ਗਿਆਨ-ਵਿਗਿਆਨ (ਭਾਗ-11)

ਧਰਤੀ ਦੀਆਂ ਪਰਤਾਂ ਵਿੱਚ ਪੈਟਰੋਲੀਅਮ ਕਿਵੇਂ ਬਣਿਆ?

ਸਮੁੰਦਰ ਵਿੱਚ ਲੱਖਾਂ ਹੀ ਕਿਸਮ ਦੀ ਸੂਖਮ ਜੀਵ ਹੁੰਦੇ ਹਨ। ਕਰੋੜਾਂ ਸਾਲਾਂ ਵਿੱਚ ਇਹਨਾਂ ਦੀਆ ਕਰੋੜਾ ਨਸਲਾਂ ਮਰਨ ਤੋਂ ਬਾਅਦ ਸਮੁੰਦਰ ਦੇ ਥੱਲਿਆਂ ਤੇ ਜਮ੍ਹਾਂ ਹੁੰਦੀਆਂ ਰਹੀਆਂ। ਅਸੀਂ ਜਾਣਦੇ ਹਾਂ ਕਿ ਹਰ ਜੀਵ ਵਿੱਚ ਚਰਬੀ ਹੁੰਦੀ ਹੈ। ਹੌਲੀ ਹੌਲੀ ਇਹ ਜੀਵ ਰੇਤ ਮਿੱਟੀ ਨਾਲ ਢੱਕੇ ਜਾਂਦੇ ਹਨ। ਲੱਖਾਂ ਸਾਲਾਂ ਦੇ ਸਮੇਂ ਵਿੱਚ ਗਰਮੀ ਦਬਾਉ ਤੇ ਹੋਰ ਰਸਾਇਣਿਕ ਕ੍ਰਿਆਵਾਂ ਰਾਹੀਂ ਇਹ ਜੀਵ ਪੈਟਰੋਲੀਅਮ ਵਿੱਚ ਬਦਲਦੇ ਰਹੇ ਹਨ। ਇਹ ਪੈਟਰੋਲੀਅਮ ਮੁਸਾਮਦਾਰ ਚਟਾਨਾਂ ਰਾਹੀਂ ਉਪੱਰ ਉਠਦਾ ਰਹਿੰਦਾ ਹੈ। ਜਿੰਨਾ ਚਿਰ ਇਸ ਨੂੰ ਰੋਕਣ ਲਈ ਕੋਈ ਮੁਸਾਮ ਰਹਿਤ ਚਟਾਨ ਰਸਤੇ ਵਿੱਚ ਨਹੀਂ ਆ ਜਾਂਦੀ ਹੈ। ਇਸ ਤਰ੍ਹਾਂ ਪੈਟਰੋਲੀਅਮ ਦੇ ਵੱਡੇ ਵੱਡੇ ਭੰਡਾਰ ਜਮ੍ਹਾਂ ਹੁੰਦੇ ਰਹੇ। ਤੇਲ ਪ੍ਰਾਪਤ ਕਰਨ ਲਈ ਮੁਸਾਮ ਰਹਿਤ ਚਟਾਨਾਂ ਵਿੱਚ ਵਰਮਿਆਂ ਦੀ ਸਹਾਇਤਾ ਨਾਲ ਛੇਕ ਕੀਤੇ ਜਾਂਦੇ ਹਨ। ਫਿਰ ਸ਼ਕਤੀਸ਼ਾਲੀ ਇੰਜਣਾਂ ਜਾਂ ਮੋਟਰਾਂ ਦੀ ਸਹਾਇਤਾ ਨਾਲ ਇਸ ਪੈਟਰੋਲੀਅਮ ਨੂੰ ਬਾਹਰ ਕੱਢਿਆ ਜਾਂਦਾ ਹੈ। ਇਸ ਤਰ੍ਹਾਂ ਪ੍ਰਾਪਤ ਪੈਟਰੋਲੀਅਮ ਨੂੰ ਗਰਮ ਕਰਕੇ ਵਾਸ਼ਪਾਂ ਤੋਂ ਪ੍ਰੈਟਰੋਲ, ਮਿੱਟੀ ਦਾ ਤੇਲ, ਡੀਜ਼ਲ, ਮੋਗਲਾਇਲ, ਲੁੱਕ  ਅਤੇ ਹੋਰ ਪੈਟਰੋਲੀਅਮ ਪਦਾਰਥ ਪ੍ਰਾਪਤ ਕੀਤੇ ਜਾਂਦੇ ਹਨ।

ਜਵਾਲਾ ਜੀ ਵਿਖੇ ਲਾਟਾਂ ਕਿਵੇਂ ਬਲਦੀਆਂ ਹਨ?

