ਪੰਜਾਬ ਕਿਸੇ ਜਾਗੀਰਦਾਰ ਦੀ ਜਾਗੀਰ ਨਹੀਂ ਹੈ

ਰਤਾ ਧਿਆਨ ਕਰਿਓ ਜਾਗਦੇ ਜ਼ਮੀਰਾਂ ਵਾਲਿਓ! ਇਹ ਪੰਜਾਬ ਤੁਹਾਡਾ, ਮੇਰਾ, ਸਾਡਾ ਸੱਭ ਦਾ ਸਾਂਝਾ ਹੈ। ਇਸ ਵਿਚ ਹੁਣ ਕੋਈ ਦੋ ਰਾਇ ਨਹੀਂ ਕਿ ਪੰਜਾਬ ਦੇ ਬਹੁਗਿਣਤੀ ਗਭਰੂ ਨਸ਼ਿਆਂ ਵਿਚ ਡੁੱਬ ਚੁੱਕੇ ਹਨ! ਪੰਜਾਬ ਦੇ ਕਰਜ਼ਿਆਂ ਥੱਲੇ ਦੱਬੇ ਕਿਸਾਨ ਖ਼ੁਦਕੁਸ਼ੀਆਂ ਕਰਕੇ ਆਪਣਾ ਜੀਵਨ ਸਮਾਪਤ ਕਰਨ ਉੱਤੇ ਮਜਬੂਰ ਹੋ ਚੁੱਕੇ ਹਨ। ਰੋਜ਼ ਦੀਆਂ ਇਕ ਜਾਂ ਦੋ ਖ਼ੁਦਕੁਸ਼ੀਆਂ ਤਾਂ ਖ਼ਬਰਾਂ ਵਿਚ ਵੀ ਨਸ਼ਰ ਹੋ ਰਹੀਆਂ ਹਨ। ਕੁੱਖ ਵਿਚ ਕੁੜੀਆਂ ਖ਼ਤਮ ਕਰਨ ਲਈ ਵਾਰ-ਵਾਰ ਗਰਭ ਡੇਗ ਕੇ ਬੰਜਰ ਕੁੱਖਾਂ ਵਿਚ ਪੰਜਾਬਣਾਂ ਮੂਹਰਲਾ ਨੰਬਰ ਲੈ ਚੁੱਕੀਆਂ ਹਨ। ਕੁੜੀਆਂ ਦੀ ਘਟਦੀ ਜਾਂਦੀ ਗਿਣਤੀ ਤੋਂ ਮਜ਼ਬੂਰ ਹੋ ਕੇ ਬਾਹਰੋਂ ਨੂੰਹਾਂ ਖ਼ਰੀਦ ਕੇ ਲਿਆਈਆਂ ਜਾ ਰਹੀਆਂ ਹਨ, ਜਿਸ ਨਾਲ ਪਹਿਲੀ ਪੁਸ਼ਤ ਬਾਅਦ 50 ਪ੍ਰਤੀਸ਼ਤ ਪੰਜਾਬੀ ਜੀਨ ਖ਼ਤਮ ਹੋ ਜਾਂਦਾ ਹੈ। ਦੂਜੀ ਪੁਸ਼ਤ ਬਾਅਦ 75 ਪ੍ਰਤੀਸ਼ਤ ਤੇ ਤੀਜੀ ਉੱਤੇ 89 ਪ੍ਰਤੀਸ਼ਤ ਪੰਜਾਬੀ ਜੀਨ ਦਾ ਸਫ਼ਾਇਆ ਹੋ ਜਾਂਦਾ ਹੈ।

ਦੂਸ਼ਿਤ ਪਾਣੀਆਂ ਵਿਚਲਾ ਜ਼ਹਿਰ ਕੈਂਸਰ ਨਾਲ ਪੰਜਾਬੀਆਂ ਦਾ ਖੁਰਾ ਖੋਜ ਮਿਟਾਉਣ ਉੱਤੇ ਤੁਲਿਆ ਪਿਆ ਹੈ। ਧਰਤੀ ਹੇਠੋਂ ਖ਼ਤਮ ਹੁੰਦਾ ਜਾਂਦਾ ਪਾਣੀ ਅਗਲੀਆਂ ਪੁਸ਼ਤਾਂ ਦੇ ਅੰਤ ਦਾ ਸੰਕੇਤ ਦੇ ਰਿਹਾ ਹੈ!

