ਸਿਰਜਣਧਾਰਾ ਵੱਲੋਂ ਬਾਈ ਮੱਲ ਸਿੰਘ ਯਾਦਗਾਰੀ ਪੁਰਸਕਾਰ ਸਮਾਗਮ

ਲੁਧਿਆਣਾ – ‘ਸਾਹਿਤਕਾਰਾਂ ਦਾ ਮਾਣ-ਸਨਮਾਨ ਕਰਨਾ ਬਹੁਤ ਉੱਤਮ ਕਾਰਜ ਹੈ, ਇਸ ਨਾਲ ਉਨ੍ਹਾਂ ਨੂੰ ਅਹਿਸਾਸ ਹੋ ਜਾਂਦਾ ਹੈ ਕਿ ਉਨ੍ਹਾਂ  ਦੀਆਂ ਰਚਨਾਵਾਂ ਸਮਾਜ ਵੱਲੋਂ ਪ੍ਰਵਾਨ ਕੀਤੀਆਂ ਗਈਆਂ ਹਨ। ਤੇ ਨਤੀਜੇ ਵਜੋਂ ਉਹ ਹੋਰ ਵੀ ਪਰਪੱਕ ਰਚਨਾਵਾਂ ਲਿਖ ਕੇ ਨਿੱਗਰ ਸਮਾਜ ਦੀ ਸਥਾਪਨਾ ਵਿਚ ਆਪੋ-ਆਪਣਾ ਬਹੁਮੁੱਲਾ ਯੋਗਦਾਨ ਪਾਉਂਦੇ ਨੇ’, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਦਮ ਭੂਸ਼ਨ ਡਾ. ਸਰਦਾਰਾ ਸਿੰਘ ਜੌਹਲ ਨੇ ਸਾਹਿਤਕ ਸੰਸਥਾ ਸਿਰਜਣਧਾਰਾ ਵੱਲੋਂ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਹਿਯੋਗ ਨਾਲ ਕਰਵਾਏ ਗਏ ‘੧੬ਵਾਂ ਬਾਈ ਮੱਲ ਸਿੰਘ ਯਾਦਗਾਰੀ ਪੁਰਸਕਾਰ’ ਸਮਾਗਮ ਦੌਰਾਨ ਕੀਤਾ।  ਜੌਹਲ ਸਾਹਿਬ ਦੇ ਇਲਾਵਾ ਪ੍ਰਧਾਨਗੀ ਮੰਡਲ ਵਿੱਚ ਸੰਸਥਾ ਦੇ ਪ੍ਰਧਾਨ ਸ. ਕਰਮਜੀਤ ਸਿੰਘ ਔਜਲਾ, ਡਾ. ਐਸ. ਐਨ. ਸੇਵਕ, ਸ. ਹਰਬੀਰ ਸਿੰਘ ਭੰਵਰ, ਕਰਨਲ ਰਘੁਬੀਰ ਸਿੰਘ ਕੰਗ, ਮੋਹਨ ਸਿੰਘ ਸਹਿਗਲ ਅਤੇ ਡਾ. ਗੁਰਚਰਨ ਕੌਰ ਕੋਚਰ ਨੇ ਸ਼ਿਰਕਤ ਕੀਤੀ। ਮੀਤ ਪ੍ਰਧਾਨ ਦਲਵੀਰ ਸਿੰਘ ਲੁਧਿਆਣਵੀ ਨੇ ‘ਸਿਰਜਣਧਾਰਾ ਵੱਲੋਂ ਸਾਹਿਤਕਾਰਾਂ ਨੂੰ ਸਨਮਾਨਿਤ ਕਰਨਾ ਵਿਸ਼ੇ ‘ਤੇ ਪਰਚਾ ਪੜ੍ਹਦਿਆਂ ਕਿਹਾ ਕਿ ਬਿਨਾਂ ਕਿਸੇ ਭੇਦ-ਭਾਵ ਦੇ, ਯੋਗ ਵਿਧੀ ਰਾਹੀਂ ਉਨ੍ਹਾਂ ਸਾਹਿਤਕਾਰਾਂ ਦੀ ਚੋਣ ਕਰਨੀ ਚਾਹੀਦੀ ਹੈ, ਜੋ ਸਹੀ ਹੱਕ ਰੱਖਦੇ ਹੋਣ। ਡਾ. ਕੋਚਰ ਨੇ ਸਟੇਜ ਸੰਚਾਲਨ ਕਰਦਿਆਂ ਸਨਮਾਨਿਤ ਕੀਤੀਆਂ ਜਾ ਰਹੀਆਂ ਸ਼ਖ਼ਸੀਅਤਾਂ ਬਾਰੇ ਸਾਹਿਤਕ ਚਾਨਣਾ ਪਾਇਆ।

