ਹਰ ਮਿੱਟੀ ਕੁੱਟਿਆਂ ਨਹੀਂ ਭੁਰਦੀ….. ਡਾ. ਤਰਸਪਾਲ ਕੌਰ

12 ਅਗਸਤ ਦੇ ਸ਼ਰਧਾਂਜਲੀ ਸਮਾਰੋਹ ’ਤੇ ਵਿਸ਼ੇਸ਼
ਲੋਕਾਈ ਲਈ ਲੜਨ ਦੀ ਗਾਥਾ – ਬਰਨਾਲੇ ਦਾ ਕਿਰਨਜੀਤ ਕਾਂਡ ਵਿਰੋਧੀ ਲੋਕ-ਘੋਲ
      
ਮਾਲਵੇ ਦਾ ਸਮੁੱਚਾ ਇਤਿਹਾਸ ਇਸ ਦੇ ਸੰਘਰਸ਼ਾਂ ਅਤੇ ਲੋਕਾਂ ਲਈ ਲੜ-ਮਰਨ ਦਾ ਇਤਿਹਾਸ ਹੈ। ਜੇ ਸਮਾਜਿਕ-ਇਤਿਹਾਸਕ ਪੜਚੋਲ ਕਰਦਿਆਂ ਇਸ ਖਿੱਤੇ ਦੇ ਘੋਲਾਂ ਬਾਰੇ ਵਿਚਾਰਿਆਂ ਜਾਵੇ ਤਾਂ ਬਰਨਾਲਾ ਇਲਾਕਾ ਇਤਿਹਾਸ ਵਿਚ ਮੋਹਰੀ ਹੋਣ ਦੀ ਹਾਮੀ ਭਰਦਾ ਹੈ। ਇਹ ਧਰਤੀ ਜਾਗਰੂਕ ਮੁਹਿੰਮਾਂ ਦੀ ਧਰਤੀ ਹੈ। ਜਦੋਂ ਵੀ ਲੋਕ-ਵਿਰੋਧੀ ਤਾਕਤਾਂ ਨੇ ਸਿਰ ਚੁੱਕਿਆ, ਲੋਕਾਂ ਲਈ ਜੂਝਣ ਵਾਲੇ ਸਮਾਜਿਕ ਆਗੂਆਂ ਨੇ ਇਸ ਦਾ ਮੂੰਹ ਤੋੜਵਾਂ ਜੁਆਬ ਦਿੱਤਾ ਹੈ। ਇਹ ਵੀ ਦੂਸਰਾ ਪਾਸਾ ਹੈ ਕਿ ਸਮੇਂ-ਸਮੇਂ ਤੇ ਸਿਆਸੀ ਅਤੇ ਸਰਕਾਰੀ ਧੱਕੇਸ਼ਾਹੀ ਅਤੇ ਸਿਆਸੀ ਸ਼ਹਿ ’ਤੇ ਗੁੰਡਾਗਰਦੀ ਨੇ ਘੋਰ ਅਨਰਥ ਵੀ ਕੀਤਾ ਪਰ ਇਸ ਦੇ ਬਾਵਜੂਦ ਲੋਕ-ਤਾਕਤ ਜਿੱਤਦੀ ਰਹੀ। ਇਹਨਾਂ ਘੋਰ ਅਨਰਥਾਂ ਦੀ ਇੱਕ ਤਹਿ ਵਿਚ ਸਾਲ 1997 ਵਿਚ ਮਹਿਲ ਕਲਾਂ ਵਿਖੇ ਵਾਪਰਨ ਵਾਲਾ ਕਿਰਨਜੀਤ ਕਾਂਡ ਵੀ ਪਿਆ ਹੈ। ਜਿਹੜਾ ਕਿ ਸਮਾਜਿਕ-ਲਹਿਰਾਂ ਦੇ ਇਤਿਹਾਸ ਵਾਲੇ ਏਸ ਇਲਾਕੇ ਤੇ ਸ਼ਰਮਨਾਕ ਦਾਗ ਹੈ। ਦੂਸਰੇ ਪਾਸੇ ਸਮੁੱਚੇ ਇਲਾਕੇ ਦੀ ਲੋਕ-ਸ਼ਕਤੀ ਦਾ ਸਾਹਸ ਭਰਿਆ ¦ਮਾ ਸੰਘਰਸ਼ ਹੈ ਜੋ ਕਿਤੇ ਨਾ ਕਿਤੇ ਲੋਕਾਈ ਲਈ ਮਾਨਵਤਾ ਦੀ ਚਿਣਗ ਜਗਾਈ ਬੈਠਾ ਹੈ। ਸਾਲ 1997 ਦਾ ਇਹ ਲੋਕ-ਰੋਹ ਸਮੁੱਚੇ ਪੰਜਾਬ ਵਿਚ ਵਾਪਰੀਆਂ ਹੋਰ ਅਣਮਨੁੱਖੀ ਘਟਨਾਵਾਂ ਵਿਰੁੱਧ ਸੰਘਰਸ਼ ਦਾ ਆਧਾਰ ਵੀ ਬਣਿਆ। ਇਹ ਲੋਕ-ਰੋਹ 12ਵੀਂ ਜਮਾਤ ਦੀ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਮਹਿਲ ਕਲਾਂ ਦੀ ਵਿਦਿਆਰਥਣ ਕਿਰਨਜੀਤ ਕੌਰ ਦੇ 29 ਜੁਲਾਈ 1997 ਨੂੰ ਜਬਰ-ਜਨਾਹ ਤੋਂ ਬਾਅਦ ਕਤਲ ਕਰਨ ਉਪਰੰਤ ਹੋਂਦ ਵਿਚ ਆਇਆ। 29 ਜੁਲਾਈ ਨੂੰ ਕਿਰਨਜੀਤ ਆਪਣੇ ਕਾਲਜ ਤੋਂ ਵਾਪਿਸ ਪਰਤ ਰਹੀ ਸੀ। ਉਹ ਮਾਸਟਰ ਦਰਸ਼ਨ ਸਿੰਘ ਮਹਿਲ ਖੁਰਦ ਦੀ ਲੜਕੀ ਸੀ ਅਤੇ ਰੋਜ਼ਾਨਾ ਮਹਿਲ ਖੁਰਦ ਤੋਂ ਮਹਿਲ ਕਲਾਂ ਕਾਲਜ ਤੱਕ ਸਾਇਕਲ ’ਤੇ ਆਉਂਦੀ ਜਾਂਦੀ ਸੀ, ਇਸ ਦਿਨ ਸਮਾਂ 1.30 ਤੋਂ 2.30 ਵਜੇ ਦੇ ਦਰਮਿਆਨ ਹੋਵੇਗਾ ਜਦੋਂ ਉਸ ਨਾਲ ਇਹ ਅਣਮਨੁੱਖੀ ਵਾਰਦਾਤ ਹੋਈ। ਉਸ ਦਿਨ ਸ਼ਾਮ ਨੂੰ ਉਹ ਆਪਣੇ ਘਰ ਵਾਪਿਸ ਨਹੀਂ ਪਰਤੀ ਸੀ। ਮਾਸਟਰ ਦਰਸ਼ਨ ਸਿੰਘ ਹੋਰਾਂ ਨੇ ਹੋਰ ਬੱਚਿਆਂ ਅਤੇ ਆਪਣੇ ਰਿਸ਼ਤੇਦਾਰਾਂ ਕੋਲੋਂ ਪਤਾ ਕੀਤਾ ਪਰ ਕਿਰਨਜੀਤ ਦਾ ਕੋਈ ਥਹੁ ਪਤਾ ਨਹੀਂ ਸੀ। ਉਸੇ ਦਿਨ ਹੀ ਉਹ ਮਾਸਟਰ ਮੋਹਨ ਸਿੰਘ, ਜਿਹੜੇ ਕਿ ਦਰਸ਼ਨ ਸਿੰਘ ਹੋਰਾਂ ਨਾਲ ਹੀ ਮਹਿਲ ਖੁਰਦ ਵਿਖੇ ਅਧਿਆਪਕ ਸਨ ਜਿਹੜੇ ਸੰਘਰਸ਼ ਵਿਚ ਲਗਾਤਾਰ ਯਤਨਸ਼ੀਲ ਰਹੇ, ਨਾਲ ਗੱਲ ਕਰਦੇ ਹਨ। ਇਸ ਤੋਂ ਬਾਅਦ ਮਾਸਟਰ ਪ੍ਰੇਮ ਕੁਮਾਰ ਜਿਹੜੇ ਕਿ ਉਸ ਵਕਤ ਵਜੀਦਕੇ ਵਿਖੇ ਅਧਿਆਪਕ ਸਨ, ਨਾਲ ਗੱਲ ਕੀਤੀ ਜਾਂਦੀ ਹੈ। ਇਸ ਤਰ੍ਹਾਂ ਮਾਸਟਰ ਮੋਹਨ ਸਿੰਘ ਅਤੇ ਮਾਸਟਰ ਪ੍ਰੇਮ ਕੁਮਾਰ ਉਹ ਵਿਅਕਤੀ ਹਨ ਜਿਹੜੇ 29 ਜੁਲਾਈ ਤੋਂ ਹੀ ਇਸ ਸੰਘਰਸ਼ ਦਾ ਮੁੱਢ ਬੰਨ੍ਹ ਦਿੰਦੇ ਹਨ। 