ਰਤ ਭਿੱਜੀਆਂ ਯਾਦਾਂ

ਮੈਂ ਖ਼ਾਲਸਾ ਕਾਲਜ ਅੰਮ੍ਰਿਤਸਰ ਵਿੱਚ ਬਾਰ੍ਹਵੀਂ ਜਮਾਤ ਵਿੱਚ ਪੜਦੀ ਸੀ ਜਦੋਂ ਮੇਰੀ ਇੱਕ ਸਹੇਲੀ ਦੇ ਮੰਮੀ ਕਾਫ਼ੀ ਬਿਮਾਰ ਹੋ ਗਏ। ਅਸੀਂ ਤਿੰਨ ਸਹੇਲੀਆਂ ਉਨ੍ਹਾਂ ਦਾ ਹਾਲ ਚਾਲ ਪੁੱਛਣ ਗਈਆਂ। ਅਸੀਂ ਹਾਲ ਪੁੱਛ ਕੇ ਕੋਲ ਬਹਿ ਗਏ ਅਤੇ ਅੱਗੋਂ ਕੁੱਝ ਗੱਲ ਕਰਨ ਬਾਰੇ ਹਾਲੇ ਸੋਚ ਹੀ ਰਹੇ ਸੀ ਕਿ ਆਂਟੀ ਕਹਿਣ ਲੱਗੇ, ‘ਬੱਚਿਓ, ਤੁਸੀਂ ਬਹੁਤ ਵਧੀਆ ਸਮੇਂ ਵਿੱਚ ਪੈਦਾ ਹੋਏ ਹੋ। ਅਸੀਂ ਜਿਹੜਾ ਸਮਾਂ ਵੇਖਿਆ ਹੈ, ਉਹ ਰੱਬ ਕਿਸੇ ਨੂੰ ਨਾ ਵਿਖਾਏ।’

ਏਨਾ ਕਹਿੰਦੇ ਹੋਏ ਉਨ੍ਹਾਂ ਦੀਆਂ ਅੱਖਾਂ ਭਰ ਗਈਆਂ। ਮੇਰੀ ਸਹੇਲੀ ਨੇ ਟੋਕਿਆ ਕਿ ਉਹ ਆਰਾਮ ਕਰ ਲੈਣ ਪਰ ਉਹ ਸ਼ਾਇਦ ਅੰਦਰੋਂ ਭਰੇ ਪਏ ਸਨ, ਇਸੇ ਲਈ ਉਨ੍ਹਾਂ ਗੱਲ ਜਾਰੀ ਰੱਖੀ। ਸਾਨੂੰ ਸੰਬੋਧਨ ਕਰਕੇ ਉਨ੍ਹਾਂ ਪੁੱਛਿਆ, ‘ਤੁਹਾਡੇ ਵਿੱਚੋਂ ਕਿਸੇ ਦੇ ਮਾਪੇ ਪਾਕਿਸਤਾਨ  ਵਿੱਚੋਂ ਇੱਧਰ ਆ ਕੇ ਵੱਸੇ ਹਨ? ਕਿਸੇ ਦੇ ਮਾਪਿਆਂ ਨੇ 1947 ਦਾ ਕਤਲੇਆਮ ਵੇਖਿਆ ਹੈ?’

ਮੈਂ ਹਾਮੀ ਭਰੀ ਕਿ ਮੇਰੇ ਮਾਪੇ ਪਾਕਿਸਤਾਨੋਂ ਉਜੜ ਕੇ ਆਏ ਸਨ ਤੇ ਬਹੁਤ ਮੁਸ਼ਕਲ ਜਾਨ ਬਚਾ ਕੇ ਇੱਧਰ ਪਹੁੰਚੇ ਸਨ। ਲਹੂ ਦੀਆਂ ਨਦੀਆਂ ਵਹੀਆਂ ਸਨ।

ਆਂਟੀ ਕਹਿਣ ਲੱਗੇ , ‘ ਮੇਰੀ ਕਹਾਣੀ ਕੁੱਝ ਵੱਖ ਤਰ੍ਹਾਂ ਦੀ ਹੈ। ਮੈਂ ਉਦੋਂ ਦਸ ਵਰ੍ਹਿਆਂ ਦੀ ਸੀ ਜਦੋਂ ਮੇਰੇ ਭਰਾ, ਭੈਣ ਤੇ ਮਾਪੇ ਮੀਰਪੁਰ , ਪਾਕਿਸਤਾਨ ਤੋਂ ਉ੍ਯ੍ਯ੍ਯੱਜੜ ਕੇ ਰਿਫਿਊਜੀ ਕੈਂਪ ਪਹੁੰਚੇ। ਪੂਰਾ ਇੱਕ ਮਹੀਨਾ ਅਸੀਂ ਉ੍ਯ੍ਯ੍ਯੱਥੇ ਰੁਲੇ। ਭੁੱਖੇ ਭਾਣੇ, ਪਾਟੇ ਕੱਪੜਿਆਂ ਵਿੱਚ ਹਰ ਪਲ ਮਰ ਕੇ ਅਸੀਂ ਸਮਾਂ ਕੱਢਿਆ। ਇਹ ਵੀ ਨਹੀਂ ਸੀ ਪਤਾ ਕਿ ਕਦੋਂ ਮੁੱਲਿਆਂ ਨੇ ਹੱਲਾ ਬੋਲ ਕੇ ਸਾਨੂੰ ਵੱਢ ਸੁੱਟਣਾ ਸੀ। ਸਾਰੀਆਂ ਰਾਤਾਂ ਜਾਗ ਕੇ, ਕੰਬਦੇ, ਡਰਦੇ, ਰਬ ਰਬ ਕਰਦੇ ਅਸੀਂ ¦ਘਾਈਆਂ। ਇੱਕ ਇੱਕ ਪਲ ਇੱਕ ਸਾਲ ਵਾਂਗ ਜਾਪਦਾ ਸੀ। ਅਸੀਂ ਅੱਠ ਭੈਣ ਭਰਾ ਸੀ। ਪਰ ਸਮਾਂ ਸਾਡੇ ਉ੍ਯ੍ਯ੍ਯੱਤੇ ਮਿਹਰਬਾਨ ਨਹੀਂ ਸੀ। ’