ਪੰਜਾਬ ਤੇ ਗੁਆਂਢੀ ਰਾਜ ਹਿਮਾਚਲ ਦਾ ਇੱਕ ਸ਼ਹਿਰ ਜਵਾਲਾ ਜੀ ਹੈ। ਇਸ ਸਥਾਨ ਤੇ ਇੱਕ ਦੇਵੀ ਦਾ ਮੰਦਰ ਬਣਿਆ ਹੋਇਆ ਹੈ। ਇਸ ਮੰਦਰ ਨੂੰ ਲਾਟਾਂ ਵਾਲੀ ਦੇਵੀ ਦਾ ਮੰਦਰ ਕਿਹਾ ਜਾਂਦਾ ਹੇੈ। ਇਸ ਮੰਦਰ ਵਿੱਚ ਲਗਭਗ ਨੌ ਸਥਾਨ ਅਜਿਹੇ ਹਨ ਜਿਨ੍ਹਾ ਥਾਵਾਂ ਤੇ ਕੁਦਰਤੀ ਢੰਗ ਨਾਲ ਲਾਟਾਂ ਬਲ ਰਹੀਆਂ ਹਨ। ਇਹਨਾਂ ਲਾਟਾਂ ਸਬੰਧੀ ਬਹੁਤ ਸਾਰੀਆਂ ਕਾਲਪਨਿਕ ਕਹਾਣੀਆਂ ਸਾਰੇ ਉੱਤਰੀ ਭਾਰਤ ਵਿੱਚ ਪ੍ਰਚਲਿਤ ਹਨ। ਅਸੀਂ ਜਾਣਦੇ ਹਾਂ ਕਿ ਜਦੋਂ ਧਰਤੀ ਤੋਂ ਵਰਮਿਆਂ ਰਾਹੀ ਸੁਰਾਖ ਕਰਕੇ ਪੈਟਰੋਲੀਅਮ ਕੱਢਿਆ ਜਾਂਦਾ ਹੈ ਤਾਂ ਉਸ ਦੇ ਨਾਲ ਬਹੁਤ ਸਾਰੀ ਗੈਸ ਵੀ ਪ੍ਰਾਪਤ ਹੁੰਦੀ ਹੈ। ਜੋ ਮੁੱਖ ਤੌਰ ਤੇ ਮਿਥੇਨ ਹੁੰਦੀ ਹੈ। ਇਸ ਪਹਾੜੀ ਇਲਾਕੇ ਵਿੱਚ ਵੀ ਮੁਸਾਮਦਾਰ ਚਟਾਨਾਂ ਵਿੱਚੋਂ ਇਹ ਕੁਦਰਤੀ ਗੈਸ ਹੀ ਰਿਸ ਕੇ ਬਾਹਰ ਆ ਰਹੀ ਹੈ। ਕਿਉਂਕਿ ਗੈਸ ਦੀ ਮਾਤਰਾ ਬਹੁਤ ਥੋੜੀ ਹੈ ਇਸ ਲਈ ਇਹ ਬਹੁਤ ਘੱਟ ਦਬਾਉ ਨਾਲ ਬਾਹਰ ਨਿਕਲ ਰਹੀ ਹੈ ਇਸ ਲਈ ਧੀਮੀਆਂ ਲਾਟਾਂ ਵਿੱਚ ਇਹ ਗੈਸ ਹੀ ਬਲ ਰਾਹੀ ਹੈ। ਇਸ ਸ਼ਹਿਰ ਵਿੱਚ ਭਾਰਤੀ ਤੇਲ ਦੇ ਕੁਦਰਤੀ ਗੈਸ ਕਮਿਸ਼ਨ ਦੇ ਦਫਤਰ ਇਸ ਗੈਸ ਦੀ ਪੁਸ਼ਟੀ ਕਰਦੇ ਹਨ ਕਿ ਇਸ ਥਾਂ ਤੇ ਖੋਜ ਪੜਤਾਲ ਦਾ ਕੰਮ ਜਾਰੀ ਹੈ। ਉਹ ਦਿਨ ਦੂਰ ਨਹੀਂ ਜਦੋਂ ਇਸ ਸਥਾਨ ਤੋਂ ਗੈਸ ਦੀ ਪ੍ਰਾਪਤੀ ਹੋ ਸਕੇਗੀ।

ਰੇਗਿਸਤਾਨ ਕਿਵੇਂ ਹੋਂਦ ਵਿੱਚ ਆਉਂਦੇ ਹਨ?

ਸਾਡੀ ਧਰਤੀ ਤੇ ਅਨੇਕਾਂ ਸਥਾਨ ਅਜਿਹੇ ਹਨ ਜਿੱਥੇ ਚਾਰ ਪਾਸੇ ਰੇਤਾ ਨਜ਼ਰ ਆਉਂਦਾ ਹੈ। ਸਾਡੇ ਭਾਰਤ ਵਿੱਚ ਰਾਜਸਥਾਨ ਸਭ ਤੋਂ ਵੱਡਾ ਰੇਗਿਸਤਾਨ ਹੈ ਤੇ ਦੁਨੀਆਂ ਦਾ ਸਭ ਤੋਂ ਵੱਡਾ ਮਾਰੂਥਲ ਅਫਰੀਕਾ ਵਿੱਚ ਸਹਾਰਾ ਹੈ। ਇਹ ਰੇਗਿਸਤਾਨ ਲਗਭਗ3200 ਮੀਲ ਲੰਬਾ ਅਤੇ 1100 ਮੀਲ ਚੌੜਾ ਹੈ। ਆਉ ਵੇਖੀਏ ਕਿ ਰੇਗਿਸਤਾਨ ਕਿਉਂ ਹੋਂਦ ਵਿੱਚ ਆਉਂਦੇ ਹਨ।
ਅਸੀਂ ਜਾਣਦੇ ਹਾਂ ਕਿ ਭੂ-ਮੱਧ ਰੇਖਾ ਤੇ ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈਂਦੀਆਂ ਹਨ। ਇਸ ਲਈ ਇਸ ਸਥਾਨ ਦਾ ਵਾਤਾਵਰਨ ਦੂਸਰੇ ਸਥਾਨਾਂ ਦੇ ਮੁਕਾਬਲੇ ਗਰਮ ਹੈ। ਦੁਨੀਆਂ ਦੇ ਬਹੁਤੇ ਰੇਗਿਸਤਾਨ ਇਹਨਾਂ ਥਾਵਾਂ ਤੇ ਹੀ ਸਥਿਤ ਹਨ। ਜਦੋਂ ਹਵਾਵਾਂ ਇੱਕ ਹੀ ਦਿਸ਼ਾਂ ਵੱਲ ਚਲਦੀਆਂ ਰਹਿਣ ਤਾਂ ਇਹ ਉਸ ਇਲਾਕੇ ਦੀ ਨਮੀ ਚੂਸ ਲੈਂਦੀਆਂ ਹਨ। ਸਿੱਟੇ ਵਜੋਂ ਪੌਦੇ ਸੁੱਕ ਜਾਂਦੇ ਹਨ। ਇਹ ਵੀ ਰੇਗਿਸਤਾਨ ਨੂੰ ਪੈਦਾ ਕਰਨ ਵਿੱਚ ਸਹਾਈ ਹੁੰਦਾ ਹੈ। ਜਦੋਂ ਕਿਸੇ ਸਥਾਨ ਦੇ ਇੱਕ ਪਾਸੇ ਸਮੁੰਦਰ ਹੋਵੇ ਤੇ ਵਿਚਕਾਰ ਉੱਚੇ ਪਹਾੜ ਹੋਣ ਤਾਂ ਇਹ ਪਹਾੜ ਸਮੁੰਦਰ ਤੋਂ ਆਉਣ ਵਾਲੀਆਂ ਹਾਵਾਵਾਂ ਨੂੰ ਆਪਣੇ ਵੱਲ ਹੀ ਰੋਕ ਲੈਂਦੇ ਹਨ ਤਾਂ ਉਹਨਾਂ ਪਰਬਤਾਂ ਦੇ ਦੂਸਰੇ ਪਾਸੇ ਵਰਖਾ ਨਹੀਂ ਹੋਵੇਗੀ। ਸਿੱਟੇ ਵਜੋਂ ਅਜਿਹੇ ਇਲਾਕੇ ਵੀ ਮਾਰੂਥਲ ਬਣ ਜਾਂਦੇ ਹਨ। ਅਜਿਹੇ ਖੇਤਰ ਵੀ ਮਾਰੂਥਲ ਬਣ ਸਕਦੇ ਹਨ ਜਿੱਥੇ ਬੱਦਲਾਂ ਨੂੰ ਰੋਕ ਕੇ ਬਰਸਾਤ ਕਰਵਾਉਣ ਲਈ ਪਹਾੜ ਉੱਚੇ ਨਾ ਹੋਣ।

ਪਹਾੜ ਕਿਵੇਂ ਹੋਂਦ ਵਿੱਚ ਆਉਂਦੇ ਹਨ?

ਦੁਨੀਆਂ ਵਿੱਚ ਸੱਭ ਤੋਂ ਉੱਚੀ ਪਹਾੜੀ ਮਾਂਉਟ ਐਵਰੈਸਟ ਭਾਰਤ ਦੇ ਗੁਆਢੀ ਰਾਜ ਨੇਪਾਲ ਵਿੱਚ ਸਥਿਤ ਹੈ। ਭਾਰਤ ਦਾ ਹਿਮਾਲਾ ਪਰਬਤ ਦੁਨੀਆਂ ਦੇ ਸੱਭ ਤੋਂ ਵੱਡਾ ਪਹਾੜ ਹੈ। ਇਹ ਪਹਾੜ ਕਿਵੇਂ ਬਣਦੇ ਹਨ? ਇਹਨਾਂ ਪਹਾੜਾਂ ਦੇ ਬਣਨ ਕਾਰਨ ਵੀ ਕਈ ਹੋ ਸਕਦੇ ਹਨ। ਅਸੀਂ ਜਾਣਦੇ ਹਾਂ ਕਿ ਸਾਡੀ ਧਰਤੀ ਦੀਆਂ ਅੰਦਰਲੀਆਂ ਪਰਤਾਂ ਹੇਠਾਂ ਬਹੁਤ ਸਾਰਾ ਲਾਵਾਂ ਪਿਘਲੀਆਂ ਹੋਈਆਂ ਹਾਲਤਾਂ ਵਿੱਚ ਹੈ। ਧਰਤੀ ਦੇ ਕਈ ਸਥਾਨਾਂ ਤੋਂ ਇਹ ਲਾਵਾਂ ਬਾਹਰ ਆਉਣ ਸ਼ੁਰੂ ਹੋ ਜਾਂਦਾ ਹੈ। ਇਸ ਲਈ ਅਜਿਹੇ ਸਥਾਨਾਂ ਤੇ ਗੁੰਬਦ ਪਰਬਤ ਬਣ ਜਾਂਦੇ ਹਨ।

ਕਰੋੜਾਂ ਸਾਲਾਂ ਵਿੱਚ ਧਰਤੀ ਕਰੋੜਾਂ ਹੀ ਵਾਰ ਰਿੜਕੀ ਗਈ ਹੈ। ਅਜਿਹੀਆਂ ਹਾਲਤਾਂ ਵਿੱਚ ਵੱਡੀਆਂ ਵੱਡੀਆਂ ਚਟਾਨਾਂ ਵਾਲੇ ਪਹਾੜ ਬਣੇ ਹਨ। ਇਹਨਾਂ ਦੇ ਸਿ਼ਲਾ ਖੰਡ ਸੈਂਕੜੇ ਮੀਲ ਲੰਬੇ ਅਤੇ ਚੌੜੇ ਵੀ ਹਨ। ਅਜਿਹੇ ਪਰਬਤਾਂ ਨੂੰ ਸਿ਼ਲਾ ਪਰਬਤ ਕਹਿੰਦੇ ਹਨ। ਕੁਝ ਹੋਰ ਪਰਬਤ ਜਿਹਨਾਂ ਵਿੱਚੋਂ ਲਾਵਾ ਠੋਸ ਰੂਪ ਵਿੱਚ ਬਾਹਰ ਨਿੱਕਲਦਾ ਰਹਿੰਦਾ ਹੈ ਇਹਨਾਂ ਨੂੰ ਜਵਾਲਾਮੁੱਖੀ ਪਰਬਤ ਕਹਿੰਦੇ ਹਨ। ਧਰਤੀ ਦੇ ਅੰਦਰੋਂ ਸੁੰਗੜਨ ਤੇ ਦਬਾਉ ਕਰਕੇ ਪਹਾੜਾਂ ਦੀਆਂ ਪਰਤਾਂ ਦੀਆਂ ਪਰਤਾਂ ਬਹਾਰ ਆ ਜਾਂਦੀਆਂ ਹਨ। ਇਹਨਾਂ ਨੂੰ ਤਹਿਦਾਰ ਪਹਾੜੀਆਂ ਕਿਹਾ ਜਾਂਦਾ ਹੈ।

ਭੂਚਾਲ ਕਿਵੇਂ ਆਉਂਦੇ ਹਨ?

ਕੋਇਟੇ ਦੇ ਭੂਚਾਲ ਨੂੰ ਭਾਰਤ ਦੇ ਲੋਕ ਕਦੇ ਨਹੀਂ ਭੁੱਲ ਸਕਦੇ ਕਿਉਂਕਿ ਇਹ ਸ਼ਹਿਰ ਕੁਝ ਪਲਾਂ ਵਿੱਚ ਹੀ ਪੂਰੇ ਦੀ ਪੂਰਾ ਤਬਾਹ ਹੋ ਗਿਆ ਸੀ। ਪਿਛਲੇ ਦਹਾਕੇ ਵਿੱਚ ਚੀਨ ਦੀ ਪੰਜ ਲੱਖ ਆਬਾਦੀ ਵਾਲਾ ਇਕ ਪੂਰੇ ਦਾ ਪੂਰਾ ਸ਼ਹਿਰ ਧਰਤੀ ਵਿੱਚ ਹੀ ਗਰਕ ਹੋ ਗਿਆ ਸੀ। ਬਹੁਤ ਹੀ ਥੋੜ੍ਹੇ ਲੋਕ ਇਸ ਵਿੱਚੋਂ ਬਚ ਸਕੇ ਸਨ। ਆਉ ਵੇਖੀਏ ਕਿ ਧਰਤੀ ਤੇ ਭੁੂਚਾਲਾਂ ਦਾ ਪ੍ਰਕੋਮ ਕਿਉਂ ਹੁੰਦਾ ਹੈ
ਜੇ ਤੁਸੀਂ ਖੜ੍ਹੇ ਪਾਣੀ ਦੇ ਵਿਚਕਾਰ ਇੱਕ ਪੱਥਰ ਸੁੱਟੋ ਤਾਂ ਤੁਸੀਂ ਵੇਖੋਗੇ ਕਿ ਪਾਣੀ ਵਿੱਚ ਛੋਟੀਆਂ ਛੋਟੀਆਂ ਲਹਿਰਾਂ ਪੈਦਾ ਹੋ ਜਾਂਦੀਆਂ ਹਨ। ਜਿਸ ਸਥਾਨ ਤੇ ਪੱਥਰ ਸੁੱਟਿਆ ਗਿਆ ਸੀ ਉਸ ਸਥਾਨ ਤੇ ਲਹਿਰਾਂ ਦੀ ਤੀਬਰਤਾ ਵੱਧ ਹੋਵੇਗੀ ਅਤੇ ਜਿਉਂ ਜਿਉਂ ਇਹ ਲਹਿਰਾਂ ਕਿਨਾਰੇ ਵੱਲ ਆਉਂਦੀਆਂ ਜਾਣਗੀਆਂ ਤਿਉਂ ਤਿਉਂ ਹੀ ਇਹਨਾਂ ਦੀ ਤੀਬਰਤਾ ਘਟਦੀ ਜਾਵੇਗੀ। ਧਰਤੀ ਦੇ ਅੰਦਰ ਕਰੋੜਾਂ ਹੀ ਚਟਾਨਾਂ ਹਨ। ਧਰਤੀ ਦੀ ਅੰਦਰਲੀ ਉਥਲ ਪੁਥਲ ਤੇ ਦਬਾਉ ਕਾਰਨ ਇਹ ਚਟਾਨੀ ਪਲੇਟਾਂ ਆਪਸ ਵਿੱਚ ਟਕਰਾ ਜਾਂਦੀਆਂ ਹਨ ਜਾਂ ਇਕ ਸਥਾਨ ਤੋਂ ਦੂਸਰੇ ਸਥਾਨ ਤੇ ਖਿਸਕ ਜਾਂਦੀਆਂ ਹਨ। ਜਿਹਨਾਂ ਸਥਾਨਾਂ ਤੇ ਗੜਬੜ ਹੁੰਦੀ ਹੈ ਉਹਨਾਂ ਸਥਾਨਾਂ ਤੇ ਧਰਤੀ ਦੀ ਪੇਪੜੀ ਨੂੰ ਇਕ ਜ਼ੋਰਦਾਰ ਧੱਕਾ ਲੱਗਦਾ ਹੈ ਇਸ ਧੱਕੇ ਦੇ ਕਾਰਨ ਪ੍ਰਿਥਵੀ ਕੰਬ ਉਠਦੀ ਹੈ। ਇਹ ਕੰਬਾਹਟ ਹੀ ਆਸੇ- ਪਾਸੇ ਫੈਲ ਜਾਂਦੀ ਹੈ। ਜਿਸ ਜਗ੍ਹਾ ਤੇ ਇਹ ਕੰਬਾਹਟ ਪੈਦਾ ਹੋਈ ਸੀ  ਉਸ ਜਗ੍ਹਾ ਤੇ ਇਸ ਦੀ ਤੀਬਰਤਾ ਵੱਧ ਸੀ। ਜਿਉਂ ਜਿਉਂ ਦੂਰੀ ਵਧਦੀ ਜਾਂਦੀ ਹੈ ਇਸ ਦੀ ਤੀਬਰਤਾ ਘਟਦੀ ਜਾਂਦੀ ਹੈ। ਅੱਜ ਕੱਲ ਭੂਚਾਲਾਂ ਨੂੰ ਰਿਚਕ ਸਕੇਲ ਤੇ ਮਾਪਿਆ ਜਾਂਦਾ ਹੈ। ਸਿਫ਼ਰ ਤੋਂ ਤਿੰਨ ਰਿਚਰ ਸਕੇਲ ਤੱਕ ਦੇ ਭੂਚਾਲ ਕੋਈ ਹਾਨੀ ਪਹੁੰਚਾਉਂਦੇ ਪਰ ਅੱਠ ਜਾਂ ਇਸ ਤੋਂ ਵੱਧ ਰਿਚਰ ਸਕੇਲ ਵਾਲੇ ਤੂਫਾਨ ਭੂਚਾਲ ਨਿਅੰਕਰ ਤਬਾਹੀਆਂ ਪੈਦਾ ਕਰਦੇ ਹਨ।

ਗੜ੍ਹੇ ਕਿਵੇਂ ਬਣਦੇ ਹਨ?

30 ਅਪ੍ਰੈਲ 1888 ਈ. ਨੂੰ ਉੱਤਰ ਪ੍ਰਦੇਸ਼ ਦੇ ਇਕ ਜਿਲੇ ਮੁਰਦਾਬਾਦ ਵਿਚ ਪਏ ਗੜ੍ਹਿਆਂ ਕਾਰਨ ਲਗਭਗ 250 ਵਿਅਕਤੀ ਮੌਤ ਦਾ ਸਿ਼ਕਾਰ ਹੋ ਗਏ ਸਨ। ਪੰਜਾਬ ਵਿੱਚ ਬਹੁਤ ਸਾਰੀਆਂ ਥਾਵਾਂ ਤੇ ਗੜ੍ਹਿਆਂ ਨਾਲ ਫਸਲਾਂ ਦੀ ਤਬਾਹੀ ਹੁੰਦੀ ਅੱਖੀਂ ਵੇਖੀ ਗਈ ਹੈ। ਗੜ੍ਹਿਆਂ ਦਾ ਵਿਆਸ 3 ਇੰਚ ਤੇ ਭਾਰ ਅੱਧਾ ਕਿਲੋ ਤੱਕ ਵੀ ਹੋ ਸਕਦਾ ਹੈ।