ਨਸ਼ਿਆਂ ਕਾਰਣ ਨਪੁੰਸਕ ਹੋ ਰਹੇ ਨੌਜਵਾਨਾਂ ਵਿਚ ਵੀ ਘਟਦੇ ਸ਼ਕਰਾਣੂਆਂ ਸਦਕਾ ਵਰਲਡ ਹੈਲਥ ਆਰਗੇਨਾਈਜੇਸ਼ਨ ਅਨੁਸਾਰ ਪੰਜਾਬੀ ਗਭਰੂ ਪਹਿਲੇ ਨੰਬਰ ਉੱਤੇ ਪਹੁੰਚ ਚੁੱਕੇ ਹਨ। ਨਸ਼ਿਆਂ ਦੇ ਅਸਰ ਹੇਠ ਕਈ ਪੰਜਾਬੀ ਪਿਓ ਆਪਣੀਆਂ ਹੀ ਧੀਆਂ, ਭੈਣਾਂ, ਮਾਵਾਂ ਦਾ ਬਲਾਤਕਾਰ ਕਰਨ ਤੱਕ ਪੁੱਜ ਚੁੱਕੇ ਹਨ!

ਸਮੂਹਕ ਬਲਾਤਕਾਰਾਂ ਅਤੇ ਨਾਬਾਲਗ ਬੱਚੀਆਂ ਨਾਲ ਹੋ ਰਹੇ ਜਬਰਜ਼ਨਾਹਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।

ਪੰਜਾਬੀ ਸੱਭਿਅਤਾ ਨੂੰ ਵੀ ਖੋਰਾ ਲੱਗਦਾ ਪਿਆ ਹੈ। ਲੱਚਰ ਗੀਤ ਸੰਗੀਤ ਅਤੇ ਵਧਦਾ ਨੰਗੇਜ਼ ਇਸ ਦਾ ਗਵਾਹ ਹਨ। ਨੌਜਵਾਨ ਪੀੜੀ ਪੰਜਾਬ ਨੂੰ ਛੱਡ ਕੇ ਬਾਹਰ ਭੱਜਣ ਨੂੰ ਕਾਹਲੀ ਹੈ। ਨੌਕਰੀਆਂ ਨਾ ਮਿਲਣ ਕਾਰਨ ਕਈ ਨੌਜਵਾਨ ਮਜਬੂਰਨ ਜੁਰਮ ਵੱਲ ਧੱਕੇ ਜਾ ਰਹੇ ਹਨ। ਸਰਹੱਦੋਂ ਪਾਰ ਮਨੁੱਖੀ ਤਸਕਰੀ ਵਿਚ ਭੇਜੀਆਂ ਜਾ ਰਹੀਆਂ ਪੰਜਾਬੀ ਬੱਚੀਆਂ ਦੇ ਜਿਸਮਾਂ ਨੂੰ ਨੋਚਣ ਲਈ ਸ਼ੇਖ਼ ਉਤਾਵਲੇ ਬੈਠੇ ਹਨ।

ਇਨ੍ਹਾਂ ਸਾਰੇ ਪਾਸਿਓਂ ਪੈਂਦੇ ਮਾੜੇ ਪ੍ਰਭਾਵਾਂ ਕਾਰਣ ਵਿਸ਼ਵ ਪੱਧਰ ਦੇ ਮਨੁੱਖੀ ਅਧਿਕਾਰਾਂ ਦੇ ਰਾਖਿਆਂ ਨੂੰ ਇਹ ਕਹਿਣ ਉ¤ਤੇ ਮਜਬੂਰ ਕਰ ਦਿੱਤਾ ਹੈ ਕਿ ਪੰਜਾਬ ਅੰਦਰ ਵੱਸਦੇ ਪੰਜਾਬੀਆਂ ਦੀ ਮਿਆਦ ਮਿੱਥੀ ਜਾ ਚੁੱਕੀ ਹੈ। ਜਿਵੇਂ ਦਵਾਈਆਂ ਦੀ ‘ਐਕਸਪਾਇਰੀ ਡੇਟ’ ਲਿਖ ਦਿੱਤੀ ਜਾਂਦੀ ਹੈ, ਉਸੇ ਤਰੀਕੇ ਪੰਜਾਬ, ਪੰਜਾਬੀਅਤ, ਪੰਜਾਬੀ ਸੱਭਿਆਚਾਰ ਤੇ ਪੰਜਾਬੀ ਜ਼ਬਾਨ ਦੀ ਘੱਟੋ-ਘੱਟ ਪੰਜਾਬ ਅੰਦਰ ਤਾਂ ਸੱਚੀਂ ਮੁੱਚੀਂ ‘ਐਕਸਪਾਇਰੀ ਡੇਟ’ ਹੀ ਮੁਕੱਰਰ ਕਰ ਦਿੱਤੀ ਗਈ ਹੈ।

ਕੈਂਸਰ ਨਾਲ ਜੂਝਦੇ ਮੰਜਿਆਂ ਉੱਤੇ ਅੱਡੀਆਂ ਰਗੜਦੇ, ਮੌਤ ਉਡੀਕਦੇ ਸਰੀਰ ਤੇ ਅੱਗੋਂ ਨਪੁੰਸਕ ਨੌਜਵਾਨ, ਬੰਜਰ ਕੁੱਖਾਂ ਤੇ ਨਸ਼ਿਆਂ ਵਿਚ ਗ੍ਰਸਤ ਨਾਲੀਆਂ ਵਿਚ ਮੂਧੇ ਪਏ ਬੇਰੁਜ਼ਗਾਰ ਨੌਜਵਾਨ ਆਖ਼ਰ ਕਿੰਨੀ ਦੇਰ ਪੰਜਾਬ, ਪੰਜਾਬੀ , ਪੰਜਾਬੀਅਤ ਦਾ ਭਾਰ ਮੋਢਿਆਂ ਉੱਤੇ ਚੁੱਕ ਸਕਣਗੇ?

ਕਿਉਂ ਬਹੁਗਿਣਤੀ ਮਿਹਨਤੀ ਪੰਜਾਬੀ ਪੰਜਾਬ ’ਚੋਂ ਬਾਹਰ ਜਾ ਕੇ ਵੱਧ ਪ੍ਰਫੁੱਲਿਤ ਹੋ ਰਹੇ ਹਨ? ਵਧਦੀ ਜਾਂਦੀ ਰਿਸ਼ਵਤਖ਼ੋਰੀ, ਮੁਨਾਫਾਖ਼ੋਰੀ, ਪੁਲਿਸ ਤਸ਼ੱਦਦ, ਝੂਠੇ ਮੁਕਾਬਲੇ, ਝੂਠੇ ਪੁਲਿਸ ਕੇਸ, ਗੁੰਡਾਗਰਦੀ ਆਦਿ ਨੂੰ ਕਿਸਨੇ ਠੱਲ ਪਾਉਣੀ ਹੁੰਦੀ ਹੈ?

ਮੈਂ ਆਪਣੇ ਅੱਖੀਂ ਫਰਾਂਸ ਦੀ ਰਾਣੀ ਮੈਰੀ ਐਂਟੀਓਨੀ ਦਾ ਵਰਸੈਲੇ ਮਹਿਲ ਵੇਖ ਕੇ ਆਈ ਹਾਂ! ਸੰਨ 1754 ਤੋਂ 1793 ਤਕ ਰਾਜ ਕਰਦੇ ਰਾਜਾ ਲੂਈ ਨੇ ਪੂਰੇ ਦੇਸ ਦਾ ਖ਼ਜ਼ਾਨਾ ਖਾਲੀ ਕਰ ਦਿੱਤਾ ਸੀ। ਅਨੇਕ ਆਵਾਜ਼ ਚੁੱਕਣ ਵਾਲੇ ਲੋਕਾਂ ਨੂੰ ਫਾਂਸੀ ਦੇ ਕੇ ਜਾਂ ਜੇਲਾਂ ਵਿਚ ਡੱਕ ਕੇ ਫਨਾਹ ਕਰ ਦਿੱਤਾ ਗਿਆ ਸੀ।

ਅੱਗੋਂ ਉਗਰਾਹੀ ਕਰਨ ਅਤੇ ਦੇਸ ਚਲਾਉਣ ਲਈ ਅਨੇਕ ਟੈਕਸ ਲਾ ਦਿੱਤੇ ਗਏ। ਫਸਲਾਂ ਫੇਲ੍ਹ ਹੋ ਗਈਆਂ ਤੇ ਲੋਕ ਭੁੱਖੇ ਮਰਨ ਲੱਗ ਪਏ। ਜਦੋਂ ਰਾਜਿਆਂ ਨੇ ਪਰਜਾ ਵੱਲੋਂ ਉ¤ਕਾ ਹੀ ਧਿਆਨ ਛੱਡ ਕੇ ਸਿਰਫ਼ ਆਪਣੇ ਢਿੱਡ ਭਰਨ ਅਤੇ ਜਾਇਦਾਦ ਇਕੱਠੀ ਕਰਨ ਵਲ ਹੀ ਲੱਗੇ ਰਹਿਣ ਦਾ ਫ਼ੈਸਲਾ ਲਿਆ ਤਾਂ ਆਪਣੇ ਆਪ ਨੂੰ ਸੁਰੱਖਿਅਤ ਕਰਨ ਲਈ ਆਲੇ-ਦੁਆਲੇ ਸੇਵਕਾਂ ਦੀ ਫੌਜ ਇਕੱਠੀ ਕਰ ਲਈ।

ਲੋਕਾਂ ਅੰਦਰ ਰੋਹ ਜਦੋਂ ਹੱਦੋਂ ਵੱਧ ਹੋ ਗਿਆ ਤਾਂ ਉਨ੍ਹਾਂ ਗਵਰਨਰ ਤੇ ਲੈਫ. ਗਵਰਨਰ ਦਾ ਸਿਰ ਕਲਮ ਕਰ ਦਿੱਤਾ। ਡੇਢ ਲੱਖ ਬੰਦਿਆਂ ਨੇ ਰਲ ਕੇ ਸਾਰੇ ਮਨਿਸਟਰਾਂ, ਰਾਜਿਆਂ ਦੇ ਟੱਬਰ ਵੱਢ ਸੁੱਟੇ।

ਮੈਰੀ ਐਂਟੀਓਨੀ ਦਾ ਵੀ ਸਿਰ ਸਿਰਫ਼ ਇਸ ਲਈ ਕਲਮ ਕਰ ਦਿੱਤਾ ਗਿਆ ਸੀ ਕਿਉਂਕਿ ਉਹ ਲੋਕਾਂ ਦੀ ਪੀੜ ਨਹੀਂ ਸੀ ਸਮਝ ਸਕੀ। ਉਸ ਦੇ ਆਪਣੇ ਮਹਿਲਾਂ ਦੇ ਕੋਨੇ-ਕੋਨੇ ਵਿਚ ਥੱਪਿਆ ਸੋਨਾ, ਹੀਰੇ, ਜਵਾਹਰਾਤ ਤੇ ਬਾਹਰ ਭੁੱਖੇ ਢਿੱਡ ਲੂਸਦੇ ਆਮ ਲੋਕ! ਆਪਣੀ ਐਸ਼ੋ ਆਰਾਮ ਦੀ ਜ਼ਿੰਦਗੀ ਬਿਤਾਉਣ ਲਈ ਲਗਾਤਾਰ ਲੋਕਾਂ ਤੋਂ ਟੈਕਸ ਬਟੋਰੇ ਜਾ ਰਹੇ ਸਨ।

ਲੋਕਾਂ ਦੀ ਪੀੜ ਨੂੰ ਸਮਝਣ ਤੋਂ ਉ¤ਕਾ ਹੀ ਇਨਕਾਰੀ ਹੋਈ ਇਸ ਰਾਣੀ ਨੂੰ ਲੋਕਾਂ ਨੇ ਉਦੋਂ ਵੱਢ ਸੁੱਟਿਆ ਜਦੋਂ ਲੋਕ ਰੋਟੀ ਨਾ ਖਰੀਦ ਸਕਣ ਦੀ ਅਸਮਰਥਾ ਦੱਸਣ ਉਸ ਕੋਲ ਗਏ ਤਾਂ ਉਸਨੇ ਕਹਿ ਦਿੱਤਾ, ‘‘ਜੇ ਬਰੈਡ ਨਹੀਂ ਖ਼ਰੀਦ ਸਕਦੇ ਤਾਂ ਕੇਕ ਖ਼ਰੀਦ ਲਓ।’’