29 ਜੁਲਾਈ ਸ਼ਾਮ ਨੂੰ ਲੜਕੀ ਨੂੰ ਇਧਰ-ਓਧਰ ਲੱਭਣ ’ਤੇ ਉਸ ਦੇ ਕਾਲਜ ਦੇ ਰਸਤੇ ਦੀ ਛਾਣਬੀਣ ਕੀਤੀ ਜਾਂਦੀ ਹੈ। ਇਸ ਵੇਲੇ ਰਸਤੇ ਵਿਚ ਅਰਹਰ ਦੇ ਖੇਤਾਂ ਵਿਚੋਂ ਕਿਰਨਜੀਤ ਦਾ ਸਾਈਕਲ, ਕਿਤਾਬਾਂ ਤੇ ਉਸ ਦੇ ਕੁਝ ਵਸਤਰ ਮਿਲ ਜਾਂਦੇ ਹਨ। ਸ਼ੱਕ ਦੀ ਸੂਈ ਖੇਤਾਂ ਦੇ ਮਾਲਕਾਂ ਦੋਸ਼ੀ ਤਿੰਨ ਪਰਿਵਾਰਾਂ ’ਤੇ ਜਾ ਖੜ੍ਹਦੀ ਹੈ। ਮਹਿਲ ਖੁਰਦ ਦੇ ਕੁਝ ਪਤਵੰਤੇ ਤੇ ਸਾਬਕਾ ਸਰਪੰਚ ਜਰਨੈਲ ਸਿੰਘ ਥਾਣੇ ਜਾਂਦੇ ਹਨ ਅਤੇ ਇਸ ਥਾਣੇ ਦਾ ਫਾਸਲਾ ਇਹਨਾਂ ਖੇਤਾਂ ਤੋਂ ਸਿਰਫ਼ ਇੱਕ ਕਿਲੋਮੀਟਰ ਦਾ ਹੈ। ਪੁਲਿਸ ਦਾ ਜੁਆਬ ਹੁੰਦਾ ਹੈ ਕਿ ਇਹ ਸਾਮਾਨ ਆਪਣੇ ਕੋਲ ਰੱਖੋ, ਲੋੜ ਪੈਣ ’ਤੇ ਤੁਹਾਨੂੰ ਬੁਲਾ ਲਿਆ ਜਾਵੇਗਾ। ਜਿਥੋਂ ਸਪਸ਼ਟ ਹੁੰਦਾ ਸੀ ਕਿ ਥਾਣੇ ਦੇ ਅਧਿਕਾਰੀ ਕਿਸੇ ਮਿਲੀਭੁਗਤ ਅਧੀਨ ਇਸ ਗੱਲ ਨੂੰ ਸੁਣਨਾ ਹੀ ਨਹੀਂ ਸਨ ਚਾਹੁੰਦੇ। ਭਾਲ ਜਾਰੀ ਰਹਿੰਦੀ ਹੈ ਤੇ ਦੋਸ਼ੀ ਪਰਿਵਾਰ ਦਾ ਇੱਕ ਮੁੱਖ ਬੰਦਾ ਗੁਰਪ੍ਰੀਤ ਸਿੰਘ ਚੀਨਾ ਵੀ ਇਹਨਾਂ ਪਤਵੰਤਿਆਂ ਨਾਲ ਹਮਦਰਦੀ ਜ਼ਾਹਿਰ ਕਰਦਾ ਫਿਰਦਾ ਹੈ। ਇਥੋਂ ਤੱਕ ਕਿ ਆਪਣੇ ਕਾਰਡਲੈਸ ਫੋਨ ਤੋਂ ਥਾਣੇ ਫੋਨ ਵੀ ਕਰਦਾ ਹੈ ਕਿ ਮਾਸਟਰ ਜੀ ਦੀ ਲੜਕੀ ਨੂੰ ਜਲਦ ਤੋਂ ਜਲਦ ਲੱਭਿਆ ਜਾਵੇ। ਥਾਣੇ ਵਲੋਂ ਕੋਈ ਕਾਰਵਾਈ ਨਾ ਹੋਣ ਦੀ ਸੂਰਤ ਵਿਚ ਮਿਤੀ 31 ਜੁਲਾਈ ਨੂੰ ਡੀ.ਟੀ.ਐਫ., ਜੀ.ਟੀ.ਯੂ. ਅਤੇ ਅਧਿਆਪਕ ਦਲ ਨੇ ਮੀਟਿੰਗ ਕੀਤੀ ਅਤੇ ਲੜਕੀ ਦਾ ਸਾਮਾਨ ਅਰਹਰ ਦੇ ਖੇਤਾਂ ਵਿਚੋਂ ਮਿਲਣ ਕਰਕੇ ਸ਼ੱਕ ਉਹਨਾਂ ਖੇਤਾਂ ਵਿਚ ਵਸਦੇ ਤਿੰਨ ਮੁੱਖ ਪਰਿਵਾਰਾਂ ’ਤੇ ਜਾ ਟਿਕਟਾ ਹੈ। ਇਸ ਸਬੰਧ ਵਿਚ ਜਥੇਬੰਦੀਆਂ ਦੇ ਨੁਮਾਇੰਦੇ ਉਸ ਸਮੇਂ ਦੇ ਐ¤ਸ.ਐ¤ਚ.ਓ. ਦਯਾ ਸਿੰਘ ਬਾਹੀਆ ਨੂੰ ਮਿਲਦੇ ਹਨ। ਦੋਸ਼ੀ ਪਰਿਵਾਰ ਪੁਲਿਸ ਨਾਲ ਮਿਲ ਕੇ ਲੜਕੀ ਦੇ ਚਰਿੱਤਰ ਨੂੰ ਗਲਤ ਦਰਸਾਉਂਦਾ ਹੋਇਆ ਹੋਰ ਬੇਕਸੂਰ ਮੁੰਡਿਆਂ ਨੂੰ ਪੇਸ਼ ਕਰਵਾਉਂਦਾ ਹੈ ਕਿ ਪਿਛਲੇ ਦਿਨੀਂ ਲੜਕੀ ਇਹਨਾਂ ਨਾਲ ਘੁੰਮਦੀ ਹੋਈ ਦੇਖੀ ਗਈ। ਪੁਲਿਸ ਪੈਸੇ ਦੇ ਜ਼ੋਰ ’ਤੇ ਇਹ ਸਾਰਾ ਡਰਾਮਾ ਰਚਦੀ ਰਹੀ। ਮੁੰਡਿਆਂ ’ਤੇ ਤਸ਼ੱਦਦ ਵੀ ਜਾਰੀ ਰਿਹਾ। ਇਸ ਦੇ ਬਾਅਦ 1 ਅਗਸਤ ਨੂੰ ਅਧਿਆਪਕ ਆਗੂ ਸਮੇਂ ਦੇ ਡੀ.ਐਸ.ਪੀ. ਹਰਨੇਕ ਸਿੰਘ ਸ਼ੇਖੂ ਨੂੰ ਮਿਲਦੇ ਹਨ ਪਰ ਕੋਈ ਵੀ ਸੰਤੁਸ਼ਟੀ ਭਰਿਆ ਉੱਤਰ ਨਹੀਂ ਮਿਲਦਾ। ਕਾਤਲ ਪਰਿਵਾਰ ਦਾ ਸਿਆਸੀ ਸਬੰਧਾਂ ਕਾਰਨ ਪੁਲਿਸ ਅਤੇ ਪੂਰੇ ਪਿੰਡ ਉੱਤੇ ਦਬਦਬੇ ਹੋਣ ਕਾਰਨ ਪੁਲਿਸ ਨੇ ਲੋਕਾਂ ਦੀ ਬੇਨਤੀ ਅਣਸੁਣੀ ਕਰ ਦਿੱਤੀ ਤੇ ਕੋਈ ਢੁਕਵੀਂ ਕਾਰਵਾਈ ਨਾ ਹੋਈ।

ਕਿਰਨਜੀਤ ਕਾਂਡ ਐਕਸ਼ਨ ਕਮੇਟੀ ਵਿਚ ਸ਼ਾਮਿਲ ਆਗੂਆਂ ਮਾਸਟਰ ਪ੍ਰੇਮ ਕੁਮਾਰ ਅਤੇ ਨਰਾਇਣ ਦੱਤ ਅਨੁਸਾਰ ਸ਼ਿਕਾਇਤ ਕਰਨ ਵਾਲੀਆਂ ਜਥੇਬੰਦੀਆਂ ਨੇ ਮਹਿਸੂਸ ਕੀਤਾ ਕਿ ਗੁੰਡਾ ਅਨਸਰ ਪਰਿਵਾਰਾਂ ਨਾਲ ਮੱਥਾ ਲਾਉਣਾ ਹੈ। ਇਸ ਕਰਕੇ 2 ਅਗਸਤ ਨੂੰ ਮੀਟਿੰਗ ਕਰਕੇ ਹੋਰ ਜਥੇਬੰਦੀਆਂ ਨੂੰ ਵੀ ਨਾਲ ਲਿਆ ਗਿਆ। ਇਹ ਉਹ ਦਿਨ ਸੀ ਜਦੋਂ ਮਾਲਵੇ ਦੇ ਜੁਝਾਰੂ ਲੋਕਾਂ ਨੇ ਇੱਕ ਵਾਰ ਫੇਰ ਇਤਿਹਾਸ ਨੂੰ ਦੁਹਰਾਇਆ ਅਤੇ ਕਿਰਨਜੀਤ ਕਾਂਡ ਵਿਰੋਧੀ ਸੰਘਰਸ਼ ਕਮੇਟੀ ਕਾਇਮ ਕਰਕੇ ਸਮੁੱਚੀ ਘਟਨਾ ਦੀ ਮੁੱਢ ਤੋਂ ਪੜਤਾਲ ਕੀਤੀ। ਪਰਿਵਾਰ ਨੂੰ ਮਿਲਣ ਦੇ ਬਾਅਦ ਐ¤ਸ.