ਵਰਤਮਾਨ ਮਨੁੱਖ ਖਪਤਕਾਰੀ ਤੋਂ ਅਾਤਮ ਹੱਤਿਆ ਤੱਕ

ਗੁਰਚਰਨ ਸਿੰਘ ਪੱਖੋਕਲਾਂ                      

ਕਹਿਣ ਨੂੰ ਤਾਂ ਭਾਵੇਂ ਵਰਤਮਾਨ ਸਮੇਂ ਨੂੰ ਤਰੱਕੀ ਦਾ ਯੁੱਗ ਕਿਹਾ ਜਾ ਰਹਾ ਹੈ ਪਰ ਦੂਰ ਦੀ ਨਿਗਾਹ ਨਾਲ ਦੇਖੀਏ ਤਾਂ ਵਰਤਮਾਨ ਮਨੁੱਖ ਖਪਤਕਾਰੀ  ਦੀ ਲਾਇਲਾਜ ਬਿਮਾਰੀ ਦੇ ਚੱਕਰ ਵਿੱਚ ਫਸ ਗਿਆ ਲੱਗਦਾ ਹੈ। ਜਦ ਵੀ ਅਸੀਂ ਜਾਨਵਰਾਂ ਅਤੇ ਮਨੁੱਖਾਂ ਵਿੱਚ ਫਰਕ ਕਰਦੇ ਹਾਂ ਤਦ ਇਨਸਾਨ ਅਜਾਦ ਸੋਚ ਦਾ ਮਾਲਕ ਦਰਸਾਇਆਂ ਜਾਂਦਾ ਹੈ ਅਤੇ ਜਾਨਵਰਾਂ ਨੂੰ ਬੇਅਕਲ ਕੁਦਰਤ ਦੇ ਭੇਤਾਂ ਤੋਂ ਅਣਜਾਣ ਦੱਸਿਆ ਜਾਂਦਾ ਹੈ। ਕੀ ਅਜਾਦ ਸੋਚ ਵੀ ਗੁਲਾਮੀ ਦੇ ਰਸਤੇ ਤੇ ਹੀ ਸਫਰ ਕਰਦੀ ਹੈ ਜਦੋਂ ਕਿ ਦੂਸਰੇ ਪਾਸੇ ਬੇਅਕਲ ਜਾਨਵਰ ਕੁਦਰਤ ਦੇ ਅਨੁਸਾਰ ਚਲਦੇ ਹੋਏ ਖਪਤਕਾਰੀ ਤੋਂ ਕੋਹਾਂ ਦੂਰ ਬਿਨਾਂ ਕਿਸੇ ਦੁਨਿਆਵੀ ਦਿਖਾਵਿਆਂ ਦੇ ਵਰਤਮਾਨ ਲੋੜਾਂ ਅਨੁਸਾਰ ਜਿੰਦਗੀ ਜਿਉਂਦੇ ਹਨ। ਦੁਨੀਆਂ ਦਾ ਸਿਆਣਾਂ ਅਕਲਮੰਦ ਐਲਾਨਿਆਂ ਮਨੁੱਖ ਗੁਲਾਮੀ ਦਰ ਗੁਲਾਮੀ ਹੰਢਾਉਂਦਾਂ ਹੋਇਆਂ ਦੂਸਰਿਆਂ ਤੋਂ ਵੱਡਾ ਦਿਖਾਈ ਦੇਣ ਲਈ ਕੋਹਲੂ ਦਾ ਬੈਲ ਬਣਕੇ ਖਪਤਕਾਰੀ ਵਿੱਚ ਫਸ ਜਾਂਦਾ ਹੈ। ਵਰਤਮਾਨ ਸਮੇਂ ਦੀ ਤਕਨੀਕ ਹਰ ਵਕਤ ਮਨੁੱਖੀ ਅੱਖਾਂ ਅੱਗੇ ਨੱਚਦੀ ਟੱਪਦੀ ਬੋਲਦੀ ਰਹਿੰਦੀ ਹੈ। ਮਨੁੱਖ ਦੇ ਕੰਨ ਹਰ ਵਕਤ ਮਸਹੂਰੀ ਯੁੱਧ ਦੇ ਨਾਅਰੇ ਸੁਣਦੇ ਹਨ ਅਤੇ ਅੱਖਾਂ ਨਾਲ ਹਰ ਵਕਤ ਖਪਤਕਾਰੀ ਵਸਤਾਂ ਦੀ ਨੁਮਾਇਸ ਹੀ ਦੇਖਦੇ ਹਨ। ਇਹ ਸਭ ਮਨੁੱਖੀ ਦਿਮਾਗ ਨੂੰ ਏਨਾਂ ਕੁ ਧੋ ਚੁੱਕੀਆਂ ਹਨ ਜਿਸ ਨਾਲ ਉਸਨੂੰ ਮਹਿਸੂਸ ਹੀ ਇਸ ਤਰਾਂ ਹੁੰਦਾਂ ਹੈ ਕਿ ਜਿਵੇਂ ਉਹ ਇੰਹਨਾਂ ਵਸਤਾਂ ਤੋਂ ਬਿਨਾਂ ਅਧੂਰਾ ਹੈ ਜਦੋਂਕਿ ਕੁਦਰਤ ਨੇ ਉਸਨੂੰ ਆਪਣੇ ਆਪ ਵਿੱਚ ਹੀ ਪੂਰਾ ਬਣਾਇਆ ਹੈ। ਮਨੁੱਖ ਕੁਦਰਤ ਵੱਲ ਦੇਖਦਾ ਨਹੀਂ ਕੁਦਰਤ ਅਨੁਸਾਰ ਤੁਰਦਾ ਨਹੀਂ ਸਗੋਂ ਇਸਦੇ ਉਲਟ ਇਹ ਸਮਝਦਾ ਹੈ ਕਿ ਉਸ ਦੇ ਕੁੱਝ ਕੀਤੇ ਬਿਨਾਂ ਇਹ ਦੁਨੀਆਂ ਨਸਟ ਹੋ ਜਾਵੇਗੀ। ਅਸਲ ਵਿੱਚ ਦੰਦ ਕਥਾਵਾਂ ਦੇ ਕਹਿਣ ਅਨੁਸਾਰ ਕਿ ਟਟੀਹਰੀ ਸਮਝਦੀ ਹੈ ਕਿ ਅਕਾਸ਼ ਉਸਦੀਆਂ ਟੰਗਾਂ ਦੇ ਸਹਾਰੇ ਹੀ ਖੜਾ ਹੈ ਜਿਸ ਕਾਰਣ ਉਹ ਸੌਣ ਲੱਗਿਆਂ ਵੀ ਟੰਗਾਂ ਅਸਮਾਨ ਵੱਲ ਕਰੀ ਰੱਖਦੀ ਹੈ ਅਤੇ ਇਸ ਤਰਾਂ ਹੀ ਮਨੁੱਖ ਸੋਚਦਾ ਹੈ ਕਿ ਉਹ ਹੀ ਧਰਤੀ ਵਰਗੇ ਮਹਾਨ ਗਰਿਹ ਨੂੰ ਬਚਾ ਸਕਦਾ ਹੈ ਜਦੋਂ ਕਿ ਇਸ ਧਰਤੀ ਨੂੰ ਬਚਾਉਣ ਦੇ ਚੱਕਰ ਵਿੱਚ ਕੁਦਰਤ ਦਾ ਮੂੰਹ ਮੱਥਾ ਵਿਗਾੜੀ ਜਾ ਰਿਹਾ ਹੈ।

ਆਪਣੀ ਸਿਆਣਫ ਦੇ ਦਾਅਵਿਆਂ ਦੇ ਭਰਮ ਭੁਲੇਖਿਆਂ ਵਿੱਚ ਉਲਝੇ ਮਨੁੱਖ ਨੇ ਵਿਦਿਆ ਅਤੇ ਗਿਆਨ ਦੇ ਸੁਮੇਲ ਵਿੱਚੋਂ ਵਿਗਿਆਨ ਨਾਂ ਦਾ ਭੂਤ ਕੱਢ ਲਿਆ ਹੈ ਜਿਸ ਨਾਲ ਨਿੱਤ ਨਵੀਆਂ ਕਾਢਾਂ ਕੱਢ ਰਿਹਾ ਹੈ। ਕੁਦਰਤ ਦੀ ਅਤਿ ਸੁੰਦਰ ਕੁਦਰਤੀ ਵਨਸਪਤੀ ਜੋ ਲੱਕੜ ਦਾ ਰੂਪ ਹੈ ਨੂੰ ਤਬਾਹ ਕਰਕੇ ਕਾਗਜ  ਛਾਪ ਰਿਹਾ ਜਿਸਦੇ ਅੱਗੇ ਨੋਟ ਛਾਪਕੇ ਇਸਨੂੰ ਹੀ ਪਰਾਪਤ ਕਰਨ ਵਿੱਚ ਉਲਝਿਆ ਹੋਇਆ ਛਟ ਪੲਾਈ ਜਾ ਰਿਹਾ ਹੈ। ਇਸ ਕਰੰਸੀ ਨਾਂ ਦਾ ਕੀੜਾ ਇਸਨੂੰ ਹਰ ਦੁਨਿਆਵੀ ਵਸਤ ਪਰਾਪਤ ਕਰਨ ਦਾ ਲਾਲਚ ਦਿਖਾਕਿ ਆਪਣੀ ਲਪੇਟ ਵਿੱਚ ਲੈ ਲੈਂਦਾ ਹੈ। ਹਰ ਦੁਨਿਆਵੀ ਵਸਤ ਖਰੀਦਣ ਦੀ ਦੌੜ ਵਿੱਚ ਦੌੜਦਿਆਂ ਮਨੁੱਖ ਪੈਸਾ ਪਰਾਪਤ ਕਰਨ ਲਈ ਜਿੰਦਗੀ ਜਿਉਣਾ ਹੀ ਭੁੱਲ ਜਾਂਦਾ ਹੈ। ਕੁਦਰਤ ਦੀ ਅਨੰਤ ਸੁੰਦਰਤਾ ਵੱਲੋਂ ਅੱਖਾਂ ਮੀਟਕੇ ਜਿੰਦਗੀ ਬਰਬਾਦ ਕਰਕੇ ਪੈਸੇ ਨਾਲ ਪਰਾਪਤ ਚੀਜਾਂ ਦੇ ਮੋਹ ਜਾਲ ਵਿੱਚ ਹੀ ਫਸਿਆ ਰਹਿੰਦਾ ਹੈ। ਦੁਨਿਆਵੀ ਉਦਯੋਗਿਕ ਕੂੜਾ ਕਚਰਾ ਬਣਾਉਣ ਵਾਲੇ ਵਪਾਰੀ ਕਾਰਪੋਰੇਟ ਲੋਕ ਅਗਿਆਨੀ ਮਨੁੱਖ ਪਰਚਾਰ ਸਾਧਨਾਂ ਰਾਹੀ ਮਸ਼ਹੂਰੀ ਯੁੱਧ ਦੇ ਰਾਂਹੀ ਆਪਣਾ ਕੂੜਾ ਕਚਰਾ ਖਰੀਦਣ ਲਈ ਹੀ ਉਸਦੀ ਸਾਰੀ ਮਿਹਨਤ ਹੜੱਪ ਕਰ ਜਾਂਦੇ ਹਨ। ਜਿੰਦਗੀ ਦੇ ਅੰਤਲੇ ਪੜਾਅ ਤੱਕ ਪਹੁੰਚਦਿਆਂ ਹੋਇਆਂ ਸੱਭ ਦੁਨਿਆਵੀ ਵਸਤਾਂ ਬੇਕਾਰ ਹੋ ਜਾਂਦੀਆਂ ਹਨ ਕਿਉਂਕਿ ਤਦ ਤੱਕ ਸਰੀਰ ਦੀਆਂ ਰਸ ਭਾਲਣ ਵਾਲੀਆਂ ਇੰਦਰੀਆਂ ਹੀ ਨਸ਼ਟ ਹੋ ਜਾਂਦੀਆਂ ਹਨ। ਅੱਖਾਂ ਦੇਖਣਾ ਛੱਡ ਜਾਂਦੀਆਂ ਹਨ ਕੰਨ ਸੁਣਨਾ ਭੁੱਲ ਜਾਂਦੇ ਹਨ ਜੀਭ ਦੇ ਸੁਆਦ ਵਾਲੀਆਂ ਵਸਤਾਂ ਨੂੰ ਸਰੀਰ ਹਜਮ ਹੀ ਕਰਨੋਂ ਹਟ ਜਾਂਦਾ ਹੈ। ਇਹੋ ਜਿਹੀ ਸਥਿਤੀ ਵਿੱਚ ਪਹੁੰਚਕੇ ਮਨੁੱਖ ਦੁਨਿਆਵੀ ਕਮਾਈ ਨੂੰ ਸਿਰਫ ਪਛਤਾਵੇ ਭਰੀਆਂ ਅੱਖਾਂ  ਨਾਲ ਦੇਖ ਵੀ ਨਹੀਂ ਸਕਦਾ ਹੁੰਦਾ। ਖਪਤਕਾਰੀ ਸੱਭਿਆਚਾਰ ਵਿੱਚ ਫਸੇ ਮਨੁੱਖ ਨੂੰ ਖਰੀਦਣ ਲਈ ਵਸਤਾਂ ਨਹੀਂ ਮੁਕਦੀਆਂ ਸਗੋਂ ਉਹ ਖੁਦ ਮੁੱਕ ਜਾਂਦਾ ਹੈ।

ਖਪਤਕਾਰੀ ਯੁੱਗ ਦਾ ਮੂਲ ਮੰਤਰ ਹੈ ਕਿ ਹਰ ਵਿਅਕਤੀ ਦੀ ਸੋਚ ਹੀ ਇਹੋ ਜਿਹੀ ਬਣਾ ਦਿੱਤੀ ਜਾਵੇ ਜਿਸ ਨਾਲ ਉਹ ਹਰ ਵਕਤ ਨਵੀਆਂ ਵਸਤਾਂ ਖਰੀਦਦਾ ਹੀ ਰਹੇ। ਉਹੀ ਪੁਰਾਣੀਆਂ ਵਸਤਾਂ ਨਵੇਂ ਲੇਬਲਾਂ, ਨਵੇਂ ਮਾਡਲਾਂ, ਨਵੀਆਂ ਤਕਨੀਕਾਂ ਦੇ ਦਾਅਵਿਆਂ ਨਾਲ ਉਸ ਅੱਗੇ ਪਰੋਸੀਆਂ ਜਾ ਰਹੀਆਂ ਹਨ। ਪੁਰਾਤਨ ਪੀੜੀ ਨਾਲੋਂ ਵਰਤਮਾਨ ਪੀੜੀ ਤਾਂ ਖਪਤਕਾਰੀ ਯੁੱਗ ਦੀ ਹਨੇਰੀ ਵਿੱਚ ਹੀ ਜੰਮੀ ਹੋਣ ਕਰਕੇ ਦਿਮਾਗੀ ਤੌਰ ਤੇ ਏਨੀ ਕੁ ਦਿਵਾਲੀਆਂ ਕਰ ਦਿੱਤੀ ਗਈ ਹੈ ਕਿ ਉਸਨੂੰ ਕੁਆਲਿਟੀ ਅਤੇ ਬਰੈਂਡਡ ਦਾ ਫਰਕ ਹੀ ਨਹੀਂ ਪਤਾ ਲੱਗਦਾ। ਮਹਿੰਗੀ ਅਤੇ ਵਿਸ਼ੇਸ਼ ਨਾਵਾਂ ਨਾਲ ਲੈਸ ਵਸਤਾਂ ਖਰੀਦਣ ਨੂੰ ਪਹਿਲ ਦੇਕੇ ਭਾਵੇਂ ਉਸਦੀ ਕੁਆਲਿਟੀ ਘਟੀਆ ਹੀ ਹੋਵੇ ਨੂੰ ਖਰੀਦਕੇ ਤਾਂ ਇਹੋ ਸਿੱਧ ਹੋ ਰਿਹਾ ਹੈ। ਵਰਤਮਾਨ ਪੀੜੀ ਅੰਬ ਖਾਣ ਦੀ ਥਾਂ ਪੈਕ ਕੀਤਾ ਕੈਮੀਕਲਾਂ ਨਾਲ ਵਿਗਾੜਿਆ ਹੋਇਆ ਬੇਹਾ ਤਬੇਹਾ ਮੈਂਗੋ ਜੂਸ ਪੀਣ ਨੂੰ ਪਹਿਲ ਦਿੰਦੀ ਹੈ। ਤਾਜੇ ਨਿੰਬੂ ਦੀ ਬਣੀ ਸਵਾਦਲੀ ਪੌਸ਼ਟਿਕ ਸਿਕੰਜਵੀ ਪੀਣ ਦੀ ਥਾਂ ਲੈਮਨ ਜੂਸ ਜਾਂ ਠੰਡੇ ਪੀਣ ਨੂੰ ਪਹਿਲ ਦਿੰਦੀ ਸਿਆਣਫ ਦਾ ਕੀ ਕਰੋਗੇ। ਸਰੀਰ ਨੂੰ ਸਕੂਨ ਦੇਣ ਵਾਲੇ ਖੁੱਲੇ ਡੁੱਲੇ ਵਸਤਰ ਦੀ ਥਾਂ ਸਰੀਰ ਦਾ ਖੂਨ ਪਰਵਾਹ ਵੀ ਰੋਕ ਦੇਣ ਵਾਲੀਆਂ ਅਤਿ ਗਰਮ ਤੰਗ ਜੀਨਾਂ ਪਹਿਨਣਾਂ ਸਭ ਖਪਤਕਾਰੀ ਯੁੱਧ ਦੀ ਪਰਾਪਤੀ ਹੀ ਤਾਂ ਹੈ। ਸਰੀਰ ਨੂੰ ਕੁਦਰਤ ਦੇ ਅਨੁਸਾਰ ਢਾਲਣ ਦੇ ਲਈ ਦੌੜ ਭੱਜ ਅਤੇ ਵਰਜਿਸ ਦੀ ਥਾਂ ਕਾਰਾਂ ਤੇ ਸੈਰ ਕਰਨਾਂ ਮਨੁੱਖ ਦੀ ਮੂਰਖਤਾ ਹੀ ਤਾਂ ਹੈ। ਸੂਰਜ ਚੰਦਰਮਾਂ ਦੇ ਸਰੀਰ ਅਨੁਕੂਲ ਸਮਿਆਂ ਦਾ ਅਨੰਦ ਮਾਨਣ ਦੀ ਥਾਂ ਏਸੀਆਂ ਵਾਲਿਆਂ ਕਮਰਿਆਂ ਅਤੇ ਆਵਾਜਾਈ ਸਾਧਨਾਂ ਵਿੱਚ ਲੁਕਣਾ ਮਨੁੱਖ ਦਾ ਦਿਵਾਲੀਆਂਪਣ ਹੀ ਪਰਗਟ ਕਰਦਾ ਹੈ।

ਕੁਦਰਤ ਤੋਂ ਭੱਜਕੇ ਖਪਤਕਾਰੀ ਵਸਤਾਂ ਖਰੀਦਣ ਦੀ ਦੌੜ ਵਿੱਚ ਪੈਕੇ ਮਨੁੱਖ ਬਹੁਤੀ ਵਾਰ ਕਰਜਿਆਂ ਦੇ ਜਾਲ ਵਿੱਚ ਫਸਦਿਆਂ ਹੋਇਆਂ ਆਪਣੀਆਂ ਸਾਰੀਆਂ ਜਾਇਦਾਦਾਂ ਗੁਆ ਲੈਂਦਾ ਹੈ। ਸੱਭ ਤੋਂ ਵੱਡੀ ਜਾਇਦਾਦ ਆਪਣੀ ਔਲਾਦ ਨੂੰ ਵੀ ਪੈਸੇ ਦੇ ਘੋੜੇ ਤੇ ਚੜਾਕਿ ਆਪਣੇ ਤੋਂ ਦੂਰ ਭੇਜ ਬੈਠਦਾ ਹੈ ਕਿਉਂਕਿ ਪੈਸੇ ਕਮਾਉਣ ਵਾਲਾ ਘੋੜਾ ਘਰਾਂ ਦਾ ਰੁੱਖ ਨਹੀਂ ਕਰਦਾ ਸਗੋਂ ਉਜਾੜਾਂ ਵੱਲ ਦੌੜਦਾ ਰਹਿੰਦਾ ਹੈ। ਜਿਸ ਵਿਅਕਤੀ ਦੀ ਔਲਾਦ ਹੀ ਦੂਰ ਚਲੀ ਜਾਵੇ ਉਹ ਇਕੱਲਤਾ ਦੀ ਜੂਨ ਹੰਢਾਉਂਦਾ ਹੋਇਆ ਜਿਉਂਦੀ ਲਾਸ਼ ਹੀ ਬਣ ਜਾਂਦਾ ਹੈ। ਬਹੁਤ ਵਾਰ ਵੱਡੀ ਗਿਣਤੀ ਵਿੱਚ ਅਣਜਾਣ ਮਨੁੱਖ ਵਸਤਾਂ ਖਰੀਦਦਾ ਹੋਇਆਂ ਸਾਰੀ ਜਾਇਦਾਦ ਗੁਆ ਬੈਠਦਾ ਹੈ ਜਿਸ ਤੋਂ ਬਾਅਦ ਉਹ ਮੌਤ ਵੱਲ ਹੀ ਦੇਖਣ ਜੋਗਾ ਹੋ ਜਾਂਦਾ ਹੈ। ਵਰਤਮਾਨ ਉਦਯੋਗਿਕ ਵਸਤਾਂ ਖਾਣ ਦਾ ਸੌਕੀਨ ਮਨੁੱਖ ਅਨੇਕਾਂ ਬਿਮਾਰੀਆਂ ਸਹੇੜ ਬੈਠਦਾ ਹੈ ਜਿਹਨਾਂ ਦਾ ਕੋਈ ਇਲਾਜ ਵੀ ਨਹੀਂ ਹੁੰਦਾਂ । ਅਨੇਕਾਂ ਲਾਇਲਾਜ ਬਿਮਾਰੀਆਂ ਦਾ ਸਿਕਾਰ ਹੋ ਰਿਹਾ ਮਨੁੱਖ ਖਪਤਕਾਰੀ ਦਾ ਕਹਿਰ ਹੀ ਤਾਂ ਝੱਲ ਰਿਹਾ ਹੈ। ਸੂਗਰ, ਬਲੱਡ ਪਰੈਸਰ, ਡਿਪਰੈਸਨ,ਕਾਲੇ ਪੀਲੀਏ, ਕੈਂਸਰ, ਆਦਿ ਅਨੇਕ ਬਿਮਾਰੀਆਂ ਖਪਤਕਾਰੀ ਯੁੱਗ ਦੀ ਹੀ ਤਾਂ ਦੇਣ ਹਨ ਜੋ ਅਣਜਾਣੀ ਆਤਮਹੱਤਿਆਂ ਹੀ ਤਾਂ ਹੈ ਜਿਸਨੂੰ ਕੋਈ ਸੰਜੀਵਨੀ ਬੂਟੀ ਵੀ ਠੀਕ ਨਹੀਂ ਕਰ ਪਾ ਰਹੀ ਹੈ। ਸਾਰੀ ਉਮਰ ਦੀ ਕਮਾਈ ਜੋ ਪਹਿਲਾਂ ਹੀ ਖਪਤਕਾਰੀ ਵਸਤਾਂ ਖਾ ਜਾਂਦੀਆਂ ਹਨ ਪਰ ਜਿੰਦਗੀ ਦਾ ਅੰਤ ਕਰਨ ਵਾਲੀਆਂ ਬਿਮਾਰੀਆਂ ਆਉਣ ਤੱਕ ਤਾਂ ਵਰਤਮਾਨ ਮਨੁੱਖ ਬੀਮਾ ਕੰਪਨੀਆਂ ਅਤੇ ਸਰਕਾਰਾਂ ਦੇ ਰਹਮੋ ਕਰਮ ਵੱਲ ਹੀ ਅੱਖਾਂ ਟੱਡ ਕੇ ਦੇਖਦਾ ਹੀ ਮਰ ਜਾਂਦਾ ਹੈ। ਪੈਸਿਆਂ ਦਾ ਢੇਰ ਕਮਾਉਣ ਵਾਲੇ, ਕਲਾਕਾਰ ਸਤੀਸ਼ ਕੌਲ, ਕੁਲਦੀਪ ਮਾਣਕ, ਯਮਲੇ ਜੱਟ,ਰਣਜੀਤ ਕੌਰ, ਵੱਡੇ ਵੱਡੇ ਰਾਜਨੀਤਕ ਸਰਕਾਰੀ ਪੈਸਾ ਖਰਚ ਕਰਨ ਲਈ ਮਜਬੂਰ ਦਿਖਾਈ ਦਿੰਦੇ ਹਨ ਪਰ ਸਰਕਾਰੀ ਪੈਸਾ ਖਰਚਾਕੇ ਵੀ ਵੱਡੇ ਵੱਡੇ ਅਤੇ ਮਹਿੰਗੇ ਵਿਦੇਸੀ ਹਸਪਤਾਲਾਂ ਵਿੱਚੋਂ ਵੀ ਮੁਰਦਾ ਹੀ ਘਰ ਆਉਂਦੇ ਹਨ। ਸੋ ਹੇ ਮਨੁੱਖ ਜੇ ਤੂੰ ਸਿਆਣਾ ਹੀ ਹੋਣ ਦਾ ਦਾਅਵਾ ਕਰਦਾ ਹੈ ਸੰਕੋਚ, ਸਬਰ,ਕਿਰਤ ਦਾ ਪੱਲਾ ਫੜਦਿਆਂ ਹੋਇਆਂ ਕੁਦਰਤ ਦੇ ਨਾਲ ਮਿਲ ਕੇ ਚੱਲਣ ਦੀ ਕੋਸ਼ਿਸ਼ ਕਰ ਨਹੀਂ ਤਾਂ ਤੇਰਾ ਸੱਭ ਤੋਂ ਸਿਆਣੇ ਹੋਣ ਦਾ ਦਾਅਵਾ ਝੂਠਾ ਹੀ ਸਾਬਤ ਹੋਵੇਗਾ। ਕੁਦਰਤ ਦਾਅਵਿਆਂ ਨੂੰ ਨਹੀਂ ਮੰਨਦੀ ਕੁਦਰਤ ਤਾਂ ਹਮੇਸ਼ਾਂ ਇਨਸਾਫ ਕਰਦੀ ਹੈ ਜੋ ਤੇਰੇ ਬਾਰੇ ਇਤਿਹਾਸ ਵਿੱਚ ਲਿਖਵਾ ਦੇਵੇਗੀ ਪੱਥਰਾਂ ਤੇ ਕਿ ਕਦੇ ਇੱਥੇ ਮੂਰਖ ਮਨੁੱਖ ਵੀ ਰਹਿੰਦਾ ਸੀ ਜੋ ਆਪਣੀ ਬੇਅਕਲੀ ਨਾਲ ਤਬਾਹ ਹੋ ਗਿਆ ਪੱਥਰਾਂ ਚਟਾਨਾਂ ਵਿੱਚੋਂ ਮਿਲਣ ਵਾਲੇ ਫਾਸਿਲਾ ਰੂਪੀ ਵਿਦਿਆ( ਪੱਥਰਾਂ ਚਟਾਨਾਂ ਤੇ ਹੱਡੀਆਂ ਦੇ ਨਿਸ਼ਾਨ) ਨੇ ਇਸਦੀ ਗਵਾਹੀ ਪਾਉਣੀ ਹੈ।

This entry was posted in ਲੇਖ.

One Response to ਵਰਤਮਾਨ ਮਨੁੱਖ ਖਪਤਕਾਰੀ ਤੋਂ ਅਾਤਮ ਹੱਤਿਆ ਤੱਕ

  1. parminder s.parwana says:

    changi nasihat hai par khapatkari yug which gawach jawegi, kueki manuk aje vi madhvargi yug wich ji riha hai.
    Thanks for nice effort.
    parwana.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>