ਪੰਜਾਬ ਇੱਕ ਸਰਹੱਦੀ ਸੂਬਾ ਹੈ,ਜਿਸ ਦੀ ਬਹੁ-ਵਸੋਂ ਸਿੱਖ ਹੈ।ਜਿਵੇਂ ਹਿੰਦੁਸਤਾਨ ਦੇ ਜਨ ਜੀਵਨ ਤੇ ਸਿਅਸਤ ਉਤੇ ਰਾਮਾਇਣ ਤੇ ਮਹਾਂਭਾਰਤ ਦੀ ਸੰਸਕ੍ਰਿਤੀ ਦਾ ਪ੍ਰਭਾਵ ਹੈ, ਉਸੇ ਤਰ੍ਹਾਂ ਪੰਜਾਬ ਦੇ ਜਨ ਜੀਵਨ ਉਤੇ ਸਿੱਖ ਫਿਲਾਸਫੀ ਦਾ ਬਹਤ ਪ੍ਰਭਾਵ ਹੈ।ਸਿੱਖ ਆਪਣੇ ਗੁਰੂ ਸਾਹਿਬਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਇਤਿਹਾਸਿਕ ਗੁਰਦੁਆਰਿਆਂ ਨਾਲ ਬੜੀ ਹੀ ਸ਼ਿਦਤ ਨਾਲ ਜੁੜੇ ਹੋਏ ਹਨ।ਪੰਜਾਬ ਦੀ ਸਿਅਸਤ ਮੁੱਖ ਤੌਰ ‘ਤੇ ਸਿੱਖ ਸਿਆਸਤ ਦੇ ਆਲੇ ਦੁਆਲੇ ਹੀ ਘੁੰਮਦੀ ਹੈ। ਕੋਈ ਵੀ ਸਿਅਸੀ ਪਾਰਟੀ ਹੋਵੇ, ਉਹ ਸਿੱਖ ਮੁੱਦਿਆਂ ਨੂੰ ਅਖੋਂ ਪਰੋਖੇ ਨਹੀਂ ਕਰ ਸਕਦੀ।
ਅੰਗਰੇਜ਼ ਸਰਕਾਰ ਵੀ ਭਾਵੇਂ ਆਮ ਹਿੰਦੁਸਤਾਨੀਆਂ ਵਾਂਗ ਪੰਜਾਬੀਆਂ ਨੂੰ ਦਬਾ ਕੇ ਰਖਣਾ ਚਾਹੁੰਦੀ ਸੀ, ਪਰ ਸਿੱਖ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਐਕਟ 1925 ਪਾਸ ਕੀਤਾ। ਇਸ ਐਕਟ ਅਨੁਸਾਰ ਸ਼੍ਰੋਮਣੀ ਕਮੇਟੀ ਦੇ ਹਾਊਸ ਦੀ ਮਿਆਦ ਤਿੰਨ ਸਾਲ ਹੁੰਦੀ ਸੀ, ਸਾਂਝੇ ਪੰਜਾਬ ਦੇ ਮੁੱਖ ਮੰਤਰੀ ਸਰ ਸਿਕੰਦਰ ਹਿਯਾਤ ਖਾਂ ਨੇ ਜੂਨ 1942 ਵਿਚ ਸਿੱਖਾਂ ਦੀ ਮੰਗ ਉਤੇ ਇਸ ਐਕਟ ਵਿਚ ਪਹਿਲੀ ਸੋਧ ਕਰਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਦੀ ਮਿਆਦ ਪੰਜ ਸਾਲ ਕੀਤੀ।
ਆਜ਼ਾਦੀ ਮਿਲਣ ਉਪਰੰਤ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਗੋਪੀ ਚੰਦ ਭਾਰਗੋ ਤੇ ਫਿਰ ਭੀਮ ਸੈਣ ਸੱਚਰ ਲਈ ਸੱਭ ਤੋਂ ਅਹਿੰਮ ਮਸਲਾ ਪਾਕਿਸਤਾਨ ਤੋਂ ਆਏ ਸ਼ਰਨਾਰਥੀਆਂ ਦੇ ਪੁਨਰਵਾਸ ਦਾ ਸੀ,ਜਿਸ ਵਲ ਉਨਾਂ ਵਿਸ਼ੇਸ਼ ਧਿਆਨ ਦਿਤਾ।
ਸ਼੍ਰੋਮਣੀ ਅਕਾਲੀ ਦਲ ਨੇ ਭਾਸ਼ਾ ਦੇ ਆਧਾਰ ਉਤੇ ਪੰਜਾਬੀ ਸੂਬੇ ਦੀ ਸਥਾਪਤੀ ਲਈ ਸੰਘਰਸ਼ ਸ਼ੁਰੂ ਕਰ ਦਿੱਤਾ, ਹੁਕਮਰਾਨ ਕਾਂਗਰਸ (ਜਿਸ ਉਤੇ ਪਹਿਲੇ ਕਈ ਸਾਲ ਆਰੀਆ ਸਮਾਜ ਵਿਚਾਰਧਾਰਾ ਵਾਲੇ ਲੀਡਰਾਂ ਦਾ ਗ਼ਲਬਾ ਰਿਹਾ) ਤੇ ਜਨ ਸੰਘ ਇਸ ਮੰਗ ਦੀ ਵਿਰੋਧਤਾ ਕਰਦੇ ਸਨ।ਸ੍ਰੀ ਸੱਚਰ ਦੀ ਸਰਕਾਰ ਸਮੇਂ 1955 ਵਿਚ “ਪੰਜਾਬੀ ਸੂਬਾ –ਜ਼ਿੰਦਾਬਾਦ” ਕਹਿਣ ਦੇ ਨਾਅਰੇ ਉਤੇ ਪਾਬੰਦੀ ਲਗਾ ਦਿਤੀ ਗਈ, ਅਕਾਲੀ ਦਲ ਨੇ ਇਸ ਵਿਰੁਧ ਮੋਰਚਾ ਲਗਾ ਦਿੱਤਾ।ਇਸ ਮੋਰਚੇ ਨੂੰ ਫੇਲ੍ਹ ਕਰਨ ਲਰੀ 3 ਤੇ 5 ਜੁਲਾਈ 1955 ਦੀ ਦਰਮਿਆਨੀ ਰਾਤ ਨੂੰ ਸ਼੍ਰੋਮਣੀ ਕਮੇਟੀ ਕੰਪਲੈਕਸ ਵਿੱਚ ਪੁਲਿਸ ਭੇਜੀ ਗਈ, ਜਿਸ ਨੇ ਤੇਜਾ ਸਿੰਘ ਸਮੁੰਦਰੀ ਹਾਲ, ਸ੍ਰੀ ਗੁਰੂ ਰਾਮ ਦਾਸ ਸਰਾਂ ਤੇ ਅਕਾਲੀ ਦਲ ਦੇ ਦਫਤਰ ਤੇ ਕਬਜ਼ਾ ਕਰ ਲਿਆ,ਤੇ ਲੰਗਰ (ਜੋ ਉਸ ਸਮੇਂ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਲਾਗੇ,ਗੁ.ਮੰਜੀ ਸਾਹਿਬ ਵਾਲੇ ਪਾਸੇ ਹੁੰਦਾ ਸੀ) ਦੀ ਛੱਤ ਤੇ ਚੜ੍ਹ ਕੇ ਪਰਿਕਰਮਾ ਵਿਚ ਅੱਥਰੂ ਗੈਸ ਦੇ ਗੋਲੇ ਸੁੱਟੇ।ਸਾਰੇ ਯਾਤਰੀ ਗ੍ਰਿਫਤਾਰ ਕਰ ਲਏ ਗਏ, ਸ਼੍ਰੋਮਣੀ ਕਮੇਟੀ ਤੇ ਅਕਲੀ ਦੇ ਦਫਤਰ ਦਾ ਰੀਕਾਰਡ ਸੀਲ ਕਰ ਦਿਤਾ। ਉਸ ਸਮੇਂ ਪੰਜਾਬੀ ਦੇ ਅਖ਼ਬਾਰ ਰੋਜ਼ਾਨਾ ਅਜੀਤ, ਅਕਾਲੀ ਪਤ੍ਰਿਕਾ ਤੇ ਪ੍ਰਭਾਤ ਦੇ ਪ੍ਰੈਸ ਸੀਲ ਕਰ ਦਿਤੇ ਗਏ। ਇਸ ਉਤੇ ਸਿੱਖਾਂ ਵਿਚ ਬੜਾ ਰੋਸ ਫੈਲ ਗਿਆ,7 ਜੁਲਾਈ ਨੂੰ ਪੁਲਿਸ ਆਪਣੇ ਆਪ ਵਾਪਸ ਆ ਗਈ ਤੇ ਨਾਅਰੇ ਤੋਂ ਪਾਬੰਦੀ ਉਠਾ ਲਈ ਗਈ।ਇਸ ਉਤੇ ਸ੍ਰੀ ਸੱਚਰ ਨੇ 10 ਨਵੰਵਰ ਨੂੰ ਸ੍ਰੀ ਦਰਬਾਰ ਸਾਹਿਬ ਹਾਜ਼ਰ ਹੋ ਕੇ ਸਿੱਖ ਪੰਥ ਤੋਂ ਮੁਆਫੀ ਮੰਗੀ ਤੇ 14 ਜਨਵਰੀ 1956 ਨੂੰ ਅਸਤੀਫਾ ਵੀ ਦੇ ਦਿਤਾ, ਪ੍ਰਤਾਪ ਸਿੰਘ ਕੈਰੋਂ ਨਵੇਂ ਮੁਖ ਮੰਤਰੀ ਬਣੇ।
ਸ੍ਰੀ ਕੈਰੋਂ ਵੀ ਪੰਜਾਬੀ ਸੂਬਾ ਦੀ ਮੰਗ ਦੇ ਵਿਰੋਧੀ ਸਨ।ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਮਾਸਟਰ ਤਾਰਾ ਸਿੰਘ, ਜੋ ਅਕਾਲੀ ਦੇ ਨਿਰਵਿਵਾਦ ਨੇਤਾ ਸਨ, ਨੂੰ ਕਮਜ਼ੋਰ ਕਰਨ ਲਈ ਸੰਤ ਫਤਹਿ ਸਿੰਘ ਨੂੰ ਅਗੇ ਲਿਆਂਦਾ। ਪਹਿਲੀ ਵਾਰੀ ਸ਼ਹਿਰੀ ਸਿੱਖ ਤੇ ਪੇਂਡੂ ਸਿੱਖ ਅਤੇ ਜੱਟ ਸਿੱਖ ਤੇ ਭਾਪੇ ਦਾ ਸਵਾਲ ਖੜਾ ਕੀਤਾ ਗਿਆ।ਸ੍ਰੀ ਕੈਰੋਂ ਨੂੰ ਦਾਸ ਕਮਿਸ਼ਨ ਵਲੋਂ ਭ੍ਰਿਸ਼ਟਾਚਾਰ ਦੇ ਕਥਿਤ ਦੋਸ਼ੀ ਪਾਏ ਜਾਣ ਕਾਰਨ ਜੂਨ 1964 ਵਿਚ ਅਸਤੀਫਾ ਦੇਣਾ ਪਿਆ। ਕਾਮਰੇਡ ਰਾਮ ਕਿਸ਼ਨ ਨਵੇਂ ਮੁਖ ਮੰਤਰੀ ਬਣੇ।
ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ ਸਬੰਧੀ ਸ਼ਤਾਬਦੀਆਂ ਮਨਾਉਣ ਦਾ ਸਿਲਸਿਲਾ ਇਸੇ ਦੌਰਾਨ ਸ਼ੁਰੂ ਹੋਇਆ।ਕਾ. ਰਾਮ ਕਿਸ਼ਨ ਨੇ 17 ਜਨਵਰੀ 1967 ਨੂੰ ਗੁਰੂ ਗੋਬਿੰਦ ਸਿੰਘ ਜੀ ਦਾ 300-ਸਾਲਾ ਪ੍ਰਕਾਸ ਪੁਰਬ ਸਰਕਾਰੀ ਪੱਧਰ ‘ਤੇ ਮਨਾਉਣ ਲਈ ਜੁਲਾਈ 1965 ਵਿਚ ਸਟੇਟ ਲਾਇਬਰੇਰੀ ਪਟਿਆਲਾ ਵਿਖੇ ਇਕ ਕਨਵੈਨਸ਼ਨ ਬੁਲਾਈ ਜਿਸ ਵਿੱਚ ਸਾਰੀਆਂ ਪਾਰਟੀਆਂ ਦੇ ਪ੍ਰਮੁੱਖ ਲੀਡਰ, ਜਾਲੰਧਰ ਤੋਂ ਪ੍ਰਕਸ਼ਿਤ ਹੋਣ ਵਾਲੇ ਸਾਰੇ ਅਖ਼ਬਾਰਾਂ ਦੇ ਸੰਪਾਦਕ, ਲੇਖਕ, ਵਿਦਵਾਨ ਤੇ ਕਲਾਕਾਰ ਬੁਲਾਏ (ਪ੍ਰਸਿੱਧ ਚਿੱਤਰਕਾਰ ਸੋਭਾ ਸਿੰਘ ਨਾਲ ਆ ਕੇ ਇਹ ਲੇਖਕ ਵੀ ਇਸ ਕਨਵੈਨਸ਼ਨ ਵਿਚ ਸ਼ਾਮਿਲ ਹੋਇਆ ਸੀ) ਬੜੀ ਭਰਵੀਂ ਇਕੱਤ੍ਰਤਾ ਹੋਈ ਤੇ ਸਾਰਾ ਦਿਨ ਵਿਚਾਰ ਵਿਟਾਂਦਰਾ ਹੋਇਆ, ਅੰਤ ਪ੍ਰਕਾਸ਼ ਪੁਰਬ ਦੀ ਤੀਜੀ ਸ਼ਤਾਬਦੀ ਸਰਕਾਰੀ ਪੱਧਰ ਤੇ ਮਨਾਉਣ, ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਬਾਰੇ ਇੱਕ ਪੁਸਤਕ ਲਿਖਣ ਲਈ ਰੋਜ਼ਾਨਾ ਮਿਲਾਪ ਦਿੱਲੀ ਦੇ ਸੰਪਾਦਕ ਰਨਬੀਰ ਤੇ ਗੁਰੂ ਜੀ ਦਾ ਚਿੱਤਰ ਬਣਾਉਣ ਲਈ ਚਿਤਰਕਾਰ ਸੋਭਾ ਸਿੰਘ ਨੂੰ ਜ਼ਿਮੇਵਾਰੀ ਸੌਂਪੀ ਗਈ।
ਪਹਿਲੀ ਨਵੰਬਰ 1966 ਨੂੰ ਪੰਜਾਬ ਦਾ ਭਾਸ਼ਾ ਦੇ ਆਧਾਰ ‘ਤੇ ਪੁਨਰਗਠਨ ਹੋ ਗਿਆ,ਪੰਜਬੀ ਸੂਬਾ ਅਤੇ ਹਰਿਆਣਾ ਨਾਂਅ ਦਾ ਇਕ ਨਵਾਂ ਸੂਬਾ ਹੋਂਦ ਵਿਚ ਆ ਗਿਆ, ਕਾਂਗੜਾ, ਕੁਲੂ ਮਨਾਲੀ,ਸ਼ਿਮਲਾ ਸਮੇਤ ਸਾਰੇ ਪਹਾੜੀ ਇਲਾਕੇ ਹਿਮਾਚਲ ਵਿੱਚ ਸ਼ਾਮਿਲ ਕਰ ਦਿਤੇ ਗਏ, ਚੰਡੀਗੜ੍ਹ ਨੂੰ ਕੇਂਦਰੀ ਪ੍ਰਬੰਧਕ ਇਲਾਕਾ ਬਣਾ ਦਿਤਾ ਗਿਆ।ਗਿ. ਗੁਰਮੁਖ ਸਿੰਘ ਮਸਾਫਿਰ ਨਵੇਂ ਪੰਜਾਬ ਤੇ ਭਗਵਤ ਦਿਆਲ ਸ਼ਰਮਾ ਹਰਿਆਣਾ ਦੇ ਪਹਿਲੇ ਮੁੱਖ ਮੰਤਰੀ ਬਣੇ, ਸ੍ਰੀ ਧਰਮ ਵੀਰ ਦੋਨਾਂ ਸੂਬਿਆਂ ਦੇ ਸਾਂਝੇ ਗਵਰਨਰ ਸਨ, 17 ਜਨਵਰੀ 1967 ਨੂੰ ਪੰਜਾਬ ਤੇ ਹਰਿਆਣਾ ਵਲੋਂ ਗੁਰੂ ਸਾਹਿਬ ਦਾ 300-ਸਾਲਾ ਪ੍ਰਕਾਸ਼ ਪੁਰਬ ਸਾਂਝੇ ਤੌਰ ‘ਤੇ ਮਨਾਇਆ ਗਿਆ।
ਪੁਨਰਗੱਠਨ ਤੋਂ ਬਾਅਦ ਪਹਿਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਫਰਵਰੀ 1967 ਵਿਚ ਹੋਈਆਂ, ਜਸਟਿਸ ਗੁਰਨਾਮ ਸਿੰਘ ਦੀ ਅਗਵਾਈ ਵਿਚ ਪਹਿਲੀ ਗੈਰ-ਕਾਂਗਰਸੀ ਸਰਕਾਰ ਬਣੀ।ਆਪਣੇ ਅਹੁਦੇ ਦੀ ਸੌਂਹ ਚੁੱਕ ਕੇ ਉਨ੍ਹਾਂ ਸੱਭ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਵਿਖੇ ਮੱਥੇ ਟੇਕਣ ਦੀ ਪ੍ਰਥਾ ਸ਼ੁਰੂ ਕੀਤੀ, ਜੋ ਹੁਣ ਤਕ ਜਾਰੀ ਹੈ।