ਪੀ. ਹਰਨੇਕ ਸਿੰਘ ਸ਼ੇਖੂ ਅਤੇ ਦਯਾ ਸਿੰਘ ਬਾਹੀਆ ਨੂੰ ਦੱਸਿਆ ਗਿਆ ਕਿ 3 ਅਗਸਤ ਨੂੰ ਇਸ ਘਟਨਾ ਦੇ ਵਿਰੋਧ ਵਿਚ ਵੱਖ-ਵੱਖ ਪਿੰਡਾਂ ਵਿਚ ਵਿਖਾਵਾ ਕੀਤਾ ਜਾਵੇਗਾ। ਇਸ ਰੋਹ ਮਾਰਚ ਦੇ ਬਾਅਦ ਕਮੇਟੀ ਨੇ ਮਿਤੀ 4 ਅਗਸਤ ਨੂੰ ਥਾਣੇ ਦਾ ਘਿਰਾਓ ਕੀਤਾ ਜਿਸ ਵਿਚ ਮਹਿਲ ਖੁਰਦ ਅਤੇ ਮਹਿਲ ਕਲਾਂ ਦੇ ਬਹੁਤ ਸਾਰੇ ਮਰਦ ਔਰਤਾਂ ਨੇ ਸ਼ਮੂਲੀਅਤ ਕੀਤੀ। ਜਿਸ ਅਧੀਨ ਪੁਲਿਸ ਵਲੋਂ ਕੁੱਟੇ ਜਾ ਰਹੇ ਇਸੇ ਘਟਨਾ ਨਾਲ ਸਬੰਧਤ ਨੌਜਵਾਨਾਂ ’ਤੇ ਤਸ਼ੱਦਦ ਬੰਦ ਕਰਵਾਉਣ ਦਾ ਸੰਘਰਸ਼ ਵੀ ਵਿੱਢਿਆ ਗਿਆ। 4 ਅਗਸਤ ਨੂੰ ਹੀ ਐਸ.ਐਚ.ਓ. ਬਾਹੀਆ ਦੀ ਬਦਲੀ ਕਰ ਦਿੱਤੀ ਗਈ। ਇਸੇ ਦਿਨ ਹੀ ਜੀ.ਟੀ. ਰੋਡ ’ਤੇ ਥਾਣੇ ਦੇ ਅੱਗੇ ਬਰਨਾਲਾ-ਲੁਧਿਆਣਾ ਰੋਡ ਜਾਮ ਕੀਤਾ ਗਿਆ। ਇਸ ਤੋਂ ਬਾਅਦ ਸੰਘਰਸ਼ ਕਮੇਟੀ ਨੇ 8 ਅਗਸਤ ਦੇ ਧਰਨੇ ਸਬੰਧੀ ਤਿੰਨ ਦਿਨ ਵਿਚ ਪੂਰੀ ਤਿਆਰੀ ਕੀਤੀ।

ਇਸੇ ਦੌਰਾਨ ਅੰਮ੍ਰਿਤਸਰ ਵਲੋਂ ਤਬਦੀਲ ਹੋ ਕੇ ਆਏ ਸੁਰਿੰਦਰਪਾਲ ਸਿੰਘ ਹੋਰਾਂ ਨੂੰ ਐਸ.ਐਚ.ਓ ਲਗਾਇਆ ਗਿਆ। ਕਮੇਟੀ ਦੇ ਨੁਮਾਇੰਦਿਆਂ ਅਨੁਸਾਰ ਸੁਰਿੰਦਰਪਾਲ ਹੋਰਾਂ ਦਾ ਲੋਕਾਂ ਨਾਲ ਵਤੀਰਾ ਹਮਦਰਦੀ ਭਰਿਆ ਰਿਹਾ ਅਤੇ ਉਹ ਲੋਕਾਂ ਨੂੰ ਪੂਰਾ ਸਹਿਯੋਗ ਦਿੰਦੇ ਰਹੇ। ਮਿਤੀ 8 ਅਗਸਤ ਨੂੰ ਮਹਿਲ ਕਲਾਂ ਬੱਸ ਅੱਡੇ ’ਤੇ ਧਰਨਾ ਦਿੱਤਾ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਔਰਤਾਂ ਸ਼ਾਮਿਲ ਹੋਈਆਂ। ਇਹ ਔਰਤਾਂ ਵੀ ਪਿੰਡ ਦੇ ਉਹਨਾਂ ਘਰਾਂ ਦੀਆਂ ਸਨ ਜੋ ਕਾਤਲ ਪਰਿਵਾਰਾਂ ਦੇ ਰਾਜਨੀਤਿਕ ਰਸੂਖ਼ ਅਤੇ ਦਬਦਬੇ ਤੋਂ ਡਰਦੇ ਸਨ। ਇਸੇ ਦਿਨ ਹੀ ਫੈਸਲਾ ਵੀ ਲਿਆ ਗਿਆ ਕਿ 14 ਅਗਸਤ ਨੂੰ ਐੱਸ.ਐੱਸ.ਪੀ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ਇਸ ਸਮੇਂ ਤੱਕ ਹਾਲਾਤ ਬਦਲ ਗਏ ਸਨ, ਲੋਕ-ਰੋਹ ਨੇ ਜਬਰਦਸਤ ਅੰਗਿਆਰ ਦਾ ਰੂਪ ਲੈ ਲਿਆ। ਕਾਤਲ ਤੇ ਗੁੰਡਾ ਅਨਸਰ ਮੱਤ ਵਾਲੇ ਦੋਸ਼ੀਆਂ ਦੀ ਪਹੁੰਚ ਵੇਖੋ। ਇਹ ਸਿਰਫ਼ ਸਮੇਂ ਦੀ ਸ਼ਾਸ਼ਕ ਸਰਕਾਰ ਦੇ ਮੰਤਰੀਆਂ ਜਾਂ ਐਮ.ਐਲ.ਏਜ਼ ਤੋਂ ਹੀ ਨਹੀਂ ਸਗੋਂ ਲੋੜ ਪੈਣ ’ਤੇ ਕੁਝ ਅਖੌਤੀ ਕਮਿਊਨਿਸਟਾਂ ਦੀ ਮਦਦ ਵੀ ਲਈ ਜਾਂਦੀ ਰਹੀ। ਜਿਹਨਾਂ ਵਿਚੋਂ ਇੱਕ ਅਜਿਹੇ ਨੇਤਾ ਨੇ ਕਿਰਨਜੀਤ ਕੌਰ ਦੀ ਲਾਸ਼ ਮਿਲਣ ਤੋਂ ਪਹਿਲਾਂ ਹੀ ਜਨਤਕ ਰੂਪ ਵਿਚ ‘ਲੜਕੀ ਦਾ ਕਤਲ’ ਹੋਣ ਬਾਰੇ ਪੁਸ਼ਟੀ ਵੀ ਅਣਜਾਣੇ ’ਚ ਹੀ ਕਰ ਦਿੱਤੀ ਸੀ। ਲੋਕ-ਸ਼ਕਤੀ ਦਾ ਭਾਂਬੜ ਹੋਰ ਵੀ ਮਘ ਗਿਆ ਜਦੋਂ ਬਰਨਾਲੇ ਵਾਲੇ ਐੱਸ.ਪੀ.ਐੱਚ. ਦਵਿੰਦਰ ਸਿੰਘ ਗਰਚਾ ਨੇ ਇਹ ਸ਼ਬਦ ਜਨਤਕ ਰੂਪ ਵਿਚ ਬੋਲ ਦਿੱਤੇ ਕਿ ‘‘ਲੜਕੀ ਨੂੰ ਕੋਈ ਭਈਆ ਨਾ ਲੈ ਗਿਆ ਹੋਵੇ।’’ ਇਹਨਾਂ ਬੋਲਾਂ ’ਤੇ ਲੋਕਾਂ ਨੇ ਪੁਲਿਸ ਅਫ਼ਸਰ ਨੂੰ ਖੂਬ ਭੰਢਿਆ ਤੇ ਉਹ ਮੁਸ਼ਕਿਲ ਨਾਲ ਉਸ ਇਕੱਠ ਵਿਚੋਂ ਨਿਕਲ ਕੇ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਭਾਰਤੀ ਲੋਕਤੰਤਰ ਵਿਚ ਕੀ ਪੁਲਿਸ ਲੋਕਾਂ ਦੀ ਸੁਰੱਖਿਆ ਲਈ ਹੈ ਜਾਂ ਫੇਰ ਗੁੰਡਾ ਅਨਸਰਾਂ ਦੀ ਹਮਾਇਤ ਲਈ। ਪੁਲਿਸ ਦੀ ਅਜਿਹੀ ਭੂਮਿਕਾ ਭਾਰਤੀ ਲੋਕਤੰਤਰ ’ਤੇ ਹਜ਼ਾਰਾਂ ਪ੍ਰਸ਼ਨ ਖੜ੍ਹੇ ਕਰਦੀ ਹੈ।