ਬੱਦਲਾਂ ਰਾਹੀਂ ਹੋ ਰਹੀ ਬਰਸਾਤ ਦੀਆਂ ਬੂੰਦਾਂ ਜਦੋਂ ਕਿਸੇ ਅਜਿਹੇ ਸਥਾਨ ਤੋਂ ਲੰਘਦੀਆਂ ਹਨ ਜਿੱਥੇ ਤਾਪਮਾਨ ਸਿਰਫ ਦਰਜੇ ਸੈਲਸੀਅਸ ਤੋਂ ਘੱਟ ਹੁੰਦਾ ਹੈ ਤਾਂ ਇਹ ਜੰਮ ਜਾਂਦੀਆਂ ਹਨ। ਇਹਨਾਂ ਜੰਮੀਆਂ ਹੋਈਆਂ ਬੂੰਦਾ ਨੂੰ ਹਵਾਵਾਂ ਉਪੱਰ ਉਠਾ ਲੈ ਜਾਂਦੀਆਂ ਹਨ ਜੇ ਉਸ ਸਥਾਨ ਤੇ ਪਹਿਲਾਂ ਹੀ ਪਾਣੀ ਦੀਆਂ ਬੂੰਦਾਂ ਹੋਣ ਤਾਂ ਇਹ ਵੀ ਇਹਨਾਂ ਬੂੰਦਾਂ ਤੇ ਜੰਮ ਜਾਂਦੀਆਂ ਹਨ। ਇਸ ਤਰ੍ਹਾਂ ਇਹਨਾਂ ਦਾ ਅਕਾਰ ਵੱਡਾ ਹੋਣਾ ਸ਼ੁਰੂ ਹੋ ਜਾਂਦਾ ਹੈ। ਜਦੋਂ ਇਹਨਾਂ ਵੱਡੀਆਂ ਬਰਫ ਦੀਆਂ ਟੁਕੜੀਆਂ ਨੂੰ ਹਵਾਵਾਂ ਸੰਭਾਲ ਨਹੀਂ ਸਕਦੀਆਂ ਤਾਂ ਇਹ ਡਿੱਗਦੀਆਂ ਸ਼ੁਰੂ ਹੋ ਜਾਂਦਾ ਹੈ। ਜਦੋਂ ਇਹਨਾਂ ਵੱਡੀਆਂ ਬਰਫ ਦੀਆਂ ਟੁਕੜੀਆਂ ਨੂੰ ਹਵਾਵਾਂ ਸੰਭਾਲ ਨਹੀਂ ਸਕਦੀਆਂ ਤਾਂ ਇਹ ਡਿੱਗਣੀਆਂ ਸ਼ੁਰੂ ਹੋ ਜਾਂਦੀਆਂ ਹਨ। ਜੇ ਤੁਸੀਂ ਕਿਸੇ ਗੜੇ ਨੂੰ ਕੱਟ ਕੇ ਧਿਆਨ ਪੂਰਬਕ ਦੇਖੋਗੇ ਤਾਂ ਤੁਹਾਨੂੰ ਇਸਦੇ ਸਫੈਦ ਤੇ ਪਾਰਦਰਸ਼ੀ ਭਾਗ ਵਿੱਚ ਗੋਲਾਈਆਂ ਸਪੱਸ਼ਟ ਨਜ਼ਰ ਆਉਣਗੀਆਂ ਜੋ ਇਸ ਗੱਲ ਦਾ ਸੂਚਕ ਹਨ ਕਿ ਪਾਣੀ ਇਹਨਾਂ ਉੱਪਰ ਵਾਰ ਵਾਰ ਜੰਮਦਾ ਰਿਹਾ ਹੈ।

ਧਰਤੀ ਦੇ ਅੰਦਰ ਕੀ ਹੈ?

ਭਾਵੇਂ ਹੁਣ ਤੱਕ ਵਿਗਿਆਨੀਆਂ ਦੇ ਵਰਮੇ ਧਰਤੀ ਵਿੱਚ 13000 ਮੀਟਰ ਤੋਂ ਡੂੰਘਾ ਛੇਕ ਨਹੀਂ ਕਰ ਸਕੇ ਹਨ। ਫਿਰ ਵੀ ਵਿਗਿਆਨੀਆਂ ਨੇ ਇਹ ਪਤਾ ਲਾ ਲਿਆ ਹੈ ਕਿ ਧਰਤੀ ਦੇ ਅੰਦਰ ਕੀ ਹੈ। ਆਉ ਜਾਣੀਏ ਕਿ ਉਹ ਅਜਿਹਾ ਕਿਉਂ ਕਰਦੇ ਹਨ।

ਇਸਤਰੀਆਂ ਮਿੱਟੀ ਦਾ ਘੜਾ ਖ੍ਰੀਦਣ ਸਮੇਂ ਇਸ ਨੂੰ ਟੁਣਕਾ ਕੇ ਕਿਉਂ ਵੇਖਦੀਆਂ ਹਨ? ਇਸ ਦਾ ਉੱਤਰ ਸਪੱਸ਼ਟ ਹੈ ਕਿ ਇਸ ਨਾਲ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਘੜਾ ਕੱਚਾ ਹੈ ਜਾਂ ਪੱਕਾ। ਇਸ ਤਰ੍ਹਾਂ ਹੀ ਤੇਲ ਦੇ ਵਿਉਪਾਰੀ ਢੋਲ ਨੂੰ ਠੋਲਾ ਮਾਰ ਕੇ ਦੱਸ ਦਿੰਦੇ ਹਨ ਕਿ ਢੋਲ ਕਿੰਨਾ ਭਰਿਆ ਹੋਇਆ ਹੈ। ਡਾਕਟਰ ਲੋਕ ਸਟੈਥੋਸਕੋਪ ਰਾਹੀਂ ਆਵਾਜ਼ ਸੁਣ ਕੇ ਫੇਫੜਿਆਂ ਦਾ ਹਿਸਾਬ ਕਿਤਾਬ ਲਗਾ ਲੈਂਦੇ ਹਨ। ਇਸ ਤਰ੍ਹਾਂ ਹੀ ਵਿਗਿਆਨੀ ਭੂਚਾਲਾਂ ਸਮੇਂ ਪੈਦਾ ਹੋਈਆਂ ਆਵਾਜ਼ਾਂ ਤੋਂ ਧਰਤੀ ਦੀਆਂ ਅੰਦਰਲੀਆਂ ਪਰਤਾਂ ਦਾ ਹਿਸਾਬ ਲਗਾ ਸਕਦੇ ਹਨ। ਵਿਗਿਆਨੀਆਂ ਅਨੁਸਾਰ ਅੱਜ ਤੋਂ ਕਰੋੜਾਂ ਸਾਲ ਪਹਿਲਾਂ ਆਪਣੀ ਹੋਂਦ ਵਿੱਚ ਆਉਣ ਤੋਂ ਬਾਦ ਧਰਤੀ ਪਿਘਲ ਗਈ ਤੇ ਗੁਰੂਤਾ ਕਾਰਨ ਇਸ ਵਿਚਲਾ ਸਾਰਾ ਪਾਦਰਥ ਅੱਲਗ- ਅਲੱਗ ਘਣਤਾ ਵਾਲੀਆਂ ਪਰਤਾਂ ਵਿੱਚ ਦੁਬਾਰਾ ਸੈਟ ਹੋ ਗਿਆ ਤੇ ਇਸ ਦੀਆਂ ਤਿੰਨ ਪਰਤਾਂ ਬਣ ਗਈਆਂ। ਪਹਿਲੀ ਪਰਤ ਨੂੰ ਪੇਪੜੀ ਕਿਹਾ ਜਾਂਦਾ ਹੈ। ਇਹ ਧਰਤੀ ਦੀ ਸਤਾਹ ਤੋਂ 35 ਤੋ 60 ਕਿਲੋਮੀਟਰ ਅੰਦਰ ਬਾਹਰ ਤੱਕ ਹੈ। ਇਸ ਤੋਂ ਹੇਠਲਾ ਭਾਗ ਮੈਂਟਲ ਅਖਵਾਉਂਦਾ ਹੈ ਇਸ ਵਿੱਚ ਪਿਘਲਦੀਆਂ ਹੋਈਆਂ ਚਟਾਨਾਂ ਤੇ ਉੱਬਲਦੀਆਂ ਗੈਸਾਂ ਹਨ। ਇਹ ਲਗਭਗ 2900 ਕਿਲੋਮੀਟਰ ਦੀ ਡੁੂੰਘਾਈ ਤੱਕ ਹੈ। ਤੀਸਰੀ ਤਹਿ ਠੋਸ ਹੈ ਇਸ ਵਿੱਚ ਲੋਹਾਂ ਅਤੇ ਨਿਕਲ ਠੋਸ ਹਾਲਤਾਂ ਵਿੱਚ ਹਨ ਤੇ ਇਸਦੀ ਮੋਟਾਈ 3400 ਕਿਲੋਮੀਟਰ ਦੇ ਲਗਭਗ ਹੈ।

ਗ੍ਰਹਿਣ ਕਿਵੇਂ ਲਗਦੇ ਹਨ?

ਸਾਨੂੰ ਆਪਣੀ ਜਿ਼ੰਦਗੀ ਦੇ ਰੋਜ਼ਾਨਾ ਕੰਮਾਂ ਕਾਰਾਂ ਨੂੰ ਵਿਗਿਆਨਕ ਪੜ੍ਹਾਈ ਨਾਲ ਜੋੜ ਕੇ ਹੀ ਵਿਚਾਰਨਾ ਚਾਹੀਦਾ ਹੈ। ਅੱਜ ਬਹੁਤ ਸਾਰੇ ਵਿਗਿਆਨ ਦੇ ਅਧਿਆਪਕ ਤੇ ਵਿਦਿਆਰਥੀ ਅਜਿਹੇ ਹਨ ਜਿਹੜੇ ਪੜ੍ਹਾ ਤਾਂ ਵਿਗਿਆਨ ਰਹੇ ਹੁੰਦੇ ਹਨ ਪਰ ਰੋਜ਼ਾਨਾ ਜਿ਼ੰਦਗੀ ਵਿੱਚ ਵਿਚਰਨ ਵੇਲੇ ਉਹ ਇਸਨੂੰ ਅੱਖੋਂ ਪਰੋਖੇ ਕਰ ਦਿੰਦੇ ਹਨ। ਅਧਿਆਪਕ ਬੱਚਿਆਂ ਨੂੰ ਦੱਸ ਰਿਹਾ ਹੁੰਦਾ ਹੈ ਕਿ ਗ੍ਰਹਿਣ ਕਿਵੇਂ ਲੱਗਦੇ ਹਨ ਪਰ ਗ੍ਰਹਿਣ ਸਮੇਂ ਉਹ ਆਪਣੇ ਘਰ ਇਸਨੂੰ ਅਸ਼ੁਭ ਮੰਨਕੇ ਦਾਨ ਪੁੰਨ ਕਰਨੇ ਲੱਗ ਜਾਂਦੇ ਹੈ। ਇਹ ਦੂਸਰਾ ਮਿਆਰ ਬਿਲਕੁਲ ਨਿੰਦਣਯੋਗ ਹੈ ਤੇ ਸਾਡੀ ਤਰੱਕੀ ਦੇ ਰਾਹ ਵਿੱਚ ਰੋੜਾ ਵੀ।

