ਮਹਾਮਾਰੀ ਦਾ ਰੂਪ ਧਾਰਣ ਕਰਦਾ ਜਾ ਰਿਹਾ ਮੋਟਾਪਾ

ਮੋਟਾਪਾ ਘਟਾਉਣ ਲਈ ਉਸ ਨਾਲ ਸੰਬਧਿਤ ਖਾਸ ਯੋਗ ਆਸਣ ਟਰੇਂਡ ਨਿਗਰਾਨੀ ਹੇਠ ਕੀਤੇ ਜਾਣੇ ਚਾਹੀਦੇ  ਹਨ

ਅੱਜ ਦੀ ਭੱਜ ਦੌੜ ਭਰੀ ਜਿੰਦਗੀ ਵਿੱਚ ਮੋਟਾਪੇ ਦੀ ਸਮੱਸਿਆ ਲਗਾਤਾਰ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਹੈ। ਬੱਚੇ, ਆਦਮੀ, ਔਰਤਾਂ ਸਾਰਿਆਂ ਨੂੰ ਹੀ ਮੋਟਾਪਾ ਆਪਣੀ ਜਕੜ ਵਿੱਚ ਜਕੜਦਾ ਜਾ ਰਿਹਾ ਹੈ। ਇਸ ਦਾ ਪ੍ਰਮੁੱਖ ਕਾਰਨ ਖਾਣ ਪੀਣ ਦੀਆਂ ਆਦਤਾਂ ਵਿੱਚ ਭਾਰੀ ਬਦਲਾਅ ਹੈ। ਅੱਜ ਦੀ ਨੌਜਵਾਨ ਪੀੜੀ ਅਤੇ ਨੌਜਵਾਨ ਹੋ ਰਹੀ ਪੀੜੀ ਵੱਲੋਂ ਜੰਕ ਫੂਡ ਨੂੰ ਜ਼ਿਆਦਾ ਤਰਜੀਹ ਦਿੱਤੀ ਜਾ ਰਹੀ ਹੈ ਇਸ ਦਾ ਨਤੀਜਾ ਮੋਟਾਪੇ ਦੇ ਰੂਪ ਵਿੱਚ ਸਾਹਮਣੇ ਆ ਰਿਹਾ ਹੈ । ਵਿਸ਼ਵ ਸਿਹਤ ਸੰਗਠਨ ਮੁਤਾਬਕ 1980 ਤੋਂ ਲੈ ਕੇ ਦੁਨੀਆ ਭਰ ਵਿੱਚ ਮੋਟਾਪੇ ਦੇ ਮਾਮਲੇ ਦੁਗਣੇ ਹੋ ਗਏ ਹਨ। ਸਰੀਰਕ ਭਾਰ ਦਾ ਵੱਧ ਹੋਣਾ ਅਤੇ ਮੋਟਾਪਾ ਇਹ ਦੋ ਵਖਰੀਆਂ ਧਾਰਨਾਵਾਂ ਹਨ।  ਉਮਰ ਤੇ ਕੱਦ ਦੇ ਹਿਸਾਬ ਨਾਲ ਸਰੀਰਕ ਭਾਰ ਦੇ ਜਿਆਦਾ ਹੋਣ ਨੂੰ ਭਾਰ ਵੱਧ ਹੋਣਾ ਕਿਹਾ ਜਾਂਦਾ ਹੈ ਪਰ ਜੇ ਇਹ ਭਾਰ ਜਰੂਰਤ ਤੋਂ ਕਾਫੀ ਜਿਆਦਾ ਵੱਧ ਜਾਵੇ ਤਾਂ ਇਸਨੂੰ ਮੋਟਾਪਾ ਕਿਹਾ ਜਾਦਾ ਹੈ ਤੇ ਸਿਹਤ ਲਈ ਇਹ ਦੋਨੋ ਦਸ਼ਾ ਹੀ ਖਤਰਨਾਕ ਹਨ। ਹਰ ਉਮਰ ਤੇ ਹਰ ਵਰਗ ਦੇ ਲੋਕਾਂ ਵਿੱਚ ਮੋਟਾਪੇ ਅਤੇ ਭਾਰ ਜਿਆਦਾ ਹੋਣ ਦੀ ਸ਼ਿਕਾਇਤ ਲਗਾਤਾਰ ਵੱਧ ਰਹੀ ਹੈ। ਮੋਟਾਪਾ ਬਲੱਡ ਪ੍ਰੈਸ਼ਰ, ਕੋਲੈਸਟਰੋਲ ਅਤੇ ਸਰੀਰ ਦੀ ਇਨਸੁਲਿਨ ਨੂੰ ਵਰਤਣ ਦੀ ਤਾਕਤ ਤੇ ਮਾੜਾ ਅਸਰ ਪਾਉਂਦਾ ਹੈ। ਹਰ ਸਾਲ 28 ਲੱਖ ਲੋਕ ਮੋਟਾਪੇ ਕਾਰਨ ਮਰ ਜਾਂਦੇ ਹਨ। ਇਸ ਤੋਂ ਇਲਾਵਾ 44 ਫੀਸਦੀ ਡਾਈਬਟੀਜ, 23 ਫੀਸਦੀ ਦਿਲ ਦੀਆਂ ਬਿਮਾਰੀਆਂ ਤੇ ਕਈ ਤਰ੍ਹਾ ਦੇ ਕੈਂਸਰ ਦਾ ਵੀ ਮੋਟਾਪਾ ਜਿੰਮੇਵਾਰ ਹੁੰਦਾ ਹੈ। ਮੋਟਾਪੇ ਦੇ ਸ਼ਿਕਾਰ ਲੋਕਾਂ ਨੂੰ ਜੋੜਾਂ ਦੇ ਦਰਦ ਦੀ ਸ਼ਿਕਾਇਤ ਵੀ ਆਮ ਤੌਰ ਤੇ ਹੋ ਜਾਂਦੀ ਹੈ। ਦੁਨੀਆ ਭਰ ਵਿੱਚ ਮੌਤ ਦੇ ਮੁੱਖ ਕਾਰਨਾਂ ਵਿੱਚ ਮੋਟਾਪਾ ਪੰਜਵੇ ਨੰਬਰ ਤੇ ਹੈ। ਮੋਟਾਪਾ ਖਤਰਨਾਕ ਜਰੂਰ ਹੈ ਪਰ ਇਸ ਤੋਂ ਬਚਿਆ ਜਾ ਸਕਦਾ ਹੈ।

ਮੋਟਾਪੇ ਦਾ ਮਤਲੱਬ ਹੈ ਸਰੀਰ ਤੇ ਚਰਬੀ ਦਾ ਵੱਧਣਾ ਜੋਕਿ ਸਿਹਤ ਨੂੰ ਨੁਕਸਾਨ ਪਹੁੰਚਾਉਂਦੀ ਹੈ। ਵਿਸ਼ਵ ਸਿਹਤ ਸੰਗਠਨ ਵਲੋਂ ਸ਼ਰੀਰ ਦੇ ਕੱਦ ਤੇ ਭਾਰ ਦੇ ਆਪਸੀ ਅਨੁਪਾਤ ਮੁਤਾਬਕ ਬਾਡੀ ਮਾਸ ਇਨਡੈਕਸ ਤੈਅ ਕੀਤਾ ਗਿਆ ਹੈ ਅਤੇ ਜੇ ਇਹ ਇਨਡੈਕਸ 25 ਜਾਂ ਇਸ ਤੋਂ ਵੱਧ ਹੋਵੇ ਤਾਂ ਇਨਸਾਨ ਦਾ ਭਾਰ ਵੱਧ ਗਿਣਿਆ ਜਾਂਦਾ ਹੈ ਤੇ ਜੇਕਰ ਇਹ ਇਨਡੈਕਸ 30 ਜਾਂ ਇਸ ਤੋਂ ਵੱਧ ਹੋਵੇ ਤਾਂ ਉਸ ਵਿਅਕਤੀ ਨੂੰ ਮੋਟਾਪੇ ਦਾ ਸ਼ਿਕਾਰ ਮੰਨਿਆ ਜਾਂਦਾ ਹੈ ਹਾਲਾਂਕਿ ਇਸ ਵਿੱਚ ਵੀ ਮਤ ਭੇਦ ਦੀ ਗੁੰਜਾਇਸ਼ ਹੈ ਕਿਉਂਕਿ ਅਲਗ ਅਲਗ ਕੱਦ ਤੇ ਭਾਰ ਦੇ ਲੋਕਾਂ ਵਿੱਚ ਮੋਟਾਪੇ ਦਾ ਸਤਰ ਵੀ ਅਲਗ ਅਲਗ ਹੁੰਦਾ ਹੈ। ਇੱਕ ਸਮਾਂ ਸੀ ਜਦੋਂ ਮੋਟਾਪੇ ਨੂੰ ਅਮੀਰ ਦੇਸ਼ਾਂ ਦੀ ਸਮਸਿਆ ਗਿਣਿਆ ਜਾਂਦਾ ਸੀ ਪਰ ਹੁਣ ਵਿਕਾਸਸ਼ੀਲ ਦੇਸ਼ਾਂ ਦੇ ਸ਼ਹਿਰੀ ਇਲਾਕਿਆਂ ਵਿੱਚ ਵੀ ਮੋਟਾਪੇ ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਔਰਤਾਂ ਵਿੱਚ ਮਰਦਾਂ ਨਾਲੋਂ ਜਿਆਦਾ ਮੋਟਾਪਾ ਪਾਇਆ ਜਾਂਦਾ ਹੈ। ਘੱਟ ਜਾਂ ਮੱਧਮ ਆਮਦਨ ਵਾਲੇ ਦੇਸ਼ਾਂ ਵਿੱਚ ਮਰਦਾਂ ਨਾਲੋਂ ਤਕਰੀਬਨ ਦੁਗਨੀਆਂ ਔਰਤਾਂ ਮੋਟਾਪੇ ਦਾ ਸ਼ਿਕਾਰ ਹਨ। ਬਦਲ ਰਹੀ ਜੀਵਨ ਸ਼ੈਲੀ ਦੇ ਚਲਦਿਆਂ ਬੱਚਿਆਂ ਵਿੱਚ ਵੀ ਮੋਟਾਪੇ ਦੀ ਸਮਸਿਆ ਲਗਾਤਾਰ ਵੱਧ ਰਹੀ ਹੈ। 2010 ਵਿੱਚ 5 ਸਾਲ ਤੋਂ ਘੱਟ ਉਮਰ ਦੇ 4 ਕਰੋੜ 30 ਲੱਖ ਬੱਚੇ ਵੱਧ ਭਾਰ ਦਾ ਸ਼ਿਕਾਰ ਸਨ। ਜਿਹਨਾ ਵਿੱਚੋਂ 3 ਕਰੋੜ 50 ਲੱਖ ਵਿਕਾਸਸ਼ੀਲ ਦੇਸ਼ਾਂ ਵਿੱਚ ਤੇ 80 ਲੱਖ ਵਿਕਸਿਤ ਦੇਸ਼ਾਂ ਵਿੱਚ ਸਨ। ਬਚਪਨ ਤੋਂ ਹੀ ਮੋਟਾਪੇ ਦੇ ਸ਼ਿਕਾਰ ਲੋਕਾਂ ਵਿੱਚ ਵੱਡੇ ਹੋਣ ਤੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਖਤਰਾ ਬਣਿਆ ਰਹਿੰਦਾ ਹੈ ਜਿਵੇਂ ਕਿ ਸਾਹ ਦੀਆਂ ਬਿਮਾਰੀਆਂ, ਫਰੈਕਚਰ ਹੋਣ ਦਾ ਖਤਰਾ, ਤਣਾਅ, ਦਿਲ ਸੰਬਧੀ ਰੋਗ, ਡਾਈਬਟੀਜ਼ ਅਤੇ ਹੋਰ ਮਾਨਸਿਕ ਪਰੇਸ਼ਾਨੀਆਂ।ਵਸਾ, ਚੀਨੀ ਦੀ ਅਧਿਕਤਾ ਵਾਲਾ ਪਰ ਘੱਟ ਪੌਸ਼ਟਿਕ ਤਤਾਂ ਵਾਲਾ ਭੋਜਨ ਖਾਣ ਨਾਲ ਤੇ ਸਰੀਰਕ ਤੌਰ ਤੇ ਘੱਟ ਚੁਸਤੀ ਕਾਰਨ ਬੱਚਿਆਂ ਵਿੱਚ ਮੋਟਾਪੇ ਦੀ ਸਮੱਸਿਆ ਵੱਧ ਰਹੀ ਹੈ। ਚਿਪਸ, ਕੁਰਕਰੇ ਆਦਿ ਦਾ ਜਿਆਦਾ ਸੇਵਨ ਵੀ ਬੱਚਿਆ ਵਿੱਚ ਕੁਪੋਸ਼ਨ ਤੇ ਮੋਟਾਪੇ ਦਾ ਕਾਰਨ ਹੈ। ਭਾਰਤ ਵੀ ਮੋਟਾਪੇ ਵੱਲ ਵੱਧ ਰਿਹਾ ਹੈ । ਇੱਕ ਰਿਪੋਰਟ ਮੁਤਾਬਕ ਜਿੱਥੇ ਭਾਰਤ ਦੇ ਤਕਰੀਬਨ ਅੱਧੇ ਬੱਚੇ ਕੁਪੋਸ਼ਨ ਦਾ ਸ਼ਿਕਾਰ ਹਨ ਉਥੇ ਕਈ ਅਮੀਰਾਂ ਨੂੰ ਮੋਟਾਪਾ ਘਟਾਉਣ ਲਈ ਇਲਾਜ ਕਰਵਾਉਣਾ ਪੈ ਰਿਹਾ ਹੈ।  ਆਮਦਨ ਵੱਧਣ ਨਾਲ ਲੋਕਾਂ ਦਾ ਖਾਣ ਦਾ ਚਾਅ ਵੀ ਵੱਧ ਜਾਂਦਾ ਹੈ ਤੇ ਉਹਨਾਂ ਦੇ ਖਾਨੇ ਵਿੱਚ ਫਾਸਟ ਫੂਡ ਤੇ ਪ੍ਰੀਜ਼ਰਵਡ ਫੂਡ ਦੀ ਮਾਤਰਾ ਵੱਧ ਜਾਂਦੀ ਹੈ। ਵੈਸੇ ਵੀ ਭਾਰਤ ਵਿੱਚ ਖਾਤਰਦਾਰੀ ਦਾ ਦੂਜਾ ਨਾ ਖਾਨਾ ਹੈ। ਭਾਰਤ ਦੇ ਰਾਸ਼ਟਰੀ ਪਰਿਵਾਰ ਸਿਹਤ ਸਰਵੇ ਮੁਤਾਬਕ ਭਾਰਤ ਦੀ ਕੁੱਲ ਸ਼ਹਿਰੀ ਅਬਾਦੀ ਦਾ 20 ਫੀਸਦੀ ਜਾਂ ਤਾਂ ਮੋਟਾਪੇ ਦਾ ਸ਼ਿਕਾਰ ਹੈ ਜਾਂ ਵੱਧ ਭਾਰ ਦੀ ਸਮੱਸਿਆ ਨਾਲ ਲੜ ਰਿਹਾ ਹੈ ਤੇ ਪੰਜਾਬ ਵਿੱਚ ਤਾਂ 40 ਫੀਸਦੀ ਔਰਤਾਂ ਮੋਟਾਪੇ ਦੀਆਂ ਸ਼ਿਕਾਰ ਹਨ। ਸਕੂਲ ਜਾਣ ਵਾਲੇ ਬੱਚਿਆਂ ਵਿੱਚ 20 ਫੀਸਦੀ ਭਾਰ ਦੇ ਵੱਧ ਹੋਣ ਦੀ ਸਮਸਿਆ ਦੇ ਸ਼ਿਕਾਰ ਹਨ। ਅੱਗੇ ਜਿਮ ਜਾਂ ਸਲਿਮਿੰਗ ਸੈਂਟਰ ਜਾਣਾ ਅਮੀਰਾਂ ਦੇ ਚੋਂਚਲੇ ਮੰਨਿਆ ਜਾਂਦਾ ਸੀ ਪਰ ਹੁਣ ਇਹ ਇੱਕ ਜਰੂਰਤ ਬਣ ਗਏ ਹਨ। ਭਾਰ ਵੱਧਣ ਨਾਲ ਡਾਈਬਟੀਜ਼ ਦਾ ਖਤਰਾ ਵੀ ਵੱਧਦਾ ਹੈ। ਅੰਤਰਾਸ਼ਟਰੀ ਡਾਈਬਟੀਜ਼ ਸੰਘ ਦੇ ਮੁਤਾਬਕ ਦੁਨੀਆਂ ਦਾ ਹਰ ਛੇਵਾਂ ਡਾਈਬਟੀਜ਼ ਦਾ ਸ਼ਿਕਾਰ ਇੱਕ ਭਾਰਤੀ ਹੈ। ਭਾਰਤ ਨੂੰ ਡਾਈਬਟੀਜ਼ ਦੀ ਰਾਜਧਾਨੀ ਵੀ ਕਿਹਾ ਜਾਂਦਾ ਹੈ। ਪਿਛਲੇ ਕੁੱਝ ਸਮੇਂ ਦੀਆਂ ਖੋਜਾਂ ਵਿੱਚ ਵੀ ਇਹ ਸਾਬਤ ਹੋ ਚੁੱਕਿਆ ਹੈ ਕਿ ਭਾਰਤ ਦੇ ਲੋਕਾਂ ਵਿੱਚ ਅਨੁਵਾਂਸ਼ਕ ਤੌਰ ਤੇ ਹੀ ਯੁਰੋਪ ਦੇ ਲੋਕਾਂ ਨਾਲੋਂ ਜਿਆਦਾ ਚਰਬੀ ਜਮਾਂ ਹੁੰਦੀ ਹੈ ਜਿਸ ਨਾਲ ਉਹਨਾਂ ਵਿੱਚ ਮੋਟਾਪੇ ਤੇ ਉਸ ਨਾਲ ਸੰਬਧਿਤ ਬਿਮਾਰੀਆਂ ਦਾ ਖਤਰਾ ਵੀ ਵੱਧ ਹੁੰਦਾ ਹੈ।

ਲਗਾਤਾਰ ਵੱਧਦਾ ਮੋਟਾਪਾ ਇੱਕ ਮਹਾਮਾਰੀ ਦਾ ਰੂਪ ਧਾਰਣ ਕਰਦਾ ਜਾ ਰਿਹਾ ਹੈ। ਪਿਛਲੇ ਕੁੱਝ ਦਸ਼ਕਾਂ ਵਿੱਚ ਆਏ ਸਮਾਜਿਕ ਅਤੇ ਵਿਵਹਾਰਕ ਪਰਿਵਰਤਨ ਨਾਲ ਇਸ ਵਿੱਚ ਵਾਧਾ ਹੋਇਆ ਹੈ। ਭਾਵੇਂ ਇਹ ਇਨਸਾਨ ਦੇ ਜੀਨ ਹੀ ਤੈਅ ਕਰਦੇ ਹਨ ਕਿ ਕਿਸੇ ਮਨੁੱਖ ਵਿੱਚ ਮੋਟਾਪੇ ਦੀ ਕਿੰਨੀ ਕੁ ਗੁੰਜਾਇਸ਼ ਹੈ ਪਰ ਸਾਡਾ ਖਾਣ ਪੀਣ ਤੇ ਸ਼ਰੀਰਕ ਕਸਰਤ ਜੀਵਨ ਤੇ ਬਹੁਤ ਅਸਰ  ਪਾਉਂਦੇ ਹਨ। ਆਰਥਿਕ ਤਰੱਕੀ, ਆਧੁਨਿਕਤਾ, ਵੱਧਦਾ ਸ਼ਹਿਰੀਕਰਨ ਤੇ ਭੋਜਨ ਉਦਯੋਗ ਵਿੱਚ ਹੋ ਰਿਹਾ ਲਗਾਤਾਰ ਵਾਧਾ ਮੋਟਾਪੇ ਨੂੰ ਮਹਾਮਾਰੀ ਦਾ ਰੂਪ ਦੇਣ ਵਿੱਚ ਵੱਡਾ ਯੋਗਦਾਨ ਪਾ ਰਹੇ ਹਨ। ਅੱਜ ਕੱਲ੍ਹ ਜਿਆਦਾਤਰ ਕੰਮ ਦਾ ਤਰੀਕਾ ਅਜਿਹਾ ਹੋ ਗਿਆ ਹੈ ਜਿਸ ਨਾਲ ਸ਼ਰੀਰਕ ਕਸਰਤ ਘੱਟ ਹੋ ਰਹੀ ਹੈ । ਜਿੱਥੇ ਘਰੇਲੁ ਕੰਮਾਂ ਲਈ ਕਈ ਤਰ੍ਹਾਂ ਦੀਆਂ ਮਸ਼ੀਨਾਂ ਆ ਗਈਆਂ ਹਨ ਉਥੇ ਦਫਤਰਾਂ ਦਾ ਜਿਆਦਾ ਕੰਮ ਵੀ ਬੈਠ ਕੇ ਕੰਪਉਟਰ ਤੇ ਹੀ ਹੋ ਜਾਂਦਾ ਹੈ। ਆਉਣ ਜਾਣ ਲਈ ਵੀ ਸਕੂਟਰ ਅਤੇ ਗੱਡੀ ਦੀ ਹੀ ਵਰਤੋਂ ਕੀਤੀ ਜਾਂਦੀ ਹੈ। ਸਾਈਕਲ ਤੇ ਜਾਂ ਪੈਦਲ ਤਾਂ ਹੁਣ ਕੋਈ ਹੀ ਚਲਦਾ ਹੈ। ਜਿੰਦਗੀ ਦੀ ਰਫਤਾਰ ਵੀ ਇੰਨੀ ਤੇਜ਼ ਹੋ ਗਈ ਹੈ ਕਿ ਉਸ ਵਿੱਚ ਸੈਰ ਜਾਂ ਕਸਰਤ ਕਰਨ ਦਾ ਵੀ ਲੋਕਾਂ ਕੋਲ ਨਾ ਤੇ ਸਮਾਂ ਹੈ ਤੇ ਨਾ ਹੀ ਰੁਝਾਨ ਖਾਸ ਕਰ ਔਰਤਾਂ ਵਿੱਚ। ਔਰਤਾਂ ਦਾ ਸੋਚਣਾ ਹੁੰਦਾ ਹੈ ਕਿ ਘਰ ਦਾ ਸਾਰਾ ਕੰਮ ਕਰਦਿਆਂ ਕਸਰਤ ਤਾਂ ਹੋ ਹੀ ਜਾਂਦੀ ਹੈ। ਖਾਣ ਪੀਣ ਵਿੱਚ ਵੀ ਬਹੁਤ ਬਦਲਾਵ ਆ ਗਿਆ ਹੈ। ਪੌਸ਼ਟਿਕ ਭੋਜਨ ਦੀ ਥਾਂ ਫਾਸਟ ਫੂਡ ਨੇ ਲੈ ਲਈ ਹੈ। ਇਸ ਤੋਂ ਇਲਾਵਾ ਬਜਾਰੀ ਖਾਣ ਪੀਣ ਤੇ ਡੱਬਾ ਬੰਦ ਖਾਣੇ ਦਾ ਵੀ ਰੁਝਾਨ ਕਾਫੀ ਵੱਧ ਗਿਆ ਹੈ ਤੇ ਅਜਿਹੇ ਖਾਣੇ ਵਿੱਚ ਮੋਟਾਪਾ ਵਧਾਉਣ ਵਾਲੇ ਤੱਤ ਜਿਆਦਾ ਹੁੰਦੇ ਹਨ।