ਬਸ ਫੇਰ ਕੀ ਸੀ! ਪੈਰਿਸ ਦੀਆਂ ਸੜਕਾਂ ਲਹੂ ਨਾਲ ਲਾਲ ਹੋ ਗਈਆਂ। ਮੈਰੀ ਦੀ ਖ਼ਾਸ ਸਹੇਲੀ ਲੈਂਬੇਲ ਦੀ ਰਾਣੀ ਦੇ ਸਰੀਰ ਦੇ ਟੋਟੇ-ਟੋਟੇ ਕਰਕੇ ਗਲੀਆਂ ਵਿਚ ਲੋਕਾਂ ਨੂੰ ਵਿਖਾਏ ਗਏ ਅਤੇ ਸਾਰੇ ਮੰਤਰੀਆਂ ਅਤੇ ਉਨ੍ਹਾਂ ਦੇ ਟੱਬਰਾਂ ਦੇ ਟੋਟੇ-ਟੋਟੇ ਕਰ ਕੇ, ਮਾਰ ਕੇ, ਉਨ੍ਹਾਂ ਦੇ ਘਰ ਬਾਰ ਲੁੱਟ ਲਏ ਗਏ।

ਇਹ ਸੱਭ ਹੋਇਆ ਅਮੀਰੀ ਗ਼ਰੀਬੀ ਦੇ ਵੱਡੇ ਪਾੜ ਕਰਕੇ ਅਤੇ ਲੋਕਾਂ ਵਿਚ ਵਧਦੀ ਜਾਂਦੀ ਭੁਖਮਰੀ, ਬੇਚੈਨੀ, ਬੇਰੁਜ਼ਗਾਰੀ, ਵਧਦੇ ਟੈਕਸ, ਹੁਕਮਰਾਨਾਂ ਵੱਲੋਂ ਵਧਦੇ ਜਬਰ ਅਤੇ ਜ਼ੁਲਮਾਂ ਸਦਕਾ!

ਪੰਜਾਬ ਅੰਦਰਲੇ ਹਾਲਾਤ ਵੀ ਕੁੱਝ ਉਸੇ ਪਾਸੇ ਤੁਰਨ ਲੱਗ ਪਏ ਹਨ। ਵਧਦੇ ਜਾਂਦੇ ਟੈਕਸ ਪਰ

ਸਹੂਲਤਾਂ ਨਦਾਰਦ! ਸੜਕਾਂ ਨਾਂ ਮਾਤਰ, ਲੋਕਾਈ ਪੀਣ ਦੇ ਸਾਫ ਪਾਣੀ ਲਈ ਹਾਲ ਪਾਹਰਿਆ ਮਚਾਉਂਦੀ। ਬਥੇਰੇ ਘਰਾਂ ਵਿਚ ਸੀਵਰੇਜ ਨਹੀਂ, ਸਰਕਾਰੀ ਸਕੂਲਾਂ ਵਿਚ ਬੈਠਣ ਨੂੰ ਬੈਂਚ ਨਹੀਂ ਅਤੇ ਨਾ ਹੀ ਗੁਸਲਖ਼ਾਨੇ, ਨੌਕਰੀਆਂ ਨਹੀਂ, ਨੌਕਰੀਪੇਸ਼ਾ ਨੂੰ ਰੈਗੂਲਰ ਤਨਖ਼ਾਹ ਨਹੀਂ, ਅਮੀਰ ਹੋਰ ਅਮੀਰ ਤੇ ਗ਼ਰੀਬ ਹੋਰ ਗ਼ਰੀਬ ਹੋਈ ਜਾ ਰਿਹਾ। ਦੇਸ ਦੇ ਸਭ ਤੋਂ ਚੋਟੀ ਦੇ ਅਮੀਰਾਂ ਵਿਚ ਪੰਜਾਬ ਦੇ ਸਿਆਸਤਦਾਨਾਂ ਦਾ ਨਾਂ ਹੋਵੇ ਤੇ ਉਸੇ ਸੂਬੇ ਵਿਚ ਭੁਖਮਰੀ ਵਾਲੇ ਬੱਚੇ ਪਹਿਲੇ ਨੰਬਰ ਉੱਤੇ ਹੋਣ ਅਤੇ ਉਸੇ ਸੂਬੇ ਵਿਚ ਕਿਸਾਨ ਕਰਜ਼ੇ ਨਾ ਲਾਹ ਸਕਣ ਕਾਰਣ ਖ਼ੁਦਕੁਸ਼ੀਆਂ ਕਰਨ ਉੱਤੇ ਮਜ਼ਬੂਰ ਹੋ ਚੁੱਕੇ ਹੋਣ!

