ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਗੁਰੂ ਹਰਿਕ੍ਰਿਸ਼ਨ ਹਸਪਤਾਲ ਐਂਡ ਡਾਇਗਨੌਸਟਿਕ ਸੈਂਟਰ ਦੇ ਵਿਸਥਾਰ ਅਤੇ ਨਵੀਨੀਕਰਣ ਦੇ ਕਾਰਜਾਂ ਦੀ ਸ਼ੁਰੂਆਤ ਦਾ ਅੱਜ ਨੀਂਹ ਪੱਥਰ ਰੱਖਿਆ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ, ਬਾਬਾ ਬਚਨ ਸਿੰਘ ਜੀ ਕਾਰ ਸੇਵਾ ਵਾਲੇ ਅਤੇ ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਜੀ ਖਾਲਸਾ ਵੱਲੋਂ ਕਾਰ ਸੇਵਾ ਦਾ ਟੱਕ ਹੈਡ ਗ੍ਰੰਥੀ ਭਾਈ ਰਣਜੀਤ ਸਿੰਘ ਜੀ ਵੱਲੋਂ ਅਰਦਾਸ ਉਪਰੰਤ ਲਗਾਇਆ ਗਿਆ। ਇਥੇ ਇਹ ਜ਼ਿਕਰਯੋਗ ਹੈ ਕਿ ਹਸਪਤਾਲ ਦੀ ਬਿਲਡਿੰਗ ਦੀ ਕਾਰ ਸੇਵਾ ਪੰਥ ਰਤਨ ਬਾਬਾ ਹਰਬੰਸ ਸਿੰਘ ਵੱਲੋਂ ਵਰਸੋਏ ਗਏ ਬਾਬਾ ਬਚਨ ਸਿੰਘ ਜੀ ਨੂੰ ਸੰਗਤਾਂ ਦੇ ਸਹਿਯੋਗ ਨਾਲ ਕਰਵਾਉਣ ਦੀ ਜ਼ਿੰਮੇਵਾਰੀ ਕਮੇਟੀ ਵੱਲੋਂ ਸੋਂਪੀ ਗਈ ਹੈ।
ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ।ਕੇ। ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਮਲਟੀਸਪੈਸਲਿਟੀ ਹਸਪਤਾਲ ਵਾਂਗ ਇਥੇ ਸਾਰੀਆਂ ਸੁਵਿਧਾਵਾਂ ਉਪਲੱਬਧ ਕਰਾਉਣ ਦਾ ਵੀ ਦਾਅਵਾ ਕੀਤਾ। 16 ਹਜ਼ਾਰ ਵਰਗ ਫੁੱਟ ਵਿੱਚ ਤਰਤੀਬ ਨਾਲ ਨਵੇਂ ਸਿਰੇ ਤੋਂ ਬਣਾਏ ਜਾ ਰਹੇ ਇਸ ਹਸਪਤਾਲ ਵਿੱਚ ਡਾਇਲਸਿਸ, ਕਲਰ ਐਕਸਰੇ, ਅੱਖਾਂ ਤੇ ਚਮੜੀ ਦੇ ਰੋਗਾਂ ਦੇ ਵਿਭਾਗ ’ਚ ਕਮੇਟੀ ਵੱਲੋਂ ਓ।ਪੀ।ਡੀ। ਸੇਵਾ ਸ਼ੁਰੂ ਕਰਨ ਦਾ ਵੀ ਜੀ।ਕੇ। ਨੇ ਐਲਾਨ ਕੀਤਾ। ਤਮਾਮ ਤਰ੍ਹਾਂ ਦੇ ਅਪਰੇਸ਼ਨ ਹਾਈਟੈਕ ਅਪਰੇਸ਼ਨ ਥਿਏਟਰ ਰਾਹੀਂ ਕਰਨ ਦੀ ਸੁਵਿਧਾਵਾਂ ਉਪਲੱਬਧ ਕਰਾਉਣ ਦੇ ਨਾਲ ਹੀ ਮਰੀਜ਼ਾਂ ਨੂੰ ਡੇਅ-ਬੋਰਡਿੰਗ ਦੀ ਸਹੂਲਤ ਦੇਣ ਵੀ ਜੀ।ਕੇ। ਨੇ ਗੱਲ ਕਈ। ਸਿਰਸਾ ਨੇ ਆਉਂਦੇ 10 ਦਿਨਾਂ ਵਿੱਚ ਐਮਰਜੈਂਸੀ ਸੇਵਾਵਾਂ 24 ਘੰਟੇ ਉਪਲੱਬਧ ਕਰਾਉਣ ਦਾ ਵੀ ਇਸ ਮੌਕੇ ਐਲਾਨ ਕੀਤਾ। ਸਿਰਸਾ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਇਸ ਪਵਿੱਤਰ ਦਰ ਤੋਂ ਦੁਆ ਅਤੇ ਦਵਾ ਦੋਨੌਂ ਮਿਲਣ ਦਾ ਦਾਅਵਾ ਕੀਤਾ। ਹਸਪਤਾਲ ਦੇ ਚੇਅਰਮੈਨ ਗੁਰਲਾਡ ਸਿੰਘ ਕਾਹਲੋਂ ਨੇ ਇਸ ਕਾਰਜ ਦੇ 7-8 ਮਹੀਨਿਆਂ ਵਿੱਚ ਪੂਰਨ ਹੋਣ ਦੀ ਆਸ ਜਿਤਾਉਂਦੇ ਹੋਏ ਸਿਹਤ ਸੁਵਿਧਾਵਾਂ ਦੇਣ ਦੀ ਦਿਸ਼ਾ ਵਿੱਚ ਕਮੇਟੀ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਵੀ ਜਾਣਕਾਰੀ ਦਿੱਤੀ। ਹਸਪਤਾਲ ਦੀ ਵਾਈਸ ਚੇਅਰਪਰਸਨ ਬੀਬੀ ਰਜਿੰਦਰ ਕੌਰ ਸੱਗੂ ਅਤੇ ਨਕਸ਼ਾ ਨਵੀਸ ਅਮਰਜੀਤ ਸਿੰਘ ਦਾ ਜਥੇਦਾਰ ਜੀ ਵੱਲੋਂ ਸਿਰੋਪਾਉ ਦੇ ਕੇ ਸਨਮਾਨ ਕਰਦੇ ਹੋਏ ਦਿੱਲੀ ਕਮੇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ ਗਈ। ਦਿੱਲੀ ਕਮੇਟੀ ਦੇ ਜਾਇੰਟ ਸਕੱਤਰ ਅਮਰਜੀਤ ਸਿੰਘ ਪੱਪੂ, ਮੈਂਬਰ ਬੀਬੀ ਧੀਰਜ ਕੌਰ, ਹਰਦੇਵ ਸਿੰਘ ਧਨੋਆ, ਦਰਸ਼ਨ ਸਿੰਘ ਤੇ ਹੋਰ ਪੱਤਵੰਤੇ ਸੱਜਣ ਇਸ ਮੌਕੇ ਮੌਜ਼ੂਦ ਸਨ