ਤਸ਼ੱਦਦ ਨਾਲ ਸਿੱਖ ਕੈਦੀਆਂ ਦੀ ਰਿਹਾਈ ਦਾ ਸੰਘਰਸ਼ ਦਬਾਇਆ ਨਹੀਂ ਜਾ ਸਕੇਗਾ-ਸਰਨਾ

ਨਵੀਂ ਦਿੱਲੀ : ਸਜ਼ਾਵਾਂ ਕੱਟ ਚੁੱਕੇ ਕੈਦੀਆਂ ਦੀ ਰਿਹਾਈ ਲਈ ਮਰਨ ਵਰਤ ਉੱਤੇ ਬੈਠੇ ਸੂਰਤ ਸਿੰਘ ਖਾਲਸਾ ਅਤੇ ਉਸ ਦੇ ਹਿਮਾਇਤੀਆਂ ਉੱਤੇ ਪੰਜਾਬ ਪੁਲੀਸ ਵਲੋਂ ਕੀਤੇ ਗਏ ਤਸ਼ੱਦਦ ਨੂੰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਵਾਜਬ ਠਹਿਰਾਉਣ ਦੀ ਸਖਤ ਆਲੋਚਨਾ ਕਰਦਿਆਂ, ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਅੱਜ ਇਥੇ ਕਿਹਾ ਹੈ ਕਿ ਸਿੱਖਾਂ ਦੀਆਂ ਹੱਕੀ ਮੰਗਾਂ ਨੂੰ ਸਖਤੀ ਨਾਲ ਨਹੀਂ ਦਬਾਇਆ ਜਾ ਸਕਦਾ ਅਤੇ ਮੁਲਕ ਦੀਆਂ ਵੱਖ ਵੱਖ ਜੇਲ੍ਹਾਂ ਵਿਚ ਸੜ ਰਹੇ ਸਿੱਖ ਕੈਦੀਆਂ ਨੂੰ ਅੱਜ ਜਾਂ ਕੱਲ ਰਿਹਾਅ ਕਰਨਾ ਹੀ ਪਵੇਗਾ।

ਸ੍ਰ. ਸਰਨਾ ਨੇ ਆਪਣੇ ਇੱਕ ਪ੍ਰੈਸ ਬਿਆਨ ਵਿਚ ਕਿਹਾ ਕਿ ਸਿੱਖ ਕੈਦੀਆਂ ਦੀ ਰਿਹਾਈ ਲਈ ਹੱਕੀ ਤੇ ਸ਼ਾਂਤਮਈ ਸੰਘਰਸ਼ ਕਰ ਰਹੇ ਸਿੱਖਾਂ ਉੱਤੇ ਤਸ਼ੱਦਦ ਕਰਵਾ ਕੇ ਮੁੱਖ ਮੰਤਰੀ ਬਾਦਲ ਜ਼ਕਰੀਆ ਖਾਨ ਤੇ ਮੀਰ ਮੰਨੂ ਦੇ ਰਾਹ ਉੱਤੇ ਤੁਰ ਪਏ ਹਨ। ਉਹਨਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜੇ ਮੁਗਲਾਂ ਅਤੇ ਅੰਗਰੇਜ਼ਾਂ ਵਲੋਂ ਕੀਤਾ ਗਿਆ ਤਸ਼ੱਦਦ ਸਿੱਖਾਂ ਨੂੰ ਦਬਾਅ ਨਹੀਂ ਸਕਿਆ ਤਾਂ ਪੰਜਾਬ ਪੁਲੀਸ ਵਲੋਂ ਕੀਤੇ ਜਾ ਰਹੇ ਜ਼ੁਲਮ ਵੀ ਸੰਘਰਸ਼ਸ਼ੀਲ਼ ਸਿੱਖਾਂ ਨੂੰ ਆਪਣੇ ਰਾਹ ਤੋਂ ਥਿੜਕਾ ਨਹੀਂ ਸਕਣਗੇ।