ਆਪਣੇ ਖਾਣ ਪਾਣ ਵਿੱਚ ਤਬਦੀਲੀ ਲਿਆ ਕੇ ਅਤੇ ਸਰੀਰਕ ਕਸਰਤ ਕਰ ਕੇ ਬਿਨ੍ਹਾਂ ਦਵਾਈਆਂ ਦੇ ਕੁਦਰਤੀ ਤਰੀਕਿਆਂ ਨਾਲ ਵੱਧਦੇ ਭਾਰ ਅਤੇ ਮੋਟਾਪੇ ਤੇ ਕਾਬੂ ਪਾਇਆ ਜਾ ਸਕਦਾ ਹੈ। ਘੱਟ ਵਸਾ ਤੇ ਘੱਟ ਮਿੱਠੇ ਵਾਲੇ ਭੋਜਨ ਦਾ ਸੇਵਨ ਕਰਨਾ ਚਾਹੀਦਾ ਹੈ। ਫਲ, ਹਰੀਆਂ ਸਬਜੀਆਂ, ਸਾਬਤ ਅਨਾਜ ਆਪਣੇ ਭੋਜਨ ਵਿੱਚ ਸ਼ਾਮਲ ਕਰਨੇ ਚਾਹੀਦੇ ਹਨ। ਸਰੀਰਕ ਕੰਮਾਂ ਜਾਂ ਕਸਰਤ ਵਿੱਚ ਰੁਝਾਨ ਵਧਾਉਣਾ ਚਾਹੀਦਾ ਹੈ। ਜਿਹੜੇ ਲੋਕ ਬਿਲਕੁੱਲ ਵੀ ਸ਼ਰੀਰਕ ਕਸਰਤ ਵਾਲਾ ਕੰਮ ਨਹੀਂ ਕਰਦੇ ਉਹਨਾਂ ਨੂੰ ਰੋਜ਼ ਥੋੜੀ ਥੋੜੀ ਕਸਰਤ ਤੋਂ ਸ਼ੁਰੂਆਤ ਕਰਕੇ ਹੌਲੀ ਹੌਲੀ ਸਰੀਰਕ ਕਸਰਤ ਵਧਾਉਣੀ ਚਾਹੀਦੀ ਹੈ। ਮੋਟਾਪਾ ਘਟਾਉਣ ਵਿੱਚ ਯੋਗਾ ਬਹੁਤ ਮਹਤੱਵਪੂਰਨ ਸਾਬਤ ਹੋ ਰਿਹਾ ਹੈ। ਰੋਜ 10 ਮਿੰਟ ਤੋਂ ਲੈ ਕੇ 30 ਮਿੰਟ ਤੱਕ ਮੋਟਾਪਾ ਘਟਾਉਣ ਲਈ ਯੋਗ ਆਸਣ ਕਰਕੇ ਵੱਧ ਰਹੇ ਵਜਨ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਤੇ ਤੰਦਰੁਸਤ ਸਰੀਰ ਪਾਇਆ ਜਾ ਸਕਦਾ ਹੈ। ਹੁਣ ਤਾਂ ਵਿਸ਼ਵ ਨੇ ਵੀ ਯੋਗ ਦੇ ਮਹਤੱਵ ਨੂੰ ਸਮਝਦੇ ਹੋਏ 21 ਜੂਨ ਨੂੰ ਅੰਤਰਾਸ਼ਟਰੀ ਯੋਗ ਦਿਵਸ ਘੋਸ਼ਿਤ ਕਰ ਦਿੱਤਾ ਹੈ। ਵੈਸੇ ਵੀ ਯੋਗਾ ਕਸਰਤ ਦਾ ਅਜਿਹਾ ਸਾਧਨ ਹੈ ਜਿਸਨੂੰ ਹਰ ਉਮਰ ਵਿੱਚ ਕੀਤਾ ਜਾ ਸਕਦਾ  ਹੈ। ਅੱਜ ਕੱਲ੍ਹ ਕਾਫੀ ਲੋਕ ਸਵੇਰੇ ਨਿਯਮ ਨਾਲ ਯੋਗਾ ਕਰਦੇ  ਹਨ ਜੋਕਿ ਸਰੀਰ ਨੂੰ ਤੰਦਰੂਸਤ ਰੱਖਣ ਵਿੱਚ ਮਦਦਗਾਰ ਹੁੰਦਾ ਹੈ ਪਰ ਜੇਕਰ ਮੋਟਾਪਾ ਘਟਾਉਣਾ ਹੋਵੇ ਤਾਂ ਉਸ ਨਾਲ ਸਬੰਧਿਤ ਖਾਸ ਆਸਣ ਟਰੇਂਡ ਨਿਗਰਾਨੀ ਹੇਠ ਕੀਤੇ ਜਾਣੇ ਚਾਹੀਦੇ  ਹਨ।

ਜਿਆਦਾ ਧਿਆਨ ਬੱਚਿਆਂ ਤੇ ਦੇਣ ਦੀ ਲੋੜ ਹੈ। ਟੀ ਵੀ, ਕੰਪਉਟਰ ਤੇ ਵੀਡਿਓ ਗੇਮਾਂ ਬੱਚਿਆਂ ਦੇ ਬਾਹਰ ਨਿਕਲ ਕੇ ਖੇਡਣ ਵਿੱਚ ਰੁਕਾਵਟ ਬਣਦੇ ਹਨ ਜਿਸ ਨਾਲ ਉਹਨਾਂ ਦੀ ਸਰੀਰਕ ਕਸਰਤ ਘੱਟ ਹੁੰਦੀ ਹੈ। ਸਕੂਲਾਂ ਵਿੱਚ ਵੀ ਤੇ ਘਰ ਵੀ ਬੱਚਿਆਂ ਦੇ ਸਰੀਰਕ ਕਸਰਤ ਤੇ ਜੋਰ ਦੇਣਾ ਚਾਹੀਦਾ ਹੈ। ਸਾਈਕਲ ਚਲਾਉਣਾ ਤੇ ਤੈਰਨਾ ਬੱਚਿਆਂ ਨੂੰ ਚੁਸਤ  ਰੱਖਣ ਵਿੱਚ ਬਹੁਤ ਮਦਦਗਾਰ ਹਨ। ਇਸ ਤੋਂ ਇਲਾਵਾ ਬੱਚਿਆਂ ਦਾ ਖਾਣ ਪੀਣ ਵੀ ਪੌਸ਼ਟਿਕ ਹੋਣਾ ਚਾਹੀਦਾ ਹੈ ਤੇ ਉਹਨਾਂ ਨੂੰ ਜੰਕ ਫੂਡ ਘੱਟੋ ਘੱਟ ਦੇਣਾ ਚਾਹੀਦਾ ਹੈ। ਵੱਡਿਆਂ ਨੂੰ ਵੀ ਰੋਜ਼ ਕੁੱਝ ਸਮਾਂ ਪੈਦਲ ਜਰੂਰ ਚਲਨਾ ਚਾਹੀਦਾ ਹੈ। ਇੱਕ ਮੋਟਾਪੇ ਤੇ ਕਾਬੂ ਪਾ ਕੇ ਕਈ ਹੋਰ ਬਿਮਾਰੀਆਂ ਨੂੰ ਖਤਮ ਕੀਤਾ ਜਾ ਸਕਦਾ ਹੈ ਤੰਦਰੁਸਤ ਜਿੰਦਗੀ ਬਿਤਾਈ ਜਾ ਸਕਦੀ ਹੈ। ਅਗਰ ਤੁਸੀਂ ਇਸ ਮੋਟਾਪੇ ਨੂੰ ਘੱਟਾਉਣਾ ਚਾਹੁੰਦੇ ਹੋ ਤਾਂ ਤੁਸੀ ਸੰਪਰਕ ਕਰ ਸਕਦੇ ਹੋ।

ਅਕੇਸ਼ ਕੁਮਾਰ ਐਮ ਡੀ ਐਕਊਪ੍ਰੈਸ਼ਰ
ਗੁਰੂ ਨਾਨਕ ਨਗਰ ਗਲੀ ਨੰਬਰ2
ਬੈਕਸਾਇਡ ਰਾਮ ਬਾਗ ਰੋਡ ਬਰਨਾਲਾ
ਮੋ  -988803

akeshbnl@gmail.com

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>