਘ ਨੇ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਸਿੱਖਾਂ ਦਾ ਅੰਦਰੂਨੀ ਮਸਲਾ ਹੈ ਜਿਸ ਨੂੰ ਮਿਲ ਬੈਠ ਕੇ ਹੱਲ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜੰਮੂ ਵਿੱਚ ਜਿਸ ਤਰੀਕੇ ਨਾਲ ਇੱਕ ਸਿੱਖ ਨੌਜਵਾਨ ਜਗਜੀਤ ਸਿੰਘ ਦਾ ਕਤਲ ਕੀਤਾ ਹੈ ਉਸ ਦੇ ਦੋਸ਼ੀਆਂ ਨੂੰ ਸਜਾਵਾ ਦਿੱਤੀਆ ਜਾਣੀਆ ਚਾਹੀਦੀਆਂ ਹਨ। ਇਸ ਸਮਾਗਮ ਨੂੰ ਹਰਵਿੰਦਰ ਸਿੰਘ ਸਰਨਾ ਨੇ ਵੀ ਸੰਬੋਧਨ ਕੀਤਾ। ਸਮਾਗਮ ਵਿੱਚ ਭੁਪਿੰਦਰਪਾਲ ਸਿੰਘ ਸਰਨਾ, ਆਪ ਆਦਮੀ ਪਾਰਟੀ ਦੇ ਆਗੂ ਕਰਤਾਰ ਸਿੰਘ ਕੋਛੜ। ਮਨਜੀਤ ਸਿੰਘ ਸਰਨਾ, ਦਿੱਲੀ ਕਮੇਟੀ ਦੇ ਮੈਂਬਰ ਹਰਪਾਲ ਸਿੰਘ ਕੋਛੜ ਤੇ ਤੇਜਿੰਦਰ ਸਿੰਘ ਗੋਪਾ, ਸਿੱਖਾਂ ਦੇ ਦਿਮਾਗ ਵਜੋਂ ਜਾਣੇ ਜਾਂਦੇ ਮਨਜੀਤ ਸਿੰਘ ਕਲਕੱਤਾ, ਪਰਦੀਪ ਸਿੰਘ ਵਾਲੀਆ, ਹਰਪਾਲ ਸਿੰਘ ਸਰਨਾ ਤੇ ਸੂਬਾ ਅਮਰੀਕ ਸਿੰਘ ਤੇ ਡਾ਼ ਇਕਬਾਲ ਸਿੰਘ ਦੀ ਅਗਵਾਈ ਹੇਠ 70 ਦੇ ਕਰੀਬ ਨਾਮਧਾਰੀਆਂ ਨੇ ਵੀ ਸ਼ਮੂਲੀਅਤ ਕੀਤੀ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>