ਏਨਾ ਕਹਿੰਦੇ ਹੀ ਆਂਟੀ ਰੋ ਪਏ। ਅਸੀਂ ਉਨ੍ਹਾਂ ਨੂੰ ਪਾਣੀ ਪਿਆਇਆ ਤੇ ਚੁੱਪ ਹੋਣ ਲਈ ਕਿਹਾ। ਪਰ, ਉਹ ਬੋਲਣ ਨੂੰ ਕਾਹਲੇ ਸਨ। ਉਨ੍ਹਾਂ ਗੱਲ ਜਾਰੀ ਰੱਖੀ। ਛੇ ਦਿਨਾਂ ਬਾਅਦ ਹੀ ਇੱਕ ਸ਼ਾਮ ‘ਅੱਲਾ ਹੂ’ ਦੇ ਨਾਅਰੇ ਲਾਉਂਦੀ ਭੀੜ ਸਾਡੇ ਕੈਂਪ ਉੱਤੇ ਟੁੱਟ ਪਈ।  ਉਨ੍ਹਾਂ ਕਈ ਜਣਿਆਂ ਨੂੰ ਵੱਢ ਸੁੱਟਿਆ ਤੇ ਕਈ ਔਰਤਾਂ ਨੂੰ ਘੜੀਸ ਕੇ ਬਾਹਰ ਲੈ ਗਏ। ਮੇਰੀ 16 ਵਰ੍ਹਿਆਂ ਦੀ ਵੱਡੀ ਭੈਣ ਤੇ 20 ਸਾਲਾਂ ਦੀ ਭੂਆ ਨੂੰ ਇੰਜ ਧੂਇਆ, ਇੰਜ ਘੜੀਸਿਆ ਕਿ ਉਨ੍ਹਾਂ ਮੁੱਲਿਆਂ ਦੇ ਅੱਲਾ ਹੂ ਦੇ ਭਿਆਨਕ ਰੌਲੇ ਵਿੱਚ ਉਨ੍ਹਾਂ ਦੀਆਂ ਚੀਕਾਂ ਦਫ਼ਨ ਹੋ ਗਈਆਂ। ਕਿੰਨੀਆਂ ਕੁੜੀਆਂ ਉਸ ਕੈਂਪ ਵਿੱਚੋਂ ਚੁੱਕੀਆਂ ਗਈਆਂ ਸਨ। ਚੁਫੇਰੇ ਲਹੂ ਤੇ ਲਾਸ਼ਾਂ ਖਿਲਰੀਆਂ ਪਈਆਂ ਸਨ। ਮੈਨੂੰ ਇੱਕ ਕੱਪੜਿਆਂ ਦੇ ਢੇਰ ਹੇਠਾਂ ਲੁਕਾ ਦਿੱਤਾ ਹੋਇਆ ਸੀ ਤੇ ਮੇਰੇ ਮੰਮੀ ਇੱਕ ਲਾਸ਼ ਹੇਠਾਂ ਦੱਬੇ ਰਹਿਣ ਕਾਰਨ ਬਚ ਗਏ। ਮੇਰੇ ਪਿਉ ਦੀ. …।’ ਏਨਾ ਕਹਿੰਦਿਆਂ ਉਹ ਉੱਚੀ ਉੱਚੀ ਫੇਰ ਰੋਣ ਲੱਗ ਪਏ। ਉਨ੍ਹਾਂ ਦੀਆਂ ਗੱਲਾਂ ਸੁਣ ਕੇ ਸਾਨੂੂੰ ਡੋਬੂ ਪੈਣ ਲੱਗ ਪਏ ਸਨ। ਸਾਡੀਆਂ ਵੀ ਅੱਖਾਂ ਗਿਲੀਆਂ ਹੋਈਆਂ ਪਈਆਂ ਸਨ। ਹੁਣ ਤਾਂ ਸਾਡੇ ਵਿੱਚੋਂ ਕਿਸੇ ਦੀ ਹਿੰਮਤ ਨਹੀਂ ਸੀ ਕਿ ਆਂਟੀ ਨੂੰ ਚੁੱਪ ਹੋਣ ਲਈ ਕਹਿੰਦੇ। ਸਾਡੀ ਸਹੇਲੀ ਨੇ ਸ਼ਾਇਦ ਕਈ ਵਾਰ ਇਸ ਘਟਨਾ ਬਾਰੇ ਆਪਣੀ ਮਾਂ ਕੋਲੋਂ ਸੁਣਿਆ ਸੀ, ਇਸੇ ਲਈ ਉਹ ਵੀ ਅੱਖਾਂ ਪੂੰਝਦੀ ਅੰਦਰ ਚਲੀ ਗਈ ਕਿਉਂਕਿ ਉਸਨੂੰ ਪਤਾ ਸੀ ਕਿ ਅਗਲੀ ਗੱਲ ਉਸਤੋਂ ਸੁਣੀ ਨਹੀਂ ਜਾਣੀ।

ਕਾਫ਼ੀ ਚਿਰ ਹਉਕੇ ਲੈਣ ਤੋਂ ਬਾਅਦ ਆਂਟੀ ਬੋਲੇ, ‘ਜਿਸ ਸਿਰ ਵੱਢੀ ਲਾਸ਼ ਹੇਠਾਂ ਮੇਰੇ ਮੰਮੀ ਦੱਬੇ ਹੋਏੇ ਬਚੇ ਸੀ, ਉਹ ਮੇਰੇ ਪਿਤਾ ਦੀ ਲਾਸ਼ ਸੀ। ਮੇਰਾ ਪਿਉ ਓਨ੍ਹਾਂ ਮੁੱਲਿਆਂ ਨੇ ਵੱਢ ਸੁੱਟਿਆ ਪਰ ਮਰਦੇ ਹੋਏ ਵੀ ਪਾਪਾ ਮੇਰੀ ਮਾਂ ਨੂੰ ਬਚਾ ਗਏ।’

