ਦੀਨ ਦੁੱਖੀਆਂ ਦਾ ਮਸੀਹਾ-ਭਗਤ ਪੂਰਨ ਸਿੰਘ

ਸਮਾਜ ਸੇਵਾ ਦੇ ਖੇਤਰ ਵਿਚ ਇੱਕ ਅਲੌਕਿਕ ਵਿਅਕਤੀ ਦਾ ਨਾਂ ਹਮੇਸ਼ਾ ਰਹਿੰਦੀ ਦੁਨੀਆਂ ਤੱਕ ਯਾਦ ਕੀਤਾ ਜਾਂਦਾ ਰਹੇਗਾ। ਉਹ ਵਿਅਕਤੀ ਹੈ ਪਦਮ ਸਿਰੀ ਭਗਤ ਪੂਰਨ ਸਿੰਘ ਜੋ ਕਿ ਅਜੋਕੇ ਆਧੁਨਿਕ ਯੁਗ ਵਿਚ ਨਿਸ਼ਕਾਮ ਸੇਵਾ ਦੇ ਪ੍ਰਤੀਕ ਦੇ ਤੌਰ ਤੇ ਜਾਣਿਆਂ ਜਾਂਦਾ ਹੈ। ਭਗਤ ਪੂਰਨ ਸਿੰਘ ਦਾ ਜਨਮ 4 ਜੂਨ 1904 ਨੂੰ ਪਿੰਡ ਰਾਜੇਵਾਲ ਜਿਲ੍ਹਾ ਲੁਧਿਆਣਾਂ ਵਿਖੇ ਇੱਕ ਹਿੰਦੂ ਪਰਵਾਰ ਵਿਚ  ਸ੍ਰੀ ਸ਼ਿਬੂ ਮੱਲ ਅਤੇ ਮਾਤਾ ਮਹਿਤਾਬ ਕੌਰ ਦੇ ਘਰ ਹੋਇਆ ਸੀ। ਆਪ ਨੇ ਮੁੱਢਲੀ ਵਿਦਿਆ ਆਪਣੇ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ ਸੀ ਪ੍ਰੰਤੂ ਪਰੀਵਾਰ ਦੀ ਆਰਥਿਕ ਹਾਲਤ ਬਹੁਤੀ ਚੰਗੀ ਨਾ ਹੋਣ ਕਰਕੇ ਆਪ ਉੱਚ ਪੜ੍ਹਾਈ ਨਾ ਕਰ ਸਕੇ। ਆਪ ਦਾ ਨਾਂ ਰਾਮ ਦਾਸ ਸੀ। ਸਨਾਤਨੀ ਹਿੰਦੂ ਪਰੀਵਾਰ ਤੇ ਗ਼ਰੀਬੀ ਹੋਣ ਕਰਕੇ ਆਪ ਹਫਤੇ ਵਿਚ ਤਿੰਨ ਤਿੰਨ ਦਿਨ ਵਰਤ ਰੱਖਦੇ ਸਨ।

ਆਪ ਧਾਰਮਿਕ ਪੁਸਤਕਾਂ ਪੜ੍ਹਨ ਦੇ ਸ਼ੌਕੀਨ ਸਨ। ਆਪ ਦੇ ਮਨ ਵਿਚ ਕੋਈ ਧਾਰਮਿਕ ਕੰਮ ਕਰਨ ਦੀ ਇੱਛਾ ਸੀ, ਇਸ ਲਈ ਆਪਣਾ ਘਰ ਛੱਡਕੇ ਲੁਧਿਆਣੇ ਖਜਾਨਚੀਆਂ ਦੇ ਮੰਦਰ ਵਿਚ ਰਹਿਣ ਲੱਗ ਪਏ ਸਨ। ਉਥੇ ਆਪ ਪਹੁ ਫੁਟਾਲੇ ਉਠਕੇ ਠਾਕੁਰਾਂ ਨੂੰ ਇਸ਼ਨਾਨ ਕਰਾਉਂਦੇ ਸਨ। ਮੰਦਰ ਵਿਚ ਵੀ ਪੁਜਾਰੀਆਂ ਦੇ ਮਾੜੇ ਵਿਵਹਾਰ ਕਰਕੇ ਉਥੋਂ ਵਾਪਸ ਤੁਰ ਪਏ, ਰਸਤੇ ਵਿਚ ਆਪ ਨੂੰ ਦੋ ਸਿੰਘ ਮਿਲ ਗਏ, ਉਨ੍ਹਾਂ ਪਹਿਲਾਂ ਤਾਂ ਰੱਜਵਾਂ ਖਾਣਾ ਦਿੱਤਾ ਅਤੇ ਰਹਿਣ ਲਈ ਟਿਕਾਣਾ ਵੀ ਦਿੱਤਾ। ਅਸਲ ਵਿਚ ਇਹ ਦੋਰਾਹਾ ਦੇ ਨੇੜੇ ਗੁਰਦੁਆਰਾ ਰੇਰੂ ਸਾਹਿਬ ਸੀ। ਆਪ ਵਾਪਸ ਆਪਣੇ ਘਰ ਜਾਣ ਦੀ ਥਾਂ ਤੇ ਏਥੇ ਹੀ ਰਹਿਣ ਲੱਗ ਪਏ। ਏਥੇ ਆਪ ਦੀ ਧਾਰਮਿਕ ਭੁੱਖ ਪੂਰੀ ਹੋਣ ਲੱਗੀ ਤੇ ਪਰਮਾਤਮਾ ਨਾਲ ਲਿਵ ਲੱਗਣ ਦਾ ਸਿਲਸਲਾ ਸ਼ੁਰੂ ਹੋ ਗਿਆ। ਇਸ ਪਵਿੱਤਰ ਅਸਥਾਨ ਤੋਂ ਹੀ ਆਪ ਦਾ ਧਾਰਮਿਕ ਤੇ ਸਮਾਜ ਸੇਵਾ ਦਾ ਕਾਰਜ ਸ਼ੁਰੂ ਹੋਇਆ। ਇਥੇ ਰਹਿੰਦਿਆਂ ਆਪ ਨੇ ਅੰਮ੍ਰਿਤ ਛੱਕਿਆ ਅਤੇ ਗੁਰੂ ਵਾਲੇ ਬਣਕੇ ਆਪਣਾ ਨਾ ਰਾਮ ਦਾਸ ਤੋਂ ਬਦਲਕੇ ਪੂਰਨ ਸਿੰਘ ਰੱਖਿਆ ਅਤੇ ਅਰਥਾਤ ਆਪ ਪੂਰਨ ਮਨੁੱਖ ਬਣ ਗਏ।

ਆਪ ਨੇ ਸਿੱਖ ਗੁਰੂਆਂ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਹੀ ਸਮਾਜ ਸੇਵਾ ਤੇ ਦੀਨ ਦੁਖੀਆਂ ਦੀ ਸੇਵਾ ਕਰਨ ਦਾ ਬੀੜਾ ਚੁੱਕਿਆ। ਇਥੋਂ ਆਪ ਲਾਹੌਰ ਚਲੇ ਗਏ ਜਿਥੇ ਆਪਨੇ ਗੁਰਦੁਆਰਾ ਡੇਹਰਾ ਸਾਹਿਬ ਅਤੇ ਸ਼ਹੀਦਗੰਜ ਵਿਖੇ ਰਹਿਕੇ ਦੀਨ ਦੁੱਖੀਆਂ ਦੀ ਮੱਦਦ ਕਰਨ ਲੱਗੇ। ਆਪ ਨੂੰ ਏਥੇ ਨਾਮ ਖੁਮਾਰੀ ਤੇ ਸਮਾਜ ਸੇਵਾ ਦੀ ਐਸੀ ਚੇਟਕ ਲੱਗੀ ਕਿ ਆਪ ਤਿੱਖੀ ਤੇ ਤੇਜ ਧੁੱਪ, ਬਾਰਸ਼,ਝੱਖੜ,ਹਨੇਰੀ ਤੇ ਕੜਾਕੇ ਦੀ ਠੰਡ ਵਿੱਚ ਵੀ ਲੋੜਵੰਦਾਂ,ਦੀਨ ਦੁਖੀਆਂ ਦੀ ਸੇਵਾ ਕਰਦੇ ਰਹਿੰਦੇ ਸਨ। ਆਪਦੇ ਮਨ ਤੇ ਸੱਭ ਤੋਂ ਗਹਿਰਾ ਪ੍ਰਭਾਵ  ਇੱਕ ਲਾਵਾਰਸ 4 ਸਾਲਾਂ ਦੇ ਅਪਾਹਜ ਬੱਚੇ ਤੋਂ ਪਿਆ ਜਿਸ ਨੂੰ ਉਸ ਦੇ ਮਾਪੇ ਲਾਹੌਰ ਗੁਰਦੁਆਰਾ ਸਾਹਿਬ ਦੇ ਸਾਹਮਣੇ ਛੱਡ ਗਏ। ਪੂਰਨ ਸਿੰਘ ਨੇ ਉਸ ਬੱਚੇ ਨੂੰ ਚੁੱਕ ਕੇ ਆਪਣੇ ਪਾਸ ਗੁਰਦੁਆਰਾ ਸਾਹਿਬ ਵਿਚ ਲਿਆਂਦਾ ਤੇ ਉਹ ਦਸ ਸਾਲ ਉਸ ਬੱਚੇ ਨੂੰ ਆਪਣੀ ਪਿੱਠ ਤੇ ਚੁੱਕੀ ਫਿਰਦੇ ਰਹੇ। ਇਸ ਘਟਨਾ ਤੋਂ ਬਾਅਦ ਉਨ੍ਹਾਂ ਮੁੜਕੇ ਪਿੱਛੇ ਨਹੀਂ ਦੇਖਿਆ। ਉਸ ਬੱਚੇ ਨੂੰ ਲੈ ਕੇ ਉਹ 1946 ਵਿਚ ਅੰਮ੍ਰਿਤਸਰ ਆ ਗਏ ਤੇ ਆਪ ਨੂੰ ਹੋਰ ਅਜੇਹੇ ਛੇ ਸਤ ਬੱਚੇ ਮਿਲ ਗਏ ਤੇ ਉਨ੍ਹਾਂ ਸਾਰਿਆਂ ਨੂੰ ਇੱਕ ਬੋਹੜ ਹੇਠਾਂ ਲੈ ਕੇ ਬੈਠ ਗਏ। ਉਨ੍ਹਾਂ ਬੱਚਿਆਂ ਦੀ ਦੇਖ ਭਾਲ ਕਰਨ ਲੱਗ ਪਏ।

ਸੰਨ 1958 ਦੀ ਗੱਲ ਹੈ ਕਿ ਉਨ੍ਹਾਂ ਦੀ ਸੇਵਾ ਨੂੰ ਵੇਖਕੇ ਉਨ੍ਹਾਂ ਨੂੰ ਇੱਕ ਖਾਲੀ ਜ਼ਮੀਨ ਦਾ ਟੁੱਕੜਾ ਕਿਸੇ ਮੇਹਰਵਾਨ ਨਰਮ ਦਿਲ ਇਨਸਾਨ ਨੇ ਦੇ ਦਿੱਤਾ, ਜਿਸ ਥਾਂ ਤੇ ਵਰਤਮਾਨ ਪਿੰਗਲਵਾੜੇ ਦੀ ਸਥਾਪਨਾ ਕੀਤੀ। ਦਾਨੀ ਸੱਜਣਾ ਦੀ ਮੱਦਦ ਨਾਲ ਏਥੇ ਹੌਲੀ ਹੌਲੀ ਆਪਨੇ ਇਮਾਰਤ ਦੀ ਉਸਾਰੀ ਸ਼ੁਰੂ ਕਰ ਦਿੱਤੀ ਜੋ ਅੱਜ ਇੱਕ ਸਰਬ ਸਮਰੱਥ ਪਿੰਗਲਵਾੜਾ ਬਣ ਗਿਆ ਹੈ, ਜਿਸ ਵਿਚ ਰਹਿਣ ਦੀਆਂ ਸਾਰੀਆਂ ਸਹੂਲਤਾਂ ਹਨ। ਆਪ ਉਸ ਹਰ ਸਮਰੱਥ ਵਿਅਕਤੀ ਤੋਂ ਅਪਾਹਜਾਂ ਤੇ ਮਾਨਸਿਕ ਰੋਗੀਆਂ ਦੀ ਖਾਤਰ ਮੱਦਦ ਮੰਗਣ ਲਈ ਹਮੇਸ਼ਾ ਤਿਆਰ ਰਹਿੰਦੇ ਸਨ  ਜਿਹੜਾ ਥੋੜ੍ਹਾ ਬਹੁਤਾ ਵੀ ਦਾਨ ਕਰ ਸਕਦਾ ਸੀ। ਅੱਜ ਉਨ੍ਹਾਂ ਦੁਆਰਾ ਸਥਾਪਤ ਕੀਤਾ ਪਿੰਗਲਵਾੜਾ ਭਗਤ ਪੂਰਨ ਸਿੰਘ ਦੀ ਸੇਵਾ ਦਾ ਪ੍ਰਤੀਕ ਗਿਣਿਆਂ ਜਾਂਦਾ ਹੈ। ਆਪ ਦੀ ਸੇਵਾ ਭਗਤ ਕਨ੍ਹਈਆ ਅਤੇ ਮਦਰ ਟਰੇਸਾ ਦਾ ਮੁਕਾਬਲਾ ਤਾਂ ਨਹੀਂ ਕਰ ਸਕਦੀ ਪ੍ਰੰਤੂ ਉਨ੍ਹਾਂ ਤੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ ਕਹੀ ਜਾ ਸਕਦੀ। ਆਪ ਨੇ ਲੋਕਾਂ ਨੂੰ ਅਜੇਹੇ ਲੋਕਾਂ ਦੀ ਮੱਦਦ ਕਰਨ ਲਈ ਪ੍ਰੇਰਤ ਕਰਨ ਲਈ ਅਨੇਕਾਂ ਲੇਖ ਅਤੇ ਟ੍ਰੈਕਟ ਲਿਖਕੇ ਪ੍ਰਕਾਸ਼ਤ ਕਰਵਾਕੇ ਲੋਕਾਂ ਵਿਚ ਮੁੱਫਤ ਵੰਡੇ ਤਾਂ ਜੋ ਅਪਾਹਜ ਲੋਕਾਂ ਦੀ ਮੱਦਦ ਲਈ ਦਾਨੀ ਅੱਗੇ ਆ ਸਕਣ। ਆਪ ਦੀਆਂ ਕੋਸ਼ਿਸ਼ਾਂ ਕਰਕੇ ਹੀ ਪਿੰਗਲਵਾੜਾ ਅੱਜ ਏਡੀ ਵੱਡੀ ਸੰਸਥਾ ਬਣ ਚੁਕਿਆ ਹੈ। ਇਹ ਸੰਸਥਾ ਸਿਰਫ ਤੇ ਸਿਰਫ ਦਾਨੀਆਂ ਦੇ ਸਿਰ ਤੇ ਹੀ ਚਲ ਰਹੀ ਹੈ। ਭਗਤ ਪੂਰਨ ਸਿੰਘ ਦੀ ਸੇਵਾ ਭਾਵਨਾ ਨੂੰ ਵੇਖ ਕੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਹਰ ਸਾਲ ਆਪਣੇ ਬੱਜਟ ਵਿਚੋਂ ਮੱਦਦ ਕਰਨ ਲੱਗ ਪਈ ਹੈ। ਭਗਤ ਪੂਰਨ ਸਿੰਘ ਦੀ ਮਾਨਵਤਾ ਦੀ ਸੇਵਾ ਕਰਕੇ ਹੀ ਇਸ ਸਮੇਂ ਸੈਂਕੜੇ ਲੂਲੇ ਲੰਗੜੇ, ਦਿਮਾਗੀ ਤੌਰ ਤੇ ਅਣਵਿਕਸਤ, ਬੱਚੇ, ਬੁੱਢੇ,ਅਤੇ ਔਰਤਾਂ ਆਦਿ ਜਿਨ੍ਹਾਂ ਨੂੰ ਕੋਈ ਮੈਂਟਲ ਹਸਤਪਤਾਲ ਵੀ ਰੱਖਣ ਲਈ ਤਿਆਰ ਨਹੀਂ, ਉਹ ਵੀ ਇੱਥੇ ਰਹਿ ਰਹੇ ਹਨ। ਭਗਤ ਪੂਰਨ ਸਿੰਘ ਦੀਆਂ ਸਮਾਜਕ ਸੇਵਾਵਾਂ ਕਰਕੇ ਭਾਰਤ ਸਰਕਾਰ ਨੇ ਆਪ ਨੂੰ 1979 ਵਿਚ ਪਦਮ ਸ੍ਰੀ ਦੀ ਉਪਾਧੀ ਦੇ ਸਨਮਾਨਤ ਕੀਤਾ ਸੀ। ਆਪ ਨੇ ਸਾਰੀ ਉਮਰ ਸ਼ਾਦੀ ਨਹੀਂ ਕਰਵਾਈ ਸੀ। ਸੇਵਾ ਦੇ ਪੁੰਜ ਇਹ ਮਹਾਨ ਵਿਅਕਤੀ 5 ਅਗਸਤ 1992 ਨੂੰ 88 ਸਾਲ ਦੀ ਉਮਰ ਵਿਚ ਸਵਰਗਵਾਸ ਹੋ ਗਿਆ ਸੀ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>