ਨਵੀਂ ਦਿੱਲੀ – ਸ੍ਰ. ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ੍ਰ ਮਨਜਿੰਦਰ ਸਿੰਘ ਸਿਰਸਾ ਵੱਲੋ ਬਾਲ ਸਾਹਿਬ ਹਸਪਤਾਲ ਬਾਰੇ ਗਲਤ ਤੱਥ ਪੇਸ਼ ਕਰਨ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆ ਸਿਰਸੇ ਨੂੰ ਵੰਗਾਰਦਿਆਂ ਕਿਹਾ ਕਿ ਜਿਸ ਸਟੇਜ ਤੋਂ ਉਹ ਕਾਵਾਂ ਰੌਲੀ ਪਾ ਰਹੇ ਹਨ ਉਸ ਸਟੇਜ ਤੋਂ ਉਹਨਾਂ ਨੂੰ ਵੀ ਪੱਖ ਪੇਸ਼ ਕਰਨ ਦੇ ਮੌਕਾ ਦੇਣ ਤਾਂ ਕਿ ਸੱਚ ਝੂਠ ਦਾ ਨਿਤਾਰਾ ਹੋ ਸਕੇ।
ਸ੍ਰ. ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਸੱਚਾਈ ਕਦੇ ਛੁਪ ਨਹੀ ਸਕਦੀ ਤੇ ਕਾਂਗਜ ਦੇ ਫੁੱਲਾਂ ਵਿੱਚੋ ਕਦੇ ਖੁਸ਼ਬੂ ਨਹੀ ਆ ਸਕਦੀ ਤੇ ਸਿਰਸੇ ਨੂੰ ਕਾਗਜ਼ੀ ਸ਼ੇਰ ਬਣ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਝੂਠ ਬੋਲ ਕੇ ਦਹਾੜਨਾ ਨਹੀ ਚਾਹੀਦਾ ਹੈ ਸਗੋਂ ਜੇਕਰ ਉਸ ਵਿੱਚ ਅਣਖ ਹੈ ਤਾਂ ਜਿਹੜੀ ਸਟੇਜ ਉਹ ਬਾਲਾ ਸਾਹਿਬ ਹਸਪਤਾਲ ਬਾਰੇ ਝੂਠ ਬੋਲ ਕੇ ਕੁਫਰ ਤੋਲ ਰਿਹਾ ਹੈ ਉਸੇ ਸਟੇਜ ਤੋਂ ਉਹਨਾਂ ਨੂੰ ਵੀ ਸਮਾਂ ਦਿੱਤਾ ਜਾਵੇ ਤਾਂ ਕਿ ਉਹ ਆਪਣਾ ਪੱਖ ਸੰਗਤਾਂ ਵਿੱਚ ਰੱਖ ਸਕਣ। ਉਹਨਾਂ ਕਿਹਾ ਕਿ ਉਹਨਾਂ ਕੋਲ ਸਿਰਸੇ ਦੇ ਹਰ ਝੂਠ ਦਾ ਜਵਾਬ ਹੈ ਤੇ ਸੌ ਵਾਰੀ ਬੋਲਣ ਦੇ ਬਾਵਜੂਦ ਵੀ ਝੂਠ ਕਦੇ ਸੱਚ ਨਹੀ ਬਣ ਸਕਦਾ। ਉਹਨਾਂ ਕਿਹਾ ਕਿ ਬਾਲਾ ਸਾਹਿਬ ਹਸਪਤਾਲ ਬਾਰੇ ਉਹ ਕਈ ਵਾਰੀ ਕਹਿ ਚੁੱਕੇ ਹਨ ਕਿ ਉਹ ਖੁੱਲੀ ਬਹਿਸ ਕਰਨ ਲਈ ਤਿਆਰ ਹਨ ਪਰ ਸਿਰਸੇ ਵਰਗੇ ਉਸਦਾ ਕੋਈ ਜਵਾਬ ਨਹੀ ਦਿੰਦੇ ਪਰ ਸੰਗਤਾਂ ਵਿੱਚ ਭੰਬਲਬੂਸੇ ਜਰੂਰ ਪੈਦਾ ਕਰਨ ਦਾ ਯਤਨ ਜਰੂਰ ਕਰ ਰਹੇ ਹਨ ਜਦ ਕਿ ਸੰਗਤਾਂ ਸੱਚਾਈ ਜਾਣ ਚੁੱਕੀਆ ਹਨ।