ਆਂਟੀ ਰੋਂਦੇ ਰਹੇ ਤੇ ਗੱਲ ਸੁਣਾਉਂਦੇ ਰਹੇ। ਅਸੀਂ ਵੀ ਰੋ ਪਈਆਂ ਪਰ ਸਾਡੀ ਸਹੇਲੀ ਅੰਦਰੋਂ ਬਾਹਰ ਨਹੀਂ ਆਈ। ਆਂਟੀ ਨੇ ਦੱਸਿਆ, ‘ਉਸ ਦਿਨ ਦੀ ਯਾਦ ਮੈਂ ਭੁਲਾ ਨਹੀ ਸਕਦੀ। ਕੈਂਪ ਵਿਚਲੀਆਂ ਜਿੰਨੀਆਂ ਵੀ ਜਵਾਨ ਕੁੜੀਆਂ ਬਚੀਆਂ ਸਨ, ਉਨ੍ਹਾਂ ਸਾਰੀਆਂ ਨੂੰ ਰਾਤ ਇੱਕਠੀਆਂ ਕਰਕੇ ਜ਼ਹਿਰ ਪੀਣ ਲਈ ਦੇ ਦਿੱਤਾ ਗਿਆ ਤਾਂ ਜੋ ਮੁੱਲੇ ਉਨ੍ਹਾਂ ਨੂੰ ਚੁੱਕ ਕੇ ਲਿਜਾਉਣ ਲਈ ਦੁਬਾਰਾ ਕੈਂਪ ਉਤੇ ਹੱਲਾ ਨਾ ਬੋਲਣ। ਦਸ ਸਾਲਾਂ ਤੋਂ ਉੱਤੇ ਦੀਆਂ ਸਾਰੀਆਂ ਕੁੜੀਆਂ ਉਸ ਰਾਤ ਮਾਰ ਦਿੱਤੀਆਂ ਗਈਆਂ। ਉਸਤੋਂ ਛੋਟੀ ਉਮਰ ਦੀਆਂ ਬੱਚੀਆਂ ਨੂੰ ਮੁੱਲੇ ਹੱਥ ਨਹੀਂ ਸੀ ਲਾਉਂਦੇ। ਮੈਂ ਉਦੋਂ ਪੂਰੇ ਦਸ ਵਰ੍ਹਿਆਂ ਦੀ ਸੀ। ਇਸੇ ਲਈ ਉਸ ਰਾਤ ਮੈਂ ਬਚ ਗਈ। ਸਾਰੀ ਰਾਤ ਮੈਂ ਆਪਣੇ ਮੰਮੀ ਦੀ ਬੁੱਕਲ ਵਿੱਚ ਬਹਿ ਕੇ ਕੱਢੀ। ਸਾਡੇ ਟੱਬਰ ਦੇ ਦਸ ਜੀਆਂ ‘ਚੋਂ ਅਸੀਂ ਦੋ ਹੀ ਬਚੇ ਸਾਂ। ਉਹ ਖੌਫ਼ਨਾਕ ਰਾਤ ਮੈਂ ਕਦੇ ਨਹੀਂ ਭੁਲਾ ਸਕੀ। ਅਸੀਂ ਤਾਂ ਲਹੂ ਦੀਆਂ ਨਦੀਆਂ ਪਾਰ ਕਰਕੇ ਹਿੰਦੁਸਤਾਨ ਪੁੱਜ ਗਏ ਪਰ ਲਹੂ ਲੁਹਾਨ ਹੋਇਆ ਦਿਲ ਹਾਲੇ ਵੀ ਠੀਕ ਨਹੀਂ ਹੋ ਸਕਿਆ। ਪਤਾ ਜੇ ਬੱਚਿਓ, ਚਾਰ ਮਹੀਨਿਆਂ ਬਾਅਦ ਮੇਰੀ ਭੈਣ ਤੇ ਭੂਆ ਬਾਰੇ ਪਤਾ ਲੱਗਿਆ। ਪਰ ਉਹ ਜ਼ਿੰਦਾ ਵੀ ਮੁਰਦਿਆਂ ਵਰਗੀਆਂ ਸਨ। ਉਨ੍ਹਾਂ ਦੀ ਅਜਿਹੀ ਹਾਲਤ ਹੀ ਨਹੀਂ ਸੀ ਕਿ ਇੱਧਰ ਕਿਸੇ ਨੂੰ ਮੂੰਹ ਵਿਖਾ ਸਕਦੀਆਂ। ਉ੍ਯ੍ਯ੍ਯ੍ਯੱਥੇ ਹੀ ਰੁਲ ਗਈਆਂ। ਨਾ ਉਨ੍ਹਾਂ ਦਾ ਘਰ ਵੱਸਿਆ ਤੇ ਨਾ ਸਾਡੇ ਨਾਲ ਅੱਗੋਂ ਉਨ੍ਹਾਂ ਦਾ ਸੰਪਰਕ ਬਣਿਆ। ਖ਼ੌਰੇ ਕਿਵੇਂ ਰੁਲੀਆਂ ਤੇ ਕਿਵੇਂ ਮਰੀਆਂ। ਕੀ ਕਸੂਰ ਸੀ ਉਨ੍ਹਾਂ ਦਾ? ਦੁਸ਼ਮਣੀ ਦੇਸਾਂ ਦੀ ਤੇ ਭੁਗਤਣ ਔਰਤਾਂ! ਹਾਏ ਵੇ ਮੁੱਲਿਓ ਤੁਹਾਡਾ ਕੱਖ਼ ਨਾ ਰਹੇ। ’

ਏਨਾ ਕਹਿ ਕੇ ਉਹ ਉਚੀ ਉਚੀ ਫਿਰ ਰੋਣ ਲੱਗ ਪਏ। ਸਾਨੂੰ ਸਿਰ ਫੱਟਦਾ ਹੋਇਆ ਮਹਿਸੂਸ ਹੋ ਰਿਹਾ ਸੀ। ਉਥੇ ਹੋਰ ਬੈਠਣਾ ਔਖਾ ਹੋਇਆ ਪਿਆ ਸੀ। ਮੈਨੂੰ ਅੱਜ ਵੀ ਯਾਦ ਹੈ ਕਿ ਉਸ ਦਿਨ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਪਾਕਿਸਤਾਨੀਆਂ ਪ੍ਰਤੀ ਮੇਰੇ ਮਨ ਵਿੱਚ ਏਨੀ ਨਫ਼ਰਤ ਭਰ ਗਈ ਕਿ ਪੁੱਛੋ ਨਾ।

ਘਰ ਆ ਕੇ ਆਪਣੇ ਮੰਮੀ ਤੋਂ ਪੁੱਛਿਆ ਤਾਂ ਉਨ੍ਹਾਂ ਵੀ ਕੁੱਝ ਅਜਿਹੀਆਂ ਹੀ ਕਹਾਣੀਆਂ ਸੁਣਾਈਆਂ। ਪਰ ਮੇਰੇ ਮੰਮੀ ਨੇ ਦੱਸਿਆ ਕਿ ਹਿੰਦੁਸਤਾਨ ‘ਚ ਵੀ ਮੁਸਲਮਾਨ ਔਰਤਾਂ ਨਾਲ ਇਹੋ ਕੁਝ ਹੋਇਆ ਸੀ। ਸੋ ਇੱਕਤਰਫ਼ਾ ਕਹਾਣੀ ਸੁਣ ਕੇ ਆਪਣੇ ਮਨ ਨੂੰ ਨਫ਼ਰਤ ਨਾਲ ਨਹੀਂ ਭਰ ਲੈਣਾ ਚਾਹੀਦਾ।

ਅੱਜ ਦੇ ਦਿਨ ਜਿੰਨੀਆਂ ਖੌਫ਼ਨਾਕ ਘਟਨਾਵਾਂ ਪੜ੍ਹਨ ਨੂੰ ਮਿਲਦੀਆਂ ਹਨ, ਉਹ ਪਿਛਲੀਆਂ ਸਾਰੀਆਂ ਘਟਨਾਵਾਂ ਨੂੰ ਮਾਤ ਪਾਉਂਦੀਆਂ ਹਨ। ਕਦੇ ਕਦੇ ਤਾਂ ਇਹ ਜਾਪਦਾ ਹੈ ਕਿ ਅਸੀਂ ਸੰਨ 1947 ਦੀ ਵੰਡ ਵਿੱਚ ਹੋਏ ਤਸ਼ੱਦਦ ਤੋਂ ਕਈ ਗੁਣਾ ਉਤਾਂਹ ਟੱਪ ਚੁੱਕੇ ਹਾਂ।

ਹੁਣ ਇਹ ਖ਼ਬਰ ਹੀ ਲਵੋ। ਮਲੇਰਕੋਟਲੇ ‘ਚ ਇੱਕ ਸਕੇ ਚਾਚੇ ਵੱਲੋਂ ਆਪਣੀ ਹੀ ਨਾਬਾਲਗ਼ ਮੰਦਬੁੱਧ ਭਤੀਜੀ ਸਾਬਰੀ ਨੂੰ ਵਰਗਲਾ ਕੇ ਲਿਸਾੜਾ ਡਰੇਨ ਵਿਖੇ ਲਿਜਾ ਕੇ ਜਬਰ ਜ਼ਿਨਾਹ ਕਰਨ ਤੋਂ ਬਾਅਦ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਕੇ ਸਾੜਣ ਦੀ ਕੋਸ਼ਿਸ਼ ਕੀਤੀ। ਅੱਧ ਸੜੀ ਲਾਸ਼ ਨੂੰ ਡਰੇਨ ‘ਚ ਸੁੱਟ ਕੇ ਚਾਚਾ ਫਰਾਰ ਹੋ ਗਿਆ। ਲਾਸ਼ ਮਿਲਣ ਬਾਅਦ ਉਸਨੇ ਆਪਣਾ ਗੁਨਾਹ ਕਬੂਲ ਕਰ ਲਿਆ। ਉਸ ਦੱਸਿਆ ਕਿ ਪਿਉ ਦੀ ਰੰਜਿਸ਼ ਦਾ ਬਦਲਾ ਉਸਨੇ ਉਹਦੀ ਧੀ ਤੋਂ ਲਿਆ ਹੈ।

ਇੱਕ ਹੋਰ ਖ਼ਬਰ ‘ਚ ਕੋਟਕਪੂਰੇ ‘ਦੇ ਮੌੜ ਪਿੰਡ ਦੀ ਅੱਠ ਵਰ੍ਹਿਆਂ ਦੀ ਗ਼ਰੀਬ ਬੱਚੀ ਨੂੰ ਗਵਾਂਢੀ ਨੇ ਖੇਤ ‘ਚ ਲਿਜਾਕੇ ਆਪਣੇ ਦੋਸਤ ਨਾਲ ਰਲ ਕੇ ਜਬਰ ਜ਼ਿਨਾਹ ਕਰਨ ਤੋਂ ਬਾਅਦ ਗਲਾ ਘੁੱਟ ਕੇ ਮਾਰ ਦਿੱਤਾ। ਇਹੋ ਜਿਹੀਆਂ ਅਨੇਕ ਖ਼ਬਰਾਂ ਰੋਜ਼ ਛਪ ਰਹੀਆਂ ਹਨ, ਜਿਨ੍ਹਾਂ ‘ਚ ਸੱਤ ਮਹੀਨਿਆਂ ਦੀ ਬੱਚੀ ਦਾ ਸਮੂਹਕ ਬਲਾਤਕਾਰ ਤੇ ਨੱਬੇ ਵਰ੍ਹਿਆਂ ਦੀ ਬਜ਼ੁਰਗ ਮਾਂ ਦਾ ਜਬਰ ਜ਼ਿਨਾਹ ਸ਼ਾਮਲ ਹਨ।

ਅੱਜ ਦੇ ਦਿਨ ਮੈਨੂੰ ਇਹ ਫੈਸਲਾ ਕਰਨ ਵਿੱਚ ਦਿੱਕਤ ਮਹਿਸੂਸ ਹੋ ਰਹੀ ਹੈ ਕਿ ਵੰਡ ਦੇ ਸਮੇਂ ਦੇ ਲੋਕ ਜ਼ਿਆਦਾ ਜ਼ਾਲਮ ਸਨ ਜਿਹੜੇ ਦਸ ਵਰ੍ਹਿਆਂ ਤੋਂ ਛੋਟੀਆਂ ਬੱਚੀਆਂ ਅਤੇ ਬਜ਼ੁਰਗ ਔਰਤਾਂ ਨੂੰ ਛੱਡ ਦਿੰਦੇ ਸਨ, ਕਿ ਅੱਜ ਦੇ ਲੋਕ ਵੱਧ ਹੈਵਾਨ ਹੋ ਚੁੱਕੇ ਹਨ, ਜੋ ਜੰਮਦੀ ਬੱਚੀ ਤੋਂ ਲੈ ਕੇ ਕਿਸੇ ਵੀ ਉਮਰ ਦੀ ਔਰਤ ਜ਼ਾਤ ਨੂੰ ਚੱਬ ਰਹੇ ਹਨ?