ਜੁਝਾਰੂ ਲੋਕਾਂ ਦੇ ਸੰਘਰਸ਼ ਤੋਂ ਝੇਂਪਦਿਆਂ ਫਿਰ ਪਟਿਆਲਾ ਰੇਂਜ ਦੇ ਆਈ.ਜੀ. ਰਾਜਦੀਪ ਸਿੰਘ ਗਿੱਲ ਹੋਰਾਂ ਨੂੰ ਤੈਨਾਤ ਕੀਤਾ ਜਾਂਦਾ ਹੈ। ਆਈ.ਜੀ. ਗਿੱਲ ਹੋਰਾਂ ਦੇ ਆਉਣ ’ਤੇ ਹੀ ਲੋਕਾਂ ਦੀ ਸੁਣਵਾਈ ਹੁੰਦੀ ਹੈ। ਇਸੇ ਦੌਰਾਨ 10 ਅਗਸਤ ਨੂੰ ਐਕਸ਼ਨ ਕਮੇਟੀ ਨੂੰ ਥਾਣੇ ਬੁਲਾਇਆ ਗਿਆ, ਉੱਥੇ ਪਹੁੰਚਣ ’ਤੇ ਐੱਸ.ਪੀ. ਸ਼ੇਖੂ ਤੇ ਸੁਰਿੰਦਰਪਾਲ ਹੋਰਾਂ ਨੇ ਦੱਸਿਆ ਕਿ ਉਹਨਾਂ ਨੂੰ ਖੇਤਾਂ ਦੇ ਮਾਲਕ ਪਰਿਵਾਰਾਂ ਦੇ ਬਿਹਾਰੀ ਮਜ਼ਦੂਰਾਂ ਤੋਂ ਕੋਈ ਖੁਰਾ-ਖੋਜ ਮਿਲਿਆ ਹੈ। ਆਈ.ਜੀ. ਗਿੱਲ ਹੋਰਾਂ ਨੇ ਐੱਸ.ਐੱਸ.ਪੀ. ਬਰਨਾਲਾ ਇਕਬਾਲਪ੍ਰੀਤ ਸਿੰਘ ਸਹੋਤਾ ਦੀ ਅਗਵਾਈ ਵਿਚ ਜਾਂਚ ਕਮੇਟੀ ਨਿਯੁਕਤ ਕੀਤੀ ਅਤੇ ਹੋਰ ਪੁਲਿਸ ਫੋਰਸ ਵਿਸ਼ੇਸ਼ਕਰ ਕਮਾਂਡੋਜ਼ ਦੀ ਮਦਦ ਨਾਲ ਉਹਨਾਂ ਅਰਹਰ ਦੇ ਖੇਤਾਂ ਨੂੰ ਘੇਰੇ ਵਿਚ ਲੈ ਕੇ ਉਹਨਾਂ ਖੇਤਾਂ ਵਿਚੋਂ ਕਿਰਨਜੀਤ ਦੀ ਦੱਬੀ ਹੋਈ ਲਾਸ਼ ਨੂੰ ਬਰਾਮਦ ਕੀਤਾ। ਇੱਕ ਵਾਰ ਫੇਰ ਮਨੁੱਖਤਾ ਸ਼ਰਮਸਾਰ ਹੁੰਦੀ ਹੈ। ਲੜਕੀ ਦੀ ਲਾਸ਼ ਗਲ-ਸੜ ਚੁੱਕੀ ਸੀ। ਬੜੀ ਮੁਸ਼ਕਿਲ ਨਾਲ ਉਸ ਨੂੰ ਇਕੱਠਾ ਕੀਤਾ ਗਿਆ। ਸੰਘਰਸ਼ ਕਮੇਟੀ ਅਤੇ ਲੋਕਾਂ ਵਿਚ ਇਸ ਗੱਲ ਦਾ ਡਰ ਸੀ ਕਿ ਕਿਤੇ ਲਾਸ਼ ਨੂੰ ਖੁਰਦ-ਬੁਰਦ ਕਰਨ ਦਾ ਯਤਨ ਨਾ ਕੀਤਾ ਜਾਵੇ। ਇਸ ਲਈ ਬਰਨਾਲਾ ਦੇ ਹਸਪਤਾਲ ਵਿਚ ਪੋਸਟ-ਮਾਰਟਮ ਹੋਣ ਤੋਂ ਇਨਕਾਰ ਹੋਣ ’ਤੇ 11 ਅਗਸਤ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਪੋਸਟ-ਮਾਰਟਮ ਲਈ ਇਲਾਕੇ ਦੇ ਲੋਕਾਂ ਦੇ ਦੋ ਟਰੱਕ ਭਰ ਕੇ ਨਾਲ ਗਏ। ਕਾਤਲ ਪਰਿਵਾਰ ਦਾ ਇੱਕ ਦੋਸ਼ੀ ਜਿਸਦੀ ਹੁਣ ਮੌਤ ਹੋ ਚੁੱਕੀ ਹੈ ਉਹ ਵੀ ਪੋਸਟ-ਮਾਰਟਮ ਦੌਰਾਨ ਹਸਪਤਾਲ ਵਿਚ ਘੁੰਮਦਾ ਰਿਹਾ। ਮਿਤੀ 12 ਅਗਸਤ 1997 ਨੂੰ ਕਿਰਨਜੀਤ ਦਾ ਸੰਸਕਾਰ ਕੀਤਾ ਗਿਆ ਜਿਸ ਮੌਕੇ 10 ਤੋਂ 12 ਹਜ਼ਾਰ ਲੋਕ ਮੌਜੂਦ ਸਨ। ਜਿਹਨਾਂ ਨੇ ਗੁੰਡਾ ਪਰਿਵਾਰਾਂ ਅਤੇ ਸਮੇਂ ਦੀਆਂ ਸਿਆਸੀ ਸਰਕਾਰਾਂ ਨੂੰ ਆਪਣੇ ਹਉਕਿਆਂ ਆਪਣੇ ਨਾਅਰਿਆਂ ਨਾਲ ਖੂਬ ਭੰਢਿਆ। ਇੱਕ ਦਿਨ ਦੀ ਤਿਆਰੀ ਦੇ ਬਾਅਦ 14 ਅਗਸਤ ਨੂੰ ਐ¤ਸ.ਐ¤ਸ.ਪੀ. ਬਰਨਾਲਾ ਦੇ ਦਫ਼ਤਰ ਅੱਗੇ ਧਰਨਾ ਲਗਾਇਆ ਗਿਆ ਜਿਸ ਵਿਚ ਲੋਕਾਂ ਦੀ ਗਿਣਤੀ ਪਹਿਲਾਂ ਨਾਲੋਂ ਵਧ ਕੇ ਤਿਗੁਣੀ ਹੋ ਗਈ। ਸ਼ਹਿਰ ਬੰਦ ਰਿਹਾ, ਸਮੁੱਚੇ ਸ਼ਹਿਰ ਵਿਚ ਮੁਜ਼ਾਹਰੇ ਹੋਏ, ਵੱਖ-ਵੱਖ ਸੰਸਥਾਵਾਂ ਵਿਚ ਵੀ ਰੈਲੀਆਂ ਕੀਤੀਆਂ ਗਈਆਂ। ਇਸ ਦਿਨ ਹੀ 15 ਅਗਸਤ ਦੀ ਆਜ਼ਾਦੀ ਦੇ ਜਸ਼ਨਾਂ ਦਾ ਬਾਈਕਾਟ ਕੀਤਾ ਗਿਆ। ਕਮੇਟੀ ਨੇ ਇਹ ਵੀ ਮੰਗ ਰੱਖੀ ਕਿ ਗਰਚਾ ਅਤੇ ਸ਼ੇਖੂ ਜਿਹੇ ਅਫ਼ਸਰਾਂ ਨੂੰ ਸਸਪੈਂਡ ਕੀਤਾ ਜਾਏ। 20 ਅਗਸਤ 1997 ਨੂੰ ਕਿਰਨਜੀਤ ਦਾ ਪਹਿਲਾ ਸ਼ਰਧਾਂਜਲੀ ਸਮਾਗਮ ਮਹਿਲ ਕਲਾਂ ਵਿਖੇ ਕੀਤਾ ਗਿਆ। ਜਿਸ ਵਿਚ ਸਮੁੱਚੇ ਪੰਜਾਬ ਤੋਂ ਇੱਕ ਲੱਖ ਲੋਕਾਂ ਨੇ ਸ਼ਮੂਲੀਅਤ ਕੀਤੀ। ਇਹ ਉਹ ਦਿਨ ਸੀ ਜਿਸ ਦਿਨ ਸੰਤ ਲੌਂਗੋਵਾਲ ਹੋਰਾਂ ਦੀ ਵੀ ਬਰਸੀ ਹੁੰਦੀ ਹੈ ਪਰ ਇਸ ਦਿਨ ਲੋਕ ਵੱਡੀ ਗਿਣਤੀ ਵਿਚ ਲੌਂਗੋਵਾਲ ਦੀ ਬਜਾਏ ਮਹਿਲ ਕਲਾਂ ਪੁੱਜੇ।

