ਸ੍ਰੀ ਗੁਰੂ ਗ੍ਰੰਥ ਸਾਹਿਬ (ਸਤਿ ਸੰਤੋਖੁ ਵੀਚਾਰੋ)

ਗੁਰੂ ਗਰੰਥ ਸਾਹਿਬ ਗਿਆਨ ਦਾ ਵਿਸ਼ਾਲ, ਅਲੋਕਿਕ ਤੇ ਅਗੰਮ ਸਾਗਰ ਹੈ। ਇਹ ਅਨੁਭਵੀ ਗਿਆਨ ਦਾ ਰੂਹਾਨੀ ਪ੍ਰਕਾਸ਼ ਹੈ। ਪਰਮ ਪਵਿੱਤਰ ਗੁਰਬਾਣੀ ਸਤਿ ਸਰੂਪ ਹੈ, ਨਿਰੰਕਾਰ ਦਾ ਰੂਪ ਹੈ। ਸਤ-ਚਿੱਤ ਅਨੰਦ ਸਰੂਪ ਅਕਾਲ ਪੁਰਖ ਨਾਲ ਇੱਕ ਸੁਰ ਹੋ ਸਤਿਗੁਰਾਂ ਦੇ ਸ਼ੁਧ ਹਿਰਦੇ ਵਿੱਚ ਪਾਵਨ ਬਾਣੀ ਦਾ ਜੋ ਆਵੇਸ਼ ਹੋਇਆ, ਉਹ ਸਾਚੀ ਬਾਣੀ ਹੈ, ਇਸ ਵਿੱਚ ਸਿਫਤ ਸਲਾਹ ਕੇਵਲ ਸਰਬ ਸ਼ਕਤੀਮਾਨ ਦੀ ਹੈ। ਪ੍ਰਮਾਤਮਾ ਦੇ ਗੁਣ ਕੋਇਲ ਵਾਂਗ ਗਾਏ ਗਏ, ਇਹ ਪ੍ਰਮਾਤਮਾ ਦੀ ਅਕੱਥ ਕਥਾ ਹੈ। ਇਸ ਗੁਰੂ ਗ੍ਰੰਥ ਸਾਹਿਬ ਵਿੱਚ ਨਾਮ ਦੀ ਸਰਬਗਤਾ ਹੈ, ਹੁਕਮ ਦੀ ਵਿਆਪਕਤਾ, ਭਾਣੇ ਦੀ ਅਟੱਲਤਾ ਦ੍ਰਿੜ ਕਰਵਾਈ ਹੈ।

ਸੱਤ ਸੰਤੋਖ ਤੇ ਵਿਚਾਰ, ਗਿਆਨ ਦੇ ਆਹਾਰ ਦੇ ਅੰਮ੍ਰਿਤ ਵਿੱਚ ਗੁੱਧੀ ਸਮਗਰੀ ਸਭਸ ਦੇ ਉਧਾਰ ਲਈ ਤਿਆਰ ਕੀਤੀ ਗਈ। ਮੁਕਤੀ ਲਈ ਪਹਾੜਾਂ ਤੇ ਜੰਗਲਾਂ ਵਿੱਚ ਪ੍ਰੀਵਾਰਾਂ ਨੂੰ ਤੱਜ ਕੇ ਹੱਠ ਯੋਗ ਰਾਹੀਂ ਸਰੀਰ ਨੂੰ ਕਸ਼ਟ ਦਿੱਤਾ ਜਾਂਦਾ ਪਰ ਗੁਰਬਾਣੀ ਨੇ ਪਰਿਵਾਰ ਤੇ ਸਮਾਜ ਵਿੱਚ ਰਹਿ ਕੇ ਸ਼ਬਦ ਦੀ ਘਾਲਣਾ ਅਤੇ ਮਨੁੱਖੀ ਸੇਵਾ ਕਰਦਿਆਂ, ਹਸੰਦਿਆਂ, ਖੇਲੰਦਿਆਂ, ਜੀਵਨ ਮੁਕਤ ਕਰਨ ਦਾ ਮਾਰਗ ਦਰਸਾਇਆ, ‘ਮੁਏ ਹੁਏ ਜੋ ਮੁਕਤ ਦਿਉਗੇ ਮੁਕਤਿ ਨ ਜਾਨੈ ਕੋਇਲਾ’ ਸੁੱਖ ਸਹਿਜ ਆਨੰਦ ਪ੍ਰਾਪਤੀ ਦਾ ਮਾਰਗ ਹੈ।

ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਅਤੇ ਬਾਣੀ ਇੱਕ ਦੂਜੇ ਦੇ ਪ੍ਰਾਇਵਾਚੀ ਸ਼ਬਦ ਹਨ। ਇਹ ਸ਼ਬਦ ਬਾਣੀ ਕੋਈ ਸਾਧਾਰਣ ਕਵਿਤਾ ਜਾਂ ਗੀਤ ਨਹੀਂ, ਮਨੁੱਖੀ ਬੌਧਿਕਤਾ ਅਤੇ ਕਾਵਿ ਕਲਾ ਨਹੀਂ ਬਲਕਿ ਇਹ ਤਾਂ ਸਤਿਗੁਰੂ ਨੂੰ ਦੈਵੀ ਆਵੇਸ਼ ਨਾਲ ਪ੍ਰਾਪਤ ਹੁੰਦੀ ਰਹੀ ਹੈ। ਪਾਰਬ੍ਰਹਮ-ਪ੍ਰਮੇਸ਼ਵਰ ਦਾ ਇਹ ਅਲਹਾਮ ਗੁਰ ਪ੍ਰਮੇਸ਼ਵਰ ਨੂੰ ਅੰਤਰ ਆਤਮੇਂ ਪ੍ਰਾਪਤ ਹੁੰਦਾ ਰਿਹਾ ਜਿਸ ਨੂੰ ਬੋਲ ਜਾਂ ਭਾਸ਼ਾ ਦੀ ਪੁਸ਼ਾਕ ਗੁਰੂ ਪਾਤਿਸ਼ਾਹ ਨੇ ਪੁਆਈ। ਇਹ ਮਨੁੱਖੀ ਰਚਨਾ ਨਹੀਂ ਇਲਾਹੀ ਜਾਂ ਦੈਵੀ ਬਾਣੀ ਹੈ। ਗੁਰਬਾਣੀ ਵਿੱਚ ਬਾਰੰਬਾਰ ਸਪੱਸ਼ਟ ਕੀਤਾ ਗਿਆ ਹੈ, ‘ਹਉ ਆਪਹੁ ਬੋਲ ਨਾ ਜਾਣਦਾ ਮੈ ਕਹਿਆ ਸਭ ਹੁਕਮਾਉ ਜੀਉ’ ਅਤੇ ‘ਜੈਸੀ ਮਹਿ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ’। ਪ੍ਰਥਮ ਸਤਿਗੁਰੂ ਨਾਨਕ ਦੇਵ ਜੀ ਨੂੰ ਜਦੋਂ ਵੀ ਇਲਾਹੀ ਬਾਣੀ ਦਾ ਅਲਹਾਮ ਜਾਂ ਆਵੇਸ਼ ਹੁੰਦਾ, ਆਪਣੇ ਸੰਗੀ ਭਾਈ ਮਰਦਾਨਾ ਜੀ ਨੂੰ ਇਹ ਬਚਨ ਕਰਦੇ ‘ਮਰਦਾਨਿਆਂ! ਵਜਾ ਰਬਾਬ, ਬਾਣੀ ਆਈ ਹੈ, ਆ ਉਸ ਪਰਮ ਪੁਰਖ ਦੀ ਕਾਈ ਸਿਫਤ ਸਲਾਹ ਕਰੀਏ’। ਬਾਣੀ ਪੋਥੀ ਸਾਹਿਬ ਵਿੱਚ ਅੰਕਿਤ ਕੀਤੀ ਜਾਂਦੀ ਅਤੇ ਇੱਕ ਪੋਥੀ ਸਦੈਵ ਗੁਰੂ ਜੀ ਪਾਸ ਰਹਿੰਦੀ। ਗੁਰੂ ਜੋਤਿ ਜਦੋਂ ਕਾਇਆ ਬਦਲਦੀ ਤਾਂ ਸ਼ਬਦ ਪੋਥੀ ਦੀ ਥਾਪਣਾ ਵੀ ਪ੍ਰਾਪਤ ਹੁੰਦੀ। ਭਾਈ ਲਹਿਣਾ ਜੀ ਤੇ ਜਦੋਂ ਗੁਰੂ ਗੱਦੀ ਦੀ ਬਖ਼ਸ਼ਿਸ਼ ਹੋਈ ਤੇ ਗੁਰੂ ਅੰਗਦ ਰੂਪ ਵਿੱਚ ਪ੍ਰਗਟ ਹੋਏ ਤਾਂ ਉਨ੍ਹਾਂ ਨੂੰ ਸ਼ਬਦਾਂ ਦੀ ਇਹ ਪੋਥੀ ਗੁਰਤਾ ਦੇ ਚਿਨ੍ਹਾਂ ਦੇ ਰੂਪ ਵਿੱਚ ਪ੍ਰਾਪਤ ਹੋਈ ‘ਪੋਥੀ ਜੁਬਾਨ ਗੁਰੂ ਅੰਗਦ ਯੋਗ ਮਿਲੀ’ ਤਾ ਹੁਕਮ ਹੋਇਆ ‘ਹਰਿ ਕਾ ਪੰਥ ਗੁਰਮੁਖਿ ਜਗ ਕਰਨਾ। ਦੇਹ ਨਾਮ ਮੰਤਰ ਤੁਮ ਜਗਤ ਉਧਰਨਾ’। ਸ਼ਬਦ ਬਾਣੀ ਦੂਸਰੇ ਤੀਸਰੇ ਅਤੇ ਚੌਥੇ ਸਰੂਪ ਵਲੋਂ ਉਚਾਰੀ ਬਾਣੀ ਦਾ ਨਾਲੋ ਨਾਲ ਵਿਕਾਸ ਹੁੰਦਾ ਰਿਹਾ ਤੇ ਬਾਣੀ ਪੋਥੀ ਸਾਹਿਬ ਵਿੱਚ ਅੰਕਿਤ ਹੁੰਦੀ ਰਹੀ ਇਉਂ ਗ੍ਰੰਥ ਸਾਹਿਬ ਦਾ ਪਹਿਲਾ ਸਰੂਪ ਪੋਥੀ ਸਾਹਿਬ ਬਣੀ ਤੇ ਇਸੇ ਪੋਥੀ ਸਾਹਿਬ ਨੂੰ ਪ੍ਰਮੇਸ਼ਵਰ ਦਾ ਸਥਾਨ ਪ੍ਰਾਪਤ ਹੋਇਆ ‘ਪੋਥੀ ਪਰਮੇਸ਼ਵਰ ਕਾ ਥਾਨ’ ਤੱਤਸਾਰ ਇਹ ਕਿ ਅਲਹਾਮੀ ਸੱਚ ਦੀ ਸ਼ੁਧਤਾ ਤੇ ਪ੍ਰਮਾਣਿਕਤਾ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਕੋਈ ਸਾਨੀ ਨਹੀਂ। ਵਿਸ਼ਵ ਦੇ ਸਾਰੇ ਧਰਮ ਗ੍ਰੰਥ, ਵੇਦ, ਕਤੇਬ, ਅੰਜੀਲ, ਧਮਪਦ ਆਦਿ ਸਤਿਕਾਰਤ ਹਨ ਪਰ ਇਹ ਸਾਰੇ ਸਰੂਤੀ ਮੌਖਿਕ ਗਿਆਨ ਦੇ ਰੂਪ ਵਿੱਚ ਪ੍ਰਗਟ ਹੋਏ ਤੇ ਪੀੜ੍ਹੀ ਦਰ ਪੀੜ੍ਹੀ ਇਹ ਜੁਬਾਨੀ ਹੀ ਸੁਣੇ ਸੁਣਾਏ ਜਾਂਦੇ ਰਹੇ, ਸੈਂਕੜੇ ਸਾਲਾ ਬਾਅਦ ਮਨੁੱਖੀ ਯਾਦ ਵਿੱਚ ਸੰਚਿਤ ਇਹ ਗ੍ਰੰਥ ਲਿਖਤ ਰੂਪ ਵਿੱਚ ਪ੍ਰਗਟ ਹੋਏ। ਇਸੇ ਕਰਕੇ ਪ੍ਰਸਿੱਧ ਅੰਗਰੇਜ਼ ਵਿਦਵਾਨ ਮੈਕਾਲਫ ਨੇ ਲਿਖਿਆ ਹੈ ਕਿ ਦੁਨੀਆਂ ਵਿੱਚ ਜਿਤਨੇ ਪੈਗੰਬਰ ਆਏ ਉਨ੍ਹਾਂ ਵਲੋਂ ਉਚਾਰੇ ਵੇਦ, ਪੁਰਾਣ, ਕੁਰਾਨ ਉਹ ਮੌਖਿਕ ਸਨ ਜਿਨ੍ਹਾਂ ਨੂੰ ਬਹੁਤ ਦੇਰ ਬਾਅਦ ਲਿਖਤ ਰੂਪ ਦਿੱਤਾ ਗਿਆ। ਇਸ ਲਈ ਸ਼ੁਧਤਾ ਤੇ ਪ੍ਰਮਾਣਿਕਤਾ ਵਿੱਚ ਗ੍ਰੰਥ ਸਾਹਿਬ ਵਿਲੱਖਣ ਹੈ। ਜੋ ਗੁਰੂ ਪਾਤਸ਼ਾਹਾਂ ਤੋਂ ਲਿਖਤ ਰੂਪ ਵਿੱਚ ਪ੍ਰਾਪਤ ਹੁੰਦਾ ਰਿਹਾ।

ਪਾਵਨ ਗ੍ਰੰਥ ਸਾਹਿਬ ਦਾ ਪਹਿਲਾ ਸਰੂੁਪ ਤਿਆਰ ਕਰਨ ਤੋਂ ਪਹਿਲਾਂ ਹਿੰਦੂ ਭਗਤਾਂ, ਮੁਸਲਮਾਨ ਫਕੀਰਾਂ, ਆਤਮ ਦਰਸ਼ੀ ਭੱਟਾਂ ਅਤੇ ਭਾਈ ਮਰਦਾਨਾ ਜੀ ਅਤੇ ਸੱਤਾ ਤੇ ਬਲਵੰਡ ਦੀ ਬਾਣੀ ਕਲਾਮ ਸ਼ਾਮਿਲ ਕਰਨਾ ਧਰਮਾਂ ਅਤੇ ਮਜ਼੍ਹਬਾਂ ਦੀ ਦੁਨੀਆਂ ਵਿਚ ਇਕ ਕਰਾਂਤੀ ਸੀ ਕਿੳਉਂਕਿ ਜਿਤਨੇ ਵੀ ਧਰਮ ਗ੍ਰੰਥ ਹੋਏ ਉਨ੍ਹਾਂ ਵਿਚ ਉਸੇ ਧਰਮ ਦੇ ਰਿਸ਼ੀਆਂ, ਅਵਤਾਰਾਂ ਤੇ ਪੈਗੰਬਰਾਂ ਦੀ ਬਾਣੀ ਹੀ ਸੀ ਅਤੇ ਆਪੋ ਆਪਣੀਆਂ ਧਾਰਮਿਕ ਮਾਨਤਾਵਾਂ, ਕਿਰਿਆਵਾਂ ਅਤੇ ਧਰਮ ਕਰਮ ਜਾਂ ਸ਼ਰੀਅਤ ਦਾ ਹੀ ਵਰਨਣ ਸੀ ਪਰ ਪਾਵਨ ਗ੍ਰੰਥ ਦਾ ਪਹਿਲਾ ਸਰੂਪ ਸਿਰਜਣ ਸਮੇਂ ਪੰਜ ਗੁਰੂ ਸਾਹਿਬਾਨ ਤੋਂ ਇਲਾਵਾ 30 ਭਗਤਾਂ, ਫਕੀਰਾਂ, ਭੱਟਾਂ, ਸਿਦਕੀ ਸਿੱਖ ਆਦਿ ਦੀ ਬਾਣੀ ਪ੍ਰਵਾਨ ਚੜ੍ਹੀ ਤੇ ਇਉ ਧਰਮਾਂ ਦੀ ਸਹਿਹੋਂਦ ਪਹਿਲੀ ਵੇਰ ਸਥਾਪਤ ਹੋਈ। ਭਗਤ ਵੀ ਵਧੇਰੇ ਕਰਕੇ ਉਨ੍ਹਾਂ ਪਛੜੀਆਂ ਸ਼੍ਰੇਣੀਆਂ ਵਿਚੋਂ ਸਨ ਜਿਨਾਂ ਨੂੰ ਅਛੂਤ ਕਿਹਾ ਜਾਂਦਾ ਸੀ ਅਤੇ ਜਿਨ੍ਹਾਂ ਨੂੰ ਵੇਦ ਬਾਣੀ ਸੁਣਨ ਦਾ ਅਧਿਕਾਰ ਵੀ ਨਹੀਂ ਸੀ ਮਿਸਾਲ ਵਜੋਂ ਸਧਨਾ (ਕਸਾਈ), ਸੈਣ ਨਾਈ, ਕਬੀਰ (ਜੁਲਾਹਾ), ਧੰਨਾਂ ਜੱਟ, ਨਾਮਦੇਵ (ਛੀਂਬਾ), ਰਵਿਦਾਸ (ਚਮਾਰ), ਬਾਬਾ ਫਰੀਦ ਤੇ ਭੀਖਨਸ਼ਾਹ ਮੁਸਲਮਾਨ ਸਨ। ਕਲਾਮ ਦਰਜ ਕਰਨ ਸਮੇਂ ਨਾ ਕਿਸੇ ਦੀ ਜਾਤ ਪਰਖੀ ਗਈ ਨਾ ਹੀ ਕਿਸੇ ਦਾ ਮਹਜ਼ਬ। ਕਾਨ੍ਹਾ ਭਗਤ, ਸ਼ਾਹ ਹੁਸੈਨ, ਛੱਜੂ ਭਗਤ, ਪੀਲੂ ਆਦਿ ਬਹੁਤ ਸਾਰਿਆਂ ਦੇ ਕਲਾਮ ਪ੍ਰਵਾਨ ਨਹੀਂ ਹੋਏ ਕਿਉਂਕਿ ਉਹ ਆਤਮਿਕ ਮਾਰਗ ਦੀ ਗੱਲ ਕੇਵਲ ਬੁੱਧੀ ਨਾਲ ਅਤੇ ਖਿਆਲੀ ਫਲਸਫੇ ਨਾਲ ਕਰ ਰਹੇ ਸਨ, ਆਤਮਕ ਮਾਰਗ ਤੇ ਨਾ ਤੁਰੇ ਸਨ ਅਤੇ ਨਾ ਹੀ ਕਿਸੇ ਆਤਮਕ ਅਵਸਥਾ ਦਾ ਆਤਮ ਅਨੁਭਵ ਸੀ ਸਿਰਫ ਖਿਆਲਾਂ ਦੀ ਖਿਚਾ ਖਿਚੀ ਤੇ ਅਨੁਮਾਨ ਸਨ, ਕਲਪਨਾ ਹੀ ਸੀ। ਕੇਵਲ ਉਹੀ ਬਾਣੀ ਜਾਂ ਕਲਾਮ ਪ੍ਰਵਾਨ ਚੜ੍ਹਿਆ ਜੋ ਆਤਮਿਕ ਅਨੁਭਵ ਅਤੇ ਪ੍ਰਭੂ ਨਾਲ ਇਕਮਿਕਤਾ ਦੀ ਅਵਸਥਾ ਵਿਚ ਉਚਾਰੀ ਗਈ ਜੋ ਗੁਰੂ ਅਰਜਨ ਜੀ ਵਲੋਂ ਸੱਚ ਦੀ ਕਸੱਵਟੀ ਅਤੇ ਸ਼ਰਧਾ ਤੇ ਸਿਦਕ ਦੇ ਧਰਮ ਕੰਡੇ ਤੇ ਪੂਰੀ ਉਤਰੀ ‘ਮਨੁ ਸਚੁ ਕਸਵਟੀ ਲਾਈਐ ਤੁਲੀਐ ਪੂਰੇ ਤੋਲ’।

ਇਤਨੇ ਵਡ ਆਕਾਰੀ ਗ੍ਰੰਥ ਦੀ ਸਿਰਜਨਾ ਤੇ ਸੰਪਾਦਨਾ ਲਈ ਅੰਮ੍ਰਿਤਸਰ ਵਿਚ ਗੁਰਦਵਾਰਾ ਰਾਮਸਰ ਸਾਹਿਬ ਦੇ ਰਮਣੀਕ ਅਸਥਾਨ ਦੀ ਚੋਣ ਕੀਤੀ। ਬਾਣੀ ਦਾ ਸੰਕਲਨ, ਰਾਗਾਂ ਦੀ ਤਰਤੀਬ ਤੇ ਸੰਪਾਦਨਾ ਦਾ ਕਾਰਜ ਜਿਸ ਪ੍ਰਭੂ ਕ੍ਰਿਪਾ, ਅਗੰਮੀ ਚੇਤਨਾ ਤੇ ਹੰਸ ਚੋਗ ਬਿਰਤੀ, ਰੱਬੀ ਸੂਝ ਤੇ ਸਰਾਫੀ ਨਾਲ ਕੀਤਾ ਜਿਸਨੇ ਪਾਵਨ ਗ੍ਰੰਥ ਸਾਹਿਬ ਨੂੰ ਜਗਤ ਦੇ ਸਦੀਵੀ ਚਾਨਣ ਮੁਨਾਰੇ ਦੇ ਰੂਪ ਵਿਚ ਸਦੀਵੀ ਤੋਰ ਤੇ ਸਥਾਪਿਤ ਕੀਤਾ। ਮਹਾਨ ਵਿਦਵਾਨ ਭਾਈ ਗੁਰਦਾਸ ਜੀ ਨੇ ਤਕਰੀਬਨ 9 ਮਹੀਨਿਆਂ ਵਿਚ ਇਸਨੂੰ ਪੰਜਵੇਂ ਪਾਤਸ਼ਾਹ ਦੀ ਹਾਜ਼ਰੀ ਵਿਚ ਸੰਨ 1604 ਈ: ਨੂੰ ਸੰਪੂਰਨ ਕੀਤਾ। ਨਗਰ ਕੀਰਤਨ ਦੇ ਰੂਪ ਵਿਚ ਬਾਬਾ ਬੁੱਢਾ ਜੀ ਦੇ ਸੀਸ ਤੇ ਪਾਵਨ ਸਰੂਪ ਸ਼ਸੋਤਿਤ ਕਰ ਗੁਰੂ ਅਰਜਨ ਦੇਵ ਜੀ ਆਪ ਚਵਰ ਕਰਦੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਾਵਨ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਕੀਤਾ।‘ਸ਼ਬਦ ਗੁਰੂ ਪ੍ਰਕਾਸਿਓ ਹਰਿ ਰਸਨ ਬਸਾਯੋ’। ਇੳਂ ਬ੍ਰਹਮ ਗਿਆਨ ਦੇ ਸ਼ਬਦ ਬਾਣੀ ਪੜ੍ਹਨ, ਸੁਨਣ, ਗਾਉਣ ਤੇ ਗਿਆਨ ਪ੍ਰਾਪਤ ਕਰਨ ਦਾ ਅਧਿਕਾਰ ਜਾਤ ਪਾਤ, ਰੰਗ ਰੂਪ, ਨਸਲ, ਦੇਸ਼, ਕੌਮ ਦੇ ਮਹਜੱਬ ਦੇ ਕਿਸੇ ਵਿਤਕਰੇ ਤੋਂ ਬਿਨਾਂ, ਪ੍ਰਾਪਤ ਹੋਇਆ।‘ਖਤ੍ਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸੁ ਚਹੁ ਵਰਨਾ ਕਉ ਸਾਂਝਾ’।

