ਫਤਿਹਗੜ੍ਹ ਸਾਹਿਬ – “ ਹਫਤੇ ਦਸ ਦਿਨ ਮਗਰੋਂ ਜਦੋਂ ਅਸੀਂ ਅਖਬਾਰਾਂ ਵਿਚ ਪੜ੍ਹਦੇ ਹਾਂ ਕਿ 20-30 ਕਰੋੜ ਦੀ ਹੈਰੋਇਨ ਜਾਂ ਹੋਰ ਨਸ਼ੀਲੀਆਂ ਵਸਤਾਂ ਫੜੀਆਂ ਗਈਆਂ ਹਨ, ਤਾਂ ਜਿਸ ਦਿਨ ਇਹ ਅਖ਼ਬਾਰ ਵਿਚ ਆਉਦਾ ਹੈ ਉਸ ਤੋਂ ਬਾਅਦ ਅਜਿਹੇ ਫੜੇ ਗਏ ਗੈਰ ਕਾਨੂੰਨੀ ਮਾਲ ਦਾ ਬਾਅਦ ਵਿਚ ਨਾ ਤਾਂ ਪੁਲਿਸ ਦੇ ਮਾਲ ਖਾਨਿਆਂ ਵਿਚ ਅਤੇ ਨਾ ਹੀ ਸੰਬੰਧਤ ਜੱਜ ਜੋ ਇਸ ਸੰਬੰਧੀ ਕਾਨੂੰਨੀ ਕਾਰਵਾਈ ਕਰਦੇ ਹਨ, ਜਨਤਾ ਨੂੰ ਕੋਈ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਇਹ ਫੜੇ ਗਏ ਨਸ਼ੀਲੀਆਂ ਵਸਤਾਂ ਦੀਆਂ ਖੇਪਾਂ ਨੂੰ ਕਦੋਂ, ਕਿਵੇਂ ਅਤੇ ਕਿਸ ਪੁਲਿਸ ਜਾਂ ਸਿਵਲ ਅਫ਼ਸਰ ਦੀ ਨਿਗਰਾਨੀ ਹੇਠ ਇਹ ਖਤਮ ਕੀਤਾ ਗਿਆ ਹੈ। ਸਾਨੂੰ ਜਾਪਦਾ ਹੈ ਕਿ ਜੋ ਪੁਲਿਸ ਅਧਿਕਾਰੀਆਂ ਵੱਲੋਂ ਅਜਿਹਾ ਮਾਲ ਫੜਿਆ ਜਾਂਦਾ ਹੈ , ਉਹ ਉੱਚ ਪੁਲਿਸ ਅਫ਼ਸਰਾਂ ਅਤੇ ਸਿਆਸਤਦਾਨਾਂ ਦੇ ਇਸ਼ਾਰਿਆਂ ਉਤੇ ਉਸੇ ਪੁਰਾਣੇ ਮਾਲ ਨੂੰ ਫਿਰ ਤੋਂ ਕਿਸੇ ਉਤੇ ਨਾਜਾਇਜ਼ ਪਾ ਕੇ ਦਿਖਾ ਦਿੱਤਾ ਜਾਂਦਾ ਹੈ। ਇਹ ਚੱਕਰਵਿਊਂ ਅਫਸਰਾਨ ਅਤੇ ਸਿਆਸਤਦਾਨਾਂ ਦੀ ਮਿਲੀਭੁਗਤ ਨਾਲ ਨਿਰੰਤਰ ਚੱਲਦਾ ਆ ਰਿਹਾ ਹੈ। ਜਿਸ ਵਿਚ ਪੁਲਿਸ ਅਫ਼ਸਰ ਅਤੇ ਸਿਆਸਤਦਾਨ ਵੀ ਦੋਸ਼ੀ ਹਨ ਜੋ ਅਜਿਹੇ ਫੜੇ ਗਏ ਮਾਲ ਦਾ ਕੋਈ ਰਿਕਾਰਡ ਰੱਖਣ ਜਾਂ ਜਨਤਕ ਕਰਨ ਦੀਆਂ ਜਿੰਮੇਵਾਰੀਆਂ ਤੋਂ ਭੱਜ ਕੇ ਅਜਿਹੇ ਮਾਲ ਨੂੰ ਫਿਰ ਦੋ ਨੰਬਰ ਵਿਚ ਵੇਣ ਕੇ ਆਪਣੀਆਂ ਤਿਜੋਰੀਆਂ ਵੀ ਭਰਦੇ ਹਨ ਅਤੇ ਇਸ ਨਸਿ਼ਆਂ ਦੀ ਸਮਗਲਿੰਗ ਦੀ ਖੁਦ ਹੀ ਸਰਪ੍ਰਸਤੀ ਕਰਦੇ ਹਨ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ, ਪ੍ਰਧਾਨ ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਰ ਦੂਸਰੇ ਚੌਥੇ ਦਿਨ ਸਰਹੱਦਾਂ ‘ਤੇ ਜਾਂ ਪੰਜਾਬ ਵਿਚ ਫੜੀਆਂ ਜਾਣ ਵਾਲੀਆਂ ਹੈਰੋਇਨ ਦੀਆਂ ਖੇਪਾਂ ਅਤੇ ਨਸ਼ੀਲੀਆਂ ਵਸਤਾਂ ਦੇ ਭੰਡਾਰ ਦੇ ਚੱਲ ਰਹੇ ਦੋਸ਼ਪੂਰਨ ਸਿਲਸਿਲੇ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ। ਉਹਨਾਂ ਇਸ ਸੰਬੰਧੀ ਪੰਜਾਬ ਸਰਕਾਰ ਅਤੇ ਪੁਲਿਸ ਦੀਆਂ ਦਿਸ਼ਾਹੀਣ ਨੀਤੀਆਂ ਅਤੇ ਅਮਲਾਂ ਉਤੇ ਜੋਰਦਾਰ ਹਮਲਾ ਕਰਦੇ ਹੋਏ ਕਿਹਾ ਕਿ ਜਦੋਂ ਅਜਿਹੇ ਫੜਨ ਵਾਲੀਆਂ ਵਸਤਾਂ ਦਾ ਮਾਲ ਖਾਨਿਆਂ ਵਿਚ ਕੋਈ ਰਿਕਾਰਡ ਹੀ ਨਹੀਂ ਅਤੇ ਸੰਬੰਧਤ ਜੱਜਾਂ ਵੱਲੋਂ ਅਜਿਹੇ ਮਾਲ ਨੂੰ ਖਤਮ ਕਰਨ ਜਾਂ ਉਸ ਦਾ ਰਿਕਾਰਡ ਰੱਖਣ ਸੰਬੰਧੀ ਕੋਈ ਹਿਦਾਇਤ ਹੀ ਨਹੀਂ ਕੀਤੀ ਜਾਂਦੀ ਤਾਂ ਪੰਜਾਬੀ ਸਿੱਖ ਨੌਜਵਾਨਾਂ ਅਤੇ ਵਿਰੋਧੀ ਪਾਰਟੀਆਂ ਦੇ ਸਰਗਰਮ ਮੈਨਬਰਾਂ ਉਤੇ ਮੰਦਭਾਵਨਾ ਅਧੀਨ ਅਜਿਹੇ ਕੇਸ ਫਿੱਟ ਕਰ ਦੇਣ ਦੇ “ਅੰਨ੍ਹੀ ਪੀਂਹਦੀ ਹੈ ਅਤੇ ਕੁੱਤੇ ਚੱਟਦੇ ਹਨ” ਦੀ ਕਹਾਵਤ ਅੱਜ ਦੇ ਦੋਸ਼ਪੂਰਨ ਸਿਸਟਮ ਉਤੇ ਪੂਰੀ ਤਰ੍ਹਾਂ ਲਾਗੂ ਹੁੰਦੀ ਹੈ ਅਤੇ ਅਜਿਹੀਆਂ ਖਬਰਾਂ ਲਗਵਾ ਕੇ ਅਤੇ ਨਿਰਦੋਸ਼ਾਂ ਨੂੰ ਅਜਿਹੇ ਮਾਮਲਿਆਂ ਵਿਚ ਝੂਠੇ ਫਸਾ ਕੇ ਪੁਲਿਸ ਅਫ਼ਸਰਸ਼ਾਹੀ ਅਤੇ ਸਿਆਸਤਦਾਨ ਅਜਿਹੀ ਗੈਰ ਕਾਨੂੰਨੀਂ ਕਮਾਈ ਨਾਲ ਆਪੋ ਆਪਣੇ ਕਾਰੋਬਾਰ ਵਧਾਉਣ ਵਿਚ ਗ੍ਰਸਤ ਹੋਏ ਪਏ ਹਨ। ਇਸ ਲਈ ਪੰਜਾਬ ਦੀਆਂ ਸਰਹੱਦਾਂ ਅਤੇ ਪੰਜਾਬ ਵਿਚ ਫੜੀਆਂ ਗਈਆਂ ਨਸ਼ੀਲੀਆਂ ਵਸਤਾਂ ਦੇ ਰਿਕਾਰਡ ਅਤੇ ਮਾਲ ਖਾਨੇ ਦੇ ਸਟੋਰ ਵਿਚ ਜਮ੍ਹਾਂ ਗੈਰ ਕਾਨੂੰਨੀਂ ਵਸਤਾਂ ਦੀ ਉੱਚ ਪੱਧਰੀ ਨਿਰਪੱਖਤਾ ਨਾਲ ਜਾਂਚ ਹੋਣੀ ਚਾਹੀਦਾ ਹੈ, ਤਾਂ ਕਿ ਰਿਸ਼ਵਤਖੋਰ ਪੁਲਿਸ ਅਫ਼ਸਰਾਂ ਅਤੇ ਸਿਆਸਤਦਾਨਾਂ ਦੀ ਮਿਲੀਭੁਗਤ ਨਾਲ ਪੰਜਾਬ ਵਿਚ ਨਸੀਲੀਆਂ ਵਸਤਾਂ ਦੀ ਖਰੀਦੋ ਫਰੋਖਤ ਦੇ ਹੋ ਰਹੇ ਕਾਰੋਬਾਰ ਅਤੇ ਨੌਜਵਾਨੀਂ ਨੂੰ ਗਲਤ ਡੂੰਘੀ ਖਾਈ ਵਿਚ ਡੇਗਣ ਦੀਆਂ ਕਾਰਵਾਈਆਂ ਦਾ ਅਸਲ ਸੱਚ ਸਾਹਮਣੇ ਆ ਸਕੇ ਅਤੇ ਇਹ ਚੱਲ ਰਹੇ ਗੋਰਖ ਧੰਦੇ ਨੂੰ ਸਖਤੀ ਨਾਲ ਰੋਕਿਆ ਜਾ ਸਕੇ ਅਤੇ ਪੰਜਾਬ ਦੇ ਗੰਧ਼ੇ ਹੋ ਰਹੇ ਹਾਲਾਤ ਨੂੰ ਕਾਬੂ ਕੀਤਾ ਜਾ ਸਕੇ।