ਸਿੱਖ ਆਗੂ ਨੇ ਕਿਹਾ ਕਿ ਮਨੁੱਖੀ ਹੱਕਾਂ ਦੀ ਉਲੰਘਣਾ ਦੇ ਇਸ ਗੰਭੀਰ ਮਸਲੇ ਨੂੰ ਮਾਨਵੀ ਹਮਦਰਦੀ ਅਤੇ ਸਿਆਸੀ ਅਧਾਰ ਉੱਤੇ ਹੱਲ ਕਰਨ ਦੀ ਥਾਂ ਬਾਦਲ ਸਰਕਾਰ ਨੇ ਸਿੱਖ ਨੌਜਵਾਨਾਂ ਦੇ ਕਾਤਲ ਵਜੋਂ ਜਾਣੇ ਜਾਂਦੇ ਸੁਮੇਧ ਸਿੰਘ ਸੈਣੀ ਵਰਗੇ ਸਿੱਖ ਵਿਰੋਧੀ ਅਧਿਕਾਰੀਆਂ ਦੇ ਹੱਥ ਫੜਾਇਆ ਹੋਇਆ ਹੈ। ਉਹਨਾਂ ਪੁੱਛਿਆ ਕਿ ਜੇ ਸਿੱਖ ਨੌਜਵਾਨਾਂ ਨੂੰ ਕਤਲ ਕਰਨ ਵਾਲੇ ਪਿੰਕੀ ਕੈਟ ਅਤੇ ਜਸਪਾਲ ਸਿੰਘ ਵਰਗੇ ਪੁਲਸੀਆਂ ਨੂੰ ਸੱਤ ਸਾਲ ਅਤੇ ਡੇਢ ਸਾਲ ਦੀ ਕੈਦ ਕੱਟਣ ਤੋਂ ਬਾਅਦ ਰਿਹਾਅ ਕੀਤਾ ਜਾ ਸਕਦਾ ਹੈ ਤਾਂ ਫਿਰ ੨੦-੨੦ ਅਤੇ ੨੨-੨੨ ਸਾਲ ਦੀ ਕੈਦ ਭੁਗਤ ਚੁੱਕੇ ਸਿੱਖ ਕੈਦੀਆਂ ਨੂੰ ਰਿਹਾਅ ਕਿਉਂ ਨਹੀਂ ਕੀਤਾ ਜਾ ਸਕਦਾ?

ਮੰਨੇ ਪ੍ਰਮੰਨੇ ਕਾਨੂੰਨਦਾਨ ਹਰਵਿੰਦਰ ਸਿੰਘ ਫੂਲਕਾ ਅਤੇ ਜਸਟਿਸ ਸੁਰਿੰਦਰ ਸਿੰਘ ਸੋਢੀ ਦੇ ਬਿਆਨਾਂ ਦਾ ਹਵਾਲਾ ਦਿੰਦਿਆਂ, ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਮੁਲਕ ਦੀ ਸੁਪਰੀਮ ਕੋਰਟ ਵਲੋਂ ਉਮਰ ਕੈਦੀਆਂ ਦੀ ਸਜ਼ਾ ਮੁਆਫ ਕਰਕੇ ਰਿਹਾਅ ਕਰਨ ਲਈ ਲਾਈ ਗਈ ਰੋਕ ਸਿਰਫ ਸੂਬਾਂ ਸਰਕਾਰਾਂ ਉੱਤੇ ਲਾਗੂ ਹੁੰਦੀ ਹੈ। ਇਸ ਲਈ ਮੁੱਖ ਮੰਤਰੀ ਬਾਦਲ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਸਰਕਾਰ ਵਲੋਂ ਸਬੰਧਤ ਕੈਦੀਆਂ ਦੀ ਰਿਹਾਈ ਦੀ ਸਿਫਾਰਸ਼ ਤੁਰੰਤ ਕੇਂਦਰ ਸਰਕਾਰ ਨੂੰ ਕਰਨ ਅਤੇ ”ਆਪਣੇ ਮਿੱਤਰਾਂ” ਦੀ ਸਰਕਾਰ ਉੱਤੇ ਦਬਾਅ ਪਾ ਕੇ ਇਹ ਰਿਹਾਈਆਂ ਕਰਾਉਣ। ਉਹਨਾਂ ਖ਼ਦਸ਼ਾ ਪ੍ਰਗਟ ਕੀਤਾ ਕਿ ਮੁੱਖ ਮੰਤਰੀ ਬਾਦਲ ਇਹ ਕਦਮ ਨਹੀਂ ਚੁੱਕ ਸਕਣਗੇ ਕਿਉਂਕਿ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਨਜ਼ਰਅੰਦਾਜ ਕਰਕੇ ਆਪਣੀ ਨੂੰਹ ਨੂੰ ਕੇਂਦਰੀ ਵਜ਼ਾਰਤ ਵਿਚ ਸ਼ਾਮਲ ਕਰਾਉਣ ਤੋਂ ਬਾਅਦ ਉਹਨਾਂ ਵਿਚ ਭਾਜਪਾ ਆਗੂਆਂ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਗੱਲ ਕਰਨ ਦੀ ਜ਼ੁਰਅੱਤ ਹੀ ਨਹੀਂ ਰਹੀ।

ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਨੇ ਮੁੱਖ ਮੰਤਰੀ ਬਾਦਲ ਨੂੰ ਇਹ ਵੀ ਯਾਦ ਕਰਵਾਇਆ ਕਿ ਦਹਾਕਿਆਂ ਤੋਂ ਜੇਲ੍ਹਾਂ ਵਿਚ ਸੜ ਰਹੇ ਸਿੱਖ ਕੈਦੀਆਂ ਵਿਚੋਂ ਬਹੁਤਿਆਂ ਨੂੰ ਇਸ ਰਾਹ ਉੱਤੇ ਤੋਰਨ ਉਹ ਖੁਦ ਅਤੇ ਉਹਾਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਜ਼ਿਮੇਂਵਾਰ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਸਮੇਂ ਸਮੇਂ ਉੱਤੇ ‘ਸਿੱਖ ਇੱਕ ਵੱਖਰੀ ਕੌਮ’, ‘ਸਿੱਖ ਸਟੇਟ ਦੀ ਕਾਇਮੀ’, ‘ਸੂਬਿਆਂ ਨੂੰ ਖੁਦਮੁਖਤਿਆਰੀ’ ਵਰਗੇ ਲਾਏ ਜਾਂਦੇ ਗਰਮ ਨਾਹਰਿਆਂ ਨੇ ਹੀ ਸਿੱਖ ਨੌਜਵਾਨਾਂ ਨੂੰ ਖਾਵਕੂਵਾਦ ਦੇ ਰਾਹ ਪੈਣ ਲਈ ਉਕਸਾਇਆ ਸੀ। ਮੁੱਖ ਮੰਤਰੀ ਬਾਦਲ ਦੇ ਸਿੱਖ ਫੌਜੀਆਂ ਨੂੰ ਬੈਰਕਾਂ ਛੱਡਣ ਅਤੇ ਸਿੱਖਾਂ ਦੀ ਜਨਮ ਭੂਮੀ ਪੰਜਾਬ ਨੂੰ ਭਾਰਤੀ ਸਟੇਟ ਤੋਂ ਆਜ਼ਾਦ ਕਰਾਉਣ ਲਈ ਯੂ.ਐਨ.ਓ. ਦੇ ਸਕੱਤਰ ਜਨਰਲ ਬੁਤਰਸ ਘਾਲੀ ਤੋਂ ਮਦਦ ਮੰਗਣ ਵਰਗੇ ਭੜਕਾਉ ਕਦਮਾਂ ਨੇ ਵੀ ਬਲਦੀ ਉੱਤੇ ਤੇਲ ਪਾਇਆ ਸੀ।

ਸ੍ਰ. ਸਰਨਾ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਦੀ ਗੱਲ ਹੈ ਕਿ ਸਿੱਖ ਨੌਜਵਾਨਾਂ ਨੂੰ ਬਲਦੀ ਦੇ ਬੁੱਤੇ ਦੇ ਕੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਗੱਦੀਆਂ ਉੱਤੇ ਬਿਰਾਜਮਾਨ ਹੋਈ ਅਜੋਕੀ ਅਕਾਲੀ ਲੀਡਰਸ਼ਿਪ ਆਪਣੇ ਹੱਥੀਂ ਖਾਵਕੂਵਾਦ ਦੇ ਰਾਹ ਤੋਰੇ ਨੌਜਵਾਨਾਂ ਹੁਣ ‘ਦਹਿਸ਼ਤਗਰਦ’ ਅਤੇ ‘ਅਤਿਵਾਦੀ’ ਗਰਦਾਨ ਰਹੀ ਹੈ। ਉਹਨਾਂ ਕਿਹਾ ਕਿ ਇਹ ਬੇਈਮਾਨੀ, ਸਿੱਖ ਦੁਸ਼ਮਣੀ ਅਤੇ ਢੀਠਤਾਈ ਦੀ ਹੱਦ ਹੈ।

ਪਰਮਜੀਤ ਸਿੰਘ ਸਰਨਾ ਨੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਸਮੂਹ ਆਗੂਆਂ ਤੇ ਵਰਕਰਾਂ ਨੂੰ ਅਪੀਲ ਕੀਤੀ ਹੈ ਕਿ ਜੇ ਉਹਨਾਂ ਵਿਚ ਭੋਰਾ ਵੀ ਪੰਥਕ ਜਜ਼ਬਾ ਹੈ ਤਾਂ ਉਹ ਸਿੱਖ ਦੁਸ਼ਮਣੀ ਦੇ ਰਾਹ ਪਏ ਹੋਏ ਬਾਦਲਾਂ ਦਾ ਖਹਿੜਾ ਛੱਡ ਕੇ ਸਿੱਖ ਬੰਦੀਆਂ ਦੀ ਰਿਹਾਈ ਲਈ ਜੂਝ ਰਹੇ ਸੂਰਤ ਸਿੰਘ ਖਾਲਸਾ ਦੇ ਸੰਘਰਸ਼ ਦੀ ਹਿਮਾਇਤ ਕਰਨ।

This entry was posted in ਭਾਰਤ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>