ਚਾਣਕਿਆ ਨੇ ਕਿਹਾ ਸੀ ਕਿ ਜਿਸ ਮੁਲਕ ਦਾ ਰਾਜਾ ਵਪਾਰੀ ਹੋਵੇ, ਉਸ ਮੁਲਕ ਦੀ ਪਰਜਾ ਭਿਖਾਰੀ ਹੋ ਜਾਂਦੀ ਹੈ। ਉਸ ਦਾ ਮਤਲਬ ਇਹ ਸਮਝਾਉਣਾ ਸੀ ਕਿ ਭਲਾਈ ਦੇ ਕਾਰਜ ਪਿਛਾਂਹ ਛੱਡ ਕੇ ਵਪਾਰੀ ਸਿਰਫ਼ ਆਪਣੇ ਅਤੇ ਆਪਣੇ ਟੱਬਰ ਤੱਕ ਹੀ ਸੀਮਤ ਹੋ ਜਾਂਦਾ ਹੈ। ਜੇ ਉਸਤੋਂ ਬਾਹਰ ਨਜ਼ਰ ਜਾਏ ਤਾਂ ਵੀ ਉਹ ਸਿਰਫ਼ ਰਿਸ਼ਤੇਦਾਰਾਂ ਤਕ ਹੀ ਰਹਿ ਜਾਂਦੀ ਹੈ। ਉਸ ਤੋਂ ਬਾਹਰ ਰਹਿ ਜਾਂਦਾ ਹੈ ਕਾਰੋਬਾਰੀ ਅਤੇ ਉਗਰਾਹੀ ਕਰਨ ਦਾ ਰਿਸ਼ਤਾ।

ਅੱਜ ਪੰਜਾਬ ਨੂੰ ਲੋੜ ਹੈ ਵਧੀਆ ਤੇ ਸਸਤੀਆਂ ਸਿਹਤ ਸਹੂਲਤਾਂ ਦੀ, ਵਧੀਆ ਸਰਕਾਰੀ ਸਕੂਲਾਂ ਦੀ, ਵਧੀਆ ਪੀਣ ਵਾਲੇ ਪਾਣੀ ਦੀ, ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੀ, ਨਸ਼ਿਆਂ ਨੂੰ ਠੱਲ ਪਾਉਣ ਦੀ, ਔਰਤਾਂ ਦੀ ਗਿਣਤੀ ਵਧਾਉਣ ਦੀ, ਔਰਤਾਂ ਪ੍ਰਤੀ ਹੁੰਦੇ ਜੁਰਮਾਂ ਉੱਤੇ ਰੋਕ ਲਾਉਣ ਦੀ, ਭਰੂਣ ਹੱਤਿਆਵਾਂ ਰੋਕਣ ਦੀ, ਕਰਜ਼ਿਆਂ ਥੱਲੇ ਦੱਬੇ ਕਿਸਾਨਾਂ ਨੂੰ ਰਾਹਤ ਦਵਾਉਣ ਦੀ, ਬੇਰੁਜ਼ਗਾਰੀ ਖ਼ਤਮ ਕਰਨ ਦੀ, ਵਧੀਆ ਸੜਕਾਂ ਮੁਹੱਈਆ ਕਰਵਾਉਣ ਦੀ, ਰਿਸ਼ਵਤਖੋਰੀ ਉੱਤੇ ਰੋਕ ਲਾਉਣ ਦੀ ਅਤੇ ਆਵਾਜਾਈ ਪ੍ਰਬੰਧ ਸਸਤੇ ਅਤੇ ਵਧੀਆ ਕਰਨ ਦੀ।

