ਫਤਿਹਗੜ੍ਹ ਸਾਹਿਬ – “ਜਦੋਂ 85 ਸਾਲਾ ਬਿਰਧ ਸ. ਸੂਰਤ ਸਿੰਘ ਖਾਲਸਾ ਆਪਣੇ ਕੌਮ ਦੇ ਨੌਜਵਾਨਾਂ ਨੂੰ ਜੇਲ੍ਹਾਂ ਵਿੱਚੋਂ ਰਿਹਾਅ ਕਰਵਾਉਣ ਹਿੱਤ ਆਪਣੀ ਆਹੁਤੀ ਦੇਣ ਲਈ ਦ੍ਰਿੜ੍ਹ ਹੋਏ ਬੈਠੇ ਹਨ ਅਤੇ ਇਸ ਸਮਾਜਿਕ ਮਿਸ਼ਨ ਦੀ ਪੂਰਤੀ ਲਈ ਸਮੁੱਚੀ ਸਿੱਖ ਕੌਮ ਸੜਕਾਂ ‘ਤੇ ਨਿਕਲ ਕੇ ਇਸ ਮਿਸ਼ਨ ਦੀ ਪੂਰਤੀ ਲਈ ਹਰ ਤਰ੍ਹਾਂ ਸਹਿਯੋਗ ਦੇਣ ਲਈ ਤੱਤਪਰ ਹੋਈ ਬੈਠੀ ਹੈ, ਤਾਂ ਅਜਿਹੇ ਹਾਲਾਤਾਂ ਵਿਚ ਸ. ਸੂਰਤ ਸਿੰਘ ਖਾਲਸਾ ਦੇ ਅਮਰੀਕਾ ਨਾਗਰਿਕ ਪੁੱਤਰ ਸ. ਰਵਿੰਦਰਜੀਤ ਸਿੰਘ ਗੋਗੀ ਅਤੇ ਸਪੁੱਤਰੀ ਬੀਬੀ ਸਰਵਿੰਦਰ ਕੌਰ ਨੂੰ ਪੰਜਾਬ ਦੀ ਬਾਦਲ ਅਤੇ ਸੈਂਟਰ ਦੀਆਂ ਹਕੂਮਤਾਂ ਵੱਲੋਂ ਘਸੀਆਂ ਪਿਟੀਆਂ ਦਲੀਲਾਂ ਦਾ ਸਹਾਰਾ ਲੈ ਕੇ ਦਿਮਾਗੀ ਅਤੇ ਸਰੀਰਿਕ ਤੌਰ ‘ਤੇ ਤਸ਼ੱਦਦ ਕਰਨ ਦੇ ਅਮਲ ਮਨੁੱਖੀ ਅਧਿਕਾਰਾਂ ਦਾ ਸ਼ਰੇਆਮ ਉਲੰਘਣ ਕਰਨ ਦੀ ਕਾਰਵਾਈ ਹੈ। ਜਦੋਂ ਦੋਵੇਂ ਭੈਣ ਭਰਾ ਅਮਰੀਕਨ ਨਾਗਰਿਕ ਹਨ ਅਤ ਆਪਣੇ ਪਿਤਾ ਦੀ ਇੱਛਾ ਦੀ ਪੂਰਤੀ ਨੂੰ ਹੋਰ ਬਲ ਬਖਸ਼ਣ ਲਈ ਉਹ ਅਮਰੀਕਾ ਛੱਡ ਕੇ ਆਪਣੇ ਪਿਤਾ ਦੀ ਸੇਵਾ ਵਿਚ ਹਾਜਿਰ ਹਨ ਤਾਂ ਸਰਕਾਰ ਵੱਲੋਂ ਉਹਨਾਂ ਉਤੇ ਝੂਠੇ ਕੇਸ ਜਾਂ ਗੈਰ ਕਾਨੂੰਨੀ ਤਰੀਕੇ ਧਮਕੀਆਂ ਦੇਣ ਦੇ ਅਮਲ ਇਨਸਾਨੀਅਤ ਕਦਰਾਂ ਕੀਮਤਾਂ ਦਾ ਜਨਾਜ਼ਾ ਕੱਢਣ ਦੇ ਤੁਲ ਅਮਲ ਹਨ। ਜਦੋਂ ਬੀਬੀ ਸੁਸ਼ਮਾ ਸਵਰਾਜ ਹੋਰਨਾ ਭਾਰਤੀਆਂ ਨੂੰ ਦੂਸਰੇ ਮੁਲਕਾਂ ਦੇ ਵੀਜ਼ੇ ਦਵਾਉਣ ਲਈ ਆਪਣੀ ਵਜਾਰਤ ਦੀ ਤਾਕਤ ਦੀ ਵਰਤੋਂ ਕਰ ਸਕਦੀ ਹੈ ਤਾਂ ਰਵਿੰਦਰਜੀਤ ਸਿੰਘ ਗੋਗੀ ਜਿਸ ਦੇ ਭਾਰਤੀ ਵੀਜ਼ੇ ਦੀ ਮਿਆਦ ਖਤਮ ਹੋ ਰਹੀ ਹੈ, ਉਸਦਾ ਵੀਜ਼ਾ ਵਧਾਉਣ ਦੀ ਉਸੇ ਤਰ੍ਹਾਂ ਜਿੰਮੇਵਾਰੀ ਪੂਰਨ ਕਰਨ ਜਿਵੇਂ ਬਹੁਗਿਣਤੀ ਕੌਮ ਨਾਲ ਸੰਬੰਧਤ ਕੰਮ ਹੋ ਰਹੇ ਹਨ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਆਪਣੇ ਦਸਤਖਤਾਂ ਹੇਠ ਹਿੰਦ ਦੀ ਵਿਦੇਸ਼ ਵਜੀਰ ਬੀਬੀ ਸੁਸ਼ਮਾ ਸਵਰਾਜ ਨੂੰ ਅੱਜ ਲਿਖੇ ਗਏ ਇਕ ਪੱਤਰ ਵਿਚ ਸਿੱਖ ਕੌਮ ਨਾਲ ਪੰਜਾਬ ਦੀ ਬਾਦਲ ਅਤੇ ਸੈਂਟਰ ਦੀ ਮੋਦੀ ਹਕੂਮਤ ਵੱਲੋਂ ਵਿਧਾਨ ਦੀ ਧਾਰਾ 14 ਦਾ ਉਲੰਘਣ ਕਰਕੇ ਕੀਤੇ ਜਾ ਰਹੇ ਵਿਤਕਰਿਆਂ ਦਾ ਵੇਰਵਾ ਦਿੰਦੇ ਹੋਏ ਸ. ਰਵਿੰਦਰਜੀਤ ਸਿੰਘ ਦੇ ਭਾਰਤੀ ਵੀਜ਼ੇ ਦੀ ਮਿਆਦ ਵਧਾਊਣ ਦੀ ਜੋਰਦਾਰ ਵਿਧਾਨਕ ਮੰਗ ਕਰਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਜਦੋਂ ਵਿਧਾਨ ਦੀ ਧਾਰਾ14 ਇਥੋਂ ਦੇ ਸਭ ਨਾਗਿਰਿਕਾਂ ਨੂੰ ਬਰਾਬਰਤਾ ਦੇ ਅਧਿਕਾਰ ਦਿੰਦੀ ਹੈ ਤਾਂ ਰਵਿੰਦਰਜੀਤ ਸਿੰਘ ਗੋਗੀ ਜੋ ਸ. ਸੂਰਤ ਸਿੰਘ ਖਾਲਸਾ ਦੇ ਸਪੁੱਤਰ ਹਨ ਅਤੇ ਜੋ ਆਪਣੇ ਪਿਤਾ ਦੇ ਮਿਸ਼ਨ ਨੂੰ ਪੂਰਨ ਕਰਨ ਹਿੱਤ ਅਮਰੀਕਾ ਤੋਂ ਪੰਜਾਬ ਆਏ ਹੋਏ ਹਨ, ਉਹਨਾਂ ਨੂੰ ਭਾਰਤ ਦੀ ਹਕੂਮਤ ਵੱਲੋਂ ਵੀਜ਼ੇ ਦੀ ਸਹੂਲਤ ਨਾ ਦੇਣ ਦੇ ਅਮਲ ਕੇਵਲ ਸਿੱਖ ਕੌਮ ਨਾਲ ਹੋ ਰਹੇ ਵਿਤਕਰਿਆਂ ਨੂੰ ਹੀ ਪ੍ਰਤੱਖ ਨਹੀਂ ਕਰਦੇ, ਅਜਿਹੇ ਅਮਲ ਹਿੰਦੂਤਵ ਹੁਕਮਰਾਨਾ ਦੇ ਸਿੱਖ ਵਿਰੋਧੀ ਸੋਚ ਨੂੰ ਵੀ ਉਜਾਗਰ ਕਰਦੇ ਹਨ। ਜਿਸ ਨਾਲ ਦਿਨ ਬ ਦਿਨ ਮੋਦੀ ਦੀ ਹਕੂਮਤ ਦੀ ਕੌਮਾਂਤਰੀ ਪੱਧਰ ‘ਤੇ ਅਤੇ ਹਿੰਦ ਪੱਧਰ ‘ਤੇ ਸਾਖ ਨੂੰ ਖੋਰਾ ਲੱਗ ਰਿਹਾ ਹੈ। ਇਸ ਲਈ ਅਸੀਂ ਸੁਸ਼ਮਾ ਸਵਰਾਜ ਹਿੰਦ ਦੀ ਵਿਦੇਸ਼ ਵਜੀਰ ਨੂੰ ਇਸ ਪੱਤਰ ਰਾਹੀਂ ਬੇਨਤੀ ਕਰਦੇ ਹਾਂ ਕਿ ਉਹ ਸ. ਰਵਿੰਦਰਜੀਤ ਸਿੰਘ ਦੇ ਭਾਰਤੀ ਵੀਜ਼ੇ ਨੂੰ ਵਧਾਉਣ ਦੀ ਉਸੇ ਤਰ੍ਹਾਂ ਸੰਜੀਦਗੀ ਨਾਲ ਜਿੰਮੇਵਾਰੀ ਨਿਭਾਉਣ ਜਿਵੇਂ ਉਹਨਾਂ ਨੇ ਹੋਰਨਾ ਨੂੰ ਬਾਹਰਲੇ ਮੁਲਕਾਂ ਦੇ ਵੀਜ਼ੇ ਦਿਵਾਉਣ ਵਿਚ ਭੂਮਿਕਾ ਨਿਭਾਈ ਹੈ। ਉਹਨਾਂ ਕਿਹਾ ਕਿ ਸੈਂਟਰ ਦੀ ਮੋਦੀ ਹਕੂਮਤ ਜਾਂ ਪੰਜਾਬ ਦੀ ਬਾਦਲ ਹਕੂਮਤ ਸ. ਸੂਰਤ ਸਿੰਘ ਖਾਲਸਾ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਗੈਰ ਵਿਧਾਨਿਕ ਅਤੇ ਗੈਰ ਸਮਾਜਿਕ ਤਰੀਕੇ ਤੰਗ ਪ੍ਰੇਸ਼ਾਨ ਕਰਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਹੇ ਕੌਮੀ ਸੰਘਰਸ਼ ਨੂੰ ਉਹ ਕਿਸੇ ਤਰ੍ਹਾਂ ਵੀ ਕਮਜ਼ੋਰ ਨਹੀਂ ਕਰ ਸਕਣਗੇ। ਭਲਕਿ ਅਜਿਹੀਆਂ ਕਾਰਵਾਈਆਂ ਹਿੰਦ ਅਤੇ ਪੰਜਾਬ ਦੇ ਮਾਹੌਲ ਨੂੰ ਗੰਧਲਾ ਕਰਨਗੀਆਂ। ਜਿਸ ਤੋਂ ਬਚਣ ਲਈ ਇਹ ਜਰੂਰੀ ਹੈ ਕਿ ਸੈਂਟਰ ਦੀ ਮੋਦੀ ਹਕੂਮਤ ਅਤੇ ਪੰਜਾਬ ਦੀ ਦੀ ਬਾਦਲ ਹਕੂਮਤ ਸਿੱਖ ਕੌਮ ਦੀਆਂ ਜਾਇਜ਼ ਅਤੇ ਵਿਧਾਨਿਕ ਮੰਗਾਂ ਨੂੰ ਫੌਰੀ ਪੂਰਨ ਕਰਕੇ ਪੰਜਾਬ ਅਤੇ ਹਿੰਦ ਦੇ ਮਹੌਲ ਨੂੰ ਸਾਜਗਰ ਬਣਾਈ ਰੱਖਣ ਵਿਚ ਸਹਿਯੋਗ ਕਰੇ ਅਤੇ ਸ. ਸੂਰਤ ਸਿੰਘ ਖਾਲਸਾ ਦੇ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕਰਨ ਦੀ ਨਾਵਚਾਕ ਸੋਚ ਤੋਂ ਤੌਬਾ ਕਰੇ। ਸ.ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਬੀਬੀ ਸੁਸ਼ਮਾ ਸਵਰਾਜ ਸ. ਰਵਿੰਦਰਜੀਤ ਸਿੰਘ ਗੋਗੀ ਦੇ ਭਾਰਤੀ ਵੀਜ਼ੇ ਦੀ ਮਿਆਦ ਨੂੰ ਫੌਰੀ ਵਧਾ ਕੇ ਆਪਣੇ ਆਹੁਦੇ ਦੇ ਜਿਥੇ ਸਤਿਕਾਰ ਮਾਣ ਨੂੰ ਕਾਇਮ ਰੱਖਣਗੇ , ਉਥੇ ਆਪਣੇ ਪਿਤਾ ਦੀ ਸੇਵਾ ਵਿਚ ਹਾਜਿਰ ਸ. ਰਵਿੰਦਰਜੀਤ ਸਿੰਘ ਗੋਗੀ ਅਤੇ ਬੀਬੀ ਸਰਵਿੰਦਰ ਕੌਰ ਨੂੰ ਕਿਸੇ ਤਰ੍ਹਾਂ ਵੀ ਦਿਮਾਗੀ ਅਤੇ ਸਰੀਰਿਕ ਤੌਰ ‘ਤੇ ਟਾਰਚਰ ਕਰਨ ਦੀ ਗੁਸਤਾਖੀ ਨਹੀਂ ਕਰਨਗੇ।