ਪੰਜਾਬ ਪੁਲਿਸ ਵੱਲੋਂ ਅੰਮ੍ਰਿਤਸਰ ਦਲ ਦੇ ਆਹੁਦੇਦਾਰਾਂ ਨੂੰ ਗ੍ਰਿਫ਼ਤਾਰ ਕਰਨ ਅਤੇ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨਾਲ ਬਦ ਸਲੂਕੀ ਕਰਨਾ ਅਤਿ ਮੰਦਭਾਗਾ: ਮਾਨ

ਫਤਿਹਗੜ੍ਹ ਸਾਹਿਬ – “ਸਿੱਖ ਕੌਮ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਨਾ ਪਹਿਲਾਂ ਕਦੀ ਗੈਰ ਜਮਹੂਰੀਅਤ ਅਤੇ ਗੈਰ ਕਾਨੂੰਨੀ ਕਾਰਵਾਈ ਕੀਤੀ ਹੈ ਅਤੇ ਨਾ ਹੀ ਅਜੋਕੇ ਸਮੇਂ ਵਿਚ ਸਿੱਖ ਕੌਮ ਵੱਲੋਂ ਕੋਈ ਅਜਿਹੀ ਗੱਲ ਹੋਈ ਹੈ। ਪਰ ਇਸ ਦੇ ਬਾਵਜੂਦ ਵੀ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਸ. ਸੁਖਬੀਰ ਸਿੰਘ ਬਾਦਲ ਉੱਪ ਮੁੱਖ ਮੰਤਰੀ ਅਤੇ ਮੌਜੂਦਾ ਪੰਜਾਬ ਦੇ ਅਪਰਾਧਿਕ ਕਾਰਵਾਈਆਂ ਦੇ ਦੋਸ਼ੀ ਡੀ ਜੀ ਪੀ ਸ਼੍ਰੀ ਸੈਣੀ ਦੇ ਗੁਪਤ ਹੁਕਮਾਂ ‘ਤੇ ਬੀਤੀ ਰਾਤ ਅਤੇ ਤੜਕੇ ਹਨੇਰੇ ਵਿਚ ਸਮੁੱਚੇ ਪੰਜਾਬ ਅਤੇ ਹਰਿਆਣਾ ਦੇ ਪਾਰਟੀ ਆਹੁਦੇਦਾਰਾਂ ਅਤੇ ਵਰਕਰਾਂ ਦੇ ਘਰਾਂ ‘ਤੇ ਗੈਰ ਕਾਨੂੰਨੀ ਤਰੀਕੇ ਛਾਪੇ ਮਾਰ ਕੇ ਹਜਾਰਾਂ ਦੀ ਗਿਣਤੀ ਵਿਚ ਗ੍ਰਿਫ਼ਤਾਰੀਆਂ ਕਰਨ ਦੇ ਨਾਲ ਨਾਲ, ਜਿਹੜੇ ਆਹੁਦੇਦਾਰ ਆਪਣੇ ਘਰ ਨਹੀਂ ਮਿਲੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ, ਬੀਬੀਆਂ ਅਤੇ ਬੱਚਿਆਂ ਨਾਲ ਪੰਜਾਬ ਪੁਲਿਸ ਵੱਲੋਂ ਅਤਿ ਭੈੜੇ ਢੰਗਾਂ ਨਾਲ ਪੇਸ਼ ਆਉਂਦੇ ਹੋਏ ਜੋ ਦੁਖਦਾਇਕ ਅਮਲ ਕੀਤੇ ਗਏ ਹਨ, ਇਸ ਕਾਰਵਾਈ ਨੇ ਔਰੰਗਜੇਬ ਅਤੇ ਜ਼ਕਰੀਆ ਖਾਂ ਵਰਗੇ ਮਨੁੱਖਤਾ ਦੇ ਕਾਤਲਾਂ ਅਤੇ ਮਨੁੱਖੀ ਹੱਕਾਂ ਦਾ ਹੋਏ ਉਲੰਘਣ ਦੇ ਗੈਰ ਇਨਸਾਨੀਅਤ ਦ੍ਰਿਸ਼ਾਂ ਨੂੰ ਇਕ ਵਾਰੀ ਫਿਰ ਸਿੱਖ ਕੌਮ ਦੇ ਸਾਹਮਣੇ ਲਿਆਂਦਾ ਹੈ। ਜੋ ਕਿ ਸਿੱਖ ਕੌਮ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਜਥੇਬੰਦੀ ਲਈ ਬਰਦਾਸ਼ਤ ਤੋਂ ਬਾਹਰ ਹੈ। ਅਜਿਹੇ ਅਮਲ ਕਰਕੇ ਪੰਜਾਬ ਦੀ ਮੌਜੂਦਾ ਬਾਦਲ ਹਕੂਮਤ ਅਤੇ ਮੌਜੂਦਾ ਡੀ ਜੀ ਪੀ ਸੈਣੀ ਵੱਲੋਂ ਪਾਈ ਜਾ ਰਹੀ ਦਹਿਸ਼ਤ ਅਤੇ ਸਿੱਖ ਪਰਿਵਾਰਾਂ ਨੂੰ ਜ਼ਲੀਲ ਕਰਨ ਦੇ ਅਮਲ ਅਤਿ ਨਿੰਦਰਣਯੋਗ ਹਨ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ, ਪ੍ਰਧਾਨ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਬੀਤੇ ਦਿਨੀਂ ਪੰਜਾਬ ਅਤੇ ਹਰਿਆਣਾ ਵਿਚ ਪੰਜਾਬ ਪੁਲਿਸ ਵੱਲੋਂ ਕੀਤੀਆਂ ਗਈਆਂ ਆਪ ਹੁਦਰੀਆਂ ਗੈਰ ਕਾਨੂੰਨੀ ਕਾਰਵਾਈਆਂ ਅਤੇ ਗ੍ਰਿਫ਼ਤਾਰੀਆਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਪੰਜਾਬ ਦਾ ਕੋਈ ਜਿ਼ਲ੍ਹਾ ਅਤੇ ਸ਼ਹਿਰ ਅਜਿਹਾ ਨਹੀਂ ਜਿਥੋਂ ਪੰਜਾਬ ਪੁਲਿਸ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਹੁਦੇਦਾਰਾਂ ਨੂੰ ਗ੍ਰਿਫ਼ਤਾਰ ਨਾ ਕੀਤਾ ਹੋਵੇ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਅਪਮਾਨਜਨਕ ਸ਼ਬਦਾਵਲੀ ਰਾਹੀਂ ਜ਼ਲੀਲ ਨਾ ਕੀਤਾ ਹੋਵੇ। ਉਹਨਾਂ ਕਿਹਾ ਕਿ ਮਰਹੂਮ ਬੇਅੰਤ ਸਿੰਘ ਦੇ ਸਮੇਂ ਜੋ ਹਕੂਮਤਾਂ ਵੱਲੋਂ ਸਿੱਖਾਂ ਨਾਲ ਦੁਰਵਿਵਹਾਰ ਅਤੇ ਜਬਰ ਜੁਲਮ ਕੀਤਾ ਜਾਂਦਾ ਸੀ, ਉਸੇ ਤਰ੍ਹਾਂ ਹੁਣ ਬਾਦਲ-ਬੀਜੇਪੀ ਹਕੂਮਤ ਸਿੱਖ ਕੌਮ ਨਾਲ ਸਲੂਕ ਕਰਕੇ ਮੁਤੱਸਵੀ ਹੁਕਮਰਾਨਾ ਨੂੰ ਜੋ ਖੁਸ਼ ਕਰਨ ਦੇ ਰੌਂਅ ਵਿਚ ਹੈ, ਇਸ ਦੇ ਨਤੀਜੇ ਹਿੰਦ ਅਤੇ ਪੰਜਾਬ ਦੇ ਹੁਕਮਰਾਨਾ ਲਈ ਕਦੀ ਵੀ ਸਾਰਥਕ ਨਹੀਂ ਹੋਣਗੇ ਅਤੇ ਸਿੱਖ ਕੌਮ ਨੂੰ ਜਮਹੂਰੀਅਤ ਅਤੇ ਅਮਨ ਮਈ ਢੰਗਾਂ ਰਾਹੀਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ , ਰੈਲੀਆਂ ਅਤੇ ਧਰਨੇ ਆਦਿ ਕਰਨ ਤੋਂ ਰੋਕਣ ਅਤੇ ਉਸ ਵਿਚ ਦਹਿਸ਼ਤ ਪਾਉਣ ਦੇ ਮਨਸੂਬਿਆਂ ਵਿਚ ਉਹ ਕਾਮਯਾਬ ਨਹੀਂ ਹੋ ਸਕਣਗੇ। ਕਿਉਂਕਿ ਸਿੱਖ ਕੌਮ ਨਾ ਤਾਂ ਕਿਸੇ ਨੂੰ ਕਿਸੇ ਤਰ੍ਹਾਂ ਦਾ ਭੈਅ ਦੇਂਦੀ ਹੈ ਅਤੇ ਨਾ ਹੀ ਕਿਸੇ ਵੀ ਵੱਡੇ ਤੋਂ ਵੱਡੇ ਜਾ਼ਲਿਮ ਹੁਕਮਰਾਨ ਦੇ ਭੈਅ ਨੂੰ ਪ੍ਰਵਾਨ ਕਰਦੀ ਹੈ। ਇਤਿਹਾਸ ਇਸ ਗੱਲ ਦੀ ਪ੍ਰਤੱਖ ਗਵਾਹੀ ਭਰਦਾ ਹੈ।