ਅਸੀਂ ਜਾਣਦੇ ਹਾਂ ਕਿ ਸਾਡੀ ਧਰਤੀ ਸੂਰਜ ਦੁਆਲੇ, ਤੇ ਚੰਦਰਮਾਂ ਸਾਡੀ ਧਰਤੀ ਦੁਆਲੇ ਚੱਕਰ ਲਾਉਂਦੇ ਹਨ। ਘੁੰਮਦੇ ਘੁੰਮਦੇ ਜਦੋਂ ਇਹ ਤਿੰਨੇ ਇਕ ਸਰਲ ਰੇਖਾ ਵਿੱਚ ਆ ਜਾਂਦੇ ਹਨ ਤੇ ਧਰਤੀ ਸੂਰਜ ਤੇ ਚੰਦਰਮਾਂ ਦੇ ਵਿਚਕਾਰ ਆ ਜਾਂਦੀ ਹੈ ਤਾਂ ਇਹ ਸੂਰਜ ਦੀਆਂ ਕਿਰਨਾਂ ਨੂੰ ਚੰਦਰਮਾਂ ਤੇ ਪੈਣ ਤੋਂ ਰੋਕ ਲੈਦੀ ਹੈ। ਇਸ ਤਰ੍ਹਾਂ ਚੰਦਰਮਾ ਦਾ ਪਰਛਾਵੇਂ ਵਾਲਾ ਭਾਗ ਧਰਤੀ  ਦੇ ਲੋਕਾਂ ਨੂੰ ਨਜ਼ਰ ਨਹੀਂ ਆਉਂਦਾ। ਇਸ ਨੂੰ ਚੰਦ ਗ੍ਰਹਿਣ ਕਹਿੰਦੇ ਹਨ। ਇਹ ਪੁੂਰਨ ਜਾਂ ਅੰਸਿ਼ਕ ਰੂਪ ਵਿੱਚ ਵੀ ਹੋ ਸਕਦਾ ਹੈ। ਇਸ ਤਰਾਂ ਜਦੋਂ ਚੰਦਰਮਾ ਧਰਤੀ ਤੇ ਸੂਰਜ ਦੇ ਵਿਚਕਾਰ ਆ ਜਾਂਦਾ ਹੈ ਤਾਂ ਇਹ ਸੂਰਜ ਤੋਂ ਆਉਣ ਵਾਲੀਆਂ ਕਿਰਨਾਂ ਨੂੰ ਰੋਕ ਲੈਂਦਾ ਹੈ। ਕਿਉਂਕਿ ਇਸਦਾ ਹਨੇਰਾ ਭਾਗ ਹੀ ਧਰਤੀ  ਵਾਲੇ ਪਾਸੇ ਹੁੰਦਾ ਹੈ ਇਸ ਲਈ ਧਰਤੀ ਦੇ ਲੋਕਾਂ ਨੂੰ ਸੂਰਜ ਅਸਿ਼ੰਕ ਰੂਪ ਵਿੱਚ ਜਾਂ ਪੂਰਨ ਰੂਪ ਵਿੱਚ ਦਿਖਾਈ ਨਹੀਂ ਦਿੰਦਾ ਹੈ। ਇਸਨੂੰ ਸੂਰਜ ਗ੍ਰਹਿਣ ਕਿਹਾ ਜਾਂਦਾ ਹੈ। ਸਾਡੇ ਸੂਰਜ ਮੰਡਲ ਵਿੱਚ ਅਜਿਹੇ ਗ੍ਰਹਿ ਹਨ ਜਿਨ੍ਹਾਂ ਦੇ ਚੰਦਰਮਾ ਇੱਕ ਦਰਜਨ ਤੋਂ ਵੀ ਵੱਧ ਹਨ ਤਾਂ ਇਹਨਾਂ ਤੇ ਲੱਗਣ ਵਾਲੇ ਗ੍ਰਹਿਣਾਂ ਦੀ  ਗਿਣਤੀ ਦਸ ਹਜ਼ਾਰ ਤੋਂ ਵੀ ਵੱਧ ਹੁੰਦੀ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>