ਪ੍ਰੀਤ ਪਰੁਚੀ ਬਿਰਹਾ ਦੀ ਕਵਿਤਰੀ-ਸੁਰਿੰਦਰ ਕੌਰ ਬਿੰਨਰ : ਉਜਾਗਰ ਸਿੰਘ

ਸੁਰਿੰਦਰ ਕੌਰ ਬਿੰਨਰ ਪ੍ਰੀਤ ਅਤੇ ਪੀੜਾ ਵਿਚ ਪਰੁਚੀ ਬਿਰਹਾ ਦੀ ਕਵਿਤਰੀ ਹੈ। ਹਲਾਤ ਨੇ ਉਸ ਨੂੰ ਕਵਿਤਰੀ ਬਣਾ ਦਿੱਤਾ। ਆਪਣੀ ਉਮਰ ਦੇ ਛੇਵੇਂ ਦਹਾਕੇ ਤੱਕ ਕਵਿਤਾ ਦੇ ਨੇੜੇ ਤੇੜੇ ਵੀ ਨਹੀਂ ਢੁਕੀ ਸੀ ਪ੍ਰੰਤੂ ਪਰਿਵਾਰ ਵਿਚ ਲਗਾਤਾਰ ਵਾਪਰੇ ਦੋ ਹਾਦਸਿਆਂ ਨਾਲ ਪਏ ਨਜ਼ਦੀਕਆਂ ਦੇ ਵਿਛੋੜੇ ਦੇ ਦੁਖਾਂ ਨੇ ਕਵਿਤਾ ਨੂੰ ਜਨਮ ਦਿੱਤਾ। 2010 ਤੋਂ ਲਗਾਤਾਰ ਉਪਰੋਥਲੀ 4 ਸਾਲਾਂ ਵਿਚ ਹੀ ਪੰਜਾਬੀ ਕਵਿਤਾ ਦੀਆਂ 7 ਪੁਸਤਕਾਂ ਜਿਨ੍ਹਾਂ ਵਿਚ 1 ਗ਼ਜ਼ਲਾਂ ਦੀ ਪੁਸਤਕ ਵੀ ਸ਼ਾਮਲ ਹੈ, ਪੰਜਾਬੀ ਬੋਲੀ ਦੀ ਝੋਲੀ ਪਾਈਆਂ ਹਨ। ਤੁਧ ਬਿਨ-2010, ਤੇਰੇ ਜਾਣ ਪਿਛੋਂ-2011, ਇੱਕ ਖ਼ਤ ਤੇਰੇ ਨਾਮ-2011, ਤਨ ਮਨ ਦੋਵੇਂ ਅਥਰੇ-2012, ਰੰਗ ਕਿਰਮਚੀ-2012, ਚਿੜੀਆਂ ਦੀ ਡਾਰ-2013 ਅਤੇ ਤੇਰੀ ਲੋਅ ਦੇ ਸਦਕੇ-2014 ਵਿਚ ਪ੍ਰਕਾਸ਼ਤ ਕੀਤੀਆਂ ਹਨ। ਪੰਜਾਬ ਦੇ ਕਪੂਰਥਲਾ ਜਿਲ੍ਹੇ ਵਿਚ ਫਗਵਾੜਾ ਨੇੜੇ ਡੂਮੇਣੀ ਪਿੰਡ ਵਿਚ ਫ਼ੌਜੀ ਅਧਿਕਾਰੀ ਪਿਤਾ ਤਰਲੋਚਨ ਸਿੰਘ ਅਤੇ ਮਾਤਾ ਚਰਨਜੀਤ ਕੌਰ ਦੇ ਘਰ 16 ਦਸੰਬਰ 1946 ਵਿਚ ਜਨਮ ਹੋਇਆ। ਪਿਤਾ ਦੇ ਫ਼ੌਜ ਦੇ ਐਜੂਕੇਸ਼ਨ ਕੋਰ ਵਿਚ ਨੌਕਰੀ ਕਰਨ ਕਰਕੇ ਸਾਰੇ ਦੇਸ਼ ਨੂੰ ਘੁੰਮ ਫਿਰ ਕੇ ਵੇਖਣ ਦਾ ਮੌਕਾ ਮਿਲਿਆ। ਆਪ ਦਾ ਦਾਦਾ ਭਾਗ ਸਿੰਘ ਨਿੱਝਰ ਵੀ ਅਧਿਆਪਕ ਸਨ। ਆਪ ਨੇ ਪ੍ਰਾਇਮਰੀ ਤੱਕ ਦੀ ਪੜ੍ਹਾਈ ਬੰਗਲੌਰ, ਦਸਵੀਂ ਦਿੱਲੀ ਅਤੇ ਬੀ.ਏ.ਰਾਮਗੜ੍ਹੀਆ ਕਾਲਜ ਫਗਵਾੜਾ ਤੋਂ 1967 ਵਿਚ ਪਾਸ ਕੀਤੀ। ਪਿਤਾ ਦੇ ਫ਼ੌਜ ਦੀ ਨੌਕਰੀ ਕਰਕੇ ਵੱਖ-ਵੱਖ ਰਾਜਾਂ ਵਿਚ ਰਹਿਣ ਦੀ ਵਜਾਹ ਕਰਕੇ ਅੰਗਰੇਜ਼ੀ ਮਾਧਿਅਮ ਵਿਚ ਹੀ ਸਾਰੀ ਪੜ੍ਹਾਈ ਕੀਤੀ। ਪੰਜਾਬਣ ਹੋਣ ਕਰਕੇ ਪੰਜਾਬੀ ਬੋਲੀ ਉਸ ਦੀ ਮਾਤ ਭਾਸ਼ਾ ਸੀ, ਜਿਸ ਕਰਕੇ ਪੰਜਾਬੀ ਬੋਲੀ ਦੀ ਮਿਠਾਸ ਉਸ ਨੂੰ ਪੜ੍ਹਨ ਲਿਖਣ ਲਈ ਉਕਸਾਉਂਦੀ ਰਹੀ। ਬੀ.ਏ. ਕਰਨ ਤੋਂ ਬਾਅਦ 1967 ਵਿਚ ਆਪ ਦਾ ਵਿਆਹ ਪਟਿਆਲਾ ਜਿਲ੍ਹੇ ਦੇ ਪਿੰਡ ਰਾਏਪੁਰ ਮਾਜਰੀ ਦੇ ਪੜ੍ਹੇ ਲਿਖੇ ਪਰਿਵਾਰ ਵਿਚ ਮੁਖ ਅਧਿਆਪਕ ਮਾਸਟਰ ਗੁਰਚਰਨ ਸਿੰਘ ਦੇ ਅਧਿਆਪਕ ਸਪੁੱਤਰ ਦਿਲਬਾਗ ਸਿੰਘ ਨਾਲ ਹੋ ਗਿਆ। ਹੁਣ ਇਹ ਪਿੰਡ ਖਮਾਣੋ ਤਹਿਸੀਲ ਅਤੇ ਜਿਲ੍ਹਾ ਫ਼ਤਿਹਗੜ੍ਹ ਵਿਚ ਪੈਂਦਾ ਹੈ। ਆਪਦੇ ਤਿੰਨ ਲੜਕੇ ਅਤੇ ਇੱਕ ਲੜਕੀ ਹੈ। ਆਪ ਦਾ ਪੇਕਾ ਅਤੇ ਸਹੁਰਾ ਦੋਵੇਂ ਪੜ੍ਹੇ ਲਿਖੇ ਵਿਦਿਆ ਮਾਹਿਰ ਪਰਿਵਾਰ ਸਨ। ਵਿਆਹ ਤੋਂ 29 ਸਾਲ ਬਾਅਦ 1996 ਵਿਚ ਆਪ ਆਪਣੇ ਪਰਿਵਾਰ ਸਮੇਤ ਕੈਨੇਡਾ ਵਿਚ ਜਾ ਕੇ ਵਸ ਗਏ। ਪਰਿਵਾਰ ਕੈਨੇਡਾ ਵਿਚ ਖ਼ੁਸ਼ੀਆਂ ਅਤੇ ਖੇੜਿਆਂ ਵਿਚ ਜੀਵਨ ਬਸਰ ਕਰ ਰਿਹਾ ਸੀ ਜਦੋਂ ਅਚਾਨਕ ਆਪ ਦੇ ਪਤੀ ਦਿਲਬਾਗ ਸਿੰਘ ਦੀ 2009 