ਇਸ ਜ਼ਬਰ ਵਿਰੁੱਧ ਫੇਰ ਅਦਾਲਤੀ ਸੰਘਰਸ਼ ਸ਼ੁਰੂ ਹੁੰਦਾ ਹੈ। ਨਰਾਇਣ ਦੱਤ ਦੱਸਦੇ ਹਨ ਕਿ ਹਰ ਪੇਸ਼ੀ ਤੇ ਉਹਨਾਂ ਨਾਲ 150 ਤੋਂ 200 ਬੰਦੇ ਨਿਯਮਤ ਰੂਪ ਵਿਚ ਆਉਂਦੇ ਰਹੇ। ਭਾਵੇਂ ਕਿ ਪਹਿਲੇ ਸ਼ਰਧਾਂਜਲੀ ਸਮਾਰੋਹ ਵੇਲੇ ਐਕਸ਼ਨ ਕਮੇਟੀ ਨੂੰ ਕਾਤਲ ਪਰਿਵਾਰਾਂ ਨੇ ਡਰਾਇਆ ਧਮਕਾਇਆ ਅਤੇ ਅਧਿਆਪਕ ਆਗੂਆਂ ’ਤੇ ਝੂਠੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ। ਮਿਤੀ 3 ਮਾਰਚ 2001 ਨੂੰ ਅਦਾਲਤ ਨੇ ਫੈਸਲਾ ਸੁਣਾਉਣਾ ਸੀ। ਸੰਘਰਸ਼ ਕਮੇਟੀ ਨੂੰ ਵਕੀਲਾਂ ਕੋਲੋਂ ਸੂਹ ਮਿਲੀ ਕਿ ਕਚਹਿਰੀ ਦੇ ਨੁਮਾਇੰਦੇ ਵਿਕ ਚੁੱਕੇ ਹਨ। ਇਸ ਦਿਨ ਹੀ ਕਾਤਿਲ ਪਰਿਵਾਰ ਦਾ ਮਹਿਲ ਕਲਾਂ ਦੇ ਇੱਕ ਹੋਰ ਪਰਿਵਾਰ ਨਾਲ ਝਗੜਾ ਹੋਣ ਕਾਰਨ, ਇਸ ਝਗੜੇ ਦੀ ਵੀ ਪੇਸ਼ੀ ਸੀ। ਇਹ ਦੋਵੇਂ ਧਿਰਾਂ ਆਪਸ ਵਿਚ ਉਲਝ ਪਈਆਂ। ਬਰਨਾਲੇ ਕਚਹਿਰੀਆਂ ਵਿਚ ਇਸ ਲੜਾਈ ਦੌਰਾਨ ਦੋਸ਼ੀ ਪਰਿਵਾਰ ਵਿਚੋਂ ਦਲੀਪ ਸਿੰਘ ਤੇ ਚਾਰ ਹੋਰ ਫੱਟੜ ਹੋਏ। ਬਾਅਦ ਵਿਚ ਦਲੀਪ ਸਿੰਘ ਦੀ ਮੌਤ ਹੋ ਗਈ। ਇਸ ਝਗੜੇ ਵਿਚ ਐਕਸ਼ਨ ਕਮੇਟੀ ਦੇ ਮੁੱਖ ਮੈਂਬਰ ਨਰਾਇਣ ਦੱਤ, ਮਾਸਟਰ ਪ੍ਰੇਮ ਕੁਮਾਰ ਅਤੇ ਮਨਜੀਤ ਧਨੇਰ ਉ¤ਤੇ ਝੂਠਾ ਕੇ ਕੇਸ ਦਰਜ ਕੀਤਾ ਗਿਆ, ਇਹਨਾਂ ਮੈਂਬਰਾਂ ਨੂੰ ਜਾਣ-ਬੁੱਝ ਕੇ ਇਸ ਝਗੜੇ ਵਿਚ ਲਿਆਂਦਾ ਗਿਆ। ਦੋਸ਼ੀ ਪਰਿਵਾਰ ਨੇ ਇਸ ਮੌਕੇ ਆਪਣਾ ਦਾਅ ਵਰਤ ਲਿਆ। ਇਸੇ ਦਿਨ ਹੀ ਇਹਨਾਂ ਮੈਂਬਰਾਂ ਦੇ ਘਰ ’ਤੇ ਛਾਪੇ ਮਾਰੇ ਗਏ ਪਰ ਕਮੇਟੀ ਜਾਣਦੀ ਸੀ ਕਿ ਨਾ ਪ੍ਰਸ਼ਾਸਨ ਜਥੇਬੰਦੀਆਂ ਨੂੰ ਚੰਗਾ ਸਮਝਦਾ ਹੈ ਤੇ ਦੋਸ਼ੀ ਧਿਰ ਵੀ ਤਾਕ ਵਿਚ ਹੀ ਸੀ। 4 ਮਾਰਚ 2001 ਨੂੰ ਇਸ ਘਟਨਾ ਦੇ ਵਿਰੋਧ ਵਿਚ ਜਥੇਬੰਦੀਆਂ ਨੇ ਕੋਤਵਾਲੀ ਨੂੰ ਘੇਰ ਲਿਆ। ਐ¤ਸ.ਐ¤ਸ.ਪੀ. ਨੇ ਵਿਸ਼ਵਾਸ ਦਿਵਾਇਆ ਕਿ ਇਹ ਬੰਦੇ ਨਿਰਦੋਸ਼ ਹਨ। ਪੜਤਾਲ ਕਰਨ ਦੇ ਬਾਅਦ ਤਿੰਨ ਮੁੱਖ ਮੈਂਬਰਾਂ ਨੂੰ ਖਾਨਾ ਨੰ. 2 ਵਿਚ ਪਾ ਲਿਆ ਅਤੇ ਬਾਕੀਆਂ ਦਾ ਚਲਾਨ ਕਰ ਦਿੱਤਾ ਗਿਆ। ਕਾਤਲ ਪਰਿਵਾਰ ਵਲੋਂ ਮੁੜ ਤੋਂ ਐਫ.ਆਈ.ਆਰ. ਦਰਜ ਕਰਵਾਈ ਗਈ ਤੇ ਤਿੰਨੋਂ ਮੈਂਬਰਾਂ ਨੂੰ ਸੰਮਨ ਭੇਜੇ ਗਏ। ਜਿਸ ਦੇ ਨਤੀਜੇ ਵਜੋਂ ਸਾਥੀ ਮਨਜੀਤ ਧਨੇਰ ਨੂੰ ਸਜ਼ਾ ਹੁੰਦੀ ਹੈ। 16 ਅਗਸਤ 2001 ਦੇ ਫੈਸਲੇ ਵਿਚ ਦੋਸ਼ੀਆਂ ਵਿਚੋਂ ਗੁਰਪ੍ਰੀਤ ਸਿੰਘ ਚੀਨਾ, ਜਗਰਾਜ ਰਾਜੂ, ਪ੍ਰਤਾਪ, ਦੇਸ ਰਾਜ ਨੂੰ ਆਖ਼ਿਰ ਉਮਰ ਕੈਦ ਸਜ਼ਾ ਹੋਈ। ਸਜ਼ਾ ਦੇ ਦੌਰਾਨ ਇਹਨਾਂ ਦੋਸ਼ੀਆਂ ਵਲੋਂ ਹਾਈ ਕੋਰਟ ਵਿਚ ਪਟੀਸ਼ਨਾਂ ਪਾਈਆਂ ਗਈਆਂ ਅਤੇ ਗ਼ੈਰ-ਕਾਨੂੰਨੀ ਢੰਗ ਨਾਲ ਕੁਝ ਦੋਸ਼ੀਆਂ ਨੂੰ ਨਾਬਾਲਿਗ ਸਾਬਿਤ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ।

ਸਾਲ 2001 ਤੋਂ 2005 ਦੇ ਦਰਮਿਆਨ ਉਕਤ ਸੰਘਰਸ਼ਸ਼ੀਲ ਮੈਂਬਰਾਂ ਦੇ ਹੱਕ ਵਿਚ ਲਗਾਤਾਰ ਲੋਕ-ਸੰਘਰਸ਼ ਕਾਇਮ ਰਿਹਾ ਤੇ ਲੋਕ ਇਹਨਾਂ ਦੇ ਹੱਕ ਵਿਚ ਉਸੇ ਤਰ੍ਹਾਂ ਪੇਸ਼ੀਆਂ ’ਤੇ ਆਉਂਦੇ ਰਹੇ। ਮਾਰਚ 2005 ਦੇ ਹੋਣ ਵਾਲੇ ਫੈਸਲੇ ਸਬੰਧੀ ਸੰਘਰਸ਼ ਕਮੇਟੀ ਨੇ ਅਗਾਊਂ ਮੀਟਿੰਗ ਕਰ ਲਈ ਸੀ ਜਿਸ ਵਿਚ ਵਿਚਾਰਾਂ ਹੋਈਆਂ ਕਿ ਅਦਾਲਤ ਵਲੋਂ ਕਿਸੇ ਲੋਕ-ਪੱਖੀ ਫੈਸਲੇ ਦੀ ਆਸ ਨਹੀਂ। ਇਸ ਵਕਤ ਤੱਕ ਮੌਜੂਦ ਜੱਜਾਂ ਦਾ ਰਵੱਈਆ ਵੀ ਬਦਲ ਚੁੱਕਿਆ ਸੀ। ਕਮੇਟੀ ਮੈਂਬਰ ਦੱਸਦੇ ਹਨ ਮਿਤੀ 28 ਮਾਰਚ 2005 ਦੇ ਫੈਸਲੇ ਦੇ ਦਿਨ ਸਾਰੀਆਂ ਕਚਹਿਰੀਆਂ ਨੂੰ ਸੀਲ ਕਰ ਦਿੱਤਾ ਗਿਆ। ਇਸ ਫੈਸਲੇ ਵਿਚ ਸੰਘਰਸ਼ ਕਮੇਟੀ ਦੇ ਤਿੰਨ ਮੁੱਖ ਆਗੂਆਂ ਸਮੇਤ ਸੁਖਵਿੰਦਰ ਸਿੰਘ, ਲਾਭ ਸਿੰਘ, ਬਖਤੌਰ ਸਿੰਘ, ਅਵਤਾਰ ਸਿੰਘ ਨੂੰ ਦਫ਼ਾ 302 ਅਧੀਨ ਦੋਸ਼ੀ ਕਰਾਰ ਦੇ ਦਿੱਤਾ ਗਿਆ। ਸੈਂਕੜੇ ਲੋਕਾਂ ਨੇ ਇਸ ਫੈਸਲੇ ਨੂੰ ਸੁਣਿਆ। ਇੱਕ ਵਾਰ ਫੇਰ ਲੋਕਤੰਤਰ ਦੀ ਖਿੱਲੀ ਉਡਾ ਦਿੱਤੀ ਗਈ। ਕਨਵੀਨਰ ਸਾਥੀ ਨਰਾਇਣ ਦੱਤ ਹੋਰਾਂ ਨੇ ਸੰਘਰਸ਼ ਕਮੇਟੀ ਦੀ ਕਮਾਨ ਸਾਥੀ ਭਗਵੰਤ ਸਿੰਘ ਹੋਰਾਂ ਦੇ ਹੱਥ ਵਿਚ ਦੇ ਦਿੱਤੀ। ਇਸੇ ਸਮੇਂ ਕਚਹਿਰੀਆਂ ਦੇ ਬਾਹਰ ਦਰੱਖਤਾਂ ਹੇਠਾਂ ਸੰਘਰਸ਼ਸ਼ੀਲ ਲੋਕਾਂ ਨੇ ਭਰਵੀਂ ਰੈਲੀ ਕੀਤੀ ਅਤੇ ਪੂਰੇ ਸ਼ਹਿਰ ਵਿਚ ਇਸ ਖਿਲਾਫ਼ ਰੋਸ ਮੁਜ਼ਾਹਰੇ ਕੀਤੇ। 30 ਮਾਰਚ ਨੂੰ ਅਦਾਲਤ ਨੇ ਸੱਤਾਂ ਆਗੂਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਇਸ ਦਿਨ ਫੇਰ ਸਜ਼ਾ ਖਿਲਾਫ਼ ਔਰਤਾਂ ਨੇ ਕਾਲੀਆਂ ਚੁੰਨੀਆਂ ਤੇ ਮਰਦਾਂ ਨੇ ਕਾਲੀਆਂ ਪੱਟੀਆਂ ਨਾਲ ਸ਼ਹਿਰ ਵਿਚ ਮੁਜ਼ਾਹਰਾ ਕੀਤਾ ਤੇ ਨਿਆਂ ਪ੍ਰਣਾਲੀ ਨੂੰ ਭੰਢਿਆ। ਲੋਕਾਂ ਦੇ ਰੋਹ ਦੇ ਮੁੜ ਉਮੜਨ ’ਤੇ ਇਹ ਲੜਾਈ ਇੱਕ ਨਵਾਂ ਮੋੜ ਲੈ ਲੈਂਦੀ ਹੈ।

ਇਸ ਦੇ ਬਾਅਦ ਸੰਘਰਸ਼ ਕਮੇਟੀ ਨੇ 21 ਮਾਰਚ 2006 ਨੂੰ ਚੰਡੀਗੜ੍ਹ ਵਿਖੇ ਭਰਵਾਂ ਮੁਜ਼ਾਹਰਾ ਕੀਤਾ। ਇਸ ਵਿਚ ਸਾਲ 1997 ਵਾਂਗ ਹੀ ਅਣਗਿਣਤ ਲੋਕ ਸ਼ਾਮਿਲ ਹੋਏ ਅਤੇ ਸੰਘਰਸ਼ ਕਾਫ਼ੀ ਹੱਦ ਤੱਕ ਆਪਣਾ ਸੁਨੇਹਾ ਦੇਣ ਵਿਚ ਕਾਮਯਾਬ ਹੋ ਗਿਆ। ਅਗਲੇ ਸਾਲ 25 ਜੁਲਾਈ 2007 ਨੂੰ ਰਾਜਪਾਲ ਨੇ ਆਪਣੀਆਂ ਸ਼ਕਤੀਆਂ ਵਰਤਦੇ ਹੋਏ ਸਾਥੀ ਨਰਾਇਣ ਦੱਤ, ਸਾਥੀ ਪ੍ਰੇਮ ਕੁਮਾਰ ਹੋਰਾਂ ਨੂੰ ਮੁਆਫ਼ੀ ਦਿੰਦਿਆਂ ਮੁੜ ਨੌਕਰੀ ’ਤੇ ਬਹਾਲ ਕਰ ਦਿੱਤਾ। ਕਾਤਲਾਂ ਨੇ ਮੁੜ ਤੋਂ ਗਵਰਨਰ ਦੇ ਫੈਸਲੇ ਖਿਲਾਫ਼ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ। ਕਿਸੇ ਸਿਧਾਂਤਕ ਦੋਸ਼ ਦੇ ਆਧਾਰ ’ਤੇ ਗਵਰਨਰ ਦੇ ਫੈਸਲੇ ਨੂੰ ਹਾਈ ਕੋਰਟ ਰੱਦ ਕਰ ਦਿੰਦੀ ਹੈ। ਜਿਸ ਵਿਚ ਮਨਜੀਤ ਧਨੇਰ ਤੇ ਹੋਰ ਸਾਥੀਆਂ ਨੂੰ ਸਜ਼ਾ ਫੇਰ ਬਹਾਲ ਹੋ ਜਾਂਦੀ ਹੈ। ਸੰਘਰਸ਼ ਕਮੇਟੀ ਇਸ ਫੈਸਲੇ ’ਤੇ ਸੁਪਰੀਮ ਕੋਰਟ ਵਿਚ ਗਈ, ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਫੈਸਲੇ ਨੂੰ ਗਲਤ ਠਹਿਰਾਉਂਦਿਆਂ ਗਵਰਨਰ ਦੇ ਨੋਟੀਫਿਕੇਸ਼ਨ ’ਤੇ ਸਟੇਅ ਦੇ ਦਿੱਤੀ ਜਿਸ ਕਰਕੇ ਬਾਕੀ ਸਾਥੀ ਵੀ ਜੇਲ੍ਹ ਜਾਣ ਤੋਂ ਬਚ ਗਏ। ਇਹ ਅਹੁਦੇ ਦੇ ਮਾਣ ਦਾ ਮਾਮਲਾ ਹੋਣ ਕਾਰਨ ਦੋ ਸਾਲ ਤੱਕ ਹੋਰ ਚਲਦਾ ਗਿਆ। ਇੱਥੇ ਫਿਰ ਸੁਪਰੀਮ ਕੋਰਟ ਨੇ ਇਤਿਹਾਸਕ ਫੈਸਲਾ ਦਿੱਤਾ ਸੀ ਕਿ ਸਾਥੀ ਮਨਜੀਤ ਧਨੇਰ ਨੂੰ ਪੱਕੀ ਜ਼ਮਾਨਤ ਦੇ ਦਿੱਤੀ। ਹੁਣ ਇਸ ਸਬੰਧੀ ਸੰਘਰਸ਼ ਕਮੇਟੀ ਸੁਪਰੀਮ ਕੋਰਟ ਦੇ ਫੈਸਲੇ ਦੀ ਉਡੀਕ ਵਿਚ ਹੈ। ਸੁਪਰੀਮ ਕੋਰਟ ਵਿਚ ਜਿੱਥੇ ਉ¤ਚੀਆਂ ਫੀਸਾਂ ਤਾਰਨੀਆਂ ਪੈਂਦੀਆਂ ਹਨ। ਸਾਥੀ ਮਾਸਟਰ ਪ੍ਰੇਮ ਕੁਮਾਰ ਹੋਰਾਂ ਦਾ ਕਹਿਣਾ ਹੈ ਕਿ ਇਸ ਕੰਮ ਲਈ ਜਥੇਬੰਦੀਆਂ ਪੂਰੀ ਤਰ੍ਹਾਂ ਤਿਆਰ ਹਨ ਅਤੇ ਇਸ ਸੰਘਰਸ਼ ਦੌਰਾਨ ਬੇਕਸੂਰ ਫਸੇ ਹੋਏ ਸਾਥੀਆਂ ਨੂੰ ਹਰ ਕੀਮਤ ’ਤੇ ਛੁਡਵਾਇਆ ਜਾਵੇਗਾ। ਹੁਣ 12 ਅਗਸਤ 2015 ਨੂੰ ਜਬਰ ਖਿਲਾਫ਼ ਲੜੀ ਸ਼ਹੀਦ ਕਿਰਨਜੀਤ ਕੌਰ ਦੀ 18ਵੀਂ ਬਰਸੀ ਦਾਣਾ ਮੰਡੀ ਮਹਿਲ ਕਲਾਂ ਵਿਖੇ ਮਨਾਈ ਜਾ ਰਹੀ ਹੈ। ਲੱਖਾਂ ਦੀ ਤਾਦਾਦ ਵਿਚ ਲੋਕ ਪਹੁੰਚ ਰਹੇ ਹਨ। ਸਾਥੀ ਨਰਾਇਣ ਦੱਤ ਕਹਿੰਦੇ ਹਨ ਕਿ ਇਹ ਸੰਘਰਸ਼ ਲੋਕਾਂ ਦੀ ਲੜਾਈ ਸੀ ਤੇ ਲੋਕਾਂ ਨੇ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਨੂੰ ਕਦੇ ਵੀ ਪੈਸੇ ਦੀ ਤੋਟ ਨਹੀਂ ਆਉਣ ਦਿੱਤੀ। ਇਥੋਂ ਤੱਕ ਕਿ ਵਿਦੇਸ਼ਾਂ ਵਿਚੋਂ ਵੱਡੀ ਮਾਤਰਾ ਵਿਚ ਇਸ ਸੰਘਰਸ਼ ਲਈ ਪੈਸਾ ਆਇਆ। ਸਾਥੀਆਂ ਦਾ ਕਹਿਣਾ ਹੈ ਕਿ ਏਸ ਸੰਘਰਸ਼ ਵਿਚ 60 ਲੱਖ ਤੋਂ ਉਪਰ ਪੈਸਾ ਲੱਗ ਚੁੱਕਿਆ ਹੈ ਅਤੇ ਉਹਨਾਂ ਕੋਲ 13 ਲੱਖ ਰੁਪਏ ਅਜੇ ਵੀ ਜਮ੍ਹਾ ਹੈ। ਲੋੜ ਪੈਣ ’ਤੇ ਹੋਰ ਫੰਡ ਵੀ ਮਿਲ ਜਾਵੇਗਾ ਪਰ ਇਹ ਲੋਕ-ਘੋਲ ਅਜਾਈਂ ਨਹੀਂ ਜਾਵੇਗਾ। ਮਾਸਟਰ ਪ੍ਰੇਮ ਕੁਮਾਰ ਦੱਸਦੇ ਹਨ ਕਿ ਜੇਲ੍ਹ ਦੇ ਦੌਰਾਨ ਉਹਨਾਂ ਨੂੰ ਬਹੁਤ ਡਰਾਇਆ ਤੇ ਧਮਕਾਇਆ ਗਿਆ। ਇਹੀ ਨਹੀਂ ਪੂਰੇ 31 ਮਹੀਨੇ ਇਹਨਾਂ ਅਧਿਆਪਕ ਆਗੂਆਂ ਨੂੰ ਤਨਖਾਹ ਤੋਂ ਵੀ ਵਾਂਝਾ ਰਹਿਣਾ ਪਿਆ। ਕਿੰਨਾ ਵੱਡਾ ਸੰਦੇਸ਼ ਦਿੰਦਾ ਹੈ ਇਹ ਸੰਘਰਸ਼! ਕਿ ਜਥੇਬੰਦੀਆਂ ਇਹਨਾਂ ਅਧਿਆਪਕ ਆਗੂਆਂ ਦੇ ਪਰਿਵਾਰਾਂ ਨੂੰ ਉਦੋਂ ਤੱਕ ਤਨਖਾਹ ਦੇ ਬਰਾਬਰ ਦਾ ਫੰਡ ਮਹੀਨੇਵਾਰ ਇਕੱਠਾ ਕਰ ਕੇ ਦਿੰਦੀਆਂ ਰਹੀਆਂ ਜਦੋਂ ਤੱਕ ਇਹਨਾਂ ਆਗੂਆਂ ਦੀ ਨੌਕਰੀ ਮੁੜ ਬਹਾਲ ਨਾ ਹੋਈ। ਨੌਕਰੀ ਦੀ ਬਹਾਲੀ ’ਤੇ ਇਹਨਾਂ ਆਗੂਆਂ ਨੇ ਕਮੇਟੀ ਨੂੰ ਇਹ ਸਾਰਾ ਫੰਡ ਵਾਪਿਸ ਕਰ ਦਿੱਤਾ ਭਾਵੇਂ ਕਿ ਕਮੇਟੀ ਇਹ ਫੰਡ ਵਾਪਿਸ ਲੈਣ ਲਈ ਤਿਆਰ ਨਹੀਂ ਸੀ।

ਬਰਨਾਲਾ ਤਰਕਸ਼ੀਲ ਸੁਸਾਇਟੀ ਦੇ ਆਗੂਆਂ ਮੇਘ ਰਾਜ ਮਿੱਤਰ ਅਤੇ ਉਹਨਾਂ ਦੇ ਬੇਟੇ ਸ੍ਰੀ ਅਮਿੱਤ ਮਿੱਤਰ ਜਿਹੜੇ ਕਿ ਏਸ ਸੰਘਰਸ਼ ਵਿਚ ਹਮੇਸ਼ਾ ਸਾਥ ਦਿੰਦੇ ਰਹੇ ਹਨ। ਅਮਿੱਤ ਮਿੱਤਰ ਕਹਿੰਦੇ ਹਨ ਕਿ ਏਸ ਸੰਘਰਸ਼ ਵਿਚ ਸ਼ੁਰੂ ਤੋਂ ਹੀ ਸਥਾਨਕ ਪ੍ਰੈ¤ਸ ਦਾ ਰੋਲ ਬਹੁਤ ਹੀ ਹਾਂ-ਪੱਖੀ ਰਿਹਾ। ਕਿਰਨਜੀਤ ਦੀ ਲਾਸ਼ ਬਰਾਮਦ ਹੋਣ ਤੋਂ ਪਹਿਲਾਂ ਹੀ 4 ਅਗਸਤ 1997 ਤੱਕ ਪੰਜਾਬੀ ਅਤੇ ਹਿੰਦੀ ਦੇ ਸਾਰੇ ਅਖ਼ਬਾਰਾਂ ਨੇ ਇਸ ਘਿਨੌਣੇ ਕਾਂਡ ਵਿਰੁੱਧ ਹਾਂ-ਪੱਖੀ ਆਵਾਜ਼ ਉਠਾਈ। ਉਸ ਤੋਂ ਬਾਅਦ 8 ਅਗਸਤ ਤੋਂ ਇਹ ਪੱਖ ਹੋਰ ਵੀ ਆਜ਼ਾਦ ਰੂਪ ਵਿਚ ਸਾਹਮਣੇ ਆਉਂਦਾ ਹੈ। ‘ਇੰਡੀਅਨ ਐਕਸਪ੍ਰੈਸ’ ਵਲੋਂ ਐ¤ਸ.ਪੀ. ਸਿੰਘ ਨੇ ਇਲਾਕੇ ਦਾ ਦੌਰਾ ਕੀਤਾ ਅਤੇ ਇਸ ਕਾਂਡ ਵਿਰੁੱਧ ਲੋਕ-ਪੱਖੀ ਸੰਘਰਸ਼ ਦੇ ਹੱਕ ਵਿਚ ਜੰਮ ਕੇ ਲਿਖਿਆ। ਉਸ ਦੇ ਬਾਅਦ ਅੰਗਰੇਜ਼ੀ ਅਖ਼ਬਾਰ ਇਸ ਪੱਖ ਵਿਚ ਨਿੱਤਰ ਆਏ ਅਤੇ ਇਲਾਕੇ ਦੇ ਉ¤ਘੇ ਪੱਤਰਕਾਰ ਸ੍ਰੀ ਨੀਲ ਕਮਲ ਹੋਰਾਂ ਨੇ ਚੰਗੀ ਭੂਮਿਕਾ ਨਿਭਾਈ। ਇਸ ਤੋਂ ਇਲਾਵਾ ਰਾਸ਼ਟਰੀ ਪੱਧਰ ’ਤੇ ਵਿਕਾਸ ਕੋਹਲ, ਅੰਮ੍ਰਿਤਾ ਚੌਧਰੀ ਨੇ ਵੀ ਲੋਕ-ਘੋਲ ਦੇ ਹੱਕ ਵਿਚ ਡਟ ਕੇ ਲਿਖਿਆ।

ਇਸ ਘੋਲ ਦੇ ਆਗੂਆਂ ਦਾ ਕਹਿਣਾ ਹੈ ਕਿ ਇਸ ਲੜਾਈ ਵਿਚ ਸਾਡੇ ਹਰਮਨ ਪਿਆਰੇ ਨਾਟਕਕਾਰ ਗੁਰਸ਼ਰਨ ਭਾਜੀ, ਕੰਵਲਜੀਤ ਖੰਨਾ ਅਤੇ ਮੇਘ ਰਾਜ ਮਿੱਤਰ ਨੇ ਸਾਨੂੰ ਵਿਸ਼ੇਸ਼ ਸਹਿਯੋਗ ਦਿੱਤਾ ਹੈ। ਗੁਰਸ਼ਰਨ ਭਾਜੀ ਹੋਰਾਂ ਨੇ ਇਸ ਲੋਕ-ਘੋਲ ਦੇ ਹੱਕ ਵਿਚ ਥਾਂ-ਥਾਂ, ਪਿੰਡ-ਪਿੰਡ ਨਾਟਕ ਖੇਡੇ। ਦਲਜੀਤ ਅਮੀ ਨੇ ਸ਼ਹੀਦ ਕਿਰਨਜੀਤ ’ਤੇ ‘ਹਰ ਮਿੱਟੀ ਕੁੱਟਿਆਂ ਨਹੀਂ ਭੁਰਦੀ’ ਨਾਂ ਦੀ ਫਿਲਮ ਵੀ ਬਣਾਈ ਹੈ। ਇਹ ਸਾਰੇ ਕਮੇਟੀ ਦੇ ਡਿਫੈਂਸ ’ਤੇ ਰਹੇ ਜਦੋਂ ਕਿ ਬਾਕੀ ਜਥੇਬੰਦੀਆਂ ਐਕਸ਼ਨ ਕਮੇਟੀ ਵਿਚ ਸ਼ਾਮਿਲ ਸਨ। ਮੁੱਖ ਰੂਪ ਵਿਚ ਉਪਰੋਕਤ ਆਗੂਆਂ ਤੋਂ ਇਲਾਵਾ ਸਾਥੀ ਭਗਵੰਤ ਸਿੰਘ, ਮਾਸਟਰ ਮੋਹਨ ਸਿੰਘ, ਮਲਕੀਤ ਸਿੰਘ ਵਜੀਦਕੇ, ਗੁਰਦੇਵ ਸਿੰਘ ਸਹਿਜੜਾ, ਕੁਲਵੰਤ ਰਾਏ ਪੰਡੋਰੀ, ਅਮਰਜੀਤ ਕੁੱਕੂ, ਨਿਹਾਲ ਸਿੰਘ, ਅਧਿਆਪਕ ਆਗੂ ਹਰਚਰਨ ਸਿੰਘ ਚੰਨਾ, ਪ੍ਰੀਤਮ ਦਰਦੀ, ਸੁਰਿੰਦਰ ਸਿੰਘ ਅਤੇ ਮੌਜੂਦਾ ਕਨਵੀਨਰ ਗੁਰਵਿੰਦਰ ਸਿੰਘ ਕਲਾਲਾ ਅਤੇ ਸਾਥੀ ਜਰਨੈਲ ਸਿੰਘ ਇਸ ਐਕਸ਼ਨ ਕਮੇਟੀ ਵਿਚ ¦ਮੇ ਘੋਲ ਲਈ ਡਟੇ ਹੋਏ ਹਨ। ਅਧਿਆਪਕ ਦਲ ਦੇ ਮੈਂਬਰਾਂ ਨੇ ਵੀ ਜਥੇਬੰਦੀਆਂ ਨਾਲ ਮੁੱਢ ਤੋਂ ਵਿਸ਼ੇਸ਼ ਭੂਮਿਕਾ ਨਿਭਾਈ ਹੈ। ਭਾਵੇਂ ਉਹਨਾਂ ਨੂੰ ਕਈ ਕਿਸਮ ਦੇ ਨੁਕਸਾਨ ਵੀ ਉਠਾਉਣੇ ਪਏ। ਇਹ ਲੋਕ-ਸੰਘਰਸ਼ ਕਿਰਨਜੀਤ ਤੋਂ ਬਾਅਦ ਵਾਪਰਨ ਵਾਲੇ ਖਾਸਕਰ ਪਿੰਕੀ ਕਾਂਡ ਬਰੇਟਾ, ਸ਼ਰੂਤੀ ਕਾਂਡ ਫਰੀਦਕੋਟ ਅਤੇ ਦਾਮਿਨੀ ਕਾਂਡ ਦਿੱਲੀ ਦੇ ਸੰਘਰਸ਼ਾਂ ਦਾ ਆਧਾਰ ਵੀ ਬਣਿਆ ਅਤੇ ਇਸ ਅਣਮਨੁੱਖੀ ਕਾਰਵਾਈ ਵਿਰੁੱਧ ਸਮੁੱਚੇ ਸੰਸਾਰ ਵਿਚ ਇਸ ਲੋਕ-ਘੋਲ ਦਾ ਸੁਨੇਹਾ ਵੀ ਗਿਆ। ਇਸ ਸਬੰਧ ਵਿਚ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਦੇਸ਼ ਭਗਤ ਯਾਦਗਾਰ ਹਾਲ ਕਮੇਟੀ ਜ¦ਧਰ ਇਸ ਸੰਘਰਸ਼ ਦੇ ਪਿੱਛੇ ਇਕ ਥੰਮ੍ਹ ਵਜੋਂ ਕੰਮ ਕਰਦੀ ਹੈ। ਹਰ ਸਾਲ ਕਿਰਨਜੀਤ ਦੇ ਸ਼ਰਧਾਂਜਲੀ ਸਮਾਰੋਹ ਵਿਚ ਇਹਨਾਂ ਸਮੁੱਚੀਆਂ ਲੋਕ-ਪੱਖੀ ਸੰਸਥਾਵਾਂ ਵਲੋਂ ਔਰਤਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਕਮੇਟੀ ਹੁਣ ਤੱਕ ਲੋਹਾਖੇੜੇ ਵਾਲੀ ਲੜਕੀ ਮੰਜੂ, ਡਾ. ਹਰਸ਼ਿੰਦਰ ਕੌਰ, ਸ਼ਰੂਤੀ ਦੇ ਪਰਿਵਾਰ, ਡਾ. ਅਰੀਤ ਕੌਰ (ਗੁਰਸ਼ਰਨ ਭਾਜੀ ਦੀ ਬੇਟੀ) ਨੂੰ ਸਨਮਾਨਿਤ ਕਰ ਚੁੱਕੀ ਹੈ। ਇਸ ਵਾਰ ਅਠਾਰਵੇਂ ਸਮਾਗਮ ਵਿਚ ਹਰਦੀਪ ਕੌਰ ਕੋਟਲਾ ਨੂੰ ਸਨਮਾਨਿਤ ਕੀਤਾ ਜਾਵੇਗਾ। ਕਮੇਟੀ ਦੱਸਦੀ ਹੈ ਕਿ ਹਰ ਸਾਲ ਇਕੱਠ ਕਦੇ ਘਟਿਆ ਨਹੀਂ ਸਗੋਂ ਵਧਿਆ ਹੈ। ਇਸ ਸੰਘਰਸ਼ ਵਿਚ ਸਿਰਫ਼ ਇੱਕ ਵਾਰ ਕਾਂਗਰਸੀ ਨੁਮਾਇੰਦੇ ਨੇ ਕੁਝ ਪੈਸੇ ਦਿੱਤੇ ਸਨ ਬਾਕੀ ਸਾਰਾ ਪੈਸਾ ਸਿਰਫ਼ ਤੇ ਸਿਰਫ਼ ਲੋਕਾਂ ਦਾ ਹੈ। ਇਲਾਕੇ ਦੇ ਜੁਝਾਰੂ ਲੋਕਾਂ ਦਾ ਹੌਸਲਾ ਵੇਖੋ। ਜਨਤਕ ਜਥੇਬੰਦੀਆਂ ਦਾ ਘੇਰਾ ਵਧਦਾ ਗਿਆ। ਸਿਆਸੀ ਲੋਕ ਘਟਦੇ ਗਏ। ਹਾਂ, ਪਿਛਲੇ ਸਾਲ ਭਗਵੰਤ ਮਾਨ ਜ਼ਰੂਰ ਆਏ ਸਨ। ਕਮੇਟੀ ਨੇ ਕਦੇ ਕਿਸੇ ਨੂੰ ਵਿਸ਼ੇਸ਼ ਤੌਰ ’ਤੇ ਬੁਲਾਇਆ ਵੀ ਨਹੀਂ। ਹਰ ਕੋਈ ਆਪ ਹੀ ਆਉਂਦਾ ਹੈ।

ਪਿਛਲੇ ਦਿਨਾਂ ਵਿਚ ਸਰਕਾਰ ਦੀ ਇੱਕ ਹੋਰ ਲੋਕ-ਵਿਰੋਧੀ ਸਾਜ਼ਿਸ਼ ਸਾਹਮਣੇ ਆਈ ਕਿ ਸ਼ਹੀਦ ਬੀਬੀ ਕਿਰਨਜੀਤ ਕੌਰ ਸੀਨੀ. ਸੈਕੰ. ਸਕੂਲ ਦੇ ਅੱਗਿਓਂ ‘ਸ਼ਹੀਦ ਬੀਬੀ ਕਿਰਨਜੀਤ ਕੌਰ’ ਸ਼ਬਦ ਹਟਾ ਦਿੱਤੇ ਗਏ ਕਿ ਹਾਲੇ ਸੁਪਰੀਮ ਕੋਰਟ ਨੇ ਫੈਸਲਾ ਦੇਣਾ ਹੈ। ਪਰ ਸਮੁੱਚੀ ਲੋਕਾਈ ਗਵਾਹ ਹੈ ‘ਜਿਹਨਾਂ ਨੇ ਇਸ ਘਿਨੌਣੇ ਕਾਂਡ ਨੂੰ ਅੰਜਾਮ ਦਿੱਤਾ’। ਕੀ ਸਰਕਾਰ ਅਪਰਾਧੀਆਂ ਦੇ ਹੱਕ ਵਿਚ ਖੜ੍ਹ ਰਹੀ ਹੈ? ਅਨੇਕਾਂ ਸਵਾਲ ਉੱਠਦੇ ਹਨ। ਮਾਸਟਰ ਪ੍ਰੇਮ ਕੁਮਾਰ ਕਹਿੰਦੇ ਹਨ ਇਹ ਇਤਿਹਾਸ ਨੂੰ ਮਿਟਾਉਣ ਦੀ ਕੋਸ਼ਿਸ਼ ਹੈ ਪਰ ਇਤਿਹਾਸ ਨੂੰ ਕਦੇ ਵੀ ਮੇਟਿਆ ਨਹੀਂ ਜਾ ਸਕਦਾ। ਸਾਡੀ ਸਦੀ  ਦੇ ਲੋਕ ਕਵੀ ਸੰਤ ਰਾਮ ਉਦਾਸੀ ਦੀਆਂ ਸਤਰਾਂ ਹਨ :
‘‘ਅਸੀਂ ਜੜ੍ਹ ਨਾ ਜ਼ੁਲਮ ਦੀ ਛੱਡਣੀ ਤੇ ਸਾਡੀ ਭਾਵੇਂ ਜੜ੍ਹ ਨਾ ਰਹੇ
ਲੋਕ ਵੇ! ਅੱਗ ਵਿਚ ਜ਼ਿੰਦੜੀ ਨੂੰ ਦੇਣਾ ਝੋਕ ਵੇ….।’’

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>