ਜੇ ਧਾਰਮਿਕ ਸੰਸਥਾਵਾਂ ਆਪਣਾ ਯੋਗਦਾਨ ਪਾ ਕੇ ਨਿਰੋਲ ਧਾਰਮਿਕ ਸਮਾਗਮਾਂ ਉੱਤੇ ਸਾਰਾ ਪੈਸਾ ਲਾਉਣ ਨਾਲੋਂ ਪੰਜਾਬੀ ਸਮਾਜ ਦੀ ਬਿਹਤਰੀ ਦਾ ਜਿੰਮਾ ਚੁੱਕ ਲੈਣ ਤਾਂ ਲੋਕਾਂ ਉੱਤੇ ਟੈਕਸ ਘਟ ਸਕਦੇ ਹਨ।

ਵਿਕਸਿਤ ਦੇਸਾਂ ਵਿਚ ਲੋਕ ਖ਼ਰਬਾਂਪਤੀ ਹਨ ਪਰ ਉਹ ਦਾਨ ਦੇਣਾ ਜਾਣਦੇ ਹਨ ਤੇ ਆਪਣੀ ਪੌਣੀ ਜਾਇਦਾਦ ਤਕ ਲੋਕਾਂ ਦੀ ਬਿਹਤਰੀ ਲਈ ਦਾਨ ਦੇ ਦਿੰਦੇ ਹਨ! ਕੀ ਪੰਜਾਬ ਦਾ ਇਕ ਵੀ ਸਿਆਸਤਦਾਨ ਅਜਿਹਾ ਕਰਦਾ ਵੇਖਿਆ ਗਿਆ ਹੈ? ਕੀ ਕੋਈ ਇਕ ਸਿਆਸਤਦਾਨ ਅਜਿਹਾ ਹੈ ਜਿਸ ਦੀ ਆਮਦਨ ਪਿਛਲੀਆਂ ਚੋਣਾਂ ਨਾਲੋਂ ਘਟੀ ਹੋਵੇ? ਕੀ ਸਿਆਸਤ ਏਨਾ ਵੱਡਾ ਬਿਜ਼ਨੈਸ ਬਣ ਚੁੱਕਿਆ ਹੈ ਜਿੱਥੇ ਹਰ ਚੋਣ ਨਾਲ 400 ਗੁਣਾ ਜਾਇਦਾਦ ਵੱਧ ਜਾਂਦੀ ਹੈ?

ਆਪਣੇ ਗੌਰਵਮਈ ਪਿਛੋਕੜ ਨੂੰ ਸਾਂਭ ਕੇ ਰੱਖਣ ਲਈ ਯਾਦਗਾਰਾਂ ਬਣਾਉਣੀਆਂ ਚੰਗੀ ਗੱਲ ਹੈ, ਪਰ ਲਾਸ਼ਾਂ ਉੱਤੇ ਨਹੀਂ! ਪੂਰੇ ਮੁਲਕ ਦੀ ਰਾਖੀ ਕਰਨ ਅਤੇ ਖ਼ੁਰਾਕ ਪਹੁੰਚਾਉਣ ਵਾਲਾ ਪੰਜਾਬ ਅੱਜ ਜਸਪਾਲ ਭੱਟੀ ਦਾ ‘ਫਲਾਪ ਸ਼ੋ’ ਤਾਂ ਨਹੀਂ ਬਣ ਚੱਲਿਆ, ਜਿੱਥੇ ਅਵਾਜ਼ ਕੱਢਣ ਵਾਲੇ ਨੂੰ ਨਕਲੀ ਕੇਸਾਂ

ਹੇਠ ਦਰੜ ਕੇ ਜਾਂ ਡਰਾ ਧਮਕਾ ਕੇ ਸੰਘ ਨੱਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੋਵੇ!