ਵਿਚ ਮੌਤ ਹੋ ਗਈ ਅਤੇ ਪਰਿਵਾਰ ਤੇ ਕਹਿਰ ਦਾ ਪਹਾੜ ਟੁਟ ਪਿਆ। ਅਜੇ ਇਸ ਸਦਮੇ ਵਿਚੋਂ ਨਿਕਲੇ ਨਹੀਂ ਸਨ ਤਾਂ ਜਵਾਨ ਪੁੱਤਰ ਵਿੱਕੀ ਇੱਕ ਸੜਕੀ ਦੁਰਘਟਨਾਂ ਵਿਚ ਸਵਰਗਵਾਸ ਹੋ ਗਿਆ। ਇਸ ਦੂਹਰੇ ਸਦਮੇਂ ਨੇ ਸੁਰਿੰਦਰ ਕੌਰ ਬਿੰਨਰ ਨੂੰ ਮਾਨਸਿਕ ਤੌਰ ਝੰਬ ਕੇ ਰੱਖ ਦਿੱਤਾ। ਇਨ੍ਹਾਂ ਹਾਦਸਿਆਂ ਤੋਂ ਬਾਅਦ ਆਪ ਦੇ ਬਜ਼ੁਰਗ ਸਹੁਰੇ ਮਾਸਟਰ ਗੁਰਚਰਨ ਸਿੰਘ ਦੀ ਵੇਖ ਭਾਲ ਦੀ ਜ਼ਿੰਮੇਵਾਰੀ ਵੀ ਆਪ ਤੇ ਆ ਪਈ। ਇਸ ਦੁਖ ਦੀ ਘੜੀ ਵਿਚ ਜੱਦੋਜਹਿਦ ਅਤੇ ਅਸਹਿਣਯੋਗ ਇਕਲਾਪੇ ਦੇ ਮਾਹੌਲ ਹੋਣ ਕਰਕੇ ਹੀ ਆਪ ਨੇ ਆਪਣੇ ਦਿਲ ਦੇ ਸਕੂਨ ਅਤੇ ਡੋਲੇ ਹੋਏ ਮਨ ਨੂੰ ਢਾਰਸ ਦੇਣ ਲਈ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ, ਇੱਕ ਕਿਸਮ ਨਾਲ ਸ਼ੁਰੂ ਵਿਚ ਆਪਣੀ ਕਵਿਤਾ ਆਪਣੇ ਪਤੀ ਅਤੇ ਪੁੱਤਰ ਤੋਂ ਵਿਛੋੜੇ ਦਾ ਹੀ ਇਜ਼ਹਾਰ ਸੀ ਪ੍ਰੰਤੂ ਆਪ ਨੇ ਆਪਣੇ ਪਤੀ ਦੇ ਵਿਛੋੜੇ ਦੀ ਪੀੜਾ ਨੂੰ ਐਸੇ ਢੰਗ ਨਾਲ ਕਵਿਤਾ ਦਾ ਰੂਪ ਦਿੱਤਾ ਕਿ ਉਨ੍ਹਾਂ ਦੀ ਕਵਿਤਾ ਆਮ ਲੋਕਾਈ ਦੀ ਪੀੜਾ ਬਣ ਗਈ। ਆਪ ਦੀਆਂ ਕਵਿਤਾ ਦੀਆਂ 7 ਪੁਸਤਕਾਂ ਵਿਚ ਕਵਿਤਾਵਾਂ ਦੀ ਰਵਾਨਗੀ ਦਰਿਆ ਦੇ ਪਾਣੀ ਦੀ ਤਰ੍ਹਾਂ ਹੈ ਜਿਹੜ੍ਹਾ ਵਹਿੰਦਾ ਵੀ ਹੈ ਤੇ ਮਨਾਂ ਨੂੰ ਟੁੰਬਦਾ, ਝੰਜੋੜਦਾ ਅਤੇ ਝੁਣਝੁਣੀਆਂ ਵੀ ਪੈਦਾ ਕਰਦਾ ਹੈ। ਉਸ ਦੀਆਂ ਬਹੁਤੀਆਂ ਕਵਿਤਾਵਾਂ ਇਸਤਰੀ ਜਾਤੀ ਦੀ ਮਾਨਸਿਕਤਾ ਦੀ ਪੀੜ ਦਾ ਪ੍ਰਗਟਾਵਾ ਕਰਦੀਆਂ ਇਨਸਾਨੀ ਮਨਾਂ ਨੂੰ ਕੁਰੇਦ ਕੇ ਉਸਦੇ ਵੇਗ ਵਿਚ ਵਹਿਣ ਲਈ ਮਜ਼ਬੂਰ ਕਰਦੀਆਂ ਹਨ। ਔਰਤ ਨੂੰ ਉਹ ਮੋਹ, ਮੋਹਬਤ ਤੇ ਮਮਤਾ ਦੀ ਮੂਰਤ ਦਸਦੀ ਹੈ, ਪ੍ਰੰਤੂ ਉਹ ਇਹ ਵੀ ਕਹਿੰਦੀ ਹੈ ਕਿ ਮੁਹੱਬਤ ਵਿਚ ਅਕਲ ਕੰਮ ਨਹੀਂ ਕਰਦੀ, ਸਭ ਕੁਝ ਛਿੱਕੇ ਤੇ ਟੰਗ ਕੇ ਔਰਤਾਂ ਤਪਦੀਆਂ, ਬਲਦੀਆਂ ਅਤੇ ਤੜਫਦੀਆਂ ਰਹਿੰਦੀਆਂ ਹਨ, ਪਿਛੇ ਫਿਰ ਵੀ ਨਹੀਂ ਹਟਦੀਆਂ ਤਾਂ ਹੀ ਉਨ੍ਹਾਂ ਦੀਆਂ ਪ੍ਰੀਤਾਂ ਅਮਰ ਰਹਿੰਦੀਆਂ ਹਨ। ਬਿੰਨਰ ਦੀਆਂ ਕਵਿਤਾਵਾਂ ਸੰਸਾਰੀਕਰਨ ਦੀ ਤੇਜ਼ ਤਰਾਰ ਪਦਾਰਥਕ ਦੌੜ ਦਾ ਜ਼ਿਕਰ ਕਰਦੀਆਂ ਮੋਹ ਮੁਹੱਬਤ ਨਾਲ ਵਿਚਰਣ ਲਈ ਵੀ ਪ੍ਰੇਰਦੀਆਂ ਹਨ। ਔਰਤ ਦੀ ਜ਼ਿੰਦਗੀ ਇੱਕ ਕਠਿਨ, ਦੁਸ਼ਬਾਰੀਆਂ ਅਤੇ ਮੁਸੀਬਤਾਂ ਭਰੀ ਹੋਣ ਦੇ ਬਾਵਜੂਦ ਵੀ ਉਸ ਦੀਆਂ ਕਵਿਤਾਵਾਂ ਉਸ ਨੂੰ ਉਸ ਹਾਲਾਤ ਵਿਚੋਂ ਨਿਕਲਕੇ ਦੁਖਾਂ ਤਕਲੀਫਾਂ ਨੂੰ ਤਿਲਾਂਜਲੀ ਦੇ ਕੇ ਆਨੰਦਮਈ ਜੀਵਨ ਮਾਨਣ ਦੀ ਪੁਰਜ਼ੋਰ ਸਿਫਾਰਸ਼ ਕਰਦੀਆਂ ਹਨ ਕਿਉਂਕਿ ਮਨੁਖੀ ਜੀਵਨ ਦੁਰਲਭ ਹੁੰਦਾ ਹੈ, ਇਸ ਦਾ ਸਦਉਪਯੋਗ ਕਰਨਾ ਬਣਦਾ ਹੈ। ਝੁਰ-ਝੁਰ ਕੇ ਜੀਣਾ ਉਸਨੂੰ ਭਾਉਂਦਾ ਨਹੀਂ। ਉਸ ਦੀਆਂ ਕਵਿਤਾਵਾਂ ਦੀ ਖਾਸੀਅਤ ਇਹ ਹੈ ਕਿ ਗੱਲਬਾਤੀ ਢੰਗ ਨਾਲ ਲਬਰੇਜ, ਉਹ ਸਰਲ, ਸ਼ਪਸ਼ਟ, ਸਹਿਜਤਾ ਅਤੇ ਸੁਹਿਰਦਤਾ ਵਿਚ ਗੜੂੰਦ ਹਨ। ਉਸ ਦੀਆਂ ਸਾਰੀਆਂ ਕਵਿਤਾਵਾਂ ਇਸਤਰੀ ਜਾਤੀ ਦੇ ਇਤਿਹਾਸਕ ਦੁਖਾਂਤ ਅਤੇ ਉਨ੍ਹਾਂ ਦੇ ਜ਼ਜਬਾਤਾਂ ਦੀਆਂ ਪ੍ਰਤੀਕ ਹਨ। ਬਿੰਨਰ ਆਪਣੀਆਂ ਕਵਿਤਾਵਾਂ ਵਿਚ ਬਿੰਬ ਅਜੇਹੇ ਵਰਤਦੀ ਹੈ ਜਿਹੜੇ ਧੁਰ ਅੰਦਰੋਂ ਇਨਸਾਨੀ ਮਨਾਂ ਨੂੰ ਹਲੂਣਕੇ ਰੱਖ ਦਿੰਦੇ ਹਨ। ਉਸ ਦੀਆਂ ਕਵਿਤਾਵਾਂ ਰੁਮਾਂਸਵਾਦ ਵਿਚ ਗੜੁਚ ਹਨ ਕਿਉਂਕਿ ਉਹ ਮਹਿਸੂਸ ਕਰਦੀ ਹੈ ਕਿ ਰੁਮਾਂਸ ਹੀ ਜ਼ਿੰਦਗੀ ਹੈ ਅਤੇ ਰੁੱਖਾਂ, ਪਾਣੀ, ਪੰਛੀਆਂ, ਹਵਾ, ਧਰਤ, ਆਕਾਸ਼, ਪਾਤਾਲ, ਫਸਲਾਂ ਅਤੇ ਕੁਦਰਤ ਦੀਆਂ ਕ੍ਰਿਤਾਂ ਦੇ ਆਲੇ ਦੁਆਲੇ ਹੀ ਘੁੰਮਦੀਆਂ ਹਨ। ਬਿੰਨਰ ਇਨ੍ਹਾਂ ਕਵਿਤਾਵਾਂ ਵਿਚ ਪਾਇਲ, ਘੁੰਗਰੂ, ਗੁੜ, ਭਾਫ, ਠੰਡ, ਬਰਫ, ਫਲ, ਫੁਲ, ਪੱਤੇ, ਖ਼ੁਸ਼ਬੂ, ਧੁਪ, ਛਾਂ, ਨਿੱਘ, ਦਰਦ, ਚੰਨ, ਸੂਰਜ, ਸੇਕ, ਠੰਡ, ਗੁੜ, ਨੱਚਣ, ਕੁਦਣ, ਪੀੜ, ਪਰਾਗਾ, ਅੰਗਿਆਰ, ਪਲ-ਪਲ, ਲੀਰੋ-ਲੀਰ, ਹਓਕੇ, ਹੰਝੂ, ਰਗ-ਰਗ, ਗੁਟਕੂੰ, ਤਿਲਤਿਲ, ਫੰਬਾ-ਫੰਬਾ, ਪੋਰ-ਪੋਰ, ਮਗਧਾ ਅਤੇ ਪੰਜਾਬੀ ਕਿਸਿਆਂ ਵਿਚੋਂ ਸੱਸੀ-ਪੁੰਨੂੰ, ਹੀਰ-ਰਾਂਝਾ ਅਤੇ ਲੈਲਾ ਮਜਨੂੰ ਆਦਿ ਦੀ ਥਾਂ ਥਾਂ ਵਰਤੋਂ ਕਰਦੀ ਹੈ। ਅਸਲ ਵਿਚ ਉਹ ਪੰਜਾਬੀ ਸਭਿਆਚਾਰ ਅਤੇ ਸਭਿਅਤਾ ਨਾਲ ਸੰਬੰਧਤ ਸ਼ਬਦਾਵਲੀ ਦੀ ਜ਼ਿਆਦਾ ਵਰਤੋਂ ਕਰਦੀ ਹੈ ਕਿਉਂਕਿ ਉਹ ਪੰਜਾਬੀ ਵਿਰਸੇ ਨਾਲ ਉਸ ਨੂੰ ਹੇਜ ਹੈ। ਪੰਜਾਬੀਆਂ ਦੀ ਨੌਜਵਾਨ ਪੀੜ੍ਹੀ ਦਾ ਆਪਣੇ ਵਿਰਸੇ ਨਾਲੋਂ ਟੁਟਣਾ ਵੀ ਉਸਨੂੰ ਖਟਕਦਾ ਹੈ। ਕੋਈ ਵੀ ਕਵਿਤਾ ਨਿੱਜੀ ਨਹੀਂ ਹੁੰਦੀ, ਸਗੋਂ ਆਮ ਲੋਕਾਂ ਦੀਆਂ ਭਾਵਨਾਵਾਂ ਅਤੇ ਜ਼ਿੰਦਗੀ ਦੇ ਬਿਰਤਾਂਤਾਂ ਦੀ ਤਰਜਮਾਨੀ ਕਰਦੀ ਹੁੰਦੀ ਹੈ। ਬਿੰਨਰ ਦੀ ਕਵਿਤਾ ਇਸ ਸੰਧਰਵ ਵਿਚ ਖਰੀ ਉਤਰਦੀ ਹੈ। ਨਿੱਜੀ ਪੀੜ ਨੂੰ ਲੋਕਾਂ ਦੀ ਪੀੜ ਵਿਚ ਬਦਲਣ ਦੀ ਉਹ ਮਾਹਿਰ ਹੈ ਅਤੇ ਆਪਣੇ ਬਿੰਬਾਂ ਦੀ ਸਹਾਇਤਾ ਨਾਲ  ਮਨ ਦੀਆਂ ਤਰੰਗਾਂ ਛੇੜ ਕੇ ਕੁਦਰਤ ਦੀ ਗੋਦ ਵਿਚ ਲੈ ਜਾਂਦੀ ਹੈ। ਉਸ ਦੀਆਂ ਕੁਝ ਕਵਿਤਾਵਾਂ ਸਮਾਜਿਕ ਬੁਰਾਈਆਂ ਦਾ ਵੀ ਪਰਦਾ ਫ਼ਾਸ਼ ਕਰਦੀਆਂ ਹਨ। ਕਿਤੇ ਕਿਤੇ ਵਿਦਰੋਹ ਵੀ ਨਜ਼ਰ ਆਉਂਦਾ ਹੈ। ਉਸ ਨੂੰ ਔਰਤ ਦੀ ਬੇਬਸੀ ਦਾ ਵੀ ਅਹਿਸਾਸ ਹੈ। ਭਰੂਣ ਹੱਤਿਆ, ਸਮਾਜਿਕ ਅਨਿਆਏ, ਨਸ਼ੇ, ਵਹਿਮਾਂ ਭਰਮਾਂ, ਊਚ ਨੀਚ, ਜਾਤ ਪਾਤ ਬਾਰੇ ਚਿੰਤਤ ਹੈ ਪ੍ਰੰਤੂ ਫਿਰ ਵੀ ਆਸ਼ਾਵਾਦੀ ਹੈ। ਭਰੂਣ ਹੱਤਿਆ ਜੁਗਾਂ ਜੁਗਾਂਤਰਾਂ ਤੋਂ ਚਲਦੀ ਆ ਰਹੀ ਹੈ, ਅੱਜ ਢੰਗ ਆਧੁਨਿਕ ਹਨ। ਔਰਤਾਂ ਦੇ ਸਰੀਰ ਕਬਰਾਂ ਬਣ ਗਏ ਹਨ। ਜ਼ਮੀਨਾਂ ਦੀ ਵੰਡ ਰੋਕਣ ਲਈ ਆਦਮੀ ਸਾਡਾ ਵਿਰਸਾ ਬਹੁ ਪਤੀ ਦੇ ਸੰਕਲਪ ਤੇ ਚਲਦਾ ਰਿਹਾ ਹੈ। ਦਰੋਪਤੀ ਦਾ ਦੁਖ ਉਹ ਮਹਿਸੂਸ ਕਰ ਰਹੀ ਹੈ। ਔਰਤ ਉਦੋਂ ਵੀ ਤੇ ਅੱਜ ਵੀ ਇਹ ਸੰਤਾਪ ਹੰਢਾ ਰਹੀ ਹੈ। ਅਣਜੋੜ ਵਿਆਹਾਂ ਦਾ ਜ਼ਿਕਰ ਕਰਦਿਆਂ ਉਹ ਲਿਖਦੀ ਹੈ ਕਿ ਅੱਜ ਅਨੇਕਾਂ ਔਰਤਾਂ ਮਜ਼ਬੂਰੀ ਵਸ ਲੂਣਾਂ ਬਣੀਆਂ ਹੋਈਆਂ ਹਨ। ਲੂਣਾਂ ਬਣਨਾ ਕੋਈ ਗੁਨਾਹ ਨਹੀਂ। ਔਰਤ ਨੂੰ ਆਦਮੀ ਜਿਣਸੀ ਭੁੱਖ ਪੂਰੀ ਕਰਨ ਲਈ ਵਰਤਦਾ ਹੈ ਜਦੋਂ ਕਿ ਆਦਮੀ ਤੇ ਔਰਤ ਇਕ ਦੂਜੇ ਦੇ ਪੂਰਕ ਹਨ। ਉਹ ਔਰਤ ਨੂੰ ਹਰ ਮੁਸ਼ਕਲ ਹਾਲਾਤ ਵਿਚ ਵੀ ਦਲੇਰੀ ਨਾਲ ਜ਼ਿੰਦਗੀ ਜਿਓਣ ਦੀ ਪ੍ਰੇਰਨਾ ਦਿੰਦੀ ਹੈ। ਉਸਦੀ ਕਵਿਤਾ ਸਮਾਜਿਕ ਕਦਰਾਂ ਕੀਮਤਾਂ ਵਿਚ ਆਈ ਗਿਰਾਵਟ ਦਾ ਜ਼ਿਕਰ ਵੀ ਕਰਦੀ ਹੈ ਕਿਉਂਕਿ ਆਪਣੇ ਹੀ ਆਪਣਿਆਂ ਦੀਆਂ ਜੜ੍ਹਾਂ ਵਿਚ ਤੇਲ੍ਹ ਦੇ ਰਹੇ ਹਨ। ਪਿਓ-ਪੁਤ, ਮਾਂ-ਧੀ, ਪਤੀ-ਪਤਨੀ, ਪਿਓ-ਧੀ ਦੇ ਰਿਸ਼ਤਿਆਂ ਵਿਚ ਗਿਰਾਵਟ ਅਖ਼ਬਾਰਾਂ ਦੀਆਂ ਖ਼ਬਰਾਂ ਬਣਦੀ ਉਸ ਨੂੰ ਬੁਰੀ ਲਗਦੀ ਹੈ। ਉਸਦੀ ਕਵਿਤਾ ਇਹ ਵੀ ਸ਼ਪਸ਼ਟ ਕਰਦੀ ਹੈ ਕਿ ਆਦਮੀ ਪ੍ਰਧਾਨ ਸਮਾਜ ਔਰਤਾਂ ਨੂੰ ਬਣਦਾ ਯੋਗ ਮਾਣ ਸਨਮਾਨ ਨਹੀਂ ਦੇ ਰਿਹਾ ਅਤੇ ਔਰਤਾਂ ਦੀ ਤਰਾਸਦੀ ਹੈ ਕਿ ਉਹ ਹਰ ਜ਼ਬਰਦਸਤੀ ਨੂੰ ਬਰਦਾਸ਼ਤ ਕਰਨ ਦੀਆਂ ਆਦੀ ਹੋ ਗਈਆਂ ਹਨ। ਉਹ ਇਸਤਰੀ ਜਾਤੀ ਦੀ ਜ਼ਮੀਰ ਜਗਾਉਣ ਦੀ ਕੋਸ਼ਿਸ਼ ਵਿਚ ਰਹਿੰਦੀ ਹੈ। ਉਸ ਨੂੰ ਪਤਾ ਹੈ ਕਿ ਔਰਤ ਡਰਦੀ ਹੋਈ ਬਾਹਰੀ ਪ੍ਰਭਾਵ ਨਹੀਂ ਦਿੰਦੀ ਪ੍ਰੰਤੂ ਉਸ ਦੇ ਅੰਦਰ ਜਵਾਰਭਾਟਾ ਉਠਦਾ ਰਹਿੰਦਾ ਹੈ, ਇਸੇ ਕਰਕੇ ਉਹ ਆਪਣੇ ਜ਼ਜ਼ਬਾਤਾਂ ਨੂੰ ਕਦੀਂ ਕਦੀਂ ਰੋਕ ਨਹੀਂ ਸਕਦੀ। ਔਰਤ ਹੀ ਔਰਤ ਦੀ ਦੁਸ਼ਮਣ ਸਿਧ ਹੁੰਦੀ ਹੈ। ਸੰਤਾਂ, ਬਾਬਿਆਂ ਅਤੇ ਢੌਂਗੀਆਂ ਦੀ ਦੁਕਾਨਦਾਰੀ ਚਮਕਾਉਣ ਦੀ ਵੀ ਔਰਤ ਹੀ ਜ਼ਿੰਮੇਵਾਰ ਹੈ। ਉਸਦੀ ਕਵਿਤਾ ਪਿਆਰ ਨੂੰ ਵਰਜਿਤ ਨਹੀਂ ਕਹਿੰਦੀ ਪ੍ਰੰਤੂ ਸਬਰ ਸੰਤੋਖ ਦਾ ਪੱਲਾ ਫੜਕੇ ਹਿੰਮਤ ਕਰਨ ਲਈ ਹੌਸਲਾ ਜ਼ਰੂਰ ਦਿੰਦੀ ਹੈ। ਔਰਤ ਬਾਰੇ ਉਹ ਲਿਖਦੀ ਹੈ-
ਔਰਤ ਨੂੰ ਇਨਸਾਨ ਮੰਨਣ ਤੋਂ, ਸਾਡੇ ਮੁਲਕ ਦੇ ਡਰਦੇ ਲੋਕ।
ਐਪਰ ਉਸ ਨੂੰ ਕੱਲੀ ਤੱਕ ਕੇ, ਕੀ ਕੀ ਖੇਖਨ ਕਰਦੇ ਲੋਕ।
ਅੱਗੋਂ ਲਿਖਦੀ ਹੈ-
ਦੂਜੇ ਦੀ ਧੀ ਭੈਣ ਨੂੰ ਤੱਕ ਕੇ, ਠੰਡੇ ਹਉਕੇ ਭਰਦੇ ਲੋਕ।
ਹੁਕਮਰਾਨਾਂ ਵਲੋਂ ਰਿਆਇਆ ਨੂੰ ਅਣਡਿਠ ਕਰਨਾ ਅਤੇ ਗ਼ਰੀਬੀ ਦਾ ਵਧਣਾ ਸਿਆਸਤਦਾਨਾ ਦੇ ਅਵੇਸਲੇਪਨ ਦਾ ਨਤੀਜਾ ਹੈ।
ਉਸ ਨੂੰ ਜਨਤਾ ਦੇ ਦੁਖਾਂ ਦੀ ਸਾਰ ਕੀ, ਉਹ ਤਾਂ ਸੱਤਾ ਦੇ ਨਸ਼ੇ ਵਿਚ ਚੂਰ ਹੈ।
ਪੱਖੇ ਕੂਲਰ ਕੀ ਕਰਨੇ ਨੇ ਹੁਣ, ਵਿਚ ਪਿੰਡਾਂ ਦੇ ਬਿਜਲੀ ਹੈ ਨਹੀਂ।
ਕੋਈ ਪਿੰਡ ਜਾਂ ਕੋਈ ਸ਼ਹਿਰ ਕੀ ਜੇ ਢਿਡ ’ਚ ਰੋਟੀ ਹੈ ਨਹੀਂ
ਜੋ ਭੁੱਖੇ ਨੂੰ ਅੰਨ ਦੇਵੇ ਉਹ ਹੀ ਰੁਤਬਾ ਵਿਸ਼ੇਸ਼ ਹੈ।
ਪਰਵਾਸ ਵਿਚ ਜਾ ਕੇ ਵਸਣ ਦੇ ਲਾਲਚ ’ਚ ਗ਼ੈਰ ਕਾਨੂੰਨੀ ਢੰਗ ਵਰਤਣਾ ਅਤੇ ਅਣਜੋੜ ਵਿਆਹ ਕਰਨ ਵਾਲਿਆਂ ਨੂੰ ਵੀ ਉਹ ਆੜੇ ਹੱਥੀਂ ਲੈਂਦੀ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>