ਸ਼ਾਇਰ ਵਿਜੇ ਵਿਵੇਕ ਨੂੰ ‘੧੬ਵਾਂ ਬਾਈ ਮੱਲ ਸਿੰਘ ਯਾਦਗਾਰੀ ਪੁਰਸਕਾਰ’ ਅਤੇ ਇੰਜ ਜਸਵੰਤ ਜ਼ਫ਼ਰ ਨੂੰ ਵਿਸ਼ੇਸ਼ ਸਨਮਾਨ ਦੇ ਇਲਾਵਾ ਪ੍ਰਿੰ: ਪਰਮਵੀਰ ਕੌਰ ਜ਼ੀਰਾ, ਅਮਰਜੀਤ ਸ਼ੇਰਪੁਰੀ ਅਤੇ ਰਘਬੀਰ ਸਿੰਘ ਸੰਧੂ ਨੂੰ ਵੀ ਸਨਮਾਨਿਤ ਕੀਤਾ ਗਿਆ। ਧਰਮਪਾਲ ਸਾਹਿਲ ਨੇ ਵਿਜੇ ਵਿਵੇਕ ਦਾ ਸਨਮਾਨ ਪੱਤਰ ਪੜ੍ਹਿਆ ਜਦਕਿ ਗੁਰਚਰਨ ਸਿੰਘ ਨਰੂਲਾ ਨੇ ਇੰਜ ਜਸਵੰਤ ਜ਼ਫ਼ਰ ਦਾ।

ਸ. ਔਜਲਾ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਪ੍ਰਧਾਨਗੀ ਮੰਡਲ ਵਿੱਚ ਬੈਠੀਆਂ ਮਹਾਨ ਹਸਤੀਆਂ ਬਾਰੇ ਭਰਪੂਰ ਜਾਣਕਾਰੀ ਦਿੰਦਿਆਂ ਇਹ ਵੀ ਦੱਸਿਆ ਕਿ ਪਿਛਲੇ ੨੭ ਸਾਲਾਂ ਤੋਂ ਸਿਰਜਣਧਾਰਾ ਸਾਹਿਤਕਾਰਾਂ ਨੂੰ ਸਨਮਾਨਿਤ ਕਰਦੀ ਆ ਰਹੀ ਹੈ।

ਡਾ. ਐਸ ਐਨ ਸੇਵਕ ਨੇ ਕਿਹਾ ਕਿ ਲੇਖਕ ਦਾ ਫ਼ਰਜ਼ ਬਣਦਾ ਹੈ ਕਿ ਸਮਾਜ ਨੂੰ ਸਹੀ ਅਗਵਾਈ ਦੇਵੇ ਅਤੇ ਸੰਸਥਾਵਾਂ ਦਾ ਕੰਮ ਹੈ ਕਿ ਇਹੋ ਜਿਹੇ ਸਾਹਿਤਕਾਰਾਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਉਤਸ਼ਾਹਿਤ ਕਰੇ।

ਸ. ਹਰਬੀਰ ਸਿੰਘ ਭੰਵਰ ਨੇ ਬਾਈ ਮੱਲ ਸਿੰਘ ਬਾਰੇ ਵਿਚਾਰ ਰੱਖਦਿਆਂ ਕਿਹਾ ਕਿ ਉਹ ਇੱਕ ਕਰਮਯੋਗੀ ਸਨ।

ਭਾਰੀ ਤਾਦਾਦ ਵਿਚ ਸਾਹਿਤਕਾਰ ਤੇ ਸਾਹਿਤ ਪ੍ਰੇਮੀ ਹਾਜ਼ਰੀ ਹੋਏ।  ਇਸ ਮੌਕੇ ‘ਤੇ ਕਵੀ ਦਰਬਾਰ ਆਯੋਜਿਤ ਕੀਤਾ ਗਿਆ, ਜਿਸ ਵਿਚ ੨੭ ਕਵੀਆਂ ਨੇ ਹਾਜ਼ਰੀ ਭਰੀ । ਇਸ ਸਮਾਗਮ ਨੂੰ ਨੇਪੜੇ ਚਾੜ੍ਹਨ ਵਿਚ ਗਲਪਕਾਰ ਦਵਿੰਦਰ ਸੇਖਾ, ਮੀਤ ਪ੍ਰਧਾਨ ਰਵਿੰਦਰ ਦੀਵਾਨਾ, ਲਾਡਾ ਪ੍ਰਦੇਸੀ ਭੋਲੋਕੇ ਆਦਿ ਨੇ ਸਹਿਯੋਗ ਦਿੱਤਾ। ਸੀਨੀਅਰ ਮੀਤ ਪ੍ਰਧਾਨ ਨੇ ਆਏ ਹੋਏ ਵਿਦਵਾਨਾਂ ਤੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>