ਕਾਨੂੰਨ ਦੇ ਦੋਹਰੇ ਚਿਹਰੇ ਦਾ ਦੋਹਰਾ ਕਿਰਦਾਰ

ਗੁਰਚਰਨ ਸਿੰਘ ਪੱਖੋਕਲਾਂ

ਕਹਿਣ ਨੂੰ ਤਾਂ ਭਾਵੇਂ ਵਰਤਮਾਨ ਸਮੇਂ ਨੂੰ ਕਾਨੂੰਨ ਦਾ ਰਾਜ ਕਿਹਾ ਜਾਂਦਾ ਹੈ ਪਰ ਅਸਲੀਅਤ ਇਸਦੀ ਕੁੱਝ ਹੋਰ ਹੀ ਹੁੰਦੀ ਹੈ। ਰਾਜਸੱਤਾ ਹਮੇਸਾਂ ਆਪਣੀ ਕੁਰਸੀ ਬਚਾਉਣ ਅਤੇ ਚਲਾਉਣ ਲਈ ਕਾਨੂੰਨ ਦਾ ਰਾਗ ਅਲਾਪਦੀ ਹੈ ਪਰ ਅਸਲੀਅਤ ਵਿੱਚ ਇਹ ਸਰਕਾਰਾਂ ਦਾ ਉਹ ਗੁਪਤ ਡੰਡਾਂ ਹੈ ਜਿਹੜਾ ਹਕੂਮਤ ਵਿਰੋਧੀਆਂ ਦੇ ਸਿਰ ਵਿੱਚ ਕਦੇ ਵੀ ਮਾਰਿਆ ਜਾ ਸਕਦਾ ਹੁੰਦਾਂ ਹੈ। ਜਿਸਦੇ ਵੀ ਕਾਨੂੰਨ ਦਾ ਡੰਡਾ ਸਿਰ ਵਿੱਚ ਵੱਜਦਾ ਹੈ ਉਸਦੀ ਅਕਲ ਆਨੇ ਵਾਲੀ ਥਾਂ ਆ ਹੀ ਜਾਂਦੀ ਹੈ ਜਾਂ ਫਿਰ ਉਹ ਸਦਾ ਲਈ ਅਕਲੋਂ ਹੀਣਾਂ ਹੋ ਜਾਂਦਾ ਹੈ। ਸਰਕਾਰਾਂ ਦੇ ਗੁਲਾਮ ਆਮ ਤੌਰ ਤੇ ਹੀ ਕਾਨੂੰਨ ਦਾ ਰਾਗ ਅਲਾਪਦੇ ਰਹਿੰਦੇ ਹਨ ਪਰ ਇਸ ਕਾਨੂੰਨ ਨੂੰ ਨਿੱਤ ਦਿਨ ਆਪਣੀਆਂ ਸਹੂਲਤਾਂ ਅਨੁਸਾਰ ਬਦਲਿਆ ਜਾਂਦਾ ਹੈ। ਕਿਸੇ ਵੀ ਵਕਤ ਕਿਸੇ ਵੀ ਕਾਨੂੰਨ ਦੀ ਮੌਤ ਕਰ ਦਿੱਤੀ ਜਾਂਦੀ ਹੈ ਅਤੇ ਕਿਸੇ ਵੀ ਵਕਤ ਕੋਈ ਵੀ ਨਵਾਂ ਕਾਨੂੰਨ ਜਮਾਇਆ ਜਾ ਸਕਦਾ ਹੈ। ਆਮ ਲੋਕਾਂ ਦਾ ਭਰਮ ਭੁਲੇਖਾ ਬਣਾਈ ਰੱਖਣ ਲਈ ਸਰਕਾਰੀ ਤੰਤਰ ਕਦੇ ਕਦੇ ਕਿਸੇ ਇੱਕਾ ਦੁੱਕਾ ਕੇਸ ਵਿੱਚ ਕੋਈ ਸਹੀ ਫੈਸਲਾ ਜਾਂ ਲੋਕ ਲੁਭਾਊ ਫੈਸਲਾ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਢੋਲ ਵਜਾਏ ਜਾਂਦੇ ਹਨ ਤੇ ਆਮ ਲੋਕਾਂ ਦੇ ਮੂੰਹੋਂ ਧੰਨ ਕਾਨੂੰਨ ਧੰਨ ਕਾਨੂੰਨ ਦਾ ਜਾਪ ਕਰਵਾਇਆਂ ਜਾਂਦਾ ਹੈ। ਆਮ ਲੋਕਾਂ ਨੂੰ ਸਦਾ ਸਿੱਖਿਆ ਦਿੱਤੀ ਜਾਂਦੀ ਹੈ ਕਿ ਉਹ ਇਨਸਾਫ ਦੀ ਦੇਵੀ ਵਾਂਗ ਕਾਨੂੰਨ ਦੇ ਵੱਲ ਕਦੇ ਵੀ ਅੱਖ ਪੁੱਟਕੇ ਨਾਂ ਦੇਖਣ ਅਤੇ ਕੰਨਾਂ ਤੇ ਕਾਨੂੰਨ ਖਿਲਾਫ ਕੁੱਝ ਸੁਣਨ ਦੀ ਬਜਾਇ ਕੰਨਾਂ ਨੂੰ ਬੰਦ ਰੱਖਣ ਅਤੇ ਕਾਨੂੰਨ ਬਾਰੇ ਬੋਲਣ ਦੀ ਥਾਂ ਮੂੰਹ ਤੇ ਵੀ ਪੱਟੀ ਹੀ ਬੰਨੀ ਰੱਖਣ ਕਿਉਂਕਿ ਕਾਨੂੰਨ ਤਾਂ ਦੂਸਰਾ ਰੱਬ ਹੁੰਦਾਂ ਹੈ। ਅਸਲ ਵਿੱਚ ਅਨੰਤ ਕੁਦਰਤ ਵਾਲਾ ਰੱਬ ਤਾਂ ਕਿਧਰੇ ਪਿੱਛੇ ਰਹਿ ਜਾਂਦਾ ਹੈ ਪਰ ਦੁਨਿਆਵੀ ਰਾਜਸੱਤਾ ਵਾਲੇ ਮਨੁੱਖਾਂ ਦਾ ਕਾਨੂੰਨ ਤਾਂ ਸਭ ਤੋਂ ਵੱਡਾ ਹੀ ਹੋ ਨਿਬੜਦਾ ਹੈ। ਅਸਲ ਵਿੱਚ ਕਾਨੂੰਨ ਤਕੜਿਆਂ ਲਈ ਹੋਰ ਤਰਾਂ ਮਾੜਿਆਂ ਲਈ ਹੋਰ ਤਰਾਂ ਕੰਮ ਕਰਦਾ ਹੈ।

ਅਦਾਲਤਾਂ ਵਿੱਚ ਚਲਦੇ ਕੁੱਝ ਵੱਡੇ ਛੋਟੇ ਕੇਸਾਂ ਦਾ ਜੇ ਜਿਕਰ ਕਰੀਏ ਤਾਂ ਕਾਨੂੰਨ ਦਾ ਕਰੂਪ ਚਿਹਰਾ ਨੰਗਾਂ ਹੋ ਹੀ ਜਾਂਦਾ ਹੈ। ਦੇਸ਼ ਦੇ ਕਿਸੇ ਵੱਡੇ ਰਾਜਨੀਤਕ , ਭਾਰੀ ਭੀੜ ਖਿੱਚਣ ਵਾਲੇ ਪਖੰਡੀ ਸਾਧ ਸੰਤ, ਨੌਜਵਾਨੀ ਨੂੰ ਲੱਚਰਤਾ ਵੱਲ ਧੱਕਣ ਵਾਲੇ ਕਿਸੇ ਹੀਰੋ ਆਦਿ ਦੇ ਉੱਪਰ ਜਦ ਕੋਈ ਕਾਨੂੰਨੀ ਸਿਕੰਜਾਂ ਲਾਇਆਂ ਜਾਂਦਾ ਹੈ ਤਦ ਇਸ ਸਿਕੰਜੇ ਵਿੱਚਲੀਆਂ ਮੋਰੀਆਂ ਪੈਸੇ ਦੇ ਨਾਲ ਏਅਰ ਕੰਡੀਸਡ ਬਣ ਜਾਂਦੀਆਂ ਹਨ ਜੋ ਪੈਸੇ ਵਾਲੇ ਬੰਦੇ ਨੂੰ ਹਸਪਤਾਲ ਦਾ ਕੋਈ ਲਗਜਰੀ ਡੀਲਕਸ ਕਮਰਾ ਦਿਵਾ ਦਿੰਦੀਆਂ ਹਨ ਜਾਂ ਜੇ ਕਿੱਧਰੇ ਕਿਸੇ ਤਕੜੇ ਨੂੰ ਮਾੜੀ ਮੋਟੀ ਸਜਾ ਹੋ ਵੀ ਜਾਵੇ ਤਦ ਉਸ ਨੂੰ ਜੇਲਾਂ ਵਿੱਚ ਵੀ ਪੰਜ ਸਿਤਾਰਾ ਸਹੂਲਤਾਂ ਮੁਹੱਈਆਂ ਕਰਵਾ ਦਿੰਦੀਆਂ ਹਨ। ਅਰਬਾਂ ਖਰਬਾਂ ਦੇ ਘੁਟਾਲੇ ਕਰਨ ਵਾਲੇ ਰਾਜਨੀਤਕ ਅਤੇ ਅਫਸਰ ਲੋਕ ਰਿਸਵਤ ਦੀ ਕਮਾਈ ਵਿੱਚੋਂ ਦਸਵੰਧ ਖਰਚ ਕੇ ਹੀ ਆਪਣਾਂ ਛੁਟਕਾਰਾ ਕਰਵਾ ਲੈਂਦੇ ਹਨ ਅਤੇ ਦਲੀਲਬਾਜ ਵਿਕਾਊ ਵਕੀਲਾਂ ਅਤੇ ਕਈ ਵਾਰ ਤਾਂ ਜੱਜਾਂ ਤੱਕ ਨੂੰ ਵੀ ਅਨੰਦ ਮਈ ਜਿੰਦਗੀ ਵਾਲਾ ਸਵਰਗ ਵੀ ਭੇਂਟ ਕਰ ਦਿੰਦੇ ਹਨ।  ਜਿਹੜੇ ਨੌਕਰੀ ਪੇਸਾ ਫੈਸਲੇ ਦੇਣ ਵਾਲਿਆਂ ਨੂੰ ਇਸ ਸੰਸਾਰ ਵਿੱਚ ਹੀ ਸਵਰਗ ਹਾਸਲ ਹੁੰਦਾਂ ਹੋਵੇ ਉਹ ਮਰਨ ਤੋਂ ਬਾਅਦ ਮਿਲਣ ਵਾਲੇ ਸਵਰਗ ਦੀ ਇੱਛਾ ਭਲਾ ਕਿਉਂ ਕਰਨਗੇ। ਅੱਜ ਤੱਕ ਕਿਸੇ ਵੀ ਫੈਸਲੇ ਦੇਣ ਵਾਲੇ ਉੱਪਰ ਗਲਤ ਸਹੀ ਫੈਸਲੇ ਦੇਣ ਦਾ ਕੋਈ ਇਲਜਾਮ ਲਾਉਣਾਂ ਵੀ ਅਦਾਲਤੀ ਮਾਣਹਾਨੀ ਬਣ ਜਾਂਦਾ ਹੈ। ਦੇਸ਼ ਦਾ ਕੋਈ ਫਿਲਮੀ ਸਟਾਰ ਸੜਕਾਂ ਤੇ ਸੌਣ ਵਾਲਿਆਂ ਨੂੰ ਦਰੜਕੇ ਅਣਗਿਣਤ ਸਾਲਾਂ ਤੱਕ ਫੈਸਲੇ ਰੋਕ ਸਕਦਾ ਹੈ ਭਲਾ ਗਰੀਬ ਬੰਦਾਂ ਉਸਦੀਆਂ ਦਲੀਲਾਂ ਦਾ ਜਵਾਬ ਲੱਖਾਂ ਕਰੋੜਾਂ ਲੈਣ ਵਾਲੇ ਵਕੀਲਾਂ ਰਾਂਹੀ ਜਵਾਬ ਕਿਵੇਂ ਦੇ ਸਕਦਾ ਹੈ ਜਿਹੜੇ ਲੋਕਾਂ ਕੋਲ ਸੌਣ ਲਈ ਫੁੱਟਪਾਥ ਹੋਣ ਉਹ ਅਦਾਲਤੀ ਦਰਵਾਜਿਆਂ ਵਿੱਚੋਂ ਲੰਘਣ ਸਮੇਂ ਵੀ ਡੌਰ ਭੌਰ ਹੋ ਜਾਂਦੇ ਹਨ ਜਦੋਂਕਿ ਹੀਰੋ ਅਤੇ ਧਾਰਮਿਕ ਰਾਜਨੀਤਕ ਨੇਤਾ ਲੋਕ ਤਾਂ ਤਾਰੀਖਾਂ ਭੁਗਤਣ ਜਾਣ ਸਮੇਂ ਵੀ ਆਪਣੇ ਨਾਲ ਬਾਊਸਰਾਂ ਦੀ ਫੌਜ ਲੈਕੇ ਜਾਂਦੇ ਹਨ। ਸੋ ਕਾਨੂੰਨ ਦੇ ਪਰਚਾਰਕ ਹੇ ਭਲੇ ਲੋਕੋ ਸਾਡੇ ਗਰੀਬ ਲੋਕਾਂ ਨੂੰ ਤੁਹਾਡੇ ਕਾਨੂੰਨਾਂ ਦੀ ਅਸਲੀਅਤ ਪੂਰੀ ਤਰਾਂ ਮਾਲੂਮ ਹੈ ਇਸ ਕਾਰਨ ਹੀ ਤਾਂ ਉਹ ਅਦਾਲਤੀ ਚੱਕਰਾਂ ਵਿੱਚ ਪੈਣ ਦੀ ਬਜਾਇ ਆਪਣਿਆਂ ਦੀਆਂ ਲਾਸਾਂ ਨੂੰ ਹੀ ਚੁੱਕਕੇ ਲੈਜਾਣ ਵਿੱਚ ਹੀ ਭਲਾਈ ਸਮਝਦੇ ਹਨ ।

ਦੇਸ ਦੇ ਕੁੱਝ ਪਰਮੁੱਖ ਵੱਡੇ ਕੇਸਾਂ ਜਿਵੇਂ ਬਿਹਾਰ ਦੇ ਚਾਰਾ ਘੋਟਾਲੇ ਨਾਲ ਸਬੰਧਤ ਅੱਠ ਗਵਾਹ ਟਰੱਕਾਂ ਥੱਲੇ ਦਰੜ ਦਿੱਤੇ ਗਏ ਜਿਸਨੂੰ ਰੱਬ ਦਾ ਭਾਣਾਂ ਬਣਾ ਦਿੱਤਾ ਗਿਆ। ਮੱਧ ਪਰਦੇਸ਼ ਵਿੱਚ ਵਿਆਪਮ ਘੋਟਾਲੇ ਦੇ ਅਠਤਾਲੀ ਚਸਮਦੀਦ ਮਾਰੇ ਗਏ ਜਾਂ ਖੁਦਕਸੀਆਂ ਕਰ ਗਏ ਜਾਂ ਖੁਦਕਸੀ ਕਰਨ ਲਈ ਮਜਬੂਰ ਕਰ ਦਿੱਤੇ ਗਏ ਪਰ ਰਾਜਨੀਤਕ ,ਸਰਕਾਰਾਂ , ਅਤੇ ਕਾਨੂੰਨ ਮਹਾਰਾਜ ਜੀ ਸੌਂ ਰਹੇ ਹਨ। ਆਸਾ ਰਾਮ ਵਰਗੇ ਅਖੌਤੀ ਸੰਤ ਦੇ ਰੇਪ ਕੇਸਾਂ ਦੇ ਗਵਾਹ ਅਤੇ ਚਸਮਦੀਦਾਂ ਤੇ ਹਮਲੇ ਹੋ ਰਹੇ ਹਨ ਅਤੇ ਜਿੰਹਨਾਂ ਵਿੱਚੋਂ ਤਿੰਨ ਦੀ ਹੱਤਿਆਂ ਹੋ ਗਈ ਹੈ ਪਰ ਕਾਨੂੰਨ ਦਾ ਰਾਜ ਫਿਰ ਵੀ ਮਜੇ ਨਾਲ ਚੱਲ ਰਿਹਾ ਹੈ। ਸਰਕਾਰਾਂ ਦੇ ਪਰਚਾਰ ਤੰਤਰ ਦੇ ਅੰਗ ਕਾਨੂੰਨ ਦਾ ਰਾਗ ਅਲਾਪ ਰਹੇ ਹਨ।  ਇਸ ਤਰਾਂ ਹੀ ਵੱਡੇ ਕਾਰਪੋਰੇਟ ਘਰਾਣੇ ਅਰਬਾਂ ਖਰਬਾਂ ਦਾ ਸਰਕਾਰੀ ਪੈਸਾ ਦੱਬੀ ਬੈਠੇ ਹਨ। ਕੋਈ ਵਿਜੈ ਮਾਲਿਆ ਵਰਗਾ ਅੱਯਾਸ ਅਤੇ ਐਸ ਪਰਸਤ ਕੈਲੰਡਰ ਛਾਪਣ ਲਈ ਮਾਡਲ ਜਗਤ ਦੀਆਂ ਕੁੜੀਆਂ ਦੇ ਨੰਗੇ ਫੋਟੋ ਸੂਟ ਕਰਵਾਈ ਜਾ ਰਿਹਾ ਹੈ। ਕੋਈ ਲਲਿਤ ਮੋਦੀ ਅਰਬਾਂ ਡਕਾਰਕੇ ਵਿਦੇਸਾਂ ਵਿੱਚ ਰਾਜਨੀਤਕਾਂ ਦੇ ਸਹਾਰੇ ਉਡਾਰੀਆਂ ਲਾ ਰਿਹਾ ਹੈ ਕਾਨੂੰਨ ਸੌਂ ਰਿਹਾ ਹੈ। ਇਸਦੇ ਉਲਟ ਜੇ ਕਿੱਧਰੇ ਕੋਈ ਗਰੀਬ ਪੰਜ ਚਾਰ ਹਜਾਰ ਦਾ ਕਰਜਾ ਨਹੀ ਮੋੜ ਸਕਿਆਂ ਤਦ ਦੇਸ ਦਾ ਪੁਲੀਸ ਤੰਤਰ ਅਤੇ ਅਫਸਰੀ ਹੁਕਮ ਕਾਨੂੰਨ ਦਾ ਡੰਡਾਂ ਚੁੱਕੀ ਗਰੀਬਾਂ ਦੇ ਹੱਥਕੜੀਆਂ  ਲਾਉਣ ਤੁਰ ਪੈਂਦੇ ਹਨ। ਸਮਾਜ ਦੀ ਸਰਮ ਮੰਨਣ ਵਾਲੇ ਗਰੀਬ ਲੋਕ ਇਸ ਜਲਾਲਤ ਤੋਂ ਬਚਣ ਲਈ ਖੁਦਕਸੀ ਕਰ ਜਾਂਦੇ ਹਨ ਪਰ ਦੇਸ ਦੇ ਅਮੀਰ ਲੋਕ ਅਰਬਾਂ ਡਕਾਰ ਕੇ ਵੀ ਬੇ ਸਰਮ ਹਾਸੇ ਹੱਸਦੇ ਹੋਏ ਆਮ ਲੋਕਾਂ ਨੂੰ ਕਾਨੂੰਨ ਪਰਸਤ ਹੋਣ ਦੇ ਦਮ ਭਰਦੇ ਸੁਣਾਈ ਦਿੰਦੇ ਹਨ। ਕੋਈ ਲਾਲੂ, ਵਿਜੈ ਮਾਲਿਆ, ਲਲਿਤ ਮੋਦੀ, ਜਦ ਕਹਿੰਦਾਂ ਹੈ ਕਿ ਸਾਨੂੰ ਦੇਸ਼ ਦੇ ਕਾਨੂੰਨ ਤੇ ਪੂਰਾ ਭਰੋਸ਼ਾ ਹੈ ਜੋ ਨਿਆਂ ਕਰੇਗਾ ਤਦ ਕਾਨੂੰਨ ਦੀ ਦੇਵੀ ਵੀ ਮੂੰਹ ਬੰਦ ਅੱਖਾਂ ਤੇ ਪੱਟੀ ਕੰਨਾਂ ਤੇ ਹੱਥ ਧਰਨ ਲਈ ਮਜਬੂਰ ਹੋ ਹੀ ਜਾਂਦੀ ਹੈ। ਦੇਸ਼ ਦੇ ਕਾਨੂੰਨ ਦੇ ਹਮਾਇਤੀਉ ਤੁਹਾਡੀ ਸੇਵਾਂ ਵੀ ਧੰਨ ਹੈ ਜਿਹੜੇ ਕਦੇ ਵੀ ਆਮ ਲੋਕਾਂ ਨੂੰ ਕਾਨੂੰਨ ਦਾ ਪਾਠ ਪੜਾਉਣ ਤੋਂ ਪਾਸਾ ਨਹੀਂ ਵੱਟਦੇ ਕਿਉਂਕਿ ਤੁਹਾਡੇ ਲਈ ਸਰਕਾਰੀ ਅਤੇ ਪਰਾਈਵੇਟ ਸਨਮਾਨ ਅਮੀਰਾਂ ਅਤੇ ਸਰਕਾਰਾਂ ਵੱਲੋਂ ਜੋ ਤੁਹਾਡੇ ਲਈ ਹਾਜਰ ਹਨ । ਅਮੀਰ ਲੋਕਾਂ ਲਈ ਕਾਨੂੰਨ ਰਾਖਾ ਹੈ ਪਰ ਗਰੀਬ ਲੋਕਾਂ ਨੂੰ ਤਾਂ ਕਾਨੂੰਨ ਮਹਾਰਾਜ ਸਬਕ ਸਿਖਾ ਦਿੰਦਾ ਹੈ ਕਿਉਂਕਿ ਜਦ ਵੀ ਕੋਈ ਗਰੀਬ ਕਾਨੂੰਨ ਦਾ ਓਟ ਆਸਰਾ ਲੈਂਦਾ ਹੈ ਤਦ ਉਹ ਨਾਂ ਘਰ ਦਾ ਰਹਿੰਦਾ ਹੈ ਅਤੇ ਨਾਂ ਹੀ ਘਾਟ ਦਾ।  ਜਦ ਤੱਕ ਦੇਸ਼ ਦਾ ਆਮ ਮਨੁੱਖ ਆਪਣੀ ਔਕਾਤ ਨੂੰ ਯਾਦ ਨਹੀ ਕਰੇਗਾ ਤਦ ਤੱਕ ਜਲੀਲ ਹੋਣਾਂ ਉਸਦੇ ਕਰਮਾਂ ਦੀ ਹੋਣੀ ਬਣਿਆਂ ਹੀ ਰਹੇਗਾ । ਆਮ ਆਦਮੀ ਲਈ ਤਾਂ ਦੜ ਵੱਟ ਜਮਾਨਾ ਕੱਟ ਭਲੇ ਦਿਨ ਆਵਣਗੇ ਦੀ ਹੀ ਆਸ ਤੇ ਜਿਉਂ ਲੈਣਾਂ ਬਿਹਤਰ ਹੈ ਮੇਰੇ ਦੇਸ਼ ਦੇ ਗਰੀਬ ਲੋਕਾਂ ਦੀ ਇਹੋ ਹੋਣੀ ਹੈ ਜੋ ਬੀਤੇ ਵਕਤਾਂ ਵਿੱਚ ਵੀ ਇਹੋ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਹੋ ਰਹਿਣੀ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>