ਉਹਨਾਂ ਕਿਹਾ ਕਿ ਪੰਜਾਬ ਪੁਲਿਸ ਨੇ ਸਾਡੇ ਲੁਧਿਆਣਾ, ਹੁਸਿ਼ਆਰਪੁਰ, ਪਟਿਆਲਾ, ਜਲੰਧਰ, ਅੰਮ੍ਰਿਤਸਰ, ਤਰਨ ਤਾਰਨ, ਬਠਿੰਡਾ, ਮਾਨਸਾ, ਫਿਰੋਜ਼ਪੁਰ, ਫਰੀਦਕੋਟ, ਬਰਨਾਲਾ, ਸੰਗਰੂਰ ਦੇ ਜਿ਼ਲ੍ਹਾ ਪ੍ਰਧਾਨਾਂ ਅਤੇ ਹੋਰ ਆਹੁਦੇਦਾਰਾਂ ਨੂੰ ਗ੍ਰਿਫ਼ਤਾਰ ਕਰਨ ਦੇ ਨਾਲ ਨਾਲ ਉਹਨਾਂ ਦੇ ਪਰਿਵਾਰਾਂ ਨਾਲ ਜੋ ਬਦਸਲੂਕੀ ਕੀਤੀ ਹੈ, ਜਿਸ ਦੀ ਇਥੋਂ ਦਾ ਵਿਧਾਨ ਅਤੇ ਕਾਨੂੰਨ ਬਿਲਕੁਲ ਇਜਾਜ਼ਤ ਨਹੀਂ ਦਿੰਦਾ। ਅਜਿਹੇ ਅਮਲਾਂ ਤੋਂ ਅਸੀਂ ਸਰਕਾਰ ਅਤੇ ਪੁਲਿਸ ਨੂੰ ਖਬਰਦਾਰ ਕਰਦੇ ਹੋਏ ਮਨੁੱਖੀ ਹੱਕਾਂ ਦੀ ਲੋਅ ਵਿਚ ਜੋਰਦਾਰ ਮੰਗ ਕਰਦੇ ਹਾਂ ਕਿ ਜਿੰਨੇ ਵੀ ਆਹੁਦੇਦਾਰਾਂ ਨੂੰ ਬੀਤੀ ਰਾਤ ਜਾਂ ਉਸ ਤੋਂ ਪਹਿਲੇ ਸੰਘਰਸ਼ ਕਮੇਟੀ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਹਨਾਂ ਨੂੰ ਫੌਰੀ ਰਿਹਾਅ ਕੀਤਾ ਜਾਵੇ ਅਤੇਜਿਹਨਾਂ ਪੁਲਿਸ ਅਧਿਕਾਰੀਆਂ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਹੁਦੇਦਾਰਾਂ ਅਤੇ ਸਿੱਖ ਪਰਿਵਾਰਾਂ ਨਾਲ ਅੱਧੀ ਰਾਤ ਦੇ ਸਮੇਂ ਅਣਮਨੁੱਖੀ ਢੰਗਾਂ ਰਾਹੀਂ ਬਦਸਲੂਕੀ ਕੀਤੀ ਹੈ, ਉਹਨਾਂ ਦੀ ਪਹਿਚਾਣ ਕਰਕੇ ਕਾਨੂੰਨ ਅਨੁਸਾਰ ਸਜ਼ਾ ਦਿੱਤੀ ਜਾਵੇ। ਤਾਂ ਕਿ ਪੁਲਿਸ ਅਧਿਕਾਰੀ ਕਾਨੂੰਨ ਨੂੰ ਆਪਣੇ ਹੱਥ ਵਿਚ ਲੈ ਕੇ ਇਥੋਂ ਦੇ ਨਿਵਾਸੀਆਂ ਨਾਲ ਜਬਰ ਜੁਲਮ ਨਾ ਕਰ ਸਕੇ। ਉਹਨਾਂ ਕਿਹਾ ਕਿ ਸਾਡੇ ਹਰਿਆਣਾ ਦੇ ਸੀਨੀਅਰ ਮੀਤ ਪ੍ਰਧਾਨ ਸ. ਦਰਬਾਰਾ ਸਿੰਘ  ਅਤੇ ਜਰਨਲ ਸਕੱਤਰ ਸ. ਪਰਵਿੰਦਰ ਸਿੰਘ ਸੋਢੀ ਦੇ ਘਰ ਵੀ ਚਿੱਟ ਕਪੜਿਆਂ ਵਿਚ ਬਿਨਾਂ ਨੰਬਰ ਤੋਂ ਗੱਡੀ ਲੈ ਕੇ ਉਹਨਾਂ ਦੇ ਘਰਦਿਆਂ ਨੂੰ ਧਮਕੀਆਂ ਦਿੰਦੇ ਰਹੇ ਹਨ। ਅਵਤਾਰ ਸਿੰਘ ਖੱਖ, ਹਰਪਾਲ ਸਿੰਘ ਕੁੱਸਾ, ਪ੍ਰੋ. ਮਹਿੰਦਰਪਾਲ ਸਿੰਘ, ਹਰਭਜਨ ਸਿੰਘ ਕਸ਼ਮੀਰੀ, ਪਰਮਿੰਦਰ ਸਿੰਘ ਬਾਲਿਆਂਵਾਲੀ, ਜਸਵੰਤ ਸਿੰਘ ਚੀਮਾਂ, ਰਣਜੀਤ ਸਿੰਘ ਸੰਤੋਖਗੜ੍ਹ, ਹਰਬੀਰ ਸਿੰਘ ਸੰਧੂ, ਸੁਖਜੀਤ ਸਿੰਘ ਡਰੋਲੀ, ਸਰਬਜੀਤ ਸਿੰਘ ਵਜੂਹਾ, ਬਲਕਾਰ ਸਿੰਘ ਭੁੱਲਰ ਆਦਿ ਮੁੱਖ ਆਗੂਆਂ ਤੋਂ ਇਲਾਵਾ ਸੈਂਕੜਿਆਂ ਦੀ ਗਿਣਤੀ ਵਿਚ ਸਰਕਲਾਂ ਦੇ ਆਹੁਦੇਦਾਰਾਂ ਅਤੇ ਮੈਂਬਰਾਂ ਦੀਆਂ ਗੈਰ ਕਾਨੂੰਨੀ ਤਰੀਕੇ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਜਦੋਂ ਸਰਕਾਰ ਨੇ ਬਾਪੂ ਸੂਰਤ ਸਿੰਘ ਖਾਲਸਾ ਨੂੰ ਰਿਹਾਅ ਕਰ ਦਿੱਤਾ ਸੀ ਅਤੇ ਉਹਨਾਂ ਦੀ ਰਿਹਾਈ ਲਈ ਅੱਜ ਬੀਤੀ 6 ਅਗਸਤ ਨੂੰ ਰੱਖੇ ਗਏ ਡੀ ਐਮ ਸੀ ਹਸਪਤਾਲ ਦਾ ਪ੍ਰੋਗਰਾਮ ਪੰਥਕ ਜਥੇਬੰਦੀਆਂ ਵੱਲੋਂ ਸੁੱਤੇ ਸਿੱਧ ਹੀ ਰੱਧ ਹੋ ਗਿਆ ਸੀ, ਫਿਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਸਿੱਖਾਂ ਨੂੰ ਵੱਡੀ ਗਿਣਤੀ ਵਿਚ ਗ੍ਰਿਫ਼ਤਾਰ ਕਰਨ ਅਤੇ ਉਹਨਾਂ ਪਰਿਵਾਰਾਂ ਨੂੰ ਸ਼ਰਮਨਾਕ ਢੰਗਾਂ ਰਾਹੀਂ ਜ਼ਲੀਲ ਕਰਨ ਪਿੱਛੇ ਬਾਦਲ ਪਰਿਵਾਰ ਅਤੇ ਸੁਮੇਧ ਸੈਣੀ ਦਾ ਕੀ ਮਕਸਦ ਹੈ, ਉਸਦਾ ਜਵਾਬ ਸਿੱਖ ਕੌਮ ਅਤੇ ਪੰਜਾਬੀ ਲੈ ਕੇ ਰਹਿਣਗੇ ਅਤੇ ਅਜਿਹੀਆਂ ਕਾਰਵਾਈਆਂ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਹਨਾਂ ਹੋਈਆਂ ਗ੍ਰਿਫ਼ਤਾਰੀਆਂ ਅਤੇ ਜਲਾਲਤ ਦਾ ਪੂਰਾ ਵੇਰਵਾ ਲੈ ਕੇ ਗਵਰਨਰ ਪੰਜਾਬ ਨੂੰ ਜਿੱਥੇ ਯਾਦ ਪੱਤਰ ਦਿੱਤਾ ਜਾਵੇਗਾ, ਉਥੇ ਸੰਬੰਧਤ ਦੋਸ਼ੀ ਧਿਰਾਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਕਰਨ ਹਿਤ ਪਟੀਸ਼ਨ ਪਾਉਣ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>