ਅੱਜ ਉਹ ਆਂਟੀ ਇਸ ਦੁਨੀਆਂ ‘ਚ ਨਹੀਂ ਰਹੇ। ਪਰ, ਉਨ੍ਹਾਂ ਦੀ ਕਹੀ ਗੱਲ ਚੇਤੇ ਆ ਰਹੀ ਹੈ, ‘ ਤੁਸੀਂ ਤਾਂ ਸੁਭਾਗੇ ਸਮੇਂ ‘ਚ ਪੈਦਾ ਹੋਏ ਹੋ। ਤੁਹਾਨੂੰ ਤਾਂ ਕਿਸੇ ਦੁਸ਼ਮਣ ਤੋਂ ਕੋਈ ਖ਼ਤਰਾ ਨਹੀਂ। ’ ਕਿਵੇਂ ਦੱਸਾਂ ਉਨ੍ਹਾਂ ਨੂੰ ਕਿ ਹੁਣ ਤਾਂ ਸਾਨੂੰ ਦੁਸ਼ਮਣਾਂ ਦੀ ਲੋੜ ਹੀ ਨਹੀਂ ਰਹੀ। ਆਪਣੇ ਹੀ ਘਰਾਂ ‘ਚ ਪਲ ਰਹੀਆਂ ਨਿੱਕੀਆਂ ਕਲੀਆਂ ਨੂੰ ਵਾੜ ਹੀ ਖਾਣ ਵੱਢਣ ਲੱਗ ਪਈ ਹੈ। ਸ਼ੁਕਰ ਹੈ ਕਿ ਆਂਟੀ ਨੇ ਇਹ ਸਮਾਂ ਨਹੀ ਵੇਖਿਆ! ਉਹ ਔਖਾ ਸਮਾਂ ਤਾਂ ਜਰ ਗਏ ਸਨ। ਪਰ ਇਹ ਭਿਆਨਕ ਕਤਲੇਆਮ, ਉਹ ਵੀ ਸੈਂਕੜਿਆਂ ਦੀ ਗਿਣਤੀ ਵਿੱਚ ਰੋਜ਼, ਆਜ਼ਾਦ ਹਿੰਦੁਸਤਾਨ ਵਿਚ, ਉਹ ਸ਼ਾਇਦ ਸਹਿ ਨਾ ਸਕਦੇ! ਮੇਰੇ ਵਿੱਚ ਤਾਂ ਹੁਣ ਹਿੰਮਤ ਨਹੀਂ ਕਿ ਆਪਣੀ ਬੇਟੀ ਨੂੰ ਪਿੱਛਲੇ ਸਮੇਂ ਤੋਂ ਲੈ ਕੇ ਹੁਣ ਤੱਕ ਦੇ ਨਿੱਘਰੇ ਮੌਜੂਦਾ ਹਾਲਾਤ ਬਾਰੇ ਚਾਨਣਾ ਪਾ ਕੇ ਸਮਝਾ ਸਕਾਂ ਕਿ ਅੱਗੋਂ ਆਉਣ ਵਾਲਾ ਸਮਾਂ ਕਿੰਨਾ ਭਿਆਨਕ ਹੋਣ ਵਾਲਾ ਹੈ!

ਰੱਬ ਹੀ ਰਾਖਾ! ਜੇ ਧਰਤੀ ਦਾ ਅੰਤ ਨਿਸ਼ਚਿਤ ਹੈ, ਤਾਂ ਉਹ ਵੇਲਾ ਬਹੁਤਾ ਦੂਰ ਨਹੀਂ ਕਿਉਂਕਿ ਮਾਂ ਨੂੰ ਵੀ ਹੁਣ ਚੀਰਹਰਨ ਕਰਨ ਬਾਅਦ ਵੱਢ ਟੁੱਕ ਕੇ, ਸਾੜ ਕੇ, ਕੁੱਤਿਆਂ ਅੱਗੇ ਸੁੱਟ ਕੇ, ਉਸਦੀ ਹੋਂਦ ਖਤਮ ਕਰਨ ਦਾ ਵੱਲ ਬੰਦਿਆਂ ਨੇ ਸਿੱਖ ਲਿਆ ਹੈ! ਅੱਜ ਦੇ ਹਾਲਾਤ ਅਨੁਸਾਰ ਮੈਂ ਵੀ ਆਂਟੀ ਵਾਲੀਆਂ ਉਹੀ ਸਤਰਾਂ ਦੁਹਰਾ ਸਕਦੀ ਹਾਂ, ‘ ਅਸੀਂ ਜਿਹੜਾ ਸਮਾਂ ਵੇਖਿਆ ਹੈ, ਉਹ ਰੱਬ ਕਿਸੇ ਨੂੰ ਨਾ ਵਿਖਾਏ!’

This entry was posted in ਕਹਾਣੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>