ਸਿਡਨੀ ਵਿਚ ਚੰਡੀਗੜ੍ਹ ਤੋਂ ਆਏ ਸੀਨੀਅਰ ਪੱਤਰਕਾਰ ਸ੍ਰੀ ਦਵਿੰਦਰ ਪਾਲ ਜੀ ਦਾ ਸਵਾਗਤ ਅਤੇ ਰੂ-ਬ-ਰੂ

ਸਿਡਨੀ, (ਗੁਰਚਰਨ ਸਿੰਘ ਕਾਹਲੋਂ) – ਪੰਜਾਬੀ ਪੱਤਰਕਾਰਤਾ ਦੇ ਨਾਮਵਾਰ ਲੇਖਕ, ਸ੍ਰੀ ਦਵਿੰਦਰ ਪਾਲ ਜੀ ਦਾ ਸਿਡਨੀ ਆਉਣ ਤੇ, ‘ਆਸਟ੍ਰੇਲੀਆ ਪੰਜਾਬੀ ਮੀਡੀਆ ਕਲੱਬ’ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਹ ਰੂ-ਬ-ਰੂ ਸਮਾਗਮ, ਸਿਡਨੀ ਦੇ ਫਾਈਵ ਸਟਾਰ ਹੋਟਲ, ਮੰਤਰਾ ਵਿਚ ਰੱਖਿਆ ਗਿਆ ਸੀ।

ਸਭ ਤੋਂ ਪਹਿਲਾਂ ਕਲੱਬ ਦੇ ਪ੍ਰਧਾਨ ਗਿਆਨੀ ਸੰਤੋਖ ਸਿੰਘ ਜੀ ਨੇ ਦਵਿੰਦਰ ਪਾਲ ਜੀ ਅਤੇ ਬਾਕੀ ਸਾਰੇ ਹਾਜਰ ਸੱਜਣਾਂ ਨੂੰ ‘ਜੀ ਆਇਆਂ’ ਆਖਿਆ। ਉਪ੍ਰੰਤ ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਜਣ ਵਾਸਤੇ, ਵਾਰੀ ਵਾਰੀ ਚਾਰ ਸੱਜਣਾਂ ਦੇ ਨਾਂ ਬੋਲੇ ਗਏ। ਸੱਭ ਤੋਂ ਪਹਿਲਾਂ ਚੀਫ਼ ਗੈਸਟ ਸ੍ਰੀ ਦਵਿੰਦਰ ਪਾਲ ਜੀ ਦਾ ਨਾਂ ਬੋਲਿਆ ਗਿਆ। ਫਿਰ ਵਾਰੀ ਵਾਰੀ ਪ੍ਰਸਿੱਧ ਸਾਹਿਤਕਾਰ ਸ. ਸਾਕੀ ਜੀ, ਪ੍ਰਿੰਸੀਪਲ ਲਛਮਣ ਸਿੰਘ ਜੀ ਅਤੇ ਸ. ਮਨਮੋਹਨ ਸਿਘ ਖੇਲਾ ਜੀ ਨੂੰ ਸਟੇਜ ਉਪਰ ਬਿਰਾਜਮਾਨ ਹੋਣ ਦਾ ਸੱਦਾ ਦਿਤਾ ਗਿਆ।

ਫਿਰ ਪ੍ਰਧਾਨ ਜੀ ਨੇ ਆਖਿਆ ਕਿ ਮੈਂ ਹੁਣ ਸਟੇਜ ਦੀ ਕਾਰਵਾਈ ਚਲਾਉਣ ਵਾਸਤੇ, ਕਲੱਬ ਦੇ ਜਨਰਲ ਸੈਕਟਰੀ ਗੁਰਚਰਨ ਸਿੰਘ ਕਾਹਲੋਂ ਨੂੰ ਸੱਦਾ ਦਿੰਦਾ ਹਾਂ ਕਿ ਉਹ ਆ ਕੇ ਮੰਚ ਸੰਚਾਲਣ ਕਰਨ ਅਤੇ ਸਮਾਗਮ ਦੀ ਅਗਲੀ ਕਾਰਵਾਰੀ ਚਲਾਉਣ।
ਜਨਰਲ ਸੈਕਟਰੀ ਗੁਰਚਰਨ ਸਿੰਘ ਕਾਹਲੋਂ ਨੇ ਮਾਈਕ ਤੇ ਆ ਕੇ ਸੱਭ ਤੋਂ ਪਹਿਲਾਂ ਇਹ ਆਖ ਕੇ ਕਿ ਭਾਵੇਂ ਪ੍ਰਧਾਨ ਜੀ ਖ਼ੁਦ ਸਰੋਤਿਆਂ ਵਿਚ ਹੀ ਬੈਠਣਾ ਚਾਹੁੰਦੇ ਹਨ ਪਰ ਅਸੀਂ ਸਾਰੇ ਮੈਂਬਰਾਂ ਵੱਲੋਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਸਟੇਜ ਉਪਰ ਆ ਕੇ ਪ੍ਰਧਾਨਗੀ ਮੰਡਲ ਵਿਚ ਬੈਠਣ। ਇਸ ਦੇ ਨਾਲ਼ ਕਾਹਲੋਂ ਜੀ ਨੇ ਗਿਆਨੀ ਜੀ ਦੀਆਂ ਸਾਹਿਤਕ ਪ੍ਰਾਪਤੀਆਂ ਅਤੇ ਪੱਤਰਕਾਰੀ ਦੇ ਖੇਤਰ ਵਿਚ ਪਾਏ ਉਹਨਾਂ ਦੇ ਯੋਗਦਾਨ ਦਾ ਸੰਖੇਪ ਵਿਚ ਜ਼ਿਕਰ ਕੀਤਾ।

ਸੱਭ ਤੋਂ ਪਹਿਲਾਂ ਸ. ਸੁਰਿੰਦਰ ਸਿੰਘ ਜਗਰਾਉਂ ਨੇ ਸ਼ਹੀਦ ਊਧਮ ਸਿੰਘ ਦੀ ਵਾਰ ਸੁਣਾ ਕੇ ਹਾਲ ਵਿਚ ਚੜ੍ਹਦੀਕਲਾ ਵਾਲਾ ਵਾਤਾਵਰਣ ਪੈਦਾ ਕੀਤਾ ਅਤੇ ਫਿਰ ਵਾਰੀ ਵਾਰੀ ਹੋਰਨਾਂ ਵਿਦਵਾਨਾਂ ਅਤੇ ਸਿਡਨੀ ਵਿਚ ਕੌਮੀ ਕਾਰਜ ਕਰ ਰਹੀਆਂ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਬੋਲਣ ਦਾ ਸੱਦਾ ਦਿਤਾ ਗਿਆ।

ਸ. ਤੇਜਿੰਦਰ ਸਿੰਘ ਸਹਿਗਲ ਅਤੇ ਸ. ਅਮਰਜੀਤ ਸਿੰਘ ਖੇਲਾ ਨੇ, ਸ੍ਰੀ ਦਵਿੰਦਰ ਪਾਲ ਜੀ ਨਾਲ਼ ਪੰਜਾਬ ਵਿਚਲੇ ਪੱਤਰਕਾਰੀ ਦੇ ਖੇਤਰ ਵਿਚ ਇਕੱਠੇ ਵਿਚਰਨ ਦੀਆਂ ਯਾਦਾਂ ਦੀ ਸਰੋਤਿਆਂ ਨਾਲ਼ ਸਾਂਝ ਪਾਈ। ਫਿਰ ਮੰਚ ਸੰਚਾਲਕ ਵੱਲੋਂ ਸ੍ਰੀ ਦਵਿੰਦਰ ਪਾਲ ਜੀ ਨਾਲ਼ ਜਾਣ ਪਛਾਣ ਕਰਵਾ ਕੇ, ਉਹਨਾਂ ਨੂੰ ਮਾਈਕ ਉਪਰ ਆਉਣ ਲਈ ਆਖਿਆ ਗਿਆ। ਸ੍ਰੀ ਦਵਿੰਦਰ ਪਾਲ ਜੀ ਨੇ ਪੱਤਰਕਾਰੀ ਨਾਲ਼ ਸਬੰਧਤ ਨਿਜੀ ਅਤੇ ਆਮ ਤਜੱਰਬੇ, ਸਰੋਤਿਆਂ ਨਾਲ਼ ਸਾਂਝੇ ਕੀਤੇ ਅਤੇ ਉਹਨਾਂ ਦੇ ਸਵਾਲਾਂ ਦੇ ਤਸੱਲੀ ਬਖ਼ਸ਼ ਜਵਾਬ ਦਿਤੇ।

ਕਲੱਬ ਦੇ ਉਘੇ ਅਹੁਦੇਦਾਰ ਸ. ਬਲਵਿੰਦਰ ਸਿੰਘ ਧਾਲੀਵਾਲ ਨੇ ਆਸਟ੍ਰੇਲੀਆ ਵਿਚ ਪੰਜਾਬੀ ਪੱਤਰਕਾਰੀ ਨੂੰ ਦਰਪੇਸ਼, ਵਰਤਮਾਨ ਅਤੇ ਭਵਿਖ ਦੀਆਂ ਚੁਣੌਤੀਆਂ ਬਾਰੇ ਆਪਣੇ ਪ੍ਰਭਾਵਸ਼ਾਲੀ ਭਾਸ਼ਨ ਰਾਹੀਂ ਰੌਸ਼ਨੀ ਪਾਈ। ਕਲੱਬ ਦੇ ਉਪ ਪ੍ਰਧਾਨ ਡਾ. ਅਵਤਾਰ ਸ. ਸੰਘਾ ਜੀ ਅਤੇ ਸ. ਸਾਕੀ ਜੀ ਨੇ ਸ੍ਰੀ ਦਵਿੰਦਰ ਪਾਲ ਜੀ ਨੂੰ ਆਪਣੀਆਂ ਕਿਤਾਬਾਂ ਭੇਟਾ ਕੀਤੀਆਂ।
ਸਿਡਨੀ ਵਿਚ ਵਿਚਰ ਰਹੀਆਂ ਹੋਰ ਸੰਸਥਾਵਾਂ ਦੇ ਆਗੂਆਂ ਅਤੇ ਵਿਦਵਾਨ ਸਰੋਤਿਆਂ ਨੇ, ਇਸ ਭਰਵੇਂ ਸਮਾਗਮ ਵਿਚ ਆਪੋ ਆਪਣੇ ਵਿਚਾਰ ਪੇਸ਼ ਕੀਤੇ। ਸਾਢੇ ਤਿੰਨ ਘੰਟੇ ਚੱਲੇ ਇਸ ਭਰਪੂਰ ਸਮਾਗਮ ਵਿਚ ਸਾਰਿਆਂ ਨੇ ਹੀ ਆਪਣਾ ਆਪਣਾ ਯੋਗਦਾਨ ਪਾਇਆ। ਹਾਲ ਖੱਚਾ ਖੱਚ ਭਰਿਆ ਹੋਇਆ ਸੀ। ਸਰੋਤਿਆਂ ਦੇ ਆਸ ਨਾਲੋਂ ਕਿਤੇ ਵਧ ਆ ਜਾਣ ਕਰਕੇ ਹੋਰ ਕੁਰਸੀਆਂ ਦਾ ਪ੍ਰਬੰਧ ਕਰਨਾ ਪਿਆ। ਫਿਰ ਵੀ ਬਹੁਤ ਸਾਰੇ ਸੱਜਣਾਂ ਨੂੰ ਖਲੋ ਕੇ ਹੀ ਇਸ ਸਮਾਗਮ ਵਿਚ ਹਿੱਸਾ ਲੈਣਾ ਪਿਆ। ਮੰਤਰਾ ਹੋਟਲ ਦੇ ਪ੍ਰਬੰਧਕਾਂ ਵੱਲੋਂ ਆਏ ਸੱਜਣਾਂ ਵਾਸਤੇ ਚਾਹ ਪਾਣੀ ਦਾ ਵੀ ਢੁਕਵਾਂ ਪ੍ਰਬੰਧ ਕੀਤਾ ਹੋਇਆ ਸੀ। ਬੜੇ ਹੀ ਖ਼ੁਸ਼ ਗਵਾਰ ਮਾਹੌਲ ਵਿਚ ਇਹ ਸਮਾਗਮ ਸੰਪੂਰਨ ਹੋਇਆ। ਕੁਝ ਹਫ਼ਤੇ ਪਹਿਲਾਂ ਹੀ ਵਜੂਦ ਵਿਚ ਆਈ ਇਸ ਪੰਜਾਬੀ ਮੀਡੀਆ ਕਲੱਬ ਦਾ ਇਹ ਪਲੇਠਾ ਸਮਾਗਮ ਸੀ। ਇਸ ਦੀ ਸਫ਼ਲਤਾ ਤੇ ਸਾਰੇ ਪਾਸਿਆˆ ਤੋਂ ਪ੍ਰਸੰਨਤਾ ਪਰਗਟ ਕੀਤੀ ਗਈ।

ਸਮਾਗਮ ਤੋਂ ਅਗਲੇ ਦਿਨ ਪਤਾ ਲੱਗਾ ਕਿ ਕਈ ਸੱਜਣ ਸਥਾਨ ਨਾ ਲਭ ਸਕਣ ਕਰਕੇ ਵਾਪਸ ਮੁੜ ਗਏ ਤੇ ਕਈਆਂ ਨੂੰ ਪਾਰਕਿੰਗ ਵਾਸਤੇ ਥਾਂ ਨਾ ਮਿਲ਼ ਸਕਿਆ।

ਸਮਾਗਮ ਵਿਚ ਮੁੱਖ ਤੌਰ ‘ਤੇ ਤੇਜਿੰਦਰ ਸਹਿਗਲ, ਅਮਰਜੀਤ ਖੇਲਾ, ਨਿਰਮਲ ਸਿੰਘ ਨੋਕਵਾਲ, ਸੁਰਿੰਦਰ ਸਿੰਘ ਜਗਰਾਓ, ਬਾਵਾ ਸਿੰਘ ਜਗਦੇਵ, ਜਰਨੈਲ ਸਿੰਘ ਜਾਫਪੁਰੀ, ਦੇਵ ਪਾਸੀ, ਰਾਜਵੰਤ ਸਿੰਘ, ਉਧਮ ਸਿੰਘ ਸੋਹਾਨਾ, ਡਿਪਟੀ ਮੇਅਰ ਗੁਰਦੀਪ ਸਿੰਘ, ਪ੍ਰਭਜੋਤ ਸਿੰਘ ਸੰਧੂ, ਭੂਪਿੰਦਰ ਛਿੱਬੜ, ਸਰਵਿੰਦਰ ਸਿੰਘ ਰੂਮੀ, ਸ਼ਾਮ ਕੁਮਾਰ, ਹਰਜੀਤ ਸੇਖੋ , ਸ੍ਰੀਮਤੀ ਲੱਕੀ ਸਿੰਘ, ਇਸ਼ਵੀਨ ਕੌਰ, ਮਨਿੰਦਰ ਸਿੰਘ, ਬਲਜੀਤ ਸਿੰਘ ਬੱਲ, ਕੈਪਟਨ ਸਰਜਿੰਦਰ ਸਿੰਘ ਸੰਧੂ ਤੇ ਹੋਰਨਾਂ ਨੇ ਆਪਣੇ ਸੰਬੋਧਨ ਵਿਚ ਸਮਾਜਕ ਨਿਘਾਰ ਦੇ ਮੁੱਦੇ ਅਤੇ ਪੱਤਰਕਾਰਤਾ ਨਾਲ ਜੁੜੇ ਸਵਾਲ ਉਠਾਏ। ਉਹਨਾਂ ਨੇ ਸਰਕਾਰ ਅੱਗੇ ਮੰਗ ਰੱਖੀ ਕਿ ਐਨ.ਆਰ.ਆਈਜ਼. ਦੀ ਬੁਨਿਆਦੀ ਮੰਗ ਜ਼ਮੀਨ ਅਤੇ ਜਾਇਦਾਦ ਉਪਰ ਨਾਜਾਇਜ ਕਬਜ਼ੇ ਰੋਕਣ ਲਈ ਕਾਨੂੰਨ ਵਿਚ ਤਬਦੀਲੀ ਕੀਤੀ ਜਾਵੇ ਜਿਸ ਨਾਲ ਨਜਾਇਜ ਕਬਜ਼ਾਕਾਰ, ਠੇਕੇਦਾਰ ਅਤੇ ਕਿਰਾਏਦਾਰ ਨੂੰ ਬੇਦਖਲ ਕੀਤਾ ਜਾ ਸਕੇ। ਬੁਲਾਰਿਆਂ ਨੇ ਇਸ ਗੱਲ ਉਪਰ ਜੋਰ ਦਿੱਤਾ ਕਿ ਮਾਲਕ ਨੂੰ ਆਪਣੀ ਮਾਲਕੀ ਕਬਜ਼ਾਕਾਰ ਕੋਲੋਂ ਛੁਡਵਾਉਣ ਦਾ ਬੁਨਿਆਦੀ ਅਧਿਕਾਰ ਹੋਣਾ ਚਾਹੀਦਾ ਹੈ, ਤਾਂ ਜੋ ਨਜਾਇਜ਼ ਕਬਜਾ ਕਰਨ ਵਾਲੇ ਅਤੇ ਕਿਰਾਏਦਾਰ ਮਾਲਕ ਨਾ ਬਣ ਸਕਣ।

ਬੁਲਾਰਿਆਂ ਦੇ ਵਿਚਾਰਾ ਚੋਂ ਇਹ ਗੱਲ ਉਭਰ ਕੇ ਸਾਹਮਣੇ ਆਈ ਕਿ ਮੀਡੀਏ ਨੂੰ ਆਪਣੀ ਅਸਰਦਾਰ ਤੇ ਉਸਾਰੂ ਭੂਮਿਕਾ, ਹੋਰ ਤਨਦੇਹੀ ਨਾਲ ਨਿਭਾਉਣ ਦੀ ਜਰੂਰਤ ਹੈ। ਸਮਾਜ ਦੇ ਬਹੁਤ ਸਾਰੇ ਹਿੱਸੇ ਵਿਚ ਨਿਘਾਰ ਆਇਆ ਹੈ ਜਿਸ ਵਿਚ ਮੀਡੀਆ ਵੀ ਪ੍ਰਭਾਵਤ ਹੋਇਆ ਹੈ। ਗੈਰ ਕਾਨੂੰਨੀ ਢੰਗ ਨਾਲ ਪਰਵਾਸ ਨੂੰ ਉਤਸ਼ਾਹਤ ਕਰਨ ਵਾਲੇ ਖ਼ਬਰਾਂ ਰੂਪੀ ਇਸ਼ਤਿਹਾਰਾਂ ਉਤੇ ਰੋਕ ਲਗਾਉਣ ਲਈ, ਪੰਜਾਬ ਵਿਧਾਨ ਵਿਚ ਪਾਸ ਕੀਤੇ ਐਕਟ ਨੂੰ ਲਾਗੂ ਕੀਤਾ ਜਾਵੇ।

ਇਸ ਨਾਲ ਭੋਲ਼ੇ ਭਾਲ਼ੇ ਲੋਕ ਠੱਗੀ ਤੋਂ ਬਚ ਸੱਕਣਗੇ। ਮੀਡੀਏ ਦੇ ਅਦਾਰੇ ਵੀ ਆਪਣੇ ਤੇ ਸਵੈ ਜਾਬਤਾ ਲਗਾਉਣ ਤਾਂ ਜੋ ਭੋਲ਼ੇ ਲੋਕਾਂ ਨੂੰ ਪਰਵਾਸ ਦੇ ਨਾਂ ਉਤੇ ਵਿਖਾਏ ਜਾਂਦੇ ਸਬਜ਼ ਬਾਗਾਂ ਤੋਂ ਬਚਾਇਆ ਜਾ ਸਕੇ। ਮੀਡੀਏ ਨਾਲ ਜੁੜੇ ਪੱਤਰਕਾਰ ਅਤੇ ਲੇਖਕ ਇਸ ਪਾਸੇ ਹੋਰ ਉਦਮ ਕਰਨ।

ਇਸ ਕਾਮਯਾਬੀ ਦਾ ਸੇਹਰਾ ਕਲੱਬ ਦੇ ਸਾਰੇ ਮੈਂਬਰਾਂ, ਆਰਗੇਨਾਈਜ਼ਰਾਂ ਅਤੇ ਹਾਜ਼ਰ ਹੋਣ ਵਾਲੇ ਸਰੋਤਿਆਂ ਦੇ ਸਿਰ ਉਪਰ ਹੈ। ਸਰੋਤਿਆਂ ਦਾ ਵਿਚਾਰ ਸੀ ਕਿ ਅਜਿਹੇ ਸਾਹਿਤਕ ਸਮਾਗਮ ਸਮੇ ਸਮੇ ਹੁੰਦੇ ਰਹਿਣੇ ਚਾਹੀਦੇ ਹਨ। ਆਸਟ੍ਰੇਲੀਆ ਦੇਸ਼ ਵਿਚ ਪੰਜਾਬੀ ਸਾਹਿਤ ਅਤੇ ਪੱਤਰਕਾਰੀ ਨਾਲ਼ ਸਬੰਧਤ ਇਹ ਪਹਿਲਾ ਸਮਾਗਮ ਸੀ।

ਜਿਨ੍ਹਾਂ ਨੂੰ ਬੈਠਣ ਵਾਸੇ ਸੀਟਾਂ ਨਹੀਂ ਮਿਲ਼ ਸਕੀਆਂ, ਜੇਹੜੇ ਚਾਹ ਪਾਣੀ ਤੋਂ ਵਾਂਝੇ ਰਹੇ, ਜਿਨ੍ਹਾਂ ਨੂੰ ਸਥਾਨ ਨਹੀਂ ਲਭਾ, ਜਾਂ ਜਿਨ੍ਹਾਂ ਨੂੰ ਕਾਰਾਂ ਪਾਰਕ ਕਰਨ ਲਈ ਥਾਂ ਨਾ ਮਿਲ਼ ਸਕੀ, ਉਹਨਾਂ ਸਾਰੇ ਆਉਣ ਵਾਲ਼ੇ ਸੱਜਣਾਂ ਪਾਸੋਂ, ’ਆਸਟ੍ਰੇਲੀਆ ਪੰਜਾਬੀ ਮੀਡੀਆ ਕਲੱਬ’ ਹੱਥ ਜੋੜ ਕੇ ਮੁਆਫ਼ੀ ਮੰਗਦਾ ਹੈ ਅਤੇ ਵਾਅਦਾ ਕਰਦਾ ਹੈ ਕਿ ਅੱਗੇ ਤੋਂ ਕਲੱਬ ਦੁਆਰਾ ਕੀਤੇ ਜਾਣ ਵਾਲ਼ੇ ਸਮਾਗਮਾਂ ਸਮੇ, ਇਹਨਾਂ ਤਰੁੱਟੀਆਂ ਦਾ ਉਚੇਚਾ ਧਿਆਨ ਰੱਖਿਆ ਜਾਵੇਗਾ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>