ਪਾਵਨ ਗੁਰੂ ਗ੍ਰੰਥ ਸਾਹਿਬ ਦਾ ਵਿਸ਼ਾ ਵਸਤੂ ਇਕ ਪਾਰਬ੍ਰਹਮ ਪ੍ਰਮੇਸ਼ਵਰ ਹੈ, ਦੂਜੀ ਕੁਦਰਤ ਸਾਜੀ ਹੈ ਤੇ ਤੀਸਰੀ ਇਸ ਵਿੱਚ ਜੀਵਾਂ ਦੀ ਉਤਪਤੀ ਹੈ ਤੇ ਸ਼ਾਹ ਰਚਨਾ ਮਨੁੱਖ ਹੈ। (ਗੁਰੂ) ਗ੍ਰੰਥ ਸਾਹਿਬ ਦਾ ਆਰੰਭ ਗਿਣਤੀ ਦੇ ਹਿੰਦਸੇ 1 (ੴ ) ਨਾਲ ਹੈ ਜਿਸ ਵਿੱਚ ਪ੍ਰਮਾਤਮਾ ਦੀ ਅਖੰਡ ਏਕਤਾ ਦਰਸਾਈ ਹੈ ਪਰ ਸਨਾਤਨ ਧਰਮ ਵਿੱਚ ਹੀ ਪ੍ਰਮੇਸ਼ਵਰ ਦੀਆਂ ਤ੍ਰੈ ਦੇਵ ਜਾਂ ਤ੍ਰੈ ਮੂਰਤੀ ਅਤੇ ਬ੍ਰਹਮਾ, ਵਿਸ਼ਨੂੰ, ਮਹੇਸ਼ ਵਿਚ ਪਾਈਆਂ ਵੰਡੀਆਂ ਦਾ ਖੰਡਨ ਹੈ। ਕਰਤਾ, ਭਰਤਾ ਤੇ ਹਰਤਾ ਕੇਵਲ ਪ੍ਰਮਾਤਮਾ ਹੀ ਹੈ। ਉਸਦੇ ਹੁਕਮ ਵਿਚ ਹੀ ਜੀਵ ਆਤਮਾ ਆਉਂਦੀ ਹੈ ਉਹੀ ਪ੍ਰਤਿਪਾਲਣ ਕਰਨ ਵਾਲਾ ਤੇ ਉਹੀ ਵਿਨਾਸ਼ ਕਰਨ ਵਾਲਾ ਹੈ।ਕੇਵਲ ਅਕਾਲ ਪੁਰਖ ਹੀ ਸਦੀਵੀ ਹੈ, ਉਹ ਮਾਤਾ ਦੇ ਗਰਭ ਵਿਚ ਨਹੀਂ ਆਉਂਦਾ, ਸਮੇਂ, ਸਥਾਨ ਤੇ ਕਾਲ ਦੀ ਸੀਮਾਂ ਤੋਂ ਪੂਰੀ ਤਰ੍ਹਾਂ ਸੁਤੰਤਰ ਹੈ, ਹਰ ਸਥਾਨ ‘ਤੇ ਹਰ ਸਮੇਂ ਵਿਦਮਾਨ ਹੈ। ਸ੍ਰਿਸਟੀ ਸਾਜਣ ਤੋਂ ਪਹਿਲਾਂ ਵੀ ਉਹ ਸੀ ‘ਆਦਿ ਸੱਚੁ’ ਉਹ ਵਰਤਮਾਨ ਵਿੱਚ ਵੀ ਹੈ ਅਤੇ ਸਦੈਵ ਰਹੇਗਾ। ਉਹ ਅਕਾਲ ਹੈ, ਅਨਾਦਿ ਹੈ, ਅਨੰਤ ਹੈ ਤੇ ਕਣ ਕਣ ਵਿੱਚ ਰੌਸ਼ਨ ਹੈ ‘ਆਦਿ ਸਚੁ ਜੁਗਾਦਿ ਸਚੁ ਹੈ ਬੀ ਸਚੁ ਨਾਨਕ ਹੋਸੀ ਭੀ ਸਚੁ’॥

ਪ੍ਰਮਾਤਮਾ ਦੀ ਹਸਤੀ ਦੀ ਏਕਤਾ ਪਰਪੱਕ ਕੀਤੀ। ਪੰਡਿਤ, ਕਾਜ਼ੀ ਤੇ ਮੁਲਾਣੇ ਰੱਬ ਦੇ ਨਾਮ ਤੇ ਖਿਚੋਤਾਨ ਤੇ ਝਗੜੇ ਕਰਵਾਉਂਦੇ ਸੀ ਗੁਰੂ ਪਾਤਸ਼ਾਹ ਨੇ ਕਿਹਾ ਉਹ ਤਾਂ ਅਨਾਮ ਹੈ ਸਾਰੇ ਨਾਮ ਉਸਦੇ ਕਿਰਤਮ ਨਾਮ ਹਨ ‘ਬਲਿਹਾਰੀ ਜਾਉ ਜੇਤੇ ਤੇਰੇ ਨਾਮ ਹੈ’। ਜਿਤਨੇ ਵੀ ਉਸਦੇ ਹਿੰਦੂ, ਮੁਸਲਮਾਨ ਨਾਮ ਹਨ ਪਾਵਨ ਗ੍ਰੰਥ ਵਿਚ ਸਾਰੇ ਸ਼ਾਮਿਲ ਕੀਤੇ, ‘ਕੋਈ ਬੋਲੈ ਰਾਮ ਰਾਮ ਕੋਈ ਖੁਦਾਇ ਕੋਈ ਸੇਵੇ ਗੁਸਈਆ ਕੋਈ ਅਲਾਹਿ’। ਇਸੇ ਤਰ੍ਹਾਂ ਮੰਦਿਰ, ਮਸਜਿਦ, ਠਾਕੁਰਦੁਆਰਾ, ਆਰਤੀ ਤੇ ਬਾਂਗ, ਪੂਜਾ ਔ ਨਮਾਜ, ਵਰਤ ਤੇ ਰੋਜ਼ੇ, ਹਰ ਤਰ੍ਹਾਂ ਦੀ ਪੂਜਾ ਜਾਂ ਇਬਾਦਤ ਪਰਵਾਨ ਹੈ। ਕੋਈ ਕਿਸੇ ਵੀ ਢੰਗ ਨਾਲ ਪੂਜਾ ਜਾਂ ਇਬਾਦਤ ਕਰਦਾ ਹੈ ਗੁਰਬਾਣੀ ਉਸ ਨੂੰ ਪ੍ਰਵਾਣ ਕਰਦੀ ਹੈ ਤੇ ਸਮੁੱਚੇ ਮਨੁਖ ਸਮੂਹ ਲਈ ਅਰਦਾਸ ਕਰਦੀ ਹੈ ਕਿਉਂਕਿ ਗੁਰਬਾਣੀ ਤੱਤ ਰੂਪ ਵਿਚ ਧਰਮ ਇਕ ਹੀ ਮੰਨਦੀ ਹੈ ਮਹਜਬਾਂ ਦੇ ਰਾਹ ਵੱਖਦੇ ਹੋ ਸਕਦੇ ਹਨ। ਕੋਈ ਕਿਸੇ ਵੀ ਮਾਰਗ ਤੋਂ ਆਵੇ ਉਸਦਾ ਉਧਾਰ ਕਰਨ ਦੀ ਉਸਨੂੰ ਸੰਸਾਰ ਦੀ ਅਗ ਤੋਂ ਉਭਾਰ ਲੈਣ ਦੀ ਅਰਦਾਸ ਹੈ ‘ਜਗਤ ਜਲੰਦਾ ਰਖ ਲੈ ਅਪੁਨੀ ਕ੍ਰਿਪਾ ਧਾਰਿ’।

ਕੁਦਰਤ ਅਥਵਾ ਕਾਇਨਾਤ ਦੀ ਐਸੀ ਸਾਜਨਾ ਉਸੇ ਕਰਤਾ ਪੁਰਖ ਤੋਂ ਹੀ ਹੋਈ ਹੈ ਜਿਸਦੇ ਕਣ ਕਣ ਵਿਚ ਉਹ ਪਰਮ ਹਸਤੀ ਆਪ ਸਮੋਈ ਹੈ। ਸੰਸਾਰ ਦਾ ਇਹ ਸਾਰਾ ਆਕਾਰ ਰੱਬੀ ਹੁਕਮ (Divine Order)ਤੋਂ ਹੈ ਅਤੇ ਉਸਦੇ ਹੁਕਮ ਵਿਚ ਹੀ ਸਮਾਏਗਾ ‘ਹੁਕਮੀ ਹੋਵਨ ਆਕਾਰੁ ਹੁਕਮ ਨ ਕਹਿਆ ਜਾਈ’। ਇਸ ਹੁਕਮ ਨਾਲ ਹੀ ਸਾਰਾ ਪਸਾਰਾ ਹੋਇਆ ਹੈ। ਇਹ ਦ੍ਰਿਸ਼ਮਾਨ ਸ਼੍ਰਿਸ਼ਟੀ ਜੋ ਅਸੀਂ ਦੇਖਦੇ ਹਾਂ ਇਹ ਸਮੂਚਾ ਭੋਤਿਕ ਪਸਾਰਾ ਤੇ ਪਦਾਰਥ ਉਸ ਇਕ ਅਕਾਲ ਪੁਰਖ ਦੀ ਰਚਨਾ ਹੈ। ਇਹੀ ਨਿਰਗੁਣ ਅਕਾਲ ਪੁਰਖ ਦਾ ਸਰਗੁਣ ਸਰੂਪ ਹੈ। ‘ਨਿਰਗੁਣ ਆਪ ਸਰਗੁਣ ਭੀ ਓਹੀ’। ਇਹ ਸ਼੍ਰਿਸ਼ਟੀ ਅਥਵਾ ਜਗਤ ਜਾਂ ਸੰਸਾਰ ਸੱਚੇ ਦੀ ਕਿਰਤ ਹੈ, ਇਹ ਝੂਠੀ ਨਹੀਂ। ‘ਆਪਿ ਸਤਿ ਕੀਆ ਸਭੁ ਸਤਿ, ਤਿਸ ਪ੍ਰਭੁ ਤੇ ਸਗਲੀ ਉਤਪਤਿ’॥ ਸ੍ਰਿਸ਼ਟੀ ਦੀ ਰਚਨਾ ਅਕਾਲ ਪੁਰਖ ਦੇ ਹੁਕਮ ਤੇ ਉਸਦੀ ਮੌਜ ਵਿਚ ਹੋਈ ਹੈ ਪਰ ਰਚਨਾ ਸੱਚ ਤਾਂ ਹੈ ਪਰ ਕਰਤਾ ਪੁਰਖ ਵਾਂਗ ਸਦੀਵੀ ਸੱਚ ਨਹੀਂ ਇਹ ਪਸਾਰਾ ਕਈ ਵੇਰ ਹੋਇਆ ਹੈ ਤੇ ਕਈ ਵੇਰ ਕਾਦਰ ਵਿਚ ਸਮਾ ਗਿਆ। ‘ਕਈ ਵਾਰ ਪਸਰਿਓ ਪਸਾਰਾ’॥ ਜਦੋਂ ਅਜੇ ਆਧੁਨਿਕ ਵਿਗਿਆਨ ਦਾ ਪਹੁ-ਫੁਟਾਲਾ ਵੀ ਨਹੀਂ ਸੀ ਹੋਇਆ ਜਿਨ੍ਹਾਂ ਤੇ ਸਾਇੰਸ ਦੀਆਂ ਖੋਜਾਂ ਹੁਣ ਜਿਥੇ ਪਹੁੰਚੀਆਂ ਹਨ ਪਾਵਨ ਗ੍ਰੰਥ ਸਾਹਿਬ ਵਿਚ ਉਹ ਸੂਰਜ ਵਾਂਗ ਰੋਸ਼ਨ ਹਨ, ਸਦੀਵੀ ਸੱਚ ਹਨ। ਕੁਦਰਤ ਦੀ ਸਾਰੀ ਰਚਨਾ ਕਾਦਰ ਅਥਵਾ ਕਰਤਾ ਪੁਰਖ ਤੋਂ ਹੈ ‘ਆਪੀਨੇ ਆਪੁ ਸਾਜਿਓ ਆਪੀਨੇ ਰਚਿਓ ਨਾਉ। ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ’॥(ਅੰਗ 563) ਕਾਦਰ ਦੇ ਇੱਕ ਇਲਾਹੀ ਗਰਜਵੇਂ ਹੁਕਮ (Bigbang) ਨਾਲ ਹੀ ਸਾਰਾ ਪਸਾਰਾ ਹੋਇਆ ‘ਕੀਤਾ ਪਸਾਉ ਏਕੋ ਕਵਾਉ। ਤਿਸਤੈ ਹੋਇ ਲਖ ਦਰੀਆਉ’॥ ਪਵਨ, ਪਾਣੀ, ਧਰਤੀ, ਗਗਨ, ਸੂਰਜ ਤੇ ਚੰਦ ਇਤਿਆਦਿ ਇੱਕ ਦੀ ਹੀ ਸਿਰਜਣਾ ਹੈ ‘ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲ ਹੋਇ। ਜਲ ਤੇ ਤ੍ਰਿਭਵਨ ਸਾਜਿਆ ਘਟ ਘਟ ਜੋਤਿ ਸਮੋਇ’॥

ਅਕਾਲ ਪੁਰਖ ਇਸ ਸਿਰਜਣਾ ਤੋਂ ਪਹਿਲਾਂ ਵੀ ਸੀ ਜਦੋਂ ਇਸ ਦ੍ਰਿਸ਼ਟਮਾਨ ਸੰਸਾਰ ਦੀ ਉਤਪਤੀ ਵੀ ਨਹੀਂ ਸੀ ਹੋਈ ਪਰ ਗੁਰਬਾਣੀ ਅਨੁਸਾਰ ਸ੍ਰਿਸ਼ਟੀ ਦੇ ਆਰੰਭ ਦੀ ਕੋਈ ਗਿਣਤੀ ਮਿਣਤੀ ਨਹੀਂ ਦੱਸ ਸਕਦਾ ਕਿਉਂਕਿ ਜਦ ਸੂਰਜ ਹੀ ਨਹੀਂ ਸੀ ਤਾਂ ਦਿਨ-ਰਾਤ ਕਿਥੇ ਸਨ, ਤਾਰੀਖ ਮਹੀਨੇ ਵਾਰ ਨਹੀਂ ਸਨ ‘ਥਿਤੁ ਵਾਰ ਨ ਜੋਗੀ ਜਾਣੈ ਰੁਤਿ ਮਾਹੁ ਨ ਕੋਈ’॥ ‘ਜਾ ਕਰਤਾ ਸ੍ਰਿਸਟੀ ਕਉ ਸਾਜੈ ਆਪੈ ਜਾਣੈ ਸੋਈ’ ਕੋਈ ਇਕ ਧਰਤੀ ਆਕਾਸ਼ ਤੇ ਪਤਾਲ ਦੀ ਗਲ ਕਰਦਾ ਸੀ ਕੋਈ 14 ਤਬਕ ਵਖਾਣਦਾ ਸੀ ਪਰ ਗੁਰਬਾਣੀ ਨੇ ਅਣਗਿਣਤ ਸੂਰਜ ਚੰਦ ਤੇ ਧਰਤੀਆਂ ਦਾ ਜ਼ਿਕਰ ਕੀਤਾ ‘ਧਰਤੀ ਹੋਰ ਪਰੇ ਹੋਰ ਹੋਰ’ ‘ਖੰਡ ਪਾਤਾਲ ਅਸੰਖ ਮੈ ਗਣਤ ਨ ਹੋਈ’ਬੇਸ਼ੁਮਾਰ ਅਣੁ-ਪ੍ਰਮਾਣੂਆਂ ਤੋਂ ਬਣਿਆਂ ਇਹ ਭੋਤਿਕ ਪਸਾਰਾ (Glaxies) ਮਨੁੱਖੀ ਕਲਪਣਾ ਵਿੱਚ ਨਹੀਂ ਆ ਸਕਦੇ। ਸ੍ਰਿਸਟੀ ਤੇ ਉਸ ਨੂੰ ਸਾਜਣ ਵਾਲਾ ਇੱਕ ਹੈ ਰਚਨਾ ਅਤੇ ਰਚਨਕਾਰ ਕਰਤਾ ਤੇ ਉਸਦੀ ਕਿਰਤ ਇੱਕ ਰੂਪ ਹਨ ‘ਜੋ ਦੀਸੈ ਸੋ ਤੇਰਾ ਰੂਪ’‘ਜੋ ਦੀਸੈ ਸੋ ਸਗਲ ਤੂਹੈ ਪਸਰਿਆ ਪਸਾਰਾ’।ਕਿਹਾ ਜਾਂਦਾ ਸੀ ਕਿ ਧਰਤੀ ਚਪਟੀ ਹੈ। ਧਰਤੀ ਸੂਰਜ ਤੇ ਚੰਦਰਮਾਂ ਅਚੱਲ ਹੈ ਪਰ ਗੁਰਬਾਣੀ ਨੇ ਕਿਹਾ ਕਿ ਧਰਤੀ ਤਾਂ ਸੂਰਜ ਦੁਆਲੇ ਨਿਰੰਤਰ ਘੁੰਮ ਰਹੀ ਹੈ। ਇਕੱਲੀ ਧਰਤੀ ਹੀ ਨਹੀਂ ਬਲਕਿ ਸੂਰਜ ਅਤੇ ਚੰਦਰਮਾਂ ਵੀ ਉਸ ਦੇ ਭੈ ਵਿੱਚ ਕ੍ਰੋੜਾਂ ਕੋਹ ਨਿਰੰਤਰ ਚਲ ਰਹੇ ਹਨ। ‘ਭੈ ਵਿਚੁ ਸੂਰਜ ਭੈ ਵਿਚ ਚੰਦ ਕੋਹ ਕਰੋੜੀ ਚਲਤ ਨ ਅੰਤ’॥

ਮਨੁੱਖ ਕਰਤਾਰ ਦੀ ਸਭ ਤੋਂ ਸ੍ਰੇਸ਼ਟ ਕਿਰਤ ਪ੍ਰਵਾਨ ਹੈ। ਅਸ਼ਰਫੁੱਲ ਮਖਲੂਕਾਤ ਵਿਗਿਆਨ ਦਾ ਐਵੀਲਿਊਸ਼ਨ ਸਿਧਾਂਤ ਵੀ ਮਨੁੱਖ ਨੂੰ ਸਾਰੇ ਜੀਵਾਂ ਤੋਂ ਸ੍ਰੇਸ਼ਠ ਮੰਨਦਾ ਆਇਆ ਹੈ ‘ਅਵਰ ਜੋਨਿ ਤੇਰੀ ਪਨਿਹਾਰੀ ਇਸ ਧਰਤੀ ਮਹਿ ਤੇਰੀ ਸਿਕਦਾਰੀ’ ਮਨੁੱਖਾ ਦੇਹੀ (ਸਰੀਰ) ਰੱਬੀ ਕ੍ਰਿਪਾ ਦੁਆਰਾ ਪ੍ਰਾਪਤ ਹੁੰਦੀ ਹੈ ‘ਗੁਰ ਸੇਵਾ ਤੇ ਭਗਤਿ ਕਮਾਈ ਤਬ ਇਹ ਮਾਨਸ ਦੇਹੀ ਪਾਈ’॥ ਰੂਪ, ਰੰਗ, ਨਸਲ ਤੇ ਦੇਸ਼ਾਂ ਦਾ ਵਖਰੇਵਾਂ ਹੋਣ ਦੇ ਬਾਵਜੂਦ ਸਭ ਵਿੱਚ ਜੋਤਿ ਇੱਕ ਹੀ ਹੈ ਪਰ ਕਮਾਲ ਇਹ ਹੈ ਕਿ ਇਕ ਮਨੁੱਖ ਦਾ ਰੂਪ ਰੰਗ ਦੂਸਰੇ ਮਨੁੱਖ ਨਾਲ ਮਿਲਦਾ ਨਹੀਂ ਪਰ ਰੱਬੀ ਜੋਤਿ ਦੀ ਏਕਤਾ ਹੈ ‘ਜਹ ਜਹ ਦੇਖਾ ਤਹਿ ਜੋਤਿ ਤੁਮਾਰੀ ਤੇਰਾ ਰੂਪ ਕਿਨੇਹਾ। ਇਕਤੁ ਰੂਪ ਫਿਰੈ ਪਰਸਨਾ ਕੋਇ ਨ ਕਿਸਹੀ ਜੇਹਾ’॥ ਸਰੀਰ ਵਿੱਚ ਮੰਨ ਹੈ ਆਤਮਾ ਹੈ ਸਰੀਰ ਅਸਥੂਲ ਹੈ ਪਰ ਮਨ ਦਾ ਸੁਧਰਿਆ ਸਰੂਪ ਆਤਮਾ ਸੂਖਮ ਹੈ ‘ਏ ਸਰੀਰਾ ਮੇਰਿਆ ਹਰਿ ਤੁਮ ਮਹਿ ਜੋਤਿ ਰਖੀ ਤਾ ਤੂ ਜਗ ਮਹਿ ਆਇਆ’॥ ‘ਮਨੁ ਤੂ ਜੋਤਿ ਸਰੂਪ ਹੈ ਅਪਣਾ ਮੂਲ ਪਛਾਣੁ’।

ਗੁਰੂ ਗ੍ਰੰਥ ਸਾਹਿਬ ਵਿੱਚ ਜਪੁਜੀ ਸਾਹਿਬ ਦੀ ਪਹਿਲੀ ਪਉੜੀ ਵਿੱਚ ਇੱਕ ਸਵਾਲ ਕੀਤਾ ਗਿਆ ਹੈ ਅਤੇ ਭਾਵੇਂ ਜਵਾਬ ਵੀ ਨਾਲ ਹੀ ਦਿੱਤਾ ਗਿਆ ਹੈ ਪਰ ਉਸ ਉਤਰ ਦਾ ਵਿਸਥਾਰ ਸਾਰੀ ਗੁਰਬਾਣੀ ਵਿੱਚ ਹੈ ‘ਕਿਵ ਸਚਿਆਰਾ ਹੋਈਐ ਕਿਵ ਕੂੜੇ ਤੁਟੈ ਪਾਲਿ’॥ ਆਤਮਾਂ ਤੇ ਪ੍ਰਮਾਤਮਾ ਵਿੱਚ ਕੂੜ ਅਥਵਾ ਹਉਮੈ ਦੀ ਦੀਵਾਰ ਹੈ। ਮਨੁੱਖ ਦੀ ਨਜਰ ਦ੍ਰਿਸ਼ਟਮਾਨ ਸੰਸਾਰ ਤੱਕ ਹੀ ਸੀਮਿਤ ਹੈ ਸੰਸਾਰ ਦੇ ਨਾਸ਼ਵਾਨ ਪਦਾਰਥਾਂ ਤੇ ਮਾਇਆ ਨਾਲ ਉਸ ਨੂੰ ਮੋਹ ਹੈ, ਵੱਧ ਤੋਂ ਵੱਧ ਪਦਾਰਥ ਜਾਂ ਤਾਕਤ ਪ੍ਰਾਪਤ ਕਰਨ ਦਾ ਲਬ ਲੋਭ ਹੈ। ਜਿਤਨੀ ਤਾਕਤ ਵੱਧ ਪ੍ਰਾਪਤ ਹੁੰਦੀ ਚਲੀ ਜਾਂਦੀ ਹੈ ਵਾਸ਼ਨਾ ਉਸ ਹੋਰ ਅਗੇਰੇ ਚਲੀ ਜਾਂਦੀ ਹੈ ਜੋ ਹਉਮੈਂ ਦਾ ਕਾਰਣ ਬਣਦੀ ਹੈ ਸੁਭਾਅ ਹਿੰਸਕ ਹੋ ਜਾਂਦਾ ਹੈ ਅਤੇ ਇਹ ਪ੍ਰਾਪਤੀ ਖੁਸ ਨਾ ਜਾਵੇ ਇਸ ਦਾ ਭੈ ਬਣਿਆਂ ਰਹਿੰਦਾ ਹੈ ਇਸੇ ਆਸ਼ਾ ਤ੍ਰਿਸ਼ਨਾ ਤੇ ਨਿਰਾਸ਼ਾ ਦੇ ਆਲਮ ਵਿੱਚ ਹੀ ਮਨੁੱਖ ਦੁੱਖ ਪਾਉਂਦਾ ਹੈ ਅਤੇ ਕੀਮਤੀ ਮਨੁੱਖੀ ਜਨਮ ਅਜਾਈਂ ਗਵਾ ਲੈਂਦਾ ਹੈ। ਇਸ ਬੁਨਿਆਦੀ ਸਵਾਲ ਦਾ ਉਤਰ ਪਾਤਸ਼ਾਹ ਨੇ ਅਗਲੀ ਤੁੱਕ ਵਿੱਚ ਵਰਤਿਆ ਹੈ ‘ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ’ ਅਕਾਲ ਪੁਰਖ ਦੀ ਭੈ-ਭਾਵਨੀ ਤੇ ਉਸਦੇ ਹੁਕਮ ਵਿੱਚ ਚਲਣ ਨਾਲ ਹੀ ਜੀਵਨ ਸਫਲ ਹੁੰਦਾ ਹੈ।

ਗੁਰਬਾਣੀ ਮਨੁੱਖਾਂ ਵਿੱਚ ਕਿਸੇ ਜਾਤ, ਮਜ਼ਹਬ, ਵਰਗ, ਨਸਲ, ਰੰਗ ਕਰਕੇ ਭੇਦ ਨਹੀਂ ਕਰਦੀ ਪਰ ਇੱਕ ਭੇਦ ਗੁਰਮੁਖ ਮਨਮੁੱਖ ਜਾਂ ਸੰਤ ਤੇ ਸਾਕਤ ਵਿੱਚ ਰੱਖਿਆ ਹੈ ਸਿੱਖ ਦੇ ਰੂਪ ਵਿੱਚ ਪਾਤਸ਼ਾਹ ਆਦਰਸ਼ਕ ਮਨੁੱਖ ਦੀ ਸਿਰਜਨਾ ਕਰਦੇ ਹਨ। ਇਹ ਜਗਤ ਪਰਮਾਤਮਾ ਦੀ ਖੇਡ ਹੈ ‘ਬਾਜੀਗਰ ਡੰਕ ਬਜਾਈ ਸਭੁ ਖਲਕੁ ਤਮਾਸੇ ਆਈ’, ਤੇ ਇਸ ਖੇਡ ਦੇ ਮੈਦਾਨ ਵਿੱਚ ‘ਲਿਵਧਾਤੁ ਦੁਇ ਰਾਹੁ ਹੈ’ ਧਾਤ ਤ੍ਰਿਸ਼ਨਾ ਤੇ ਵਾਸ਼ਨਾਵਾਂ ਹਨ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਆਤਮਕ ਉਚਤਾ ਪ੍ਰਾਪਤ ਕਰਨ ਲਈ ਇਨ੍ਹਾਂ ਨਾਲ ਨਿਰੰਤਰ ਯੁੱਧ ਹੋ ਰਿਹਾ ਹੈ ਜਿਵੇਂ ਸਰੀਰ ਨੂੰ ਮਜਬੂਤ ਕਰਨ ਲਈ ਵਿਅੱਕਤੀ ਮਿਹਨਤ ਅਭਿਆਸ ਕਰਦਾ ਹੈ। ਆਤਮਕ ਬੱਲ ਤੇ ਸ਼ੁਧਤਾ ਪ੍ਰਾਪਤ ਕਰਨ ਲਈ ਬਦੀ ਤੇ ਵਾਸ਼ਨਾਵਾਂ ਨਾਲ ਨਿਰੰਤਰ ਟਕਰਾਅ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਜਿੱਤ ਪਾਉਣੀ ਬਹੁਤ ਬਿਖਮ ਹੈ। ਇਸ ਲਈ ਗੁਰਬਾਣੀ ਫੁਰਮਾਉਂਦੀ ਹੈ ਕਿ ਅਸਲ ਸੂਰਮਾ ਓਹੀ ਹੈ ਜੋ ਇਨ੍ਹਾਂ ਪੰਜਾਂ ਤੇ ਫਤਹਿ ਹਾਸਲ ਕਰਦਾ ਹੈ। ‘ਜਿਨ ਮਿਲਿ ਮਾਰੇ ਪੰਚ ਬੀਰ ਐਸੋ ਕੌਣ ਬਲੀ ਰੇ’ ਅੰਦਰ ਬੁਰਿਆਈ ਨਾਲ ਤੇ ਬਾਹਰ ਬੁਰਿਆਂ ਨਾਲ ਜੰਗ ਹੈ। ‘ਧੰਨ ਜੀਉ ਤਿਹ ਕੋ ਜਗ ਮੈ ਮੁਖ ਤੇ ਹਰਿ ਚਿਤ ਮਹਿ ਜੁਧ ਬਿਚਾਰੈ’।

ਮਤ ਮਲੀਨ ਹੋ ਜਾਂਦੀ ਹੈ ਜਿਸਨੂੰ ਨਾਮ ਬਾਣੀ ਨਾਲ ਹੀ ਧੋਇਆ ਜਾ ਸਕਦਾ ਹੈ ‘ਭਰੀਐ ਮਤ ਪਾਪਾ ਕੇ ਸੰਗ ਉਹ ਧੋਪੈ ਨਾਵੈ ਕੇ ਰੰਗ’ ਕੋਈ ਹੋਰ ਹੱਠ ਯੋਗ ਨਹੀਂ ਦੱਸਿਆ ਸਰੀਰ ਨੂੰ ਕਸ਼ਟ ਦੇਣ ਜਾਂ ਤਪਾਉਣ ਦੀ ਗੱਲ ਨਹੀਂ ਕੀਤੀ ਪਰ ਗ੍ਰਿਸਤ ਵਿੱਚ ਰਹਿ ਕੇ, ਦੁਨੀਆਂ ਵਿੱਚ ਰਹਿ ਕੇ ਸਹਿਜ ਧਰਮ ਦਾ ਪਾਲਣ ਸਿਮਰਨ ਤੇ ਸੇਵਾ ਨਾਲ ਕੀਤਾ ਜਾਣਾ ਹੈ। ਅਦਰਸ਼ਕ ਗੁਰਸਿੱਖ ਦੀ ਪਹਿਚਾਣ ‘ਸੇਵ ਕੀਤਈ ਸੰਤੋਖਈ ਜਿਨੁ ਸੱਚੋ ਸਚੁ ਧਿਆਇਆ ਉਨੀ ਮੰਦੇ ਪੈਰ ਨ ਰਖਿਓਨ ਕਰ ਸੁਕ੍ਰਿਤ ਧਰਮ ਕਮਾਇਆ’॥ ਲਬ ਲੋਭ ਦੇ ਉਲਟ ਉਸ ਦੇ ਸੁਭਾੳੇੁ ਵਿੱਚ ਸਬਰ ਸੰਤੋਖ ਹੁੰਦਾ ਹੈ ਉਸ ਦੇ ਅੰਦਰ ਸੱਚ ਸੁਨਣ ਦੀ ਜੁੱਅਰਤ ਹੁੰਦੀ ਹੈ ਉਹ ਸੱਚ ਬੋਲਦਾ ਸੱਚ ਕਹਿੰਦਾ ਹੈ, ਸੱਚ ਬੋਲਣ ਤੋਂ ਰੋਕਣ ਤੇ ਉਹ ਕਿਸੇ ਬਾਦਸ਼ਾਹ ਦੀ ਤਲਵਾਰ ਸਾਹਮਣੇ ਵੀ ਸੱਚ ਸੁਨਾਉਣ ਤੋਂ ਨਹੀਂ ਡਰਦਾ, ਸਿੱਖ ਇਤਿਹਾਸ ਇਸਦਾ ਗਵਾਹ ਹੈ।

ਗੁਰੂ ਗ੍ਰੰਥ ਸਾਹਿਬ ਦਾ ਵਿਸ਼ਾ ਮੁੱਖ ਤੌਰ ਤੇ ਪਰਮ ਪੁਰਖ ਦੀ ਅਕੱਥ ਕਥਾ ਹੈ, ਉਸ ਦੀ ਸਿਫਤ ਸਲਾਹ ਹੈ। ਉਹ ਸ੍ਰਿਸਟੀ ਤੇ ਕੁਦਰਤ ਦਾ ਰਚਨਹਾਰ ਹੈ, ਉਹ ਅਚਰਜ ਅਤੇ ਵਿਸਮਾਦ ਹੈ। ਆਤਮਾ ਤੇ ਪ੍ਰਮਾਤਮਾ ਦੇ ਮਿਲਾਪ ਦਾ ਪ੍ਰਮਾਰਥਕ ਅਥਵਾ ਹੁਕਮ ਦਾ ਮਾਰਗ ਦਰਸਾਇਆ ਹੈ। ਗੁਰੂ ਗ੍ਰੰਥ ਸਾਹਿਬ ਸਤਿ ਦਾ ਪ੍ਰਕਾਸ਼ ਹੈ, ਇਕ ਸਰਬ ਸ਼ਕਤੀਮਾਨ ਪਰਮਾਤਮਾ ਦੀ ਨਿਰੰਤਰ ਕੀਰਤੀ ਹੈ ਸੱਚ ਆਚਾਰ ਘੜਨ ਦੀ ਟਕਸਾਲ ਹੈ ਜਿਥੇ ਮਨੁਖ ਦੀ ਸੁਰਤ ਮੱਤ ਮੰਨ ਬੁੱਧ ਸਚਿਆਰ ਪੁਰਖ ਅਥਵਾ ਗੁਰਮੁਖ ਦੇ ਰੂਪ ਵਿਚ ਘੜੀ ਜਾਂਦੀ ਹੈ। ਸੱਚ, ਸਹਿਜ ਤੇ ਪ੍ਰਮਾਰਥ ਦਾ ਜੀਵਨ ਮਾਰਗ ਹੈ ਜੋ ਮਨੁੱਖ ਨੂੰ ਬੰਧਨ ਮੁਕਤ ਤੇ ਸਹਿਜ ਆਨੰਦ ਨਾਲ ਪ੍ਰਫੁੱਲਤ ਕਰਦਾ ਹੈ। ਗੁਰੂ ਗ੍ਰੰਥ ਸਾਹਿਬ ਦਾ ਅਮਰ ਸੰਦੇਸ਼ ਸਰਬ ਸਾਂਝਾ ਹੈ ਸਾਰੇ ਧਰਮਾਂ ਦੇ ਸਤਿਕਾਰ ਸਹਿਹੋਂਦ ਤੇ ਮਨੁੱਖੀ ਆਜਾਦੀ ਅਲੰਬਰਦਾਰ ਹੈ। ਹਲਤ-ਪਲਤ ਸ਼ਕਤੀ-ਭਗਤੀ, ਤੇ ਰਾਜਯੋਗ ਦਾ ਸੰਪੂਰਨ ਧਰਮ ਹੈ। ਪਤਿ ਤੇ ਸਤਿ ਦੇ ਅਣਖੀਲੇ ਧਰਮੀ ਜੀਵਨ ਲਈ ਆਪਾ ਵਾਰਨ, ਕੁਰਬਾਨ ਹੋਣ ਤੇ ਸ਼ਹਾਦਤ ਦੇਣ ਦੀ ਸਫਲ ਪ੍ਰੇਰਣਾ ਹੈ। ਇਸੇ ਲਈ ਸੰਸਾਰ ਦੇ ਪ੍ਰਸਿੱਧ ਫਿਲਾਸਫਰ ਇਤਿਹਾਸਕਾਰ ਆਰਨਰ ਟੋਇਨਬੀ ਨੇ ਭਵਿਖਤ ਦੇ ਧਰਮ ਬਾਰੇ ਕਿਹਾ ਕਿ ‘ਉਹ ਦੇਹ ਪੂਜ ਨਹੀਂ ਸ਼ਬਦ ਦੀ ਅਰਾਧਨਾ ਵਾਲਾ ਹੋਵੇਗਾ’ ਇਹ ਵੀ ਅੰਕਿਤ ਕੀਤਾ ਕਿ ‘ਸੇਵਾ ਤਾਂ ਈਸਾਈਆਂ ਨੇ ਅਪਨਾ ਲਈ ਪਰ ਸ਼ਬਦ ਸਿੱਖਾਂ ਕੋਲ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਪਰਗਟ ਹੈ’। ਪ੍ਰੋ. ਜੇ.ਸੀ. ਅਰਚਰ ਨੇ ਵੀ ਗੁਰੂ ਗ੍ਰੰਥ ਸਾਹਿਬ ਦੇ ਧਰਮ ਨੂੰ ਸਮੁੱਚੇ ਬ੍ਰਹਿਮੰਡ ਦਾ ਅਤੇ ਜੀਵਨ ਅਮਲ ਦਾ ਧਰਮ ਦੱਸਿਆ ਅਤੇ ਕਿਹਾ ਕਿ ‘ਵਿਸ਼ਵ ਨੂੰ ਅੱਜ ਉਸਦੇ ਸ਼ਾਂਤੀ ਅਤੇ ਪ੍ਰੇਮ ਦੇ ਉਪਦੇਸ਼ ਦੀ ਲੋੜ ਹੈ ਕਿਉਂਕਿ ਇਸ ਵਿੱਚ ‘ਹਸੰਦਿਆ ਖੇਲੰਦਿਆ ਪਹਿਨੰਦਿਆ ਵਿਚੈ ਹੋਵੈ ਮੁਕਤਿ’ ਦਾ ਸੰਦੇਸ਼ ਮਿਲਦਾ ਹੈ ਪਰ ਐਸੇ ਮਹਾਨ ਗੁਰੂ ਗ੍ਰੰਥ ਸਾਹਿਬ ਦੇ ਵਿਸ਼ਵ ਵਿਆਪੀ ਧਰਮ ਦਾ ਜਿਸ ਸਿੱਖ ਨੂੰ ਮਾਣ ਪ੍ਰਾਪਤ ਹੈ ਅੁਹ ਆਪ ਜੀ ਅੱਜ ਗੁਰੂ ਸ਼ਬਦ ਦੀ ਬਜਾਏ ਡੇਰਿਆਂ ਵਿੱਚ ਦੇਹਧਾਰੀਆਂ ਨੂੰ ਪੂਜਣ ਜਾ ਰਿਹਾ ਹੈ। ਸਮੇਂ ਅਨੁਸਾਰ ਅੱਜ ਸੇਵਾ ਦੇ ਰੂਪ ਬਦਲ ਗਏ ਹਨ ਸਾਨੂੰ ਗਰੀਬਾਂ ਦੀਆਂ ਕਲੋਨੀਆਂ ਵਿੱਚ ਜਾ ਕੇ ਲੋੜਵੰਦਾ ਬਜੁਰਗਾਂ ਤੇ ਹਸਪਤਾਲਾਂ ਵਿੱਚ ਬਿਮਾਰ ਰੋਗੀਆਂ ਦੀ ਸੇਵਾ ਕਰਨੀ ਚਾਹੀਦੀ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>