ਚੰਡੀਗੜ੍ਹ ਯੂਨੀਵਰਸਿਟੀ ਦੇ ਇੰਜੀ. ਵਿਦਿਆਰਥੀਆਂ ਨੇ ਪੂਰੀ ਤਰ੍ਹਾਂ ਅਪਾਹਜ ਵਿਅਕਤੀਆਂ ਲਈ ਤਿਆਰ ਕੀਤੀ ‘ਹੈੱਡ ਓਪਰੇਟਿਡ ਵੀਲ੍ਹ ਚੇਅਰ’

ਚੰਡੀਗੜ੍ਹ – ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਮਕੈਨੀਕਲ ਇੰਜੀਨੀਅਰਿੰਗ ਛੇਵੇਂ ਸਮੈਸਟਰ ਦੇ ਵਿਦਿਆਰਥੀ ਰਾਕੇਸ਼ ਤੇ ਉਨ੍ਹਾਂ ਦੀ ਟੀਮ ਵੱਲੋਂ ‘ਹੈੱਡ ਓਪਰੇਟਿਡ ਵੀਲ੍ਹ ਚੇਅਰ ਦੇ ਖੋਜ ਪ੍ਰੋਜੈਕਟ ਤਹਿਤ ਪੂਰੀ ਤਰ੍ਹਾਂ ਅਪਾਹਜ ਵਿਅਕਤੀਆਂ ਲਈ ਇੱਕ ਅਜਿਹੀ ਵਿਲੱਖਣ ਵੀਲ੍ਹ ਚੇਅਰ ਤਿਆਰ ਕੀਤੀ ਗਈ ਹੈ, ਜਿਸ ਨੂੰ ਕੇਵਲ ਸਿਰ ਦੇ ਇਸ਼ਾਰਿਆਂ ਨਾਲ ਹੀ ਚਲਾਇਆ ਜਾ ਸਕਦਾ ਹੈ। ਵਿਦਿਆਰਥੀਆਂ ਦੀ ਇਹ ਇਤਿਹਾਸਕ ਖੋਜ ਉਪਲਬਧੀ ਕੌਮੀ ਇੰਜੀਨੀਅਰਜ਼ ਦਿਹਾੜੇ ਮੌਕੇ ਕਰਵਾਏ ਵੱਖ-ਵੱਖ ਖੋਜ ਮੁਕਾਬਲਿਆਂ ਦੌਰਾਨ 65 ਤੋਂ ਵੱਧ ਪ੍ਰੋਜੈਕਟ ਮਾਡਲਾਂ ਦੀ ਪੇਸ਼ਕਾਰੀ ਮੌਕੇ ਸਾਹਮਣੇ ਆਈ। ਇਸ ਤਹਿਤ ਪ੍ਰੋਕਸੀਮਿਟੀ ਸੈਂਸਰ ’ਤੇ ਆਧਾਰਿਤ ਚਿੱਪ ਬੋਰਡ ਨੂੰ ਅਪਾਹਜ ਵਿਅਕਤੀ ਦੇ ਸਿਰ ’ਤੇ ਬੰਨਿਆਂ ਜਾਂਦਾ । ਵੀਲ੍ਹ ਚੇਅਰ ਦੇ ਅੰਦਰ ਲੱਗਿਆ ਰਿਸੀਵਰ ਸੈਂਸਰ ਐਨਟੀਨਾ ਦੀ ਮਦਦ ਨਾਲ ਸਿਰ ਦੀ ਮੂਵਮੈਂਟ ਦੇ ਮੁਤਾਬਕ ਇਸਨੂੰ ਮੋੜਦਾ ਅਤੇ ਚਲਾਉਂਦਾ। ਯੂਨੀਵਰਸਿਟੀ ਵੱਲੋਂ ਇਹ ਆਟੋਮੈਟਿਕ ਵੀਲ੍ਹ ਚੇਅਰ ਜਲਦੀ ਹੀ ਲੋੜਵੰਦਾਂ ਨੂੰ ਬਹੁਤ ਹੀ ਘੱਟ ਲਾਗਤ ਮੁੱਲ ’ਤੇ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਮੌਕੇ ਵੱਖ-ਵੱਖ ਇੰਜੀਨੀਅਰਿੰਗ ਵਿਭਾਗਾਂ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਖੋਜ ਪ੍ਰੋਜੈਕਟਾਂ ਦੌਰਾਨ ਹਾਈਡ੍ਰੋਲਿਕ ਪਾਵਰ ਦੀ ਥਾਂ ਡੀ. ਸੀ. ਗੇਅਰ ਮੋਟਰ ਨਾਲ ਚੱਲਣ ਵਾਲੀ ਜੇ. ਸੀ. ਬੀ. ਮਸ਼ੀਨ ਦੀ ਕਾਢ, ਹਵਾ ਦੇ ਦਬਾਅ ਨਾਲ ਚੱਲਣ ਵਾਲੇ ਮੋਬਾਇਲ ਚਾਰਜਰ ਦੀ ਕਾਢ, ਬਿਨਾਂ ਸ਼ਿਆਹੀ ਤੋਂ ਲੇਜ਼ਰ ਇਨਗ੍ਰੇਵਰ ਤਕਨੀਕ ਰਾਹੀਂ ਪ੍ਰਿਟਿੰਗ ਦੀ ਮਸ਼ੀਨ ਦੀ ਕਾਢ ਅਤੇ ਆਟੋਮੋਬਾਇਲ ਇੰਜੀ. ਦੇ ਵਿਦਿਆਰਥੀਆਂ ਵੱਲੋਂ ਕਾਰ ਦੇ ਚਾਰ ਪਹੀਆਂ ਨੂੰ ਸਟੇਰਿੰਗ ਨਾਲ ਜੋੜਨ ਦੀ ਕਾਢ ਆਦਿ ਵਿਲੱਖਣ ਖੋਜਾਂ ਯੂਨੀਵਰਸਿਟੀ ਦੇ ਉੱਦਮੀ ਇੰਜੀਨੀਅਰਿੰਗ ਵਿਦਿਆਰਥੀਆਂ ਦੀ ਮਿਆਰੀ ਵਿਵਹਾਰਕ ਸਿੱਖਿਆ ਦਾ ਵੱਡਾ ਪ੍ਰਤੀਬਿੰਬ ਹੋ ਨਿੱਬੜੀਆਂ।  ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਇਸ ਮੌਕੇ ਗੇਲ ਇੰਡੀਆ ਦੇ ਪ੍ਰੋਜੈਕਟ ਡਾਇਰੈਕਟਰ ਅਤੇ ਮਹਾਂਨਗਰ ਲਿਮ. ਦੇ ਚੇਅਰਮੈਨ ਡਾ. ਆਸ਼ੂਤੋਸ਼ ਕਰਨਾਟਕ ਨੂੰ ‘ਇੰਜੀਨੀਅਰ ਆਫ ਦਾ ਯੀਅਰ-2015’ ਦੇ ਖ਼ਿਤਾਬ ਨਾਲ ਨਿਵਾਜਿਆ ਗਿਆ। ’ਵਰਸਿਟੀ ਵੱਲੋਂ ਇਸ ਮੌਕੇ ਖੋਜ ਕਾਰਜਾਂ ’ਚ ਬਿਹਤਰ ਪ੍ਰਦਰਸ਼ਨ ਕਰਨ ਵਾਲੇ ਮਕੈਨੀਕਲ ਇੰਜੀਨੀਅਰਿੰਗ ਸੱਤਵੇਂ ਸਮੈਸਟਰ ਦੇ ਵਿਦਿਆਰਥੀ ਗੁਨਤਾਸ ਨੂੰ 10 ਹਜ਼ਾਰ ਦੀ ਨਕਦ ਰਾਸ਼ੀ ਸਮੇਤ  ‘ਸਟੂਡੈਂਟ ਇੰਜੀਨੀਅਰ ਆਫ ਦਾ ਯੀਅਰ-2015’ ਦਾ ਐਵਾਰਡ ਪ੍ਰਦਾਨ ਕੀਤਾ ਗਿਆ ਜਦਕਿ ਸਰਵੋਤਮ ਖੋਜ ਪ੍ਰੋਜੈਕਟ ਤਿਆਰ ਕਰਨ ਵਾਲੇ ਐਰਸਪੇਸ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਗਾਰਵਿਟ ਜਿੰਦਲ ਅਤੇ ਯੋਗੇਸ਼ ਹਰੇਕ ਨੂੰ 7000 ਦੇ ਨਕਦ ਇਨਾਮ ਨਾਲ ਵਿਜੇਤਾ ਅਤੇ ਲੇਜ਼ਰ ਇਨਗ੍ਰੇਵਰ ਖੋਜ ਪ੍ਰੋਜੈਕਟ ਤਹਿਤ ਮਕੈਨੀਕਲ ਇੰਜੀਨੀਅਰਿੰਗ ਦੇ ਵਿਦਿਆਰਥੀ ਰਜਤ ਮਠਾੜੂ ਨੂੰ 5000 ਦੇ ਨਕਦ ਇਨਾਮ ਨਾਲ ਉਪ ਵਿਜੇਤਾ ਦਾ ਖ਼ਿਤਾਬ ਪ੍ਰਦਾਨ ਕੀਤਾ। ਇਸ ਦੌਰਾਨ ਇਲੈਕਟ੍ਰੋਨਿਕ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਦੀ ਵਿਦਿਆਰਥਣ ਹਿਨਾ ਪੁਰੀ ਅਤੇ ਉਨ੍ਹਾਂ ਦੀ ਟੀਮ ਦੇ ਖੋਜ ਪ੍ਰੋਜੈਕਟ ਵਿੰਡ ਪਾਵਰਡ ਮੋਬਾਇਲ ਚਾਰਜਰ ਨੇ ਤੀਜਾ ਸਥਾਨ ਪ੍ਰਾਪਤ ਕਰਕੇ ਆਪਣੀ ਬਿਹਤਰੀਨ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।

ਡਾ. ਆਸ਼ੂਤੋਸ਼ ਕਰਨਾਟਕ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਇੰਜੀਨੀਅਰਜ਼ ਦਿਹਾੜੇ ਦੀ ਵਧਾਈ ਦਿੰਦਿਆਂ ਆਖਿਆ ਕਿ ਵਿਦਿਆਰਥੀ ਜੀਵਨ ਦੌਰਾਨ ਤੁਹਾਡਾ ਜ਼ਿੰਦਗੀ ਪ੍ਰਤੀ ਨਜ਼ਰੀਆ ਪੂਰੀ ਤਰ੍ਹਾਂ ਹਾਂ-ਪੱਖੀ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਜ਼ਿੰਦਗੀਆਂ ਦੀਆਂ ਬੁ¦ਦੀਆਂ ਛੂਹਣ ਲਈ ਹਰੇਕ ਵਿਅਕਤੀ ’ਚ ਟੀਮ ਵਰਕ, ਸਮੇਂ ਦਾ ਪਾਬੰਦ ਹੋਣ ਅਤੇ ਆਪਣੇ ਚੰਗੇ ਮਾੜੇ ਪੱਖਾਂ ਦੇ ਮੁਲਾਂਕਣ ਦਾ ਗੁਣ ਪੈਦਾ ਕਰਨਾ ਚਾਹੀਦਾ। ਉਨ੍ਹਾਂ ਇਸ ਮੌਕੇ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਤਕਨੀਕੀ ਹੁਨਰ ਅਤੇ ਕਾਬਲੀਅਤ ਦੀ ਬਦੌਲਤ ਦੇਸ਼ ਦੇ ਪੇਂਡੂ ਖੇਤਰਾਂ ਦੀ ਤਰੱਕੀ ’ਚ ਆਪਣਾ ਬਣਦਾ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਪੇਂਡੂ ਹਲਕਿਆਂ ਦੇ ਵਿਕਾਸ ਲਈ ਨਿੱਜੀ ਤੌਰ ’ਤੇ ਹੋਰ ਸੋਚੇਤ ਹੋਣ ਦੀ ਲੋੜ ਹੈ। ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਕੁਲਪਤੀ ਸ. ਸਤਨਾਮ ਸਿੰਘ ਸੰਧੂ ਨੇ ਇਸ ਮੌਕੇ ਹਰੇਕ ਵਿਦਿਆਰਥੀ ਨੂੰ ਦੇਸ਼ ਨਿਰਮਾਣ ਦੀ ਅਹਿਮ ਕੜੀ ਇੰਜੀਨੀਅਰਿੰਗ ਨਾਲ ਜੁੜਨ ਦੀ ਵਧਾਈ ਦਿੰਦੇ ਹੋਏ ਆਖਿਆ ਕਿ ਸੁਰੱਖਿਆ, ਸਿਹਤ ਅਤੇ ਤਕਨਾਲੌਜੀ ਦੇ ਵੱਖ-ਵੱਖ ਖੇਤਰਾਂ ’ਚ ਭਾਵੇਂ ਭਾਰਤ ਨੇ ਕ੍ਰਾਂਤੀਕਾਰੀ ਤਰੱਕੀ ਹਾਸਲ ਕੀਤੀ ਹੈ, ਪਰ ਹਾਲੇ ਵੀ ਸਾਨੂੰ ਉਕਤ ਖੇਤਰਾਂ ’ਚ ਸਮੁੱਚੀ ਖ਼ੁਦਮੁਖ਼ਤਿਆਰੀ ਹਾਸਲ ਕਰਨ ਲਈ ਹੋਰ ਉਸਾਰੂ ਹੰਭਲੇ ਮਾਰਨੇ ਪੈਣਗੇ। ਉਨ੍ਹਾਂ ’ਵਰਸਿਟੀ ਦੇ ਸਮੂਹ ਇੰਜੀਨੀਅਰ ਵਿਦਿਆਰਥੀਆਂ ਨੂੰ ਵਤਨਪ੍ਰਸਤੀ ਦੀ ਭਾਵਨਾ ਨਾਲ ਜੁੜ ਕੇ ਦੇਸ਼ ਦੀ ਤਰੱਕੀ ਦੀ ਨਵੀਂ ਤਵਾਰੀਖ ਲਿਖਣ ’ਚ ਮੋਹਰੀ ਰੋਲ ਅਦਾ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਦਾ ਮੁੱਖ ਟੀਚਾ ਵਿਸ਼ਵ-ਪੱਧਰ ਦੀ ਵਿਵਹਾਰਕ ਇੰਜੀਨੀਅਰਿੰਗ ਸਿੱਖਿਆ ਮੁਹੱਈਆ ਕਰਵਾਉਣਾ ਹੈ, ਤਾਂ ਜੋ ਸਾਡੇ ਵਿਦਿਆਰਥੀਆਂ ਇੰਡਸਟਰੀ ਵਰਕਰ ਬਣਨ ਦੀ ਥਾਂ ਇੰਡਸਟਰੀ ਲੀਡਰ ਵਜੋਂ ਉੱਭਰ ਕੇ ਸਾਹਮਣੇ ਆਉਣ। ਇਸ ਮੌਕੇ ਗੇਲ ਇੰਡੀਆ ਦੇ ਕਾਰਜਕਾਰੀ ਡਾਇਰੈਕਟਰ ਈ. ਐੱਸ. ਰੰਗਾਨਾਥਨ, ਡਿਪਟੀ ਜਨਰਲ ਮੈਨੇਜਰ ਐੱਸ. ਵੀ. ਪ੍ਰਸਾਦ ਅਤੇ ਚੀਫ ਮੈਨੇਜਰ ਦਵਿੰਦਰ ਸਿੰਘ ਤੋਂ ਇਲਾਵਾ ਉਪ-ਕੁਲਪਤੀ ਡਾ. ਆਰ. ਐੱਸ. ਬਾਵਾ, ਪ੍ਰੋ. ਉਪ-ਕੁਲਪਤੀ ਡਾ. ਬੀ. ਐੱਸ. ਸੋਹੀ, ਡਾਇਰੈਕਟਰ ਇੰਜੀਨੀਅਰਿੰਗ ਡਾ. ਗੁਰਦੀਪ ਸਿੰਘ, ਡੀਨ ਰਿਸਰਚ ਡਾ. ਸਤਬੀਰ ਸਿੰਘ ਸਹਿਗਲ ਤੇ ਡਾ. ਹਿੰਮਤ ਸਿੰਘ ਤੇ ਵੱਡੀ ਗਿਣਤੀ ’ਚ ਅਧਿਆਪਕ ਤੇ ਵਿਦਿਆਰਥੀ ਵੀ ਮੌਜੂਦ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>