ਕੀ ਹੁਕਮਰਾਨ ਇਸ ਲੋਕਾਈ ਦੀ ਚੁੱਪੀ ਨੂੰ ਚਿਤਾਵਨੀ ਮੰਨ ਕੇ ਸਹੀ ਕਦਮ ਪੁੱਟਣ ਦੀ ਕੋਸ਼ਿਸ਼ ਕਰਨਗੇ ਜਾਂ ‘‘ਖ਼ੂਨੀ ਫਰੈਂਚ ਰੈਵੋਲਿਊਸ਼ਨ’’ ਦੀ ਹੂਬਹੂ ਨਕਲ ਦੀ ਉਡੀਕ ਕਰ ਰਹੇ ਹਨ? ਸਰਕਾਰੀ ਸਮਾਗਮਾਂ ਵਿਚ ਵਜ਼ੀਰ ਅਤੇ ਅਹਿਲਕਾਰ ਸਰੀਰਕ ਭੀੜ ਤਾਂ ਇਕੱਠੀ ਕਰ ਰਹੇ ਹਨ ਪਰ ਅੱਜ ਦੇ ਦਿਨ ਤਾਂ ਸਪਸ਼ਟ ਹੈ ਕਿ ਲੋਕਾਂ ਦੇ ਮਨਾਂ ਵਿਚ ਪਏ ਪਾੜ੍ਹ ਦੂਰ ਕਰਨ ਵਿਚ ਅਸਮਰੱਥ ਹੋ ਗਏ ਹਨ!

ਵੋਟਾਂ ਵਿਚਲੀ ਖ਼ਰੀਦੋ ਫ਼ਰੋਖ਼ਤ ਆਖ਼ਰ ਕਿੰਨੀਆਂ ਸਦੀਆਂ ਚੱਲੇਗੀ? ਜੇ ਪੰਜਾਬੀਆਂ ਦੀ ‘ਐਕਸਪਾਇਰੀ ਡੇਟ’ ਹੀ ਆ ਗਈ ਹੈ ਤਾਂ ਵੋਟਾਂ ਕਿੱਥੇ ਬਚਣਗੀਆਂ?

ਹਾਲੇ ਵੀ ਸਮਾਂ ਹੈ! ਹੁਕਮਰਾਨ ਆਪਣੀਆਂ ਕਾਰਾਂ ਹੋਰ ਵੱਡੀਆਂ ਕਰਨ, ਆਪਣੇ ਮਕਾਨਾਂ ਨੂੰ ਹੋਰ ਵੱਡੇ ਕਰਨ, ਜ਼ਮੀਨਾਂ ਹੋਰ ਖ਼ਰੀਦੀ ਜਾਣ, ਆਪਣੇ ਬਿਜ਼ਨੈ¤ਸ ਨੂੰ ਹੋਰ ਫੈਲਾਉਣ, ਸਾਰੇ ਸਰਕਾਰੀ ਅਹੁਦਿਆਂ ਉ¤ਤੇ ਆਪਣੇ ਰਿਸ਼ਤੇਦਾਰਾਂ ਨੂੰ ਫਿੱਟ ਕਰਵਾਉਣ, ਆਪਣੇ ਬੈਂਕ ਬੈਲੈਂਸ ਹੋਰ ਵਧਾਉਣ, ਸਮਾਗਮਾਂ ਉ¤ਤੇ ਬੇਲੋੜਾ ਖ਼ਰਚਾ ਕਰਨ ਨਾਲੋਂ ਸਹੂਲਤਾਂ ਤੋਂ ਸੱਖਣੇ ਲੋਕਾਂ ਦੀਆਂ ਲੋੜਾਂ ਪੂਰੀਆਂ ਕਰ ਕੇ ਉਨ੍ਹਾਂ ਦੀ ਪੀੜ ਉ¤ਤੇ ਮਲ੍ਹਮ ਲਾਉਣ ਤਾਂ ਕਾਇਆ ਕਲਪ ਹੋ ਜਾਏਗਾ ਅਤੇ ਪੰਜਾਬੀਆਂ ਦੀਆਂ ਆਉਣ ਵਾਲੀਆਂ ਨਸਲਾਂ ਵੀ ਇਸ ਲਈ ਧੰਨਵਾਦੀ ਰਹਿਣਗੀਆਂ।

ਚੁੱਪੀ ਹਮੇਸ਼ਾ ਜੁਰਮ ਦੀ ਭਾਗੀਦਾਰ ਬਣਾਉਂਦੀ ਹੈ। ਏਸੇ ਲਈ ਪੰਜਾਬ ਦੀ ਬਿਹਤਰੀ ਲਈ ਮੈਂ ਆਪਣੀ ਚੁੱਪ ਤੋੜ ਦਿੱਤੀ ਹੈ। ਹੁਣ ਵਾਰੀ ਪਾਠਕਾਂ ਦੀ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>