ਨਵੰਬਰ ਮਹੀਨੇ ਅਕਾਲੀ ਮੰਤਰੀ ਲਛਮਣ ਸਿੰਘ ਗਿੱਲ ਨੇ ਆਪਣੇ ਸਾਥੀਆਂ ਸਮੇਤ ਬਾਗ਼ੀ ਹੋ ਕੇ ਨਵੀਂ ਪਾਰਟੀ ਬਣਾ ਲਈ ਤੇ ਬਾਹਰੋਂ ਕਾਂਗਰਸ ਦੇ ਸਹਿਯੋਗ ਨਾਲ ਸਰਕਾਰ ਬਣਾਈ ਤੇ ਵਿਧਾਨ ਸਭਾ ਤੋਂ ਮਾਂ-ਬੋਲੀ ਪੰਜਾਬੀ ਨੂੰ ਸਰਕਾਰੀ ਰਾਜ ਭਾਸ਼ਾ ਬਣਾਉਣ ਦਾ ਬਿਲ ਪਾਸ ਕਰਵਾਇਆ। ਫਰਵਰੀ 1969 ਵਿੱਚ ਹੋਈਆਂ ਉਪ ਚੋਣਾਂ ਵਿੱਚ ਫਿਰ ਜਸਟਿਸ ਗੁਰਨਾਮ ਸਿੰਘ ਮੁੱਖ ਮੰਤਰੀ ਬਣੇ। ਨਵੰਬਰ ਮਹੀਨੇ ਗੁਰੂ ਨਾਨਕ ਦੇਵ ਜੀ ਦੇ 500-ਸਾਲਾ ਪ੍ਰਕਾਸ਼ ਉਤਸਵ ਮਨਾਉਂਦੇ ਹੋਏ ਇਸ ਸਰਕਾਰ ਨੇ ਅੰਮ੍ਰਿਤਸਰ ਵਿਖੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਥਾਪਤ ਕੀਤੀ।ਮਾਰਚ 1970 ਵਿਚ ਪ੍ਰਕਾਸ਼ ਸਿੰਘ ਬਾਦਲ ਨਵੇਂ ਮੁੱਖ ਮੰਤਰੀ ਬਣੇ, ਉਨ੍ਹਾ ਜੂਨ 1971 ਵਿਚ ਜ਼ਿਲਾਂ ਅੰਮ੍ਰਿਤਸਰ, ਗੁਰਦਾਸਪੁਰ, ਕਪੂਰਥਲਾ ਤੇ ਜਾਲੰਧਰ ਦੇ ਸਾਰੇ ਕਾਲਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਾਲੋਂ ਤੋੜਕੇ ਹੁਰੂ ਨਾਨਕ ਯੂਨੀਵਰਸਿਟੀ ਨਾਲ ਜੋੜਨ ਦਾ ਫੈਸਲਾ ਕੀਤਾ, ਇਸ ਦੇ ਵਿਰੋਧ ਵਿਚ ਜਨ ਸੰਘ ਦੇ ਚਾਰੇ ਮੰਤਰੀਆਂ ਨੇ ਅਸਤੀਫੇ ਦੇ ਦਿਤੇ ਤੇ ਸਰਕਾਰ ਤੋਂ ਸਮਰੱਥਨ ਵਾਪਸ ਲੈ ਲਿਆ। ਪੰਜਾਬ ਵਿਚ ਰਾਸ਼ਟ੍ਰਪਤੀ ਰਾਜ ਲਾਗੂ ਹੋ ਗਿਆ।
ਫਰਵਰੀ 1972 ਵਿਚ ਹੋਈਆਂ ਚੋਣਾ ਤੋਂ ਬਾਅਦ ਗਿਆਨੀ ਜ਼ੈਲ ਸਿੰਘ ਦੀ ਕਾਂਗਰਸੀ ਸਰਕਾਰ ਬਣੀ। ਇਸ ਸਰਕਾਰ ਨੇ 1975 ਵਿਚ ਸ੍ਰੀ ਗੁਰੂ ਤੇਗ਼ ਬਹਾਦਰ ਦੀ ਸ਼ਹੀਦੀ ਦੀ ਤੀਜੀ ਸ਼ਤਾਬਦੀ ਸਰਕਾਰੀ ਪੱਧਰ ਤੇ ਮਨਾਈ ਅਤ ਸ੍ਰੀ ਆਨੰਦਪੁਰ ਸਾਹਿਬ ਤੋਂ ਦਮਦਮਾ ਸਾਹਿਬ ਤਕ ਗੁਰੂ ਗੋਬੰਦ ਸਿੰਘ ਮਾਰਗ ਦਤ ਨਿਰਮਾਣ ਕਰਵਾਕੇ ਨਗਰ ਕੀਰਤਨ ਦਾ ਆਯੋਜਨ ਕਰਵਾਇਆ। ਸ਼ਹੀਦ ਊਦਮ ਸਿੰਘ ਦੀਆਂ ਅਸਥੀਆਂ ਇੰਗਲੈਂਡ ਤੋਂ ਮੰਗਵਾਈਆਂ ਤੇ ਸ਼ਹੀਦ ਭਗਤ ਸਿੰਘ ਦੀ ਸਤਿਕਾਰਯੋਗ ਮਾਤਾ ਨੂੰ “ਪੰਜਾਬ ਮਾਤਾ” ਦਾ ਖਿਤਾਬ ਦਿਤਾ।
ਸ੍ਰੀ ਬਾਦਲ ਜੂਨ 1977 ਵਿਚ ਦੂਜੀ ਵਾਰੀ ਮੁੱਖ ਮੰਤਰੀ ਬਣੇ, ਉਸ ਸਰਕਾਰ ਨੇ ਅਕਤੂਬਰ 1977 ਵਿਚ ਗੁਰੂ ਕੀ ਨਗਰੀ ਅੰਮ੍ਰਿਤਸਰ ਦਾ 400-ਸਾਲਾ ਸਥਾਪਨਾ ਦਿਵਸ, ਮਈ 1979 ਵਿਚ ਗੁਰੂ ਅਮਰ ਦਾਸ ਜੀ ਦੇ ਪ੍ਰਕਾਸ਼ ਦਿਵਸ ਦੀ ਪੰਜਵੀਂ ਸ਼ਤਾਬਦੀ ਸਰਕਾਰੀ ਪੱਧਰ ਤੇ ਮਨਾਈ।
ਫਰਵਰੀ 1992 ਵਿਚ ਬੇਅੰਤ ਸਿੰਘ ਮੁੱਖ ਮੰਤਰੀ ਬਣੇ।ਇਸ ਸਰਕਾਰ ਨੇ ਫ਼ਤਹਿਗੜ੍ਹ ਸਾਹਿਬ ਨੰ ਜ਼ਿਲਾ ਬਣਾਇਆ। ਫਰਵਰੀ 1997 ਵਿਚ ਸ੍ਰੀ ਬਾਦਲ ਨੇ ਤੀਜੀ ਵਾਰੀ ਸਰਕਾਰ ਬਣਾਈ,ਉਨ੍ਹਾਂ 1999 ਵਿਚ ਖਾਲਸਾ ਪੰਥ ਸਿਰਜਣਾ ਦੀ ਤੀਜੀ ਸ਼ਤਾਬਦੀ ਸਰਕਾਰੀ ਪੱਧਰ ਤੇ ਮਨਾਈ ਜਿਸ ਵਿਚ ਉਸ ਸਮੇਂ ਦੇ ਪ੍ਰਧਾਨ ਮੰਤਰੀ ਅਟੱਲ ਬਿਹਾਰੀ ਵਾਜਪਾਈ ਸ਼ਾਮਿਲ ਹੋਏ।ਸਾਲ 2002 ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਦੀ ਸਰਕਾਰ ਆਈ। ਇਸ ਨੇ ਸਾਲ 2004 ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦੇ 400-ਸਾਲਾ ਸਮਾਗਮ, ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆ ਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਦੀ ਤੀਜੀ ਸ਼ਤਾਬਦੀ ਦੇ ਸਬੰਧ ਵਿਚ ਚਮਕੌਰ ਸਾਹਿਬ ਤੇ ਫਤਹਿਗੜ੍ਹ ਸਾਹਿਬ ਵਿਖੇ ਯਾਦਗਾਰੀ ਗੇਟ ਬਣਵਾਏ। ਅਗਲੇ ਵਰ੍ਹੇ ਚਾਲੀ ਮੁਕਤਿਆਂ ਦੀ ਯਾਦ ਵਿਚ ਯਾਦਗਾਰ ਸਥਾਪਤ ਕੀਤੀ ਤੇ ਸ਼ਹਿਰ ਦਾ ਨਾਂਅ ਸ੍ਰੀ ਮੁਕਤਸਰ ਸਾਹਿਬ ਕਰਵਾਇਆ। ਜੂਨ 2006 ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੀ ਚੌਥੀ ਸ਼ਤਾਬਦੀ ਸਰਕਾਰੀ ਪੱਧਰ ਤੇ ਮਨਾਈ, ਤਰਨ ਤਾਰਨ ਨੂੰ ਜ਼ਿਲਾ ਬਣਾਇਆ।
ਚੌਥੀ ਤੇ ਪੰਜਵੀਂ ਵਾਰੀ ਮੁਖ ਮੰਤਰੀ ਵਜੋਂ ਸੁਸ਼ੋਭਿਤ ਹੋ ਕੇ ਸ੍ਰੀ ਬਾਦਲ ਨੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ 1984 ਦੇ ਘਲੂਘਾਰੇ ਦੇ ਸ਼ਹੀਦਾਂ ਦੀ ਯਾਦਗਾਰ ਬਣਵਾਈ, ਆਨੰਦਪੁਰ ਸਾਹਿਬ ਵਿਖੇ ਵਿਰਾਸਤ-ਏ-ਖਾਲਸਾ ਦਾ ਨਿਰਮਾਣ ਕਰਵਾਇਆ ਅਤੇ ਆਨੰਦਪੁਰ ਸਾਹਿਬ ਦੀ 350 ਸਾਲਾ ਸਥਾਪਨਾ ਦਿਵਸ ਦੇ ਸਮਾਗਮ ਕਰਵਾਏ, ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਥਾਂ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਸ਼ਾਮਿਲ ਹੋਏ।
ਪਿੱਛਲੇ ਸਾਲ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਚਾਰ ਸੀਟਾਂ ਜਿੱਤ ਕੇ ਇਕ ਇਤਿਹਾਸ ਸਿਰਜ ਦਿੱਤਾ, ਉਸ ਪਾਰਟੀ ਨੇ ਵੀ ਸਿੱਖ ਮੁੱਦਿਆਂ ਨੂੰ ਆਪਣੇ ਚੋਣ ਪ੍ਰਚਾਰ ਵਿੱਚ ਪ੍ਰਮੁੱਖਤਾ ਦਿੱਤੀ।
ਇਸ ਤੋਂ ਸਪੱਸ਼ਟ ਹੈ ਕਿ ਪੰਜਾਬ ਵਿੱਚ ਸਰਕਾਰ ਭਾਵੇਂ ਕਾਂਗਰਸ ਦੀ ਹੋਵੇ ਜਾਂ ਅਕਾਲੀ ਦਲ ਦੀ, ਸਿੱਖਾਂ ਦੇ ਧਾਰਮਿਕ ਜ਼ਜ਼ਬਾਤਾਂ ਤੇ ਪੰਥਕ ਮੁੱਦਿਆਂ ਵਲ ਵਿਸੇਸ਼ ਧਿਆਨ ਦਿੱਤਾ ਜਾਂਦਾ ਹੈ।ਅਕਾਲੀ ਦਲ ਦੀ ਭਾਈਵਾਲ ਭਾਜਪਾ ਪੰਜਾਬ ਦੇ ਪਿੰਡਾਂ ਵਿੱਚ ਇਸ ਲਈ ਆਪਣਾ ਆਧਾਰ ਨਹੀਂ ਬਣਾ ਸਕੀ ਕਿਉਂ ਜੋ ਇਹ ਅਕਸਰ ਸਿੱਖ ਮੱਦਿਆਂ ਦੀ ਵਿਰੋਧਤਾ ਕਰਦੀ ਰਹੀ ਹੈ।