
ਗੁਲਜ਼ਾਰ ਗਰੁੱਪ ਦੇ ਐਗਜ਼ੈਕਟਿਵ ਡਾਇਰੈਕਟਰ ਗੁਰਕੀਰਤ ਸਿੰਘ ਇੰਜੀਨੀਅਰਿੰਗ ਦਿਹਾੜੇ ਮੌਕੇ ਸਨਮਾਨਿਤ ਕੀਤੇ ਅਧਿਆਪਕਾਂ ਨਾਲ ।
ਖੰਨਾ – ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਨੇ ਸਰ.ਐਮ ਵਿਸ਼ਵੇਸਵਾਰਿਆ ਦੇ 155 ਵੇਂ ਜਨਮ ਦਿਹਾੜੇ ਨੂੰ ਸਮਰਪਿਤ ਇੰਜੀਨੀਅਰਿੰਗ ਦਿਵਸ ਮਨਾਇਆ ਗਿਆ। ਸਰ.ਐਮ ਵਿਸ਼ਵੇਸਵਾਰਿਆ ਇਕ ਅਜਿਹੇ ਇੰਜੀਨੀਅਰ ਸਨ ਜਿਨਾਂ ਦੀ ਇੰਜਨੀਅਰਿੰਗ ਦੇ ਖੇਤਰ ਵਿਚ ਭਾਰਤ ਨੂੰ ਤਰੱਕੀ ਦਾ ਸਹੀ ਰਾਹ ਵਿਖਾਇਆ । ਇਸ ਮੌਕੇ ਤੇ ਮੈਨੇਜਮੈਂਟ ਵੱਲੋਂ ਇੰਜੀਨੀਅਰਿੰਗ ਵਿਭਾਗ ਦੇ ਕਾਬਿਲ ਅਧਿਆਪਕਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਤੋਂ ਪਹਿਲਾਂ ਕੈਂਪਸ ਵਿਚ ਹੀ ਵਿਦਿਆਰਥੀਆਂ ਦਰਮਿਆਨ ਪੋਸਟਰ ਮੇਕਿੰਗ, ਪ੍ਰਸ਼ਨ ਉਤਰ ਦਾ ਦੌਰ ਅਤੇ ਇੰਜੀਨੀਅਰਿੰਗ ਖੇਤਰ ਦੇ ਅੰਤਰਰਾਸ਼ਟਰੀ ਪੱਧਰ ਤੇ ਯੋਗਦਾਨ ਅਤੇ ਇਸ ਦੇ ਭਵਿੱਖ ਤੇ ਚਰਚਾ ਕੀਤੀ ਗਈ । ਇਸ ਦੇ ਇਲਾਵਾ ਇੰਜੀਨੀਅਰਿੰਗ ਵਿਭਾਗ ਦੇ ਵਿਦਿਆਰਥੀਆਂ ਲਈ ਇੱਕ ਸੈਮੀਨਾਰ ਦਾ ਵੀ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਭੂਸ਼ਨ ਸਟੀਲ ਲਿ. ਦੇ ਜਰਨਲ ਮੈਨੇਜਰ ਸ਼ਮੀ ਕੁਮਾਰ ਨੇ ਵਿਦਿਆਰਥੀਆਂ ਨਾਲ ਇੰਜੀਨੀਅਰਿੰਗ ਦੇ ਮਨੁੱਖੀ ਜੀਵਨ ਵਿਚ ਤਰੱਕੀ ਅਤੇ ਯੋਗਦਾਨ ਅਤੇ ਇਸ ਦੇ ਭਵਿੱਖ ਸਬੰਧੀ ਅਹਿਮ ਜਾਣਕਾਰੀ ਸਾਂਝੀ ਕੀਤੀ। ਇਸ ਦੇ ਨਾਲ ਹੀ ਸ਼ਮੀ ਕੁਮਾਰ ਨੇ ਵਿਦਿਆਰਥੀਆਂ ਨੂੰ ਇਕ ਇੰਜੀਨੀਅਰਿੰਗ ਦੀ ਜ਼ਿੰਦਗੀ ਅਤੇ ਕੰਮ ਦੌਰਾਨ ਆਉਣ ਵਾਲੀਆਂ ਮੁਸ਼ਕਲਾਂ ਅਤੇ ਉਨ੍ਹਾਂ ਦੇ ਹੱਲ ਬਾਰੇ ਅਹਿਮ ਜਾਣਕਾਰੀ ਦਿੱਤੀ । ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਖੇਤਰ ਵਿਚ ਤਰੱਕੀ ਕਰਨ ਲਈ ਸਖ਼ਤ ਮਿਹਨਤ ਅਤੇ ਸੋਚ ਦੀ ਲੋੜ ਹੈ ਅਤੇ ਆਪਣੇ ਟੀਚੇ ਤੱਕ ਪਹੁੰਚਣ ਹੁਣ ਤੋਂ ਹੀ ਰਣਨੀਤੀ ਬਣਾਉਣੀ ਚਾਹੀਦੀ ਹੈ । ਉਨ੍ਹਾਂ ਅੱਗੇ ਕਿਹਾ ਕਿ ਸੱਤਰਵੇਂ ਦੌਰ ਵਿਚ ਭਾਰਤ ਦੇ ਉਦਯੋਗਿਕ ਖੇਤਰ ਵਿਚ ਇਕ ਕ੍ਰਾਂਤੀ ਆਈ ਸੀ ਅਤੇ ਅੱਜ ਫਿਰ ਭਾਰਤ ਨੂੰ ਮੇਕ ਇਨ ਇੰਡੀਆ ਬਣਾਉਣ ਲਈ ਉਸੇ ਤਰਾਂ ਦੀ ਕ੍ਰਾਂਤੀ ਦੀ ਲੋੜ ਹੈ ਜਿਸ ਨੂੰ ਭਵਿੱਖ ਦੇ ਇੰਜੀਨੀਅਰ ਆਪਣੀ ਮਿਹਨਤ ਅਤੇ ਲਗਨ ਨਾਲ ਲਿਆ ਸਕਦੇ ਹਨ।
ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਗੁਲਜ਼ਾਰ ਗਰੁੱਪ ਦੇ ਐਗਜ਼ੀਕਿਊਟਿਵ ਡਾਇਰੈਕਟਰ ਇੰਜ. ਗੁਰਕੀਰਤ ਸਿੰਘ ਨੇ ਕਿਹਾ ਕਿ ਉਹ ਸਿਰਫ਼ ਇੰਜੀਨੀਅਰ ਬਣਨ ਦੀ ਬਜਾਏ ਉਹ ਸਰ.ਐਮ ਵਿਸ਼ਵੇਸਵਾਰਿਆ ਦੀ ਜ਼ਿੰਦਗੀ ਤੋਂ ਪ੍ਰੇਰਨਾ ਲੈ ਕੇ ਇਕ ਮਿਸਾਲ ਬਣ ਕੇ ਦੁਨੀਆਂ ਭਰ ਵਿਚ ਆਪਣਾ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ । ਉਨ੍ਹਾਂ ਅੱਗੇ ਕਿਹਾ ਕਿ ਇਕ ਇੰਜੀਨੀਅਰ ਕੋਲ ਦੁਨੀਆਂ ਲਈ ਦੋ ਸਵਾਲ ਹੁੰਦੇ ਹਨ ਇਕ ਕੀ ਗਲਤ ਹੈ ਅਤੇ ਇਸ ਨੂੰ ਕਿਸ ਤਰਾਂ ਠੀਕ ਕੀਤਾ ਜਾ ਸਕਦਾ ਹੈ। ਦੂਜਾ ਮੈ ਆਪਣੀ ਜਾਣਕਾਰੀ ਨਾਲ ਇਸ ਮੁਸ਼ਕਿਲ ਨੂੰ ਹੱਲ ਕਰਨ ਦੇ ਨਾਲ ਨਾਲ ਕਿਸ ਤਰਾਂ ਇਸ ਨੂੰ ਹੋਰ ਬਿਹਤਰ ਬਣਾ ਸਕਦਾ ਹਾਂ ।
ਇਸ ਸੈਮੀਨਾਰ ਦੌਰਾਨ ਵਿਦਿਆਰਥੀਆਂ ਨੇ ਵੀ ਵੱਖ-ਵੱਖ ਵਿਸ਼ਿਆਂ ਤੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਉਨ੍ਹਾਂ ਤੇ ਸਾਂਝੀ ਵਿਚਾਰ ਚਰਚਾ ਕੀਤੀ । ਅਖੀਰ ‘ਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ ।