ਮੁੱਦਾ ਰਹਿਤ ਰਾਜਨੀਤੀ ਪੰਜਾਬ ਦੀ ਤਬਾਹੀ ਦੇ ਸੰਕੇਤ

ਗੁਰਚਰਨ ਸਿੰਘ ਪੱਖੋਕਲਾਂ   

ਇਸ ਸਮੇਂ ਜਦ ਪੰਜਾਬ ਕਰਜੇ ਅਤੇ ਸਬਸਿਡੀਆਂ ਦੇ ਮੱਕੜਜਾਲ ਵਿੱਚ ਉਲਝਿਆ ਹੋਇਆ ਹੈ ਪਰ ਪੰਜਾਬ ਦੇ ਸਾਰੇ ਰਾਜਨੀਤਕ ਆਗੂ ਡਰਾਮੇਬਾਜੀ ਵਾਲੀ ਸਿਆਸਤ ਕਰ ਰਹੇ ਹਨ। ਕਿਸੇ ਵੀ ਪਾਰਟੀ ਦਾ ਆਗੂ ਪੰਜਾਬ ਦੇ ਰੋਗਾਂ ਦੀ ਜੜ ਵੱਲ ਕੋਈ ਵੀ ਗੱਲ ਨਹੀਂ ਕਰ ਰਿਹਾ।  ਰਾਜ ਕਰਦੀ ਪਾਰਟੀ ਅਕਾਲੀ ਦਲ ਦੇ ਆਗੂ ਤਾਂ ਕਾਰਪੋਰੇਟ ਘਰਾਣਿਆਂ ਦੀਆਂ ਅੰਨੀ ਲੁੱਟ ਦੀਆਂ ਦੁਕਾਨਾਂ ਦੁਆਰਾ ਖੜੇ ਕੀਤੇ ਲੁੱਟ ਦੇ ਅੱਡਿਆਂ ਨੂੰ ਹੀ ਵਿਕਾਸ ਵਿਕਾਸ ਕਰਕੇ ਗੁੰਮਰਾਹ ਕਰਨ ਤੇ ਜੋਰ ਲਗਾਈ ਜਾ ਰਹੇ ਹਨ । ਪੰਜਾਬ ਦੀ ਪਬਲਿਕ ਟਰਾਂਸਪੋਰਟ ਦੀ ਥਾਂ ਪਰਾਈਵੇਟ ਅਤੇ ਨਿੱਜੀ ਘਰਾਣਿਆਂ ਦੀ ਸਰਵਿਸ ਦੀਆਂ ਬੱਸਾ ਦੀਆਂ ਮਸਹੂਰੀਆਂ ਕਰਕੇ ਸਾਰੀ ਜਾ ਰਹੇ ਹਨ।। ਬਿਜਲੀ ਪੈਦਾ ਕਰਨ ਵਾਲੇ ਪਰਾਈਵੇਟ ਘਰਾਣਿਆਂ ਦੇ ਥਰਮਲ ਵਿੱਚੋਂ ਪੈਦਾ ਹੋਣ ਵਾਲੀ ਬਿਜਲੀ ਨੇ ਇੱਕ ਦਿਨ ਸਰਕਾਰਾਂ ਦੀ ਸਹਿ ਤੇ ਆਮ ਲੋਕਾਂ ਦੇ ਗਲ ਗੂਠਾ ਦੇਣਾ ਹੀ ਦੇਣਾ ਹੈ। ਕੰਪਨੀਆਂ ਦੇ ਬਣਾਏ ਹਸਪਤਾਲ ਅਤੇ ਮਾਲ ਦੇ ਉਦਘਾਟਨ ਕਰਕੇ ਲੋਕ ਭਲਾਈ ਦੇ ਦਾਅਵੇ ਠੋਕੀ ਜਾ ਰਹੇ ਹਨ ਜਦੋਂਕਿ ਆਮ ਲੋਕ ਤਾਂ ਸ਼ਹਿਰ ਦੇ ਡਾਕਟਰਾਂ ਤੱਕ ਪਹੁੰਚਣ ਸਮੇਂ ਵੀ ਕਬੂਤਰ ਦੇ ਬਿੱਲੀ ਅੱਗੇ ਡਰਨ ਵਾਂਗ ਡਰ ਜਾਂਦੇ ਹਨ। ਆਮ ਲੋਕਾਂ ਦਾ ਇੱਕ ਹੱਥ ਆਪਣੀ ਜੇਬ ਨੂੰ ਫਰੋਲ ਫਰੋਲ ਦੇਖਦਾ ਹੈ ਦੂਸਰੇ ਪਾਸੇ ਕੰਨ ਡਾਕਟਰ ਦੇ ਬਿੱਲ ਨੂੰ ਸੁਣਨ ਤੋਂ ਝਿਜਕਣ ਲੱਗਦੇ ਹਨ। ਵੱਡੇ ਵੱਡੇ ਹਸਪਤਾਲਾਂ ਵਿੱਚ ਜਾਣ ਸਮੇਂ ਤਾਂ ਮਿੱਡਲ ਕਲਾਸ ਦੀ ਵੀ ਬੇਬਸੀ ਦਿਸਣ ਲੱਗ ਜਾਂਦੀ ਹੈ। ਹਾਂ ਅਮੀਰ ਲੋਕਾਂ ਦਾ ਜਰੂਰ ਉੱਥੇ ਇਲਾਜ ਹੋ ਜਾਂਦਾ ਹੈ ਅਤੇ ਸਟੇਟਸ ਬਣ ਜਾਂਦਾ ਹੈ।

ਪੰਜਾਬ ਦੀ ਮੁੱਖ ਆਪੋਜੀਸ਼ਨ ਪਾਰਟੀ ਕਾਂਗਰਸ ਦੇ ਆਗੂ ਆਪੋ ਆਪਣੇ ਵਿੱਚ ਝਗੜ ਕੇ ਹੀ ਇਨਕਲਾਬ ਦੇ ਦਮਗਜੇ ਮਾਰੀ ਜਾ ਰਹੇ ਹਨ। ਸਰਕਾਰ ਬਨਾਉਣ ਦੇ ਸਮੇਂ ਤੋਂ ਪਹਿਲਾਂ ਹੀ ਇਸਦੇ ਆਗੂ ਆਪਣਿਆਂ ਨੂੰ ਹੀ ਹਰਾਉਣ ਦੀਆਂ ਸਕੀਮਾਂ ਬਣਾ ਰਹੇ ਹਨ। ਜਿੰਹਨਾਂ ਆਗੂਆਂ ਦੀ ਸਹਾਇਤਾ ਨਾਲ ਸਰਕਾਰ ਬਣਨੀ ਹੈ ਉਹਨਾਂ ਨੂੰ ਹੀ ਹਰਾ ਕੇ ਸਰਕਾਰਾਂ ਬਨਾਉਣ ਦੇ ਦਮਗਜੇ ਮਾਰਨ ਵਾਲੇ ਆਮ ਲੋਕਾਂ ਦੇ ਕਿੰਨੇ ਕੁ ਹਤਾਇਸੀ ਹੋ ਸਕਦੇ ਹਨ ਸਮਝਿਆ ਜਾ ਸਕਦਾ ਹੈ। ਆਮ ਲੋਕਾਂ ਦੇ ਵਿੱਚ ਜਾਣ ਤੋਂ ਕੰਨੀਂ ਕਤਰਾਉਂਦੇ ਨੇਤਾ ਲੋਕ ਆਮ ਲੋਕਾਂ ਦੀ ਲੋੜਾਂ ਦੀ ਖੁਰਕ ਆਪਣੇ ਪਿੰਡੇ ਦੇ ਨੇੜੇ ਵੀ ਨਹੀਂ ਜਾਣ ਦੇਣਾਂ ਚਾਹੁੰਦੇ। ਇਸ ਪਾਰਟੀ ਦੇ ਆਗੂ ਸਤਹੀ ਦਮਗਜੇ ਮਾਰਕੇ ਉਹੀ ਪੁਰਾਣੀ ਨੀਤੀ ਵਰਤ ਰਹੇ ਹਨ ਜਿਸ ਤਰਾਂ ਪਹਿਲਾਂ ਵੀ ਦੋ ਵਾਰ ਵਰਤਕੇ ਚੋਣਾਂ ਹਾਰ ਚੁੱਕੇ ਹਨ। ਪੰਜਾਬ ਦੀ ਆਰਥਿਕ ਹਾਲਾਤ ਨੂੰ ਬਦਲਣ ਦੀ ਇੱਛਾ ਰਹਿਤ ਰਾਜਨੀਤੀ ਪੰਜਾਬ ਦੀ ਤਬਾਹੀ ਦੇ ਸੰਕੇਤ ਹੀ ਹਨ।

ਪੰਜਾਬ ਦੀ ਨਵੀ ਉਭਰੀ ਧਿਰ ਦੇ ਆਗੂ ਰਾਜਨੀਤੀ ਦਾ ਗੰਦ ਸਾਫ ਕਰਨ ਦੇ ਦਾਅਵਿਆਂ ਨਾਲ ਆਏ ਜਰੂਰ ਹਨ ਪਰ ਸੱਭ ਤੋਂ ਪਹਿਲਾਂ ਆਪ ਦੀ ਹੀ ਪਾਰਟੀ ਦੇ ਇਮਾਨਦਾਰ ਆਗੂਆਂ ਨੂੰ ਇਮਾਨਦਾਰੀ ਨਾਲ ਸਾਫ ਕਰਨ ਲੱਗੇ ਹੋਏ ਹਨ। ਬਿਨਾਂ ਕਿਸੇ ਸਿਆਣੇ ਆਗੂ ਦੇ ਤਮਾਸਬੀਨ ਚਮਚਾ ਕਿਸਮ ਦੇ ਆਗੂਆਂ ਦੀ ਫੌਜ ਖੜੀ ਕਰਕੇ ਲਹਿਰ ਦੇ ਸਹਾਰੇ ਜਿੱਤਣ ਦੀਆਂ ਆਸਾਂ ਦੇ ਨਾਲ ਦਿੱਲੀ ਦੇ ਚਲਾਕ ਸ਼ਾਤਰ ਲੋਕ ਪੰਜਾਬ ਨੂੰ ਨਿਗਲਣ ਦੀਆਂ ਕੋਸਿਸਾਂ ਪੂਰੇ ਜੋਰ ਸੋਰ ਨਾਲ ਕਰ ਰਹੇ ਹਨ। ਇਸ ਪਾਰਟੀ ਦੇ ਆਗੂ ਵਿਰੋਧੀਆਂ ਬਾਰੇ ਚੁਟਕਲੇ ਸੁਣਾਕਿ ਬਿਨਾਂ ਕਿਸੇ ਵਾਅਦਿਆਂ ਦੇ ਕੀ ਗੁਲ ਖਿਲਾਉਣਗੇ ਵਕਤ ਦੇ ਨਾਲ ਨੰਗਾਂ ਹੋ ਹੀ ਜਾਊਗਾ। ਧਰਮ ਗਰੰਥਾਂ ਦੇ ਮੂਹਰੇ ਖਾਧੀਆਂ ਕਸਮਾਂ ਤੋੜਨ ਵਾਲਿਆਂ ਤੋਂ ਆਸ ਰੱਖਣ ਵਾਲੇ ਕਿੱਡੀ ਵੱਡੀ ਗਲਤੀ ਕਰ ਰਹੇ ਹਨ ਸਮਝਕੇ ਵੀ ਕੰਬਣੀ ਛਿੜਦੀ ਹੈ।

ਸੱਤਰ ਹਜਾਰ ਕਰੋੜ ਦੀ ਆਮਦਨ ਨਾਲ ਗੁਜਾਰਾ ਕਰਨ ਵਾਲੇ ਦੋ ਕਰੋੜ ਆਮ ਪੰਜਾਬੀ 35000 ਕਰੋੜ ਰੁਪਏ ਸਰਕਾਰ ਦੇ ਖਜਾਨੇ ਵਿੱਚ ਟੈਕਸ ਦੇਕੇ ਆਪਣੀ ਵੱਟਤ ਵਿੱਚੋਂ ਜੂਨ ਗੁਜਾਰੇ ਜੋਗੇ ਪੈਸੇ ਵੀ ਪੱਲੇ ਨਹੀਂ ਰੱਖ ਸਕਦੇ। ਸਰਕਾਰਾਂ ਅਤੇ ਆਮ ਲੋਕ ਕਰਜਿਆਂ ਦੇ ਹੜ ਵਿੱਚ ਰੁੜੀ ਜਾ ਰਹੇ ਹਨ। ਬੇਕਿਰਕ ਰਾਜਨੀਤਕਾਂ ਦੀਆਂ ਸਰਕਾਰਾਂ ਆਮ ਪੰਜਾਬੀਆਂ ਦੀ ਆਮਦਨ ਦੀ ਬਜਾਇ ਕੁੱਲ    ਵੱਟਤ ਜਾਂ ਉਤਪਾਦਨ ਵਿੱਚੋਂ ਹੀ ਅੱਧਾ ਰੁਪਇਆ ਸਰਕਾਰੀ ਖਜਾਨੇ ਵਿੱਚ ਲੈ ਜਾਂਦੇ ਹਨ। ਦੋ ਕਰੋੜ ਲੋਕਾਂ ਕੋਲ 20000 ਕਰੋੜ ਰੁਪਏ ਵੀ ਮੁਸਕਲ ਨਾਲ ਹੱਥ ਆਉਂਦੇ ਹਨ ਜਿਸਦਾ ਭਾਵ ਹੈ ਕਿ ਇੱਕ ਪੰਜਾਬੀ ਸਾਲ ਵਿੱਚ ਦਸ ਹਜਾਰ ਰੁਪਏ ਵੀ ਮੁਸਕਲ ਨਾਲ ਖਰਚਦਾ ਹੈ। ਇਸ ਤਰਾਂ ਅਮੀਰ ਸਟੇਟ ਦਾ ਦਰਜਾ ਪਰਾਪਤ ਸਟੇਟ ਪੰਜਾਬ ਦੇ ਸੱਤਰ ਪ੍ਰਤੀਸ਼ਤ ਲੋਕ 30 ਰੁਪਏ ਵੀ ਰੋਜਾਨਾਂ ਨਹੀਂ ਖਰਚਦੇ। ਪੌਣੇ ਤਿੰਨ ਕਰੋੜ ਪੰਜਾਬੀਆਂ ਵਿੱਚੋਂ ਸਿਰਫ 75 ਲੱਖ ਲੋਕ ਜਰੂਰ ਐਸ ਪਰਸਤੀ ਦੀ ਜਿੰਦਗੀ ਗੁਜਾਰਦੇ ਹਨ ਜਿੰਹਨਾਂ ਵਿੱਚ ਵਪਾਰੀ, ਮੁਲਾਜਮ, ਕਾਰਖਾਨੇਦਾਰ,ਮੁਲਾਜਮ ਵਰਗ, ਲੁਟੇਰੇ ਧਾਰਮਿਕ ਪਖੰਡੀ ਆਗੂ ਸਾਮਲ ਹਨ ਜਿੰਹਨਾਂ ਨੂੰ ਸਰਕਾਰੀ ਸਰਪਰਸਤੀ ਹਾਸਲ ਹੈ। ਆਮ ਲੋਕਾਂ ਦੇ ਦੁੱਖ ਦਰਦ ਸਮਝਣ ਵਾਲਾ ਕੋਈ ਵੀ ਆਗੂ ਹਾਲੇ ਤੱਕ ਦਿਖਾਈ ਨਹੀਂ ਦਿੰਦਾ ਜਿਸ ਤੋਂ ਆਮ ਲੋਕਾਂ ਦੇ ਭਲੇ ਦੀ ਆਸ ਕੀਤੀ ਜਾ ਸਕਦੀ ਹੈ। ਪੰਜਾਬ ਦੇ ਆਮ ਲੋਕਾਂ ਨੂੰ ਹਾਲੇ ਹੋਰ ਉਡੀਕ ਕਰਨੀਂ ਪਵੇਗੀ ਤਦ ਤੱਕ ਡਰਾਮੇਬਾਜ, ਧੌਖੇਬਾਜ , ਭਰਿੱਸਟ ਅਤੇ ਭੰਢ ਕਿਸਮ ਦੇ ਰਾਜਨੀਤਕਾਂ ਨੂੰ ਹੀ ਸਿਰ ਝੁਕਾਉਣਾ ਸਿੱਖ ਲੈਣਾ ਚਾਹੀਦਾ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>