ਉਹਨਾਂ ਕਿਹਾ ਕਿ ਅੱਜ ਦਿੱਲੀ ਦੇ ਹਰ ਗਲੀ ਮੁਹੱਲੇ ਵਿੱਚ ਇਹਨਾਂ ਦੀ ਚਰਚਾ ਹੈ ਕਿ ਮਨਜੀਤ ਸਿੰਘ ਜੀ ਕੇ ਤੇ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਹੇਠ ਦਿੱਲੀ ਕਮੇਟੀ ਪੂਰੀ ਤਰ੍ਹਾਂ ਲੁੱਟੀ ਪੁੱਟੀ ਜਾ ਚੁੱਕੀ ਹੈ ਤੇ ਵਿਦਿਅਕ ਸੰਸਥਾਵਾਂ ਵਿੱਚ ਵੀ ਨੋਟ ਖਾ ਕੇ ਦਾਖਲੇ ਦਿੱਤੇ ਜਾ ਰਹੇ ਹਨ ਜਿਸ ਕਾਰਨ ਸੰਸਥਾਵਾਂ ਦਾ ਮਿਆਰ ਕਾਫੀ ਡਿੱਗ ਚੁੱਕਾ ਹੈ। ਉਹਨਾਂ ਕਿਹਾ ਕਿ ਦਿੱਲੀ ਕਮੇਟੀ ਹਰ ਰੋਜ ਡੇਢ ਕਰੋੜ ਦੀ ਕਰਜਾਈ ਹੈ ਪਰ 30-30 ਲੱਖ ਰੁਪਈਆ ਗੁਰੂ ਕੀ ਗੋਲਕ ਵਿੱਚੋਂ ਖਰਚ ਕਰਕੇ ਵਿਦੇਸ਼ੀ ਬੇਲੋੜੇ ਟੂਰ ਜੀ ਕੇ ਸਿਰਸਾ ਦੀ ਟੀਮ ਵੱਲੋਂ ਕੀਤੇ ਜਾ ਰਹੇ ਹਨ ਜਿਹਨਾਂ ਦਾ ਦਿੱਲੀ ਕਮੇਟੀ ਦੇ ਪ੍ਰਬੰਧ ਨਾਲ ਕੋਈ ਵਾਸਤਾ ਨਹੀਂ ਹੈ। ਉਹਨਾਂ ਕਿਹਾ ਕਿ ਸਿਰਸੇ ਵਰਗਿਆਂ ਦੀ ਸਿਆਸਤ ਸਿਰਫ ਝੂਠ ਤੇ ਪੈਸੇ ਦੇ ਸਹਾਰੇ ਚੱਲਦੀ ਹੈ ਜਦ ਕਿ ਇਸ ਦਾ ਅਕਲ ਦਾ ਖਾਨਾ ਪੂਰੀ ਤਰ੍ਹਾਂ ਖਾਲੀ ਹੈ। ਉਹਨਾਂ ਕਿਹਾ ਕਿ ਜਦੋਂ ਉਹਨਾਂ ਨੇ ਦਿੱਲੀ ਕਮੇਟੀ ਦੀ ਸੇਵਾ ਛੱਡੀ ਸੀ ਤਾਂ ਉਹ 98 ਕਰੋੜ ਦੀਆਂ ਐਫ. ਡੀ. ਆਰਜ਼ ਛੱਡ ਕੇ ਗਏ ਸਨ ਪਰ ਇਹ ਮਾਇਆ ਵੀ ਜੀ ਕੇ ਤੇ ਸਿਰਸੇ ਦੀ ਢਿੱਡ ਵਿੱਚ ਛੂ ਮੰਤਰ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਉਹ ਸਿਰਸੇ ਨੂੰ ਖੁੱਲਾ ਚੈਲਿੰਜ ਪਹਿਲਾਂ ਵੀ ਕਰ ਚੁੱਕੇ ਹਨ ਤੇ ਫਿਰ ਕਰਦੇ ਹਨ ਕਿ ਸਿਰਸਾ ਸੰਗਤਾਂ ਦੀ ਕਚਿਹਰੀ ਵਿੱਚ ਜਦੋਂ ਚਾਹੇ ਬਾਲਾ ਸਾਹਿਬ ਹਸਪਤਾਲ ਬਾਰੇ ਉਹਨਾਂ ਨਾਲ ਬਹਿਸ ਕਰ ਸਕਦਾ ਹੈ ਅਤੇ ਆਪਣੇ ਆਪ ਸਾਬਤ ਹੋ ਜਾਵੇਗਾ ਕਿ ਚੋਰ ਕੋਣ ਹੈ।